ਤਾਜਾ ਖ਼ਬਰਾਂ


ਜ਼ਿਲ੍ਹਾ ਮੋਗਾ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਕਮਲਜੀਤ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ 'ਚੋਂ ਕੱਢਿਆ
. . .  1 day ago
ਸਟੱਡੀ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਦੁਖੀ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਵਿਖੇ ਪੜ੍ਹੀ ਲਿਖੀ ਨੌਜਵਾਨ ਲੜਕੀ ਦਾ ਵਿਦੇਸ਼ ਜਾਣ ਲਈ ਕਈ ਵਾਰ ਲਗਾਇਆ ਵੀਜ਼ਾ ਰੱਦ ਹੋਣ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਈ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ । ਕਰਮਜੀਤ ਕੌਰ ਦਾ ਵਿਦੇਸ਼ ਦੀ ...
ਦਿੱਲੀ : ਦੁਬਈ ਤੋਂ ਆਏ 94.8 ਲੱਖ ਰੁਪਏ ਦੀ ਕੀਮਤ ਦੇ 1849 ਗ੍ਰਾਮ ਸੋਨੇ ਦੇ ਗਹਿਣੇ ਕਸਟਮਜ਼ ਨੇ ਕੀਤੇ ਬਰਾਮਦ
. . .  1 day ago
ਨਸ਼ੇ ’ਚ ਟੱਲੀ ਹੋਏ ਡਰਾਈਵਰ ਨੇ ਛੋਟਾ ਹਾਥੀ ਦੁਕਾਨ ’ਚ ਵਾੜਿਆ, ਕਈ ਜ਼ਖ਼ਮੀ
. . .  1 day ago
ਸੁਲਤਾਨਵਿੰਡ , 27 ਨਵੰਬਰ (ਗੁਰਨਾਮ ਸਿੰਘ ਬੁੱਟਰ) -ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਸਥਿਤ ਅੱਜ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋ ਨਸ਼ੇ ’ਚ ਟੱਲੀ ਹੋਏ ਛੋਟਾ ਹਾਥੀ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਕਰਿਆਨੇ ...
ਅੱਤਵਾਦ ਕਾਂਗਰਸ ਲਈ ਵੋਟ ਬੈਂਕ ਹੈ : ਪ੍ਰਧਾਨ ਮੰਤਰੀ ਮੋਦੀ ਗੁਜਰਾਤ 'ਚ
. . .  1 day ago
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ‘ਤੇ ਕੰਮ ਕਰਨਗੇ – ਜਥੇਦਾਰ ਦਾਦੂਵਾਲ
. . .  1 day ago
ਕਰਨਾਲ, 27 ਨਵੰਬਰ ( ਗੁਰਮੀਤ ਸਿੰਘ ਸੱਗੂ )- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ ਅੰਦਰ ਸਾਂਝੇ ਤੌਰ ‘ਤੇ ਕੰਮ ਕਰਨਗੇ । ਇਹ ਪ੍ਰਗਟਾਵਾ ਹਰਿਆਣਾ ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਗਾਮੀ ਲੋਕ ਸਭਾ ਚੋਣਾਂ ਲਈ ਨਹੀਂ ਸਗੋਂ ਫੁੱਟ ਪਾਊ ਤਾਕਤਾਂ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨ ਲਈ ਹੈ - ਮਲਿਕਅਰਜੁਨ ਖੜਗੇ
. . .  1 day ago
ਪੰਜਾਬ ਸਰਕਾਰ ਵਲੋਂ ਗੰਨਾ ਮਿੱਲ ਫਗਵਾੜਾ ਨੂੰ ਚਲਾਉਣ ਦੀ ਪ੍ਰਵਾਨਗੀ, ਨੋਟੀਫਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਨੂੰ 20 ਫ਼ਰਵਰੀ, 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ । ਵਰਣਨਯੋਗ ਹੈ ਕਿ ਇਹ ਪ੍ਰਵਾਨਗੀ ਮੁੱਖ ...
ਬੈਂਗਲੁਰੂ-ਹਾਵੜਾ ਐਕਸਪ੍ਰੈਸ ਟਰੇਨ ਦੇ ਇਕ ਡੱਬੇ ਵਿਚ ਅੱਗ ਲੱਗ ਗਈ
. . .  1 day ago
ਆਂਧਰਾ ਪ੍ਰਦੇਸ਼, 27 ਨਵੰਬਰ - ਚਿਤੂਰ 'ਚ ਬੈਂਗਲੁਰੂ -ਹਾਵੜਾ ਐਕਸਪ੍ਰੈਸ ਟਰੇਨ ਦੇ ਡੱਬੇ ਨੂੰ ਅੱਗ ਲੱਗਣ ਤੋਂ ਬਾਅਦ ਸਥਾਨਕ ਪੁਲਿਸ ਮੁਸਾਫ਼ਰਾਂ ਨੂੰ ਬਚਾਉਣ ਲਈ ਪਹੁੰਚ ਗਈ । ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ...
ਹੁਸ਼ਿਆਰਪੁਰ ਫੇਰੀ ਦੌਰਾਨ ਕਿਸਾਨਾਂ ਵਲੋਂ ਮੁੱਖ ਮੰਤਰੀ ਦਾ ਵਿਰੋਧ
. . .  1 day ago
ਹੁਸ਼ਿਆਰਪੁਰ, 27 ਨਵੰਬਰ (ਬਲਜਿੰਦਰਪਾਲ ਸਿੰਘ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹੁਸ਼ਿਆਰਪੁਰ ਫੇਰੀ ਸਮੇਂ ਉਨ੍ਹਾਂ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ...
ਰਾਹੁਲ ਗਾਂਧੀ 'ਤੇ ਦੋਸ਼ ਲਗਾਉਣ 'ਚ ਰੁੱਝੀ ਭਾਜਪਾ-ਵੇਣੂਗੋਪਾਲ
. . .  1 day ago
ਇੰਦੌਰ, 27 ਨਵੰਬਰ -'ਭਾਰਤ ਜੋੜੋ ਯਾਤਰਾ' ਦੇ ਵਿਰੁੱਧ "ਕੁਝ ਕਾਢ ਕੱਢਣ ਦੀ ਕੋਸ਼ਿਸ਼" ਕਰਨ ਲਈ ਭਾਜਪਾ ਦੀ ਨਿੰਦਾ ਕਰਦੇ ਹੋਏ, ਕਾਂਗਰਸ ਦੇ ਜਨਰਲ ਸਕੱਤਰ-ਸੰਗਠਨ ਕੇਸੀ ਵੇਣੂਗੋਪਾਲ ਨੇ ਪਾਰਟੀ...
ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ
. . .  1 day ago
ਕਟੜਾ, 27 ਨਵੰਬਰ-ਜੰਮੂ-ਕਸ਼ਮੀਰ ਅਤੇ ਹਰਿਆਣਾ ਸਰਕਾਰ ਵਿਚਕਾਰ ਸਹਿਮਤੀ ਪੱਤਰ 'ਤੇ ਹਸਤਾਖਰ ਹੋਏ ਹਨ। ਇਸ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਪਹਿਲਾਂ ਵੀ ਬਹੁਤ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਪਾਕਿ ਸਰਹੱਦ ਨਜ਼ਦੀਕ ਵਿਭਾਗ ਦੀ ਬੰਜਰ ਹੋ ਰਹੀ ਜ਼ਮੀਨ ਦਾ ਲਿਆ ਜਾਇਜ਼ਾ
. . .  1 day ago
ਲੋਪੋਕੇ/ਅਜਨਾਲਾ 27 ਨਵੰਬਰ (ਗੁਰਵਿੰਦਰ ਸਿੰਘ ਕਲਸੀ, ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਕੰਡਿਆਲੀ ਤਾਰ ਤੋਂ ਪਾਰ ਭਾਰਤ ਵਾਲੇ ਪਾਸੇ ਵਿਭਾਗ ਦੀ ਬੰਜਰ ਹੋ ਰਹੀ 700 ਏਕੜ ਜ਼ਮੀਨ ਦਾ ਅਧਿਕਾਰੀਆਂ...
ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ,ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਕੀਤੇ ਬਰਾਮਦ
. . .  1 day ago
ਅਟਾਰੀ,27 ਨਵੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਡਰੋਨ ਰਸਤੇ ਭਾਰਤ ਆਏ 8 ਪਿਸਟਲ, ਦੋ ਕਿੱਲੋ ਹੈਰੋਇਨ, 14 ਮੈਗਜ਼ੀਨ ਅਤੇ 68 ਰਾਊਂਡ ਪੁਲਿਸ ਨੇ ਬਰਾਮਦ ਕਰ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਐੱਸ.ਟੀ.ਐੱਫ਼. ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ...
ਮੁੱਖ ਮੰਤਰੀ ਨੇ ਕਪੂਰਥਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਦੀ ਜ਼ਮੀਨ ਤੇ ਨਕਸ਼ੇ ਦਾ ਕੀਤਾ ਨਿਰੀਖਣ
. . .  1 day ago
ਕਪੂਰਥਲਾ, 27 ਨਵੰਬਰ (ਅਮਰਜੀਤ ਕੋਮਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਪੂਰਥਲਾ ਵਿਚ 428.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਵਾਲੀ ਜ਼ਮੀਨ ਤੇ ਨਕਸ਼ੇ ਦਾ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨਾਲ ਮੈਡੀਕਲ ਕਾਲਜ ਬਣਾਉਣ ਤੇ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਸੰਬੰਧੀ ਵਿਚਾਰ ਵਟਾਂਦਰਾ...
ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਇਕ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 27 ਨਵੰਬਰ (ਗਗਨਦੀਪ ਸ਼ਰਮਾ)-ਨਸ਼ਾ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਤਹਿਤ ਐਸ.ਟੀ.ਐਫ. ਵਲੋਂ 2 ਕਿੱਲੋ ਤੋਂ ਵਧੇਰੇ ਹੈਰੋਇਨ ਅਤੇ 8 ਪਿਸਤੌਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ...
ਪੰਜਾਬ ਸਰਕਾਰ ਵਲੋਂ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 27 ਨਵੰਬਰ-ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 22 ਆਈ.ਏ.ਐੱਸ ਤੇ 10 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਦਰਦਨਾਕ ਰੇਲ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌਤ
. . .  1 day ago
ਕੀਰਤਪੁਰ ਸਾਹਿਬ, 27 ਨਵੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਅੱਜ ਸਵੇਰੇ ਕੀਰਤਪੁਰ ਸਾਹਿਬ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ...
ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ-ਗਿਰੀਰਾਜ ਸਿੰਘ
. . .  1 day ago
ਨਵੀਂ ਦਿੱਲੀ, 27 ਨਵੰਬਰ-ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਆਬਾਦੀ ਕੰਟਰੋਲ ਬਿੱਲ ਮਹੱਤਵਪੂਰਨ ਹੈ, ਸਾਡੇ ਕੋਲ ਸੀਮਤ ਸਰੋਤ ਹਨ। ਚੀਨ ਨੇ 'ਇਕ ਬੱਚਾ ਨੀਤੀ' ਲਾਗੂ ਕੀਤੀ, ਆਬਾਦੀ ਨੂੰ ਕੰਟਰੋਲ ਕੀਤਾ ਅਤੇ ਵਿਕਾਸ ਪ੍ਰਾਪਤ ਕੀਤਾ। ਚੀਨ 'ਚ ਇਕ...
15 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 27 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ...
ਮੀਂਹ ਕਾਰਨ ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ ਰੱਦ
. . .  1 day ago
ਕ੍ਰਾਈਸਟਚਰਚ, 27 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚ ਦੂਜਾ ਇਕ ਦਿਨਾਂ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਟਾਸ ਹਾਰ ਕੇ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ 12.5 ਓਵਰਾਂ 'ਚ ਇਕ ਵਿਕਟ ਗੁਆ ਕੇ 89 ਦੌੜਾਂ ਬਣਾਈਆਂ ਸਨ ਕਿ ਮੀਂਹ ਕਾਰਨ...
ਪੰਜਾਬ ਸਰਕਾਰ ਵਲੋਂ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ ਦੀ ਉਸਾਰੀ ਨੂੰ ਪ੍ਰਵਾਨਗੀ
. . .  1 day ago
ਚੰਡੀਗੜ੍ਹ, 27 ਅਕਤੂਬਰ-ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ। ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਪੰਜਾਬ ਭਰ 'ਚ 17 ਸਬ-ਡਵੀਜ਼ਨਾਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾ...
ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਵੱਡਾ ਮੌਕਾ-'ਮਨ ਕੀ ਬਤ' 'ਚ ਬੋਲੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 27 ਨਵੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੀ-20 ਦੀ ਪ੍ਰਧਾਨਗੀ ਸਾਡੇ ਲਈ ਇਕ ਮੌਕਾ ਹੈ। ਸਾਨੂੰ ਆਲਮੀ ਭਲੇ 'ਤੇ ਧਿਆਨ ਕੇਂਦਰਤ ਕਰਨਾ ਹੋਵੇਗਾ। ਚਾਹੇ ਉਹ ਸ਼ਾਂਤੀ...
ਫ਼ਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਵਿਚ ਚੱਲੀ ਗੋਲੀ
. . .  1 day ago
ਕੁੱਲਗੜ੍ਹੀ 27 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਤੇ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।ਇਸ ਘਟਨਾ ਸੰਬੰਧੀ ਥਾਣਾ ਕੁੱਲਗੜ੍ਹੀ ਦੇ ਐਸ.ਐਚ.ਓ. ਇੰਸਪੈਕਟਰ ਗੁਰਜੰਟ ਸਿੰਘ ਸੰਧੂ...
ਭਾਰਤ-ਨਿਊਜ਼ੀਲੈਂਡ ਦੂਜਾ ਇਕ ਦਿਨਾਂ ਮੈਚ: ਮੀਂਹ ਕਾਰਨ ਰੁਕੀ ਖੇਡ, 12.5 ਓਵਰਾਂ 'ਚ ਭਾਰਤ 89/1
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਫੱਗਣ ਸੰਮਤ 551

ਪਹਿਲਾ ਸਫ਼ਾ

ਲੁਧਿਆਣਾ 'ਚ 12 ਕਰੋੜ ਦੇ ਗਹਿਣੇ ਲੁੱਟੇ

* ਸੀ.ਆਈ.ਏ. ਸਟਾਫ਼ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਦਿੱਤਾ ਘਟਨਾ ਨੂੰ ਅੰਜਾਮ * ਕਾਰ 'ਚ ਆਏ ਲੁਟੇਰੇ 3 ਲੱਖ ਦੀ ਨਕਦੀ ਵੀ ਲੈ ਗਏ * ਮੈਨੇਜਰ ਤੇ ਹੋਰ ਮੁਲਾਜ਼ਮਾਂ ਨੂੰ ਬਣਾਇਆ ਬੰਦੀ

ਲੁਧਿਆਣਾ , 17 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗਿੱਲ ਰੋਡ 'ਤੇ ਅੱਜ ਦਿਨ ਦਿਹਾੜੇ 5 ਹਥਿਆਰਬੰਦ ਲੁਟੇਰੇ ਗੋਲਡ ਲੋਨ ਕੰਪਨੀ ਦੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਉਪਰੰਤ 12 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਤੇ 3 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ 10 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਪੰਜ ਹਥਿਆਰਬੰਦ ਕਾਰ ਸਵਾਰ ਲੁਟੇਰੇ ਗਿੱਲ ਰੋਡ ਸਥਿਤ ਆਈ. ਐਫ਼. ਐਫ਼. ਐਲ. ਗੋਲਡ ਲੋਨ ਕੰਪਨੀ ਦੇ ਦਫ਼ਤਰ ਬਾਹਰ ਆਏ। ਦਫ਼ਤਰ ਨੂੰ ਖੁੱਲ੍ਹਿਆਂ ਅਜੇ ਕੁਝ ਹੀ ਮਿੰਟ ਹੋਏ ਸਨ। ਕੁਝ ਸਮਾਂ ਇਹ ਲੁਟੇਰੇ ਕਾਰ 'ਚ ਹੀ ਬੈਠੇ ਰਹੇ, ਜਦਕਿ ਕੁਝ ਮਿੰਟ ਬਾਅਦ ਹੀ ਇਨ੍ਹਾਂ 'ਚੋਂ ਚਾਰ ਲੁਟੇਰੇ ਕੰਪਨੀ ਦੇ ਦਫ਼ਤਰ ਅੰਦਰ ਆ ਗਏ। ਜਦਕਿ ਇਕ ਲੁਟੇਰਾ ਕਾਰ ਵਿਚ ਹੀ ਬੈਠਾ ਰਿਹਾ। ਦਫ਼ਤਰ ਵਿਚ ਉਸ ਸਮੇਂ ਕੰਪਨੀ ਦੇ ਮੈਨੇਜਰ ਹਰਪ੍ਰੀਤ ਸਿੰਘ, ਸਹਾਇਕ ਮੈਨੇਜਰ ਅਮਿਤ ਕੁਮਾਰ, ਮੁਲਾਜ਼ਮ ਗੁਰਪ੍ਰੀਤ ਕੌਰ, ਮੁਹੰਮਦ ਅਜ਼ਹਰ ਅਤੇ ਸਫ਼ਾਈ ਸੇਵਕ ਵਰਸ਼ਾ ਮੌਜੂਦ ਸਨ। ਉਸ ਵਕਤ ਮੁਲਾਜ਼ਮਾਂ ਤੋਂ ਇਲਾਵਾ ਕੋਈ ਗਾਹਕ ਦਫ਼ਤਰ ਅੰਦਰ ਨਹੀਂ ਸੀ। ਦਫ਼ਤਰ ਅੰਦਰ ਦਾਖਲ ਹੁੰਦਿਆਂ ਹੀ ਇਨ੍ਹਾਂ ਲੁਟੇਰਿਆਂ ਨੇ ਉਥੇ ਮੌਜੂਦ ਮੈਨੇਜਰ ਹਰਪ੍ਰੀਤ ਸਿੰਘ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਚੁੱਪ ਰਹਿਣ ਲਈ ਕਿਹਾ। ਇਨ੍ਹਾਂ ਲੁਟੇਰਿਆਂ ਨੇ ਉਪਰੋਕਤ ਸਟਾਫ਼ ਮੈਂਬਰਾਂ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਦਫ਼ਤਰ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਭੰਨ ਤੋੜ ਵੀ ਕੀਤੀ। ਇਨ੍ਹਾਂ ਲੁਟੇਰਿਆਂ ਨੇ ਬੰਦੀ ਬਣਾਏ ਹਰਪ੍ਰੀਤ ਸਿੰਘ ਪਾਸੋਂ ਤਿਜ਼ੋਰੀ ਦੀ ਚਾਬੀ ਦੀ ਮੰਗ ਕੀਤੀ, ਜਦੋਂ ਹਰਪ੍ਰੀਤ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ 'ਚੋਂ ਇਕ ਨੇ ਆਪਣੇ ਕੋਲ ਰੱਖੀ ਪਿਸਤੌਲ ਕੱਢ ਲਈ ਅਤੇ ਹਰਪ੍ਰੀਤ ਸਿੰਘ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਲੁਟੇਰਿਆਂ ਵਲੋਂ ਹਰਪ੍ਰੀਤ ਸਿੰਘ ਨੂੰ ਜਬਰੀ ਤਿਜ਼ੋਰੀ ਵਾਲੇ ਕਮਰੇ ਵਿਚ ਲਿਜਾਇਆ ਗਿਆ ਜਿਥੇ ਉਸ ਪਾਸੋਂ ਤਿਜ਼ੋਰੀ ਦੀ ਚਾਬੀ ਲੈ ਕੇ ਤਿਜ਼ੋਰੀ ਖੋਲ੍ਹੀ ਅਤੇ ਉੱਥੇ ਪਏ 30 ਕਿੱਲੋ ਸੋਨੇ ਦੇ ਗਹਿਣੇ ਲੁੱਟ ਲਏ। ਇਨ੍ਹਾਂ ਦੀ ਕੀਮਤ 12 ਕਰੋੜ ਰੁਪਏ ਦੱਸੀ ਜਾਂਦੀ ਹੈ। ਲੁਟੇਰਿਆਂ ਨੇ ਦਫ਼ਤਰ ਵਿਚ ਮੌਜੂਦ ਮੁਲਾਜ਼ਮਾਂ ਨੂੰ ਚੁੱਪ ਰਹਿਣ ਲਈ ਕਿਹਾ। ਇਨ੍ਹਾਂ ਲੁਟੇਰਿਆਂ 'ਚੋਂ ਦੋ ਨੇ ਆਪਣੇ ਮੂੰਹ ਢਕੇ ਹੋਏ ਸਨ। ਇਨ੍ਹਾਂ ਲੁਟੇਰਿਆਂ ਪਾਸ ਦਾਤ, ਕਿਰਚ ਅਤੇ ਚਾਕੂ ਸਨ। ਦਫ਼ਤਰ 'ਚੋਂ ਫ਼ਰਾਰ ਹੋਣ ਤੋਂ ਪਹਿਲਾਂ ਇਨ੍ਹਾਂ ਲੁਟੇਰਿਆਂ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਨਾਲ ਲੱਗਿਆ ਡੀ.ਵੀ.ਆਰ. ਵੀ ਚੁੱਕ ਲਿਆ। ਲੁਟੇਰਿਆਂ ਨੇ ਇਹ ਗਹਿਣੇ ਚਾਰ ਵੱਡੇ ਲਿਫ਼ਾਫ਼ਿਆਂ ਵਿਚ ਪਾ ਲਏ ਜੋ ਕਿ ਇਹ ਆਪਣੇ ਨਾਲ ਲੈ ਕੇ ਆਏ ਹੋਏ ਸਨ। ਲੁੱਟ ਤੋਂ ਬਾਅਦ ਤਿੰਨ ਲੁਟੇਰੇ ਪਹਿਲਾਂ ਦਫ਼ਤਰ 'ਚੋਂ ਨਿਕਲ ਪਏ ਜਦਕਿ ਚੌਥੇ ਲੁਟੇਰੇ ਨੇ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ। ਲੁੱਟ ਕਰਨ ਉਪਰੰਤ ਇਹ ਲੁਟੇਰੇ ਸਿਆਜ਼ ਕਾਰ ਵਿਚ ਫ਼ਰਾਰ ਹੋ ਗਏ। ਮੈਨੇਜਰ ਵਲੋਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ 'ਤੇ ਦਿੱਤੀ ਗਈ। ਸੂਚਨਾ ਮਿਲਦਿਆਂ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ.ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ, ਏ.ਸੀ.ਪੀ. ਸੰਦੀਪ ਵਡੇਰਾ, ਏ.ਸੀ.ਪੀ. ਸੁਰਿੰਦਰ ਮੋਹਨ ਅਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਦਫ਼ਤਰ ਵਿਚ ਦਾਖਲ ਹੋਣ ਅਤੇ ਫ਼ਰਾਰ ਹੋਣ ਸਮੇਂ ਲੁਟੇਰੇ ਗੁਆਂਢੀਆਂ ਦੇ ਕੈਮਰਿਆਂ ਵਿਚ ਕੈਦ ਹੋ ਗਏ, ਜਿਸ ਆਧਾਰ 'ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਲੁਟੇਰਿਆਂ ਨੇ ਟੋਪੀ ਵਾਲੀਆਂ ਜੈਕਟਾਂ ਪਾਈਆਂ ਹੋਈਆਂ ਸਨ। ਪੁਲਿਸ ਵਲੋਂ ਲੁਟੇਰਿਆਂ ਦੇ ਸਕੈੱਚ ਵੀ ਬਣਾਏ ਜਾ ਰਹੇ ਹਨ। ਲੁਟੇਰੇ 25 ਮਿੰਟ ਦੇ ਕਰੀਬ ਸਮਾਂ ਦਫ਼ਤਰ ਵਿਚ ਰਹੇ ਅਤੇ ਸਾਰੇ ਸੋਨੇ ਦੇ ਗਹਿਣੇ ਇਕੱਠੇ ਕਰਦੇ ਰਹੇ। ਦਫ਼ਤਰ ਵਿਚ ਕੋਈ ਵੀ ਸੁਰੱਖਿਆ ਮੁਲਾਜ਼ਮ ਨਹੀਂ ਸੀ। ਕੰਪਨੀ ਵਲੋਂ ਕਿਸੇ ਵੀ ਸੁਰੱਖਿਆ ਮੁਲਾਜ਼ਮ ਨੂੰ ਦਫ਼ਤਰ ਵਿਚ ਤਾਇਨਾਤ ਨਹੀਂ ਕੀਤਾ ਗਿਆ ਹੈ। ਉਕਤ ਕੰਪਨੀ ਲੋਕਾਂ ਦੇ ਗਹਿਣੇ ਗਿਰਵੀ ਰੱਖ ਕੇ ਉਨ੍ਹਾਂ ਨੂੰ ਕਰਜ਼ਾ ਦਿੰਦੀ ਹੈ। ਕੰਪਨੀ 30 ਕਿੱਲੋ ਸੋਨੇ ਦੇ ਬਦਲੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਦੇ ਚੁੱਕੀ ਹੈ। ਪੁਲਿਸ ਵਲੋਂ ਮੌਕੇ 'ਤੇ ਮੌਜੂਦ ਮੁਲਾਜ਼ਮਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਲੁਟੇਰਿਆਂ ਦਾ ਕਿਧਰੇ ਪਤਾ ਨਹੀਂ ਲੱਗਾ। ਜ਼ਿਕਰਯੋਗ ਹੈ ਕਿ ਜਿਸ ਥਾਂ 'ਤੇ ਲੁਟੇਰਿਆਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹ ਸ਼ਹਿਰ ਦੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਮੁੱਖ ਸੜਕ ਹੈ ਜਿੱਥੇ ਕਿ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਦਫ਼ਤਰ ਦੇ ਬਿਲਕੁਲ ਸਾਹਮਣੇ ਸੀ.ਆਈ.ਏ. ਸਟਾਫ਼ 3 ਦਾ ਦਫ਼ਤਰ ਵੀ ਹੈ ਜਿਥੇ ਕਿ ਹਰ ਸਮੇਂ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਪਰ ਫਿਰ ਵੀ ਲੁਟੇਰੇ ਏਨੀ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਉਪਰੰਤ ਉੱਥੋਂ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ।
ਸੂਬੇ 'ਚ ਰੈੱਡ ਅਲਰਟ ਜਾਰੀ-ਵਧੀਕ ਡਾਇਰੈਕਟਰ ਜਨਰਲ ਢੋਕੇ ਤੇ ਈਸ਼ਵਰ ਸਿੰਘ ਵਲੋਂ ਘਟਨਾ ਸਥਾਨ ਦਾ ਦੌਰਾ
ਸ਼ਹਿਰ 'ਚ ਹੋਈ ਗਹਿਣਿਆਂ ਦੀ ਲੁੱਟ ਤੋਂ ਬਾਅਦ ਵਧੀਕ ਡਾਇਰੈਕਟਰ ਜਨਰਲ ਸ੍ਰੀ ਆਰ.ਐਨ. ਢੋਕੇ ਤੇ ਈਸ਼ਵਰ ਸਿੰਘ ਨੇ ਇੱਥੇ ਪੁੱਜ ਕੇ ਵਾਰਦਾਤ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਬਾਅਦ 'ਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕੁਝ ਸਮਾਂ ਰਹਿਣ ਉਪਰੰਤ ਦੋਵੇਂ ਅਧਿਕਾਰੀ ਵਾਪਸ ਚੰਡੀਗੜ੍ਹ ਰਵਾਨਾ ਹੋ ਗਏ। ਢੋਕੇ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੂਰੇ ਪੰਜਾਬ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਪੁਲਿਸ ਪਾਰਟੀਆਂ ਭੇਜੀਆਂ ਗਈਆਂ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਵਲੋਂ ਜਿਹੜਾ ਨੰਬਰ ਕਾਰ 'ਤੇ ਲਗਾਇਆ ਗਿਆ ਸੀ ਉਹ ਵੀ ਜਾਅਲੀ ਪਾਇਆ ਗਿਆ ਹੈ।

ਸੰਗੀਤ ਦਾ ਮਨੁੱਖੀ ਜੀਵਨ 'ਚ ਅਹਿਮ ਸਥਾਨ-ਡਾ: ਹਮਦਰਦ

ਅੰਮ੍ਰਿਤਸਰ ਦੇ ਪੰਜਾਬ ਨਾਟਸ਼ਾਲਾ ਵਿਖੇ ਡਾ: ਬਰਜਿੰਦਰ ਸਿੰਘ ਹਮਦਰਦ ਦੀ 16ਵੀਂ ਸੰਗੀਤਕ ਐਲਬਮ 'ਮਾਣ ਨਾ ਕੀਜੈ' ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਰਿਲੀਜ਼

ਅੰਮ੍ਰਿਤਸਰ, 17 ਫਰਵਰੀ (ਅਜੀਤ ਬਿਊਰੋ)-'ਸੰਗੀਤ ਦਾ ਮਨੁੱਖੀ ਜੀਵਨ 'ਚ ਅਹਿਮ ਸਥਾਨ ਹੈ। ਸੰਗੀਤ ਹਮੇਸ਼ਾ ਹੀ ਮੇਰੇ ਨਾਲ ਜੁੜਿਆ ਰਿਹਾ ਹੈ ਅਤੇ ਬਚਪਨ ਤੋਂ ਇਸ ਨਾਲ ਬਣਿਆ ਰਿਸ਼ਤਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ'। ਇਸ ਗੱਲ ਦਾ ਪ੍ਰਗਟਾਵਾ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਪਦਮ ਭੂਸ਼ਣ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਮੁਹੰਮਦ ਬਖ਼ਸ਼ ਅਤੇ ਸੁਲਤਾਨ ਬਾਹੂ ਦੇ ਕਲਾਮ 'ਤੇ ਆਧਾਰਿਤ ਆਪਣੀ 16ਵੀਂ ਐਲਬਮ 'ਮਾਣ ਨਾ ਕੀਜੈ' ਦੇ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿਖੇ ਪ੍ਰਮੁੱਖ ਰਾਜਸੀ, ਸਮਾਜਸੇਵੀ ਅਤੇ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਹੋਏ ਰਿਲੀਜ਼ ਸਮਾਗਮ ਦੌਰਾਨ ਕੀਤਾ। ਡਾ: ਬਰਜਿੰਦਰ ਸਿੰਘ ਹਮਦਰਦ ਦੀ 16ਵੀਂ ਐਲਬਮ 'ਮਾਣ ਨਾ ਕੀਜੈ' ਤਿੰਨ ਪੜਾਵਾਂ 'ਚ ਰਿਲੀਜ਼ ਕੀਤੀ ਗਈ। ਇਸ ਮੌਕੇ ਡਾ: ਹਮਦਰਦ ਨੇ ਸੰਗੀਤ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਗੀਤ ਉਨ੍ਹਾਂ ਦੇ ਮਨ ਅਤੇ ਆਤਮਾ ਨੂੰ ਹਮੇਸ਼ਾ ਤੋਂ ਟੁੰਬਦਾ ਆਇਆ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਉਨ੍ਹਾਂ ਦੀ ਇੱਛਾ ਰਹੀ ਹੈ ਕਿ ਉਹ ਗਾਇਕੀ ਦੇ ਖੇਤਰ ਵਿਚ ਉਨ੍ਹਾਂ ਲੀਹਾਂ 'ਤੇ ਚਲਣ ਜੋ ਸੇਧਮੰਦ ਹੋਣ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਦੋਂ ਇਨਸਾਨ ਦੁਨੀਆ 'ਤੇ ਆਇਆ, ਗਾਇਕੀ ਅਤੇ ਕਲਾਵਾਂ ਵੀ ਉਸ ਵੇਲੇ ਤੋਂ ਨਾਲ ਆਈਆਂ ਹਨ। ਗਾਇਕੀ ਦੀ ਪਰੰਪਰਾ ਬੜੀ ਮਹਾਨ ਹੈ ਤੇ ਪੰਜਾਬੀ ਗਾਇਕੀ ਨੇ ਦੁਨੀਆ ਭਰ ਵਿਚ ਇਸ ਖਿੱਤੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਇਹੀ ਯਤਨ ਹੈ ਕਿ ਜੋ ਚੰਗੀ ਕਿਸਮ ਦੀ ਸ਼ਾਇਰੀ ਹੈ ਅਤੇ ਕੋਈ ਬਿਹਤਰ ਲਿਖਦਾ ਹੈ, ਉਸ ਨੂੰ ਹੀ ਗਾਇਆ ਜਾਵੇ। ਡਾ: ਹਮਦਰਦ ਨੇ ਕਿਹਾ ਕਿ ਉਨ੍ਹਾਂ ਨੂੰ ਲੋਕ ਗੀਤਾਂ ਅਤੇ ਸੂਫ਼ੀ ਦਰਵੇਸ਼ਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਰਿਹਾ ਹੈ ਤੇ ਉਸ 'ਚੋਂ ਵੀ ਬਹੁਤ ਸਾਰੇ ਲੋਕ ਗੀਤ ਚੁਣ ਕੇ ਗਾਏ ਹਨ। ਉਨ੍ਹਾਂ ਕਿਹਾ ਕਿ ਸੰਗੀਤ ਨਾਲ ਉਨ੍ਹਾਂ ਦਾ ਰਿਸ਼ਤਾ ਬਚਪਨ ਤੋਂ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਹੁਲਾਰਾ ਦੇਣ ਅਤੇ ਜ਼ਿੰਦਗੀ ਦੀਆਂ ਕੋਮਲ ਕਦਰਾਂ ਕੀਮਤਾਂ ਲਈ ਸੰਗੀਤ ਦੀ ਅਹਿਮ ਭੂਮਿਕਾ ਹੈ। ਇਸ ਤੋਂ ਬਿਨਾਂ ਸਮਾਜ 'ਚ ਵਿਚਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਗ੍ਰੰਥ ਵੀ ਰਾਗਾਂ 'ਤੇ ਆਧਾਰਿਤ ਹਨ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਜਦੋਂ ਤੱਕ ਇਹ ਗਲਾ ਚਲਦਾ ਰਹੇਗਾ, ਉਹ ਸੰਗੀਤ ਨਾਲ ਜੁੜੇ ਰਹਿਣਗੇ। ਆਪਣੀ ਐਲਬਮ ਦੇ ਰਿਲੀਜ਼ ਹੋਣ ਉਪਰੰਤ ਡਾ: ਬਰਜਿੰਦਰ ਸਿੰਘ ਹਮਦਰਦ ਨੇ ਹਾਜ਼ਰ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੜੇ ਚਿਰਾਂ ਤੋਂ ਇਹ ਖੁਵਾਇਸ਼ ਸੀ ਕਿ ਉਹ ਆਪਣੀ ਐਲਬਮ ਅੰਮ੍ਰਿਤਸਰ 'ਚ ਆਪਣੇ ਦੋਸਤਾਂ-ਮਿੱਤਰਾਂ ਦੇ ਰੂਬਰੂ ਹੋ ਕੇ ਜਾਰੀ ਕਰਨ, ਜੋ ਅੱਜ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਮਾਝੇ ਦਾ ਅਹਿਮ ਨਗਰ ਅਤੇ ਰੂਹਾਨੀਅਤ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਮਾਝੇ ਦਾ ਇਤਿਹਾਸ ਬਹੁਤ ਮਾਣ ਮੱਤਾ, ਅਣਖ ਅਤੇ ਨਿਮਰਤਾ ਵਾਲਾ, ਹਮੇਸ਼ਾ ਬੇਇਨਸਾਫ਼ੀਆਂ ਦੇ ਖ਼ਿਲਾਫ਼ ਖੜ੍ਹਾ ਹੋਣ ਵਾਲਾ ਹੈ, ਜਿਸ 'ਤੇ ਬੇਹੱਦ ਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਇਸ ਨਗਰੀ ਨੂੰ ਵਸਾਇਆ ਹੈ। ਉਨ੍ਹਾਂ ਕਿਹਾ ਮਿਸਲਾਂ ਦਾ ਸ਼ਕਤੀ ਕੇਂਦਰ ਵੀ ਇਹ ਨਗਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਬਣਾਉਣ ਦਾ ਮੌਕਾ ਮਿਲਿਆ ਸੀ ਤਾਂ ਪਤਾ ਲੱਗਾ ਕਿ ਇਸ ਨਗਰੀ ਦੀ ਆਜ਼ਾਦੀ ਸੰਗਰਾਮ 'ਚ ਅਹਿਮ ਭੂਮਿਕਾ ਰਹੀ ਹੈ। ਇਥੋਂ ਦੇ ਲੋਕਾਂ ਵਲੋਂ ਅੰਗਰੇਜ਼ਾਂ ਖ਼ਿਲਾਫ਼ ਜੋ ਸੰਘਰਸ਼ ਵਿੱਢਿਆ ਸੀ, ਉਹ ਬਹੁਤ ਯਾਦਗਾਰੀ ਬਣਿਆ ਹੈ। ਪੰਜਾਬ ਨਾਟਸ਼ਾਲਾ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਹ ਪਲੇਟਫ਼ਾਰਮ ਹੈ ਜਿਸ ਨੇ ਕਈ ਕਲਾਕਾਰਾਂ ਨੂੰ ਪੈਦਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਥੇ ਆਉਣ ਦੀ ਬੜੇ ਚਿਰਾਂ ਤੋਂ ਤਮੰਨਾ ਸੀ ਜੋ ਅੱਜ ਪੂਰੀ ਹੋਈ ਹੈ। ਆਪਣੀਆਂ ਬਚਪਨ ਦੀਆਂ ਯਾਦਾਂ ਬਿਆਨ ਕਰਦੇ ਹੋਏ ਡਾ: ਹਮਦਰਦ ਨੇ ਕਿਹਾ ਉਨ੍ਹਾਂ ਨੂੰ ਇਸ ਸ਼ਹਿਰ ਨਾਲ ਹਮੇਸ਼ਾ ਲਗਾਅ ਰਿਹਾ ਹੈ, ਉਨ੍ਹਾਂ ਦੀਆਂ ਇਸ ਸ਼ਹਿਰ ਨਾਲ ਜੋ ਯਾਦਾਂ ਜੁੜੀਆਂ ਹਨ, ਉਹ ਹਮੇਸ਼ਾ ਮੇਰੇ ਨਾਲ ਜੁੜੀਆਂ ਰਹਿਣਗੀਆਂ। ਡਾ: ਹਮਦਰਦ ਨੇ ਕਿਹਾ ਕਿ ਇਸ ਨਗਰੀ ਵਿਚ ਸਮਾਗਮ ਕਰਾ ਕੇ ਇਥੋਂ ਦੀਆਂ ਸ਼ਖ਼ਸੀਅਤਾਂ ਨੂੰ ਮਿਲਣਾ ਉਨ੍ਹਾਂ ਲਈ ਬੜਾ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ 'ਅਜੀਤ' ਪ੍ਰਕਾਸ਼ਨ ਸਮੂਹ ਨੇ ਹਮੇਸ਼ਾ ਆਪਣੀਆਂ ਪਰੰਪਰਾਵਾਂ ਤੇ ਵਿਸ਼ਵਾਸਯੋਗਤਾ, ਜੋ ਸੰਸਥਾ ਦੇ ਬਾਨੀ ਡਾ: ਸਾਧੂ ਸਿੰਘ ਹਮਦਰਦ ਵਲੋਂ ਸ਼ੁਰੂ ਕੀਤੇ ਗਏ ਸਨ, ਉਨ੍ਹਾਂ ਨੂੰ ਕਾਇਮ ਰੱਖਣ ਲਈ ਹਮੇਸ਼ਾ ਯਤਨ ਕੀਤਾ ਹੈ ਅਤੇ ਵਿਸ਼ਵਾਸ ਯੋਗਤਾ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ 'ਅਜੀਤ' ਨੇ ਹਮੇਸ਼ਾ ਆਪਣੇ ਸਮਾਜ ਲਈ ਬਣਦੀ ਜ਼ਿੰਮੇਵਾਰੀ ਨਿਭਾਈ ਹੈ।
ਸੰਗੀਤਕ ਸਫ਼ਰ
ਮੰਚ ਦਾ ਸੰਚਾਲਨ ਕਰਦਿਆਂ ਡਾ: ਲਖਵਿੰਦਰ ਸਿੰਘ ਜੌਹਲ ਵਲੋਂ ਡਾ: ਬਰਜਿੰਦਰ ਸਿੰਘ ਹਮਦਰਦ ਦੇ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾ: ਹਮਦਰਦ ਦੀ ਇਹ 16ਵੀਂ ਐਲਬਮ ਹੈ ਜੋ ਮੁਹੰਮਦ ਬਖ਼ਸ਼ ਅਤੇ ਸੁਲਤਾਨ ਬਾਹੂ ਦੇ ਕਲਾਮਾਂ 'ਤੇ ਆਧਾਰਿਤ ਹੈ। ਉਨ੍ਹਾਂ ਦੱਸਿਆ ਕਿ ਡਾ: ਹਮਦਰਦ ਨੇ 2003 'ਚ ਆਪਣੀ ਪਹਿਲੀ ਐਲਬਮ ਤੋਂ ਸੰਗੀਤ ਦਾ ਸਫ਼ਰ ਸ਼ੁਰੂ ਕੀਤਾ। ਇਨ੍ਹਾਂ ਐਲਬਮਾਂ 'ਚ ਉਨ੍ਹਾਂ ਨੇ ਪ੍ਰਸਿੱਧ ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਮਵਰ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਆਪਣੀ ਆਵਾਜ਼ ਦਿੱਤੀ। ਪੰਜਾਬੀ ਵਿਚ ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਡਾ: ਸਾਧੂ ਸਿੰਘ ਹਮਦਰਦ, ਤੁਫੈਲ ਹੁਸ਼ਿਆਰਪੁਰੀ, ਐਸ.ਐਸ. ਮੀਸ਼ਾ ਅਤੇ ਡਾ: ਜਗਤਾਰ ਦੀਆਂ ਰਚਨਾਵਾਂ ਨੂੰ ਆਪਣੀ ਸੋਜ਼ ਭਰੀ ਆਵਾਜ਼ 'ਚ ਵੱਖ-ਵੱਖ ਐਲਬਮਾਂ ਰਾਹੀਂ ਲੋਕ ਅਰਪਣ ਕੀਤਾ। ਉਰਦੂ ਦੇ ਸ਼ਾਇਰਾਂ 'ਚ ਫ਼ੈਜ਼ ਅਹਿਮਦ ਫ਼ੈਜ਼, ਜਾਂਨਿਸਾਰ ਅਖ਼ਤਰ, ਅਮੀਰ ਕਜ਼ਲਬਾਸ਼, ਪ੍ਰਵੀਨ ਸ਼ਾਕਿਰ, ਮੋਹੀਓਦੀਨ ਅਹਿਸਾਨ ਜਜ਼ਬੀ, ਫ਼ਿਰਾਕ ਗੋਰਖਪੁਰੀ, ਨਿਦਾ ਫਾਜ਼ਲੀ ਨੂੰ ਆਪਣੀ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ 2 ਐਲਬਮਾਂ ਪੰਜਾਬੀ ਲੋਕ ਗੀਤਾਂ 'ਤੇ ਆਧਾਰਿਤ ਪੇਸ਼ ਕੀਤੀਆਂ ਅਤੇ ਇਸ ਦੇ ਨਾਲ ਹੀ ਸੂਫ਼ੀ ਦਰਵੇਸ਼ਾਂ ਦੇ ਕਲਾਮ ਵੀ ਪੇਸ਼ ਕੀਤੇ।
ਸਰੋਤਿਆਂ ਨੂੰ ਕੀਤਾ ਮੰਤਰ ਮੁਗਧ
ਸਮਾਗਮ ਦੌਰਾਨ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਆਪਣੀ ਨਵੀਂ ਐਲਬਮ 'ਮਾਣ ਨਾ ਕੀਜੈ ' ਵਿਚਲੇ ਸੁਲਤਾਨ ਬਾਹੂ ਅਤੇ ਮੁਹੰਮਦ ਬਖ਼ਸ਼ ਦੇ ਕਲਾਮ ਸਰੋਤਿਆਂ ਦੇ ਰੁਬਰੂ ਹੋ ਕੇ ਗਾਇਨ ਕੀਤੇ। ਕਰੀਬ ਇਕ ਘੰਟੇ ਤੱਕ ਡਾ: ਹਮਦਰਦ ਵਲੋਂ ਆਪਣੀ ਗਾਇਕੀ ਦਾ ਦੌਰ ਜਾਰੀ ਰੱਖਦੇ ਹੋਏ ਸਭ ਤੋਂ ਪਹਿਲਾਂ ਸੁਲਤਾਨ ਬਾਹੂ ਦਾ ਕਲਾਮ 'ਐ ਦਿਲਬਰ ਇਸ ਬੇਦਿਲ ਉਤੇ, ਨਜ਼ਰ ਕਰਮ ਦੀ ਪਾਈਂ। ਤੇਰੇ ਬਾਝੋਂ ਦਰਦ ਮੇਰੇ ਦਾ ਵਾਕਫ਼ ਕੋਈ ਨਾਹੀਂ' ਪੇਸ਼ ਕਰ ਕੇ ਹਾਜ਼ਰ ਸਰੋਤਿਆਂ ਦੀ ਵਾਹ-ਵਾਹ ਖੱਟੀ। ਉਨ੍ਹਾਂ ਨੇ ਸੁਲਤਾਨ ਬਾਹੂ ਦਾ ਦੂਸਰਾ ਕਲਾਮ 'ਬੇਪ੍ਰਵਾਹ ਮਾਹੀ ਕੋਲੋਂ ਮੇਰੀ ਕੂਕ ਦੁਹਾਈ। ਉਸ ਬਿਨ ਹੋਰ ਨਾ ਮੇਰਾ ਕੋਈ, ਉਸ ਨੂੰ ਖ਼ਬਰ ਨਾ ਕਾਈ ' ਤੇ ਤੀਸਰਾ ਕਲਾਮ 'ਜੋ ਦਿਲ ਮੰਗੇ ਹੋਵੇ ਨਾਹੀ, ਹੋਵਣ ਰਿਹਾ ਪਰੇਰੇ ਹੂ। ਦੋਸਤ ਨਾ ਦੇਵੇ ਦਿਲ ਦਾਰੂ, ਇਸ਼ਕ ਨਾ ਵਾਗਾਂ ਫੇਰੇ ਹੂ' ਦੀ ਪੇਸ਼ਕਾਰੀ ਰਾਹੀਂ ਹਾਜ਼ਰ ਸਰੋਤਿਆਂ ਨੂੰ ਸੂਫ਼ੀ ਰੰਗ 'ਚ ਝੂਮਣ ਲਗਾ ਦਿੱਤਾ। ਆਪਣੇ ਸੰਗੀਤਕ ਪੇਸ਼ਕਾਰੀ ਨੂੰ ਅੱਗੇ ਵਧਾਉਂਦੇ ਹੋਏ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਆਪਣੀ 16ਵੀਂ ਐਲਬਮ ਦੇ 'ਟਾਈਟਲ' ਕਲਾਮ 'ਮਾਣ ਨਾ ਕੀਜੇ ਰੂਪ ਘਣੇ ਦਾ ਵਾਰਿਸ ਕੌਣ ਹੁਸਨ ਦਾ । ਸਦਾ ਨਾ ਰਹਿਸਣ ਸਾਖਾਂ ਹਰੀਆਂ, ਸਦਾ ਨਾ ਫੂਲ ਚਮਨ ਦਾ' ਦਾ ਗਾਇਨ ਕਰ ਕੇ ਸੰਗੀਤ ਪ੍ਰੇਮੀਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਰਸ਼ਾਰ ਕੀਤਾ।
ਇਕ ਇਤਿਹਾਸਕ ਦਿਨ-ਜਤਿੰਦਰ ਸਿੰਘ ਬਰਾੜ
ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਸਿੰਘ ਬਰਾੜ ਨੇ ਡਾ: ਬਰਜਿੰਦਰ ਸਿੰਘ ਹਮਦਰਦ ਦੇ ਨਾਟਸ਼ਾਲਾ ਵਿਖੇ ਪਹਿਲੀ ਵਾਰ ਪੁੱਜਣ 'ਤੇ ਆਪਣੀ ਐਲਬਮ ਰਿਲੀਜ਼ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੜੇ ਚਿਰਾਂ ਤੋਂ ਡਾ: ਹਮਦਰਦ ਨੂੰ ਪੰਜਾਬ ਨਾਟਸ਼ਾਲਾ ਵਿਖੇ ਲਿਆਉਣ ਦੀ ਰੀਝ ਸੀ ਜੋ ਅੱਜ ਪੂਰੀ ਹੋਈ ਹੈ ਤੇ ਉਨ੍ਹਾਂ ਦੀ ਖ਼ੂਬਸੂਰਤ ਗਾਇਕੀ ਦੀ ਇਹ ਸ਼ਾਮ ਵਾਲਾ ਦਿਨ ਪੰਜਾਬ ਨਾਟਸ਼ਾਲਾ ਦੇ ਇਤਿਹਾਸ ਵਿਚ ਇਤਿਹਾਸਕ ਦਿਨ ਵਜੋਂ ਯਾਦ ਰਹੇਗਾ। ਉਨ੍ਹਾਂ ਸੰਸਥਾ ਵਲੋਂ ਡਾ: ਬਰਜਿੰਦਰ ਸਿੰਘ ਹਮਦਰਦ ਨੂੰ 16ਵੀਂ ਐਲਬਮ ਲਈ ਵਧਾਈ ਦਿੰਦਿਆਂ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲਾ ਭੇਟ ਕਰ ਕੇ ਸਨਮਾਨਿਤ ਕੀਤਾ ।
ਡਾ: ਹਮਦਰਦ ਇਕ ਬਹੁਪੱਖੀ ਸ਼ਖ਼ਸੀਅਤ: ਮਾਣਕ
ਇਸ ਮੌਕੇ 'ਅਜੀਤ' ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਡਾ: ਬਰਜਿੰਦਰ ਸਿੰਘ ਹਮਦਰਦ ਦੇ ਜੀਵਨ, ਪੱਤਰਕਾਰਤਾ ਅਤੇ ਉਨ੍ਹਾਂ ਦੀ ਗਾਇਨ ਕਲਾ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਡਾ: ਹਮਦਰਦ ਇਕ ਐਸੀ ਬਹੁਪੱਖੀ ਸ਼ਖ਼ਸੀਅਤ ਹਨ, ਜੋ ਪੱਤਰਕਾਰੀ ਦੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਜੂਦ ਸੰਗੀਤ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਹਮੇਸ਼ਾ ਹੀ ਸਮਾਜ ਨੂੰ ਸੇਧ ਤੇ ਸਕੂਨ ਦੇਣ ਵਾਲੀ ਸੂਫ਼ੀਆਨਾ ਗਾਇਕੀ ਨੂੰ ਹੀ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾ: ਹਮਦਰਦ ਦੀ ਅਗਵਾਈ 'ਚ ਅਦਾਰਾ 'ਅਜੀਤ' ਪ੍ਰਕਾਸ਼ਨ ਸਮਾਜਿਕ ਬੁਰਾਈਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਸੰਗੀਤਕਾਰ ਗੁਰਦੀਪ ਸਿੰਘ ਤੇ ਸਾਜਿੰਦਿਆਂ ਦਾ ਸਨਮਾਨ
ਰਿਲੀਜ਼ ਰਸਮ ਉਪਰੰਤ ਡਾ: ਹਮਦਰਦ ਵਲੋਂ ਐਲਬਮ ਦੇ ਸੰਗੀਤਕਾਰ ਗੁਰਦੀਪ ਸਿੰਘ ਤੇ ਗਾਇਨ ਪੇਸ਼ਕਾਰੀ ਦੌਰਾਨ ਸਾਥ ਦੇਣ ਵਾਲੇ ਸਾਜ਼ਿੰਦਿਆਂ ਰਾਹੁਲ, ਪਾਰਸ ਤੇ ਨੀਰਜ ਨੂੰ ਸਨਮਾਨਿਤ ਕੀਤਾ ਗਿਆ।
ਚੀਫ਼ ਖ਼ਾਲਸਾ ਦੀਵਾਨ ਅਤੇ ਪੱਤਰਕਾਰਾਂ ਵਲੋਂ ਡਾ: ਹਮਦਰਦ ਦਾ ਸਨਮਾਨ
ਸਮਾਗਮ ਤੋਂ ਪਹਿਲਾਂ ਡਾ: ਬਰਜਿੰਦਰ ਸਿੰਘ ਹਮਦਰਦ ਦੇ ਪੰਜਾਬ ਨਾਟਸ਼ਾਲਾ 'ਚ ਪੁੱਜਣ 'ਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਧਾਨ ਨਿਰਮਲ ਸਿੰਘ, ਭਾਗ ਸਿੰਘ ਅਣਖੀ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਵਲੋਂ ਯਾਦਗਾਰੀ ਚਿੰਨ੍ਹ ਤੇ ਦੁਸ਼ਾਲਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ 'ਅਜੀਤ' ਪ੍ਰਕਾਸ਼ਨ ਸਮੂਹ ਉਪ-ਦਫਤਰ ਅੰਮ੍ਰਿਤਸਰ ਦੇ ਇੰਚਾਰਜ ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ, ਸੁਰਿੰਦਰ ਕੋਛੜ, ਰੇਸ਼ਮ ਸਿੰਘ, ਹਰਜਿੰਦਰ ਸਿੰਘ ਸ਼ੈਲੀ, ਸੁਰਿੰਦਰਪਾਲ ਸਿੰਘ ਵਰਪਾਲ ਸਮੇਤ ਜ਼ਿਲ੍ਹੇ ਦੇ ਪੱਤਰਕਾਰਾਂ ਤੇ ਸਮੂਹ ਸਟਾਫ਼ ਵਲੋਂ ਡਾ: ਹਮਦਰਦ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ 'ਅਜੀਤ' ਪ੍ਰਕਾਸ਼ਨ ਸਮੂਹ ਦੇ ਚੀਫ਼ ਐਗਜ਼ੀਕਿਊਟਿਵ ਸ੍ਰੀਮਤੀ ਗੁਰਜੋਤ ਕੌਰ ਵੀ ਸ਼ਾਮਿਲ ਸਨ।

ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ

ਸੁਪਰੀਮ ਕੋਰਟ ਵਲੋਂ ਸਥਾਈ ਕਮਿਸ਼ਨ ਪ੍ਰਦਾਨ ਕਰਨ ਦਾ ਆਦੇਸ਼

ਨਵੀਂ ਦਿੱਲੀ, 17 ਫਰਵਰੀ (ਜਗਤਾਰ ਸਿੰਘ)-ਹਥਿਆਰਬੰਦ ਬਲਾਂ 'ਚ ਲਿੰਗ ਭੇਦਭਾਵ ਨੂੰ ਖ਼ਤਮ ਕਰਨ 'ਤੇ ਜ਼ੋਰ ਦਿੰਦਿਆਂ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੈਨਾ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਸਤਾ ਪੱਧਰਾ ਕਰ ਦਿੱਤਾ ਹੈ ਅਤੇ ਕੇਂਦਰ ਨੂੰ ਨਿਰਦੇਸ਼ ਦਿੱਤਾ ਹੈ ਕਿ ਤਿੰਨ ਮਹੀਨਿਆਂ ਦੇ ਅੰਦਰ ਸਾਰੀਆਂ ਔਰਤ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦਿੱਤਾ ਜਾਵੇ। ਜਸਟਿਸ ਡੀ.ਵਾਈ. ਚੰਦਰਚੂਹੜ ਦੀ ਅਗਵਾਈ ਵਾਲੇ ਬੈਂਚ ਨੇ ਸਰਕਾਰ ਦੀ ਇਸ ਦਲੀਲ ਨੂੰ ਪ੍ਰੇਸ਼ਾਨ ਕਰਨ ਵਾਲੀ ਅਤੇ ਗਲਤ ਦੱਸਿਆ, ਜਿਸ 'ਚ ਕਿਹਾ ਗਿਆ ਸੀ ਕਿ ਸਰੀਰਕ ਸੀਮਾਵਾਂ ਅਤੇ ਸਮਾਜਿਕ ਚਲਣ ਨੂੰ ਵੇਖਦਿਆਂ ਹੋਇਆਂ ਕਮਾਨ ਅਹੁਦਿਆਂ 'ਤੇ ਔਰਤਾਂ ਦੀ ਨਿਯੁਕਤੀ ਨਹੀਂ ਕੀਤੀ ਜਾ ਰਹੀ। ਬੈਂਚ ਨੇ ਕਿਹਾ ਕਿ ਔਰਤ ਅਧਿਕਾਰੀਆਂ ਨੇ ਪਹਿਲਾਂ ਵੀ ਦੇਸ਼ ਦਾ ਮਾਣ ਵਧਾਇਆ ਹੈ ਅਤੇ ਉਨ੍ਹਾਂ ਨੂੰ ਸੈਨਾ ਮੈਡਲ ਸਮੇਤ ਕਈ ਬਹਾਦਰੀ ਪੁਰਸਕਾਰ ਮਿਲ ਚੁੱਕੇ ਹਨ। ਅਦਾਲਤ ਨੇ ਕਿਹਾ ਕਿ ਔਰਤਾਂ ਦੀ ਕਮਾਨ 'ਚ ਨਿਯੁਕਤੀ ਕੀਤੇ ਜਾਣ 'ਤੇ ਪੂਰਨ ਪਾਬੰਦੀ ਨਹੀਂ ਹੋਵੇਗੀ। ਹਾਲਾਂਕਿ ਬੈਂਚ ਨੇ ਸਪੱਸ਼ਟ ਕੀਤਾ ਕਿ ਜਿਵੇਂ ਦਿੱਲੀ ਹਾਈਕੋਰਟ ਨੇ ਵਿਵਸਥਾ ਦਿੱਤੀ ਹੈ ਕਿ ਲੜਾਈ ਦੀ ਭੂਮਿਕਾ 'ਚ ਔਰਤ ਅਧਿਕਾਰੀਆਂ ਦੀ ਤਾਇਨਾਤੀ ਨੀਤੀਗਤ ਮਾਮਲਾ ਹੈ ਅਤੇ ਇਸ ਬਾਰੇ 'ਚ ਸਮਰੱਥ ਅਥਾਰਟੀ ਨੂੰ ਵਿਚਾਰ ਕਰਨਾ ਹੋਵੇਗਾ। ਫ਼ੌਜ 'ਚ ਸਥਾਈ ਕਮਿਸ਼ਨ ਪਾਉਣ ਤੋਂ ਵਾਝੀਆਂ ਰਹਿ ਗਈਆਂ ਔਰਤ ਅਧਿਕਾਰੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਫ਼ੈਸਲੇ 'ਤੇ ਮੋਹਰ ਲਗਾਉਂਦੇ ਹੋਏ ਕੇਂਦਰ ਸਰਕਾਰ ਨੂੰ ਝਾੜ ਪਾਈ ਹੈ ਅਤੇ ਨਾਲ ਹੀ ਕੇਂਦਰ ਨੂੰ ਫ਼ੈਸਲਾ ਲਾਗੂ ਕਰਨ ਦੇ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ। ਬੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਮਾਨਸਿਕਤਾ ਬਦਲਣ ਦੀ ਗੱਲ ਵੀ ਆਖੀ।
ਅਦਾਲਤ ਨੇ ਕਿਹਾ ਕਿ ਫ਼ੌਜ 'ਚ ਔਰਤ ਅਧਿਕਾਰੀਆਂ ਦੀ ਨਿਯੁਕਤੀ ਇਕ ਵਿਕਾਸਵਾਦੀ ਪ੍ਰਕਿਰਿਆ ਹੈ। ਅਦਾਲਤ ਨੇ ਕਿਹਾ ਕਿ ਹਾਈਕੋਰਟ ਦੇ ਫ਼ੈਸਲੇ 'ਤੇ ਰੋਕ ਨਹੀਂ ਲਾਈ ਗਈ, ਫਿਰ ਵੀ ਹਾਈਕੋਰਟ ਦੇ ਫ਼ੈਸਲੇ ਨੂੰ ਲਾਗੂ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਔਰਤਾਂ ਦੇ ਪ੍ਰਤੀ ਸੋਚ ਬਦਲਣ ਦੀ ਲੋੜ ਹੈ ਅਤੇ ਮਰਦਾਂ ਦੇ ਵਾਂਗ ਹੀ ਔਰਤਾਂ ਨੂੰ ਵੀ ਸਾਰੇ ਹੱਕ ਮਿਲਣੇ ਚਾਹੀਦੇ ਹਨ। ਅਦਾਲਤ ਨੇ ਸੁਣਵਾਈ ਦੌਰਾਨ ਤਾਨੀਆ ਸ਼ੇਰਗਿੱਲ ਤੇ ਕੈਪਟਨ ਮਧੂਮਿਤਾ ਦੀ ਉਦਾਹਰਨ ਵੀ ਦਿੱਤੀ। ਦੱਸਣਯੋਗ ਹੈ ਕਿ ਦਿੱਲੀ ਹਾਈਕੋਰਟ ਨੇ 12 ਮਾਰਚ 2010 ਨੂੰ ਸ਼ਾਰਟ ਸਰਵਿਸ ਕਮਿਸ਼ਨ ਦੇ ਤਹਿਤ ਆਉਣ ਵਾਲੀਆਂ ਔਰਤਾਂ ਨੂੰ ਨੌਕਰੀ 'ਚ 14 ਸਾਲ ਪੂਰੇ ਕਰਨ 'ਤੇ ਮਰਦਾਂ ਦੀ ਤਰ੍ਹਾਂ ਸਥਾਈ ਕਮਿਸ਼ਨ ਦੇਣ ਦਾ ਹੁਕਮ ਦਿੱਤਾ ਸੀ ਪਰ ਹਾਈਕੋਰਟ ਦੇ ਇਸ ਫ਼ੈਸਲੇ ਵਿਰੁੱਧ ਰੱਖਿਆ ਮੰਤਰਾਲੇ ਸੁਪਰੀਮ ਕੋਰਟ ਪਹੁੰਚ ਗਿਆ ਸੀ। ਹਾਈਕੋਰਟ ਦੇ ਫ਼ੈਸਲੇ ਦੇ 9 ਸਾਲਾਂ ਬਾਅਦ ਸਰਕਾਰ ਨੇ ਫਰਵਰੀ 2019 'ਚ 10 ਵਿਭਾਗਾਂ 'ਚ ਔਰਤ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੀ ਨੀਤੀ ਬਣਾਈ ਅਤੇ ਕਿਹਾ ਕਿ ਇਸ ਦਾ ਲਾਭ ਮਾਰਚ 2019 ਤੋਂ ਬਾਅਦ ਸੇਵਾ 'ਚ ਆਉਣ ਵਾਲੀਆਂ ਔਰਤ ਅਧਿਕਾਰੀਆਂ ਨੂੰ ਹੀ ਮਿਲੇਗਾ ਪਰ ਹੁਣ ਇਹ ਲਾਭ ਮਾਰਚ 2019 ਤੋਂ ਪਹਿਲਾਂ ਸੇਵਾ 'ਚ ਆ ਚੁੱਕੀਆਂ ਔਰਤਾਂ ਨੂੰ ਵੀ ਮਿਲੇਗਾ।
ਔਰਤ ਸੈਨਿਕ ਅਧਿਕਾਰੀਆਂ ਵਲੋਂ ਫ਼ੈਸਲੇ ਦਾ ਸਵਾਗਤ
ਨਵੀਂ ਦਿੱਲੀ, 17 ਫਰਵਰੀ (ਪੀ.ਟੀ.ਆਈ.)-ਔਰਤ ਸੈਨਿਕ ਅਧਿਕਾਰੀਆਂ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ਼ ਹਥਿਆਰਬੰਦ ਬਲਾਂ ਦਾ ਬਲਕਿ ਦੇਸ਼ ਭਰ ਦੀਆਂ ਔਰਤਾਂ ਦਾ ਉਤਸ਼ਾਹ ਵਧੇਗਾ। ਫ਼ੈਸਲੇ ਤੋਂ ਬਾਅਦ ਅਦਾਲਤ ਦੇ ਬਾਹਰ ਇਕ ਔਰਤ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਵੀ ਕੰਮ ਦੇ ਯੋਗ ਹੋਵੇ ਉਸ ਨੂੰ ਕਮਾਨ ਸੰਭਾਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਸਮੇਂ ਉਕਤ ਔਰਤ ਅਧਿਕਾਰੀ ਨਾਲ ਸੈਨਾ 'ਚ ਉਨ੍ਹਾਂ ਦੀਆਂ ਕੁਝ ਸਹਿ-ਕਰਮੀਆਂ ਵੀ ਮੌਜੂਦ ਸੀ। ਔਰਤ ਅਧਿਕਾਰੀਆਂ ਵਲੋਂ ਪੇਸ਼ ਹੋਈ ਵਕੀਲ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸਰਬਉੱਚ ਅਦਾਲਤ ਦੇ ਫ਼ੈਸਲੇ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤਾ ਹੈ।

ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ

ਨਵੀਂ ਦਿੱਲੀ, 17 ਫਰਵਰੀ (ਜਗਤਾਰ ਸਿੰਘ)-ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਦੇ 4 ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ । ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਫਾਂਸੀ ਦੀ ਸਜ਼ਾ ਦਾ ਨਵਾਂ ਵਰੰਟ ਜਾਰੀ ਕੀਤਾ। ਵਧੀਕ ਸੈਸ਼ਨ ਜੱਜ ਧਰਮੇਂਦਰ ਰਾਨਾ ਨੇ ਚਾਰਾਂ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ (32), ਪਵਨ ਗੁਪਤਾ (25), ਵਿਨੇ ਕੁਮਾਰ ਸ਼ਰਮਾ (26) ਅਤੇ ਅਕਸ਼ੈ ਕੁਮਾਰ (31) ਖ਼ਿਲਾਫ਼ ਨਵੇਂ ਮੌਤ ਦੀ ਸਜ਼ਾ ਦੇ ਵਰੰਟ ਜਾਰੀ ਕੀਤੇ। ਇਹ ਤੀਸਰੀ ਵਾਰ ਹੈ ਕਿ ਦੋਸ਼ੀਆਂ ਖ਼ਿਲਾਫ਼ ਫਾਂਸੀ ਦੇ ਵਾਰੰਟ ਜਾਰੀ ਕੀਤੇ ਗਏ ਹਨ। ਪਹਿਲਾਂ ਫਾਂਸੀ ਦੇਣ ਦੀ ਤਰੀਕ 22 ਜਨਵਰੀ ਤੈਅ ਕੀਤੀ ਸੀ ਬਾਅਦ 'ਚ ਇਸ ਨੂੰ ਟਾਲ ਕੇ 1 ਫਰਵਰੀ ਕਰ ਦਿੱਤਾ ਗਿਆ ਅਤੇ ਫਿਰ ਅਦਾਲਤ ਨੇ ਅਗਲੇ ਹੁਕਮਾਂ ਤੱਕ ਦੋਸ਼ੀਆਂ ਨੂੰ ਫਾਂਸੀ ਦੇਣ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਦੂਜੇ ਪਾਸੇ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜੇ ਵੀ ਕਾਨੂੰਨੀ ਬਦਲ ਬਾਕੀ ਹਨ। ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਦੱਸਿਆ ਕਿ 3 ਦੋਸ਼ੀਆਂ ਅਕਸ਼ੈ, ਵਿਨੇ ਤੇ ਮੁਕੇਸ਼ ਦੀ ਰਹਿਮ ਅਰਜ਼ੀ ਖ਼ਾਰਜ ਹੋ ਚੁੱਕੀ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਹਾਈਕੋਰਟ ਵਲੋਂ ਦਿੱਤੀ ਗਈ ਇਕ ਹਫ਼ਤੇ ਦੀ ਮਿਆਦ ਵੀ 11 ਫਰਵਰੀ ਨੂੰ ਖਤਮ ਹੋ ਚੁੱਕੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਫ਼ਿਲਹਾਲ ਕਿਸੇ ਵੀ ਦੋਸ਼ੀ ਦੀ ਕੋਈ ਵੀ ਪਟੀਸ਼ਨ ਕਿਸੇ ਵੀ ਅਦਾਲਤ 'ਚ ਵਿਚਾਰਅਧੀਨ ਨਹੀਂ ਹੈ,ਇਸ ਲਈ ਨਵਾਂ ਡੈਥ ਵਰੰਟ ਜਾਰੀ ਕੀਤਾ ਜਾਵੇ। ਦੋਸ਼ੀਆਂ ਦੇ ਵਕੀਲ ਨੇ ਦੱਸਿਆ ਕਿ ਅਸੀਂ ਅਕਸ਼ੈ ਦੀ ਰਹਿਮ ਅਰਜ਼ੀ ਲਗਾਉਣਾ ਚਾਹੁੰਦੇ ਹਾਂ ਪਰ ਕੁੱਝ ਦਸਤਾਵੇਜ਼ ਲਗਾਏ ਜਾਣੇ ਬਾਕੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਅਦਾਲਤ ਇਸ ਦੀ ਇਜਾਜ਼ਤ ਦੇਵੇ ਤਾਂ ਅੱਜ ਅਕਸ਼ੈ ਦੇ ਦਸਤਖ਼ਤ ਕਰਵਾ ਕੇ ਰਾਸ਼ਟਰਪਤੀ ਕੋਲ ਰਹਿਮ ਅਰਜ਼ੀ ਲਗਾ ਦਿੱਤੀ ਜਾਵੇਗੀ।
ਸੁਣਵਾਈ ਦੌਰਾਨ ਇਕ ਦੋਸ਼ੀ ਮੁਕੇਸ਼ ਨੇ ਅਦਾਲਤ 'ਚ ਦੱਸਿਆ ਕਿ ਉਹ ਨਹੀਂ ਚਾਹੁੰਦਾ ਕਿ ਵਕੀਲ ਵਰਿੰਦਾ ਗਰੋਵਰ ਉਸ ਦਾ ਪੱਖ ਰੱਖੇ, ਜਿਸ ਤੋਂ ਬਾਅਦ ਰਵੀ ਕਾਜ਼ੀ ਨੂੰ ਉਸ ਦਾ ਵਕੀਲ ਨਿਯੁਕਤ ਕੀਤਾ ਗਿਆ। ਅਦਾਲਤ 'ਚ ਇਹ ਵੀ ਦੱਸਿਆ ਗਿਆ ਕਿ ਵਿਨੇ ਤਿਹਾੜ ਜੇਲ੍ਹ 'ਚ ਭੁੱਖ ਹੜਤਾਲ 'ਤੇ ਹੈ। ਉਸ ਦੇ ਵਕੀਲ ਨੇ ਅਦਾਲਤ 'ਚ ਦੱਸਿਆ ਕਿ ਜੇਲ੍ਹ 'ਚ ਵਿਨੇ 'ਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਦੇ ਸਿਰ 'ਤੇ ਸੱਟ ਲੱਗੀ ਹੈ। ਉਸ ਨੇ ਦੱਸਿਆ ਕਿ ਵਿਨੇ ਗੰਭੀਰ ਮਾਨਸਿਕ ਬਿਮਾਰੀ ਤੋਂ ਪੀੜਤ ਹੈ ਅਤੇ ਇਸ ਕਰਕੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਵਿਨੇ ਦੀ ਕਾਨੂੰਨ ਤਹਿਤ ਉੱਚਿਤ ਦੇਖਭਾਲ ਕਰਨ ਦਾ ਨਿਰਦੇਸ਼ ਦਿੱਤਾ। ਇਕ ਹੋਰ ਦੋਸ਼ੀ ਪਵਨ ਦੇ ਵਕੀਲ ਨੇ ਅਦਾਲਤ 'ਚ ਦੱਸਿਆ ਕਿ ਉਹ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਅਤੇ ਰਾਸ਼ਟਰਪਤੀ ਕੋਲ ਸਜ਼ਾ ਖ਼ਿਲਾਫ਼ ਰਹਿਮ ਦੀ ਅਪੀਲ ਦਾਇਰ ਕਰਨੀ ਚਾਹੁੰਦਾ ਹੈ। ਦੱਸਣਯੋਗ ਹੈ ਕਿ ਚਾਰਾਂ ਦੋਸ਼ੀਆਂ 'ਚੋਂ ਪਵਨ ਹੀ ਇਕੱਲਾ ਹੈ, ਜਿਸ ਨੇ ਅਜੇ ਤੱਕ ਕਿਊਰੇਟਿਵ ਪਟੀਸ਼ਨ ਨਹੀਂ ਪਾਈ ਅਤੇ ਨਾ ਹੀ ਉਸ ਨੇ ਰਹਿਮ ਦੀ ਪਟੀਸ਼ਨ ਲਗਾਈ ਹੈ।
ਨਿਰਭੈਆ ਦੀ ਮਾਂ ਨੇ ਇਸ ਵਾਰ ਇਨਸਾਫ਼ ਮਿਲਣ ਦੀ ਉਮੀਦ ਜਤਾਈ
ਦੋਸ਼ੀਆਂ ਖ਼ਿਲਾਫ਼ ਫਾਂਸੀ ਦਾ ਨਵਾਂ ਵਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਉਮੀਦ ਜਤਾਈ ਹੈ ਕਿ ਹੁਣ ਇਸ ਵਾਰ 3 ਮਾਰਚ ਨੂੰ ਦੋਸ਼ੀਆਂ ਨੂੰ ਫਾਂਸੀ ਹੋ ਹੀ ਜਾਵੇਗੀ। ਆਸ਼ਾ ਦੇਵੀ ਨੇ ਕਿਹਾ ਕਿ ਆਪਣੀ ਬੇਟੀ ਨਿਰਭੈਆ ਨੂੰ ਇਨਸਾਫ਼ ਦਿਵਾਉਣ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਹੁੁਣ ਉਮੀਦ ਹੈ ਕਿ ਨਿਰਭੈਆ ਨੂੰ ਇਨਸਾਫ਼ ਮਿਲ ਸਕੇਗਾ।

ਸਾਬਕਾ ਡੀ.ਆਈ.ਜੀ., ਮੌਜੂਦਾ ਡੀ.ਐੱਸ.ਪੀ. ਤੇ ਦੋ ਔਰਤਾਂ ਸਣੇ 6 ਦੋਸ਼ੀ ਕਰਾਰ-ਸਜ਼ਾ 'ਤੇ ਫ਼ੈਸਲਾ ਕੱਲ੍ਹ

* ਇਕੋ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਿਕ ਖ਼ੁਦਕੁਸ਼ੀ ਕਰਨ ਦਾ ਮਾਮਲਾ * ਜਾਂਚ ਅਧਿਕਾਰੀ ਦੇ ਹੀ ਦੋਸ਼ੀ ਹੋਣ ਦਾ ਨਿਵੇਕਲਾ ਮਾਮਲਾ

- ਰੇਸ਼ਮ ਸਿੰਘ -
ਅੰਮ੍ਰਿਤਸਰ, 17 ਫਰਵਰੀ -ਅਕਤੂਬਰ 2004 'ਚ ਅੰਮ੍ਰਿਤਸਰ ਦੇ ਇਕ ਪਰਿਵਾਰ ਦੇ ਪੰਜ ਜੀਆਂ ਵਲੋਂ ਸਮੂਹਿਕ ਖ਼ੁਦਕੁਸ਼ੀ ਕਰਨ ਦੇ ਵਾਪਰੇ ਚਰਚਿਤ ਮਾਮਲੇ 'ਚ 16 ਸਾਲ ਬਾਅਦ ਪੀੜਤਾਂ ਨੂੰੂ ਇਨਸਾਫ਼ ਦੀ ਆਸ ਜਾਗੀ ਹੈ। ਸੋਮਵਾਰ ਨੂੰ ਇਸ ਮਾਮਲੇ 'ਚ ਇਥੇ ਵਧੀਕ ਜਿਲ੍ਹਾ ਸ਼ੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਉਸ ਵੇਲੇ ਦੇ ਐਸ.ਐਸ.ਪੀ. ਤੇ ਹੁਣ ਸੇਵਾ ਮੁਕਤ ਡੀ.ਆਈ.ਜੀ., ਮੌਜੂਦਾ ਡੀ.ਐਸ.ਪੀ. ਤੇ ਦੋ ਔਰਤਾਂ ਸਣੇ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਜਿਨ੍ਹਾਂ ਦੀ ਸਜ਼ਾ ਬਾਰੇ ਫ਼ੈਸਲਾ ਕੱਲ੍ਹ 19 ਫਰਵਰੀ ਨੂੰ ਸੁਣਾਇਆ ਜਾਵੇਗਾ। ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਉਪਰੰਤ ਉਕਤ ਸਾਰਿਆਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸ ਮਾਮਲੇ 'ਚ ਅੱਜ ਇਥੇ ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ, ਡੀ.ਐਸ.ਪੀ. ਹਰਦੇਵ ਸਿੰਘ, ਪਰਵਿੰਦਰ ਕੌਰ ਤੇ ਉਸ ਦਾ ਪਤੀ ਪਲਵਿੰਦਰ ਸਿੰਘ ਵਾਸੀ ਹਰਦੇਵ ਨਗਰ ਜਲੰਧਰ, ਮਹਿੰਦਰ ਸਿੰਘ ਤੇ ਸਬਰੀਨ ਕੌਰ ਵਾਸੀ ਚੌਕ ਮੋਨੀ ਅੰਮ੍ਰਿਤਸਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਮਾਮਲਾ ਸਾਲ 2004 'ਚ 30-31 ਅਕਤੂਬਰ ਦੀ ਦਰਮਿਆਨੀ ਰਾਤ ਦਾ ਹੈ ਜਦੋਂ ਕਿ ਇਥੇ ਚੌਕ ਮੋਨੀ ਦੇ ਰਹਿਣ ਵਾਲੇ ਹਰਦੀਪ ਸਿੰਘ ਤੇ ਉਸ ਦੀ ਪਤਨੀ ਸ੍ਰੀਮਤੀ ਰੋਮੀ, ਮਾਤਾ ਜਸਵੰਤ ਕੌਰ ਤੇ ਦੋ ਨਾਬਾਲਗ ਬੱਚਿਆਂ ਸਿਮਰਨ ਤੇ ਸਨਮੀਤ ਕੌਰ ਵਲੋਂ ਸਮੂਹਿਕ ਖ਼ੁਦਕੁਸ਼ੀ ਕਰ ਲਈ ਗਈ ਸੀ। ਮ੍ਰਿਤਕਾਂ ਵਲੋਂ ਮਰਨ ਤੋਂ ਪਹਿਲਾਂ ਘਰ ਦੀਆਂ ਕੰਧਾਂ 'ਤੇ ਖ਼ੁਦਕੁਸ਼ੀ ਨੋਟ ਲਿਖ ਕੇ ਆਪਣੀ ਮੌਤ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀ ਤੇ ਵਿਅਕਤੀਆਂ ਦੇ ਨਾਂਅ ਲਿਖੇ ਸਨ ਜਿਨ੍ਹਾਂ ਵਲੋਂ ਲੱਖਾਂ 'ਚ ਪੈਸਿਆਂ ਦੀ ਕੀਤੀ ਜਾ ਰਹੀ ਮੰਗ ਤੋਂ ਉਹ ਪ੍ਰੇਸ਼ਾਨ ਹੋ ਚੁੱਕੇ ਸਨ। ਇਸ ਮਾਮਲੇ ਦਾ ਦੁਖਦ ਪਹਿਲੂ ਇਹ ਹੈ ਕਿ ਪੁਲਿਸ ਤੇ ਹੋਰਾਂ ਵਲੋਂ ਪੈਸਿਆਂ ਦੀ ਮੰਗ ਕਰਨ ਤੇ ਪੁਲਿਸ ਕੇਸ 'ਚ ਫਸਾਉਣ ਦੀਆਂ ਧਮਕੀਆਂ ਤੋਂ ਕਾਰੋਬਾਰੀ ਹਰਦੀਪ ਸਿੰਘ ਇਸ ਕਦਰ ਪ੍ਰੇਸ਼ਾਨ ਹੋ ਗਿਆ ਸੀ ਕਿ ਉਸ ਨੇ ਆਪਣੀ ਪਤਨੀ ਨਾਲ ਸਲਾਹ ਕਰਕੇ ਖ਼ੁਦਕੁਸ਼ੀ ਦਾ ਫ਼ੈਸਲਾ ਕੀਤਾ ਤੇ ਆਪਣੇ ਹੱਥੀਂ ਆਪਣੇ ਦੋਵਾਂ ਮਾਸੂਮ ਬੱਚਿਆਂ ਤੇ ਆਪਣੀ ਮਾਤਾ ਨੂੰ ਵੀ ਜ਼ਹਿਰ ਪਿਲਾ ਦਿੱਤਾ ਤੇ ਬਾਅਦ 'ਚ ਦੋਹਾਂ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ । ਇਸ ਮਾਮਲੇ ਦੀ ਜਾਂਚ ਤਤਕਾਲੀ ਥਾਣਾ ਮੁਖੀ ਸੀ. ਡਵੀਜ਼ਨ ਹਰਦੇਵ ਸਿੰਘ ਵਲੋਂ ਕੀਤੀ ਗਈ ਅਤੇ ਆਪਣੇ ਐਸ.ਐਸ.ਪੀ. ਨੂੰ ਬਚਾਉਣ ਦੀ ਕੋਸ਼ਿਸ ਕੀਤੀ। ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ ਵਲੋਂ ਉਭਾਰਿਆ ਗਿਆ ਤਾਂ ਉਕਤ ਥਾਣਾ ਮੁਖੀ ਐਸ.ਐਸ.ਪੀ. ਦੇ ਨਾਲ ਖ਼ੁਦ ਵੀ ਕੜਿੱਕੀ 'ਚ ਆ ਗਿਆ ਅਤੇ ਇਹ ਨਿਵੇਕਲਾ ਮਾਮਲਾ ਹੈ ਜਦੋਂ ਕਿ ਮਾਮਲੇ ਦਾ ਜਾਂਚ ਅਧਿਕਾਰੀ ਜੋ ਹੁਣ ਇੰਸਪੈਕਟਰ ਤੋਂ ਡੀ.ਐਸ.ਪੀ. ਬਣ ਚੁੱਕਾ ਹੈ, ਨੂੰ ਸਜ਼ਾ ਹੋਣ ਜਾ ਰਹੀ ਹੈ।

ਜ਼ੀਰਾ 'ਚ ਬੈਂਕ ਮੁਲਾਜ਼ਮ ਕੋਲੋਂ 14 ਲੱਖ ਦੀ ਨਕਦੀ ਲੁੱਟੀ

ਜ਼ੀਰਾ, 17 ਫਰਵਰੀ (ਜੋਗਿੰਦਰ ਸਿੰਘ ਕੰਡਿਆਲ)-ਜ਼ੀਰਾ ਸ਼ਹਿਰ 'ਚ ਅੱਜ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀ ਜ਼ੀਰਾ ਤੋਂ ਤਲਵੰਡੀ ਰੋਡ 'ਤੇ ਸਥਿਤ ਐਚ. ਡੀ. ਐਫ. ਸੀ. ਬੈਂਕ ਨੇੜਿਓਂ ਇਕ ਹੋਰ ਨਿੱਜੀ ਸਮਾਲ ਬੈਂਕ ਅਤੇ ਫਾਈਨਾਂਸ ਕੰਪਨੀ ਆਰ.ਬੀ.ਐਲ. ਦੇ ਕਰਮਚਾਰੀ ਤੋਂ ਲਗਭਗ 14 ਲੱਖ ਦੀ ਨਕਦੀ ਵਾਲਾ ਬੈਗ ਉਸ ਵੇਲੇ ਖੋਹ ਕੇ ਫ਼ਰਾਰ ਹੋ ਗਏ, ਜਦ ਇਹ ਨਕਦੀ ਉਹ ਆਪਣੇ ਬੈਂਕ ਆਰ.ਬੀ.ਐਲ ਸ਼ਾਖਾ 'ਚੋਂ ਕੈਸ਼ ਉਕਤ ਐਚ.ਡੀ.ਐਫ.ਸੀ. ਬੈਂਕ 'ਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਘਟਨਾ ਦਾ ਪਤਾ ਲੱਗਣ 'ਤੇ ਭੁਪਿੰਦਰ ਸਿੰਘ ਐਸ. ਐਸ. ਪੀ. ਫ਼ਿਰੋਜ਼ਪੁਰ, ਬਲਜੀਤ ਸਿੰਘ ਸਿੱਧੂ ਐਸ.ਪੀ. ਫ਼ਿਰੋਜ਼ਪੁਰ, ਰਾਜਵਿੰਦਰ ਸਿੰਘ ਰੰਧਾਵਾ ਡੀ.ਐਸ.ਪੀ. ਜ਼ੀਰਾ, ਜਗਦੇਵ ਸਿੰਘ ਐਸ.ਐਚ.ਓ. ਸਿਟੀ ਜ਼ੀਰਾ ਆਦਿ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਇਸ ਦੌਰਾਨ ਘਟਨਾ ਸਥਾਨ ਦੇ ਨੇੜਲੇ ਇਲਾਕੇ 'ਚ ਲੱਗੇ ਸੀ. ਸੀ.ਟੀ.ਵੀ ਕੈਮਰਿਆਂ ਦੇ ਫੁਟੇਜ਼ ਖੰਘਾਲੇ ਹਨ ਅਤੇ ਇਸ ਤੋਂ ਇਲਾਵਾ ਸਥਾਨਕ ਲੋਕਾਂ ਤੋਂ ਪੁੱਛ-ਗਿੱਛ ਕਰਨ ਦੇ ਨਾਲ-ਨਾਲ ਲੁੱਟ ਦੀ ਵਾਰਦਾਤ ਦੇ ਪੀੜਤ ਕਰਮਚਾਰੀ ਅਤੇ ਉਸ ਦੇ ਸਹਿਕਰਮੀਆਂ ਤੋਂ ਪੁੱਛ-ਪੜਤਾਲ ਕਰ ਕੇ ਪੁਲਿਸ ਪ੍ਰਸ਼ਾਸਨ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਆਰ.ਬੀ.ਐਲ. ਬੈਂਕ 'ਚ ਰੋਜ਼ਾਨਾ ਹੀ ਔਰਤਾਂ ਦੇ ਗਰੁੱਪ ਲੋਨ ਸਬੰਧੀ ਲੱਖਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ ਅਤੇ ਨਕਦੀ ਵੀ ਬੈਂਕ 'ਚ ਪਈ ਰਹਿੰਦੀ ਹੈ ਪਰ ਅਫ਼ਸੋਸ ਕਿ ਉਕਤ ਬੈਂਕ ਵਲੋਂ ਕੋਈ ਵੀ ਸੁਰੱਖਿਆ ਗਾਰਡ ਤਾਇਨਾਤ ਨਹੀਂ ਕੀਤਾ ਗਿਆ। ਇਸ ਸਬੰਧੀ ਘਟਨਾ ਸਥਾਨ 'ਤੇ ਪਹੁੰਚੇ ਐਸ.ਐਸ.ਪੀ. ਭੁਪਿੰਦਰ ਸਿੰਘ ਨਾਲ ਜਦ ਪੱਤਰਕਾਰਾਂ ਦੀ ਟੀਮ ਨੇ ਗੱਲਬਾਤ ਕੀਤੀ ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਜਾਮੀਆ ਦੇ ਜ਼ਖ਼ਮੀ ਵਿਦਿਆਰਥੀ ਦੀ ਪਟੀਸ਼ਨ 'ਤੇ ਕੇਂਦਰ, ਪੁਲਿਸ ਤੇ ਦਿੱਲੀ ਸਰਕਾਰ ਨੂੰ ਨੋਟਿਸ

ਨਵੀਂ ਦਿੱਲੀ, 17 ਫਰਵਰੀ (ਜਗਤਾਰ ਸਿੰਘ)-ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਇਕ ਜ਼ਖ਼ਮੀ ਵਿਦਿਆਰਥੀ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਜ਼ਖ਼ਮੀ ਵਿਦਿਆਰਥੀ ਸ਼ਾਇਆਨ ਮੁਜੀਬ ਨੇ ਦੋ ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਸ਼ਾਇਆਨ ਮੁਜੀਬ ਦਾ ਕਹਿਣਾ ਹੈ ਕਿ ਉਹ 15 ਦਸੰਬਰ ਨੂੰ ਯੂਨੀਵਰਸਿਟੀ ਅੰਦਰ ਹੋਰ ਵਿਦਿਆਰਥੀਆਂ ਨਾਲ ਲਾਇਬ੍ਰੇਰੀ 'ਚ ਬੈਠਾ ਸੀ, ਤਦ ਹੀ ਹਮਲਾ ਹੋਇਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਸ਼ਾਇਆਨ ਦੇ ਇਲਾਜ 'ਤੇ ਹੁਣ ਤੱਕ ਢਾਈ ਲੱਖ ਰੁਪਏ ਖ਼ਰਚ ਹੋ ਚੁੱਕੇ ਹਨ। ਹਾਈਕੋਰਟ ਨੇ ਹੁਣ ਜਾਮੀਆ ਯੂਨੀਵਰਸਿਟੀ ਦੀ ਹਿੰਸਾ ਨਾਲ ਹੋਰ ਪਟੀਸ਼ਨਾਂ ਦੇ ਨਾਲ ਮੁਜੀਬ ਦੀ ਪਟੀਸ਼ਨ ਨੂੰ ਵੀ ਜੋੜ ਦਿੱਤਾ ਹੈ। ਇਨ੍ਹਾਂ ਪਟੀਸ਼ਨਾਂ 'ਤੇ ਹੁਣ ਜੂਨ ਮਹੀਨੇ 'ਚ ਸੁਣਵਾਈ ਹੋਵੇਗੀ।

ਕਸ਼ਮੀਰ 'ਤੇ ਬਣੇ ਸਮੂਹ ਦੀ ਮੁਖੀ ਬਰਤਾਨਵੀ ਸੰਸਦ ਮੈਂਬਰ ਨੂੰ ਦਿੱਲੀ ਹਵਾਈ ਅੱਡੇ 'ਤੇ ਰੋਕਿਆ

ਦੁਬਈ ਵਾਪਸ ਭੇਜਿਆ

ਲੰਡਨ/ ਨਵੀਂ ਦਿੱਲੀ, 17 ਫਰਵਰੀ (ਮਨਪ੍ਰੀਤ ਸਿੰਘ ਬੱਧਨੀਕਲਾਂ , ਏਜੰਸੀ) -ਬਰਤਾਨੀਆ ਦੀ ਸੰਸਦ ਮੈਂਬਰ, ਜੋ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤ ਦੇ ਫ਼ੈਸਲੇ ਦੀ ਆਲੋਚਕ ਹੈ, ਨੇ ਸੋਮਵਾਰ ਨੂੰ ਕਿਹਾ ਕਿ ਯੋਗ ਵੀਜ਼ਾ ਹੋਣ ਦੇ ਬਾਵਜੂਦ ਉਸ ਨੂੰ ਦਿੱਲੀ ਦੇ ਹਵਾਈ ...

ਪੂਰੀ ਖ਼ਬਰ »

ਸਰਹੱਦੀ ਗੋਲਾਬਾਰੀ ਕਾਰਨ ਪਿਛਲੇ ਡੇਢ ਮਹੀਨੇ 'ਚ 1 ਫ਼ੌਜੀ ਜਵਾਨ ਸਮੇਤ 5 ਨਾਗਰਿਕਾਂ ਦੀ ਮੌਤ

ਸ੍ਰੀਨਗਰ, 17 ਫਰਵਰੀ (ਮਨਜੀਤ ਸਿੰਘ)-ਚਲਦੇ ਸਾਲ ਦੇ ਪਹਿਲੇ ਡੇਢ ਮਹੀਨੇ ਦੌਰਾਨ ਭਾਰਤ-ਪਾਕਿ ਦਰਮਿਆਨ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਦੌਰਾਨ ਇਕ ਫ਼ੌਜੀ ਜਵਾਨ ਸਮੇਤ 5 ਆਮ ਲੋਕ ਮਾਰੇ ਗਏ ਹਨ। ਪਿਛਲੇ ਸਾਲ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ...

ਪੂਰੀ ਖ਼ਬਰ »

-ਦੇਸ਼ ਧ੍ਰੋਹ ਦਾ ਮਾਮਲਾ-

ਇੰਜੀਨੀਅਰਿੰਗ ਦੇ 3 ਕਸ਼ਮੀਰੀ ਵਿਦਿਆਰਥੀ ਮੁੜ ਗ੍ਰਿਫ਼ਤਾਰ

ਹੁਬਲੀ (ਕਰਨਾਟਕ), 17 ਫਰਵਰੀ (ਏਜੰਸੀ)-ਦੇਸ਼ ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਥੋਂ ਦੇ ਕਾਲਜ ਦੇ 3 ਕਸ਼ਮੀਰੀ ਵਿਦਿਆਰਥੀਆਂ ਨੂੰ ਪੁਲਿਸ ਨੇ ਸੋਮਵਾਰ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਨੂੰ ਪਹਿਲਾਂ ਧਾਰਾ 169 ਤਹਿਤ ਮੁਚੱਲਕਾ ਭਰਵਾ ਕੇ ਛੱਡ ਦਿੱਤਾ ...

ਪੂਰੀ ਖ਼ਬਰ »

ਮਾਲਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਖ਼ਾਰਜ

ਨਵੀਂ ਦਿੱਲੀ, 17 ਫਰਵਰੀ (ਏਜੰਸੀ)-ਅੱਜ ਇਥੇ ਇਕ ਅਦਾਲਤ ਨੇ ਰੇਲੀਗੇਅਰ ਫਿਨਵੈਸਟ ਲਿ. ਦੇ ਫ਼ੰਡਾਂ ਦੀ ਦੁਰਵਰਤੋਂ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ। ਚੀਫ਼ ਮੈਟਰੋਪੋਲੀਟਨ ...

ਪੂਰੀ ਖ਼ਬਰ »

ਕਈ ਅੱਤਵਾਦੀ ਸੰਗਠਨ ਹਮਾਇਤੀਆਂ ਰਾਹੀਂ ਅਜੇ ਵੀ ਹਾਸਲ ਕਰ ਰਹੇ ਹਨ ਵਿੱਤੀ ਮਦਦ-ਐਫ਼.ਏ.ਟੀ.ਐਫ਼.

ਨਵੀਂ ਦਿੱਲੀ, 17 ਫਰਵਰੀ (ਏਜੰਸੀ)-ਐਫ਼.ਏ.ਟੀ.ਐਫ਼. ਨੇ ਕਿਹਾ ਕਿ ਅੱਤਵਾਦ ਫੰਡਿੰਗ ਖ਼ਿਲਾਫ਼ ਕੌਮਾਂਤਰੀ ਨਿਗਰਾਨ ਸੰਸਥਾ ਵਲੋਂ ਕੀਤੀ ਗਈ ਸਖ਼ਤੀ ਦੇ ਬਾਵਜੂਦ ਵੀ ਕਈ ਅੱਤਵਾਦੀ ਸੰਗਠਨ ਵਿਸ਼ਵ ਪੱਧਰ 'ਤੇ ਆਪਣੇ ਸਮਰਥਕਾਂ ਰਾਹੀਂ ਗ਼ੈਰ-ਕਾਨੂੰਨੀ ਸਰਗਰਮੀਆਂ ਜ਼ਰੀਏ ਵਿੱਤੀ ਲਾਭ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX