ਭਾਰਤ ਨੂੰ ਮਹਾਨ ਦੇਸ਼ ਕਿਹਾ ਜਾਂਦਾ ਰਿਹਾ ਹੈ। ਆਜ਼ਾਦੀ ਤੋਂ ਬਾਅਦ ਤਤਕਾਲੀ ਸਰਕਾਰਾਂ ਇਸ ਦੇ ਅੱਗੇ ਵਧਣ ਦੇ ਅਤੇ ਤੇਜ਼ੀ ਨਾਲ ਵਿਕਾਸ ਦੇ ਰਾਹ ਤੁਰਨ ਦੇ ਦਾਅਵੇ ਕਰਦੀਆਂ ਰਹੀਆਂ ਹਨ। ਅੱਜ ਅਸੀਂ ਬ੍ਰਹਿਮੰਡ ਦੇ ਭੇਤਾਂ ਦੀ ਥਾਹ ਪਾਉਣ ਤੁਰੇ ਹੋਏ ਹਾਂ। ਫ਼ੌਜ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਸ਼ਕਤੀਸ਼ਾਲੀ ਬੰਬਾਂ ਦੇ ਨਿਰਮਾਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਂਦੇ ਸਮੇਂ ਵਿਚ ਮੁਲਕ ਦੀ ਆਰਥਿਕਤਾ ਕੁਝ ਚੋਣਵੇਂ ਦੇਸ਼ਾਂ ਦੇ ਮੁਕਾਬਲੇ 'ਤੇ ਆ ਖੜ੍ਹੀ ਹੋਵੇਗੀ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਗ਼ਰੀਬੀ, ਬੇਰੁਜ਼ਗਾਰੀ ਅਤੇ ਵਧਦੀ ਆਬਾਦੀ ਦੀਆਂ ਵੱਡੀਆਂ ਸਮੱਸਿਆਵਾਂ ਦੀ ਥਾਹ ਪਾਉਣ 'ਚ ਅਸੀਂ ਅਸਮਰੱਥ ਰਹੇ ਹਾਂ ਅਤੇ ਇਨ੍ਹਾਂ ਖ਼ੇਤਰਾਂ ਵਿਚ ਬੁਰੀ ਤਰ੍ਹਾਂ ਮਾਤ ਵੀ ਖਾ ਗਏ ਹਾਂ।
ਖ਼ੈਰ ਇਹ ਗੰਭੀਰ ਸਮੱਸਿਆਵਾਂ ਏਨੀਆਂ ਵਿਸ਼ਾਲ ਅਤੇ ਉਲਝੀਆਂ ਹੋਈਆਂ ਹਨ ਕਿ ਇਨ੍ਹਾਂ ਦੇ ਨੇੜ-ਭਵਿੱਖ ਵਿਚ ਹੱਲ ਹੋਣ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ ਪਰ ਵੱਡਾ ਦੁੱਖ ਇਸ ਗੱਲ ਦਾ ਵੀ ਹੈ ਕਿ ਦੇਸ਼ ਕੁਝ ਕੁ ਬੁਨਿਆਦੀ ਅਤੇ ਛੋਟੀਆਂ ਸਮੱਸਿਆਵਾਂ ਨੂੰ ਵੀ ਹੱਲ ਨਹੀਂ ਕਰ ਸਕਿਆ। ਵੱਡੇ ਦਾਅਵਿਆਂ ਦੀ ਫੂਕ ਨਿਕਲਣੀ ਤਾਂ ਸੁਭਾਵਿਕ ਹੀ ਸੀ, ਪਰ ਛੋਟੀਆਂ ਸਮੱਸਿਆਵਾਂ ਨੂੰ ਹੱਲ ਨਾ ਕਰ ਸਕਣ ਨੂੰ ਤਾਂ ਸਾਡੀ ਨਾਲਾਇਕੀ ਹੀ ਕਿਹਾ ਜਾ ਸਕਦਾ ਹੈ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਅੱਜ ਕਿਸੇ ਵੀ ਵਿਅਕਤੀ ਜਾਂ ਸੰਸਥਾ ਜਾਂ ਸਰਕਾਰ ਦਾ ਅਜਿਹੀਆਂ ਸਮੱਸਿਆਵਾਂ ਪ੍ਰਤੀ ਵਤੀਰਾ ਪ੍ਰਤੀਬੱਧਤਾ ਵਾਲਾ ਨਹੀਂ, ਸਗੋਂ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਹੈ। ਇਕ-ਦੂਸਰੇ 'ਤੇ ਦੋਸ਼ ਥੋਪਣਾ ਸਾਡੀ ਆਦਤ ਬਣ ਚੁੱਕੀ ਹੈ। ਉਦਾਹਰਨ ਵਜੋਂ ਪਿਛਲੇ ਦਿਨੀਂ ਪੰਜਾਬ ਦੇ ਹੋਏ ਬਜਟ ਸੈਸ਼ਨ ਨੂੰ ਹੀ ਦੇਖ ਸਕਦੇ ਹਾਂ। ਉਸ ਵਿਚ ਇਕ ਵਾਰ ਫਿਰ ਲਾਵਾਰਿਸ ਅਤੇ ਬੇਸਹਾਰਾ ਪਸ਼ੂਆਂ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਲੋਂ ਜੋ ਮੁੱਦਾ ਪੇਸ਼ ਕੀਤਾ ਗਿਆ ਸੀ, ਉਸ ਨੂੰ ਲੈ ਕੇ ਦੂਸਰੀਆਂ ਸਾਰੀਆਂ ਹੀ ਪਾਰਟੀਆਂ ਦੇ ਬਹੁਤੇ ਵਿਧਾਇਕ ਅੱਗ ਬਬੂਲਾ ਹੋ ਗਏ ਸਨ। ਉਨ੍ਹਾਂ ਨੇ ਇਸ ਨੂੰ ਧਾਰਮਿਕ ਭਾਵਨਾਵਾਂ ਨਾਲ ਜੋੜ ਕੇ ਅਮਨ ਅਰੋੜਾ ਅਤੇ ਆਮ ਆਦਮੀ ਪਾਰਟੀ ਵਿਰੁੱਧ ਭੜਾਸ ਕੱਢੀ ਸੀ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕਈ ਥਾਵਾਂ 'ਤੇ ਉਨ੍ਹਾਂ ਵਿਰੁੱਧ ਮੁਜ਼ਾਹਰੇ ਵੀ ਕੀਤੇ ਗਏ ਹਨ। ਸ੍ਰੀ ਅਰੋੜਾ ਦਾ ਮੰਤਵ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਸਗੋਂ ਸੂਬੇ ਵਿਚ ਦਿਨ-ਪ੍ਰਤੀ ਦਿਨ ਗੰਭੀਰ ਹੁੰਦੇ ਜਾ ਰਹੇ ਇਸ ਮਸਲੇ ਦਾ ਹੱਲ ਕੱਢਣ ਲਈ ਵਿਧਾਇਕਾਂ ਨੂੰ ਸੋਚ-ਵਿਚਾਰ ਦੇ ਰਾਹ ਪਾਉਣਾ ਸੀ।
ਜੇਕਰ ਅੱਜ ਛੋਟੇ ਜਿਹੇ ਸੂਬੇ ਦੀਆਂ ਸੜਕਾਂ 'ਤੇ ਥਾਂ-ਪੁਰ-ਥਾਂ ਢਾਈ ਲੱਖ ਅਵਾਰਾ, ਬੇਸਹਾਰਾ ਅਤੇ ਬੇਜ਼ਬਾਨ ਪਸ਼ੂ ਫਿਰਦੇ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਲਈ ਭਾਵਨਾ ਰੱਖਣ ਵਾਲਿਆਂ, ਮੁਜ਼ਾਹਰੇ ਕਰਨ ਵਾਲਿਆਂ ਨੂੰ ਕੀ ਇਹ ਦਿਖਾਈ ਨਹੀਂ ਦਿੰਦਾ ਕਿ ਇਨ੍ਹਾਂ ਬੇਜ਼ਬਾਨਾਂ ਦੀ ਹਾਲਤ ਕਿੰਨੀ ਤਰਸਯੋਗ ਹੈ? ਉਨ੍ਹਾਂ ਨੂੰ ਥਾਂ-ਪੁਰ-ਥਾਂ ਧੱਕੇ ਪੈਂਦੇ ਹਨ। ਉਹ ਗਲੀਆਂ, ਬਾਜ਼ਾਰਾਂ ਦਾ ਕੂੜਾ ਖਾਂਦੇ ਹਨ। ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਨ ਕਰਕੇ ਉਨ੍ਹਾਂ ਨੂੰ ਨਿੱਤ ਦਿਨ ਡੰਡੇ ਪੈਂਦੇ ਹਨ ਅਤੇ ਉਹ ਲਹੂ-ਲੁਹਾਣ ਹੋ ਜਾਂਦੇ ਹਨ। ਉਨ੍ਹਾਂ ਨੂੰ ਪੀਣ ਲਈ ਪਾਣੀ ਅਤੇ ਖਾਣ ਲਈ ਚਾਰਾ ਨਹੀਂ ਮਿਲਦਾ। ਕੀ ਦਇਆ-ਭਾਵਨਾ ਰੱਖਣ ਵਾਲੇ ਸਾਡੇ ਲੋਕਾਂ ਨੂੰ ਉਨ੍ਹਾਂ ਦੀ ਅਜਿਹੀ ਹਾਲਤ 'ਤੇ ਤਰਸ ਨਹੀਂ ਆਉਂਦਾ? ਕੀ ਜਿਊਂਦੇ ਜੀਅ ਉਹ ਇਸ ਧਰਤੀ 'ਤੇ ਨਰਕ ਨਹੀਂ ਭੋਗ ਰਹੇ ਹਨ? ਕੀ ਇਨ੍ਹਾਂ ਦਇਆਵਾਨਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੰਭਾਲਣ ਦੀ ਨਹੀਂ ਬਣਦੀ। ਇਨ੍ਹਾਂ 'ਚ ਵੱਡੀ ਗਿਣਤੀ 'ਚ ਉਹ ਦਇਆਵਾਨ ਵੀ ਸ਼ਾਮਿਲ ਹਨ, ਜੋ ਇਨ੍ਹਾਂ ਪਸ਼ੂਆਂ ਦੇ ਫੰਡਰ ਹੋਣ 'ਤੇ ਚੁੱਪ-ਚੁਪੀਤੇ ਰਾਤ ਦੇ ਹਨੇਰੇ ਵਿਚ ਉਨ੍ਹਾਂ ਦੇ ਸੰਗਲ ਖੋਲ੍ਹ ਦਿੰਦੇ ਹਨ ਅਤੇ ਇਨ੍ਹਾਂ ਨੂੰ ਇਹ ਨਰਕੀ ਜੂਨ ਹੰਢਾਉਣ ਲਈ ਬੇਸਹਾਰਾ ਛੱਡ ਦਿੰਦੇ ਹਨ। ਵੱਡੇ-ਵੱਡੇ ਦਾਅਵੇ ਕਰਨ ਵਾਲੇ ਇਨ੍ਹਾਂ ਦਾਅਵੇਦਾਰਾਂ ਨੂੰ ਗਲੀਆਂ ਬਾਜ਼ਾਰਾਂ ਵਿਚ ਨਰਕ ਭੋਗਦੇ ਇਹ ਜਾਨਵਰ ਦਿਖਾਈ ਨਹੀਂ ਦਿੰਦੇ। ਜੇਕਰ ਪੰਜਾਬ ਦੇ ਬਹੁਤੇ ਵਿਧਾਇਕਾਂ ਦੇ ਮਨ ਇਨ੍ਹਾਂ ਅਵਾਰਾ ਘੁੰਮਦੇ ਬੇਸਹਾਰਾ ਪਸ਼ੂਆਂ ਲਈ ਏਨੇ ਹੀ ਪਸੀਜੇ ਹੋਏ ਹਨ ਤਾਂ ਕੀ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਇਨ੍ਹਾਂ ਦਾ ਕੋਈ ਸਥਾਈ ਹੱਲ ਕੱਢਣ। ਹਾਲਤ ਇਹ ਹੈ ਕਿ ਮਾਨਸਾ ਵਰਗੇ ਸ਼ਹਿਰ ਵਿਚ ਇਨ੍ਹਾਂ ਪਸ਼ੂਆਂ ਦੇ ਮਸਲੇ ਨੂੰ ਲੈ ਕੇ ਹਫ਼ਤਿਆਂਬੱਧੀ ਦੁਕਾਨਾਂ ਬੰਦ ਹੁੰਦੀਆਂ ਹਨ। ਲੋਕ ਧਰਨਿਆਂ 'ਤੇ ਬੈਠਦੇ ਹਨ ਅਤੇ ਵਿਧਾਇਕਾਂ ਅਤੇ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਤੰਗ ਆਏ ਕਿਸਾਨ ਇਨ੍ਹਾਂ ਨੂੰ ਇਕੱਠਾ ਕਰਕੇ ਅਫ਼ਸਰਾਂ ਦੇ ਸਰਕਾਰੀ ਦਫ਼ਤਰਾਂ ਵਿਚ ਛੱਡ ਆਉਂਦੇ ਹਨ ਅਤੇ ਵੱਡੀਆਂ-ਵੱਡੀਆਂ ਕੁਰਸੀਆਂ 'ਤੇ ਬੈਠੇ ਇਹ ਅਫ਼ਸਰ ਲੋਕਾਂ ਲਈ ਗੰਭੀਰ ਬਣੇ ਇਸ ਮਸਲੇ 'ਤੇ ਹਮੇਸ਼ਾ ਹੀ ਲਾਪ੍ਰਵਾਹ ਬਣੇ ਦਿਖਾਈ ਦਿੰਦੇ ਹਨ।
ਅੱਜ ਬਹੁਤੀਆਂ ਗਊਸ਼ਾਲਾਵਾਂ ਦੀ ਹਾਲਤ ਬੇਹੱਦ ਤਰਸਯੋਗ ਅਤੇ ਬਦਤਰ ਹੈ। ਸਰਕਾਰ ਨੇ ਗਊ ਸੈੱਸ ਦੇ ਨਾਂਅ 'ਤੇ 9 ਵਸਤਾਂ 'ਤੇ ਕਰ ਲਗਾਇਆ ਹੋਇਆ ਹੈ। ਪਰ ਅਵਾਰਾ ਪਸ਼ੂਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਕੀ ਸਾਡੇ ਵਿਧਾਇਕਾਂ ਦੀ ਇਹ ਜ਼ਿੰਮੇਵਾਰੀ ਨਹੀਂ ਕਿ ਉਹ ਇਸ ਗੰਭੀਰ ਸਮੱਸਿਆ ਦਾ ਕੋਈ ਠੋਸ ਹੱਲ ਕੱਢਣ, ਜਿਸ ਕਰਕੇ ਹਰ ਸਾਲ ਸੈਂਕੜੇ ਹੀ ਹਾਦਸੇ ਵਾਪਰਦੇ ਹਨ। ਕਿਸਾਨਾਂ ਦਾ 200 ਕਰੋੜ ਤੋਂ ਵਧੇਰੇ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ। ਅਸੀਂ ਸਰਕਾਰ ਅਤੇ ਵਿਧਾਇਕਾਂ ਦੀ ਨੀਅਤ 'ਤੇ ਸਪੱਸ਼ਟ ਰੂਪ 'ਚ ਉਂਗਲੀ ਉਠਾਉਣੀ ਚਾਹਾਂਗੇ ਜੋ ਲਗਾਤਾਰ ਆਪਣੇ ਫ਼ਰਜ਼ਾਂ ਤੋਂ ਕੁਤਾਹੀ ਵਰਤਦੇ ਆ ਰਹੇ ਹਨ। ਜੇਕਰ ਅਮਨ ਅਰੋੜਾ ਵਰਗੇ ਨੌਜਵਾਨ ਆਗੂ ਨੇ ਇਹ ਗੰਭੀਰ ਮਸਲਾ ਉਠਾਇਆ ਹੈ। ਜੇਕਰ ਉਸ ਦੀ ਹਰ ਪੱਖੋਂ ਆਲੋਚਨਾ ਹੋਣੀ ਸ਼ੁਰੂ ਹੋਈ ਤਾਂ ਸਾਡੀ ਸਰਕਾਰ, ਸਾਡੇ ਪ੍ਰਤੀਨਿਧਾਂ ਅਤੇ ਸਾਡੇ ਸਮਾਜ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਇਸ ਸਮੱਸਿਆ ਦਾ ਕੋਈ ਬਦਲਵਾਂ ਠੋਸ ਹੱਲ ਪੇਸ਼ ਕਰਨ ਲਈ ਪ੍ਰਤੀਬੱਧ ਹੋਣ। ਸਿਰਫ਼ ਅਮਨ ਅਰੋੜਾ ਨੂੰ ਨਿਸ਼ਾਨਾ ਬਣਾ ਕੇ ਅਸੀਂ ਆਪਣੀ ਗ਼ੈਰ-ਜ਼ਿੰਮੇਵਾਰੀ ਦਾ ਹੀ ਸਬੂਤ ਦੇ ਰਹੇ ਹੋਵਾਂਗੇ।
-ਬਰਜਿੰਦਰ ਸਿੰਘ ਹਮਦਰਦ
ਦਿੱਲੀ ਦੰਗਿਆਂ ਬਾਰੇ ਇਕ ਤੋਂ ਬਾਅਦ ਇਕ ਕਈ ਵੀਡੀਓ ਸਾਹਮਣੇ ਲਿਆਂਦੇ ਜਾ ਰਹੇ ਹਨ। ਇਹ ਕੰਮ ਸਰਕਾਰ ਅਤੇ ਪੁਲਿਸ ਦੀ ਤਰਫਦਾਰੀ ਕਰਨ ਵਾਲੇ ਪੱਖ ਵਲੋਂ ਵੀ ਹੋ ਰਿਹਾ ਹੈ, ਅਤੇ ਖੁਦ ਨੂੰ ਧਰਮਨਿਰਪੱਖ ਅਤੇ ਘੱਟ-ਗਿਣਤੀਆਂ ਦੇ ਲਈ ਚਿੰਤਤ ਮੰਨਣ ਵਾਲੇ ਪੱਖ ਵਲੋਂ ਵੀ ਹੋ ਰਿਹਾ ...
ਭਾਰਤ ਦੀ ਵਿਸ਼ਵਵਿਆਪੀ, ਸਸਤੀ ਅਤੇ ਨਿਆਂਪੂਰਨ ਸਿਹਤ ਸੰਭਾਲ ਕਰਨ ਦੀ ਮੁਹਿੰਮ ਸਾਡੀ ਰਾਸ਼ਟਰੀ ਸਿਹਤ ਨੀਤੀ ਅਤੇ ਲੰਮੀ ਮਿਆਦ ਦੇ ਵਿਕਾਸ ਟੀਚਿਆਂ ਬਾਰੇ ਪ੍ਰਗਟਾਈ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਾਡਾ ਉਦੇਸ਼ ਔਰਤਾਂ ਅਤੇ ਮਰਦਾਂ ਲਈ ਸਿਹਤ ਸੰਭਾਲ ਸਬੰਧੀ ਪਹੁੰਚ ਨੂੰ ...
ਪਿਛਲੇ ਦੋ-ਢਾਈ ਦਹਾਕਿਆਂ ਤੋਂ ਦੇਸ਼ ਵਿਚੋਂ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਨੌਜਵਾਨਾਂ ਦਾ ਕੈਨੇਡਾ, ਆਸਟ੍ਰੇਲੀਆ ਆਦਿ ਜਾਣ ਦਾ ਜੋ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ, ਉਹ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਪਰ ਅਫ਼ਸੋਸ ਕਿ ਅੱਜ ਇਸ ਗੰਭੀਰ ਸਮੱਸਿਆ ਵੱਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX