• ਕਰਨਾਟਕ 'ਚ ਮੰਗਲਵਾਰ ਨੂੰ ਹੋਈ ਸੀ 76 ਸਾਲਾ ਬਜ਼ੁਰਗ ਦੀ ਮੌਤ • ਦੇਸ਼ 'ਚ ਪੀੜਤਾਂ ਦੀ ਗਿਣਤੀ 77 ਹੋਈ • ਦਿੱਲੀ ਤੇ ਹਰਿਆਣਾ 'ਚ ਮਹਾਂਮਾਰੀ ਐਲਾਨਿਆ
ਬੈਂਗਲੁਰੂ, 12 ਮਾਰਚ (ਪੀ. ਟੀ. ਆਈ.)-ਭਾਰਤ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ | ਕਰਨਾਟਕ 'ਚ 76 ਸਾਲਾ ਬਜ਼ੁਰਗ ਜਿਸ ਦੀ ਮੰਗਲਵਾਰ ਰਾਤ ਨੂੰ ਮੌਤ ਹੋ ਗਈ ਸੀ, ਨੂੰ ਪਹਿਲਾਂ ਕੋਰੋਨਾ ਦਾ ਸ਼ੱਕੀ ਮਰੀਜ਼ ਦੱਸਿਆ ਜਾ ਰਿਹਾ ਸੀ ਪਰ ਹੁਣ ਉਸ ਦੇ ਲਏ ਗਏ ਨਮੂਨੇ ਪਾਜ਼ੀਟਿਵ ਆਉਣ 'ਤੇ ਭਾਰਤ 'ਚ ਉਕਤ ਵਾਇਰਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ | ਸੂਬੇ ਦੇ ਸਿਹਤ ਮੰਤਰੀ ਬੀ. ਸ੍ਰੀਰਾਮੱਲੂ ਨੇ ਟਵੀਟ ਕਰਦਿਆਂ ਦੱਸਿਆ ਕਿ ਪ੍ਰੋਟੋਕਾਲ ਤਹਿਤ ਲੋੜੀਂਦਾ ਸੰਪਰਕ ਅਤੇ ਹੋਰ ਉਪਾਅ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਲਬਰਗੀ ਦੇ 76 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਨਾਲ ਮਰਨ ਦੀ ਪੁਸ਼ਟੀ ਹੋਈ ਹੈ | ਉਕਤ ਵਿਅਕਤੀ ਹਾਲ ਹੀ ਵਿਚ ਸਾਊਦੀ ਅਰਬ ਤੋਂ ਵਾਪਸ ਆਇਆ ਸੀ |
ਪੀੜਤਾਂ ਦੀ ਗਿਣਤੀ 77 ਹੋਈ
ਨਵੀਂ ਦਿੱਲੀ (ਉਪਮਾ ਡਾਗਾ ਪਾਰਥ)-ਹੁਣ ਭਾਰਤ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਕੇ 77 ਹੋ ਗਈ ਹੈ | ਇਸੇ ਦੌਰਾਨ ਅੱਜ ਦਿੱਲੀ ਅਤੇ ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਰਾਸ਼ਟਰੀ ਰਾਜਧਾਨੀ 'ਚ ਸਾਰੇ ਸਕੂਲ, ਕਾਲਜ ਅਤੇ ਸਿਨੇਮਾ ਘਰਾਂ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ | ਸਰਕਾਰੀ ਅਤੇ ਨਿੱਜੀ ਦਫ਼ਤਰਾਂ ਤੇ ਸ਼ਾਪਿੰਗ ਮਾਲਜ਼ ਸਮੇਤ ਸਾਰੀਆਂ ਜਨਤਕ ਥਾਵਾਂ ਨੂੰ ਰੋਜ਼ਾਨਾ ਕੀਟਾਣੂਮੁਕਤ (ਸੈਨੀਟਾਈਜ਼) ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ | ਇਸੇ ਦੌਰਾਨ ਸਰਕਾਰੀ ਬੁਲਾਰੇ ਅਨੁਸਾਰ ਰਾਸ਼ਟਰਪਤੀ ਭਵਨ ਨੂੰ ਵੀ ਆਮ ਲੋਕਾਂ ਲਈ ਸ਼ੁੱਕਰਵਾਰ ਤੋਂ ਅਗਲੇ ਆਦੇਸ਼ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ | ਬੁਲਾਰੇ ਨੇ ਦੱਸਿਆ ਕਿ ਇਸ ਦੇ ਇਲਾਵਾ ਰਾਸ਼ਟਰਪਤੀ ਭਵਨ ਮਿਊਜ਼ੀਅਮ ਅਤੇ 'ਚੇਂਜ ਆਫ਼ ਦਿ ਗਾਰਡ ਸੈਰਾਮਨੀ' ਵਿਚ ਵੀ ਆਮ ਲੋਕਾਂ ਦੇ ਜਾਣ 'ਤੇ ਪਾਬੰਦੀ ਲਗਾਈ ਗਈ ਹੈ | ਸਿਹਤ ਮੰਤਰਾਲੇ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੇਸ਼ ਭਰ 'ਚ ਸਾਹਮਣੇ ਆਏ 16 ਨਵੇਂ ਮਾਮਲਿਆਂ 'ਚੋਂ 9 ਮਾਮਲੇ ਮਹਾਰਾਸ਼ਟਰ ਤੋਂ ਜਦੋਂਕਿ ਇਕ-ਇਕ ਮਾਮਲਾ ਦਿੱਲੀ, ਲੱਦਾਖ, ਆਂਧਰਾ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਅਤੇ ਦੋ ਮਾਮਲੇ ਕੇਰਲ ਤੋਂ ਸਾਹਮਣੇ ਆਏ ਹਨ | ਉਥੇ ਇਕ ਵਿਦੇਸ਼ੀ ਨਾਗਰਿਕ ਵੀ ਕੋਰੋਨਾ ਵਾਇਰਸ ਤੋਂ ਪੀੜਤ ਮਿਲਿਆ ਹੈ | ਵਿਦੇਸ਼ ਮੰਤਰਾਲੇ ਅਨੁਸਾਰ ਕੋਰੋਨਾ ਵਾਇਰਸ ਤੋਂ ਪੀੜ੍ਹਤ 77 ਵਿਅਕਤੀਆਂ 'ਚੋਂ 16 ਇਟਲੀ ਦੇ ਨਾਗਰਿਕ ਅਤੇ ਇਕ ਹੋਰ ਵਿਦੇਸ਼ੀ ਨਾਗਰਿਕ ਹੈ | ਕੇਰਲ ਦੇ 17 ਵਿਅਕਤੀਆਂ 'ਚ ਉਹ ਤਿੰਨ ਵੀ ਸ਼ਾਮਿਲ ਹਨ, ਜਿੰਨ੍ਹਾਂ ਨੂੰ ਪਿਛਲੇ ਮਹੀਨੇ ਇਲਾਜ਼ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਸੀ | ਇਸੇ ਦੌਰਾਨ ਅੱਜ ਲੱਦਾਖ ਦੇ ਇਕ ਹੋਰ ਵਿਅਕਤੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ | ਉਹ ਵੀ ਬੀਤੇ ਦਿਨੀਂ ਈਰਾਨ ਤੋਂ ਆਇਆ ਸੀ | ਜਿਸ ਤੋਂ ਬਾਅਦ ਹੁਣ ਲੱਦਾਖ 'ਚ ਪੀੜਤਾਂ ਦੀ ਗਿਣਤੀ ਤਿੰਨ ਹੋ ਗਈ ਹੈ | ਕੈਨੇਡਾ 'ਚ ਭਾਰਤੀ ਮੂਲ ਦੀ ਇਕ ਡਾਕਟਰ ਨੂੰ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ | ਉਕਤ ਮਹਿਲਾ ਡਾਕਟਰ ਆਪਣੇ ਪਤੀ ਨਾਲ ਰਿਸ਼ਤੇਦਾਰਾਂ ਨੂੰ ਮਿਲਣ ਲਈ 8 ਮਾਰਚ ਨੂੰ ਟੋਰਾਂਟੋ ਤੋਂ ਲਖਨਊ ਆਈ ਸੀ | ਬੁੱਧਵਾਰ ਨੂੰ ਪੁਣੇ ਲੈਬਾਰਟਰੀ ਤੋਂ ਉਸ ਦਾ ਟੈਸਟ ਪਾਜੀਟਿਵ ਆਇਆ ਹੈ, ਜਦੋਂਕਿ ਉਸ ਦੇ ਪਤੀ ਦਾ ਟੈਸਟ ਨੈਗੇਟਿਵ ਆਇਆ ਹੈ | ਡਾਕਟਰਾਂ ਵਲੋਂ ਉਨ੍ਹਾਂ ਦੇ ਸੰਪਰਕ ਆਏ ਰਿਸ਼ਤੇਦਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ, ਪੰਜਾਬ ਸਮੇਤ 15 ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨੇ ਹੈਲਪਲਾਈਨਾਂ ਸਥਾਪਤ ਕੀਤੀਆਂ ਹਨ |
ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ-ਸਿਹਤ ਮੰਤਰਾਲਾ
ਦੇਸ਼ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਧਿਆਨ ਇਸ ਦੀ ਰੋਕਥਾਮ ਅਤੇ ਕੰਟਰੋਲ ਵੱਲ ਹੈ ਅਤੇ ਦੇਸ਼ ਭਰ 'ਚ ਕੋਵਿਡ-19 ਦੀ ਜਾਂਚ ਲਈ ਸਾਰੀਆਂ ਸਹੂਲਤਾਂ ਉਪਲਬਧ ਹਨ | ਮੰਤਰਾਲੇ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਇਸ ਦੀ ਕਿਸੇ ਵੀ ਸਮਾਜਿਕ ਪੱਧਰ 'ਤੇ ਫੈਲਣ ਦੀ ਕੋਈ ਉਦਾਹਰਨ ਨਹੀਂ ਮਿਲੀ ਹੈ ਅਤੇ ਇਸ ਦਾ ਫੈਲਾਅ ਕੇਵਲ ਸਥਾਨਕ ਪੱਧਰ 'ਤੇ ਹੈ | ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ | ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਸਬੰਧੀ ਟੀਕੇ ਨੂੰ ਵਿਕਸਿਤ ਕਰਨ 'ਚ ਘੱਟੋ-ਘੱਟ ਡੇਢ ਤੋਂ 2 ਸਾਲ ਦਾ ਸਮਾਂ ਲੱਗੇਗਾ | ਭਾਰਤ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੋਸ਼ਿਸ਼ਾਂ ਕਰ ਰਿਹਾ ਹੈ | ਸਾਡਾ ਧਿਆਨ ਇਸ ਦੀ ਰੋਕਥਾਮ ਵੱਲ ਕੇਂਦਰਿਤ ਹੈ | ਦੇਸ਼ ਦੇ 30 ਹਵਾਈ ਅੱਡਿਆਂ 'ਤੇ ਹੁਣ ਤੱਕ 10.5 ਲੱਖ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ | ਦੇਸ਼ 'ਚ 77 ਵਿਅਕਤੀ ਇਸ ਤੋਂ ਪੀੜਤ ਹਨ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ 1500 ਤੋਂ ਵੱਧ ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ | ਹਰਕਤ 'ਚ ਆਏ ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਵੀ ਰੋਜ਼ਾਨਾ ਆਧਾਰ 'ਤੇ ਦਿੱਤੀ ਜਾ ਰਹੀ ਜਾਣਕਾਰੀ 'ਚ ਕਿਹਾ ਕਿ ਹੁਣ ਤੱਕ ਭਾਰਤ ਸਰਕਾਰ ਨੇ ਮਾਲਦੀਵ, ਮਿਆਂਮਾਰ, ਬੰਗਲਾਦੇਸ਼, ਚੀਨ, ਅਮਰੀਕਾ, ਸ੍ਰੀਲੰਕਾ, ਨਿਪਾਲ, ਦੱਖਣੀ ਅਫ਼ਰੀਕਾ ਅਤੇ ਪੇਰੂ ਜਿਹੇ 48 ਦੇਸ਼ਾਂ ਤੋਂ 900 ਭਾਰਤੀ ਨਾਗਰਿਕਾਂ ਨੂੰ ਕੱਢਿਆ ਹੈ |
ਤਾਪਮਾਨ ਵਧਣ ਨਾਲ ਕੋਰੋਨਾ ਵਾਇਰਸ ਖ਼ਤਮ ਹੋਣ ਦੀ ਪੁਸ਼ਟੀ ਨਹੀਂ
ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਇਸ ਧਾਰਨਾ ਨੂੰ ਖਾਰਜ ਕੀਤਾ ਕਿ ਤਾਪਮਾਨ ਵਧਣ ਨਾਲ ਕੋਰੋਨਾ ਵਾਇਰਸ ਖ਼ਤਮ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਸਬੰਧੀ ਅਧਿਐਨ ਕੀਤਾ ਜਾ ਰਿਹਾ ਹੈ ਪਰ ਕੋਈ ਪੁਸ਼ਟੀ ਵਾਲਾ ਅਧਿਐਨ ਨਹੀਂ ਹੈ | ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਦੀ ਲੋੜ ਬਾਰੇ ਵੀ ਕਿਹਾ ਕਿ ਮਾਸਕ ਪਾਉਣਾ ਹਮੇਸ਼ਾ ਜ਼ਰੂਰੀ ਨਹੀਂ ਹੈ | ਜੇਕਰ ਕੋਈ ਵਿਅਕਤੀ ਪ੍ਰਭਾਵੀ ਢੰਗ ਨਾਲ ਸਮਾਜਿਕ ਦੂਰੀ ਬਣਾਈ ਰੱਖਦਾ ਹੈ ਤਾਂ ਮਾਸਕ ਦੀ ਲੋੜ ਨਹੀਂ ਹੈ |
ਦਿੱਲੀ ਹਵਾਈ ਅੱਡੇ ਦੇ 'ਡਿਊਟੀ ਫ਼ਰੀ ਸ਼ਾਪਿੰਗ' ਖੇਤਰ 'ਚ ਜਾਣ ਦੀ ਮਨਾਹੀ
ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਸਾਵਧਾਨੀ ਵਜੋਂ ਦਿੱਲੀ ਹਵਾਈ ਅੱਡੇ 'ਤੇ ਚੀਨ, ਅਮਰੀਕਾ ਅਤੇ ਇਟਲੀ ਸਣੇ 15 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ 'ਡਿਊਟੀ ਫ਼ਰੀ ਸ਼ਾਪਿੰਗ' ਖੇਤਰ 'ਚ ਜਾਣ ਦੀ ਮਨਾਹੀ ਕੀਤੀ ਗਈ ਹੈ | ਹਵਾਈ ਅੱਡੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਚਾਹੇ ਭਾਰਤੀ ਨਾਗਰਿਕ ਹੀ ਉਕਤ 15 ਦੇਸ਼ਾਂ 'ਚੋਂ ਵਾਪਸ ਆ ਰਹੇ ਹੋਣ, ਉਨ੍ਹਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ |
ਹਰਿਆਣਾ 'ਚ ਮਹਾਂਮਾਰੀ ਐਲਾਨਿਆ
ਚੰਡੀਗੜ੍ਹ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ 'ਚ ਕੋਰੋਨਾ ਵਾਇਰਸ ਦੇ 14 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਅੱਜ ਮਹਾਂਮਾਰੀ ਐਲਾਨ ਦਿੱਤਾ | ਸੂਬੇ ਦੇ ਸਿਹਤ ਵਿਭਾਗ ਅਨੁਸਾਰ ਬੁੱਧਵਾਰ ਤੱਕ 44 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ | ਜਿੰਨ੍ਹਾਂ 'ਚੋਂ 38 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ 6 ਵਿਅਕਤੀਆਂ (ਚਾਰ ਗੁਰੂਗ੍ਰਾਮ ਤੋਂ ਅਤੇ ਦੋ ਪੰਚਕੂਲਾ ਤੋਂ) ਦੀ ਰਿਪੋਰਟ ਆਉਣੀ ਅਜੇ ਬਾਕੀ ਹੈ | ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਦੱਸਿਆ ਕਿ ਸੂਬੇ 'ਚ ਕੋਵਿਡ-19 ਨੂੰ ਮਹਾਂਮਾਰੀ ਐਲਾਨਿਆ ਗਿਆ ਹੈ | ਇਸ ਸਬੰਧੀ ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਹੁੰਦੇ ਹਨ ਅਤੇ ਇਕ ਸਾਲ ਲਈ ਲਾਗੂ ਰਹਿਣਗੇ | ਇਸ ਸਬੰਧੀ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਲਈ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ 1206 ਬੈੱਡਾਂ ਦੀ ਸਮਰੱਥਾ ਵਾਲੇ 270 ਆਈਸੋਲੇਸ਼ਨ ਵਾਰਡ ਬਣਾਏ ਗਏ ਹਨ | ਸੂਬੇ ਦੇ ਸਾਰੇ ਹਸਪਤਾਲਾਂ ਨੂੰ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ |
ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਣ ਤੋਂ ਕੁਝ ਘੰਟੇ ਬਾਅਦ ਹੀ ਵਿਦੇਸ਼ ਮੰਤਰੀ ਨੇ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਕਰਾਰ ਦਿੰ ਦਿਆਂ ਦੇਸ਼ ਵਾਸੀਆਂ ਨੂੰ ਸਾਵਧਾਨੀ ਵਜੋਂ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅੱਜ ਲੋਕ ਸਭਾ 'ਚ ਆਪਣੇ ਤੌਰ 'ਤੇ ਦਿੱਤੇ ਬਿਆਨ 'ਚ ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਦੇ ਵੱਖ-ਵੱਖ ਹਿੱ ਸਿਆਂ
'ਚ ਫਸੇ ਭਾਰਤੀ ਸ਼ਰਧਾਲੂਆਂ ਤੇ ਵਿਦਿਆਰਥੀਆਂ ਨੂੰ ਕੱਢਣ ਲਈ ਸਰਕਾਰ ਦੀ ਤਰਜੀਹੀ ਪਹੁੰਚ ਬਾਰੇ ਜਾਣਕਾਰੀ ਦਿੱਤੀ | ਵਿਦੇਸ਼ ਮੰਤਰੀ ਨੇ ਈਰਾਨ 'ਚ ਫਸੇ 6000 ਭਾਰਤੀਆਂ ਬਾਰੇ ਜਿਸ 'ਚ 1100 ਸ਼ਰਧਾਲੂ ਅਤੇ ਜੰਮੂ-ਕਸ਼ਮੀਰ ਤੋਂ 300 ਵਿਦਿਆਰਥੀ ਸ਼ਾਮਿਲ ਹਨ, ਜਾਣਕਾਰੀ ਦਿੰ ਦਿਆਂ ਕਿਹਾ ਕਿ ਹਾਲੇ ਤੱਕ 58 ਸ਼ਰਧਾਲੂਆਂ ਨੂੰ ਉਥੋਂ ਕੱ ਢਿਆ ਗਿਆ ਹੈ ਜਦਕਿ 299 ਹੋਰਨਾਂ ਦੇ ਟੈਸਟ ਪਾਜ਼ਿਟਿਵ ਹਨ, ਜਿਨ੍ਹਾਂ ਨੂੰ ਲਿਆਉਣ ਲਈ ਕੇਂਦਰ ਸਰਕਾਰ ਈਰਾਨ ਪ੍ਰਸ਼ਾਸਨ ਨਾਲ ਗੱਲਬਾਤ ਕਰ ਰਹੀ ਹੈ | ਈਰਾਨ 'ਚ ਭਾਰਤੀਆਂ ਨੂੰ ਮੈਡੀਕਲ ਸੁਵਿਧਾਵਾਂ 'ਚ ਹੋ ਰਹੀ ਕਿੱਲਤ ਦੇ ਕਾਰਨ ਕੇਂਦਰ ਵੱਲੋਂ 6 ਭਾਰਤੀ ਸਿਹਤ ਅਧਿਕਾਰੀਆਂ ਦੀ ਇਕ ਟੀਮ ਉੱਥੇ ਭੇਜੀ ਗਈ ਹੈ |
ਰੋਮ ਹਵਾਈ ਅੱਡੇ 'ਤੇ ਫਸੇ 30 ਪੰਜਾਬੀ ਕਦੋਂ ਪਰਤਣਗੇ-ਭਗਵੰਤ ਮਾਨ
ਵਿਦੇਸ਼ ਮੰਤਰੀ ਦੇ ਬਿਆਨ ਤੋਂ ਬਾਅਦ ਕਈ ਸੰਸਦਾ ਮੈਂਬਰਾਂ ਨੇ ਆਪਣੇ ਹਲਕੇ ਜਾਂ ਸੂਬੇ ਨਾਲ ਸਬੰਧਿਤ ਨਾਗਰਿਕਤਾ ਬਾਰੇ ਵੀ ਸਵਾਲ ਪੁੱਛੇ | ਇਸੇ ਕਵਾਇਦ 'ਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਰੋਮ ਹਵਾਈ ਅੱਡੇ 'ਤੇ ਫਸੇ 30 ਪੰਜਾਬੀ ਵਿਦਿਆਰਥੀਆਂ ਦੀ ਸਥਿਤੀ ਬਾਰੇ ਵੀ ਸਰਕਾਰ ਤੋਂ ਜਾਣਕਾਰੀ ਮੰਗਦਿਆਂ ਕਿਹਾ ਕਿ ਉਹ ਕਦੋਂ ਤੱਕ ਵਾਪਸ ਦੇਸ਼ ਪਰਤਣਗੇ | ਵਿਦੇਸ਼ ਮੰਤਰੀ ਨੇ ਮਾਨ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਉਥੇ ਸਿਰਫ਼ 30 ਪੰਜਾਬੀ ਹੀ ਨਹੀਂ ਸੈਂਕੜੇ ਭਾਰਤੀ ਫਸੇ ਹੋਏ ਹਨ | ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ |
ਗ਼ੈਰਕਾਨੂੰਨੀ ਢੰਗ ਨਾਲ ਵਿਦੇਸ਼ ਗਏ ਪੰਜਾਬੀ ਕਿੱਥੇ ਕਰਨ ਪਹੁੰਚ?-ਡਿੰਪਾ
ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਗ਼ੈਰਕਾਨੂੰਨੀ ਢੰਗ ਨਾਲ ਵਿਦੇਸ਼ਾਂ 'ਚ ਗਏ ਪੰਜਾਬੀਆਂ ਬਾਰੇ ਵੀ ਸਰਕਾਰ ਨੂੰ ਸੁਧ ਲੈਣ ਦੀ ਅਪੀਲ ਕੀਤੀ | ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਆਪਣਾ ਸਰੋਕਾਰ ਰੱਖਣ ਤੋਂ ਪਹਿਲਾਂ ਕਾਫ਼ੀ ਦੇਰ ਤੱਕ ਸਪੀਕਰ ਓਮ ਬਿਰਲਾ ਨੂੰ ਬੋਲਣ ਦਾ ਮੌਕਾ ਦੇਣ ਦੀ ਗੁਹਾਰ ਲਗਾਉਂਦੇ ਨਜ਼ਰ ਆਏ | ਮੌਕਾ ਮਿਲਣ 'ਤੇ ਡਿੰਗਾ ਨੇ ਇਟਲੀ , ਜਰਮਨੀ ਅਤੇ ਯੂਰਪ ਦੇ ਕਈ ਹਿੱ ਸਿਆਂ 'ਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਪੰਜਾਬੀਆਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਗ਼ੈਰਕਾਨੂੰਨੀ ਢੰਗ ਨਾਲ ਰਹਿਣ ਕਾਰਨ ਉਹ ਕਿਸੇ ਸਰਕਾਰੀ ਹਸਪਤਾਲ 'ਚ ਨਹੀਂ ਜਾ ਸਕਦੇ | ਅਜਿਹੇ ਹਾਲਾਤ 'ਚ ਉਹ ਕਿਸ ਕੋਲ ਆਪਣੀ ਫ਼ਰਿਆਦ ਕਰਨ |
ਮਨੀਸ਼ ਤਿਵਾੜੀ ਨੇ 123 ਸਾਲ ਪੁਰਾਣੇ ਕਾਨੂੰਨ 'ਤੇ ਚਿੰਤਾ ਪ੍ਰਗਟਾਈ
ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਮਹਾਂਮਾਰੀ ਵਜੋਂ ਉੱਭਰੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਜ਼ਬੂਤ ਕਾਨੂੰਨੀ ਢਾਂਚਾ ਨਾ ਹੋਣ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਕੋਲ ਮਹਾਂਮਾਰੀ ਨਾਲ ਨਜਿੱਠਣ ਲਈ ਕੋਈ ਪੁਖਤਾ ਕਾਨੂੰਨ ਵੀ ਨਹੀਂ ਹੈ | ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਇਕ ਅਜਿਹੇ ਕਾਨੂੰਨ ਰਾਹੀਂ ਮਹਾਂਮਾਰੀ ਨੂੰ ਰੋਕਣ ਦੀ ਤਿਆਰੀ ਕਰ ਰਹੇ ਹਾਂ, ਜਿਸ 'ਚ ਮਹਾਂਮਾਰੀ ਦੀ ਪਰਿਭਾਸ਼ਾ ਤੱਕ ਵੀ ਦਰਜ ਨਹੀਂ ਹੈ | ਤਿਵਾੜੀ ਨੇ 123 ਸਾਲ ਪੁਰਾਣੇ ਕਾਨੂੰਨ ਦਾ ਹਵਾਲਾ ਅਜਿਹੇ ਸਮੇਂ 'ਚ ਦਿੱਤਾ ਜਦੋਂ ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਣ ਤੋਂ ਬਾਅਦ ਕੇਂਦਰ ਕੈਬਨਿਟ ਸਕੱਤਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਸਾਰੇ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 'ਐਪੀਡੈਮਿਕ ਡਿਜ਼ੀਜ਼ ਐਕਟ 1897' ਦੀ ਧਾਰਾ 2 ਲਾਗੂ ਕੀਤੀਆਂ ਜਾਣ | ਸਬੰਧਿਤ ਕਾਨੂੰਨ ਦੀ ਧਾਰਾ 2 ਰਾਜ ਸਰਕਾਰ ਨੂੰ ਇਹ ਤਾਕਤ ਦਿੰਦੀ ਹੈ ਕਿ ਜੇਕਰ ਕਿਸੇ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਨਾਲ ਨਜਿੱਠਣ 'ਚ ਆਮ ਪ੍ਰਚਲਤ ਕਾਨੂੰਨ ਦੀਆਂ ਧਾਰਾਵਾਂ ਨਾਕਾਰੀ ਹਨ ਤਾਂ ਰਾਜ ਸਰਕਾਰ ਲੋੜ ਮੁਤਾਬਿਕ ਅਜਿਹੀਆਂ ਆਰਜ਼ੀ ਸੇਧਾਂ ਜਾਰੀ ਕਰ ਸਕਦੀ ਹੈ ਤਾਂ ਕਿ ਅਜਿਹੀ ਬਿਮਾਰੀ ਨੂੰ ਫ਼ੈਲਣ ਤੋਂ ਰੋਕ ਸਕੇ | ਮੁਨੀਸ਼ ਤਿਵਾੜੀ ਨੇ ਇਸ ਕਾਨੂੰਨ ਨੂੰ ਮਹਾਂਮਾਰੀ ਨਾਲ ਨਜਿੱਠਣ ਲਈ ਨਾਕਾਫ਼ੀ ਕਰਾਰ ਦਿੰ ਦਿਆਂ ਕਿਹਾ ਕਿ ਕੇਂਦਰ ਨੂੰ ਬਦਲਦੇ ਸਮੇਂ ਨਾਲ ਇਸ ਸਬੰਧੀ ਨਵਾਂ ਕਾਨੂੰਨ ਲਿਆਉਣਾ ਚਾਹੀਦਾ ਹੈ |
ਈਰਾਨ 'ਚ ਲੈਬ ਸਥਾਪਤ ਕਰਨ ਲਈ ਨਹੀਂ ਮਿਲ ਰਹੀ ਪ੍ਰਵਾਨਗੀ
ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਈਰਾਨ 'ਚ ਫਸੇ ਭਾਰਤੀਆਂ ਦੇ ਇਲਾਜ ਲਈ ਭਾਰਤ ਦੀਆਂ ਕੋਸ਼ਿਸ਼ਾਂ 'ਚ ਈਰਾਨ ਸਰਕਾਰ ਦਾ ਪੂਰਾ ਸਹਿਯੋਗ ਨਾ ਮਿਲਣ ਸਬੰਧੀ ਕਿਹਾ ਕਿ ਭਾਰਤ ਈਰਾਨ 'ਚ ਲੈਬ ਸਥਾਪਿਤ ਕਰਨ ਲਈ ਪੂਰਾ ਸਾਮਾਨ ਉਥੇ ਭੇਜ ਚੁੱਕਾ ਹੈ ਪਰ ਉਸ ਨੂੰ ਅਜੇ ਤੱਕ ਕਸਟਮ ਕਲੀਅਰੈਂਸ ਨਹੀਂ ਮਿਲੀ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਕੋਵਿਡ-19 ਸਬੰਧੀ ਦੇਸ਼ ਵਾਸੀਆਂ ਨੂੰ ਸਾਵਧਾਨੀ ਵਰਤਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਬੰਧੀ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕ ਵੱਡੇ ਸਮੂਹਾਂ 'ਚ ਇਕੱਠੇ ਹੋਣ ਤੋਂ ਬਚ ਕੇ ਇਸ ਦੇ ਫੈਲਾਅ ਨੂੰ ਰੋਕ ਸਕਦੇ ਹਨ | ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਜ਼ਰੂਰੀ ਨਾ ਹੋਵੇ ਤਾਂ ਉਹ ਯਾਤਰਾ ਨਾ ਕਰਨ | ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਸਬੰਧੀ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਘਬਰਾਹਟ ਨੂੰ ਨਾਂਹ ਅਤੇ ਸਾਵਧਾਨੀ ਨੂੰ ਹਾਂ ਕਹੋ | ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀਆਂ ਦੀ ਵਿਦੇਸ਼ ਯਾਤਰਾ 'ਤੇ ਵੀ ਰੋਕ ਲਗਾਉਣ ਦੀ ਗੱਲ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕੋਈ ਵੀ ਕੇਂਦਰੀ ਮੰਤਰੀ ਵਿਦੇਸ਼ ਦੌਰਾ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਮੈਂ ਦੇਸ਼ਵਾਸੀਆਂ ਨੂੰ ਵੀ ਗੈਰ-ਜ਼ਰੂਰੀ ਦੌਰੇ ਨਾ ਕਰਨ ਦੀ ਅਪੀਲ ਕਰਦਾ ਹਾਂ | ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ | ਸਾਰੇ ਮੰਤਰਾਲਿਆਂ ਅਤੇ ਸੂਬਿਆਂ ਨੇ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ | ਇਨ੍ਹਾਂ ਕਦਮਾਂ 'ਚ ਵੀਜ਼ੇ ਰੱਦ ਕਰਨ ਤੋਂ ਲੈ ਕੇ ਸਿਹਤ ਸੇਵਾ ਸਮਰੱਥਾ ਨੂੰ ਬਿਹਤਰ ਬਣਾਉਣ ਵਰਗੇ ਕਦਮ ਸ਼ਾਮਿਲ ਹਨ |
ਲਾਂਸ ਏਾਜਲਸ, 12 ਮਾਰਚ (ਏਜੰਸੀ)-ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨਣ ਤੋਂ ਬਾਅਦ ਦੁਨੀਆ ਇਸ ਜਾਨ ਲੇਵਾ ਵਾਇਰਸ ਤੋਂ ਭੈਭੀਤ ਨਜ਼ਰ ਆ ਰਹੀ ਹੈ ਤੇ ਹੁਣ ਤੱਕ ਵਿਸ਼ਵ ਭਰ 'ਚ 4687 ਲੋਕਾਂ ਦੀ ਮੌਤ ਹੋ ਚੁੱਕੀ ਹੈ | ਇਸੇ ਵਿਚਕਾਰ ਹਾਲੀਵੁੱਡ ਦੇ ਸੁਪਰਸਟਾਰ ਟੌਮ ਹੈਾਕਸ ਨੇ ਖੁਲਾਸਾ ਕੀਤਾ ਹੈ ਕਿ ਉਹ ਤੇ ਉਸ ਦੀ ਪਤਨੀ ਰੀਟਾ ਵਿਲਸਨ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ, ਜਦੋਂਕਿ ਦੁਨੀਆ ਦੇ ਦਿੱਗਜ਼ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਸਾਥੀ ਖਿਡਾਰੀ ਤੇ ਇਟਲੀ ਦੇ ਫੁੱਟਬਾਲ ਕਲੱਬ ਯੁਵੇਂਟਸ ਦੇ ਡਿਫੈਂਡਰ ਡੈਨੀਅਲ ਰੂਗਾਨੀ ਵੀ ਕੋਰੋਨਾ ਵਾਇਰਸ ਦੇ ਪਾਜ਼ੀਟਵ ਪਾਏ ਗਏ ਹਨ | ਦੂਜੇ ਪਾਸੇ ਚੀਨ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਗਿਰਾਵਟ ਜਾਰੀ ਹੈ, ਜਦੋਂਕਿ 11 ਹੋਰ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 3169 ਹੋ ਗਈ | ਚੀਨ ਦੇ ਕੋਰੋਨਾ ਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਸ਼ਹਿਰ ਵੁਹਾਨ 'ਚ ਵੀ ਸਥਿਤੀ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਤੇ ਇਥੇ ਜਾਨਲੇਵਾ ਵਾਇਰਸ ਤੋਂ ਪ੍ਰਭਵਿਤ ਸਿਰਫ 8 ਨਵੇਂ ਮਾਮਲੇ ਸਾਹਮਣੇ ਆਏ | ਇਟਲੀ ਨੇ ਫਾਰਮੇਸੀ ਤੇ ਖਾਣ ਪੀਣ ਦੀਆਂ ਦੁਕਾਨਾਂ ਨੂੰ ਛੱਡ ਕੇ ਦੇਸ਼ ਭਰ 'ਚ ਸਾਰੇ ਸਟੋਰਾਂ ਨੂੰ ਬੰਦ ਕਰ ਦਿੱਤਾ ਹੈ | ਇਟਲੀ 'ਚ ਸਿਰਫ ਦੋ ਹਫ਼ਤਿਆਂ 'ਚ 827 ਲੋਕਾਂ ਦੀ ਮੌਤ ਹੋ ਚੁੱਕੀ ਹੈ |
ਅਮਰੀਕਾ ਨੇ ਲਗਾਈ ਪਾਬੰਦੀ
ਵਾਸ਼ਿੰਗਟਨ-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਯੂ.ਕੇ. ਨੂੰ ਛੱਡ ਕੇ ਬਾਕੀ ਯੂਰਪ ਦੇ ਯਾਤਰੀਆਂ 'ਤੇ ਸ਼ੁੱਕਰਵਾਰ ਤੋਂ ਅਗਲੇ 30 ਦਿਨਾਂ ਲਈ ਅਮਰੀਕਾ ਆਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਅਮਰੀਕਾ 'ਚ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 37 ਮੌਤਾਂ ਹੋ ਚੁੱਕੀਆਂ ਹਨ |
ਸਪੇਨ ਦੀ ਮੰਤਰੀ ਪੀੜਤ
ਮੈਡਿ੍ਡ-ਸਪੇਨ ਦੀ ਬਰਾਬਰਤਾ ਮੰਤਰੀ ਆਇਰੀਨ ਮੋਨਟੇਰੋ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਵ ਆਇਆ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀ ਤੇ ਉਪ ਪ੍ਰਧਾਨ ਮੰਤਰੀ ਤੇ ਰਾਜਨੀਤਿਕ ਦਲ ਪੋਡੇਮੋਸ ਦੇ ਨੇਤਾ ਪਾਬਲੋ ਇਗਲੇਸੀਆਸ ਨਾਲ ਵੱਖ ਰੱਖਿਆ ਗਿਆ ਹੈ |
ਈਰਾਨ 'ਚ 429 ਮੌਤਾਂ
ਤਹਿਰਾਨ-ਈਰਾਨ 'ਚ ਕੋਰੋਨਾ ਵਾਇਰਸ ਨਾਲ 75 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 429 ਹੋ ਗਈ ਹੈ, ਜਦੋਂਕਿ 10 ਹਜ਼ਾਰ ਲੋਕ ਜਾਨਲੇਵਾ ਵਾਇਰਸ ਤੋਂ ਪੀੜਤ ਹਨ |
ਦੱਖਣੀ ਕੋਰੀਆ 'ਚ 66 ਮੌਤਾਂ
ਸਿਓਲ-ਦੱਖਣੀ ਕੋਰੀਆ ਪੀੜਤ ਮਰੀਜ਼ਾਂ ਦੀ ਗਿਣਤੀ 7869 ਹੋ ਗਈ ਹੈ, ਜਦੋਂਕਿ 5 ਹੋਰ ਮੌਤਾਂ ਨਾਲ ਮੌਤਾਂ ਦਾ ਅੰਕੜਾ 66 ਹੋ ਗਿਆ ਹੈ |
ਦੰਗਿਆਂ ਨੂੰ ਰੋਕਣ ਲਈ ਕਾਰਵਾਈ 'ਚ ਦੇਰੀ ਲਈ ਸਰਕਾਰ ਦੀ ਕੀਤੀ ਨਿੰਦਾ, ਰਾਜ ਸਭਾ 'ਚ ਵਿਰੋਧੀ ਧਿਰ ਵਲੋਂ ਦਿੱਲੀ ਹਿੰਸਾ ਦੀ ਨਿਆਇਕ ਜਾਂਚ ਦੀ ਮੰਗ
ਨਵੀਂ ਦਿੱਲੀ, 12 ਮਾਰਚ (ਏਜੰਸੀ)-ਕੌਮੀ ਜਨਸੰਖਿਆ ਰਜਿਸਟਰ (ਐਨ.ਪੀ.ਆਰ.) ਨੂੰ ਲੈ ਕੇ ਡਰ ਦੂਰ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਜਿਸਟਰ ਦੇ ਨਵੀਨੀਕਰਨ ਦੀ ਕਵਾਇਦ ਦੌਰਾਨ ਕਿਸੇ ਵੀ ਨਾਗਰਿਕ ਨੂੰ 'ਡੀ' ਜਾਂ 'ਸ਼ੱਕੀ' ਨਹੀਂ ਬਣਾਇਆ ਜਾਵੇਗਾ ਤੇ ਨਾਗਰਿਕਤਾ ਸਾਬਤ ਕਰਨ ਲਈ ਕੋਈ ਵੀ ਦਸਤਾਵੇਜ਼ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੈ | ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਨੂੰ ਉਪਲਬਧ ਨਾ ਹੋਣ ਵਾਲੀ ਕੋਈ ਵੀ ਜਾਣਕਾਰੀ ਦੇਣਾ ਲਾਜ਼ਮੀ ਨਹੀਂ ਹੈ | ਉਨ੍ਹਾਂ ਕਿਹਾ ਕਿ ਐਨ.ਪੀ.ਆਰ. ਨੂੰ ਨਵਿਆਉਣ ਦਾ ਕੰਮ ਇਕ ਅਪ੍ਰੈਲ ਤੋਂ ਸ਼ਰੂ ਕੀਤਾ ਜਾਵੇਗਾ, ਜਿਸ ਦੌਰਾਨ ਹਰ ਇਕ ਵਿਅਕਤੀ ਤੇ ਪਰਿਵਾਰ ਦੇ ਅੰਕੜੇ ਨੂੰ ਇਕੱਠਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਨੂੰ ਸੀ.ਏ.ਏ. ਤੇ ਐਨ.ਪੀ.ਆਰ. ਬਾਰੇ ਚਿੰਤਾ ਨਹੀਂ ਹੋਣੀ ਚਾਹੀਦੀ, ਕਿਉਂਕਿ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੀ ਕੋਈ ਵੀ ਧਾਰਾ ਕਿਸੇ ਦੀ ਵੀ ਨਾਗਰਿਕਤਾ ਖੋਹਣ ਦਾ ਪ੍ਰਬੰਧ ਨਹੀਂ ਕਰਦੀ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ 'ਚ ਦਿੱਲੀ 'ਚ ਹਾਲ ਹੀ 'ਚ ਹੋਏ ਦੰਗਿਆਂ 'ਤੇ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਉਨ੍ਹਾਂ ਦੀ ਜਾਤ, ਧਰਮ ਤੇ ਰਾਜਨੀਤਕ ਸਬੰਧਾਂ ਦੀ ਪਰਵਾਹ ਕੀਤੇ ਬਿਨਾਂ ਸਜ਼ਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਦੰਗਿਆਂ ਸਬੰਧੀ 700 ਤੋਂ ਵੱਧ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਦੋਂਕਿ 2600 ਤੋਂ ਵੱਧ ਲੋਕਾਂ ਨੂੰ ਸਬੂਤਾਂ ਦੇ ਆਧਾਰ 'ਤੇ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਬਹਿਸ ਤੋਂ ਭੱਜ ਨਹੀਂ ਰਹੀ ਸੀ, ਬਲਕਿ ਸ਼ਾਂਤਮਈ ਹੋਣੀ ਚਾਹੁੰਦੀ ਸੀ | ਉਨ੍ਹਾਂ ਅੱਗੇ ਦੱਸਿਆ ਕਿ ਚਿਹਰੇ ਦੀ ਪਛਾਣ ਵਾਲੇ ਸਾਫਟਵੇਅਰ ਦੀ ਵਰਤੋਂ ਕਰਦਿਆਂ ਹੁਣ ਤੱਕ 1922 ਦੰਗਾਕਾਰੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਕਤਲ, ਧਾਰਮਿਕ ਸਥਾਨਾਂ, ਹਸਪਤਾਲਾਂ ਤੇ ਵਿੱਦਿਅਕ ਅਦਾਰਿਆਂ 'ਤੇ ਹਮਲਿਆਂ ਦੇ 50 ਗੰਭੀਰ ਕੇਸਾਂ ਨੂੰ ਤਿੰਨ ਐਸ.ਆਈ.ਟੀਜ਼ ਦੇ ਹਵਾਲੇ ਕੀਤਾ ਜਾ ਚੁੱਕਾ ਹੈ |
'ਫ਼ਿਰਕੂ ਵਾਇਰਸ' ਕੋਰੋਨਾ ਤੋਂ ਵੀ ਵੱਧ ਖ਼ਤਰਨਾਕ-ਸਿੱਬਲ
ਵਿਰੋਧੀ ਪਾਰਟੀਆਂ ਵਲੋਂ ਦਿੱਲੀ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ ਤੇ ਦਿੱਲੀ ਪੁਲਿਸ 'ਤੇ ਜੰਮ ਕੇ ਹਮਲਾ ਬੋਲਿਆ ਗਿਆ ਤੇ ਚਿਤਾਵਨੀ ਦਿੱਤੀ ਕਿ 'ਫ਼ਿਰਕੂ ਵਾਇਰਸ' ਕੋਰੋਨਾ ਵਾਇਰਸ ਤੋਂ ਵੀ ਵੱਧ ਖ਼ਤਰਨਾਕ ਹੈ | ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਭਾਜਪਾ ਵਲੋਂ ਜੋ 'ਫ਼ਿਰਕੂ ਵਾਇਰਸ' ਨੌਜਵਾਨਾਂ 'ਚ ਫੈਲਾਇਆ ਜਾ ਰਿਹਾ ਹੈ, ਉਹ ਲੋਕਤੰਤਰ ਨੂੰ ਖਤਮ ਕਰ ਦੇਵੇਗਾ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਦੇਸ਼ ਦੀ ਰਾਜਧਾਨੀ ਦੰਗਿਆਂ ਦੀ ਅੱਗ 'ਚ ਸੜ ਰਹੀ ਸੀ ਤਾਂ ਇਹ ਦੋਵੇਂ ਜਾਣੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਨੋਰੰਜਨ ਕਰਨ 'ਚ ਰੁੱਝੇ ਹੋਏ ਸਨ | ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਦੰਗਾ ਭੜਕਾਉਣ ਵਾਲੇ ਨੇਤਾਵਾਂ ਵਿਰੁੱਧ ਕਾਰਵਾਈ ਨਾ ਕਰਨ 'ਤੇ ਵੀ ਸਵਾਲ ਕੀਤਾ | ਉਨ੍ਹਾਂ ਨੇ ਦੰਗਿਆ 'ਤੇ ਰੋਕ ਲਗਾਉਣ ਲਈ ਕੀਤੀ ਗਈ ਦੇਰੀ ਦੀ ਨਿੰਦਾ ਕਰਦਿਆਂ ਤੇ ਖ਼ੁਫੀਆ ਅਸਫਲਤਾ ਦਾ ਦੋਸ਼ ਲਗਾਉਂਦਿਆਂ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ |
ਦੰਗਾ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਮਿਲੇ-ਨਰੇਸ਼ ਗੁਜਰਾਲ
ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਕਿਹਾ ਕਿ ਇਹ ਰਹੱਸ ਬਣਿਆ ਹੋਇਆ ਹੈ ਕਿ ਕਿਸ ਨੇ ਇਨ੍ਹਾਂ ਦੰਗਿਆਂ ਨੂੰ ਭੜਕਾਇਆ | ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ | ਉਨ੍ਹਾਂ ਕਿਹਾ ਕਿ ਪਾਰਟੀ ਲੀਹਾਂ ਤੋਂ ਹਟ ਕੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਨਾਲ ਹੀ ਕੇਂਦਰ ਤੇ ਦਿੱਲੀ ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ | ਉਨ੍ਹਾਂ ਨੇ ਲੋਕਾਂ 'ਚ ਐਨ.ਆਰ.ਸੀ. ਦੇ ਡਰ ਨੂੰ ਦੂਰ ਕਰਨ ਲਈ ਸਰਕਾਰ ਦੇ ਭਰੋਸੇ ਦੀ ਵੀ ਮੰਗ ਕੀਤੀ |
ਓਟਾਵਾ, 12 ਮਾਰਚ (ਏ. ਐਫ਼. ਪੀ.)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੈਗਰੀ 'ਚ ਵੀ ਕੋਰੋਨਾ ਵਾਇਰਸ ਵਰਗੇ ਲੱਛਣ ਪਾਏ ਗਏ ਹਨ, ਜਿਸ ਤੋਂ ਬਾਅਦ ਉਕਤ ਜੋੜਾ ਸਾਵਧਾਨੀ ਵਜੋਂ ਆਪਣੇ ਆਪ ਨੂੰ ਅਲੱਗ ਰੱਖ ਰਿਹਾ ਹੈ | ਬੁੱਧਵਾਰ ਨੂੰ ਬਿ੍ਟੇਨ ਤੋਂ ਵਾਪਸ ਆਉਣ ਤੋਂ ਬਾਅਦ ਸੋਫੀ ਨੇ ਟੈਸਟ ਕਰਵਾਇਆ ਸੀ | ਇਕ ਬਿਆਨ ਅਨੁਸਾਰ ਉਪਾਅ ਵਜੋਂ ਪ੍ਰਧਾਨ ਮੰਤਰੀ ਟਰੂਡੋ ਘਰ ਤੋਂ ਹੀ ਜਾਣਕਾਰੀਆਂ ਮੁਹੱਈਆ ਕਰਵਾਇਆ ਕਰਨਗੇ ਅਤੇ ਫੋਨ ਰਾਹੀਂ ਕੰਮ ਚਲਾਉਣਗੇ | ਇਸ ਤੋਂ ਪਹਿਲਾਂ ਟਰੂਡੋ ਨੇ ਕੈਨੇਡਾ ਦੇ ਸੂਬਾਈ ਅਤੇ ਪ੍ਰਦੇਸ਼ਿਕ ਆਗੂਆਂ ਨਾਲ ਓਟਾਵਾ 'ਚ ਹੋਣ ਵਾਲੀ ਇਕ ਬੈਠਕ ਵੀ ਰੱਦ ਕਰ ਦਿੱਤੀ |
• 12 ਸਾਲਾਂ 'ਚ ਪਹਿਲੀ ਵਾਰ ਵੱਡੀ ਗਿਰਾਵਟ • ਨਿਵੇਸ਼ਕਾਂ ਦੇ ਡੁੱਬੇ 11 ਲੱਖ ਕਰੋੜ
ਮੁੰਬਈ, 12 ਮਾਰਚ (ਏਜੰਸੀ)-ਕੋਰੋਨਾ ਵਾਇਰਸ ਦੇ ਚਲਦਿਆਂ ਅੱਜ ਭਾਰਤੀ ਸ਼ੇਅਰ ਬਾਜ਼ਾਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੋਣ ਕਾਰਨ ਨਿਵੇਸ਼ਕਾਂ ਦੇ ਇਕ ਦਿਨ 'ਚ 11 ਲੱਖ ਕਰੋੜ ਰੁਪਏ ਡੁੱਬ ਗਏ ਹਨ | ਅੱਜ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ 'ਚ 3,204.30 ਤੇ ਨਿਫਟੀ 'ਚ 1,000 ਅੰਕਾਂ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਪਰ ਕਾਰੋਬਾਰ ਦੇ ਅੰਤ 'ਚ ਸੈਂਸੈਕਸ 8.18 ਫ਼ੀਸਦੀ/2,919.26 ਅੰਕਾਂ ਦੀ ਗਿਰਾਵਟ ਨਾਲ 32,778.14 'ਤੇ ਬੰਦ ਹੋਇਆ ਜਦਕਿ ਨਿਫਟੀ 8.30 ਫ਼ੀਸਦੀ/868.25 ਅੰਕ ਡਿੱਗਣ ਬਾਅਦ 9,590.15 'ਤੇ ਬੰਦ ਹੋਇਆ | ਵਿਸ਼ਵ ਸਿਹਤ ਸੰਗਠਨ ਵਲੋਂ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕੀਤੇ ਜਾਣ ਬਾਅਦ ਸੈਂਸੈਕਸ ਤੇ ਨਿਫਟੀ ਇਸ ਦੇ ਬੁਰੇ ਪ੍ਰਭਾਵ ਤੋਂ ਸੰਭਲ ਨਹੀਂ ਸਕੇ ਅਤੇ ਵਿਦੇਸ਼ੀ ਸ਼ੇਅਰ ਬਾਜ਼ਾਰਾਂ ਤੋਂ ਮਿਲੇ ਨਿਰਾਸ਼ਾਜਨਕ ਸੰਕੇਤਾਂ ਦੇ ਚੱਲਿਦਿਆਂ ਸੈਂਸੈਕਸ ਕਰੀਬ 2,919 ਅੰਕ ਡਿੱਗ ਕੇ 32,778 ਅਤੇ ਨਿਫਟੀ 868 ਅੰਕ ਡਿੱਗ ਕੇ 9,590 'ਤੇ ਬੰਦ ਹੋਏ | ਸ਼ੇਅਰ ਬਾਜ਼ਾਰ ਦੇ ਜਾਣਕਾਰਾਂ ਮੁਤਾਬਿਕ 2008 ਤੋਂ ਬਾਅਦ ਇਕ ਦਿਨ 'ਚ ਸ਼ੇਅਰ ਬਾਜ਼ਾਰ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ | ਸੈਂਸੈਕਸ 'ਚ ਅੱਜ ਆਈ ਵੱਡੀ ਗਿਰਾਵਟ ਦੇ ਚੱਲਦਿਆਂ ਸਭ ਤੋਂ ਵਧੇਰੇ ਨੁਕਸਾਨ ਐਸ.ਬੀ.ਆਈ., ਓ. ਐਨ. ਜੀ. ਸੀ., ਐਕਸਿਸ ਬੈਂਕ, ਆਈ. ਟੀ. ਸੀ., ਟਾਈਟਨ, ਬਜਾਜ ਆਟੋ, ਟੀ. ਸੀ. ਐਸ. ਇੰਡਸਇੰਡ ਬੈਂਕ ਅਤੇ ਕੋਟਕ ਮਹਿੰਦਰਾ ਨੂੰ ਉਠਾਉਣਾ ਪਿਆ ਹੈ ਜਦਕਿ ਨਿਫਟੀ 'ਚ ਭਾਰਤ ਪੈਟਰੋਲੀਅਮ, ਟਾਟਾ ਮੋਟਰਜ਼, ਅਡਾਨੀ ਪੋਰਟ, ਮਹਿੰਦਰਾ ਐਾਡ ਮਹਿੰਦਰਾ, ਹੀਰੋ ਮੋਟੋਕਾਰਪ, ਓ.ਐਨ.ਜੀ.ਸੀ. ਅਤੇ ਗੇਲ ਦੇ ਸ਼ੇਅਰਾਂ ਨੂੰ ਕਾਫੀ ਨੁਕਸਾਨ ਉਠਾਉਣਾ ਪਿਆ ਹੈ |
ਭੁਪਾਲ, 12 ਮਾਰਚ (ਏਜੰਸੀ)-ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਏ.ਪੀ. ਸਿੰਘ ਨੇ ਅੱਜ ਦੱਸਿਆ ਕਿ ਸਪੀਕਰ ਐਨ.ਪੀ. ਪਰਜਾਪਤੀ ਨੇ 22 ਬਾਗੀ ਕਾਂਗਰਸੀ ਵਿਧਾਇਕਾਂ ਨੂੰ ਨੋਟਿਸ ਜਾਰੀ ਕਰ ਕੇ ਸ਼ੁੱਕਰਵਾਰ ਨੂੰ ਉਨ੍ਹਾਂ ਸਾਹਮਣੇ ਪੇਸ਼ ਹੋ ਕੇ ਇਹ ਸਪੱਸ਼ਟ ਕਰਨ ਲਈ ...
ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਕੇਸ ਦੇ ਇਕ ਦੋਸ਼ੀ ਪਵਨ ਨੂੰ ਦਿੱਲੀ ਦੀ ਇਕ ਅਦਾਲਤ ਤੋਂ ਫਾਂਸੀ ਦੀ ਸਜ਼ਾ ਨੂੰ ਲਟਕਾਉਣ ਦੀ ਕੋਸ਼ਿਸ਼ ਨੂੰ ਝਟਕਾ ਲੱਗਾ ਹੈ | ਦੋਸ਼ੀ ਪਵਨ ਦੀ ਅਪੀਲ 'ਤੇ, ਦਿੱਲੀ ਦੀ ਇਕ ਅਦਾਲਤ ਨੇ ਮੰਡੋਲੀ ...
ਚੰਡੀਗੜ੍ਹ, 12 ਮਾਰਚ (ਅਜੀਤ ਬਿਊਰੋ)-ਪੰਜਾਬ ਪੁਲਿਸ ਨੇ ਅੱਜ ਇਥੇ ਸੈਕਟਰ 36 ਦੀ ਮਾਰਕੀਟ 'ਚ ਭਾਰੀ ਮੁਸ਼ੱਕਤ ਤੋਂ ਬਾਅਦ ਅੰਤਰਰਾਜੀ ਗੈਂਗਸਟਰ ਗਗਨ ਜੱਜ ਦੀ ਗਿ੍ਫ਼ਤਾਰੀ ਨਾਲ ਲੁਧਿਆਣਾ ਵਿਖੇ 30 ਕਿੱਲੋ ਸੋਨੇ ਦੀ ਲੁੱਟ ਦੇ ਸਨਸਨੀਖ਼ੇਜ਼ ਮਾਮਲੇ ਨੂੰ ਸੁਲਝਾ ਲਿਆ ਹੈ | ਗਗਨ ...
ਮੁੰਬਈ, 12 ਮਾਰਚ (ਏਜੰਸੀ)-ਮੁੰਬਈ ਪੁਲਿਸ ਦੇ ਆਰਥਿਕ ਅਪਰਾਧਾਂ ਦੀ ਜਾਂਚ ਕਰਨ ਵਾਲੇ ਵਿੰਗ (ਈ.ਓ. ਡਬਲਿਊ.) ਵਲੋਂ ਅੱਜ ਪੰਜਾਬ ਐਾਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ.ਐਮ.ਸੀ.) ਬੈਂਕ 'ਚ ਹੋਏ ਘੁਟਾਲੇ ਦੇ ਸਬੰਧ 'ਚ ਬੈਂਕ ਦੇ ਇਕ ਸਾਬਕਾ ਨਿਰਦੇਸ਼ਕ ਸਮੇਤ 3 ਲੋਕਾਂ ਨੂੰ ...
ਮੱਧ ਪ੍ਰਦੇਸ਼ ਪੁੱਜਣ 'ਤੇ ਜ਼ੋਰਦਾਰ ਸਵਾਗਤ
ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਭਾਜਪਾ 'ਚ ਸ਼ਾਮਿਲ ਹੋਣ ਤੋਂ ਇਕ ਦਿਨ ਬਾਅਦ ਜਯੋਤੀਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ...
ਭੁਪਾਲ, 12 ਮਾਰਚ (ਪੀ. ਟੀ. ਆਈ.)-ਮੱਧ ਪ੍ਰਦੇਸ਼ ਆਰਥਿਕ ਅਪਰਾਧ ਵਿੰਗ (ਈ.ਓ.ਡਬਲਯੂ.) ਨੇ ਜ਼ਮੀਨ ਵੇਚਣ ਦੌਰਾਨ ਧੋਖਾਧੜੀ ਕਰਨ ਸਬੰਧੀ ਸਿੰਧੀਆ ਅਤੇ ਉਨ੍ਹਾਂ ਦੇ ਪਰਿਵਾਰ ਿਖ਼ਲਾਫ਼ ਸ਼ਿਕਾਇਤ 'ਤੇ ਨਵੇਂ ਸਿਰੇ ਤੋਂ ਜਾਂਚ ਕਰਨ ਦਾ ਫ਼ੈਸਲਾ ਕੀਤਾ ਹੈ | ਸਿੰਧੀਆ ਦੇ ਭਾਜਪਾ 'ਚ ...
ਲੰਡਨ, (ਏਜੰਸੀ)-ਵਿਸ਼ਵ ਭਰ 'ਚ ਫੈਲ ਰਹੇ ਜਾਨਲੇਵਾ ਕੋੋਰੋਨਾ ਵਾਇਰਸ ਦੇ ਮੱਦੇਨਜ਼ਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਸੰਕਟ ਸਬੰਧੀ ਸਹਿਯੋਗ ਬਾਰੇ ...
ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਅੱਜ ਕੇਂਦਰ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਈਰਾਨ 'ਚ ਸਥਿਤ ਭਾਰਤੀ ਦੂਤਘਰ ਉਥੇ ਫਸੇ ਭਾਰਤੀ ਵਿਦਿਆਰਥੀਆਂ ਨਾਲ ਸੰਪਰਕ ਕਰੇ | ਜਸਟਿਸ ਨਵੀਨ ਚਾਵਲਾ ਨੇ ਕੇਂਦਰ ਨੂੰ ...
ਬੀਜਿੰਗ-ਚੀਨ ਦੇ ਚੋਟੀ ਦੇ ਮਹਾਂਮਾਰੀ ਵਿਗਿਆਨੀ ਝੋਂਗ ਨਾਨਸ਼ਨ ਨੇ ਦਾਅਵਾ ਕੀਤਾ ਹੈ ਕਿ ਜੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਦੇਸ਼ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਗੰਭੀਰ ਕਦਮ ਚੁੱਕਣ ਤਾਂ ਕੋਰੋਨਾ ਵਾਇਰਸ ਮਹਾਂਮਾਰੀ ਜੂਨ ਦੇ ਅੰਤ ਤੱਕ ਖ਼ਤਮ ਹੋ ਸਕਦੀ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX