ਨਿੱਜੀ ਸੁਰੱਖਿਆ ਉਪਕਰਨ, ਐੱਨ-95 ਮਾਸਕ ਤੇ ਵੈਂਟੀਲੇਟਰ ਖ਼ਰੀਦਣ ਦੀ ਹਦਾਇਤ
ਨਵੀਂ ਦਿੱਲੀ, 9 ਅਪ੍ਰੈਲ (ਉਪਮਾ ਡਾਗਾ ਪਾਰਥ)-ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਰਾਸ਼ਟਰ ਪੱਧਰ ਅਤੇ ਸੂਬਾ ਪੱਧਰ 'ਤੇ ਸਿਹਤ ਸੇਵਾ ਸਿਸਟਮ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ 15 ਹਜ਼ਾਰ ਕਰੋੜ ਰੁਪਏ ਦੀ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਵਲੋਂ 100 ਫ਼ੀਸਦੀ ਫ਼ੰਡ ਕੀਤੀ ਜਾਣ ਵਾਲੀ ਇਹ ਸਕੀਮ 5 ਸਾਲਾਂ ਲਈ ਲਾਗੂ ਕੀਤੀ ਜਾਵੇਗੀ, ਜਿਸ ਨੂੰ ਕੋਵਿਡ-19 ਐਮਰਜੈਂਸੀ (ਰਿਸਪਾਂਸ ਐਂਡ ਹੈਲਥ ਸਿਸਟਮ ਪ੍ਰੀਪੇਅਰਡਨੈੱਸ ਪੈਕੇਜ) ਦਾ ਨਾਂਅ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਜ਼ਰੂਰੀ ਮੈਡੀਕਲ ਉਪਕਰਨਾਂ ਅਤੇ ਦਵਾਈਆਂ ਦੀ ਖ਼ਰੀਦ ਅਤੇ ਨਿਗਰਾਨੀ ਗਤੀਵਧੀਆਂ ਨੂੰ ਮਜ਼ਬੂਤ ਕਰਨ ਲਈ ਲਿਆਂਦੇ ਇਸ ਸਿਸਟਮ ਨੂੰ 3 ਪੜਾਵਾਂ 'ਚ ਲਾਗੂ ਕੀਤਾ ਜਾਵੇਗਾ। ਇਸ ਦਾ ਪਹਿਲਾ ਪੜਾਅ ਜਨਵਰੀ 2020 ਤੋਂ ਜੂਨ 2020 ਤੱਕ, ਦੂਜਾ ਪੜਾਅ ਜੁਲਾਈ 2020 ਤੋਂ ਮਾਰਚ 2021 ਅਤੇ ਅਪ੍ਰੈਲ 2021 ਤੋਂ ਮਾਰਚ 2024 ਤੱਕ ਤੀਜਾ ਪੜਾਅ ਹੋਵੇਗਾ। ਪਹਿਲੇ ਪੜਾਅ ਲਈ ਕੇਂਦਰੀ ਸਿਹਤ ਮੰਤਰਾਲੇ ਵਲੋਂ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਰਾਜਾਂ ਅਤੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਲਈ ਰਕਮ ਜਾਰੀ ਕੀਤੀ ਜਾਵੇਗੀ। ਇਹ ਰਕਮ ਵਿਸ਼ੇਸ਼ ਹਸਪਤਾਲਾਂ, ਆਈਸੋਲੇਸ਼ਨ ਬਲਾਕਾਂ, ਵੈਂਟੀਲੇਟਰਾਂ ਵਾਲੇ (ਆਈ.ਸੀ.ਯੂ.) ਅਤੇ ਲੈਬਾਰਟਰੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਦਿੱਤੀ ਜਾਵੇਗੀ। ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਰਕਮ ਰਾਹੀਂ ਨਿੱਜੀ ਸੁਰੱਖਿਆ ਉਪਕਰਨਾਂ, ਐੱਨ-95 ਮਾਸਕਾਂ ਦੀ ਖ਼ਰੀਦ ਅਤੇ ਵੈਂਟੀਲੇਟਰਾਂ ਦੀ ਖ਼ਰੀਦ ਕਰਨ ਦੀ ਹਦਾਇਤ ਦਿੱਤੀ ਹੈ।
ਵੈਂਟੀਲੇਟਰਾਂ, ਮਾਸਕਾਂ ਤੇ ਕੋਵਿਡ-19 ਟੈਸਟ ਕਿੱਟਾਂ 'ਤੇ ਕਸਟਮ ਡਿਊਟੀ ਤੇ ਸੈੱਸ ਤੋਂ ਛੋਟ
ਨਵੀਂ ਦਿੱਲੀ, 9 ਅਪ੍ਰੈਲ (ਪੀ. ਟੀ. ਆਈ.)-ਕੇਂਦਰ ਸਰਕਾਰ ਨੇ ਵੈਂਟੀਲੇਟਰਾਂ, ਚਿਹਰੇ ਅਤੇ ਸਰਜੀਕਲ ਮਾਸਕਾਂ, ਨਿੱਜੀ ਸੁਰੱਖਿਆ ਯੰਤਰ (ਪੀ.ਪੀ.ਈ.) ਅਤੇ ਕੋਵਿਡ-19 ਟੈਸਟ ਕਿੱਟਾਂ ਤੋਂ ਕਸਟਮ ਡਿਊਟੀ ਅਤੇ ਸਿਹਤ ਸੈੱਸ ਹਟਾਉਣ ਦਾ ਫ਼ੈਸਲਾ ਲਿਆ ਹੈ। ਮਾਲੀਆ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ ਕੋਰੋਨਾ ਦੀ ਸਥਿਤੀ ਨੂੰ ਵੇਖਦਿਆਂ ਹੋਇਆ ਵੈਂਟੀਲੇਟਰਾਂ ਅਤੇ ਹੋਰ ਵਸਤਾਂ ਦੀ ਤੁਰੰਤ ਲੋੜ ਨੂੰ ਧਿਆਨ 'ਚ ਰੱਖਦਿਆਂ ਕੇਂਦਰ ਸਰਕਾਰ ਨੇ ਉਕਤ ਫ਼ੈਸਲਾ ਲਿਆ ਹੈ। ਇਹ ਛੋਟਾਂ ਇਨ੍ਹਾਂ ਚੀਜ਼ਾਂ ਦੇ ਨਿਰਮਾਣ ਲਈ ਵਰਤੀਆਂ ਜਾਣ ਵਾਲੀਆਂ ਲਾਗਤਾਂ 'ਤੇ ਵੀ ਲਾਗੂ ਹੋਣਗੀਆਂ।
ਚੰਡੀਗੜ੍ਹ, 9 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ ਅੱਜ ਸੂਬੇ 'ਚ ਜਿੱਥੇ 17 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਉੱਥੇ ਸੂਬੇ 'ਚ 11ਵੀਂ ਮੌਤ ਵੀ ਦਰਜ ਕੀਤੀ ਗਈ ਹੈ। ਇਕ ਮੌਤ ਬਰਨਾਲਾ ਜ਼ਿਲ੍ਹੇ ਨਾਲ ਅਤੇ ਇਕ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਦੱਸੀ ਜਾ ਰਹੀ ਹੈ। ਅੱਜ ਆਏ ਨਵੇਂ ਕੇਸਾਂ ਮਗਰੋਂ ਸੂਬੇ 'ਚ ਪੀੜਤ ਮਰੀਜ਼ਾਂ ਦੀ ਗਿਣਤੀ 130 'ਤੇ ਜਾ ਪੁੱਜੀ ਹੈ। ਸੂਬੇ 'ਚ ਵੱਖ-ਵੱਖ ਜ਼ਿਲ੍ਹਿਆਂ 'ਚ ਆਉਣ ਵਾਲੇ ਕੇਸਾਂ ਦੇ ਮਾਮਲੇ 'ਚ ਮੁਹਾਲੀ ਹਾਟਸਪਾਟ (ਪ੍ਰਮੁੱਖ ਕੇਂਦਰ) ਬਣਦਾ ਜਾ ਰਿਹਾ ਹੈ। ਅੱਜ ਇੱਥੇ ਆਏ ਇਕ ਹੋਰ ਕੇਸ ਨਾਲ ਮੁਹਾਲੀ 'ਚ ਕੁੱਲ ਕੇਸਾਂ ਦੀ ਗਿਣਤੀ 37 ਹੋ ਗਈ ਹੈ। ਸਿਹਤ ਵਿਭਾਗ ਵਲੋਂ ਅੱਜ ਤੱਕ ਦੇ ਜਾਰੀ ਅੰਕੜਿਆਂ ਅਨੁਸਾਰ 3192 ਸ਼ੱਕੀ ਵਿਅਕਤੀਆਂ ਦੀ ਜਾਂਚ ਲਈ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 2777 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਜਦਕਿ 285 ਮਾਮਲਿਆਂ 'ਚ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤਕ ਮੁਹਾਲੀ 'ਚ 37, ਨਵਾਂਸ਼ਹਿਰ 'ਚ 19, ਲੁਧਿਆਣਾ 'ਚ 10, ਮਾਨਸਾ 'ਚ 11, ਅੰਮ੍ਰਿਤਸਰ 'ਚ 11, ਜਲੰਧਰ 'ਚ 11, ਹੁਸ਼ਿਆਰਪੁਰ 'ਚ 7, ਪਠਾਨਕੋਟ 'ਚ 7, ਮੋਗਾ 'ਚ 4, ਰੋਪੜ 'ਚ 3, ਫ਼ਤਹਿਗੜ੍ਹ ਸਾਹਿਬ 'ਚ 2, ਫ਼ਰੀਦਕੋਟ 'ਚ 2, ਬਰਨਾਲਾ 'ਚ 2, ਪਟਿਆਲਾ 'ਚ 1, ਕਪੂਰਥਲਾ 'ਚ 1, ਸ੍ਰੀ ਮੁਕਤਸਰ ਸਾਹਿਬ 'ਚ 1 ਤੇ ਸੰਗਰੂਰ 'ਚ 1 ਕੇਸ ਸਾਹਮਣੇ ਆਇਆ ਹੈ, ਜਦਕਿ ਕੁੱਲ ਕੇਸਾਂ 'ਚੋਂ 18 ਮਰੀਜ਼ ਸਿਹਤਯਾਬ ਵੀ ਹੋ ਗਏ ਹਨ, ਜਿਨ੍ਹਾਂ 'ਚੋਂ ਮੁਹਾਲੀ ਤੋਂ 5, ਨਵਾਂਸ਼ਹਿਰ ਤੋਂ 8, ਲੁਧਿਆਣਾ ਤੋਂ 1, ਜਲੰਧਰ ਤੋਂ 3, ਹੁਸ਼ਿਆਰਪੁਰ ਤੋਂ 1 ਮਰੀਜ਼ ਤੰਦਰੁਸਤ ਹੋਇਆ ਹੈ।
ਜ਼ਿਲ੍ਹਾ ਸੰਗਰੂਰ 'ਚ ਪਹਿਲਾ ਮਾਮਲਾ
ਸੰਗਰੂਰ, ਮਸਤੂਆਣਾ ਸਾਹਿਬ, 9 ਅਪ੍ਰੈਲ (ਧੀਰਜ ਪਸ਼ੌਰੀਆ, ਦਮਦਮੀ)-ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ 'ਤੇ ਪੀੜਤ ਵਿਅਕਤੀ ਦੇ ਪਿੰਡ ਗਗੜਪੁਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਪੁਲਿਸ ਨੇ ਪਿੰਡ ਦੀ ਚਾਰੇ ਪਾਸਿਓ ਪੂਰੀ ਨਾਕਾਬੰਦੀ ਕਰ ਦਿੱਤੀ ਹੈ। 65 ਸਾਲਾ ਪੀੜਤ ਵਿਅਕਤੀ ਪਿਛਲੇ 40 ਸਾਲਾਂ ਤੋਂ ਛਤੀਸਗੜ੍ਹ ਵਿਖੇ ਇਕ ਨਿੱਜੀ ਥਰਮਲ ਪਲਾਂਟ 'ਚ ਨੌਕਰੀ ਕਰਦਾ ਹੈ। ਉਹ ਛੱਤੀਸਗੜ੍ਹ ਤੋਂ ਦਿੱਲੀ ਪੁੱਜ ਕੇ 24 ਮਾਰਚ ਨੂੰ ਦਿੱਲੀ ਸਾਹਨੇਵਾਲ ਉਡਾਣ ਰਾਹੀਂ ਸਾਹਨੇਵਾਲ ਪੁੱਜਿਆ ਸੀ ਅਤੇ ਉਥੋਂ ਉਸ ਦੇ ਸਹੁਰੇ ਪਰਿਵਾਰ ਪਿੰਡ ਬੀਹਲਾ (ਬਰਨਾਲਾ) ਦਾ ਇਕ ਵਿਅਕਤੀ ਉਸ ਨੂੁੰ ਸਾਹਨੇਵਾਲ ਤੋਂ ਲੈ ਕੇ ਆਇਆ ਸੀ। ਉਸ ਦੇ ਚਾਰ ਪਰਿਵਾਰਕ ਮੈਂਬਰਾਂ ਨੂੰ ਮਸਤੂਆਣਾ ਸਾਹਿਬ ਵਿਖੇ ਆਈਸੋਲੇਸ਼ਨ 'ਚ ਭੇਜ ਦਿੱਤਾ ਗਿਆ ਹੈ।
ਜਲੰਧਰ, 9 ਅਪ੍ਰੈਲ (ਐੱਮ. ਐੱਸ. ਲੋਹੀਆ)-ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਅਧੀਨ ਕੋਵਿਡ-19 ਤੋਂ ਪੀੜਤ ਮਰੀਜ਼ ਪ੍ਰਵੀਨ ਸ਼ਰਮਾ (59) ਵਾਸੀ ਲਾਵਾਂ ਮੁਹੱਲਾ, ਮਿੱਠਾ ਬਾਜ਼ਾਰ, ਜਲੰਧਰ ਦੀ ਅੱਜ ਤੜਕੇ 2.30 ਵਜੇ ਦੇ ਕਰੀਬ ਮੌਤ ਹੋ ਗਈ। 4 ਅਪ੍ਰੈਲ ਤੋਂ ਸਿਵਲ ਹਸਪਤਾਲ 'ਚ ਦਾਖ਼ਲ ਹੋਏ ਆਯੁਰਵੈਦਿਕ ਦਵਾਈਆਂ ਦਾ ਕੰਮ ਕਰਨ ਵਾਲੇ ਪ੍ਰਵੀਨ ਸ਼ਰਮਾ ਦੀ ਹੋਈ ਮੌਤ ਨੂੰ ਅਧਿਕਾਰਤ ਤੌਰ 'ਤੇ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨਾਲ ਹੋਈ ਪਹਿਲੀ ਮੌਤ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਮਰੀਜ਼ਾਂ ਦੇ ਭੇਜੇ ਗਏ ਸੈਂਪਲਾਂ 'ਚ ਸਵੇਰੇ ਆਈਆਂ 4 ਰਿਪੋਰਟਾਂ 'ਚੋਂ 3 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਇਨ੍ਹਾਂ ਮਰੀਜ਼ਾਂ 'ਚੋਂ 2 ਮਰੀਜ਼ ਲਾਵਾਂ ਮੁਹੱਲੇ ਦੇ ਨੇੜਲੇ ਅਤੇ ਸ਼ਹਿਰ ਦੇ ਤੰਗ ਬਾਜ਼ਾਰਾਂ ਭੈਰੋਂ ਬਾਜ਼ਾਰ ਅਤੇ ਪੁਰਾਣੀ ਸਬਜ਼ੀ ਮੰਡੀ ਦੇ ਖੇਤਰ ਦੇ ਰਹਿਣ ਵਾਲੇ ਹਨ, ਜਦਕਿ ਤੀਸਰਾ ਮਰੀਜ਼ ਮਕਸੂਦਾਂ ਦੇ ਖੇਤਰ ਦਾ ਰਹਿਣ ਵਾਲਾ ਹੈ। ਇਸ ਨਾਲ ਸ਼ਹਿਰ ਦਾ ਸਾਰਾ ਹੀ ਪੁਰਾਣਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਪ੍ਰਵੀਨ ਸ਼ਰਮਾ ਦੇ ਸਾਰੇ ਪਰਿਵਾਰ ਸਮੇਤ ਉਨ੍ਹਾਂ ਦੀ ਕੰਮ ਵਾਲੀ, ਦੁੱਧ ਸਪਲਾਈ ਕਰਨ ਵਾਲੇ ਨੂੰ ਅਤੇ ਕੁਝ ਨਜ਼ਦੀਕੀਆਂ ਨੂੰ ਵੀ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕਰਕੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਲਾਕਾ ਵਾਸੀਆਂ ਦੇ ਭਾਰੀ ਵਿਰੋਧ ਤੋਂ ਬਾਅਦ ਹੋਇਆ ਸਸਕਾਰ
ਪ੍ਰਵੀਨ ਸ਼ਰਮਾ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਸਟਾਫ਼ ਨੇ ਸੇਫ਼ਟੀ ਕਿੱਟ 'ਚ ਪੈਕ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਪ੍ਰਵੀਨ ਸ਼ਰਮਾ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਹਰਨਾਮਦਾਸ ਪੁਰਾ ਮੁਹੱਲੇ ਦੇ ਸ਼ਮਸ਼ਾਨ ਘਾਟ 'ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਲਾਕਾ ਵਾਸੀਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਸ਼ਮਸ਼ਾਨਘਾਟ ਦੇ ਬਾਹਰ ਇਕੱਠੇ ਹੋ ਕੇ ਆਪਣੇ ਛੋਟੇ ਬੱਚਿਆਂ ਅਤੇ ਘਰ 'ਚ ਬੈਠੇ ਬਜ਼ੁਰਗਾਂ ਦੀ ਸਿਹਤ ਦਾ ਵਾਸਤਾ ਦਿੰਦੇ ਹੋਏ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਵੇਰੇ ਤੋਂ ਲਗਾਤਾਰ ਚੱਲ ਰਹੇ ਵਿਰੋਧ ਦੇ ਬਾਵਜੂਦ ਬਾਅਦ ਦੁਪਹਿਰ ਪ੍ਰਸ਼ਾਸਨ ਨੇ ਪ੍ਰਵੀਨ ਸ਼ਰਮਾ ਦੀ ਮ੍ਰਿਤਕ ਦੇਹ ਦਾ ਹਰਨਾਮਦਾਸ ਪੁਰਾ ਮੁਹੱਲੇ ਦੇ ਸ਼ਮਸ਼ਾਨਘਾਟ 'ਚ ਸਸਕਾਰ ਕਰ ਦਿੱਤਾ। ਇਸ ਦੌਰਾਨ ਸਸਕਾਰ 'ਚ ਰੁਕਾਵਟ ਪਾਉਣ ਵਾਲਿਆਂ 60 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 9 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਾਨਸਾ/ਬੁਢਲਾਡਾ, 9 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ/ਸਵਰਨ ਸਿੰਘ ਰਾਹੀ)-ਬੁਢਲਾਡਾ ਸ਼ਹਿਰ ਦੀ ਮਸਜਿਦ 'ਚ ਠਹਿਰੇ ਛੱਤੀਸਗੜ੍ਹ ਦੇ 10 ਮਰਦ ਤੇ ਔਰਤਾਂ 'ਚੋਂ 5 ਦੇ ਪਿਛਲੇ ਦਿਨੀਂ ਆਏ ਪਾਜ਼ੀਟਿਵ ਨਤੀਜਿਆਂ ਤੋਂ ਬਾਅਦ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਸਥਾਨਕ ਸ਼ਹਿਰ ਦੇ ਇਕੋ ਪਰਿਵਾਰ ਦੇ 4 ਜੀਆਂ ਸਮੇਤ 6 ਹੋਰਨਾਂ ਦੀਆਂ ਰਿਪੋਰਟਾਂ ਵੀ ਪਾਜ਼ੀਟਿਵ ਆਈਆਂ ਹਨ। ਹੁਣ ਮਾਨਸਾ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 11 ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਵੇਰ ਵੇਲੇ 8 ਜਾਣਿਆਂ ਦੀ ਰਿਪੋਰਟ ਨੈਗੇਟਿਵ ਆਈ ਸੀ। ਇਨ੍ਹਾਂ ਨਤੀਜਿਆਂ ਦੀ ਪੁਸ਼ਟੀ ਕਰਦਿਆਂ ਗੁਰਪਾਲ ਸਿੰਘ ਚਾਹਲ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਪਹਿਲਾਂ ਪਾਜ਼ੀਟਿਵ ਆਏ ਲੋਕਾਂ ਦੇ ਸੰਪਰਕ 'ਚ ਆਉਣ ਦੇ ਸ਼ੱਕ ਵਜੋਂ ਇਨ੍ਹਾਂ ਸਾਰੇ ਜਣਿਆਂ ਦੇ ਨਮੂਨੇ ਲੈਬਾਰਟਰੀ 'ਚ ਭੇਜੇ ਗਏ ਸਨ। ਹੁਣ ਤੱਕ ਪਾਜ਼ੀਟਿਵ ਆਏ ਇਨ੍ਹਾਂ 11 ਜਾਣਿਆਂ 'ਚ 4 ਔਰਤਾਂ ਤੇ 1 ਮਰਦ ਛੱਤੀਸਗੜ੍ਹ ਨਿਵਾਸੀ ਅਤੇ ਬੁਢਲਾਡਾ ਦੇ ਵਾਰਡ ਨੰਬਰ 4 ਤੇ 2 ਨਾਲ ਸਬੰਧਿਤ ਮੁਸਲਿਮ ਪਰਿਵਾਰਾਂ 'ਚੋਂ 3 ਔਰਤਾਂ, 1 ਪੁਰਸ਼ ਤੋਂ ਇਲਾਵਾ ਇਕ 14 ਸਾਲਾ ਲੜਕਾ ਅਤੇ ਇਕ 12 ਸਾਲਾ ਲੜਕੀ ਸ਼ਾਮਿਲ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਅਧੀਨ ਰੱਖਿਆ ਗਿਆ ਹੈ
ਲੁਧਿਆਣਾ, 9 ਅਪ੍ਰੈਲ (ਸਲੇਮਪੁਰੀ)-ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਅੱਜ 4 ਹੋਰ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 12 ਤੱਕ ਪਹੁੰਚ ਗਿਆ ਹੈ, ਇਨ੍ਹਾਂ ਮਰੀਜ਼ਾਂ 'ਚ ਇਕ ਔਰਤ ਜਲੰਧਰ ਤੇ ਦੂਜੀ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਹਨ। ਹੁਣ ਤੱਕ ਤਿੰਨ ਔਰਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਦੋ ਲੁਧਿਆਣਾ ਅਤੇ ਇਕ ਬਰਨਾਲਾ ਨਾਲ ਸਬੰਧਿਤ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸ਼ੱਕੀ ਕੋਰੋਨਾ ਪੀੜਤ ਮਰੀਜ਼ਾਂ ਦੇ 42 ਨਮੂਨੇ ਜਾਂਚ ਲਈ ਪ੍ਰਯੋਗਸ਼ਾਲਾ 'ਚ ਭੇਜੇ ਗਏ ਹਨ, ਜਿਨ੍ਹਾਂ 'ਚੋਂ 41 ਨਮੂਨਿਆਂ ਦੀ ਜਾਂਚ ਰਿਪੋਰਟ ਆਉਣਾ ਬਾਕੀ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਹੁਣ ਤੱਕ 507 ਮਰੀਜ਼ਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 442 ਨੈਗੇਟਿਵ ਪਾਏ ਗਏ ਹਨ। ਸਿਹਤ ਟੀਮਾਂ ਵਲੋਂ ਅੱਜ 156 ਮਰੀਜ਼ਾਂ ਦੀ ਸਰੀਰਕ ਜਾਂਚ ਕਰਨ ਉਪਰੰਤ 128 ਮਰੀਜ਼ਾਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ। ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਕੱਲ੍ਹ ਇਕ ਔਰਤ ਮਰੀਜ਼ ਜਿਸ ਦੀ ਹਾਲਤ ਗੰਭੀਰ ਸੀ, ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ 'ਚ ਆਈ ਸੀ, ਜਿਸ ਨੂੰ ਨਿੱਜੀ ਹਸਪਤਾਲ 'ਚ ਰੈਫਰ ਕਰਕੇ ਭੇਜਿਆ ਗਿਆ ਸੀ, ਨੇ ਉਸ ਦਾ ਇਲਾਜ ਕਰਨ ਦੀ ਬਜਾਏ ਅੱਗਿਉਂ ਕਿਸੇ ਹੋਰ ਨਿੱਜੀ ਹਸਪਤਾਲ 'ਚ ਭੇਜ ਦਿੱਤਾ ਸੀ, ਨਾਲ ਸਬੰਧਿਤ ਘਟਨਾਕ੍ਰਮ ਦੀ ਜਾਂਚ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਹੈ ਅਤੇ ਸਬੰਧਿਤ ਨਿੱਜੀ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।
ਮ੍ਰਿਤਕ ਔਰਤ ਵੀ ਕੋਰੋਨਾ ਪਾਜ਼ੀਟਿਵ ਨਿਕਲੀ
ਲੁਧਿਆਣਾ/ਮਹਿਲ ਕਲਾਂ, (ਸਲੇਮਪੁਰੀ, ਅਣਵਤਾਰ ਸਿੰਘ ਅਣਖੀ, ਤਰਸੇਮ ਸਿੰਘ ਚੰਨਣਵਾਲ)- ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਦੀ ਇਕ ਮਰੀਜ਼ ਔਰਤ ਕਰਮਜੀਤ ਕੌਰ ਵਾਸੀ ਮਹਿਲ ਕਲਾਂ ਜੋ ਫੋਰਟਿਸ ਹਸਪਤਾਲ ਲੁਧਿਆਣਾ ਵਿਚ ਜ਼ੇਰੇ ਇਲਾਜ ਸੀ, ਦੀ ਕੱਲ੍ਹ ਬਾਅਦ ਦੁਪਹਿਰ ਮੌਤ ਹੋ ਗਈ ਸੀ ਦੇ ਨਮੂਨੇ ਦੀ ਜਾਂਚ ਰਿਪੋਰਟ ਆਉਣ ਉਪਰੰਤ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਮ੍ਰਿਤਕਾ ਦੀ ਉਮਰ 52 ਸਾਲ ਦੇ ਕਰੀਬ ਸੀ। ਇਸ ਸਬੰਧੀ ਉਕਤ ਹਸਪਤਾਲ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ।
ਮ੍ਰਿਤਕ ਔਰਤ ਦਾ ਬੇਟਾ ਵੀ ਕੋਰੋਨਾ ਪਾਜ਼ੀਟਿਵ
ਲੁਧਿਆਣਾ (ਸਲੇਮਪੁਰੀ)-ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਲੁਧਿਆਣਾ ਸ਼ਹਿਰ ਦੇ ਇਲਾਕੇ ਅਮਰਪੁਰਾ ਦੀ ਇਕ ਮਰੀਜ਼ ਔਰਤ ਜਿਸ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ ਦੇ ਬੇਟੇ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਪੀੜਤ ਇਸ ਵੇਲੇ ਸਿਵਲ ਹਸਪਤਾਲ ਲੁਧਿਆਣਾ 'ਚ ਜੇਰੇ ਇਲਾਜ ਹੈ।
ਚੌਕੀਮਾਨ ਇਲਾਕੇ 'ਚ ਦੂਸਰਾ ਪਾਜ਼ੀਟਿਵ ਮਾਮਲਾ
ਚੌਂਕੀਮਾਨ, 9 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਚੌਂਕੀਮਾਨ ਇਲਾਕੇ 'ਚ ਕੋਰੋਨਾ ਦਾ ਦੂਸਰਾ ਮਾਮਲਾ ਪਾਜ਼ੀਟਿਵ ਆਉਣ ਨਾਲ ਸਹਿਮ ਦਾ ਮਾਹੌਲ ਹੈ। ਕੁਝ ਦਿਨ ਪਹਿਲਾਂ ਤਬਲੀਗੀ ਜਮਾਤ ਨਾਲ ਸਬੰਧਿਤ ਗੁੱਜਰ ਪਰਿਵਾਰ ਜੋ ਕਿ ਮਰਕਜ਼ 'ਚ ਆਪਣੀ ਹਾਜ਼ਰੀ ਲਗਵਾ ਕੇ ਆਏ ਸਨ, ਇਨ੍ਹਾਂ 'ਚੋਂ ਇਕ ਨੌਜਵਾਨ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਜਗਰਾਉਂ 'ਚ ਕੋਰੋਨਾ ਦੀ ਦਸਤਕ
ਜਗਰਾਉਂ, 9 ਅਪ੍ਰੈਲ (ਜੋਗਿੰਦਰ ਸਿੰਘ, ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਇਲਾਕਾ ਵੀ ਕੋਰੋਨਾ ਦੀ ਮਾਰ ਹੇਠ ਆ ਗਿਆ ਹੈ। ਪਿੰਡ ਚੌਂਕੀਮਾਨ ਤੋਂ ਬਾਅਦ ਪਿੰਡ ਗੁੜ੍ਹੇੇ ਤੇ ਪਿੰਡ ਰਾਮਗੜ੍ਹ ਭੁੱਲਰ ਦਾ ਵੀ ਇਕ-ਇਕ ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਅੱਜ ਇਨ੍ਹਾਂ ਦੀਆਂ ਰਿਪੋਰਟਾਂ ਆਉਂਦਿਆਂ ਹੀ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
6624 'ਤੇ ਪਹੁੰਚਿਆ ਪੀੜਤਾਂ ਦਾ ਅੰਕੜਾ
ਨਵੀਂ ਦਿੱਲੀ, 9 ਅਪ੍ਰੈਲ (ਉਪਮਾ ਡਾਗਾ ਪਾਰਥ)-ਪਿਛਲੇ ਤਕਰੀਬਨ ਇਕ ਹਫ਼ਤੇ ਤੋਂ ਹਰ ਰੋਜ਼ ਲਗਾਤਾਰ 500 ਤੋਂ ਵੱਧ ਕੋਰੋਨਾ ਪ੍ਰਭਾਵਿਤ ਮਾਮਲੇ ਸਾਹਮਣੇ ਆਉਣ ਦੀ ਰਫ਼ਤਾਰ ਦੀ ਤਰਜ਼ 'ਤੇ ਵੀਰਵਾਰ ਨੂੰ ਵੀ ਕੋਰੋਨਾ ਦੇ 591 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਦੇਸ਼ 'ਚ ਕੁੱਲ ਪੁਸ਼ਟ ਮਾਮਲਿਆਂ ਦੀ ਗਿਣਤੀ 6624 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ 76 ਮਰੀਜ਼ਾਂ ਦੀ ਮੌਤ ਨਾਲ ਹੁਣ ਤੱਕ ਕੁੱਲ ਮੌਤਾਂ ਦਾ ਅੰਕੜਾ 225 'ਤੇ ਪਹੁੰਚ ਗਿਆ ਹੈ, ਜਦ ਕਿ 596 ਲੋਕ ਠੀਕ ਹੋ ਚੁੱਕੇ ਹਨ।
ਨਿੱਜੀ ਸੁਰੱਖਿਆ ਕਿੱਟਾਂ
ਨਿੱਜੀ ਸੁਰੱਖਿਆ ਕਿੱਟਾਂ (ਪੀ. ਪੀ. ਈ.) ਐਨ-95 ਮਾਸਕ ਅਤੇ ਵੈਂਟੀਲੇਟਰ ਦੀ ਕਿੱਲਤ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆਈ ਸਰਕਾਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਹਰ ਥਾਂ ਤੇ ਪੀ. ਪੀ. ਈ. ਕਿੱਟਾਂ ਦੀ ਜ਼ਰੂਰਤ ਨਹੀਂ ਹੈ। ਸਿਹਤ ਮੰਤਰਾਲੇ ਵਲੋਂ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਜਿਥੇ ਖ਼ਤਰਾ ਹੈ, ਉਥੇ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅਗਰਵਾਲ ਨੇ ਇਹ ਵੀ ਕਿਹਾ ਕਿ ਸਰਕਾਰ ਨੇ 1.7 ਕਰੋੜ ਕਿੱਟਾਂ ਦਾ ਆਰਡਰ ਦਿੱਤਾ ਹੈ, ਜਿਸ ਦੀ ਸਪਲਾਈ ਆਉਣ ਵਾਲੀ ਹੈ। ਕਿੱਟਾਂ ਤੋਂ ਇਲਾਵਾ ਐਨ-95 ਮਾਸਕ ਲਈ ਵੀ ਇੰਝ ਹੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਐਨ-95 ਮਾਸਕ ਦੀ 8 ਘੰਟੇ ਤੱਕ ਵਰਤੋਂ ਕੀਤੀ ਜਾ ਸਕਦੀ ਹੈ। ਸਿਹਤ ਮੰਤਰਾਲੇ ਮੁਤਾਬਿਕ ਕੋਰੋਨਾ ਮਾਮਲਿਆਂ ਨੂੰ ਘੱਟ, ਮੱਧਮ ਅਤੇ ਉੱਚ ਦਰਜੇ ਦੇ ਖ਼ਤਰੇ 'ਚ ਵੰਡਿਆ ਜਾ ਸਕਦਾ ਹੈ। ਉੱਚ ਦਰਜੇ ਦੇ ਖ਼ਤਰੇ ਵਾਲੇ ਨੂੰ ਪੂਰੇ ਪੀ. ਪੀ. ਈ. ਦੀ ਜਿਸ 'ਚ ਮਾਸਕ ਤੋਂ ਇਲਾਵਾ, ਬੂਟ, ਹੈਡਗੇਅਰ ਸਮੇਤ ਪੂਰਾ ਸੂਟ ਸ਼ਾਮਿਲ ਹੈ। ਜਦ ਕਿ ਮੱਧਮ ਦਰਜੇ ਦੇ ਖ਼ਤਰੇ ਦੇ ਸਮੇਂ ਐਨ-95 ਮਾਸਕ ਦੀ ਲੋੜ ਹੁੰਦੀ ਹੈ। ਮੰਤਰਾਲੇ ਨੇ ਕੋਰੋਨਾ ਦੇ ਮਾਮਲਿਆਂ 'ਚ ਪ੍ਰਭਾਵੀ ਮੰਨੀ ਜਾਣ ਵਾਲੀ ਹਾਈਡ੍ਰੋਕਸੀਕਲੋਰੋਕਵੀਨ ਦਵਾਈ ਬਾਰੇ ਵੀ ਆਪਣਾ ਪੱਖ ਮੁੜ ਦੁਹਰਾਉਂਦਿਆਂ ਕਿਹਾ ਕਿ ਇਸ ਦਵਾਈ ਨੂੰ ਸਿਰਫ਼ ਡਾਕਟਰ ਦੀ ਸਲਾਹ 'ਤੇ ਹੀ ਦਿੱਤਾ ਜਾਣਾ ਚਾਹੀਦਾ ਹੈ। ਲਵ ਅਗਰਵਾਲ ਨੇ ਪ੍ਰੈੱਸ ਕਾਨਫ਼ਰੰਸ 'ਚ ਮੁੜ ਦੁਹਰਾਉਂਦਿਆਂ ਕਿਹਾ ਕਿ ਸ਼ੂਗਰ, ਕਿਡਨੀ ਅਤੇ ਦਿਲ ਦੇ ਮਰੀਜ਼ਾਂ ਲਈ ਇਸ ਦਵਾਈ ਨੂੰ ਵਰਤਣ ਦੀ ਤਜਵੀਜ਼ ਨਹੀਂ ਕੀਤੀ ਜਾਂਦੀ।
ਤਾਲਾਬੰਦੀ ਵਧਾਉਣ ਵਾਲਾ ਪਹਿਲਾ ਰਾਜ ਬਣਿਆ ਓਡੀਸ਼ਾ
ਕੇਂਦਰ ਸਰਕਾਰ ਵਲੋਂ ਤਾਲਾਬੰਦੀ ਵਧਾਉਣ ਦੇ ਦਿੱਤੇ ਸੰਕੇਤਾਂ ਦਰਮਿਆਨ ਓਡੀਸ਼ਾ ਨੇ ਤਾਲਾਬੰਦੀ 30 ਅਪ੍ਰੈਲ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਕੂਲਾਂ ਅਤੇ ਸਿੱਖਿਅਕ ਸੰਸਥਾਵਾਂ 17 ਜੂਨ ਤੱਕ ਬੰਦ ਰੱਖਣ ਦਾ ਵੀ ਫ਼ੈਸਲਾ ਕੀਤਾ। ਸੂਬਾ ਸਰਕਾਰ ਇਸ ਸਬੰਧੀ 'ਚ ਕੇਂਦਰ ਨੂੰ ਸਿਫ਼ਾਰਸ਼ਾਂ ਭੇਜੇਗੀ।
ਭਾਰਤ ਵਿਚ ਕੋਰੋਨਾ ਨਾਲ ਪਹਿਲੇ ਡਾਕਟਰ ਦੀ ਮੌਤ
ਇੰਦੌਰ, 9 ਅਪ੍ਰੈਲ (ਏਜੰਸੀ)-ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨਾਲ ਇਕ ਡਾਕਟਰ ਦੀ ਮੌਤ ਹੋ ਗਈ ਤੇ ਇਸ ਤਰ੍ਹਾਂ ਇੰਦੌਰ 'ਚ ਮਰਨ ਵਾਲੇ ਲੋਕਾਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ। ਇੰਦੌਰ ਦੇ ਮੁੱਖ ਸਿਹਤ ਅਧਿਕਾਰੀ ਡਾ. ਪ੍ਰਵੀਨ ਜਾਡੀਆ ਦਾ ਕਹਿਣਾ ਹੈ ਕਿ 62 ਸਾਲਾ ਡਾਕਟਰ ਪਿਛਲੇ ਕਈ ਦਿਨਾਂ ਤੋਂ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ ਤੇ ਇਸੇ ਦੌਰਾਨ ਹੀ ਉਹ ਕੋਰੋਨਾ ਦਾ ਸ਼ਿਕਾਰ ਹੋ ਗਿਆ। ਦੋ ਦਿਨ ਪਹਿਲਾਂ ਹੀ ਡਾਕਟਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਤੇ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਮੱਧ ਪ੍ਰਦੇਸ਼ 'ਚ ਕੋਰੋਨਾ ਕਾਰਨ ਡਾਕਟਰ ਦੀ ਮੌਤ ਹੋਣ ਦਾ ਇਹ ਪਹਿਲਾ ਮਾਮਲਾ ਹੈ।
ਚੰਡੀਗੜ੍ਹ, 9 ਅਪ੍ਰੈਲ (ਪੀ. ਟੀ. ਆਈ.)-ਪੰਜਾਬ ਸਰਕਾਰ ਨੇ ਵੀਰਵਾਰ ਨੂੰ ਕੋਵਿਡ-19 ਦੇ ਫੈਲਣ ਕਾਰਨ ਲੋਕਾਂ ਲਈ ਮੂੰਹ 'ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਆਪਣੇ ਫੇਸਬੁੱਕ ਪੇਜ 'ਤੇ ਕੀਤਾ। ਉਨ੍ਹਾਂ ਆਪਣੀ ਪੋਸਟ 'ਚ ...
ਮੇਜਰ ਸਿੰਘ
ਜਲੰਧਰ, 9 ਅਪ੍ਰੈਲ-ਕੋਰੋਨਾ ਵਾਇਰਸ ਤੋਂ ਲਾਕਡਾਊਨ ਹੇਠ ਚੱਲ ਰਹੇ ਭਾਰਤ 'ਚ ਮੋਦੀ ਸਰਕਾਰ ਨੇ ਪਿਛਲੇ ਦਿਨੀਂ ਖੁਰਾਕੀ ਵਸਤਾਂ ਦੀ ਆਵਾਜਾਈ ਬਰਕਰਾਰ ਰੱਖਣ ਲਈ ਟਰੱਕਾਂ ਨੂੰ ਚੱਲਣ ਦੀ ਖੁੱਲ੍ਹ ਦਾ ਫ਼ੈਸਲਾ ਕੀਤਾ ਸੀ ਤੇ ਇਸੇ ਫ਼ੈਸਲੇ ਤਹਿਤ ਪੰਜਾਬ ਸਰਕਾਰ ਦੇ ...
ਵਾਸ਼ਿੰਗਟਨ/ਪੈਰਿਸ/ਮੈਡਰਿਡ/ਤਹਿਰਾਨ, 9 ਅਪ੍ਰੈਲ (ਏਜੰਸੀ)-ਦੁਨੀਆ ਭਰ 'ਚ ਮਹਾਂਮਾਰੀ ਬਣ ਕੇ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 93 ਹਜ਼ਾਰ ਨੂੰ ਪਾਰ ਕਰ ਗਈ ਹੈ ਜਦਕਿ ਪੀੜਤਾਂ ਦੀ ਗਿਣਤੀ ਵੀ 15 ਲੱਖ ਤੋਂ ਟੱਪ ਗਈ ਹੈ। ਇਸ ਦੌਰਾਨ ਅਮਰੀਕਾ 'ਚ ...
ਚੰਡੀਗੜ੍ਹ, 9 ਅਪ੍ਰੈਲ (ਬਿਊਰੋ ਚੀਫ਼)-ਪੰਜਾਬ ਮੰਤਰੀ ਮੰਡਲ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੱਲ੍ਹ ਵੀਡੀਓ ਕਾਨਫਰੰਸ ਰਾਹੀਂ ਲਈ ਜਾ ਰਹੀ ਬੈਠਕ ਵਲੋਂ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਕੁਝ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਣਾ ...
ਜੰਡਿਆਲਾ ਗੁਰੂ, 9 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ, ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਸ਼ਹਿਰ 'ਚ ਇੰਗਲੈਂਡ ਤੋਂ ਕੁਝ ਦਿਨ ਪਹਿਲਾਂ ਆਏ ਇਕ ਨੌਜਵਾਨ (23) ਦਾ ਕੋਵਿਡ-19 ਦਾ ਟੈਸਟ ਅੱਜ ਪਾਜ਼ੀਟਿਵ ਆਉਣ ਨਾਲ ਇਲਾਕੇ 'ਚ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਜੰਡਿਆਲਾ ਗੁਰੂ ...
ਚੰਡੀਗੜ੍ਹ, 9 ਅਪ੍ਰੈਲ (ਐਨ.ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਕੋਰੋਨਾ ਵਾਇਰਸ ਨਾਲ ਜੂਝ ਰਹੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼, ਦਰਜਾ ਚਾਰ ਕਰਮਚਾਰੀਆਂ, ਐਂਬੂਲੈਂਸ ਸਟਾਫ਼ ਤੇ ਲੈਬਾਰਟਰੀ ਸਟਾਫ਼ ਦੇ ਨਾਲ-ਨਾਲ ਦੇਖਭਾਲ 'ਚ ਲੱਗੇ ...
ਨਵੀਂ ਦਿੱਲੀ, 9 ਅਪ੍ਰੈਲ (ਏਜੰਸੀ)- ਭਾਰਤੀ ਰੇਲਵੇ ਨੇ ਵੀਰਵਾਰ ਨੂੰ ਉਨ੍ਹਾਂ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਸੀ ਕਿ 21 ਦਿਨਾਂ ਦੇ ਦੇਸ਼-ਵਿਆਪੀ ਲਾਕਡਾਊਨ ਦੇ ਖ਼ਤਮ ਹੋਣ ਦੇ ਬਾਅਦ 15 ਅਪ੍ਰੈਲ ਤੋਂ ਰੇਲ ਗੱਡੀਆਂ ਦਾ ਸੰਚਾਲਨ ਫਿਰ ਤੋਂ ...
ਵਾਸ਼ਿੰਗਟਨ, 9 ਅਪ੍ਰੈਲ (ਏਜੰਸੀ)- ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐਮ. ਐਫ.) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲੀਨਾ ਜਾਰਗੀਏਵਾ ਨੇ ਵੀਰਵਾਰ ਨੂੰ ਕਿਹਾ ਕਿ ਸਾਲ 2020 'ਚ ਕੋਰੋਨਾ ਵਾਇਰਸ ਦੇ ਚੱਲਦਿਆਂ 1930 ਦੇ ਦਹਾਕੇ 'ਚ ਆਈ ਮਹਾਂਮੰਦੀ ਤੋਂ ਬਾਅਦ ਸਭ ਤੋਂ ਭੈੜੀ ਵਿਸ਼ਵ ਆਰਥਿਕ ...
ਅੰਮ੍ਰਿਤਸਰ, 9 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਕਿ ਕੰਟਰੋਲ ਰੇਖਾ ਦੇ ਨਾਲ ਲੱਗਦੇ ਹਵਾਈ ਖ਼ੇਤਰ 'ਚ ਕਥਿਤ ਉਲੰਘਣਾ ਨੂੰ ਲੈ ਕੇ ਉਨ੍ਹਾਂ ਨੇ ਇਕ ਭਾਰਤੀ ਛੋਟੇ ਨਿਗਰਾਨੀ ਡਰੋਨ ਨੂੰ ਸੁੱਟਣ 'ਚ ਕਾਮਯਾਬੀ ਹਾਸਲ ਕੀਤੀ ਹੈ। ਪਾਕਿਸਤਾਨੀ ਸੈਨਾ ...
ਬੀਜਿੰਗ/ਵੁਹਾਨ, 9 ਅਪ੍ਰੈਲ (ਏਜੰਸੀ)- ਚੀਨ 'ਚ ਕੋਰੋਨਾ ਵਾਇਰਸ ਦੇ 63 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ 'ਤੇ ਤਾਜ਼ਾ ਗਿਣਤੀ 1,104 'ਤੇ ਪੁੱਜ ਗਈ ਹੈ, ਭਾਵੇਂ ਕਿ ਬੀਤੇ ਦਿਨ ਵਿਸ਼ਵ 'ਚ ਮਹਾਂਮਾਰੀ ਦਾ ਰੂਪ ਧਾਰਨ ਕਰਕੇ ਫੈਲਣ ਵਾਲੇ ਕੋਰੋਨਾ ਵਾਇਰਸ ਦਾ ਕੇਂਦਰ ਬਿੰਦੂ ਰਹੇ ਵੁਹਾਨ ...
ਇਸਲਾਮਾਬਾਦ, 9 ਅਪ੍ਰੈਲ (ਏਜੰਸੀ)-ਪਾਕਿਸਤਾਨ ਨੇ ਅੱਜ ਅਫ਼ਗਾਨਿਸਤਾਨ ਤੋਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟਸ ਖੋਰਾਸਨ (ਆਈ.ਐਸ.ਆਈ.ਐਸ-ਕੇ) ਦੇ ਮੁਖੀ ਅਸਲਮ ਫ਼ਾਰੂਕੀ ਦੀ ਸਪੁਰਦਗੀ ਦੀ ਮੰਗ ਕੀਤੀ ਹੈ, ਜਿਸ ਨੂੰ ਪਿਛਲੇ ਮਹੀਨੇ ਕਾਬੁਲ ਦੇ ਇਤਿਹਾਸਕ ਗੁਰਦੁਆਰੇ 'ਤੇ ਹੋਏ ...
ਨਵੀਂ ਦਿੱਲੀ, 9 ਅਪ੍ਰੈਲ (ਉਪਮਾ ਡਾਗਾ ਪਾਰਥ)-ਤਾਲਾਬੰਦੀ ਦੀ ਮਾਰ ਝੱਲ ਰਹੇ ਪ੍ਰਿੰਟ ਮੀਡੀਆ ਨੂੰ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ। ਇੰਡੀਅਨ ਨਿਊਜ਼ਪੇਪਰ ਸੁਸਾਇਟੀ ਦੇ ਪ੍ਰਧਾਨ ਸੈਲੇਸ਼ ਗੁਪਤਾ ਨੇ ਇਸ ਸਬੰਧ 'ਚ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ...
ਨਵੀਂ ਦਿੱਲੀ, 9 ਅਪ੍ਰੈਲ (ਏਜੰਸੀ)- ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਦੇ ਚੱਲਦਿਆਂ ਭਾਰਤ 'ਚ ਮਾਰਚ ਮਹੀਨੇ ਤੇਲ ਦੀ ਖ਼ਪਤ 18 ਫ਼ੀਸਦੀ ਘਟ ਗਈ ਹੈ, ਜੋ ਇਕ ਦਹਾਕੇ ਤੋਂ ਵੱਧ ਸਮੇਂ 'ਚ ਸਭ ਤੋਂ ਵੱਡੀ ਗਿਰਾਵਟ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਤਾਲਾਬੰਦੀ ਕਾਰਨ ਆਰਥਿਕ ਗਤੀਵਿਧੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX