ਚੀਨ ਵਿਚ ਦਸੰਬਰ ਦੇ ਮਹੀਨੇ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਨਾਲ ਹੁਣ ਤੱਕ ਦੁਨੀਆ ਭਰ 'ਚ 1,71,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਹੋਰ ਗੰਭੀਰ ਸਥਿਤੀ ਇਹ ਬਣੀ ਹੋਈ ਹੈ ਕਿ ਇਸ ਦੇ ਮਰੀਜ਼ਾਂ ਦੀ ਗਿਣਤੀ 25 ਲੱਖ ਤੋਂ ਵਧ ਚੁੱਕੀ ਹੈ। ਜਿਥੇ ਲਗਾਤਾਰ ਵਧਦੇ ਇਨ੍ਹਾਂ ਅੰਕੜਿਆਂ ਨੇ ਦੁਨੀਆ ਭਰ 'ਚ ਹਲਚਲ ਮਚਾ ਰੱਖੀ ਹੈ, ਉਥੇ ਹੀ ਇਸ ਬਿਮਾਰੀ ਨੂੰ ਰੋਕਣ ਲਈ ਤੇਜ਼ੀ ਨਾਲ ਕਿਸੇ ਟੀਕੇ ਜਾਂ ਗੋਲੀ ਦੀ ਖੋਜ ਕਰਨ ਸਬੰਧੀ ਵੀ ਲਗਾਤਾਰ ਵੱਡੀ ਪੱਧਰ 'ਤੇ ਯਤਨ ਸ਼ੁਰੂ ਹੋ ਗਏ ਹਨ। ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿਚ ਖੋਜ ਦੇ ਸਿਹਤ ਕੇਂਦਰਾਂ 'ਚ ਅਤੇ ਦਵਾਈਆਂ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਦੀਆਂ ਲੈਬਾਰਟਰੀਆਂ 'ਚ ਇਹ ਖੋਜ ਲਗਾਤਾਰ ਜਾਰੀ ਹੈ। ਇਕ ਅੰਦਾਜ਼ੇ ਅਨੁਸਾਰ ਇਸ ਸਮੇਂ 70 ਤੋਂ ਵੀ ਵਧੇਰੇ ਡਾਕਟਰੀ ਖੇਤਰ ਨਾਲ ਸਬੰਧਿਤ ਅਦਾਰੇ ਨਿਰੰਤਰ ਆਪਣੇ ਕੰਮ 'ਚ ਜੁਟੇ ਹੋਏ ਹਨ।
ਇਨ੍ਹਾਂ 'ਚੋਂ 5 ਅਦਾਰਿਆਂ ਨੂੰ ਕਾਫੀ ਸਫਲਤਾ ਵੀ ਮਿਲ ਰਹੀ ਜਾਪਦੀ ਹੈ। ਹੁਣ ਇਨ੍ਹਾਂ ਟੀਕਿਆਂ ਅਤੇ ਦਵਾਈਆਂ ਦੀ ਤਜਰਬੇ ਦੇ ਤੌਰ 'ਤੇ ਵਰਤੋਂ ਵੀ ਕੀਤੀ ਜਾਣ ਲੱਗੀ ਹੈ। ਇਨ੍ਹਾਂ 'ਚੋਂ ਨਿਕਲਦੇ ਨਤੀਜੇ ਕਾਫੀ ਸੰਤੁਸ਼ਟੀਜਨਕ ਵੀ ਕਹੇ ਜਾਂਦੇ ਹਨ। ਇੰਗਲੈਂਡ ਦੀ 'ਆਕਸਫੋਰਡ ਯੂਨੀਵਰਸਿਟੀ' ਦੇ ਖੋਜਾਰਥੀਆਂ ਨੇ ਇਹ ਕਿਹਾ ਹੈ ਕਿ ਆਉਂਦੇ ਸਤੰਬਰ ਦੇ ਮਹੀਨੇ ਤੱਕ ਇਸ ਸਬੰਧੀ ਦਵਾਈ ਨੂੰ ਤਿਆਰ ਕਰ ਲਿਆ ਜਾਏਗਾ। ਵਿਸ਼ਵ ਸਿਹਤ ਸੰਸਥਾ ਵੀ ਲਗਾਤਾਰ ਕੀਤੇ ਜਾ ਰਹੇ ਇਨ੍ਹਾਂ ਤਜਰਬਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਨ੍ਹਾਂ ਪ੍ਰਯੋਗਸ਼ਾਲਾਵਾਂ 'ਚ ਖੋਜ ਲਈ ਪਹਿਲਾਂ ਕਈ ਮਹਾਂਮਾਰੀਆਂ ਦਾ ਰੂਪ ਲੈ ਚੁੱਕੀਆਂ ਬਿਮਾਰੀਆਂ ਦੀ ਰੋਕਥਾਮ ਲਈ ਵਰਤੇ ਗਏ ਟੀਕਿਆਂ ਅਤੇ ਗੋਲੀਆਂ ਨੂੰ ਵੀ ਆਧਾਰ ਬਣਾਇਆ ਜਾ ਰਿਹਾ ਹੈ। ਮਿਸਾਲ ਦੇ ਤੌਰ 'ਤੇ 'ਇਬੋਲਾ' ਬਿਮਾਰੀ ਦੇ ਫੈਲਣ 'ਤੇ ਜਿਨ੍ਹਾਂ ਦਵਾਈਆਂ ਦੀ ਵਰਤੋਂ ਕੀਤੀ ਗਈ ਸੀ, ਉਨ੍ਹਾਂ ਦੇ ਸਾਲਟ ਨੂੰ ਖੰਗਾਲਿਆ ਜਾ ਰਿਹਾ ਹੈ। ਭਾਰਤ ਵਿਚ ਪੋਲੀਓ ਅਤੇ ਏਡਜ਼ ਲਈ ਵਰਤੀਆਂ ਜਾਂਦੀਆਂ ਦਵਾਈਆਂ ਨੂੰ ਆਧਾਰ ਬਣਾ ਕੇ ਵੀ ਇਸ ਸਬੰਧੀ ਤਜਰਬੇ ਕੀਤੇ ਜਾ ਰਹੇ ਹਨ। ਇਸ ਸਮੇਂ ਸਭ ਤੋਂ ਉੱਤਮ ਮੰਨੀ ਜਾਣ ਵਾਲੀ ਦਵਾਈ ਰੈਮਡੀਸਿਵਿਰ (Remdes}v}r) ਹੈ ਜਿਸ ਨੂੰ 'ਇਬੋਲਾ' ਦੇ ਫੈਲਣ 'ਤੇ ਅਮਰੀਕਾ ਦੀ 'ਗਿਲੀਡ' ਨਾਂਅ ਦੀ ਮਸ਼ਹੂਰ ਕੰਪਨੀ ਨੇ ਬਣਾਇਆ ਸੀ। ਇਸੇ ਹੀ ਤਰ੍ਹਾਂ ਮਲੇਰੀਆ 'ਤੇ ਕਾਬੂ ਪਾਉਣ ਲਈ ਹਾਈਡ੍ਰੋਕਸੀਕੋਲੋਰੋਕੁਵੀਨ ਦਵਾਈ ਪ੍ਰਭਾਵਸ਼ਾਲੀ ਸਾਬਤ ਹੋਈ ਸੀ। ਇਸ ਨੂੰ ਹੁਣ ਵੀ ਵੱਡੀ ਮਾਤਰਾ 'ਚ ਅਫਰੀਕੀ ਦੇਸ਼ਾਂ 'ਚ ਵਰਤਿਆ ਜਾਂਦਾ ਹੈ। ਹੁਣ ਤੱਕ ਦਾ ਤਜਰਬਾ ਇਹ ਦੱਸਦਾ ਹੈ ਕਿ ਇਸ ਦਵਾਈ ਦੇ ਲੈਣ ਨਾਲ ਕੋਰੋਨਾ ਵਾਇਰਸ ਦੇ ਪੀੜਤ ਵਿਅਕਤੀ ਦੇ ਸਰੀਰ 'ਤੇ ਹੁੰਦੇ ਪ੍ਰਭਾਵ ਨੂੰ ਘਟਾਉਣ 'ਚ ਮਦਦ ਮਿਲਦੀ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਵੀ ਭਾਰਤ 'ਚ ਬਣਦੀ ਇਸ ਦਵਾਈ ਦੀ ਪ੍ਰਸੰਸਾ ਕੀਤੀ ਸੀ। ਅਮਰੀਕਾ ਅਤੇ ਚੀਨ ਵਿਚ ਵੀ ਦੋ ਅਜਿਹੇ ਟੀਕੇ ਤਿਆਰ ਕਰ ਕੇ ਉਨ੍ਹਾਂ ਦੀ ਪਰਖ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਭਾਰਤ ਵਿਚ 'ਸਿਰਮ ਇੰਸਟੀਚਿਊਟ ਆਫ ਇੰਡੀਆ' ਅਤੇ 'ਜ਼ਾਇਡਜ਼ ਕੈਡਿਲਾ' ਨਾਂਅ ਦੀਆਂ ਦੋ ਕੰਪਨੀਆਂ ਵੀ ਇਸ ਖੋਜ 'ਚ ਜੁਟੀਆਂ ਹੋਈਆਂ ਹਨ। ਏਡਜ਼ ਦੇ ਮਰੀਜ਼ਾਂ ਲਈ ਰਿਟੋਨੈਵਿਰ ਤੇ ਲੋਪੀਨੈਵਿਰ ਨਾਂਅ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਂਦੇ ਰਹੇ ਹਨ। ਚਾਹੇ ਇਹ ਸਾਰੇ ਤਜਰਬੇ ਇਕ ਹੀ ਦਿਸ਼ਾ ਵੱਲ ਕੀਤੇ ਜਾ ਰਹੇ ਹਨ ਪਰ ਹਾਲੇ ਤੱਕ ਇਨ੍ਹਾਂ ਦੀ ਸਫਲਤਾ ਸਬੰਧੀ ਯਕੀਨ ਦੀ ਹੱਦ ਤੱਕ ਦਾਅਵਾ ਨਹੀਂ ਕੀਤਾ ਜਾ ਰਿਹਾ। ਇਸ ਸਮੇਂ ਸਭ ਤੋਂ ਪ੍ਰਭਾਵਸ਼ਾਲੀ ਦਵਾਈ 'ਰੈਮਡੀਸਿਵਿਰ' ਹੀ ਨਜ਼ਰ ਆਉਂਦੀ ਹੈ ਜੋ ਕਿ ਕੋਰੋਨਾ ਵਾਇਰਸ ਦੇ ਗੰਭੀਰ ਮਰੀਜ਼ਾਂ ਲਈ ਪ੍ਰਭਾਵਸ਼ਾਲੀ ਬਣ ਸਕਦੀ ਹੈ। ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਨੇ ਵੀ ਹਾਮੀ ਭਰਨੀ ਸ਼ੁਰੂ ਕਰ ਦਿੱਤੀ ਹੈ। ਚਾਹੇ ਹਾਲੇ ਇਸ ਦਵਾਈ ਦੇ ਪੂਰੀ ਤਰ੍ਹਾਂ ਪ੍ਰਭਾਵੀ ਹੋਣ ਦੇ ਦਾਅਵੇ ਤਾਂ ਸਾਹਮਣੇ ਨਹੀਂ ਆਏ ਪਰ ਇਸ ਦੇ ਚੰਗੇ ਨਤੀਜੇ ਨਿਕਲਣ ਸਬੰਧੀ ਜ਼ਰੂਰ ਕਿਹਾ ਜਾਣ ਲੱਗਾ ਹੈ।
ਅੱਜ ਜਦੋਂ ਕਿ ਇਸ ਅਦਿੱਖ ਮਹਾਂਮਾਰੀ ਨੇ ਵਿਸ਼ਵ ਪੱਧਰ 'ਤੇ ਹਮਲਾ ਕੀਤਾ ਹੋਇਆ ਹੈ ਤਾਂ ਇਸ ਤੋਂ ਨਿਜਾਤ ਪਾਉਣ ਲਈ ਛੇਤੀ ਹੀ ਕਿਸੇ ਪ੍ਰਭਾਵਸ਼ਾਲੀ ਦਵਾਈ ਦੇ ਮਿਲ ਜਾਣ ਦੀ ਆਸ ਕੀਤੀ ਜਾ ਰਹੀ ਹੈ। ਪਰ ਇਸ ਤੋਂ ਪਹਿਲਾਂ ਦੁਨੀਆ ਭਰ ਦੇ ਦੇਸ਼ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਯਤਨਸ਼ੀਲ ਹਨ। ਭਾਰਤ ਅਤੇ ਕੁਝ ਹੋਰ ਦੇਸ਼ਾਂ ਵਿਚ ਵਰਤੀਆਂ ਜਾ ਰਹੀਆਂ ਤਾਲਾਬੰਦੀ ਵਰਗੀਆਂ ਸਾਵਧਾਨੀਆਂ ਨੇ ਵੀ ਹਾਲੇ ਤੱਕ ਨਾਗਰਿਕਾਂ ਨੂੰ ਬਹੁਤ ਵੱਡੇ ਨੁਕਸਾਨ ਤੋਂ ਬਚਾਈ ਰੱਖਿਆ ਹੈ, ਜਿਸ ਕਰਕੇ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਲੋਕ ਮਨਾਂ ਵਿਚ ਵਿਸ਼ਵਾਸ ਹੋਰ ਵੀ ਵਧਣ ਲੱਗਾ ਹੈ।
-ਬਰਜਿੰਦਰ ਸਿੰਘ ਹਮਦਰਦ
ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਨੇ ਸਾਡੀ ਹਲਚਲ ਨੂੰ ਰੋਕ ਦਿੱਤਾ ਹੈ ਅਤੇ ਸਾਨੂੰ ਕੀਹਦੇ ਲਈ ਅਤੇ ਕਿਉਂ ਬਾਰੇ ਸੋਚਣ ਵਿਚਾਰਨ ਲਈ ਇਕੱਲੇ ਛੱਡ ਦਿੱਤਾ ਹੈ। ਕੀ ਇਹ ਕਠੋਰ ਤੇ ਨਿਰਦਈ ਮੁਨਾਫ਼ਾਖੋਰੀ ਅਤੇ ਭਾਰੀ ਤਬਾਹੀ ਲਈ ਕੁਦਰਤ ਦਾ ਬਦਲਾ ਹੈ? ਜਾਂ ਫਿਰ ਇਹ ਆਪਣੇ ...
ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਸੂਬੇ ਵਿਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਇਸ ਵਾਰ ਕੋਰੋਨਾ ਦੇ ਚਲਦਿਆਂ ਕਣਕ ਖ਼ਰੀਦ ਦੌਰਾਨ ਸਰੀਰਕ ਦੂਰੀ ਬਣਾਈ ਰੱਖਣਾ ਆਪਣੇ ਆਪ ਵਿਚ ਇਕ ਵੱਡੀ ਚੁਣੌਤੀ ਸੀ। ਇਸ ਵਾਰ ਬੇਮੌਸਮੇ ਮੀਂਹ ਦੇ ਕਾਰਨ ਅਤੇ ਮੌਸਮ ਦੀ ਸਿੱਲ੍ਹ ਦੇ ...
ਪ੍ਰਸਿੱਧ ਬੰਗਲਾ ਲੇਖਕ ਅਤੇ ਨੋਬਲ ਪੁਰਸਕਾਰ ਜੇਤੂ ਡਾ: ਰਾਬਿੰਦਰ ਨਾਥ ਟੈਗੋਰ ਦੀ ਅਰਦਾਸ ਰੂਪ ਵਿਚ ਲਿਖੀ ਕਵਿਤਾ ਦੀ ਇਕ ਪੰਕਤੀ ਹਥਲੇ ਲੇਖ ਲਈ ਪ੍ਰੇਰਨਾ ਸ੍ਰੋਤ ਬਣੀ ਜਿਸ ਵਿਚ ਇਹ ਮਹਾਨ ਲੇਖਕ ਕਹਿੰਦਾ ਹੈ, 'ਇਕ ਅਜਿਹਾ ਦੇਸ਼ ਜਿੱਥੇ ਸੰਕੀਰਣ ਵਿਚਾਰਾਂ ਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX