ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਇਸ ਵੇਲੇ ਗਹਿਰੇ ਸੰਕਟ 'ਚੋਂ ਗੁਜ਼ਰ ਰਿਹਾ ਹੈ। ਪਹਿਲਾਂ ਕੋਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਇਸ ਵੱਡੇ ਦੇਸ਼ 'ਚ ਇਕ ਲੱਖ ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਅਰਬਾਂ ਡਾਲਰਾਂ ਦਾ ਨੁਕਸਾਨ ਹੋ ਚੁੱਕਾ ਹੈ। ਲੱਖਾਂ ਹੀ ਲੋਕ ਬੇਰੁਜ਼ਗਾਰ ਹੋ ਗਏ ਹਨ। ਹਰ ਪਾਸੇ ਹੈਰਾਨੀ ਅਤੇ ਪ੍ਰੇਸ਼ਾਨੀ ਦਾ ਆਲਮ ਹੈ। ਇਸ ਬਿਮਾਰੀ ਨੂੰ ਰੋਕਣ ਲਈ ਉਥੇ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਖ਼ਾਤਮੇ ਲਈ ਦਵਾਈ ਜਾਂ ਟੀਕਾ ਈਜਾਦ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਹਾਂਮਾਰੀ ਲਈ ਜਿਥੇ ਚੀਨ ਨੂੰ ਦੋਸ਼ੀ ਠਹਿਰਾਇਆ, ਉਥੇ ਸੰਯੁਕਤ ਰਾਸ਼ਟਰ ਦੀ ਸੰਸਥਾ 'ਵਿਸ਼ਵ ਸਿਹਤ ਸੰਗਠਨ' ਨੂੰ ਵੀ ਨਿਸ਼ਾਨੇ 'ਤੇ ਲਿਆ। ਪਿਛਲੇ ਦਿਨੀਂ ਰਾਸ਼ਟਰਪਤੀ ਟਰੰਪ ਨੇ ਇਸ ਸੰਸਥਾ ਨੂੰ ਉਸ ਦੇ ਦੇਸ਼ ਵਲੋਂ ਦਿੱਤੀ ਜਾਂਦੀ ਵੱਡੀ ਰਕਮ ਰੋਕਣ ਦਾ ਵੀ ਐਲਾਨ ਕਰ ਦਿੱਤਾ ਸੀ। ਹਾਲੇ ਤੱਕ ਵੀ ਅਮਰੀਕਾ ਇਸ ਭਿਆਨਕ ਸੰਕਟ ਨਾਲ ਜੂਝ ਰਿਹਾ ਹੈ।
ਇਸ ਤੋਂ ਇਲਾਵਾ ਅਮਰੀਕਾ ਸਿਰ ਇਕ ਹੋਰ ਮੁਸੀਬਤ ਆਣ ਪਈ ਹੈ। ਪਿਛਲੇ ਦਿਨੀਂ ਦੇਸ਼ ਦੇ ਮਿਨੀਸੋਟਾ ਸੂਬੇ ਦੇ ਸ਼ਹਿਰ ਮਿਨੀਐਪੋਲਿਸ 'ਚ ਇਕ ਅਫਰੀਕੀ-ਅਮਰੀਕੀ ਜਾਰਜ ਫਲੋਇਡ ਦੇ ਇਕ ਪੁਲਿਸ ਅਫਸਰ ਹੱਥੋਂ ਮਾਰੇ ਜਾਣ ਨੇ ਦੇਸ਼ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਡੈਅਰੈਕ ਚਾਓਵੀਨ ਨਾਂਅ ਦੇ ਇਸ ਪੁਲਿਸ ਅਫਸਰ ਨੇ ਜਿਸ ਤਰ੍ਹਾਂ ਫਲੋਇਡ ਨਾਲ ਵਿਵਹਾਰ ਕੀਤਾ, ਜਿਸ ਤਰ੍ਹਾਂ ਉਸ ਦੀ ਧੌਣ ਨੂੰ ਗੋਡੇ ਨਾਲ ਦੱਬੀ ਰੱਖਿਆ, ਜਿਸ ਨਾਲ ਉਸ ਦੀ ਮੌਤ ਹੋ ਗਈ, ਇਸ ਨਾਲ ਇਹ ਘਟਨਾ ਜੰਗਲ ਦੀ ਅੱਗ ਵਾਂਗ ਪੂਰੇ ਦੇਸ਼ 'ਚ ਫੈਲ ਗਈ। ਚਾਹੇ ਡੈਅਰੈਕ ਨੂੰ ਨੌਕਰੀ ਤੋਂ ਹਟਾ ਕੇ ਉਸ 'ਤੇ ਕਤਲ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਪਰ ਅਮਰੀਕਾ ਵਿਚ ਇਸ ਘਟਨਾ ਦੇ ਵਿਰੁੱਧ ਅੰਦੋਲਨ ਵੱਡੀ ਪੱਧਰ 'ਤੇ ਲੁੱਟਮਾਰ ਅਤੇ ਹਿੰਸਾ ਦਾ ਰੂਪ ਅਖ਼ਤਿਆਰ ਕਰ ਗਿਆ ਹੈ। ਇਹ ਹਿੰਸਾ ਦੇਸ਼ ਦੇ ਡੇਢ ਕੁ ਦਰਜਨ ਰਾਜਾਂ ਅਤੇ ਤਿੰਨ ਦਰਜਨ ਦੇ ਲਗਪਗ ਸ਼ਹਿਰਾਂ 'ਚ ਫੈਲ ਗਈ ਹੈ। ਹਿੰਸਕ ਅੰਦੋਲਨਕਾਰੀਆਂ ਨੂੰ ਕਾਬੂ ਕਰਨਾ ਪੁਲਿਸ, ਨੈਸ਼ਨਲ ਗਾਰਡ ਅਤੇ ਹੋਰ ਸੁਰੱਖਿਆ ਏਜੰਸੀਆਂ ਲਈ ਬੇਹੱਦ ਮੁਸ਼ਕਿਲ ਹੋਇਆ ਪਿਆ ਹੈ। ਗੱਲ ਇਥੋਂ ਤੱਕ ਪੁੱਜ ਗਈ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਵਾਸ਼ਿੰਗਟਨ ਡੀ.ਸੀ. 'ਚ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਊਸ ਨੂੰ ਘੇਰ ਕੇ ਉਥੇ ਹਿੰਸਕ ਮੁਜ਼ਾਹਰੇ ਕੀਤੇ, ਜਿਸ ਕਰਕੇ ਟਰੰਪ ਨੂੰ ਸੁਰੱਖਿਅਤ ਥਾਂ 'ਤੇ ਜਾਣਾ ਪਿਆ। ਹੁਣ ਤੱਕ ਪੁਲਿਸ ਨੇ ਥਾਂ ਪੁਰ ਥਾਂ ਸਖ਼ਤੀ ਵਰਤੀ ਹੈ। ਅੱਥਰੂ ਗੈਸ ਦੇ ਗੋਲੇ ਛੱਡੇ ਹਨ, ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਹਨ। ਹਥਿਆਰ ਲੈ ਕੇ ਚੱਲਣ 'ਤੇ ਪਾਬੰਦੀ ਲਗਾ ਦਿੱਤੀ ਹੈ। ਕਈ ਥਾਵਾਂ 'ਤੇ ਕਰਫ਼ਿਊ ਲਗਾ ਦਿੱਤਾ ਗਿਆ ਹੈ। ਅਨੇਕਾਂ ਹੀ ਲੋਕ ਮਾਰੇ ਜਾ ਚੁੱਕੇ ਹਨ। ਇਹ ਮਸਲਾ ਨਸਲਵਾਦ ਦਾ ਬਣ ਚੁੱਕਾ ਹੈ। ਜਿਥੋਂ ਤੱਕ ਨਸਲਵਾਦ ਦਾ ਸਬੰਧ ਹੈ, ਅਮਰੀਕਾ 'ਚ ਸੈਂਕੜੇ ਹੀ ਵਰ੍ਹਿਆਂ ਤੋਂ ਨਸਲਵਾਦ ਦਾ ਮੁੱਦਾ ਭਖਿਆ ਰਿਹਾ ਹੈ। ਇਸ ਨੇ ਸਮਾਜ ਦੇ ਟੁਕੜੇ ਕਰੀ ਰੱਖੇ ਹਨ। ਇਸ ਦੇਸ਼ 'ਚ ਅਫਰੀਕੀ-ਅਮਰੀਕੀ 15 ਫ਼ੀਸਦੀ ਦੇ ਕਰੀਬ ਹਨ ਪਰ ਸਮੇਂ-ਸਮੇਂ ਇਥੇ ਯੂਰਪੀ ਮੁਲਕਾਂ ਦੇ ਲੋਕਾਂ ਦੇ ਨਾਲ-ਨਾਲ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ 'ਚੋਂ ਹੀ ਲਗਾਤਾਰ ਲੋਕ ਇਥੇ ਆ ਕੇ ਵਸਦੇ ਰਹੇ ਹਨ। ਇਸ ਆਧਾਰ 'ਤੇ ਹੀ ਇਥੇ ਰੰਗ ਭੇਦ ਦਾ ਮਸਲਾ ਅਕਸਰ ਬਣਿਆ ਰਹਿੰਦਾ ਹੈ। ਚਾਹੇ ਸਮੇਂ-ਸਮੇਂ ਵੱਖ-ਵੱਖ ਪ੍ਰਸ਼ਾਸਨਾਂ ਨੇ ਇਸ ਨੂੰ ਘੱਟ ਕਰਨ ਦਾ ਵੱਡਾ ਯਤਨ ਕੀਤਾ। ਪਿਛਲੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਇਸ ਮਸਲੇ ਸਬੰਧੀ ਆਪਣੇ ਲਗਾਤਾਰ ਯਤਨਾਂ ਰਾਹੀਂ ਵੱਡਾ ਪ੍ਰਭਾਵ ਪਾਇਆ ਪਰ ਹਾਲੇ ਤੱਕ ਵੀ ਇਹ ਕਿਸੇ ਨਾ ਕਿਸੇ ਰੂਪ 'ਚ ਮਸਲਾ ਉੱਭਰਦਾ ਰਿਹਾ ਹੈ। ਹਾਲੇ ਤੱਕ ਵੀ ਅਫਰੀਕੀ-ਅਮਰੀਕੀ ਮੂਲ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਨ੍ਹਾਂ ਨਾਲ ਚਮੜੀ ਦੇ ਰੰਗ ਦੇ ਆਧਾਰ 'ਤੇ ਕਿਤੇ ਨਾ ਕਿਤੇ ਵਿਤਕਰਾ ਕੀਤਾ ਜਾਂਦਾ ਹੈ। ਮੁਕਾਬਲਤਨ ਉਨ੍ਹਾਂ ਕੋਲ ਨਾ ਤਾਂ ਜ਼ਿਆਦਾ ਨੌਕਰੀਆਂ ਹਨ ਨਾ ਹੀ ਉਨ੍ਹਾਂ ਦਾ ਜੀਵਨ ਬਹੁਤੇ ਦੂਸਰੇ ਅਮਰੀਕੀਆਂ ਦੇ ਬਰਾਬਰ ਹੈ।
ਅਜਿਹੇ ਬੇਹੱਦ ਨਾਜ਼ੁਕ ਸਮੇਂ ਦੇਸ਼ ਦਾ ਮੁਖੀ ਹੀ ਗੰਭੀਰ ਮਸਲੇ ਨੂੰ ਸੁਲਝਾਉਣ 'ਚ ਸਹਾਈ ਹੋ ਸਕਦਾ ਹੈ ਪਰ ਇਸ ਸਬੰਧੀ ਡੋਨਾਲਡ ਟਰੰਪ ਨੇ ਵੱਡੀ ਗੰਭੀਰਤਾ ਅਤੇ ਪ੍ਰੋੜ੍ਹ ਸੋਚ ਨਹੀਂ ਅਪਣਾਈ। ਇਸ ਦੀ ਬਜਾਏ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਭੜਕੇ ਮੁਜ਼ਾਹਰਾਕਾਰੀਆਂ ਨੂੰ ਚਿਤਾਵਨੀਆਂ ਹੀ ਦਿੱਤੀਆਂ ਅਤੇ ਉਨ੍ਹਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ। ਚਾਹੇ ਸ਼ੁਰੂ 'ਚ ਵਾਪਰੀ ਇਹ ਘਟਨਾ ਅਫਰੀਕੀ-ਅਮਰੀਕੀ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਹੋਰ ਵੱਡੀ ਪੱਧਰ 'ਤੇ ਸਹਿਯੋਗੀਆਂ ਦੇ ਹੱਕ 'ਚ ਰਹੀ ਸੀ ਪਰ ਜਿਵੇਂ-ਜਿਵੇਂ ਵੱਡੀ ਪੱਧਰ 'ਤੇ ਅਜਿਹੇ ਮੁਜ਼ਾਹਰੇ ਹਿੰਸਕ ਹੁੰਦੇ ਰਹੇ, ਜਿਵੇਂ-ਜਿਵੇਂ ਲੋਕਾਂ ਦੀਆਂ ਜਾਇਦਾਦਾਂ ਦਾ ਨੁਕਸਾਨ ਕੀਤਾ ਗਿਆ, ਵੱਡੇ ਤੇ ਛੋਟੇ ਸਟੋਰਾਂ ਨੂੰ ਲੁੱਟਿਆ ਗਿਆ, ਥਾਂ ਪੁਰ ਥਾਂ ਹਿੰਸਾ ਦਾ ਨੰਗਾ ਨਾਚ ਨੱਚਿਆ ਗਿਆ, ਉਸ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਇਨ੍ਹਾਂ ਮੁਜ਼ਾਹਰਾਕਾਰੀਆਂ ਖਿਲਾਫ਼ ਲਿਆ ਖੜ੍ਹੇ ਕੀਤਾ ਹੈ, ਜਿਸ ਨਾਲ ਅਮਰੀਕੀ ਸਮਾਜ ਦੇ ਹੋਰ ਵੀ ਤਿੜਕਣ ਦੇ ਆਸਾਰ ਨਜ਼ਰ ਆ ਰਹੇ ਹਨ। ਬਿਨਾਂ ਸ਼ੱਕ ਇਨ੍ਹਾਂ ਘਟਨਾਵਾਂ ਨੇ ਜਿਥੇ ਮੁਲਕ ਨੂੰ ਇਕ ਤਰ੍ਹਾਂ ਨਾਲ ਤਹਿਸ-ਨਹਿਸ ਕਰ ਦਿੱਤਾ ਹੈ, ਉਥੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਭਾਵ ਵੀ ਬੇਹੱਦ ਧੁੰਦਲਾ ਹੋਇਆ ਹੈ। ਇਸ ਨਾਲ ਮੁਲਕ ਦੀਆਂ ਚੁਣੌਤੀਆਂ ਹੋਰ ਵੀ ਵਧ ਗਈਆਂ ਹਨ, ਜਿਸ ਨਾਲ ਇਸ ਦੇ ਭਵਿੱਖ 'ਤੇ ਗਹਿਰੇ ਸੰਕਟ ਦੇ ਬੱਦਲ ਮੰਡਰਾਉਂਦੇ ਜਾਪਦੇ ਹਨ।
-ਬਰਜਿੰਦਰ ਸਿੰਘ ਹਮਦਰਦ
ਭਾਵੇਂ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ, ਪਰ ਇਸ ਹਮਲੇ ਦੇ ਵਿਆਪਕ ਵਰਤਾਰੇ ਪਿੱਛੇ ਲੁਕਵੇਂ ਉਦੇਸ਼ਾਂ ਅਤੇ ਤਮਾਮ ਜ਼ਿੰਮੇਵਾਰ ਤਾਕਤਾਂ ਨੂੰ ਸਾਹਮਣੇ ਲਿਆਉਣਾ, ਸਿੱਖਾਂ ਦੇ ਹੋਏ ਜਾਨੀ ਅਤੇ ਇਤਿਹਾਸਕ ...
ਦੇਸ਼ ਦੀ ਆਜ਼ਾਦੀ ਲਈ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਅੰਦਰ ਲੋਕਸ਼ਾਹੀ, ਧਰਮ ਨਿਰਪੱਖ ਅਤੇ ਸਮਾਜਵਾਦੀ ਸੋਚ ਨੂੰ ਪ੍ਰਪੱਕ ਕਰਨ ਲਈ, ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਲਈ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੀ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ...
ਕੋਰੋਨਾ ਵਾਇਰਸ ਹੁਣ ਤੱਕ ਲਗਪਗ 210 ਦੇਸ਼ਾਂ ਵਿਚ ਆਪਣੀ ਮਾਰੂ ਦਸਤਕ ਦੇ ਚੁੱਕਾ ਹੈ ਤੇ ਕਈ ਮੌਤਾਂ ਦਾ ਕਾਰਨ ਬਣ ਕੇ ਸਮੁੱਚੇ ਸੰਸਾਰ ਵਿਚ ਵੱਡੇ ਪੱਧਰ 'ਤੇ ਮਹਾਂਮਾਰੀ ਫੈਲਾਅ ਰਿਹਾ ਹੈ। ਭਾਰਤ ਸਰਕਾਰ ਨੇ ਇਸ ਮਹਾਂਮਾਰੀ ਨੂੰ ਭਾਰਤ ਵਿਚ ਵੱਡੇ ਪੱਧਰ 'ਤੇ ਫੈਲਣ ਤੋਂ ਰੋਕਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX