ਗੁਰੂ ਨਾਨਕ ਸਾਹਿਬ ਦਾ ਤਤਕਾਲੀਨ ਸਮਾਜ ਜਾਤੀ ਵਿਵਸਥਾ ਉੱਪਰ ਖੜ੍ਹਾ ਸੀ। ਬ੍ਰਾਹਮਣ ਅਤੇ ਖੱਤਰੀ ਸ਼੍ਰੇਸਠ ਮੰਨੇ ਜਾਂਦੇ ਸਨ। ਵੈਸ਼ ਅਤੇ ਸ਼ੂਦਰ ਇਨ੍ਹਾਂ ਸ਼੍ਰੈਸਠ ਵਰਗਾਂ ਦੀ ਸੇਵਾ ਵਿਚ ਆਪਣਾ ਵਕਤ ਗੁਜ਼ਾਰਦੇ ਸਨ। ਸ਼ੂਦਰਾਂ ਅਤੇ ਅਛੂਤਾਂ ਦਾ ਜੀਵਨ ਬਹੁਤ ਭਿਆਨਕ ਸੀ। ਸਮਾਜ ਵਿਚ ਉਨ੍ਹਾਂ ਨੂੰ ਸਾਰੇ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ ਸੀ। ਸਮਾਜ ਦੇ ਦੂਜੇ ਵਰਗ ਉਨ੍ਹਾਂ ਨੂੰ ਨੀਚ ਕਹਿੰਦੇ ਸਨ ਅਤੇ ਉਨ੍ਹਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਸਬੰਧ ਨਹੀਂ ਰੱਖਦੇ ਸਨ। ਮਨੁੱਖ ਦੁਆਰਾ ਮਨੁੱਖ ਦੇ ਅਜਿਹੇ ਤ੍ਰਿਸਕਾਰ ਨੂੰ ਗੁਰੂ ਜੀ ਨੇ ਇਕ ਅਮਾਨਵੀ ਵਤੀਰਾ ਕਿਹਾ। ਉਨ੍ਹਾਂ ਨੇ ਪ੍ਰਤੱਖ ਰੂਪ ਵਿਚ ਨਿਮਨ ਵਰਗ ਦੇ ਅਧਿਕਾਰਾਂ ਵਾਸਤੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਗੁਰਬਾਣੀ ਵਿਚ ਦਰਜ ਸਲੋਕ ਅਨੁਸਾਰ:
ਸਭੁ ਕੋ ਊਚਾ ਆਖੀਐ ਨੀਚੂ ਨ ਦੀਸੈ ਕੋਇ
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ
ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਨਿਡਰਤਾ ਨਾਲ ਸਮਾਜ ਵਿਚ ਫੈਲੀ ਇਸ ਭੈੜੀ ਬੁਰਾਈ ਬਾਰੇ ਆਵਾਜ਼ ਉਠਾਈ। ਗੁਰੂ ਸਾਹਿਬ ਨੇ ਕਿਹਾ ਸਭ ਮਨੁੱਖਾਂ ਦੀ ਥਾਂ ਇਕੋ ਜਿਹੀ ਹੈ। ਗੁਰਬਾਣੀ ਵਿਚ ਦਰਜ ਸਲੋਕ ਅਨੁਸਾਰ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।
ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇੇ।
(ਕਬੀਰ ਸਾਹਿਬ)
ਹਿੰਦੂ ਮਤ ਦਾ ਕਰਮ ਸਿਧਾਂਤ ਗੁਰਮਤਿ ਦੇ ਕਰਮ ਸਿਧਾਂਤ ਤੋਂ ਪੂਰੀ ਤਰ੍ਹਾਂ ਉਲਟ ਹੈ। ਵਾਸਤਵ ਵਿਚ ਗੁਰਮਤਿ ਦਾ ਸਿਧਾਂਤ ਇਕ ਅਜਿਹਾ ਸਿਧਾਂਤ ਹੈ ਜਿੱਥੇ ਜਾਤ-ਪਾਤ ਖ਼ਤਮ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਕਿਰਤ ਕੋਈ ਵੀ ਮੰਦੀ ਨਹੀਂ ਹੁੰਦੀ ਕੇਵਲ ਕਿਰਤ ਖੋਟੀ ਨਾ ਹੋਵੇ ਅਤੇ ਆਦਰਸ਼ਕ ਹੋਵੇ।
ਸਾਈ ਕਾਰ ਕਮਾਵਣੀ, ਧੁਰਿ ਛੋਡਿ ਤਿੰਨੈ ਪਾਇ
ਗੁਰੂ ਸਾਹਿਬ ਨੇ ਫੁਰਮਾਇਆ ਹੈ ਜੋ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਰਹਿੰਦਾ ਹੈ, ਉਹ ਨੀਚ ਨਹੀਂ ਹੈ, ਨੀਚ ਉਹ ਹੈ ਜੋ ਰੱਬ ਨੂੰ ਭੁਲਾਉਂਦਾ ਹੈ। ਸਮਾਜ ਵਿਚ ਕੀਤੀ ਅਖੌਤੀ ਵੰਡ ਅਨੁਸਾਰ ਬਹੁਤ ਸਾਰੇ ਮਨੁੱਖਾਂ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ ਦੇ ਬਾਵਜੂਦ ਵੀ ਨੀਚ ਸਮਝਿਆ ਜਾਂਦਾ ਹੈ। ਗੁਰੂ ਸਾਹਿਬ ਅਨੁਸਾਰ ਜੋ ਮਨੁੱਖ ਧੋਖੇ ਕਰਦਾ, ਠੱਗੀਆਂ ਮਾਰਦਾ ਹੈ ਉਹ ਨੀਚ ਹੈ, ਸੋ ਜਾਤ-ਪਾਤ ਮਨੁੱਖ ਦੇ ਚੰਗੇ ਮਾੜੇ ਕੰਮਾਂ 'ਤੇ ਆਧਾਰਿਤ ਹੋਣੀ ਚਾਹੀਦੀ ਹੈ।
ਖਸਮ ਵਿਸਾਰਹਿ ਤੇ ਕਮ ਜਾਤਿ (ਆਦਿ ਗ੍ਰੰਥ ਸਾਹਿਬ)
ਜਾਤਿ ਜਨਮੁ ਨਹ ਪੂਛੀਐ ਸਚਘਰੁ ਲੇਹੁ ਬਤਾਇ
ਸਾ ਜਾਤਿ ਸਾ ਪਤਿ ਹੈ ਜੇਹੈ ਕਰਮ ਕਮਾਇ
ਗੁਰੂ ਨਾਨਕ ਸਾਹਿਬ ਦੇ ਵਿਚਾਰ ਅਨੁਸਾਰ ਜਾਤ-ਪਾਤ ਸਭ ਝੂਠ ਹੈ ਕਿਉਂਕਿ ਸਾਰੇ ਸੰਸਾਰ ਦਾ ਸਿਰਜਣਹਾਰਾ ਤੇ ਪਾਲਣਹਾਰਾ ਇਕ ਪਰਮਾਤਮਾ ਹੈ।
ਫਕੜ ਜਾਤਿ ਫਕੜ ਨਾਉ
ਸਭਨਾ ਜੀਆ ਕਾ ਇਕਾ ਛਾਉ (ਆਦਿ ਗ੍ਰੰਥ ਸਾਹਿਬ)
ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ। ਪਰਮਾਤਮਾ ਦੇ ਦਰਬਾਰ ਵਿਚ ਨਿਤਾਰਾ ਜਾਤ ਦੇ ਆਧਾਰ 'ਤੇ ਨਹੀਂ ਹੋਣਾ ਉੱਥੇ ਤਾਂ ਮਨੁੱਖ ਦੇ ਅਮਲ ਵੇਖੇ ਜਾਣੇ ਹਨ, ਕਿਉਂਕਿ ਮਨੁੱਖ ਦੀ ਵਡਿਆਈ ਦਾ ਮਾਪ ਉਸ ਦੇ ਚੰਗੇ ਕਰਮ ਹਨ ਨਾ ਕਿ ਜਾਤ-ਪਾਤ ਦੀ ਵੰਡ।
ਅਗੈ ਜਾਤਿ ਨਾ ਜ਼ੋਰ ਹੈ ਅਗੈ ਜੀਉ ਨਵੇ
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ
ਗੁਰੂ ਨਾਨਕ ਸਾਹਿਬ ਨੇ ਚਾਰ ਵਰਣਾਂ ਪ੍ਰਤੀ ਵਿਰੋਧੀ ਦ੍ਰਿਸ਼ਟੀਕੋਣ ਨੂੰ ਗੁਰਬਾਣੀ ਵਿਚ ਚੰਗੀ ਤਰ੍ਹਾਂ ਵਰਣਨ ਕੀਤਾ ਹੈ। ਉਨ੍ਹਾਂ ਨੇ ਚਾਰ ਵਰਣਾਂ ਅਨੁਸਾਰ ਜਾਤ-ਪਾਤ ਅਤੇ ਧਾਰਮਿਕ ਸੰਕੀਰਣਤਾ ਦੇ ਫਲਸਰੂਪ ਸਮਾਜ ਵਿਚ ਊਚ-ਨੀਚ ਦੇ ਪੈਦਾ ਹੋਏ ਭੇਦ ਭਾਵ ਨੂੰ ਮਿਟਾਉਣ ਲਈ ਉਪਰਾਲਾ ਕੀਤਾ। ਗੁਰੂ ਜੀ ਨੇ ਫੁਰਮਾਇਆ ਹੈ ਕਿ ਸ੍ਰਿਸ਼ਟੀ ਦੀ ਰਚਨਾ ਇਕ ਹੀ ਸ੍ਰੋਤ ਤੋਂ ਹੋਈ ਹੈ। ਜਿਵੇਂ ਘੁਮਿਆਰ ਇਕੋ ਹੀ ਮਿੱਟੀ ਤੋਂ ਵੱਖਰੀ-ਵੱਖਰੀ ਕਿਸਮ ਦੇ ਬਰਤਨ ਤਿਆਰ ਕਰਦਾ ਹੈ, ਉਸ ਤਰ੍ਹਾਂ ਹੀ ਸੰਸਾਰ ਦੇ ਸਭ ਜੀਵ ਇਕੋ ਹੀ ਮਿੱਟੀ ਤੋਂ ਪੈਦਾ ਹੋਏ ਹਨ।
ਚਾਰੇ ਵਰਨ ਆਖੇ ਸਭੁ ਕੋਈ
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ
ਮਾਟੀ ਏਕ ਸਗਲ ਸੰਸਾਰਾ
ਬਹੁ ਬਿਧਿ ਭਾਂਡੇ ਘੜੈ ਕੁਮਾਰਾ
ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਸੰਸਾਰ ਵਿਚ ਸਭ ਜੀਵ ਬਰਾਬਰ ਹਨ, ਮਨੁੱਖ ਨੂੰ ਅਖੌਤੀ ਉੱਚੀ ਜਾਤ ਦਾ ਅਭਿਮਾਨ ਨਹੀਂ ਕਰਨਾ ਚਾਹੀਦਾ ਅਤੇ ਨੀਵੀਂ ਜਾਤ ਦਾ ਅਹਿਸਾਸ ਵੀ ਨਹੀਂ ਹੋਣਾ ਚਾਹੀਦਾ।
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ
ਇਸ ਗਰਬ ਤੇ ਚਲਹਿ ਬਹੁਤ ਵਿਕਾਰਾ
ਗੁਰੂ ਨਾਨਕ ਦੇਵ ਜੀ ਨੇ ਭੇਦ ਭਾਵ ਦਾ ਸਿਧਾਂਤ ਖ਼ਤਮ ਕਰਕੇ ਬਰਾਬਰੀ ਅਤੇ ਸਮਾਨਤਾ ਦਾ ਸਿਧਾਂਤ ਪੇਸ਼ ਕੀਤਾ, ਜਿਸ ਅਨੁਸਾਰ ਉਨ੍ਹਾਂ ਨੇ ਸਮਕਾਲੀ ਸਮਾਜ ਵਿਚ ਨੀਚ ਸਮਝੇ ਜਾਂਦੇ ਮਨੁੱਖਾਂ ਦੇ ਮਨਾਂ ਵਿਚੋਂ ਹੀਣਤਾ ਭਾਵ ਦੂਰ ਕਰਦਿਆਂ ਉਨ੍ਹਾਂ ਨੂੰ ਆਪਣਾ ਸੰਗੀ ਸਾਥੀ ਦੱਸਿਆ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿਨੀਚੁ
ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ
ਜਿਥੇ ਨੀਚ ਸਮਾਲੀਅਨ ਤਿਥੈ ਨਦਰਿ ਤੇਰੀ ਬਖਸੀਸ
ਗੁਰੂ ਨਾਨਕ ਸਾਹਿਬ ਅਨੁਸਾਰ ਸਭ ਮਨੁੱਖਾਂ ਵਿਚ ਪਰਮਾਤਮਾ ਹੀ ਸਮਾਇਆ ਹੋਇਆ ਹੈ। ਇਸ ਲਈ ਸਭ ਮਨੁੱਖ ਬਰਾਬਰ ਹਨ। ਇਕ ਹੋਰ ਪੰਕਤੀ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਪ੍ਰਭੂ ਦੇ ਦਰ ਉੱਤੇ ਜਾਤ-ਪਾਤ ਦਾ ਕੋਈ ਲਿਹਾਜ਼ ਨਹੀਂ ਹੁੰਦਾ। ਉੱਥੇ ਕੋਈ ਅਮੀਰ-ਗ਼ਰੀਬ ਜਾਂ ਉੱਚਾ-ਨੀਵਾਂ ਨਹੀਂ ਦੇਖਿਆ ਜਾਂਦਾ ਕੇਵਲ ਸੱਚ ਦੀ ਪਰਖ ਹੁੰਦੀ ਹੈ।
-ਪਿੰਡ: ਸੂਲਰ ਘਰਾਟ। ਸੰਪਰਕ: 94656-17729
ਇਨਸਾਨ ਦਾ ਇਨਸਾਨਾਂ ਨਾਲ ਇਸ਼ਕੋ-ਮੁਹੱਬਤ। ਮਹਾਨ ਰੂਹਾਨੀ ਹਸਤੀਆਂ ਦਾ ਰੱਬ ਨਾਲ ਇਸ਼ਕ। ਇਨ੍ਹਾਂ ਮੁਹੱਬਤਾਂ ਨਾਲ ਮਾਲਾਮਾਲ ਹੈ ਧਰਤੀ ਪੰਜਾਬ ਦੀ। ਬੰਦਿਆਂ ਨੂੰ ਰੱਬ ਨਾਲ ਜੋੜਨਾ। ਰੱਬ ਦੇ ਬੰਦਿਆਂ ਨੂੰ ਉਸ ਰਾਹ 'ਤੇ ਚਲਾਉਣਾ, ਜਿਸ ਰਾਹ 'ਤੇ ਚਲਾਉਣ ਵਾਲਿਆਂ ਤੋਂ ਰੱਬ ...
ਮਨੁੱਖ ਨੂੰ ਸਮਾਜਿਕ ਜੀਵ ਆਖਿਆ ਗਿਆ ਹੈ ਕਿਉਂਕਿ ਉਹ ਦੂਜੇ ਜੀਵਾਂ ਤੋਂ ਨਿਆਰਾ ਇਕ ਸਮਾਜ ਦੀ ਸਿਰਜਣਾ ਕਰਕੇ ਉਸ ਵਿਚ ਆਪਣੇ ਟੱਬਰ ਦੇ ਨਾਲ ਰਹਿੰਦਾ ਹੈ। ਸੰਸਾਰ ਵਿਚ ਕੁਝ ਅਜਿਹੇ ਵਿਅਕਤੀ ਵੀ ਹਨ ਜਿਹੜੇ ਸਮਾਜਿਕ ਜੀਵਨ ਨੂੰ ਤਿਆਗ ਇਕੱਲਤਾ ਦਾ ਜੀਵਨ ਜਿਊਂਦੇ ਹਨ। ...
'ਗੁਰੂ ਨਾਨਕ ਵਿਸ਼ੇਸ਼ ਅੰਕ' ਦੀ ਪ੍ਰਕਾਸ਼ਨਾ ਕਰਕੇ ਇਸ ਵਾਰ 'ਧਰਮ ਤੇ ਵਿਰਸਾ' ਸਪਲੀਮੈਂਟ ਵਿਚ ਪ੍ਰਕਾਸ਼ਿਤ ਕੀਤੇ ਜਾਂਦੇ ਲੜੀਵਾਰ ਕਾਲਮ ਨਹੀਂ ਛਾਪੇ ਜਾ ਰਹੇ। ਅਗਲੀ ਵਾਰ ਤੋਂ ਇਹ ਬਾਕਾਇਦਾ ਛਾਪੇ ਜਾਣਗੇ। ਪਾਠਕ ਨੋਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX