ਮੁੰਬਈ ਵਿਚ ਫਰਵਰੀ ਦੇ ਮਹੀਨੇ ਵਿਚ ਪ੍ਰਸਿੱਧ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਪਦਾਰਥਾਂ ਨਾਲ ਭਰੀ ਕਾਰ ਮਿਲਣ ਤੋਂ ਬਾਅਦ ਇਸ ਮਾਮਲੇ ਸਬੰਧੀ ਹੁਣ ਤੱਕ ਜੋ ਘਟਨਾਕ੍ਰਮ ਵਾਪਰਿਆ ਹੈ, ਉਹ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ ਅਤੇ ਇਹ ਇਕ ਦਿਲਚਸਪ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਜਾਪਦਾ। ਇਹ ਮਾਮਲਾ ਇਸ ਕਦਰ ਸਾਹਮਣੇ ਆਇਆ ਹੈ ਕਿ ਇਸ ਨੇ ਮਹਾਰਾਸ਼ਟਰ ਦੀ ਮਹਾਂਵਿਕਾਸ ਅਗਾੜੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ। ਬੰਬੇ ਹਾਈਕੋਰਟ ਵਲੋਂ ਇਸ ਮਸਲੇ ਦੀ ਸੀ.ਬੀ.ਆਈ. ਜਾਂਚ ਦੀ ਹਦਾਇਤ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ।
ਹੁਣ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰਦਿਆਂ ਜੋ ਟਿੱਪਣੀਆਂ ਕੀਤੀਆਂ ਹਨ, ਉਹ ਸਰਕਾਰ ਲਈ ਸ਼ਰਮਸਾਰ ਕਰਨ ਵਾਲੀਆਂ ਹਨ। ਸਰਬਉੱਚ ਅਦਾਲਤ ਨੇ ਕਿਹਾ ਹੈ ਕਿ ਇਹ ਜਨਤਾ ਦੇ ਵਿਸ਼ਵਾਸ ਦਾ ਮਾਮਲਾ ਹੈ। ਇਸ ਮਾਮਲੇ ਵਿਚ ਸ਼ਾਮਿਲ ਲੋਕਾਂ ਨੂੰ ਲੱਭਣ, ਦੋਸ਼ਾਂ ਦੀ ਪੁਣਛਾਣ ਕਰਨ ਅਤੇ ਇਨ੍ਹਾਂ ਦੀ ਗੰਭੀਰਤਾ ਨੂੰ ਦੇਖਦਿਆਂ ਕਿਸੇ ਉੱਚ ਅਥਾਰਟੀ ਤੋਂ ਨਿਰਪੱਖ ਜਾਂਚ ਕਰਾਉਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਕਿ ਇਹ ਅੰਦਾਜ਼ਾ ਹੀ ਕੀਤਾ ਜਾਂਦਾ ਸੀ ਹਾਈ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਅਸਤੀਫ਼ਾ ਦੇ ਦਿੱਤਾ ਹੈ। ਡੇਢ ਕੁ ਸਾਲ ਪਹਿਲਾਂ ਜਿਸ ਤਰ੍ਹਾਂ ਇਹ ਸਰਕਾਰ ਹੋਂਦ ਵਿਚ ਆਈ ਸੀ, ਉਸ ਸਮੇਂ ਇਸ ਦੀ ਬਣਤਰ 'ਤੇ ਉਂਗਲਾਂ ਉੱਠੀਆਂ ਸਨ। ਭਾਜਪਾ ਸੂਬੇ ਦੀਆਂ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉੱਭਰੀ ਸੀ। ਉਸ ਦੀ ਸ਼ਿਵ ਸੈਨਾ ਨਾਲ ਸਾਂਝ ਸੀ, ਜੋ ਦੂਸਰੇ ਸਥਾਨ 'ਤੇ ਰਹੀ ਸੀ ਪਰ ਊਧਵ ਠਾਕਰੇ ਨੇ ਮੁੱਖ ਮੰਤਰੀ ਬਣਨ ਦੀ ਇੱਛਾ ਨਾਲ ਭਾਜਪਾ ਨਾਲ ਸਾਂਝ ਨੂੰ ਨਕਾਰ ਕੇ ਰਾਸ਼ਟਰਵਾਦੀ ਕਾਂਗਰਸ ਅਤੇ ਕਾਂਗਰਸ ਪਾਰਟੀ ਨਾਲ ਸਮਝੌਤਾ ਕਰ ਲਿਆ ਸੀ। ਜਦੋਂ ਤੋਂ ਇਹ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਇਹ ਅਨੇਕਾਂ ਤਰ੍ਹਾਂ ਦੇ ਵਿਵਾਦਾਂ ਵਿਚ ਫਸਦੀ ਰਹੀ ਹੈ। ਮੁੰਬਈ ਨੂੰ ਦੇਸ਼ ਦੀ ਆਰਥਿਕ ਰਾਜਧਾਨੀ ਮੰਨਿਆ ਜਾਂਦਾ ਰਿਹਾ ਹੈ। ਇਸ ਦੀ ਅਥਾਹ ਧਨ ਦੀ ਸ਼ਕਤੀ ਦੇ ਨਾਲ-ਨਾਲ ਇਥੇ ਗੈਂਗਸਟਰਾਂ ਦੇ ਵੱਡੇ ਗਰੋਹ ਵੀ ਹਨ, ਜੋ ਅਕਸਰ ਧਮਕੀਆਂ ਨਾਲ ਧਨਾਢਾਂ ਤੋਂ ਉਗਰਾਹੀ ਕਰਦੇ ਰਹਿੰਦੇ ਹਨ। ਇਥੇ ਪੈਦਾ ਹੋਈ ਅਪਰਾਧ ਦੀ ਦੁਨੀਆ ਵੀ ਅਨੋਖੀ ਕਿਸਮ ਦੀ ਰਹੀ ਹੈ। ਇਥੇ ਗੈਂਗਸਟਰਾਂ, ਪੁਲਿਸ ਤੇ ਸਰਕਾਰੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਗੱਠਜੋੜ ਬਣਦੇ ਰਹੇ ਹਨ। ਅੱਜ ਇਨ੍ਹਾਂ ਦੀ ਗਿਣਤੀ ਬੇਸ਼ੁਮਾਰ ਹੈ। ਦੇਸ਼ ਭਰ ਵਿਚ ਵੀ ਅਪਰਾਧੀਆਂ, ਪੁਲਿਸ ਅਤੇ ਸਿਆਸਤਦਾਨਾਂ ਦੇ ਗੱਠਜੋੜ ਦੀਆਂ ਖ਼ਬਰਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ ਪਰ ਮੁੰਬਈ ਹਮੇਸ਼ਾ ਇਸ ਦੀ ਇਕ ਮਿਸਾਲ ਬਣਿਆ ਰਿਹਾ ਹੈ, ਜਿਸ ਦੀ ਦਲਦਲ ਵਿਚ ਅੱਜ ਦੇ ਬਹੁਤੇ ਸਿਆਸਤਦਾਨ ਲਿੱਬੜੇ ਨਜ਼ਰ ਆਉਂਦੇ ਹਨ। ਇਥੋਂ ਦੇ ਪੁਲਿਸ ਮੁਖੀ ਵਲੋਂ ਰਾਜ ਦੇ ਗ੍ਰਹਿ ਮੰਤਰੀ 'ਤੇ ਲਿਖਤੀ ਰੂਪ ਵਿਚ ਰਿਸ਼ਵਤ ਦੇ ਵੱਡੇ ਦੋਸ਼ ਲਾਉਣੇ ਅਤੇ ਉਨ੍ਹਾਂ ਲਈ ਪੁਖਤਾ ਉਦਾਹਰਨਾਂ ਦਿੱਤੇ ਜਾਣ ਨੇ ਮਹਾਰਾਸ਼ਟਰ ਸਰਕਾਰ ਦੇ ਅਕਸ ਨੂੰ ਬੇਹੱਦ ਧੁੰਦਲਾ ਕਰਕੇ ਰੱਖ ਦਿੱਤਾ ਹੈ। ਕਿਉਂਕਿ ਸਚਿਨ ਵਾਝੇ ਵਰਗੇ ਜਿਹੜੇ ਪੁਲਿਸ ਅਫ਼ਸਰ ਇਸ ਵਿਚ ਗ਼ਲਤਾਨ ਨਜ਼ਰ ਆਉਂਦੇ ਹਨ, ਉਨ੍ਹਾਂ ਦੀ ਪੁਸ਼ਤ-ਪਨਾਹੀ ਵੀ ਅਜਿਹੇ ਸਿਆਸਤਦਾਨ ਹੀ ਕਰਦੇ ਰਹੇ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਅਤੇ ਜਾਂਚ ਦੇ ਆਦੇਸ਼ਾਂ ਤੋਂ ਪਿੱਛੋਂ ਗ੍ਰਹਿ ਮੰਤਰੀ ਨੇ ਤਾਂ ਅਸਤੀਫ਼ਾ ਦੇ ਦਿੱਤਾ ਪਰ ਮੁੱਖ ਮੰਤਰੀ ਊਧਵ ਠਾਕਰੇ 'ਤੇ ਵੀ ਇਸ ਬਾਰੇ ਉਂਗਲੀਆਂ ਉੱਠ ਰਹੀਆਂ ਹਨ। ਇਹ ਵੀ ਕਿ ਸਚਿਨ ਵਾਝੇ ਵਰਗੇ ਪੁਲਿਸ ਅਫਸਰਾਂ ਦੀ ਮੁੱਖ ਮੰਤਰੀ ਸਮੇਤ ਹੋਰ ਸਿਆਸਤਦਾਨਾਂ ਵਲੋਂ ਪਿੱਠ ਕਿਉਂ ਥਾਪੜੀ ਜਾਂਦੀ ਰਹੀ ਹੈ? ਕਿਉਂਕਿ ਇਹ ਪੁਲਿਸ ਅਫਸਰ 17 ਸਾਲ ਤੱਕ ਬਰਖ਼ਾਸਤਗੀ ਦੀ ਹਾਲਤ ਵਿਚ ਰਿਹਾ। ਸ਼ਿਵ ਸੈਨਾ ਦੇ ਮੁੱਖ ਮੰਤਰੀ ਨੇ ਇਸ ਨੂੰ ਦੋਸ਼ ਮੁਕਤ ਹੋਣ ਤੋਂ ਬਗੈਰ ਮੁੜ ਬਹਾਲ ਕਰ ਦਿੱਤਾ, ਜੋ ਅੱਜ ਮੁੜ ਵੱਡੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਦੀ ਲਪੇਟ ਵਿਚ ਸ਼ਰਦ ਪਵਾਰ ਵਰਗਾ ਆਗੂ ਵੀ ਆਇਆ ਜਾਪਦਾ ਹੈ।
ਪਵਾਰ ਨੂੰ ਅਕਸਰ ਅਵਸਰਵਾਦੀ ਨੇਤਾ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਸਰਕਾਰ ਦੇ ਗ੍ਰਹਿ ਮੰਤਰੀ ਵਲੋਂ ਜਿਸ ਤਰ੍ਹਾਂ ਪੁਲਿਸ ਰਾਹੀਂ ਸ਼ਹਿਰ ਦੇ ਰੈਸਟੋਰੈਂਟਾਂ, ਮਾਲਾਂ ਅਤੇ ਵਪਾਰਕ ਅਦਾਰਿਆਂ ਤੋਂ ਕਰੋੜਾਂ ਰੁਪਏ ਇਕੱਠੇ ਕਰਕੇ ਉਸ ਦੀ ਝੋਲੀ ਭਰਨ ਦੀ ਵਾਰਤਾ ਸਾਹਮਣੇ ਆਈ ਹੈ, ਉਸ ਨੇ ਸਰਕਾਰ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਦਾ ਭਵਿੱਖ ਅਨਿਸਚਿਤ ਹੋਣ ਦੇ ਨਾਲ-ਨਾਲ ਸਰਕਾਰ ਵਿਚ ਸ਼ਾਮਿਲ ਪਾਰਟੀਆਂ ਲਈ ਵੀ ਵਾਪਰ ਰਿਹਾ ਇਹ ਘਟਨਾਕ੍ਰਮ ਬੇਹੱਦ ਪ੍ਰੇਸ਼ਾਨੀ ਵਾਲਾ ਸਾਬਤ ਹੋ ਰਿਹਾ ਹੈ। ਇਸ ਨਾਲ ਇਹ ਗੱਲ ਫਿਰ ਸਾਹਮਣੇ ਆਈ ਹੈ ਕਿ ਦੇਸ਼ ਵਿਚ ਭ੍ਰਿਸ਼ਟ ਸਿਆਸਤਦਾਨਾਂ ਤੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਦੇ ਗੱਠਜੋੜ ਕੀ ਗੁਲ ਖਿਲਾ ਰਹੇ ਹਨ।
-ਬਰਜਿੰਦਰ ਸਿੰਘ ਹਮਦਰਦ
ਭਾਰਤ ਵਿਚ ਕੋਰੋਨਾ ਦਾ ਮਹਾਂਵਿਸਫੋਟ ਹੋ ਚੁੱਕਾ ਹੈ। ਦੁਨੀਆ ਭਰ ਵਿਚ ਇਹ ਪ੍ਰਤੀ ਦਿਨ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਮਿਲਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਇਹ ਪਹਿਲੇ ਸਥਾਨ 'ਤੇ ਪਹੁੰਚ ਚੁੱਕਾ ਹੈ। ਇਸ ਲੇਖ ਨੂੰ ਲਿਖਦੇ ਸਮੇਂ ਤੱਕ ਭਾਰਤ ਵਿਚ ਕੋਰੋਨਾ ਦੇ ਰੋਜ਼ਾਨਾ ਦੇ ...
ਜਨਮ ਦਿਨ 'ਤੇ ਵਿਸ਼ੇਸ਼ਭਾਰਤ ਵਿਚ ਤਰਕਸ਼ੀਲ ਲਹਿਰ ਦੇ ਬਾਨੀ ਡਾ. ਇਬਰਾਹਮ ਥਾਮਸ ਕਾਵੂਰ ਦਾ ਜਨਮ 10 ਅਪ੍ਰੈਲ, 1898 ਨੂੰ ਕੇਰਲਾ ਦੇ ਸ਼ਹਿਰ ਤਿਰੂਵਾਲਾ ਵਿਖੇ ਹੋਇਆ, ਜਿਨ੍ਹਾਂ ਨੇ ਲੋਕਾਂ ਵਿਚ ਗ਼ੈਰ-ਵਿਗਿਆਨਕ ਵਰਤਾਰਿਆਂ ਦੇ ਖਿਲਾਫ਼ ਵਿਗਿਆਨਕ ਸੋਚ ਪ੍ਰਫੁੱਲਿਤ ਕਰਨ ਲਈ ਆਪਣੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX