• 9 ਦਿਨਾਂ 'ਚ 10 ਲੱਖ ਤੋਂ ਵੱਧ ਮਾਮਲੇ • ਪੰਜਾਬ ਸਮੇਤ 10 ਰਾਜਾਂ 'ਚ ਮਿਲੇ ਡਬਲ ਮਿਊਟੈਂਟ • ਵਿਦੇਸ਼ੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਸਬੰਧੀ ਫ਼ੈਸਲਾ 3 ਦਿਨਾਂ 'ਚ • ਨੀਟ-ਪੀ. ਜੀ. ਪ੍ਰੀਖਿਆ ਮੁਲਤਵੀ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 15 ਅਪ੍ਰੈਲ -ਦੇਸ਼ 'ਚ ਲਗਾਤਾਰ ਖ਼ਤਰਨਾਕ ਹੁੰਦੀ ਕੋਰੋਨਾ ਦੀ ਦੂਜੀ ਲਹਿਰ 'ਚ ਪਿਛਲੇ 24 ਘੰਟਿਆਂ ਦੌਰਾਨ ਕੋੋਰੋਨਾ ਮਾਮਲਿਆਂ ਨੇ 2 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ 2,00,739 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਜਦਕਿ 1038 ਮਰੀਜ਼ਾਂ ਦੀ ਮੌਤ ਹੋਈ | ਕੋਰੋਨਾ ਦੇ ਕਹਿਰ ਦਾ ਅੰਦਾਜ਼ਾ ਇਨ੍ਹਾਂ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ ਕਿ ਜਿੱਥੇ ਪਿਛਲੇ ਸਾਲ 10 ਲੱਖ ਮਾਮਲੇ ਆਉਣ 'ਚ 169 ਦਿਨ ਲੱਗੇ ਸਨ ਪਰ ਹੁਣ ਪਿਛਲੇ 9 ਦਿਨਾਂ 'ਚ ਹੀ 10 ਲੱਖ ਮਾਮਲੇ ਦਰਜ ਕੀਤੇ ਗਏ ਹਨ | ਅੰਕੜਿਆਂ ਦੀ ਵਧਦੀ ਰਫ਼ਤਾਰ ਦੇ ਨਾਲ-ਨਾਲ ਸੂਬਾਈ ਪੱਧਰ 'ਤੇ ਇਸ ਦੇ ਪਸਾਰ ਅਤੇ ਪੰਜਾਬ ਸਮੇਤ 10 ਰਾਜਾਂ 'ਚ ਵਾਇਰਸ ਦੇ ਡਬਲ ਮਿਊਟੈਂਟ ਨੇ ਵੀ ਸਰਕਾਰ ਦੀ ਚਿੰਤਾ 'ਚ ਵਾਧਾ ਕੀਤਾ ਹੈ | ਸੂਬਿਆਂ ਵਲੋਂ ਰਾਤ ਦਾ ਕਰਫ਼ਿਊ ਸਮੇਤ ਹੋਰ ਕਈ ਸਖ਼ਤ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਪਰ ਹਸਪਤਾਲਾਂ 'ਚ ਬਿਸਤਰਿਆਂ ਅਤੇ ਵੈਕਸੀਨ ਦੀ ਕਿੱਲਤ ਅਤੇ ਸ਼ਮਸ਼ਾਨਘਾਟਾਂ ਅਤੇ ਕਬਰਿਸਤਾਨ 'ਚ ਵਧਦੀ ਭੀੜ ਜਿਹੇ ਮੁੱਦੇ ਸਰਕਾਰ ਅੱਗੇ ਚੁਣੌਤੀ ਬਣੇ ਖੜ੍ਹੇ ਹਨ |
'ਡਬਲ ਮਿਊਟੈਂਟ ਵਾਇਰਸ'
ਮਹਾਰਾਸ਼ਟਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼ ਸਮੇਤ 10 ਰਾਜਾਂ 'ਚ ਕੋਰੋਨਾ ਵਾਇਰਸ ਦਾ 'ਡਬਲ ਮਿਊਟੈਂਟ' ਪਾਇਆ ਗਿਆ ਹੈ | ਪੰਜਾਬ ਅਤੇ ਦਿੱਲੀ 'ਚ ਡਬਲ ਮਿਊਟੈਂਟ ਤੋਂ ਇਲਾਵਾ ਕੋਰੋਨਾ ਦਾ ਬਰਤਾਨੀਆ ਰੂਪ ਵੀ ਪਾਇਆ ਗਿਆ ਹੈ | ਬਰਤਾਨੀਆ ਵਾਲਾ ਵਾਇਰਸ ਤਕਰੀਬਨ 18-19 ਰਾਜਾਂ 'ਚ ਪਾਏ ਜਾਣ ਦੀ ਖ਼ਬਰ ਮਿਲੀ ਹੈ ਹਾਲਾਂਕਿ ਵਾਇਰਸ ਦੇ ਇਨ੍ਹਾਂ ਨਵੇਂ ਰੂਪਾਂ ਨੂੰ ਹੀ ਕੋੋਰੋਨਾ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਦਾ ਇਕਲੌਤਾ ਕਾਰਨ ਨਹੀਂ ਕਿਹਾ ਜਾ ਰਿਹਾ | ਸਿਹਤ ਮੰਤਰਾਲੇ ਦੇ ਹਲਕਿਆਂ ਮੁਤਾਬਿਕ ਕੋਰੋਨਾ ਮਾਮਲਿਆਂ ਦੀ ਗੰਭੀਰਤਾ ਅਤੇ ਮਿ੍ਤਕਾਂ ਦੀ ਗਿਣਤੀ 'ਚ ਇਨ੍ਹਾਂ ਮਿਊਟੈਂਟ ਦੀ ਭੂਮਿਕਾ ਦੀ ਸਮੀਖਿਆ ਕੀਤੀ ਜਾ ਰਹੀ ਹੈ | ਹਲਕਿਆਂ ਮੁਤਾਬਿਕ ਜਿਨ੍ਹਾਂ ਰਾਜਾਂ 'ਚ ਡਬਲ ਮਿਊਟੈਂਟ ਮਿਲਿਆ ਹੈ ਕੇਂਦਰ ਉਨ੍ਹਾਂ ਰਾਜਾਂ ਤੋਂ ਜਾਣਕਾਰੀ ਲੈ ਕੇ ਇਕ ਨੀਤੀਗਤ ਫ਼ੈਸਲਾ ਲਵੇਗੀ ਜਿਸ ਨੂੰ ਜ਼ਿਲ੍ਹਾ ਪੱਧਰ 'ਤੇ ਲਾਗੂ ਕੀਤਾ ਜਾਵੇਗਾ |
ਵਿਦੇਸ਼ੀ ਕੋਰੋਨਾ ਵੈਕਸੀਨ ਦੇ ਲਈ ਭਾਰਤ ਨੇ ਬਦਲੇ ਨੇਮ
ਭਾਰਤ ਦੀ ਡਰੱਗ ਰੈਗੂਲੇਟਰ ਵਿਦੇਸ਼ੀ ਕੋਵਿਡ-19 ਵੈਕਸੀਨ ਦੀ ਹੰਗਾਮੀ ਹਾਲਤ 'ਚ ਸੀਮਤ ਵਰਤੋਂ ਲਈ ਮਨਜ਼ੂਰੀ ਮੰਗਣ 'ਤੇ ਦਰਖ਼ਾਸਤ ਦੇਣ ਦੇ 3 ਦਿਨਾਂ (ਕੰਮ ਵਾਲੇ ਦਿਨ) ਦੇ ਅੰਦਰ ਮਨਜ਼ੂਰੀ ਦੇਵੇਗਾ | ਕੋਰੋਨਾ ਵੈਕਸੀਨ ਦੀ ਕਿੱਲਤ ਦੀਆਂ ਸ਼ਿਕਾਇਤਾਂ ਦਰਮਿਆਨ ਸਰਕਾਰ ਨੇ ਵਿਦੇਸ਼ੀ ਕੋਰੋਨਾ ਵੈਕਸੀਨ ਲਈ ਨੇਮਾਂ 'ਚ ਬਦਲਾਅ ਕੀਤੇ ਹਨ | ਨਵੇਂ ਨੇਮਾਂ ਮੁਤਾਬਿਕ ਕੋਈ ਵੀ ਵਿਦੇਸ਼ੀ ਵੈਕਸੀਨ ਨਿਰਮਾਤਾ ਜਿਸ ਦੀ ਵੈਕਸੀਨ ਨੂੰ ਅਮਰੀਕਾ, ਯੂਰਪੀਅਨ ਯੂਨੀਅਨ, ਬਰਤਾਨੀਆ ਅਤੇ ਜਾਪਾਨ ਦੇ ਸਿਹਤ ਵਿਭਾਗ ਵਲੋਂ ਸੀਮਤ ਵਰਤੋਂ ਲਈ ਇਜਾਜ਼ਤ ਮਿਲ ਚੁੱਕੀ ਹੈ, ਉਸ ਦੀ ਭਾਰਤ 'ਚ ਹੰਗਾਮੀ ਹਾਲਤ 'ਚ ਵਰਤੋਂ ਦੀ ਇਜਾਜ਼ਤ ਲਈ ਦਰਖ਼ਾਸਤ ਦੇ ਸਕਦੇ ਹਨ | ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਸਥਾ ਵਲੋਂ ਹੰਗਾਮੀ ਹਾਲਤ 'ਚ ਵਰਤੋਂ ਲਈ ਸੂਚੀ 'ਚ ਦਰਜ ਕੰਪਨੀਆਂ ਵੀ ਸਿੱਧੀ ਦਰਖ਼ਾਸਤ ਦੇ ਸਕਦੀਆਂ ਹਨ | ਉਨ੍ਹਾਂ ਦੀ ਅਰਜ਼ੀ 'ਤੇ ਫੋਰਨ ਕਾਰਵਾਈ ਕੀਤੀ ਜਾਵੇਗੀ | ਭਾਰਤ 'ਚ ਕੋਵੀਸ਼ੀਲਡ ਅਤੇ ਸਪੁਤਨਿਕ-ਵੀ ਦੀਆਂ ਪਰਖਾਂ ਵੀ ਇਸੇ ਤਰ੍ਹਾਂ ਕੀਤੀਆਂ ਗਈਆਂ ਹਨ | ਇਨ੍ਹਾਂ ਨੇਮਾਂ ਤਹਿਤ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਛੇਤੀ ਹੀ ਭਾਰਤ 'ਚ ਆਪਣੀ ਵੈਕਸੀਨ ਲਿਆ ਸਕਦੀ ਹੈ | 12 ਮਾਰਚ ਨੂੰ ਇਸ ਨੂੰ ਡਬਲਿਊ.ਐੱਚ.ਓ. ਵਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ | ਇਸ ਤੋਂ ਇਲਾਵਾ ਫਾਈਜ਼ਰ ਅਤੇ ਮੋਡਰਨਾ ਵੀ ਆਪਣੇ ਵੈਕਸੀਨ ਦੀ ਐਮਰਜੈਂਸੀ ਵੈਕਸੀਨ ਲਈ ਦਰਖ਼ਾਸਤ ਦੇ ਸਕਦੀਆਂ ਹਨ |
ਸ਼ਮਸ਼ਾਨਘਾਟਾਂ 'ਚ ਲੱਗੀ ਭੀੜ
ਕੋਰੋਨਾ ਦੀ ਦੂਜੀ ਲਹਿਰ 'ਚ ਕਈ ਰਾਜਾਂ 'ਚ ਮੌਤਾਂ ਦੀ ਗਿਣਤੀ ਏਨੀ ਜ਼ਿਆਦਾ ਹੋ ਗਈ ਹੈ ਕਿ ਉੱਥੇ ਸ਼ਮਸ਼ਾਨਘਾਟਾਂ ਅਤੇ ਕਬਰਿਸਤਾਨਾਂ 'ਚ ਥਾਂ ਘੱਟ ਪੈ ਗਈ ਹੈ | ਇਸ ਰਾਜਾਂ 'ਚ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ਅਤੇ ਦਿੱਲੀ ਸ਼ਾਮਿਲ ਹਨ |
ਕੋਰੋਨਾ ਦੇ ਅੰਕੜੇ
ਦੇਸ਼ ਭਰ 'ਚ ਇਸ ਸਮੇਂ 14,71,877 ਮਰੀਜ਼ ਜੇਰੇ ਇਲਾਜ ਹਨ ਜਦਕਿ ਵੈਕਸੀਨੇਸ਼ਨ ਦੇ ਅੰਕੜਿਆਂ ਮੁਤਾਬਿਕ ਦੇਸ਼ 'ਚ ਹੁਣ ਤੱਕ 11 ਕਰੋੜ, 44 ਲੱਖ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ | ਕੇਂਦਰ ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਟੀਕਾ ਉਤਸਵ ਦੌਰਾਨ 1 ਕਰੋੜ, 28 ਲੱਖ ਲੋਕਾਂ ਨੂੰ ਟੀਕਾ ਲਾਇਆ ਗਿਆ | ਹਾਲਾਂਕਿ ਕਈ ਰਾਜਾਂ ਵਲੋਂ ਲਗਾਤਾਰ ਵੈਕਸੀਨ ਦੀ ਕਮੀ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ |
ਮੁੰਬਈ 'ਚ ਹਸਪਤਾਲ ਕਰਨਗੇ 5 ਸਟਾਰ ਹੋਟਲਾਂ ਦੀ ਵਰਤੋਂ
ਕੋਰੋਨਾ ਦਾ ਗੜ੍ਹ ਬਣੇ ਮੁੰਬਈ 'ਚ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਮੁੰਬਈ ਦੇ ਹਸਪਤਾਲ 5 ਸਟਾਰ ਹੋਟਲਾਂ ਦੀ ਵਰਤੋਂ ਕਰਨਗੇ | ਨਿੱਜੀ ਹਸਪਤਾਲ 4 ਅਤੇ 5 ਸਟਾਰ ਹੋਟਲਾਂ ਨਾਲ ਮਰੀਜ਼ਾਂ ਨੂੰ ਭਾਰਤੀ ਕਰਨ ਲਈ ਕਰਾਰ ਕਰਨਗੇ |
ਕੁੰਭ 'ਚ 1700 ਤੋਂ ਵੱਧ ਲੋਕ ਕੋਰੋਨਾ ਪਾਜ਼ੀਟਿਵ
ਹਰਿਦੁਆਰ 'ਚ ਹੋ ਰਹੇ ਕੁੰਭ ਮੇਲੇ 'ਚ 1700 ਤੋਂ ਵੱਧ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਹਾਸਲ ਜਾਣਕਾਰੀ ਮੁਤਾਬਿਕ 10 ਅਪ੍ਰੈਲ ਤੋਂ 14 ਅਪ੍ਰੈਲ ਦਰਮਿਆਨ ਕੁੰਭ ਇਸ਼ਨਾਨ ਲਈ ਗਏ 1701 ਲੋਕ ਕੋਰੋਨਾ ਪ੍ਰਭਾਵਿਤ ਹੋਏ |
ਨਿਰੰਜਣੀ ਅਖਾੜਾ ਕੁੰਭ ਤੋਂ ਹਟਿਆ
ਜਿਸ ਤੋਂ ਬਾਅਦ 13 ਅਖਾੜਿਆਂ 'ਚੋਂ ਇਕ ਨਿਰੰਜਣੀ ਅਖਾੜੇ ਨੇ ਕੁੰਭ ਮੇਲੇ ਤੋਂ ਹਟਣ ਦਾ ਐਲਾਨ ਕੀਤਾ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਹਾਂਨਿਰਵਾਣੀ ਅਖਾੜੇ ਦੇ ਸਵਾਮੀ ਕਪਿਲ ਦੇਵ ਦੀ 13 ਅਪ੍ਰੈਲ ਨੂੰ ਕੋਰੋਨਾ ਕਾਰਨ ਮੌਤ ਹੋ ਗਈ ਸੀ | 12 ਅਪ੍ਰੈਲ ਨੂੰ ਸੋਮਵਤੀ ਮੱਸਿਆ ਅਤੇ 13 ਅਪ੍ਰੈਲ ਨੂੰ ਸੰਗਰਾਂਦ ਮੌਕੇ ਹੋਏ ਦੋ ਸ਼ਾਹੀ ਇਸ਼ਨਾਨਾਂ 'ਚ ਤਕਰੀਬਨ 48.51 ਲੱਖ ਲੋਕਾਂ ਨੇ ਗੰਗਾ 'ਚ ਡੁਬਕੀ ਲਾਈ |
ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਪਸਾਰ ਦੀ ਚੇਨ ਨੂੰ ਤੋੜਨ ਲਈ ਦਿੱਲੀ 'ਚ ਵੀਕੈਂਡ ਕਰਫ਼ਿਊ ਲਾਇਆ ਜਾਵੇਗਾ, ਜਿਸ ਤਹਿਤ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰ 6 ਵਜੇ ਤੱਕ ਦਿੱਲੀ ਬੰਦ ਰਹੇਗੀ | ਇਸ ਕਰਫ਼ਿਊ 'ਚ ਸਿਰਫ ਜ਼ਰੂਰੀ ਸੇਵਾਵਾਂ ਅਤੇ ਪਹਿਲਾਂ ਤੋਂ ਤੈਅ ਕੀਤੇ ਜ਼ਰੂਰੀ ਵਿਆਹ-ਸ਼ਾਦੀ ਦੇ ਪ੍ਰੋਗਰਾਮਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਹਾਲਾਂਕਿ ਇਸ ਲਈ ਕਰਫ਼ਿਊ ਪਾਸ ਦੀ ਲੋੜ ਹੋਵੇਗੀ | ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਡੀਓ ਸੰਦੇਸ਼ ਰਾਹੀਂ ਕਰਫ਼ਿਊ ਦਾ ਐਲਾਨ ਕਰਨ ਤੋਂ ਪਹਿਲਾਂ ਉੱਪ ਰਾਜਪਾਲ ਅਨਿਲ ਬੈਜਲ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ |
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਦੇਸ਼ ਭਰ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ 'ਚ ਕੰਮ ਆਉਣ ਵਾਲੀ ਮੈਡੀਕਲ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਨੇ ਤੁਰੰਤ ਕਦਮ ਚੁੱਕਦੇ ਹੋਏ ਫ਼ੈਸਲਾ ਕੀਤਾ ਹੈ ਕਿ ਉਹ 50,000 ਮੀਟਰਕ ਟਨ ਮੈਡੀਕਲ ਆਕਸੀਜਨ ਦਰਾਮਦ ਕਰੇਗੀ ਤਾਂਕਿ ਕਈ ਰਾਜਾਂ 'ਚ ਹਸਪਤਾਲਾਂ 'ਚ ਆਕਸੀਜਨ ਦੀ ਭਾਰੀ ਕਿੱਲਤ ਨੂੰ ਦੂਰ ਕੀਤਾ ਜਾ ਸਕੇ | ਇਸ ਲਈ ਟੈਂਡਰ ਜਾਰੀ ਕੀਤਾ ਜਾਵੇਗਾ | ਸਿਹਤ ਮੰਤਰਾਲੇ ਵਲੋਂ ਇਸ ਕੰਮ ਲਈ ਟੈਂਡਰ ਨੂੰ ਅੰਤਿਮ ਰੂਪ ਦੇਣ ਲਈ ਅਤੇ ਵਿਦੇਸ਼ ਮੰਤਰਾਲੇ ਦੇ ਮਿਸ਼ਨਾਂ ਦੁਆਰਾ ਪਛਾਣੇ ਗਏ ਆਯਾਤ ਦੇ ਸੰਭਾਵਿਤ ਸਰੋਤਾਂ ਦਾ ਵੀ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਖ਼ਬਰ ਅਨੁਸਾਰ ਸਰਕਾਰ ਨੇ ਹੁਣ ਅਜਿਹੇ 12 ਰਾਜਾਂ ਦੀ ਪਛਾਣ ਕਰਨ 'ਤੇ ਕੰਮ ਸ਼ੁਰੂ ਕੀਤਾ ਹੈ, ਜਿਥੇ ਆਕਸੀਜਨ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਹੈ |
ਚੰਡੀਗੜ੍ਹ, 15 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ ਜਿਥੇ 51 ਹੋਰ ਮੌਤਾਂ ਹੋ ਗਈਆਂ, ਉਥੇ 4333 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ | ਅੱਜ ਹੋਈਆਂ ਮੌਤਾਂ 'ਚੋਂ ਅੰਮਿ੍ਤਸਰ ਤੋਂ 10, ਹੁਸ਼ਿਆਰਪੁਰ ਤੋਂ 9, ਗੁਰਦਾਸਪੁਰ ਤੇ ਲੁਧਿਆਣਾ ਤੋਂ 6-6, ਬਠਿੰਡਾ, ਪਟਿਆਲਾ ਤੋਂ 5, ਫ਼ਤਹਿਗੜ੍ਹ ਸਾਹਿਬ, ਜਲੰਧਰ ਤੇ ਫਿਰੋਜ਼ਪੁਰ ਤੋਂ 2-2, ਫਰੀਦਕੋਟ, ਫਾਜ਼ਿਲਕਾ, ਐਸ.ਏ.ਐਸ. ਨਗਰ, ਮੁਕਤਸਰ, ਪਠਾਨਕੋਟ, ਸੰਗਰੂਰ ਤੇ ਤਰਨ ਤਾਰਨ ਤੋਂ 1-1 ਮਰੀਜ਼ ਸ਼ਾਮਿਲ ਹੈ | ਸੂਬੇ ਵਿਚ ਲੁਧਿਆਣਾ ਤੋਂ 482, ਜਲੰਧਰ ਤੋਂ 399, ਪਟਿਆਲਾ ਤੋਂ 353, ਐਸ.ਏ.ਐਸ. ਨਗਰ ਤੋਂ 860, ਅੰਮਿ੍ਤਸਰ ਤੋਂ 365, ਗੁਰਦਾਸਪੁਰ ਤੋਂ 194, ਬਠਿੰਡਾ ਤੋਂ 301, ਹੁਸ਼ਿਆਰਪੁਰ ਤੋਂ 153, ਫ਼ਿਰੋਜ਼ਪੁਰ ਤੋਂ 127, ਪਠਾਨਕੋਟ ਤੋਂ 93, ਸੰਗਰੂਰ ਤੋਂ 76, ਕਪੂਰਥਲਾ ਤੋਂ 127, ਫ਼ਰੀਦਕੋਟ ਤੋਂ 110, ਮੁਕਤਸਰ ਤੋਂ 61, ਫ਼ਾਜ਼ਿਲਕਾ ਤੋਂ 67, ਮੋਗਾ ਤੋਂ 66, ਰੋਪੜ ਤੋਂ 104, ਫ਼ਤਹਿਗੜ੍ਹ ਸਾਹਿਬ ਤੋਂ 54, ਬਰਨਾਲਾ ਤੋਂ 55, ਤਰਨਤਾਰਨ ਤੋਂ 186, ਐਸ.ਬੀ.ਐਸ ਨਗਰ ਤੋਂ 37 ਅਤੇ ਮਾਨਸਾ ਤੋਂ 63 ਨਵੇਂ ਮਾਮਲੇ ਸਾਹਮਣੇ ਆਏੇ ਹਨ | ਸੂਬੇ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ ਵੱਧ ਕੇ 30033 ਤੱਕ ਪੁੱਜ ਗਈ ਹੈ |
ਚੰਡੀਗੜ੍ਹ 'ਚ ਯੂ. ਕੇ. ਵੈਰੀਐਂਟ ਤੇਜ਼ੀ ਨਾਲ ਫੈਲ ਰਿਹਾ
ਚੰਡੀਗੜ੍ਹ, (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਪਿੱਛੇ ਯੂ.ਕੇ ਵੈਰੀਐਂਟ ਜ਼ਿੰਮੇਵਾਰ ਹੈ | ਇਹ ਪੀ.ਜੀ.ਆਈ. ਵਲੋਂ ਅੱਗੇ ਭੇਜੇ ਸੈਂਪਲਾਂ ਦੀ ਜਾਂਚ 'ਚ ਸਾਹਮਣੇ ਆਇਆ ਹੈ | ਪੀ.ਜੀ.ਆਈ ਵਲੋਂ ਨੈਸ਼ਨਲ ਸੈਂਟਰ ਫ਼ਾਰ ਡਿਜੀਜਿਸ ਕੰਟਰੋਲ (ਐਨ. ਸੀ. ਡੀ. ਸੀ) ਨੂੰ ਭੇਜੇ ਸੈਂਪਲਾਂ ਵਿਚ ਪਾਇਆ ਗਿਆ ਹੈ ਕਿ ਸੈਂਪਲਾਂ ਵਿਚ 70 ਫ਼ੀਸਦੀ ਸੈਂਪਲਾਂ ਵਿਚ ਯੂ. ਕੇ ਵੈਰੀਐਂਟ ਪਾਇਆ ਗਿਆ ਹੈ | ਇਸ ਤੋਂ ਇਲਾਵਾ 20 ਫ਼ੀਸਦੀ ਸੈਂਪਲ ਉਨ੍ਹਾਂ ਕੋਰੋਨਾ ਕੇਸਾਂ ਦੇ ਹਨ ਜਿਨ੍ਹਾਂ ਵਿਚ 681 ਐਚ ਮਿਊਟੈਂਟ ਸ਼ਾਮਿਲ ਸੀ |
ਕੋਰੋਨਾ ਦੇ ਵਧ ਰਹੇ ਪ੍ਰਭਾਵ ਕਾਰਨ ਕੈਪਟਨ ਨੇ ਕੀਤਾ ਐਲਾਨ
ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਕੋਵਿਡ-19 ਦੇ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਵੀਂ, ਅੱਠਵੀਂ ਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰੀਖਿਆਵਾਂ ਦੇ ਅਗਲੀਆਂ ਕਲਾਸਾਂ 'ਚ ਪ੍ਰਮੋਟ ਕਰਨ ਦਾ ਐਲਾਨ ਕੀਤਾ ਹੈ | ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ, ਜੋ ਪਹਿਲਾਂ ਹੀ ਮੁਲਤਵੀ ਹੋ ਚੁੱਕੀਆਂ ਹਨ, ਬਾਰੇ ਫੈਸਲਾ ਬਾਅਦ 'ਚ ਉਭਰ ਰਹੀ ਸਥਿਤੀ ਦੇ ਆਧਾਰ 'ਤੇ ਲਿਆ ਜਾਵੇਗਾ | ਮੁੱਖ ਮੰਤਰੀ ਨੇ ਇਹ ਫੈਸਲੇ ਸਿਖਰਲੇ ਅਧਿਕਾਰੀਆਂ ਤੇ ਮੈਡੀਕਲ ਮਾਹਿਰਾਂ ਨਾਲ ਕੋਵਿਡ-19 ਦਾ ਜਾਇਜ਼ਾ ਲੈਣ ਲਈ ਹੋਈ ਵਰਚੂਅਲ ਮੀਟਿੰਗ ਦੌਰਾਨ ਲਏ | ਮੁੱਖ ਮੰਤਰੀ ਨੇ ਕਿਹਾ ਕਿ 30 ਅਪ੍ਰੈਲ ਤੱਕ ਸੂਬਾ ਸਰਕਾਰ ਨੇ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਸੀ, ਜਿਸ ਸਦਕਾ 11-20 ਸਾਲ ਉਮਰ ਵਰਗ 'ਚ ਪਾਜ਼ੀਟੀਵਿਟੀ ਦੀ ਦਰ ਹੇਠਾਂ ਲਿਆਉਣ ਦੇ ਨਾਲ-ਨਾਲ ਇਹ ਰਾਹਤ ਪ੍ਰੀਖਿਆਵਾਂ ਲਈ ਜਾਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਵੀ ਦੇਣ ਦੀ ਲੋੜ ਸੀ | ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ ਕਿ ਪੰਜਵੀਂ ਕਲਾਸ ਦੇ ਵਿਦਿਆਰਥੀ ਜਿਨ੍ਹਾਂ ਦੇ ਪੰਜ ਵਿਸ਼ਿਆਂ 'ਚੋਂ 4 ਵਿਸ਼ਿਆਂ ਲਈ ਇਮਤਿਹਾਨ ਪਹਿਲਾਂ ਹੀ ਹੋ ਚੁੱਕੇ ਹਨ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਪੰਜਵੇਂ ਵਿਸ਼ੇ ਨੂੰ ਅਣਡਿੱਠ ਕਰ ਕੇ ਚਾਰ ਵਿਸ਼ਿਆਂ 'ਚ ਵਿਦਿਆਰਥੀਆਂ ਵਲੋਂ ਹਾਸਲ ਕੀਤੇ ਅੰਕਾਂ ਦੇ ਆਧਾਰ ਉਤੇ ਨਤੀਜੇ ਐਲਾਨ ਸਕਦਾ ਹੈ | ਇਸੇ ਤਰ੍ਹਾਂ ਅੱਠਵੀਂ ਤੇ ਦਸਵੀਂ ਜਮਾਤ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਜਾਂ ਸਬੰਧਤ ਸਕੂਲਾਂ ਵਲੋਂ ਆਪਣੇ ਤੌਰ 'ਤੇ ਲਏ ਗਏ ਇਮਤਿਹਾਨਾਂ ਦੇ ਆਧਾਰ 'ਤੇ ਨਤੀਜਾ ਐਲਾਨਿਆ ਜਾ ਸਕਦਾ ਹੈ | ਮੀਟਿੰਗ 'ਚ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਸਕੱਤਰ ਵਿਨੀ ਮਹਾਜਨ, ਡੀ. ਜੀ. ਪੀ. ਦਿਨਕਰ ਗੁਪਤਾ ਵੀ ਹਾਜ਼ਰ ਸਨ |
40,000 ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਮਿਲੇਗੀ ਪੀ.ਆਰ.
ਟੋਰਾਂਟੋ/ਕੈਲਗਰੀ, 15 ਅਪ੍ਰੈਲ (ਸਤਪਾਲ ਸਿੰਘ ਜੌਹਲ, ਜਸਜੀਤ ਸਿੰਘ ਧਾਮੀ)-ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਦੇਸ਼ 'ਚ ਇਸ ਸਮੇਂ ਰਹਿ ਰਹੇ 90,000 ਆਰਜੀ ਵਸਨੀਕਾਂ ਤੇ ਉਨ੍ਹਾਂ ਦੀ ਪਤਨੀ/ਪਤੀ ਤੇ ਬੱਚਿਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਦਾ ਐਲਾਨ ਕੀਤਾ ਹੈ | ਇਸ ਵਾਸਤੇ 6 ਮਈ ਤੋਂ 5 ਨਵੰਬਰ 2021 ਤੱਕ ਅਰਜੀਆਂ ਸਵੀਕਾਰ ਕੀਤੀਆਂ ਜਾਣਗੀਆਂ | ਇਸ ਐਲਾਨ 'ਚ ਸਭ ਤੋਂ ਸੌਖਾ ਕੰਮ 40,000 ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਵਾਸਤੇ ਹੋਵੇਗਾ, ਜਿਨ੍ਹਾਂ ਕੋਲ 2017 ਤੋਂ ਬਾਅਦ ਕੈਨੇਡਾ ਦੇ ਕਿਸੇ ਵਿਦਿਅਕ ਅਦਾਰੇ ਤੋਂ ਮਾਨਤਾ ਪ੍ਰਾਪਤ ਡਿਗਰੀ ਹੋਣੀ ਚਾਹੀਦੀ ਹੈ | ਇਸ ਤੋਂ ਇਲਾਵਾ ਮੁੱਖ ਤੌਰ 'ਤੇ ਸਿਹਤ ਸੇਵਾਵਾਂ 'ਚ ਨੌਕਰੀਆਂ ਕਰ ਰਹੇ ਵਿਦੇਸ਼ੀ ਵਰਕਰ (20,000) ਅਤੇ ਕੋਰੋਨਾ ਮਹਾਂਮਾਰੀ ਦੌਰਾਨ ਲਾਜ਼ਮੀ ਸੇਵਾਵਾਂ ਦੇ ਕਿੱਤਿਆਂ 'ਚ ਕੰਮ ਕਰਨ ਵਾਲੇ ਕਾਮੇ (30,000) ਪੱਕੇ ਹੋ ਸਕਣਗੇ | ਵਿਸ਼ੇਸ਼ ਗੱਲ ਇਹ ਵੀ ਹੈ ਕਿ ਇਨ੍ਹਾਂ ਸਾਰੇ ਲੋਕਾਂ ਨੂੰ ਕੈਨੇਡਾ 'ਚ ਵੱਢੀਖੋਰੀ ਲਈ ਬਦਨਾਮ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (ਐਲ. ਐਮ. ਆਈ. ਏ.) ਦੀ ਲੋੜ ਨਹੀਂ ਪਵੇਗੀ | ਅੰਗਰੇਜੀ ਦੇ ਗਿਆਨ ਵਾਸਤੇ ਵੀ ਆਈਲੈਟਸ 'ਚ ਸਿਰਫ ਓਵਰਆਲ 4 ਬੈਂਡ ਹੀ ਹਾਸਿਲ ਕਰਨ ਦੀ ਲੋੜ ਹੈ | ਇਸ ਐਲਾਨੀ ਗਈ ਸੌਖੀ ਨੀਤੀ 'ਚ ਡਾਕਟਰਾਂ ਤੋਂ ਨਰਸਾਂ, ਟਰੱਕ ਡਰਾਈਵਰਾਂ ਤੋਂ ਪਲੰਬਰਾਂ, ਇਲੈਕਟ੍ਰੀਸ਼ੀਅਨਾਂ, ਡਾਕੀਏ, ਟਰੈਵਲ ਏਜੰਟ, ਟੈਕਸੀ ਡਰਾਈਵਰ ਆਦਿ 100 ਦੇ ਕਰੀਬ ਕਿੱਤਿਆਂ 'ਚ ਕੰਮ ਕਰਨ ਵਾਲੇ ਲੋਕ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦੇ ਯੋਗ ਹੋਣਗੇ | ਉਨ੍ਹਾਂ ਕੋਲ ਪਿਛਲੇ 3 ਸਾਲਾਂ 'ਚ ਕਿੱਤੇ ਦੇ ਕੰਮ ਦਾ ਇਕ ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ ਪਰ ਅਪਲਾਈ ਕਰਨ ਸਮੇਂ ਉਸੇ ਕਿੱਤੇ 'ਚ ਕੰਮ ਕਰਦੇ ਹੋਣਾ ਜ਼ਰੂਰੀ ਨਹੀਂ ਹੈ | ਇਸ ਦੇ ਨਾਲ ਹੀ ਕੈਨੇਡਾ 'ਚ ਅਦਾਲਤੀ ਕਾਰਵਾਈ ਭਾਵ ਕੋਈ ਅਪਰਾਧਿਕ ਕੇਸ ਨਹੀਂ ਹੋਣਾ ਚਾਹੀਦਾ |
ਮੁੱਖ ਮੰਤਰੀ ਦਾ ਰੁਖ਼ ਸੁਪਰੀਮ ਕੋਰਟ ਵੱਲ, ਬਹੁਤੇ ਮੰਤਰੀ ਤੇ ਵਿਧਾਇਕ ਨਵੀਂ ਸਿੱਟ ਰਾਹੀਂ ਜਾਂਚ ਅਤੇ ਬਿਨਾਂ ਦੇਰੀ ਚਲਾਨ ਪੇਸ਼ ਕਰਨ ਦੇ ਹਾਮੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 15 ਅਪ੍ਰੈਲ -ਪੰਜਾਬ ਸਰਕਾਰ ਅਤੇ ਕਾਂਗਰਸ ਅੰਦਰ ਕੋਟਕਪੂਰਾ ਘਟਨਾ ਸਬੰਧੀ ਹਾਈਕੋਰਟ ਦੇ ਫ਼ੈਸਲੇ ਨੂੰ ਲੈ ਕੇ ਕਾਫ਼ੀ ਹਲਚਲ ਹੈ | ਮੁੱਖ ਮੰਤਰੀ, ਜੋ ਮਗਰਲੇ ਦੋ-ਤਿੰਨ ਦਿਨਾਂ ਤੋਂ ਕੋਈ ਵਿਸ਼ੇਸ਼ ਮੁਲਾਕਾਤਾਂ ਲਈ ਸਮਾਂ ਨਹੀਂ ਦੇ ਰਹੇ, ਵਲੋਂ ਸੂਚਨਾ ਅਨੁਸਾਰ ਕਾਨੂੰਨਦਾਨਾਂ ਨਾਲ ਵਿਚਾਰ ਵਟਾਂਦਰੇ ਜ਼ਰੂਰ ਕੀਤੇ ਜਾ ਰਹੇ ਹਨ | ਜਦੋਂਕਿ ਉਨ੍ਹਾਂ ਦੇ ਬਹੁਤੇ ਮੰਤਰੀ, ਵਿਧਾਇਕ ਅਤੇ ਪਾਰਟੀ ਦੇ ਆਗੂ ਇਸ ਮਸਲੇ ਸਬੰਧੀ ਨਵੀਂ ਜਾਂਚ ਟੀਮ ਬਣਾ ਕੇ ਜਾਂਚ ਦਾ ਕੰਮ ਦੋ-ਤਿੰਨ ਮਹੀਨੇ ਵਿਚ ਖ਼ਤਮ ਕਰ ਕੇ ਕੇਸ ਅਦਾਲਤ ਸਾਹਮਣੇ ਰੱਖਣ ਦਾ ਵਿਚਾਰ ਦੇ ਰਹੇ ਹਨ | ਪਾਰਟੀ ਅੰਦਰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਇਕ ਬਹੁਤ ਹੀ ਭਾਵਨਾਤਮਕ ਅਤੇ ਸੰਵੇਦਨਸ਼ੀਲ ਮੁੱਦਾ ਹੈ, ਜਿਸ 'ਤੇ ਕਿਸੇ ਤਰ੍ਹਾਂ ਦੀ ਗ਼ਲਤੀ ਸਰਕਾਰ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ | ਬਹੁਤ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦਾ ਕਹਿਣਾ ਹੈ ਕਿ ਜਾਂਚ ਟੀਮ ਦੀਆਂ ਤਕਨੀਕੀ ਗ਼ਲਤੀਆਂ, ਜੋ ਅਦਾਲਤ ਨੇ ਦਰਸਾਈਆਂ ਹਨ, ਨੂੰ ਸਰਕਾਰ ਆਪਣੇ ਸਿਰ 'ਤੇ ਲੈ ਕੇ ਉਸ ਲਈ ਲੜਾਈ ਨਾ ਲੜੇ | ਇਨ੍ਹਾਂ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਇਸ ਮਾਮਲੇ ਵਿਚ ਰਾਜ ਦਾ ਗ੍ਰਹਿ ਵਿਭਾਗ ਅਤੇ ਪੁਲਿਸ ਦੀ ਅਫ਼ਸਰਸ਼ਾਹੀ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ, ਜਿਸ ਵਲੋਂ ਅਜਿਹੇ ਅਹਿਮ ਮਾਮਲੇ ਵਿਚ ਬਣਦੀ ਸੁਪਰਵਾਈਜ਼ਰੀ ਦੀ ਭੂਮਿਕਾ ਅਦਾ ਨਹੀਂ ਕੀਤੀ ਗਈ ਅਤੇ ਇਥੋਂ ਤੱਕ ਕਿ ਸਿੱਟ ਦੇ ਮੈਂਬਰਾਂ ਨੂੰ ਵੀ ਸਰਕਾਰ ਵਲੋਂ ਇਕੱਠੇ ਰੱਖਣ ਦੀ ਕੋਈ ਲੋੜ ਨਹੀਂ ਸਮਝੀ ਗਈ | ਸੂਚਨਾ ਅਨੁਸਾਰ ਮੁੱਖ ਮੰਤਰੀ ਨਾਲ ਮੁਲਾਕਾਤਾਂ ਨਾ ਹੋਣ ਕਾਰਨ ਬਹੁਤ ਸਾਰੇ ਮੰਤਰੀਆਂ ਅਤੇ ਦੂਜੇ ਆਗੂਆਂ ਵਲੋਂ ਆਪਣੇ ਖ਼ਰਚਿਆਂ ਅਤੇ ਚਿੰਤਾਵਾਂ ਦਾ ਪ੍ਰਗਟਾਵਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਕੋਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਕੱਲ੍ਹ ਸਮਾਂ ਮਿਲਣ ਦੀ ਸੰਭਾਵਨਾ ਹੈ | ਕਾਂਗਰਸ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਦਾ ਕਹਿਣਾ ਹੈ ਕਿ ਇਸ ਅਦਾਲਤੀ ਫ਼ੈਸਲੇ ਤੋਂ ਬਾਅਦ ਸਾਹਮਣੇ ਆ ਰਹੇ ਘਟਨਾਕ੍ਰਮ ਨਾਲ ਲੋਕਾਂ ਵਿਚਲੇ ਇਨ੍ਹਾਂ ਚਰਚਿਆਂ ਨੂੰ ਸ਼ਕਤੀ ਮਿਲ ਰਹੀ ਹੈ ਕਿ ਸਰਕਾਰ ਬਾਦਲਾਂ ਦੀ ਮਦਦ ਕਰਦੀ ਹੈ | ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੇ ਹਾਮੀ ਹਨ, ਕਿਉਂਕਿ ਉਨ੍ਹਾਂ ਦੇ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਜਾਂਚ ਅਧਿਕਾਰੀਆਂ ਦੇ ਕੰਮਕਾਜ ਵਿਚ ਅਦਾਲਤੀ ਦਖ਼ਲ ਨਾ ਹੋਣ ਸਬੰਧੀ ਉੱਚ ਅਦਾਲਤਾਂ ਦੇ ਕਈ ਫ਼ੈਸਲੇ ਹਨ | ਇਸ ਲਈ ਸੁਪਰੀਮ ਕੋਰਟ ਤੋਂ ਰਾਹਤ ਦੀ ਆਸ ਕੀਤੀ ਜਾ ਸਕਦੀ ਹੈ ਅਤੇ ਅਜਿਹੀ ਰਾਹਤ ਤੋਂ ਤੁਰੰਤ ਬਾਅਦ ਸਰਕਾਰ ਵਲੋਂ ਆਖ਼ਰੀ ਚਲਾਨ ਪੇਸ਼ ਕੀਤਾ ਜਾ ਸਕਦਾ ਹੈ, ਜੋ ਕਿ ਪਹਿਲਾਂ ਹੀ ਤਿਆਰ ਹੈ | ਮੁੱਖ ਮੰਤਰੀ ਵਲੋਂ ਇਸ ਮਾਮਲੇ ਵਿਚ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਤੋਂ ਵੀ ਰਾਏ ਲਈ ਗਈ ਹੈ, ਜਿਨ੍ਹਾਂ ਵਲੋਂ ਉਕਤ ਮਾਮਲਿਆਂ ਵਿਚ ਪਹਿਲਾਂ ਜਾਂਚ ਕਮਿਸ਼ਨ ਰਾਹੀਂ ਜਾਂਚ ਦਾ ਕੰਮ ਵੀ ਕੀਤਾ ਜਾ ਸਕਦਾ ਹੈ, ਪਰ ਸਰਕਾਰ ਲਈ ਇਸ ਵੇਲੇ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਬਰਗਾੜੀ ਮੋਰਚੇ ਵਰਗਾ ਕੋਈ ਜਨਤਕ ਅੰਦੋਲਨ ਸੂਬੇ ਵਿਚ ਦੁਬਾਰਾ ਸ਼ੁਰੂ ਨਾ ਹੋ ਜਾਵੇ | ਸਰਕਾਰ ਨੂੰ ਅਜਿਹੀਆਂ ਸੂਚਨਾਵਾਂ ਹਨ ਕਿ ਹਰਿਆਣਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਇਸ ਮੁੱਦੇ 'ਤੇ ਦੁਬਾਰਾ ਸੰਘਰਸ਼ ਸ਼ੁਰੂ ਕਰਨ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ | ਸਰਕਾਰ ਦੇ ਹਲਕਿਆਂ ਵਿਚ ਅੱਜ ਰਾਤ ਇਸ ਖ਼ਬਰ ਨੂੰ ਲੈ ਕੇ ਵੀ ਕਾਫ਼ੀ ਪ੍ਰੇਸ਼ਾਨੀ ਸੀ ਕਿ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਨਵਜੋਤ ਸਿੰਘ ਸਿੱਧੂ ਵਲੋਂ ਕੱਲ੍ਹ ਇਕ ਪੱਤਰਕਾਰ ਸੰਮੇਲਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੂੰ ਚਿੰਤਾ ਇਹ ਸੀ ਕਿ ਕੀ ਉਹ ਕੋਟਕਪੂਰਾ ਮਾਮਲੇ ਨੂੰ ਲੈ ਕੇ ਕੋਈ ਨਵੀਂ ਗੱਲ ਕਰਨ ਤਾਂ ਨਹੀਂ ਜਾ ਰਹੇ | ਮੁੱਖ ਮੰਤਰੀ ਦੀ ਸਮੁੱਚੀ ਟੀਮ ਇਨ੍ਹਾਂ ਦਿਨਾਂ ਦੌਰਾਨ ਇਸ ਤਾਜ਼ੇ ਮਾਮਲੇ ਨੂੰ ਦਬਾਅ ਕੇ ਰੱਖਣ ਲਈ ਪੂਰਾ ਜ਼ੋਰ ਲਗਾ ਰਹੀ ਹੈ ਤਾਂ ਜੋ ਸਰਕਾਰ ਨੂੰ ਪੈਦਾ ਹੋਈ ਇਸ ਸਥਿਤੀ ਤੋਂ ਘੱਟੋ-ਘੱਟ ਨੁਕਸਾਨ ਉਠਾਉਣਾ ਪਵੇ |
ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਕੋਵਿਡ-19 ਕੇਸਾਂ ਦੀ ਸਥਿਤੀ ਕੁਝ ਸੰਭਲ ਜਾਣ 'ਤੇ ਤਸੱਲੀ ਜ਼ਾਹਿਰ ਕਰਦੇ ਹੋਏ ਕਰੋਨਾ ਵਾਇਰਸ ਫੈਲਾਉਣ ਵਾਲੇ ਕਿਸੇ ਵੀ ਸਮਾਗਮ ਨੂੰ ਰੋਕਣ ਲਈ ਕੋਵਿਡ-19 ਇਹਤਿਆਤ ਦੀ ...
ਅਧਿਕਾਰੀਆਂ ਨੂੰ ਖ਼ਰੀਦ ਦੇ 72 ਘੰਟਿਆਂ ਅੰਦਰ ਫ਼ਸਲ ਦੀ ਚੁਕਾਈ ਕਰਨ ਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਦੇ ਆਦੇਸ਼
ਚੰਡੀਗੜ੍ਹ, 15 ਅਪ੍ਰੈਲ (ਅਜੀਤ ਬਿਊਰੋ)-ਕਣਕ ਦੀ ਨਿਰਵਿਘਨ ਅਤੇ ਮੁਸ਼ਕਿਲ ਰਹਿਤ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਸ੍ਰੀਮਤੀ ਵਿਨੀ ...
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)- ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ 'ਗਗਨਯਾਨ' 'ਚ ਸਹਿਯੋਗ ਲਈ ਇਸਰੋ (ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ) ਅਤੇ ਫਰਾਂਸ ਦੀ ਪੁਲਾੜ ਏਜੰਸੀ ਨੇ ਵੀਰਵਾਰ ਨੂੰ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ | ਸਮਝੌਤੇ ਦਾ ਐਲਾਨ ਭਾਰਤ ਦੀ ...
ਤਰਨ ਤਾਰਨ, 15 ਅਪ੍ਰੈਲ (ਹਰਿੰਦਰ ਸਿੰਘ)- ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਤਰਨ ਤਾਰਨ ਦੀ ਸੈਸ਼ਨ ਅਦਾਲਤ ਨੇ 38 ਸਾਲ ਪੁਰਾਣੇ ਡਾ. ਸੁਦਰਸ਼ਨ ਤ੍ਰੇਹਨ ਕਤਲ ਕੇਸ 'ਚੋਂ ਬਰੀ ਕਰ ਦਿੱਤਾ ਹੈ | ...
ਸੋਨੀਪਤ, 15 ਅਪ੍ਰੈਲ (ਏਜੰਸੀ)-ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ਦੇ ਕੁੰਡਲੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਬਣਾਏ ਤਿੰਨ ਤੋਂ ਆਰਜ਼ੀ ਢਾਂਚਿਆਂ ਨੂੰ ਅੱਗ ਲੱਗਣ ਕਾਰਨ ਵੀਰਵਾਰ ਨੂੰ ਨੁਕਸਾਨ ਪਹੁੰਚਣ ਦੀ ਖ਼ਬਰ ਹੈ | ਅੱਗ ਬੁਝਾਊ ਵਿਭਾਗ ਦੇ ...
11 ਸਤੰਬਰ ਤੋਂ ਪਹਿਲਾਂ 'ਨਾਟੋ' ਦੇ ਸੈਨਿਕ ਵੀ ਛੱਡਣਗੇ ਅਫ਼ਗਾਨਿਸਤਾਨ
ਵਾਸ਼ਿੰੰਗਟਨ, 15 ਅਪ੍ਰੈਲ (ਏਜੰਸੀ)-ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਕਿ ਅਮਰੀਕਾ ਆਪਣੀ ਹੁਣ ਤੱਕ ਦੀ ਸਭ ਤੋਂ ਲੰਮੀ ਚੱਲੀ ਲੜਾਈ ਨੂੰ ਖਤਮ ਕਰਨ ਲਈ ਅਫ਼ਗਾਨਿਤਸਾਨ 'ਚੋਂ ਆਪਣੇ ਸੈਨਿਕਾਂ ...
• ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਸਾਢੇ 20 ਲੱਖ ਟਨ ਕਣਕ ਦੀ ਵੱਧ ਆਮਦ • ਕੱਲ੍ਹਤੋਂ ਅਦਾਇਗੀ ਵਿਚ ਆਵੇਗੀ ਤੇਜ਼ੀ-ਆਸ਼ੂ
ਹਰਜਿੰਦਰ ਸਿੰਘ ਲਾਲ
ਖੰਨਾ, 15 ਅਪ੍ਰੈਲ-ਪੰਜਾਬ ਦੀਆਂ ਅਨਾਜ ਮੰਡੀਆਂ 'ਚ ਕਣਕ ਦੀ ਆਮਦ ਤੇਜ਼ ਹੋ ਗਈ ਹੈ ਤੇ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ...
ਪੰਜਾਬ ਦੇ ਆੜ੍ਹਤੀਆਂ ਲਈ ਇਹ ਵੱਡੀ ਖ਼ੁਸ਼ੀ ਦੀ ਗੱਲ ਹੋਵੇਗੀ ਕਿ ਉਨ੍ਹਾਂ ਵਲੋਂ 2019 'ਚ ਸਰਕਾਰ ਨੂੰ ਵੇਚੇ ਝੋਨੇ ਦੀ ਫ਼ਸਲ ਦੀ ਆੜ੍ਹਤ, ਮਜ਼ਦੂਰੀ ਆਦਿ ਦੇ ਬਕਾਇਆ ਖੜੇ 151.45 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਹੁਕਮ ਹੋ ਗਏ ਹਨ | ਗੌਰਤਲਬ ਹੈ ਕਿ ਆੜ੍ਹਤੀ ਪਿਛਲੇ ਲੰਮੇ ...
ਕੋਲਕਾਤਾ, 15 ਅਪ੍ਰੈਲ (ਰਣਜੀਤ ਸਿੰਘ ਲੁਧਿਆਣਵੀ)-ਕੋਰੋਨਾ ਕਾਰਨ ਕਾਂਗਰਸ ਉਮੀਦਵਾਰ ਰਿਜਾਉਲ ਹੱਕ ਦੀ ਅੱਜ ਇੱਥੇ ਇਕ ਹਸਪਤਾਲ 'ਚ ਮੌਤ ਹੋ ਗਈ | ਮੁਰਸ਼ਿਦਾਬਾਦ ਜ਼ਿਲ੍ਹੇ ਦੇ ਸ਼ਮਸ਼ੇਰਗੰਜ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਹੱਕ (46) ਨੂੰ ਸਾਹ ਲੈਣ 'ਚ ਤਕਲੀਫ ਹੋਣ ਤੋਂ ...
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)-ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਵਜੋਂ ਇਕ ਮਹਿਲਾ ਨੂੰ ਨਿਯੁਕਤ ਕਰਨ ਦਾ ਸਮਾਂ ਆ ਗਿਆ ਹੈ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਵਿਹਾਰ 'ਚ ਕੋਈ ਤਬਦੀਲੀ ਨਹੀਂ ਆਵੇਗੀ | ਸਿਖਰਲੀ ਅਦਾਲਤ ਨੇ ਮਹਿਲਾ ਵਕੀਲਾਂ ਦੀ ...
ਨਵੀਂ ਦਿੱਲੀ-ਭਾਰਤ 'ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਕੇਸਾਂ ਦਰਮਿਆਨ ਕਈ ਰਾਜਾਂ ਦੇ ਹਸਪਤਾਲਾਂ 'ਚ ਆਕਸੀਜਨ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ | ਕੇਂਦਰ ਨੇ ਰਾਜਾਂ ਨੂੰ ਆਕਸੀਜਨ ਦੀ ਬਿਹਤਰ ਢੰਗ ਨਾਲ ਵਰਤੋਂ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਦੇਸ਼ 'ਚ ...
ਐੱਸ. ਏ. ਐੱਸ. ਨਗਰ, 15 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਤਹਿਤ 5ਵੀਂ, 8ਵੀਂ ਤੇ 10ਵੀਂ ਸ਼੍ਰੇਣੀ ਦੇ 9,64,771 ...
ਨਵੀਂ ਦਿੱਲੀ, 15 ਅਪ੍ਰੈਲ (ਏਜੰਸੀ)- 'ਐਡੀਟਰਜ਼ ਗਿਲਡ ਆਫ ਇੰਡੀਆ' ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੱਤਰਕਾਰਾਂ ਨੂੰ ਮੋਹਰਲੀ ਕਤਾਰ ਦੇ ਵਰਕਰ ਐਲਾਨਿਆ ਜਾਵੇ ਅਤੇ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਪਹਿਲ ਦੇ ਆਧਾਰ 'ਤੇ ਟੀਕਾਕਰਨ ਕੀਤਾ ਜਾਵੇ | ਇਕ ਬਿਆਨ 'ਚ ...
ਦੇਸ਼ 'ਚ ਬੇਕਾਬੂ ਕੋਰੋਨਾ ਦੀ ਰਫ਼ਤਾਰ ਨੂੰ ਦੇਖਦੇ ਹੋਏ ਕੇਂਦਰੀ ਸੰਸਕ੍ਰਿਤੀ ਤੇ ਸੈਰ ਸਪਾਟਾ ਵਿਭਾਗ ਵਲੋਂ ਉਨ੍ਹਾਂ ਸਾਰੇ ਇਤਿਹਾਸਕ ਯਾਦਗਾਰਾਂ, ਅਜਾਇਬ ਘਰ ਅਤੇ ਹੋਰ ਸਥਾਨ, ਜਿਨ੍ਹਾਂ ਦੀ ਦੇਖ਼-ਰੇਖ ਪੁਰਾਤਤਵ ਸਰਵੇਖਣ ਵਿਭਾਗ ਵਲੋਂ ਕੀਤੀ ਜਾਂਦੀ ਹੈ, ਨੂੰ ਬੰਦ ...
ਚੰਡੀਗੜ੍ਹ, 15 ਅਪ੍ਰੈਲ (ਏਜੰਸੀ)-ਹਰਿਆਣਾ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ, ਜਿਹੜੀਆਂ ਕਿ 'ਸਟੇਟ ਬੋਰਡ ਆਫ਼ ਸਕੂਲ ਐਜੂਕੇਸ਼ਨ' ਵਲੋਂ ਲਈਆਂ ਜਾਣੀਆਂ ਸਨ, ਇਸ ਦੇ ਨਾਲ ਹੀ 12ਵੀਂ ਜਮਾਤ ਦੇ ...
ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਨੀਟ-ਪੀ. ਜੀ. ਪ੍ਰੀਖਿਆ 2021 ਵੀ ਮੁਲਤਵੀ ਕਰ ਦਿੱਤੀ ਹੈ | ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ, ਅਜਿਹੇ 'ਚ ਪ੍ਰੀਖਿਆਵਾਂ ਕਰਵਾਉਣਾ ਆਸਾਨ ਨਹੀਂ ਹੈ | ਨੀਟ-ਪੀ. ਜੀ. 2021 ਪ੍ਰੀਖਿਆ 18 ਅਪ੍ਰੈਲ ਨੂੰ ਹੋਣੀ ਸੀ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX