ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਲਈ ਹਾਲੇ 8 ਮਹੀਨੇ ਤੋਂ ਵਧੇਰੇ ਦਾ ਸਮਾਂ ਬਾਕੀ ਹੈ ਪਰ ਇਥੇ ਸ਼ੁਰੂ ਹੋਈਆਂ ਸਿਆਸੀ ਸਰਗਰਮੀਆਂ ਨੂੰ ਵੇਖ ਕੇ ਲਗਦਾ ਹੈ ਕਿ ਜਿਵੇਂ ਚੋਣਾਂ ਸਿਰ 'ਤੇ ਖੜ੍ਹੀਆਂ ਹੋਣ। ਪਾਰਟੀਆਂ ਅੰਦਰ ਆਪਸੀ ਰੱਸਾਕਸ਼ੀ ਵੀ ਤੇਜ਼ ਹੋ ਗਈ ਹੈ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਕ-ਦੂਸਰੇ ਵਿਰੁੱਧ ਤੇਜ਼ ਬਿਆਨਬਾਜ਼ੀ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਬੇ ਦੀ ਮਾਰਕਸਵਾਦੀ ਪਾਰਟੀ ਦੇ ਬੁਲਾਰੇ ਨੇ ਪਹਿਲਾਂ ਹੀ ਇਹ ਬਿਆਨ ਦਿੱਤਾ ਹੋਇਆ ਹੈ ਕਿ ਉਹ ਆਉਂਦੀਆਂ ਚੋਣਾਂ ਵਿਚ ਕਾਂਗਰਸ ਨਾਲ ਗੱਠਜੋੜ ਨੂੰ ਤਰਜੀਹ ਦੇਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਬੜੇ ਹੀ ਚੁਸਤ ਚਲਾਕ ਐਨਾਲਿਸਟ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਨਾਲ ਪਾਰਟੀ ਅੰਦਰ ਕਾਫੀ ਘੁਸਰ-ਮੁਸਰ ਵੀ ਸ਼ੁਰੂ ਹੋ ਗਈ ਸੀ। ਇਹ ਵੀ ਖ਼ਬਰ ਮਿਲੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੋ ਚਾਰ ਕਾਂਗਰਸੀਆਂ ਦੀਆਂ ਟਿਕਟਾਂ ਬਦਲਵਾਉਣੀਆਂ ਚਾਹੁੰਦੇ ਹਨ। ਇਸ ਮਸਲੇ 'ਤੇ ਅੰਦਰਲੇ ਵਿਵਾਦ ਦੇ ਹੋਰ ਭਖਣ 'ਤੇ ਸਪੱਸ਼ਟੀਕਰਨ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਹੈ ਕਿ ਟਿਕਟਾਂ ਦੀ ਵੰਡ ਪਾਰਟੀ ਦੀ ਲੀਡਰਸ਼ਿਪ ਦਾ ਅੰਦਰੂਨੀ ਮਸਲਾ ਹੈ। ਇਸ ਵਿਚ ਕਿਸੇ ਬਾਹਰਲੇ ਵਿਅਕਤੀ ਦਾ ਦਖ਼ਲ ਨਹੀਂ ਹੋਵੇਗਾ।
ਰਾਜ ਸਭਾ ਮੈਂਬਰ ਅਤੇ ਸਾਬਕਾ ਕਾਂਗਰਸ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਨੇ ਤਾਂ ਕਾਫੀ ਸਮੇਂ ਤੋਂ ਆਪਣੇ ਹੀ ਸੂਬੇ ਦੀ ਸਰਕਾਰ ਦੇ ਵਿਰੁੱਧ ਬਿਆਨਬਾਜ਼ੀ ਸ਼ੁਰੂ ਕੀਤੀ ਹੋਈ ਹੈ। ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਘਟਨਾਕ੍ਰਮ ਸਬੰਧੀ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਨੂੰ ਹਾਈ ਕੋਰਟ ਵਲੋਂ ਰੱਦ ਕਰ ਦਿੱਤੇ ਜਾਣ ਨੇ ਪਹਿਲਾਂ ਹੀ ਬਣ ਚੁੱਕੇ ਇਸ ਵੱਡੇ ਵਿਵਾਦ ਦੇ ਹੋਰ ਵੀ ਭਖਣ ਦੀ ਸੰਭਾਵਨਾ ਪੈਦਾ ਕਰ ਦਿੱਤੀ ਹੈ। ਦੂਸਰੇ ਪਾਸੇ ਫਾਜ਼ਿਲਕਾ ਦੇ ਵੱਡੇ ਕਾਂਗਰਸੀ ਆਗੂ ਹੰਸ ਰਾਜ ਜੋਸਨ ਦੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ਵਿਚ ਸ਼ਮੂਲੀਅਤ ਨੇ ਸਿਆਸਤ ਨੂੰ ਹੋਰ ਵੀ ਮਘਾ ਦਿੱਤਾ ਹੈ ਕਿਉਂਕਿ ਜੋਸਨ ਇਕ ਕੰਬੋਜ ਆਗੂ ਵਜੋਂ ਜਾਣੇ ਜਾਂਦੇ ਹਨ। ਉਹ ਕਾਂਗਰਸ ਵਲੋਂ ਵਿਧਾਇਕ ਅਤੇ ਮੰਤਰੀ ਵੀ ਬਣੇ ਸਨ। ਰਾਜ ਵਿਚ ਚੋਣਾਂ ਦੀ ਚਰਚਾ ਨੂੰ ਵੱਡੀਆਂ ਸਿਆਸੀ ਪਾਰਟੀਆਂ ਨੇ ਹੋਰ ਵੀ ਹਵਾ ਦੇ ਦਿੱਤੀ ਹੈ, ਜਦੋਂ ਉਨ੍ਹਾਂ ਨੇ ਦਲਿਤ ਭਾਈਚਾਰੇ ਸਬੰਧੀ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਤੋਂ ਹੀ ਕਿਸੇ ਦਲਿਤ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣਾ ਰਾਜ ਆਉਣ 'ਤੇ ਕਿਸੇ ਦਲਿਤ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਣ ਦੀ ਗੱਲ ਕੀਤੀ ਹੈ, ਜਿਸ ਨੂੰ ਕਾਂਗਰਸ ਅਤੇ ਭਾਜਪਾ ਨੇ ਚੋਣ ਸਟੰਟ ਦਾ ਨਾਂਅ ਦਿੱਤਾ ਹੈ। ਸੂਬੇ ਵਿਚ 34 ਸੀਟਾਂ ਰਾਖਵੀਆਂ ਹਨ ਅਤੇ ਵਿਸ਼ੇਸ਼ ਤੌਰ 'ਤੇ ਦੁਆਬਾ ਖੇਤਰ ਵਿਚ ਦਲਿਤ ਭਾਈਚਾਰੇ ਦੀ ਵਸੋਂ ਵਧੇਰੇ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਵੀ ਕੀਤਾ ਹੈ ਕਿ ਸਰਕਾਰ ਦਾ 30 ਫ਼ੀਸਦੀ ਪੈਸਾ ਅਨੁਸੂਚਿਤ ਜਾਤੀਆਂ ਲਈ ਬਣਾਈਆਂ ਯੋਜਨਾਵਾਂ 'ਤੇ ਖ਼ਰਚ ਕੀਤਾ ਜਾਏਗਾ।
ਬਿਨਾਂ ਸ਼ੱਕ ਅਜਿਹੀ ਬਿਆਨਬਾਜ਼ੀ ਵੱਖ-ਵੱਖ ਵਰਗਾਂ ਦੇ ਵੋਟਰਾਂ ਨੂੰ ਭਰਮਾਉਣ ਲਈ ਕੀਤੀ ਜਾ ਰਹੀ ਹੈ, ਜਿਸ ਨਾਲ ਸੂਬੇ ਵਿਚ ਜਾਤੀਵਾਦ ਦੇ ਹੋਰ ਵਧਣ ਦੀ ਸੰਭਾਵਨਾ ਵਧੇਰੇ ਬਣਦੀ ਨਜ਼ਰ ਆ ਰਹੀ ਹੈ। ਪਹਿਲਾਂ ਹੀ ਉੱਠੀ ਇਸ ਭਾਵਨਾ ਨੇ ਸਮਾਜ ਵਿਚ ਬਹੁਤ ਤ੍ਰੇੜਾਂ ਪੈਦਾ ਕੀਤੀਆਂ ਹਨ। ਇਨ੍ਹਾਂ ਨੂੰ ਹੋਰ ਵੱਡਾ ਕਰਨ ਵਿਚ ਸਾਡੇ ਸਿਆਸੀ ਆਗੂ ਸਹਾਈ ਹੋ ਰਹੇ ਹਨ। ਅਜਿਹੇ ਆਧਾਰਾਂ ਨੂੰ ਲੈ ਕੇ ਸਮਾਜ ਵਿਚ ਪਈਆਂ ਵੰਡੀਆਂ ਸੂਬੇ ਲਈ ਹੋਰ ਵੀ ਨੁਕਸਾਨਦੇਹ ਸਾਬਤ ਹੋਣਗੀਆਂ ਪਰ ਸਿਆਸਤਦਾਨ ਵੋਟਾਂ ਦੀ ਲਲਕ ਵਿਚ ਸਮਾਜ ਦੇ ਖਖੜੀਆਂ ਕਰੇਲੇ ਹੋਣ ਪ੍ਰਤੀ ਅਕਸਰ ਬੇਪਰਵਾਹ ਬਣੇ ਰਹਿੰਦੇ ਹਨ। ਅਜਿਹੀ ਸਥਿਤੀ ਕਿਸੇ ਵੀ ਸਿਹਤਮੰਦ ਸਮਾਜ ਲਈ ਚੰਗੀ ਨਹੀਂ ਕਹੀ ਜਾ ਸਕਦੀ।
-ਬਰਜਿੰਦਰ ਸਿੰਘ ਹਮਦਰਦ
ਇਸ ਵੇਲੇ ਪੰਜਾਬ ਵਿਚ ਸਭ ਤੋਂ ਵੱਧ ਚਰਚਿਤ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਮਾਮਲੇ ਵਿਚ ਮਾਣਯੋਗ ਉੱਚ ਅਦਾਲਤ ਵਲੋਂ ਐਸ.ਆਈ.ਟੀ. ਦੀ ਜਾਂਚ ਰਿਪੋਰਟ ਰੱਦ ਕਰਨ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਨਵੀਂ ਐਸ.ਆਈ.ਟੀ. ਬਣਾਏ ...
ਹਾੜ੍ਹੀ ਦਾ ਸੀਜ਼ਨ ਆਉਂਦਿਆਂ ਹੀ ਭਾਵੇਂ ਅੱਜ ਵੀ ਕਿਸਾਨਾਂ ਅਤੇ ਕਾਮਿਆਂ ਵਿਚ ਆਪਣੀ ਪੱਕ ਚੁੱਕੀ ਕਣਕ ਦੀ ਫ਼ਸਲ ਨੂੰ ਸਾਂਭਣ ਲਈ ਭੱਜ-ਨੱਠ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਿਚ ਪਹਿਲਾਂ ਵਾਲੀ ਰਵਾਨਗੀ ਅੱਜ ਵੇਖਣ ਨੂੰ ਨਹੀਂ ਮਿਲਦੀ। ਜੇਕਰ ਢਾਈ-ਤਿੰਨ ਦਹਾਕੇ ਪਹਿਲਾਂ ਦੀ ...
ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨਾਂ ਦੇ ਸੰਘਰਸ਼ ਦੌਰਾਨ ਮੌਸਮ ਭਾਵੇਂ ਬਦਲ ਗਿਆ ਹੈ ਪਰ ਮੁੱਦਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ। 2020 ਦੀਆਂ ਕੜਾਕੇ ਦੀਆਂ ਸਰਦੀਆਂ 'ਚੋਂ ਲੰਘਦੇ ਹੋਏ ਕਿਸਾਨਾਂ ਦਾ ਦਿੱਲੀ ਸਰਹੱਦ 'ਤੇ ਲੱਗਿਆ ਧਰਨਾ ਹੁਣ ਲੋਹੜੇ ਦੀ ਗਰਮ ਰੁੱਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX