• ਹਸਪਤਾਲਾਂ 'ਚ ਦਾਖ਼ਲ ਹੋਣ ਲਈ ਜ਼ਰੂਰੀ ਨਹੀਂ ਪਾਜ਼ੀਟਿਵ ਰਿਪੋਰਟ • ਪ੍ਰਧਾਨ ਮੰਤਰੀ ਵਲੋਂ 4 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲਬਾਤ
ਨਵੀਂ ਦਿੱਲੀ, 8 ਮਈ (ਉਪਮਾ ਡਾਗਾ ਪਾਰਥ)-ਭਾਰਤ 'ਚ ਇਕ ਦਿਨ 'ਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਨੇ ਪਹਿਲੀ ਵਾਰ 4 ਹਜ਼ਾਰ ਦਾ ਅੰਕੜਾ ਪਾਰ ਕੀਤਾ ਹੈ ਨਾਲ ਹੀ ਹਫ਼ਤੇ 'ਚ ਚੌਥੀ ਵਾਰ 4 ਲੱਖ ਮਾਮਲਿਆਂ ਦਾ ਅੰਕੜਾ ਵੀ ਪਾਰ ਕੀਤਾ ਹੈ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਪਿਛਲੇ 24 ਘੰਟਿਆਂ 'ਚ 4187 ਲੋਕ ਮਾਰੇ ਗਏ ਹਨ ਜਿਸ ਕਾਰਨ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 2 ਲੱਖ, 38 ਹਜ਼ਾਰ ਹੋ ਗਈ ਹੈ | ਪਿਛਲੇ 24 ਘੰਟਿਆਂ 'ਚ ਭਾਰਤ 'ਚ 4 ਲੱਖ, 1 ਹਜ਼ਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਅਤੇ ਦੇਸ਼ 'ਚ ਕੁੱਲ ਜ਼ੇਰੇ ਇਲਾਜ ਮਰੀਜ਼ਾਂ ਦੀ ਕੁੱਲ ਗਿਣਤੀ 37 ਲੱਖ, 23 ਹਜ਼ਾਰ ਤੋਂ ਪਾਰ ਹੋ ਗਈ ਹੈ | ਇਸ ਦੌਰਾਨ ਕੋਰੋਨਾ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਤਹਿਤ ਸਰਕਾਰ ਨੇ ਕੋਵਿਡ ਦੇ ਇਲਾਜ ਲਈ ਇਕ ਹੋਰ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ | ਤਾਲਾਬੰਦੀ ਦੇ ਐਲਾਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਕਵਾਇਦ 'ਚ ਹੁਣ ਤਾਮਿਲਨਾਡੂ, ਕਰਨਾਟਕ ਅਤੇ ਮਣੀਪੁਰ ਦਾ ਨਾਂਅ ਜੁੜਿਆ ਹੈ | ਦੂਜੇ ਪਾਸੇ ਕੋਰੋਨਾ ਮਰੀਜ਼ਾਂ ਦੀਆਂ ਮੁਸ਼ਕਿਲਾਂ ਨੂੰ ਕੁਝ ਹੱਦ ਤੱਕ ਸੁਖਾਲਾ ਬਣਾਉਣ ਲਈ ਕੋਰੋਨਾ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਨੂੰ ਬਿਨਾਂ ਪਾਜ਼ੀਟਿਵ ਰਿਪੋਰਟ ਦੇ ਵੀ ਹਸਪਤਾਲ 'ਚ ਦਾਖ਼ਲ ਹੋਣ ਦੀ ਸੁਵਿਧਾ ਨੂੰ ਮਨਜ਼ੂਰੀ ਦੇ ਦਿੱਤੀ ਹੈ |
ਹਸਪਤਾਲ 'ਚ ਦਾਖ਼ਲ ਹੋਣ ਲਈ ਜ਼ਰੂਰੀ ਨਹੀਂ ਕੋਰੋਨਾ ਪਾਜ਼ੀਟਿਵ ਰਿਪੋਰਟ
ਸਰਕਾਰ ਵਲੋਂ ਕੋਰੋਨਾ ਮਰੀਜ਼ਾਂ ਦੇ ਹਸਪਤਾਲ 'ਚ ਦਾਖ਼ਲੇ ਨੂੰ ਲੈ ਕੇ ਰਾਸ਼ਟਰੀ ਨੀਤੀ 'ਚ ਕੀਤੇ ਬਦਲਾਅ ਤਹਿਤ ਹੁਣ ਹਸਪਤਾਲ 'ਚ ਕੋਰੋਨਾ ਮਰੀਜ਼ ਦੇ ਦਾਖ਼ਲੇ ਲਈ ਕੋਰੋਨਾ ਪਾਜ਼ੀਟਿਵ ਰਿਪੋਰਟ ਲਾਜ਼ਮੀ ਨਹੀਂ ਹੋਵੇਗੀ | ਨਵੀਂ ਨੀਤੀ ਤਹਿਤ ਲੱਛਣਾਂ ਵਾਲੇ ਮਰੀਜ਼ਾਂ ਨੂੰ ਸ਼ੱਕੀ ਮਰੀਜ਼ਾਂ ਦੇ ਵਾਰਡ 'ਚ ਦਾਖ਼ਲਾ ਮਿਲ ਸਕੇਗਾ, ਨਾਲ ਹੀ ਕਿਸੇ ਵੀ ਮਰੀਜ਼ ਨੂੰ ਇਸ ਆਧਾਰ 'ਤੇ ਦਾਖ਼ਲ ਕਰਨ ਲਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਕਿਸੇ ਹੋਰ ਰਾਜ ਤੋਂ ਹੈ | ਕਿਸੇ ਵੀ ਮਰੀਜ਼ ਨੂੰ ਕਿਤੇ ਵੀ ਦਾਖ਼ਲ ਕਰਵਾਇਆ ਜਾ ਸਕਦਾ ਹੈ | ਸਰਕਾਰ ਮੁਤਾਬਿਕ ਇਸ ਬਦਲਾਅ ਦਾ ਉਦੇਸ਼ ਕੋਵਿਡ ਪ੍ਰਭਾਵਿਤ ਮਰੀਜ਼ਾਂ ਨੂੰ ਫੌਰੀ ਪ੍ਰਭਾਵੀ ਅਤੇ ਵਿਆਪਕ ਇਲਾਜ ਮੁਹੱਈਆ ਕਰਵਾਉਣਾ ਹੈ | ਕੇਂਦਰੀ ਸਿਹਤ ਮੰਤਰਾਲੇ ਵਲੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੱੁਖ ਸਕੱਤਰਾਂ ਨੂੰ 3 ਦਿਨਾਂ ਅੰਦਰ ਨਵੀਂ ਨੀਤੀ ਨੂੰ ਅਮਲ 'ਚ ਲਿਆਉਣ ਦਾ ਨਿਰਦੇਸ਼ ਦਿੱਤਾ ਗਿਆ ਹੈ | ਇਸ ਨੀਤੀ 'ਚ ਹਸਪਤਾਲਾਂ 'ਚ ਮਰੀਜ਼ਾਂ ਦੇ ਦਾਖ਼ਲੇ ਨੂੰ ਜ਼ਰੂਰਤ ਆਧਾਰਿਤ ਰੱਖਣ ਲਈ ਕਿਹਾ ਗਿਆ ਹੈ, ਜਿਸ 'ਚ ਇਸ ਗੱਲ 'ਤੇ ਧਿਆਨ ਦੇਣ ਨੂੰ ਕਿਹਾ ਗਿਆ ਹੈ ਕਿ ਕੋਈ ਵੀ ਬੈੱਡ ਅਜਿਹੇ ਵਿਅਕਤੀ ਕੋਲ ਨਾ ਹੋਵੇ ਜਿਸ ਨੂੰ ਹੁਣ ਹਸਪਤਾਲ 'ਚ ਰੱਖਣ ਦੀ ਲੋੜ ਨਹੀਂ ਹੈ |
ਪ੍ਰਧਾਨ ਮੰਤਰੀ ਵਲੋਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ
ਬੇਕਾਬੂ ਹੋਏ ਕੋਰੋਨਾ ਦੇ ਹਾਲਾਤ 'ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਚਾਰ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੱਖ-ਵੱਖ ਫ਼ੋਨ ਕਰਕੇ ਹਾਲਾਤ ਦਾ ਜਾਇਜ਼ਾ ਲਿਆ | ਮੋਦੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਗੱਲਬਾਤ ਕੀਤੀ | ਪ੍ਰਧਾਨ ਮੰਤਰੀ ਦੀ ਦੇਸ਼ 'ਚ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਗੱਲਬਾਤ ਉਸ ਦਿਨ ਹੋਈ ਹੈ ਜਦੋਂ ਰਾਜ ਸਰਕਾਰ ਨੇ ਕੋਵਿਡ ਨੂੰ ਲੈ ਕੇ ਕੇਂਦਰ ਨੂੰ ਚਿੱਠੀ ਲਿਖੀ ਸੀ | ਕੋਵਿਡ ਐਪ 'ਚ ਰਜਿਸਟ੍ਰੇਸ਼ਨ 'ਚ ਆਉਣ ਵਾਲੀਆਂ ਦਿੱਕਤਾਂ ਦੇ ਕਾਰਨ ਰਾਜ ਸਰਕਾਰ ਨੇ ਕੋਰੋਨਾ ਟੀਕਾਕਰਨ ਲਈ ਇਕ ਵੱਖਰਾ ਐਪ ਵਿਕਸਿਤ ਕਰਨ ਦੀ ਇਜਾਜ਼ਤ ਮੰਗੀ ਸੀ | ਜ਼ਿਕਰਯੋਗ ਹੈ ਕਿ ਸਿਹਤ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਮਹਾਰਾਸ਼ਟਰ ਉਨ੍ਹਾਂ 10 ਰਾਜਾਂ 'ਚ ਸ਼ਾਮਿਲ ਹੈ ਜਿੱਥੇ ਭਾਰਤ ਦੇ ਕੁੱਲ ਦਰਜ ਕੀਤੇ ਮਾਮਲਿਆਂ 'ਚੋਂ 72 ਫ਼ੀਸਦੀ ਮਾਮਲੇ ਪਾਏ ਜਾਂਦੇ ਹਨ | ਮੱਧ ਪ੍ਰਦੇਸ਼ ਦੇ ਮੱੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਫ਼ੋਨ 'ਤੇ ਗੱਲਬਾਤ ਬਾਰੇ ਟਵਿੱਟਰ 'ਤੇ ਜਾਣਕਾਰੀ ਵੀ ਦਿੱਤੀ | ਦੋਹਾਂ ਮੁੱਖ ਮੰਤਰੀਆਂ ਨੇ ਆਪੋ-ਆਪਣੇ ਰਾਜਾਂ 'ਚ ਕੋਰੋਨਾ ਦੇ ਹਾਲਾਤ ਅਤੇ ਰਾਜ ਸਰਕਾਰ ਵਲੋਂ ਚੁੱਕੇ ਕਦਮਾਂ ਦੀ ਜਾਣਕਾਰੀ ਦਿੱਤੀ | ਪਿਛਲੇ 3 ਦਿਨਾਂ 'ਚ ਪ੍ਰਧਾਨ ਮੰਤਰੀ ਨੇ 10 ਮੁੱਖ ਮੰਤਰੀਆਂ ਅਤੇ ਦੋ ਉਪ ਰਾਜਪਾਲਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਰਾਜਾਂ 'ਚ ਕੋਰੋਨਾ ਦੇ ਹਾਲਾਤ ਦਾ ਜਾਇਜ਼ਾ ਲਿਆ | ਇਨ੍ਹਾਂ ਫ਼ੋਨ ਕਾਲ 'ਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਕੀਤਾ ਫ਼ੋਨ ਵੀ ਸ਼ਾਮਿਲ ਸੀ, ਜਿਸ 'ਤੇ ਟਿੱਪਣੀ ਕਰਦਿਆਂ ਸੋਰੇਨ ਨੇ ਪ੍ਰਧਾਨ ਮੰਤਰੀ ਦੇ ਫ਼ੋਨ ਕਾਲ ਦੀ ਤੁਲਨਾ 'ਮਨ ਕੀ ਬਾਤ' ਨਾਲ ਕੀਤੀ ਸੀ |
ਤਾਮਿਲਨਾਡੂ 'ਚ 2 ਹਫ਼ਤਿਆਂ ਲਈ ਮੁਕੰਮਲ ਤਾਲਾਬੰਦੀ
ਰਾਜਾਂ ਵਲੋਂ ਤਾਲਾਬੰਦੀ ਦੇ ਐਲਾਨਾਂ ਦੇ ਸਿਲਸਿਲੇ 'ਚ ਤਾਮਿਲਨਾਡੂ ਨੇ 10 ਮਈ ਤੋਂ 2 ਹਫ਼ਤਿਆਂ ਲਈ ਮੁਕੰਮਲ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ | 10 ਤੋਂ 24 ਮਈ ਤੱਕ ਪੂਰੀ ਤਾਲਾਬੰਦੀ ਰਹੇਗੀ |
ਮਰਨ ਵਾਲਿਆਂ 'ਚ ਵਧੇਰੇ 11 ਤੋਂ 15 ਸਾਲ ਦੀਆਂ ਲੜਕੀਆਂ
ਕਾਬੁਲ, 8 ਮਈ (ਏਜੰਸੀ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸਕੂਲ ਕੋਲ ਹੋਏ ਬੰਬ ਧਮਾਕੇ ਵਿਚ ਸ਼ੀਆ ਭਾਈਚਾਰੇ ਨਾਲ ਸਬੰਧਤ 40 ਲੋਕਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਰਨ ਵਾਲਿਆਂ 'ਚ ਵਧੇਰੇ 11 ਤੋਂ 15 ਸਾਲ ਦੀਆਂ ਵਿਦਿਆਰਥਣਾਂ ਸ਼ਾਮਿਲ ਹਨ | ਇਸ ਤੋਂ ਇਲਾਵਾ ਧਮਾਕੇ ਵਿਚ 50 ਦੇ ਲਗਪਗ ਹੋਰ ਲੋਕ ਜ਼ਖਮੀ ਹੋਏ ਹਨ | ਸਕੂਲ ਦਾ ਨਾਂਅ ਸਈਦ-ਅਲ-ਸ਼ਾਹਦਾ ਦੱਸਿਆ ਜਾ ਰਿਹਾ ਹੈ | ਉੁੱਧਰ ਦੂਜੇ ਪਾਸੇ ਤਾਲਿਬਾਨ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ, ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ | ਤਾਲਿਬਾਨ ਦੇ ਬੁਲਾਰੇ ਨੇ ਜਾਰੀ ਆਪਣੇ ਬਿਆਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਇਸਲਾਮਿਕ ਸਟੇਟ ਵਲੋਂ ਕੀਤੇ ਜਾ ਸਕਦੇ ਹਨ ਪਰ ਅਸੀਂ ਇਸ ਹਮਲੇ ਪਿੱਛੇ ਨਹੀਂ ਹਾਂ | ਅਫ਼ਗਾਨ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ | ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ | ਇਸ ਦੌਰਾਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਿੰਨ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਜਦੋਂ ਕਿ ਇਸ ਬਾਰੇ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ | ਧਮਾਕੇ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ ਵਿਚ ਸਾਫ ਤੌਰ 'ਤੇ ਲਾਸ਼ਾਂ, ਖੂਨ ਨਾਲ ਲੱਥ-ਪੱਥ ਸਕੂਲੀ ਬੈਗ ਅਤੇ ਖਿਲਰੀਆਂ ਹੋਈਆਂ ਕਿਤਾਬਾਂ ਦੇਖੀਆਂ ਜਾ ਸਕਦੀਆਂ ਹਨ | ਜਾਣਕਾਰੀ ਅਨੁਸਾਰ ਜਦੋਂ ਐਂਬੂਲੈਂਸਾਂ ਜ਼ਖਮੀਆਂ ਨੂੰ ਲੈਣ ਲਈ ਪੁੱਜੀਆਂ ਤਾਂ ਗੁੱਸੇ ਵਿਚ ਆਏ ਸਥਾਨਕ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਸਿਹਤ ਕਰਮੀਆਂ ਦੀ ਕੁੱਟਮਾਰ ਵੀ ਕੀਤੀ | ਦੱਸਣਯੋਗ ਹੈ ਕਿ ਉਕਤ ਸਕੂਲ ਤਿੰਨ ਸ਼ਿਫਟਾਂ ਵਿਚ ਚਲਦਾ ਹੈ ਅਤੇ ਜਿਸ ਸਮੇਂ ਇਹ ਧਮਾਕਾ ਹੋਇਆ ਤਾਂ ਉਸ ਸਮੇਂ ਦੂਸਰੀ ਸ਼ਿਫਟ ਦੌਰਾਨ ਲੜਕੀਆਂ ਦੀ ਪੜ੍ਹਾਈ ਚੱਲ ਰਹੀ ਸੀ |
ਅੰਮਿ੍ਤਸਰ, 8 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਨਿਊਜ਼ ਚੈਨਲ ਨਾਲ ਇੰਟਰਵਿਊ 'ਚ ਮੰਨਿਆ ਹੈ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣਾ ਭਾਰਤ ਦਾ ਅੰਦਰੂਨੀ ਮਾਮਲਾ ਹੈ | ਪਾਕਿ ਵਲੋਂ ਅਜੇ ਤੱਕ ਲਗਾਤਾਰ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ, ਪਰ ਧਾਰਾ 370 ਨੂੰ ਹਟਾਏ ਜਾਣ ਤੋਂ 21 ਮਹੀਨਿਆਂ ਬਾਅਦ ਅਚਾਨਕ ਕੁਰੈਸ਼ੀ ਨੇ ਜਨਤਕ ਤੌਰ 'ਤੇ ਉਕਤ ਬਿਆਨ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਹਟਾਈ ਸੀ, ਜਿਸ ਦਾ ਪਾਕਿ ਨੇ ਸਖ਼ਤ ਵਿਰੋਧ ਕਰਦਿਆਂ ਕੌਮਾਂਤਰੀ ਮੰਚਾਂ 'ਤੇ ਵੀ ਭਾਰਤ ਦੀ ਇਸ ਕਾਰਵਾਈ ਵਿਰੁੱਧ ਆਵਾਜ਼ ਉਠਾਈ ਸੀ | ਉਕਤ ਇੰਟਰਵਿਊ 'ਚ ਕੁਰੈਸ਼ੀ ਨੇ ਇਹ ਵੀ ਕਿਹਾ ਕਿ ਭਾਰਤ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਅਤੇ 35-ਏ ਨੂੰ ਹਟਾ ਕੇ ਬਹੁਤ ਕੁਝ ਗਵਾਇਆ ਹੈ | ਉਨ੍ਹਾਂ ਕਿਹਾ ਕਿ ਅਸੀਂ 370 ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ ਅਤੇ ਸਾਨੂੰ 35-ਏ ਨੂੰ ਹਟਾਉਣ ਕਾਰਨ ਪ੍ਰੇਸ਼ਾਨੀ ਹੈ, ਕਿਉਂਕਿ ਇਸ ਨਾਲ ਕਸ਼ਮੀਰ ਦੇ ਭੂਗੋਲ ਅਤੇ ਆਬਾਦੀ ਦੇ ਸੰਤੁਲਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਭਾਰਤ ਦੀ ਇਸ ਕਾਰਵਾਈ ਨੂੰ ਲੈ ਕੇ ਪਾਕਿ ਸਰਕਾਰ ਨੇ ਚੁਣੌਤੀ ਦਿੱਤੀ ਹੈ ਅਤੇ ਪਾਕਿ ਸੁਪਰੀਮ ਕੋਰਟ 'ਚ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਵੀ ਚੱਲ ਰਹੀ ਹੈ | ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ | ਦੋਵੇਂ ਪ੍ਰਮਾਣੂ ਸ਼ਕਤੀ ਵਾਲੇ ਦੇਸ਼ ਹਨ | ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਭਾਰਤ-ਪਾਕਿ ਦੇ ਮਾਮਲਿਆਂ ਨੂੰ ਹੱਲ ਕਰਨ ਦਾ ਜੰਗ ਕੋਈ ਬਦਲ ਨਹੀਂ ਹੈ, ਪਰ ਜੰਗ ਨੂੰ 'ਖ਼ੁਦਕੁਸ਼ੀ' ਜ਼ਰੂਰ ਕਿਹਾ ਜਾ ਸਕਦਾ ਹੈ | ਸਿਰਫ਼ ਗੱਲਬਾਤ ਹੀ ਇੱਕੋ ਇੱਕ ਹੱਲ ਹੈ ਤਾਂ ਮੁੱਦਿਆਂ ਨੂੰ ਬੈਠ ਕੇ ਹੱਲ ਕਰਨ ਵਾਲੇ ਪਾਸੇ ਦੋਵਾਂ ਮੁਲਕਾਂ ਨੂੰ ਵਧਣਾ ਚਾਹੀਦਾ ਹੈ |
ਆਕਸੀਜਨ ਦੀ ਕਿੱਲਤ ਦੇ ਮੁੱਦੇ ਨੂੰ ਦੇਸ਼ ਭਰ 'ਚ ਵਿਗਿਆਨਕ ਸੰਤੁਲਿਤ ਅਤੇ ਬਰਾਬਰੀ ਦੇ ਆਧਾਰ 'ਤੇ ਸੁਲਝਾਉਣ ਲਈ ਸੁਪਰੀਮ ਕੋਰਟ ਨੇ 12 ਮੈਂਬਰੀ ਕੌਮੀ ਟਾਸਕ ਫੋਰਸ ਦਾ ਗਠਨ ਕੀਤਾ ਹੈ | ਜਸਟਿਸ ਵੀ.ਕੇ. ਚੰਦਰਚੂੜ ਅਤੇ ਐੱਮ.ਆਰ.ਸ਼ਾਹ ਦੇ ਬੈਂਚ ਨੇ ਕਿਹਾ ਕਿ ਕੇਂਦਰੀ ਕੈਬਨਿਟ ਸਕੱਤਰ ਇਸ ਟਾਸਕ ਫੋਰਸ ਦੇ ਕਨਵੀਨਰ ਹੋਣਗੇ | ਟਾਸਕ ਫੋਰਸ ਦੇ ਹੋਰਨਾਂ ਮੈਂਬਰਾਂ 'ਚ ਪੱਛਮੀ ਬੰਗਾਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਦੇ ਸਾਬਕਾ ਉਪ ਕੁਲਪਤੀ ਡਾ: ਤਾਬਤੋਸ਼ ਬਿਸਵਾਸ, ਡਾ: ਨਰੇਸ਼ ਤ੍ਰੈਹਾਨ, ਡਾ: ਦੇਵੇਂਦਰ ਸਿੰਘ ਰਾਣਾ, ਡਾ: ਸੋਮਿੱਤਰਾ ਰਾਵਤ, ਡਾ: ਗਗਨਦੀਪ ਕੰਗ, ਡਾ: ਜੇ.ਵੀ. ਪੀਟਰ, ਡਾ: ਸ਼ਿਵ ਕੁਮਾਰ ਸਰੀਨ, ਡਾ: ਜ਼ਰੀਰ ਐੱਫ਼. ਉਦਵਾਡੀਆ, ਡਾ: ਰਾਹੁਲ ਪੰਡਿਤ, ਡਾ: ਦੇਵੀ ਪ੍ਰਸਾਦ ਸ਼ੈੱਟੀ ਸ਼ਾਮਿਲ ਹਨ | ਇਸ ਤੋਂ ਇਲਾਵਾ ਸਿਹਤ ਮੰਤਰਾਲੇ ਦਾ ਸਕੱਤਰ ਵੀ ਟਾਸਕ ਫੋਰਸ ਦਾ ਮੈਂਬਰ ਹੋਵੇਗਾ | ਟਾਸਕ ਫੋਰਸ ਜੋ ਕਿ ਇਕ ਹਫ਼ਤੇ ਅੰਦਰ ਕੰਮ ਕਰਨਾ ਸ਼ੁਰੂ ਕਰੇਗੀ, ਆਪਣੀ ਰਿਪੋਰਟ ਕੇਂਦਰ ਅਤੇ ਸੁਪਰੀਮ ਕੋਰਟ ਦੋਵਾਂ ਨੂੰ ਸੌਂਪੇਗੀ ਪਰ ਆਪਣੀਆਂ ਸਿਫ਼ਾਰਸ਼ਾਂ ਸਿੱਧੀਆਂ ਸੁਪਰੀਮ ਕੋਰਟ ਨੂੰ ਸੌਂਪੇਗੀ | ਸ਼ੁਰੂਆਤੀ ਤੌਰ 'ਤੇ ਟਾਸਕ ਫੋਰਸ ਦੀ ਮਿਆਦ 6 ਮਹੀਨੇ ਮਿੱਥੀ ਗਈ ਹੈ | ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਹਸਪਤਾਲਾਂ ਨੂੰ ਟਾਸਕ ਫੋਰਸ ਨੂੰ ਲੋੜੀਂਦਾ ਸਹਿਯੋਗ ਦੇਣ ਨੂੰ ਕਿਹਾ ਹੈ | ਇਹ ਟਾਸਕ ਫੋਰਸ ਰਾਜਾਂ ਨੂੰ ਆਕਸੀਜਨ ਸਪਲਾਈ ਕਰਨ ਦਾ ਵਿਗਿਆਨਕ ਅਤੇ ਵਿਵਹਾਰਕ ਫਾਰਮੂਲਾ ਵੀ ਤਿਆਰ ਕਰੇਗੀ |
ਚੰਡੀਗੜ੍ਹ, 8 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 171 ਹੋਰ ਮੌਤਾਂ ਹੋ ਗਈਆਂ ਹਨ ਜਦਕਿ 6647 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 9100 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 171 ਮੌਤਾਂ 'ਚ ਅੰਮਿ੍ਤਸਰ ਤੋਂ 13, ਬਰਨਾਲਾ ਤੋਂ 1, ਬਠਿੰਡਾ ਤੋਂ 17, ਫਰੀਦਕੋਟ ਤੋਂ 1, ਫਾਜ਼ਿਲਕਾ ਤੋਂ 9, ਫਿਰੋਜ਼ਪੁਰ ਤੋਂ 3, ਫ਼ਤਹਿਗੜ੍ਹ ਸਾਹਿਬ ਤੋਂ 3, ਗੁਰਦਾਸਪੁਰ ਤੋਂ 5, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ 11, ਲੁਧਿਆਣਾ ਤੋਂ 19, ਕਪੂਰਥਲਾ ਤੋਂ 4, ਮਾਨਸਾ ਤੋਂ 3, ਐਸ.ਏ.ਐਸ. ਨਗਰ ਤੋਂ 10, ਮੁਕਤਸਰ ਤੋਂ 17, ਪਠਾਨਕੋਟ ਤੋਂ 10, ਪਟਿਆਲਾ ਤੋਂ 13, ਰੋਪੜ ਤੋਂ 4, ਐਸ.ਬੀ.ਐਸ. ਨਗਰ ਤੋਂ 3, ਸੰਗਰੂਰ ਤੋਂ 11 ਤੇ ਤਰਨ ਤਾਰਨ ਤੋਂ 7 ਮਰੀਜ਼ ਸ਼ਾਮਿਲ ਹਨ | ਲੁਧਿਆਣਾ ਤੋਂ 1223, ਜਲੰਧਰ ਤੋਂ 672, ਪਟਿਆਲਾ ਤੋਂ 620, ਐਸ.ਏ.ਐਸ ਨਗਰ ਤੋਂ 1168, ਅੰਮਿ੍ਤਸਰ ਤੋਂ 610, ਗੁਰਦਾਸਪੁਰ ਤੋਂ 200, ਬਠਿੰਡਾ ਤੋਂ 706, ਹੁਸ਼ਿਆਰਪੁਰ ਤੋਂ 384, ਫ਼ਿਰੋਜ਼ਪੁਰ ਤੋਂ 195, ਪਠਾਨਕੋਟ ਤੋਂ 462, ਸੰਗਰੂਰ ਤੋਂ 252, ਕਪੂਰਥਲਾ ਤੋਂ 134, ਫ਼ਰੀਦਕੋਟ ਤੋਂ 215, ਮੁਕਤਸਰ ਤੋਂ 416, ਫ਼ਾਜ਼ਿਲਕਾ ਤੋਂ 528, ਮੋਗਾ ਤੋਂ 154, ਰੋਪੜ ਤੋਂ 340, ਫ਼ਤਹਿਗੜ੍ਹ ਸਾਹਿਬ ਤੋਂ 105, ਬਰਨਾਲਾ ਤੋਂ 23, ਤਰਨ ਤਾਰਨ ਤੋਂ 179, ਐਸ.ਬੀ.ਐਸ. ਨਗਰ ਤੋਂ 127 ਤੇ ਮਾਨਸਾ ਤੋਂ 387 ਮਰੀਜ਼ ਨਵੇਂ ਪਾਏ ਗਏ ਹਨ | ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 71968 ਤੱਕ ਪੁੱਜ ਚੁੱਕੀ ਹੈ |
ਪੁਰਤਗਾਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ, 8 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਕਿਹਾ ਕਿ ਮਹੱਤਵਪੂਰਨ ਖੇਤਰੀ ਅਤੇ ਵਿਸ਼ਵ ਪੱਧਰੀ ਤਾਕਤ ਦੇ ਰੂਪ ਵਿਚ ਭਾਰਤ ਦੀ ਭੂਮਿਕਾ ਦਾ ਵਿਸਥਾਰ ਜਾਰੀ ਰਹੇਗਾ ਅਤੇ ਰਾਜਨੀਤਕ, ਆਰਥਿਕ ਅਤੇ ਤਕਨੀਕੀ ਸਹਿਯੋਗ ਦੇ ਨਵੇਂ ਰਸਤਿਆਂ ਦੀ ਤਲਾਸ਼ ਵਿਚ ਯੂਰਪੀਅਨ ਸੰਘ ਨਾਲ ਉਸ ਦੀ ਯਾਤਰਾ ਜਾਰੀ ਰਹੇਗੀ | ਦੋਵਾਂ ਨੇਤਾਵਾਂ ਨੇ ਕਿਹਾ ਕਿ ਭਾਰਤ-ਯੂਰਪੀਅਨ ਸੰਘ ਦੇ ਨੇਤਾਵਾਂ ਵਿਚਕਾਰ ਬੈਠਕ ਸਮਕਾਲੀ ਸਮਾਜ ਅਤੇ ਅਰਥਵਿਵਸਥਾਵਾਂ ਵਿਚਕਾਰ ਫੈਸਲਾਕੁੰਨ ਮਹੱਤਵ ਦੇ ਨਵੇਂ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਮੌਕੇ ਪ੍ਰਦਾਨ ਕਰਦੀ ਹੈ | ਦੋਵਾਂ ਨੇਤਾਵਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਮਹੱਤਵਪੂਰਨ ਖੇਤਰੀ ਅਤੇ ਵਿਸ਼ਵ ਪੱਧਰੀ ਤਾਕਤ ਦੇ ਰੂਪ 'ਚ ਭਾਰਤ ਦੀ ਭੂਮਿਕਾ ਦਾ ਵਿਸਥਾਰ ਜਾਰੀ ਰਹੇਗਾ ਅਤੇ ਇਹ ਮਜ਼ਬੂਤ ਸਾਂਝੇਦਾਰੀ ਯੂਰਪ ਨੂੰ ਦੁਨੀਆ ਦੇ ਸਮਾਰਿਕ ਮਹੱਤਵ ਦੇ ਖੇਤਰ ਵਿਚ ਸਬੰਧਾਂ ਨੂੰ ਵਿਭਿੰਨਤਾ ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰੇਗੀ |
ਨਵੀਂ ਦਿੱਲੀ, 8 ਮਈ (ਏਜੰਸੀ)-ਦੇਸ਼ ਵਿਚ ਕੋਰੋਨਾ ਦੇ ਮਾਮਲੇ ਵਧਣ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਉਨ੍ਹਾਂ ਕੈਦੀਆਂ ਨੂੰ ਪੈਰੋਲ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਦੀ ਜ਼ਮਾਨਤ ਬੀਤੇ ਸਾਲ ਮਾਰਚ 'ਚ ਮਨਜ਼ੂਰ ਕੀਤੀ ਗਈ ਸੀ | ਅਦਾਲਤ ਨੇ ਇਹ ਫ਼ੈਸਲਾ ਕੋਰੋਨਾ ਦੇ ਵਧ ਰਹੇ ਮਾਮਲਿਆਂ ਦਰਮਿਆਨ ਜੇਲ੍ਹਾਂ 'ਚ ਕੈਦੀਆਂ ਦੀ ਗਿਣਤੀ ਘੱਟ ਕਰਨ ਲਈ ਕੀਤਾ ਹੈ | ਸਰਬਉੱਚ ਅਦਾਲਤ ਨੇ ਕਿਹਾ ਕਿ ਜਿਨ੍ਹਾਂ ਕੈਦੀਆਂ ਨੂੰ ਬੀਤੇ ਸਾਲ ਪੈਰੋਲ 'ਤੇ ਛੱਡਿਆ ਗਿਆ ਸੀ, ਉਨ੍ਹਾਂ ਨੂੰ ਮੁੜ 90 ਦਿਨ ਦੀ ਫਰਲੋ ਦਿੱਤੀ ਜਾਵੇ | ਚੀਫ਼ ਜਸਟਿਸ ਐਨ. ਵੀ. ਰਮਨਾ, ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਨੇ ਦੇਸ਼ 'ਚ ਮਹਾਂਮਾਰੀ ਦੇ ਚੱਲਦਿਆ ਜੇਲ੍ਹਾਂ 'ਚ ਭੀੜ ਘੱਟ ਕਰਨ ਲਈ ਬਕਾਇਆ ਪਏ ਮਾਮਲਿਆਂ 'ਚ ਨਵੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ਬਹੁਤ ਭਿਆਨਕ ਹੈ | ਬੈਂਚ ਨੇ ਕਿਹਾ ਕਿ ਰਾਸ਼ਟਰੀ ਸੇਵਾ ਕਾਨੂੰਨੀ ਅਥਾਰਿਟੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦਿਆਂ ਕੁਝ ਵਰਗਾਂ ਦੇ ਕੈਦੀਆਂ ਨੂੰ ਪੈਰੋਲ ਜਾਂ ਜ਼ਮਾਨਤ 'ਤੇ ਰਿਹਾਅ ਕਰਨ ਸਬੰਧੀ ਵਿਚਾਰ ਕਰਨ ਲਈ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਉੱਚ ਅਧਿਕਾਰ ਪ੍ਰਾਪਤ ਕਮੇਟੀਆਂ ਦਾ ਗਠਨ ਕਰਨ ਸਬੰਧੀ ਵਿਚਾਰ ਕੀਤਾ ਜਾਵੇਗਾ |
ਅਮਰਾਵਤੀ, 8 ਮਈ (ਏਜੰਸੀ)-ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਕਡੱਪਾ 'ਚ ਚੂਨਾ ਪੱਥਰ ਦੀ ਖਾਣ 'ਚ ਹੋਏ ਧਮਾਕੇ ਨਾਲ 10 ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਅਨੁਸਾਰ ਹੁਣ ਤੱਕ ਕੇਵਲ 5 ਲਾਸ਼ਾਂ ਦੀ ਪਛਾਣ ਹੀ ਹੋ ਸਕੀ ਹੈ, ਕਿਉਂਕਿ ਲਾਸ਼ਾਂ ਦੇ ਚਿੱਥੜੇ ਉੱਡੇ ਹੋਏ ਹਨ ...
ਦੋਵਾਂ ਦੇਸ਼ਾਂ ਦਰਮਿਆਨ ਤਣਾਅ ਕਾਰਨ ਵਿਦੇਸ਼ ਮੰਤਰੀ ਨੇ ਬੈਠਕ 'ਚ ਨਾ ਲਿਆ ਹਿੱਸਾ
ਸੰਯੁਕਤ ਰਾਸ਼ਟਰ, 8 ਮਈ (ਏਜੰਸੀ)- ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚੀਨ ਵਲੋਂ ਬੁਲਾਈ ਮੰਤਰੀ ਪੱਧਰ ਦੀ ਉੱਚ ਪੱਧਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦਾ ਬਾਈਕਾਟ ਕੀਤਾ | ਚੀਨ ...
ਬੈਂਗਲੁਰੂ, 8 ਮਈ (ਏਜੰਸੀ)-ਅੱਜ ਇਥੇ ਸੈਨਾ ਪੁਲਿਸ ਕੇਂਦਰ ਅਤੇ ਸਕੂਲ (ਸੀ ਐਮ ਪੀ ਸੀ ਐਂਡ ਐਸ) ਦੇ ਦ੍ਰੋਣਾਚਾਰਿਆ ਪਰੇਡ ਮੈਦਾਨ 'ਚ 83 ਮਹਿਲਾ ਸੈਨਿਕਾਂ ਦੇ ਪਹਿਲੇ ਬੈਚ ਨੂੰ ਭਾਰਤੀ ਸੈਨਾ 'ਚ ਸ਼ਾਮਿਲ ਕੀਤਾ ਗਿਆ | ਸੀ. ਐਮ. ਪੀ. ਕੇਂਦਰ ਅਤੇ ਸਕੂਲ ਦੇ ਕਮਾਂਡੈਂਟ ਬਿ੍ਗੇਡੀਅਰ ...
ਦਵਾਈਆਂ ਬਾਰੇ ਨੇਮਬੱਧ ਸੰਸਥਾ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਜੀ.ਸੀ.ਆਈ.) ਨੇ ਕੋਰੋਨਾ ਰੋਕੂ ਦਵਾਈ 2 ਡੀ.ਜੀ. ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ | ਰੱਖਿਆ, ਖੋਜ ਅਤੇ ਵਿਕਾਸ ਸੰਸਥਾ (ਡੀ.ਆਰ.ਡੀ.ਓ.) ਵਲੋਂ ਵਿਕਸਿਤ ਇਹ ਦਵਾਈ ਇਕ ਸੈਸ਼ੇ 'ਚ ਉਪਲਬਧ ...
ਮੁੰਬਈ, 8 ਮਈ (ਪੀ.ਟੀ.ਆਈ.)-ਮਹਾਰਾਸ਼ਟਰ 'ਚ ਬਲੈਕ ਫੰਗਸ (ਮਿਊਕਰੋਮਾਈਕੋਸਿਸ) ਨਾਲ ਕੋਰੋਨਾ ਤੋਂ ਸਿਹਤਯਾਬ ਹੋਏ 8 ਲੋਕਾਂ ਦੀ ਮੌਤ ਹੋ ਗਈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁੱਲ 200 ਅਜਿਹੇ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ | ਮੈਡੀਕਲ ਸਿੱਖਿਆ ਤੇ ਖੋਜ ਡਾਇਰੈਕਟੋਰੇਟ ...
ਜੋਧਪੁਰ, 8 ਮਈ (ਏਜੰਸੀ)- ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਜਿਸ ਦਾ ਪਿਛਲੇ ਦੋ ਦਿਨਾਂ ਤੋਂ ਇਥੇ ਹਸਪਤਾਲ ਵਿਖੇ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ, ਨੂੰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਰਾਤ ਨੂੰ ਜੋਧਪੁਰ ...
ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦਾ ਦਿੱਤਾ ਸੱਦਾ
ਚੰਡੀਗੜ੍ਹ, 8 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਅੱਜ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵਲੋਂ 10 ...
ਕੋਲਕਾਤਾ, 8 ਮਈ (ਪੀ.ਟੀ.ਆਈ.)-ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ 'ਚ ਭਾਜਪਾ ਤੇ ਤਿ੍ਣਮੂਲ ਕਾਂਗਰਸ ਵਿਚਾਲੇ ਹੋਈ ਝੜਪ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕਤੀਨਗਰ ਪਿੰਡ 'ਚ ਇਹ ਘਟਨਾ ਉਸ ਸਮੇਂ ਵਾਪਰੀ ਜਦ ...
ਅਹਿਮਦਾਬਾਦ, 8 ਮਈ (ਏਜੰਸੀ)-ਗੁਜਰਾਤ 'ਚ ਕੋਰੋਨਾ ਤੋਂ ਠੀਕ ਹੋ ਚੁੱਕੇ ਕੁਝ ਮਰੀਜ਼ਾਂ 'ਚ ਮਿਊਕ੍ਰੋਮਾਈਕੋਸਿਸ ਜਾਂ 'ਬਲੈਕ ਫੰਗਸ' ਇਨਫੈਕਸ਼ਨ ਹੋਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ | ਜਿਸ ਨਾਲ ਕੁਝ ਮਰੀਜ਼ਾਂ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ | ਸੂਰਤ ਦੇ ਇਕ ...
ਕੋਲਕਾਤਾ, 8 ਮਈ (ਰਣਜੀਤ ਸਿੰਘ ਲੁਧਿਆਣਵੀ)-ਮੱੁਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਸੰਕਟ ਇਸ ਲਈ ਵਧ ਗਿਆ, ਕਿਉਂਕਿ ਕੇਂਦਰ 'ਚ ਸਰਕਾਰ ਨੇ 6 ਮਹੀਨੇ ਕੋਈ ਕੰਮ ਨਹੀਂ ਕੀਤਾ | ਕੇਂਦਰ ਦੇ ਮੰਤਰੀ ਤੇ ਆਗੂ ਬੰਗਾਲ 'ਤੇ ਕਬਜ਼ਾ ਕਰਨ ਲਈ ...
ਕੋਲਕਾਤਾ, 8 ਮਈ (ਰਣਜੀਤ ਸਿੰਘ ਲੁਧਿਆਣਵੀ)-ਰਾਜਪਾਲ ਜਗਦੀਪ ਧਨਖੜ ਨੇ ਬੰਗਾਲ 'ਚ ਚੋਣਾਂ ਤੋਂ ਬਾਅਦ ਜਾਰੀ ਹਿੰਸਾ ਨੂੰ ਲੈ ਕੇ ਟਵੀਟ ਕੀਤਾ ਤੇ ਰਾਜ ਸਰਕਾਰ ਵਲੋਂ ਰਿਪੋਰਟ ਨਹੀਂ ਭੇਜੇ ਜਾਣ 'ਤੇ ਗੁੱਸਾ ਜ਼ਾਹਰ ਕੀਤਾ | ਧਨਖੜ ਨੇ ਲਿਖਿਆ ਕਿ ਡੀ.ਜੀ.ਪੀ. ਤੇ ਕੋਲਕਾਤਾ ਦੇ ...
ਨਵੀਂ ਦਿੱਲੀ, 8 ਮਈ (ਏਜੰਸੀ)-ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਦੇਸ਼ ਦੇ 180 ਜ਼ਿਲਿ੍ਹਆਂ 'ਚ ਪਿਛਲੇ 7 ਦਿਨਾਂ ਦੌਰਾਨ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ | ਮਹਾਂਮਾਰੀ ਦੇ ਹਾਲਾਤ 'ਤੇ ਚਰਚਾ ਲਈ ਹੋਈ ਮੰਤਰੀ ਸਮੂਹ ਦੀ 25ਵੀਂ ਆਨਲਾਈਨ ...
ਨਵੀਂ ਦਿੱਲੀ, 8 ਮਈ (ਪੀ.ਟੀ.ਆਈ.)-ਭਾਰਤ ਤੇ ਯੂਰਪੀਅਨ ਯੂਨੀਅਨ ਨੇ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਲਈ ਮੁੜ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ, ਜੋ 8 ਸਾਲ ਤੋਂ ਬੰਦ ਪਈ ਸੀ | ਇਸ ਤੋਂ ਇਲਾਵਾ ਦੋਵੇਂ ਧਿਰਾਂ ਨੇ ਨਿਵੇਸ਼ ਸੁਰੱਖਿਆ ਅਤੇ ਭੂਗੋਲਿਕ ਸੰਕੇਤਾਂ ਸਬੰਧੀ ਦੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX