ਸੰਗਰੂਰ, 8 ਮਈ (ਦਮਨਜੀਤ ਸਿੰਘ) - ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਸਰਕਾਰ ਦੇ ਲਾਕਡਾਊਨ ਦਾ ਵਿਰੋਧ ਕਰਨ ਅਤੇ ਬੰਦ ਪਈਆਂ ਦੁਕਾਨਾਂ ਨੂੰ ਖੁਲ੍ਹਵਾਉਣ ਦੇ ਦਿੱਤੇ ਸੱਦੇ ਦੇ ਚਲਦਿਆਂ ਅੱਜ ਸ਼ਹਿਰ ਸੰਗਰੂਰ ਦੇ ਬਾਜ਼ਾਰਾਂ ਅੰਦਰ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਰੋਸ ਮਾਰਚ ਕਰਦਿਆਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ | ਸਥਾਨਕ ਅਨਾਜ ਮੰਡੀ ਵਿਚ ਚੜ੍ਹਦੀ ਸਵੇਰ ਤੋਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਇਕੱਤਰ ਹੋ ਰਹੇ ਸਨ ਅਤੇ ਦੂਸਰੇ ਪਾਸੇ ਸਥਾਨਕ ਰੇਲਵੇ ਸਟੇਸ਼ਨ ਲਾਗੇ ਸੰਯੁਕਤ ਕਿਸਾਨ ਮੋਰਚੇ ਦੇ ਚੱਲ ਰਹੇ ਪੱਕੇ ਧਰਨੇ ਅੱਗੇ ਬਾਕੀ ਜਥੇਬੰਦੀਆਂ ਅਤੇ ਕਿਸਾਨ ਯੂਨੀਅਨਾਂ ਦੇ ਕਿਸਾਨ ਇਕੱਤਰ ਹੋ ਰਹੇ ਸਨ | ਸੈਂਕੜਿਆਂ ਦੀ ਤਾਦਾਦ ਵਿਚ ਦੋਹਾਂ ਪਾਸੇ ਇਕੱਤਰ ਹੋਏ ਕਿਸਾਨਾਂ ਨੂੰ ਪਹਿਲਾਂ ਕਿਸਾਨ ਆਗੂਆਂ ਨੂੰ ਸੰਬੋਧਨ ਕੀਤਾ | ਵੱਖੋ-ਵੱਖ ਕਾਫ਼ਲਿਆਂ ਦੇ ਰੂਪ ਵਿਚ ਕਿਸਾਨਾਂ ਵਲੋਂ ਆਪਣੇ ਟਰੈਕਟਰ-ਟਰਾਲੀਆਂ ਅਤੇ ਹੋਰਨਾਂ ਸਾਧਨਾਂ ਰਾਹੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਕੈਪਟਨ ਸਰਕਾਰ ਖ਼ਿਲਾਫ਼ ਰੋਸ ਮਾਰਚ ਕਰਦਿਆਂ ਸ਼ਹਿਰ ਦੇ ਮੁੱਖ ਚੌਂਕਾਂ ਵਿਚ ਕਾਫਲੇ ਰੋਕ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ | ਕਿਸਾਨਾਂ ਦਾ ਕਹਿਣਾ ਸੀ ਕਿ ਦੁਕਾਨਦਾਰ ਵਰਗ ਕਿਸਾਨੀ ਸੰਘਰਸ਼ ਦੇ ਹਰ ਸੱਦੇ ਵਿਚ ਡੱਟ ਕੇ ਸਾਥ ਦਿੰਦਾ ਹੈ ਅਤੇ ਹੁਣ ਜਦ ਦੁਕਾਨਦਾਰਾਂ ਉੱਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਮਾਰ ਪੈ ਰਹੀ ਹੈ ਤਾਂ ਕਿਸਾਨ ਵੀ ਆਪਣਾ ਫ਼ਰਜ਼ ਸਮਝਦਿਆਂ ਦੁਕਾਨਦਾਰਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ | ਕਿਸਾਨ ਆਗੂਆਂ ਨੇ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਦੌਰਾਨ ਦੁਕਾਨਦਾਰਾਂ ਨੂੰ ਕਿਹਾ ਕਿ ਸਰਕਾਰ ਅਤੇ ਪੁਲਿਸ ਦੇ ਪਰਚਿਆਂ ਦੀ ਪ੍ਰਵਾਹ ਕੀਤੇ ਬਿਨਾਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਅਤੇ ਜੇਕਰ ਸਰਕਾਰ ਕਿਸੇ ਖ਼ਿਲਾਫ਼ ਕੋਈ ਮਾਮਲਾ ਦਰਜ ਕਰਦੀ ਹੈ ਤਾਂ ਕਿਸਾਨ ਯੂਨੀਅਨਾਂ ਉਸ ਦੁਕਾਨਦਾਰ ਦਾ ਸਾਥ ਦੇਣਗੀਆਂ | ਕਿਸਾਨ ਜਥੇਬੰਦੀਆਂ ਵਲੋਂ ਕੀਤੇ ਇਕੱਠਾਂ ਅਤੇ ਕੱਢੇ ਗਏ ਰੋਸ ਮਾਰਚਾਂ ਦੌਰਾਨ ਭਾਵੇਂ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਵੱਡੀ ਗਿਣਤੀ ਵਿਚ ਮੌਜੂਦ ਸਨ ਪਰ ਕਿਸੇ ਵੀ ਕਿਸਾਨ ਨੂੰ ਪੁਲਿਸ ਵਲੋਂ ਰੋਕਣ ਜਾਂ ਸਮਝਾਉਣ ਦੀ ਕੋਈ ਕੋਸ਼ਿਸ਼ ਦਿਖਾਈ ਨਹੀਂ ਦਿੱਤੀ | ਕਿਸਾਨ ਵਲੋਂ ਅੱਜ ਦੇ ਕੀਤੇ ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਦੀ ਉਸ ਘੂਰੀ ਦੀ ਵੀ ਰੱਤਾ ਪ੍ਰਵਾਹ ਨਹੀਂ ਕੀਤੀ ਗਈ ਜਿਸ ਵਿਚ ਮੁੱਖ ਮੰਤਰੀ ਕੈਪਟਨ ਨੇ ਹੁਕਮ ਜਾਰੀ ਕੀਤੇ ਸਨ ਕਿ ਜੇਕਰ ਕੋਈ ਕਿਸਾਨ ਜਾਂ ਦੁਕਾਨਦਾਰ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਖ਼ਤੀ ਨਾਲ ਨਜੀਠਿਆਂ ਜਾਵੇ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨ ਆਗੂ ਰਾਮਸ਼ਰਨ ਸਿੰਘ ਉਗਰਾਹਾਂ ਦੀ ਅਗਵਾਈ ਵਿਚ ਅੱਜ ਲਾਕਡਾਊਨ ਦੇ ਵਿਰੋਧ ਵਿਚ ਸ਼ਹਿਰ 'ਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਕਿਸਾਨ ਆਗੂ ਗੋਬਿੰਦ ਸਿੰਘ ਚੱਠਾ ਨਨਹੇੜਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਖ਼ਿਲਾਫ਼ ਸੜਕਾਂ 'ਤੇ ਆਉਣ ਅਤੇ ਆਪਣੀਆਂ ਦੁਕਾਨਾਂ ਖੋਲ੍ਹਣ | ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੰੂ ਸਿਹਤ ਸਹੂਲਤਾਂ ਦੇਣ ਦੀ ਬਜਾਏ ਉਹਨਾਂ ਨੂੰ ਘਰ ਵਿਚ ਹੀ ਡੱਕਣਾ ਚਾਹੁੰਦੀ ਹੈ ਤਾਂ ਜੋ ਕਿਸੇ ਨਾ ਕਿਸੇ ਢੰਗ ਨਾਲ ਕਿਸਾਨ ਅੰਦੋਲਨ ਨੂੰ ਖ਼ਤਮ ਕਰਵਾਇਆ ਜਾ ਸਕੇ | ਇਸ ਸਮੇਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਸੁਨਾਮ ਅਤੇ ਡੀ.ਐਸ.ਪੀ. ਸੁਨਾਮ ਸ. ਬਲਜਿੰਦਰਪਾਲ ਸਿੰਘ ਪੰਨੂੰ ਅਤੇ ਐਸ.ਐਚ.ਓ. ਸਿਟੀ ਸੁਨਾਮ ਰਮਨਦੀਪ ਸਿੰਘ ਦੀ ਅਗਵਾਈ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਭਗਵਾਨ ਸਿੰਘ, ਹਰਭਗਵਾਨ ਸਿੰਘ ਭੈਣੀ, ਮਹਿੰਦਰ ਸਿੰਘ ਨਮੋਲ, ਪਰਵਿੰਦਰ ਸਿੰਘ ਗੋਰਾ, ਰਾਮਪਾਲ ਸੁਨਾਮ, ਜੀਤ ਸਿੰਘ, ਗੁਰਚਰਨ ਸਿੰਘ ਗੰਢੂਆਂ, ਨਿਰਮਲ ਸਿੰਘ, ਅਮਰ ਸਿੰਘ, ਜਾਗਰ ਸਿੰਘ ਅਤੇ ਕੁਲਵੀਰ ਸਿੰਘ ਆਦਿ ਸ਼ਾਮਿਲ ਸਨ |
ਅਹਿਮਦਗੜ੍ਹ, (ਪੁਰੀ) - ਕਿਸਾਨ ਯੂਨੀਅਨ ਉਗਰਾਹਾਂ ਤੇ ਵੱਡੀ ਗਿਣਤੀ ਇਕੱਠੇ ਹੋਏ ਵਰਕਰਾਂ ਨੇ ਸਥਾਨਕ ਅਨਾਜ ਮੰਡੀ ਤੋਂ ਵਿਸ਼ਾਲ ਰੋਸ਼ ਮਾਰਚ ਕੱਢ ਕੇ ਬਾਜਾਰਾ ਅੰਦਰ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ | ਭਾਵੇ ਸ਼ਹਿਰ ਅੱਜ ਮੁਕੰਮਲ ਤੌਰ 'ਤੇ ਹੀ ਬੰਦ ਸੀ ਪਰ ਕਈ ਬਾਜ਼ਾਰਾਂ ਅੰਦਰ ਕਿਸਾਨ ਆਗੂਆਂ ਦੀ ਅਪੀਲ ਤੇ ਦੁਕਾਨਦਾਰਾਂ ਨੇ ਦੁਕਾਨਾਂ ਖੋਲ੍ਹ ਲਈਆ | ਚੌੜਾ ਬਾਜਾਰ ਵਿਖੇ ਵਿਸ਼ਾਲ ਰੈਲੀ ਨੂੰ ਕਿਸਾਨ ਆਗੂ ਸ਼ੇਰ ਸਿੰਘ ਮਹੋਲੀ, ਹਰਬੰਸ ਸਿੰਘ ਮਾਣਕੀ, ਗੁਰਮੇਲ ਸਿੰਘ ਮਹੋਲੀ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਭੋਗੀਵਾਲ, ਜਗਰੂਪ ਸਿੰਘ, ਰਵਿੰਦਰ ਸਿੰਘ, ਜਰਨੈਲ ਸਿੰਘ, ਬੰਟੀ ਚੀਮਾਂ, ਗੋਲੂ ਕੰਗਣਵਾਲ, ਹਰਮੀਤ ਸਿੰਘ, ਪ੍ਰਦੀਪ ਸਿੰਘ ਰਛੀਨ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਦੇ ਲਾਕਡਾਉਨ ਨਿਯਮਾਂ ਦੀ ਜੰਮ ਕੇ ਨਿਖੇਧੀ ਕੀਤੀ ਅਤੇ ਸਾਰੇ ਵਪਾਰੀਆਂ ਨੂੰ ਕਾਰੋਬਾਰ ਖੋਲ੍ਹਣ ਦੀ ਅਪੀਲ ਵੀ ਕੀਤੀ |
ਚੀਮਾ ਮੰਡੀ, (ਜਗਰਾਜ ਮਾਨ) - ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਦਾ ਜਿੱਥੇ ਵੱਖ ਸ਼ਹਿਰਾਂ ਵਿਚ ਵਪਾਰੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ | ਉੱਥੇ ਹੀ ਅੱਜ ਚੀਮਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ ਆਗੂਆਂ ਨੇ ਚੀਮਾ ਦਾ ਬਾਜ਼ਾਰ ਖੁਲ੍ਹਵਾਉਣ ਲਈ ਦੁਕਾਨਦਾਰਾਂ ਦੇ ਪੱਖ ਵਿਚ ਨਾਅਰਾ ਮਾਰਿਆ | ਇਸ ਮੌਕੇ ਭਾਰਤੀ ਯੂਨੀਅਨ ਦੇ ਸਰਕਲ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਲੋਕਾਂ ਨੂੰ ਡਰਾਂ ਕੇ ਘਰਾਂ ਵਿਚ ਬੰਦ ਕਰਨਾ ਚਾਹੁੰਦੀ ਹੈ, ਸਾਡੀ ਯੂਨੀਅਨ ਲੋਕਾਂ ਦੇ ਨਾਲ ਹੈ | ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲੀਆਂ, ਪਰ ਦੁਕਾਨਦਾਰਾਂ ਨੇ ਕਿਸਾਨਾਂ ਦੇ ਇਸ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ, ਪਰ ਕਿਤੇ ਨਾ ਕਿਤੇ ਮਹਾਂਮਾਰੀ ਦੇ ਡਰ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਲਾਣਾ ਵੀ ਕੀਤੀ ਗਈ | ਇਸ ਮੌਕੇ ਸਰਕਲ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਪ੍ਰਧਾਨ ਅਮਰੀਕ ਗੰਢੂਆਂ, ਗੁਰਮੇਲ ਸ਼ਾਹਪੁਰ, ਸੁਖਦੇਵ ਸਿੰਘ ਚੀਮਾ, ਹਰਜਿੰਦਰ ਸਿੰਘ ਜਿੰਦਰ ਔਲਖ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜੂ ਚੀਮਾ,ਜਿੰਦਰ ਸਿੰਘ, ਗੁਰਜੰਟ ਸਿੰਘ ਝਾੜੋਂ, ਨਿਰਭੈ ਸਿੰਘ ਚੀਮਾ, ਅਮਰਜੀਤ ਸਿੰਘ ਬੀਰਕਲਾਂ, ਰਾਜ ਬੀਰਕਲਾਂ, ਮਿੱਠੂ ਸਿੰਘ ਬੀਰਕਲ੍ਹਾ, ਦਰਸਨ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਸੰਕਟ ਦੌਰਾਨ ਲਗਾਏ ਲਾਕਡਾਊਨ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦੇ ਅਨਾਜ ਮੰਡੀ ਵਿਖੇ ਰੋਸ ਰੈਲੀ ਕਰਦਿਆਂ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਸਰਕਾਰ ਲਾਕਡਾਊਨ ਕਰਕੇ ਲੋਕਾਂ ਨੂੰ ਅੰਦਰ ਬੰਦ ਕਰਨਾ ਚਾਹੁੰਦੀ ਹੈ, ਜਦੋਂ ਕਿ ਬਿਮਾਰੀ ਤੋਂ ਬਚਾਅ ਲਈ ਇਨ੍ਹਾਂ ਕੋਲ ਕੋਈ ਪ੍ਰਬੰਧ ਨਹੀਂ | ਪ੍ਰਸ਼ਾਸਨ ਲੋਕਾਂ ਨਾਲ ਧੱਕੇ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਕਿਸਾਨ ਹਰ ਦੁਕਾਨਦਾਰ ਨਾਲ ਹਰ ਪੱਧਰ 'ਤੇ ਖੜਨਗੇ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਦੁਕਾਨਦਾਰਾਂ 'ਤੇ ਮਾਮਲੇ ਦਰਜ਼ ਕਰਦਾ ਹੈ, ਤਾਂ ਕਿਸਾਨ ਦੁਕਾਨਦਾਰਾਂ ਨਾਲ ਰਲ ਕੇ ਵਿਰੋਧ ਕਰੇਗਾ ਅਤੇ ਮਾਮਲੇ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖੇਗਾ | ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਲੋਕ ਭੁੱਖਮਰੀ ਅਤੇ ਆਰਥਿਕ ਪੱਖੋਂ ਮਰਨ ਨਾਲੋਂ ਪ੍ਰਸ਼ਾਸਨ ਨਾਲ ਲੜ ਕੇ ਮਰਨ ਲਈ ਤਿਆਰ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਵਲੋਂ ਸਮਰਥਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ 'ਤੇ ਪਹਿਲਾਂ ਦਰਜ਼ ਹੋਏ ਮਾਮਲੇ ਰੱਦ ਕਰਾਏ ਜਾਣਗੇ ਅਤੇ ਦੁਕਾਨਦਾਰਾਂ ਨੂੰ ਬਿਨ੍ਹਾਂ ਕਿਸੇ ਡਰ ਤੋਂ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਜਾਵੇਗੀ | ਉਨ੍ਹਾਂ ਕਿਹਾ ਪ੍ਰਸ਼ਾਸਨ ਵਲੋਂ ਲਾਕਡਾਊਨ ਲਗਾ ਕੇ ਲੋਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਜਦੋਂ ਸਰਕਾਰ ਕੋਲ ਇਸ ਦਾ ਕੋਈ ਇਲਾਜ ਨਹੀਂ | ਪਰ ਸਰਕਾਰ ਦੁਕਾਨਦਾਰਾਂ ਨੂੰ ਕੋਈ ਸਹੂਲਤ ਨਾ ਦੇ ਉਨ੍ਹਾਂ ਦੇ ਰੁਜ਼ਗਾਰ ਖੋਹ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਬਲਾਕ ਪ੍ਰਧਾਨ ਦਰਬਾਰਾ ਸਿੰਘ ਕਾਕੜਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਰਣਧੀਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਖ਼ਜ਼ਾਨਚੀ ਕਸ਼ਮੀਰ ਸਿੰਘ ਕਾਕੜਾ ਨੇ ਵੀ ਸੰਬੋਧਨ ਕਰਦਿਆਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਹਿਰ ਵਿਚ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ, ਪਰ ਪ੍ਰਸ਼ਾਸਨ ਦੇ ਡਰ ਤੋਂ ਕਿਸੇ ਵੀ ਦੁਕਾਨ ਨਾ ਖੋਹਲੀ | ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਕੀਤਾ ਗਏ ਸਨ | ਗੱਲਬਾਤ ਕਰਦਿਆਂ ਡੀ.ਐਸ.ਪੀ ਸੁਖਰਾਜ ਸਿੰਘ ਘੁੰਮਣ ਨੇ ਕਿਹਾ ਕਿ ਰੋਸ ਮਾਰਚ ਦੌਰਾਨ ਭਾਵੇਂ ਕਿਸਾਨਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਲਈ ਕਿਹਾ ਪਰ ਦੁਕਾਨਦਾਰਾਂ ਨੇ ਕੋਰੋਨਾ ਦੇ ਡਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੋਈ ਦੁਕਾਨ ਨਹੀਂ ਖੋਹਲੀ | ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਹਰ ਦੁਕਾਨਦਾਰ ਲਈ ਡਿਪਟੀ ਕਮਿਸ਼ਨਰ ਵਲੋਂ ਦੁਕਾਨਾਂ ਖੋਲ੍ਹਣ ਦਾ ਸਮਾਂ ਸੂਚੀ ਬਣਾਈ ਗਈ ਹੈ, ਉਸ ਅਨੁਸਾਰ ਹੀ ਦੁਕਾਨਾਂ ਖੋਹਲੀਆਂ ਜਾਣਗੀਆਂ |
ਮੂਣਕ, (ਭਾਰਦਵਾਜ, ਸਿੰਗਲਾ, ਧਾਲੀਵਾਲ)-ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਤਾਲਾਬੰਦੀ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੈਂਕੜੇ ਕਿਸਾਨ ਔਰਤਾਂ ਤੇ ਮਰਦਾਂ ਨੇ ਸ਼ਹਿਰ ਵਿਚ ਤਾਲਾਬੰਦੀ ਦੇ ਹੁਕਮਾਂ ਤਹਿਤ ਬੰਦ ਕੀਤੀਆਂ ਦੁਕਾਨਾਂ ਖੁਲ੍ਹਵਾਉਣ ਲਈ ਦੁਕਾਨਦਾਰਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦੇ ਲਾਗੂ ਕੀਤੇ ਨਿਯਮਾਂ ਦੇ ਵਿਰੁੱਧ ਨਾਅਰੇਬਾਜੀ ਕੀਤੀ | ਇਸ ਮੌਕੇ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ਡੀ.ਐਸ.ਪੀ. ਮੂਣਕ ਰੋਸ਼ਨ ਲਾਲ ਅਤੇ ਡੀ.ਐਸ.ਪੀ. ਅਜਾਇਬ ਸਿੰਘ ਭਾਰੀ ਪੁਲਿਸ ਫੋਰਸ ਨਾਲ ਸ਼ਹਿਰ ਵਿੱਚ ਹਾਜ਼ਰ ਸਨ | ਇਸ ਮੌਕੇ ਬਾਜ਼ਾਰ ਮੁਕੰਮਲ ਤੌਰ ਉੱਤੇ ਬੰਦ ਰਿਹਾ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਧਰਮਿੰਦਰ ਸਿੰਘ ਪਿਸ਼ੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਭਗਵਾਨ ਮੂਨਕ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਲੀਲਾ ਸਿੰਘ ਚੋਟੀਆਂ, ਰਿੰਕੂ ਮੂਣਕ, ਹਰਪਾਲ ਸਿੰਘ ਢਿੱਲੋ ਹਮੀਰਗੜ੍ਹ, ਗਗਨ ਸ਼ਰਮਾ ਮੂਣਕ, ਸੁਖਦੇਵ ਸ਼ਰਮਾ ਭੂਟਾਲ ਖੁਰਦ, ਮੱਖਣ ਸਿੰਘ ਪਾਪੜਾ, ਅਮਨ ਕੌਰ ਲਹਿਲ ਕਲਾਂ, ਬਲਜੀਤ ਸਿੰਘ, ਗੋਪੀਗਿਰ ਕੱਲਰ ਭੈਣੀ, ਜੱਗੀ ਸਲੇਮਗੜ੍ਹ ਆਦਿ ਨੇ ਵੀ ਸੰਬੋਧਨ ਕੀਤਾ |
ਸੰਦੌੜ, (ਜੱਸੀ, ਚੀਮਾਂ) - ਪੰਜਾਬ ਸਰਕਾਰ ਵਲੋਂ ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਸ਼ਨੀਵਾਰ-ਐਤਵਾਰ ਕੀਤੀ ਤਾਲਾਬੰਦੀ ਅਤੇ 15 ਮਈ ਤੱਕ ਕੀਤੇ ਲੌਕਡਾਊਨ ਖਿਲਾਫ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੀ ਕਾਲ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਝਨੇਰ ਅਤੇ 'ਲੋਕਾਂ ਦੀ ਆਵਾਜ਼ ਸੋਸ਼ਲ ਪਾਰਟੀ ਵਲੋਂ ਬੱਸ ਸਟੈਂਡ ਸੰਦੌੜ ਦੇ ਮੇਨ ਚੌਕ ਵਿਚ ਵਪਾਰ ਮੰਡਲ ਸੰਦੌੜ ਦੇ ਦੁਕਾਨਦਾਰਾਂ ਦੇ ਹੱਕ ਵਿਚ ਧਰਨਾ ਲਗਾ ਕੇ ਦੁਕਾਨਾਂ ਖੋਲ੍ਹਣ ਦੀ ਮੰਗ ਕੀਤੀ | ਇਸ ਮੌਕੇ ਲੋਕਾਂ ਦੀ ਆਵਾਜ਼ ਪਾਰਟੀ ਦੇ ਮੁਖੀ ਮੈਡਮ ਸੁਖਵਿੰਦਰ ਕੌਰ ਸੁੱਖ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਹਨ ਉੱਥੇ ਕੋਰੋਨਾ ਨਹੀਂ ਫੈਲਦਾ ਤਾਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਾਉਣ ਲਈ ਮਜਬੂਰ ਕਿਉਂ ਕੀਤਾ ਜਾਂਦਾ | ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਕੌਰ, ਗਗਨਦੀਪ ਕੌਰ, ਸੰਦੀਪ ਕੌਰ, ਸੁਖਵੀਰ ਕੌਰ, ਅਮਨਦੀਪ ਕੌਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਝੁਨੇਰ ਪ੍ਰਧਾਨ ਜਵਾਲਾ ਸਿੰਘ, ਮੀਤ ਪ੍ਰਧਾਨ ਸਰਦਾਰਾ ਸਿੰਘ, ਖਜਾਨਚੀ ਸੁਖਦੇਵ ਸਿੰਘ, ਹਰਪਿੰਦਰ ਸਿੰਘ, ਰਣਜੀਤ ਸਿੰਘ, ਗੁਰਜੰਟ ਸਿੰਘ, ਆਤਮਾ ਸਿੰਘ, ਬਹਾਦਰ ਸਿੰਘ, ਸੁਰਿੰਦਰ ਸਿੰਘ, ਬਲਵੀਰ ਸਿੰਘ, ਗੁਰਦੀਪ ਸਿੰਘ, ਸਵਰਨ ਸਿੰਘ ਅਤੇ ਕੇਵਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਦੁਕਾਨਦਾਰ ਇਸ ਧਰਨੇ ਵਿਚ ਸ਼ਾਮਿਲ ਹੋਏ |
ਲੌਂਗੋਵਾਲ, (ਸ.ਸ. ਖੰਨਾ, ਵਿਨੋਦ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਵਲੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਸਬੇ ਅੰਦਰ ਬੱਸ ਸਟੈਂਡ ਉੱਪਰ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਇਕ ਭਾਰੀ ਇਕੱਠ ਕਰ ਕੇ ਵਪਾਰੀ ਦੁਕਾਨਦਾਰਾਂ, ਰੇਹੜੀ ਅਤੇ ਫੜ੍ਹੀ ਵਾਲਿਆਂ ਦੇ ਹੱਕ ਵਿਚ ਅਤੇ ਦੋਵੇਂ ਸਰਕਾਰਾਂ ਖ਼ਿਲਾਫ਼ ਬਾਜ਼ਾਰ ਅੰਦਰ ਰੋਸ ਰੈਲੀ ਕੱਢੀ ਗਈ | ਜਿਸ ਦੀ ਅਗਵਾਈ ਕਾਮਰੇਡ ਸਤਪਾਲ ਸੱਤਾ, ਅਜੈਬ ਸਿੰਘ, ਅਮਰ ਸਿੰਘ ਅਤੇ ਰਣਜੀਤ ਸਿੰਘ ਵੱਲੋਂ ਇਹ ਰੋਸ ਮਾਰਚ ਬੱਸ ਸਟੈਂਡ ਤੋਂ ਹੁੰਦਾ ਹੋਇਆ ਮੇਨ ਬਾਜ਼ਾਰ, ਅੰਦਰਲਾ ਖੂਹ, ਰਾਮਲੀਲਾ ਗਰਾਊਾਡ ਅਤੇ ਅੰਤ ਵਿਚ ਮੂਲੇਕੇ ਦਰਵਾਜ਼ੇ ਵਿਖੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਤੋਂ ਬਾਅਦ ਸਮਾਪਤ ਹੋਇਆ | ਇਸ ਮੌਕੇ ਹਰਦੇਵ ਸਿੰਘ ਮੰਡੇਰ, ਬੁੱਗਰ ਸਿੰਘ, ਰੂਪ ਸਿੰਘ, ਗੁਰਮੇਲ ਸਿੰਘ, ਲਖਵੀਰ ਸਿੰਘ ਲੱਖੀ, ਬੂਟਾ ਸਿੰਘ ਅਕਾਲੀ, ਲਖਵਿੰਦਰ ਸਿੰਘ, ਸਰੂਪ ਚੰਦ ਕਿਲਾ ਭਰੀਆਂ ਬਲਬੀਰ ਸਿੰਘ ਰੰਧਾਵਾ ਆਦਿ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |
ਸੰਦੌੜ, (ਚੀਮਾ) - ਕਿਸਾਨ ਜਥੇਬੰਦੀਆਂ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਕੀਤੀ ਅਪੀਲ ਦੇ ਚਲਦਿਆਂ ਅੱਜ ਕਿਸਾਨਾਂ ਅਤੇ ਦੁਕਾਨਦਾਰਾਂ ਨੇ ਸੰਦੌੜ ਵਿਖੇ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਰੋਜ਼ਾਨਾ ਦੁਕਾਨਾਂ ਖੋਲੀਆਂ ਜਾਣ | ਬੀਬੀ ਸੁਖਵਿੰਦਰ ਕੌਰ ਸੁੱਖ ਨੇ ਬੋਲਦਿਆਂ ਕਿਹਾ ਕਿ ਸਰਕਾਰ ਦੇ ਦੁਕਾਨਾਂ ਬੰਦ ਕਰਨ ਦੇ ਫ਼ੈਸਲੇ ਨਾਲ ਲੋਕਾਂ ਦੇ ਵਪਾਰ ਠੱਪ ਹੋ ਜਾਣਗੇ | ਉਨ੍ਹਾਂ ਕਿਹਾ ਕਿ ਦੁਕਾਨਾਂ ਬੰਦ ਕਰਨ ਨਾਲ ਕੋਰੋਨਾ ਖ਼ਤਮ ਨਹੀਂ ਹੋਣਾ ਸਗੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ | ਉਨ੍ਹਾਂ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨ ਅਤੇ ਦੁਕਾਨਦਾਰ ਵੀ ਮੌਜੂਦ ਸਨ |
ਮੂਨਕ, (ਗਮਦੂਰ ਸਿੰਘ ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਕੁਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਮੂਨਕ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਉਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਦੇ ਦਬਾਅ ਹੇਠ ਪੰਜਾਬ ਸਰਕਾਰ ਕਿਸਾਨੀ ਅੰਦੋਲਨ ਨੂੰ ਤੋੜਨ ਵਿਚ ਸਹਿਯੋਗ ਕਰ ਰਹੀ ਹੈ ਤਾਂ ਜੋ ਬਿਮਾਰੀ ਮਹਾਂਮਾਰੀ ਦਾ ਬਹਾਨਾ ਲਾਕੇ ਲਾਕਡਾਉਨ ਲਾ ਦਿੱਤਾ ਹੈ ਤੇ ਪਿਛਲੇ ਸਾਲ ਤੋਂ ਲੋਕਾਂ ਉੱਪਰ ਬੋਝ ਬਣ ਕੇ ਰਹਿ ਗਿਆ ਹੈ | ਲੋਕ ਬਿਮਾਰੀ ਨਾਲ ਭਾਵੇਂ ਨਾ ਮਰਨ ਪਰ ਭੁੱਖ ਨਾਲ ਜ਼ਰੂਰ ਮਰਨਗੇ ਤੇ ਮਹਿੰਗਾਈ ਦੀ ਮਾਰ ਵੀ ਮਾਰ ਦੇਵੇਗੀ | ਲਾਕਡਾਉਨ ਕੋਈ ਬਿਮਾਰੀ ਦਾ ਇਲਾਜ ਨਹੀਂ ਇਸ ਕਰ ਕੇ ਦੁਕਾਨਾਂ ਖੋਲ੍ਹਣ ਵਿਚ ਜਥੇਬੰਦੀਆਂ ਦੁਕਾਨਦਾਰਾ ਦਾ ਸਾਥ ਦੇਣਗੀਆਂ ਅਤੇ ਦੁਕਾਨਾਂ ਖੋਲ੍ਹਣ ਲਈ ਦੁਕਾਨਦਾਰਾ ਦੀਆ ਦੁਕਾਨਾਂ ਖੋਲ੍ਹਣ ਲਈ ਰੈਲੀ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ, ਭੂਰਾ ਸਿੰਘ ਸਲੇਮਗੜ, ਜਗਤਾਰ ਸਿੰਘ ਸੇਰਗੜ, ਅਜੈ ਸਿੰਘ ਮਨਿਆਣਾ, ਮੱਖਣ ਸਿੰਘ ਬਾਦਲਗੜ੍ਹ, ਮੁਖਤਿਆਰ ਸਿੰਘ ਭਾਠੂਆ, ਤਰਸੇਮ ਸਿੰਘ ਡੂਡੀਆਂ, ਕਸਮੀਰ ਸਿੰਘ ਡੂਡੀਆਂ, ਜਸਵਿੰਦਰ ਸਿੰਘ, ਬਲਵੰਤ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ |
ਅਮਰਗੜ੍ਹ, (ਜਤਿੰਦਰ ਮੰਨਵੀ) - ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਤਾਲਾਬੰਦੀ ਦੇ ਵਿਰੋਧ ਵਜੋਂ ਸੂਬੇ ਭਰ ਵਿਚ ਸੜਕਾਂ ਉੱਤੇ ਰੋਸ ਪ੍ਰਦਰਸ਼ਨ ਕਰ ਦੁਕਾਨਾਂ ਅਤੇ ਹੋਰ ਕਾਰੋਬਾਰ ਖੁਲ੍ਹਵਾਉਣ ਦੇ ਦਿੱਤੇ ਸੱਦੇ ਉੱਤੇ ਕਿਸਾਨ ਆਗੂਆਂ ਵਲੋਂ ਮਾਹੋਰਾਣਾ ਵਿਖੇ ਰੋਸ ਮਾਰਚ ਕਰ ਦੁਕਾਨਾਂ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਸੁਖਦੀਪ ਸਿੰਘ ਨੇ ਆਪਣੀ ਸੂਝਬੂਝ ਨਾਲ ਦੁਕਾਨਾਂ ਨਾ ਖੋਲ੍ਹਣ ਦੇ ਕੇ ਬੜੇ ਹੀ ਪਿਆਰ ਨਾਲ ਕਿਸਾਨਾਂ ਨੂੰ ਸਮਝਾ ਕੇ ਤਾਲਾਬੰਦੀ ਦੀ ਉਲੰਘਣਾ ਕਰਨੋਂ ਰੋਕਿਆ ਅਤੇ ਉੱਧਰ ਕਿਸਾਨ ਆਗੂਆਂ ਵਲੋਂ ਵੀ ਮਾਹੋਰਾਣਾ ਵਿਖੇ ਰੋਸ ਮਾਰਚ ਕਰ ਸੰਤੁਸ਼ਟਤਾ ਪ੍ਰਗਟਾਉਂਦਿਆਂ ਮੁੜ ਮਾਹੋਰਾਣਾ ਟੋਲ ਪਲਾਜ਼ਾ 'ਤੇ ਪਹੁੰਚ ਕੇ 212ਵੇਂ ਦਿਨ ਆਪਣਾ ਧਰਨਾ ਜਾਰੀ ਰੱਖਿਆ | ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਜ਼ਾਰ ਪੂਰਨਤ ਬੰਦ ਰਹੇ | ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਬਨਭੌਰਾ, ਕਿਸਾਨ ਆਗੂ ਨਰਿੰਦਰਜੀਤ ਸਿੰਘ ਸਲਾਰ, ਕਰਮਜੀਤ ਸਿੰਘ ਬਨਭੌਰਾ, ਮਾਸਟਰ ਮਲਕੀਤ ਸਿੰਘ ਭੁੱਲਰਾਂ, ਬਲਵੀਰ ਸਿੰਘ ਬਾਠਾਂ, ਕੁਲਵਿੰਦਰ ਸਿੰਘ ਬਾਗੜੀਆਂ, ਮਾਸਟਰ ਬਲਵੀਰ ਸਿੰਘ ਬਨਭੌਰਾ, ਸੁਖਦੇਵ ਸਿੰਘ ਸਲਾਰ, ਰਾਜਿੰਦਰ ਸਿੰਘ ਸਲਾਰ, ਕੁਲਦੀਪ ਸਿੰਘ, ਅਵਤਾਰ ਸਿੰਘ ਤੋਲੇਵਾਲ, ਨਿਰਭੈ ਸਿੰਘ ਤੋਲੇਵਾਲ, ਗੁਰਦੇਵ ਸਿੰਘ ਸੰਗਾਲਾ, ਬਲਜਿੰਦਰ ਸਿੰਘ ਆਦਿ ਮੌਜੂਦ ਸਨ |
ਕੁੱਪ ਕਲਾਂ, (ਮਨਜਿੰਦਰ ਸਿੰਘ ਸਰੌਦ) - ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਦੇ ਮੱਦੇਨਜਰ ਅੱਜ ਕਸਬਾ ਕੁੱਪ ਕਲਾਂ ਵਿਖੇ ਤਾਲਾਬੰਦੀ ਦੌਰਾਨ ਕਿਸਾਨ ਯੂਨੀਅਨ ਵਲੋਂ ਮੌਕੇ ਉੱਤੇ ਜਾ ਕੇ ਦੁਕਾਨਾਂ ਨੂੰ ਖੁਲ੍ਹਵਾਇਆ ਗਿਆ | ਇਸ ਮੌਕੇ ਕਿਸਾਨ ਆਗੂ ਸੁਖਜੀਵਨ ਸਿੰਘ ਕਾਲਾ, ਨਰਿੰਦਰ ਸਿੰਘ ਨਿੰਦੀ, ਬਲਵੰਤ ਸਿੰਘ, ਗੁਰਜੋਤ ਸਿੰਘ, ਗੁਰਮੇਲ ਸਿੰਘ, ਡਾ. ਗੁਰਦੀਪ ਸਿੰਘ ਰੰਗੀ, ਗਗਨਦੀਪ ਸਿੰਘ, ਹਰਪਾਲ ਸਿੰਘ, ਬਲਜੀਤ ਸਿੰਘ, ਜਗਦੀਪ ਸਿੰਘ, ਕੁਲਜੀਤ ਸਿੰਘ, ਗੁਰਵਿੰਦਰ ਸਿੰਘ, ਜਗਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ |
ਖਨੌਰੀ, (ਰਮੇਸ਼ ਕੁਮਾਰ, ਬਲਵਿੰਦਰ ਸਿੰਘ ਥਿੰਦ) - ਪੰਜਾਬ ਸਰਕਾਰ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਨੂੰ ਮੁਕੰਮਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ | ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਵਪਾਰੀਆਂ ਵਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਸਾਰੀਆਂ ਦੁਕਾਨਾਂ ਨੂੰ ਮੁਕੰਮਲ ਬੰਦ ਰੱਖਿਆ ਜਾਂਦਾ ਹੈ | ਅੱਜ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਬੰਦ ਦੇ ਆਦੇਸ਼ਾਂ ਦੇ ਖ਼ਿਲਾਫ਼ ਸਾਰੀਆਂ ਬੰਦ ਪਈਆਂ ਦੁਕਾਨਾਂ ਨੂੰ ਖੁਲ੍ਹਾਉਣ ਦੇ ਲਈ ਵਪਾਰੀਆਂ ਨਾਲ ਤਾਲਮੇਲ ਕੀਤਾ ਗਿਆ ਅਤੇ ਖਨੌਰੀ ਸ਼ਹਿਰ ਦੇ ਵਿਚੋਂ ਰੋਸ ਮਾਰਚ ਕੱਢਿਆ ਗਿਆ | ਜਦੋਂ ਦੁਕਾਨਾਂ ਖੋਲ੍ਹਣ ਦੇ ਸਬੰਧ ਵਿਚ ਥਾਣਾ ਖਨੌਰੀ ਦੇ ਐਸਐਚਓ ਇੰਸਪੈਕਟਰ ਹਾਕਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ਦੇ ਅਨੁਸਾਰ ਜਾਰੀ ਕੀਤੀ ਗਈਆਂ ਹਦਾਇਤਾਂ ਦੇ ਅਨੁਸਾਰ ਹੀ ਦੁਕਾਨਾਂ ਨੂੰ ਖੋਲਿ੍ਹਆ ਜਾ ਸਕਦਾ ਹੈ | ਰੋਸ ਪ੍ਰਗਟ ਕਰਨ ਵਾਲਿਆਂ ਦੇ ਵਿਚ ਧਰਮਿੰਦਰ ਸਿੰਘ ਬਲਾਕ ਪ੍ਰਧਾਨ, ਗੁਰਬਖਸ ਸਿੰਘ ਖਨੌਰੀ ਇਕਾਈ ਪ੍ਰਧਾਨ, ਰਿੰਕੂ ਸਿੰਘ, ਗੁਰਪ੍ਰੀਤ ਸਿੰਘ, ਬਬਲੂ ਸਿੰਘ, ਲੀਲਾ ਸਿੰਘ, ਕੋਮਲ ਸਿੰਘ, ਨਾਨਕ ਸਿੰਘ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਨਾਲ ਮੌਜੂਦ ਸਨ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ) - ਕਿਸਾਨ ਸੰਯੁਕਤ ਮੋਰਚਾ ਵਲੋਂ ਦੁਕਾਨਾਂ ਅਤੇ ਹੋਰ ਕਾਰੋਬਾਰ ਖੋਲ੍ਹਣ ਨੂੰ ਲੈ ਕੇ ਦੁਕਾਨਦਾਰਾਂ ਦੇ ਹੱਕ 'ਚ ਦੁਕਾਨਦਾਰਾਂ ਨਾਲ ਡਟਣ ਦੀ ਯੋਜਨਾ ਉਲੀਕੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਸਥਾਨਕ ਕਸਬੇ ਦਾ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ | ਕਿਸਾਨਾਂ ਵਲੋਂ ਬੰਦ ਕਾਰੋਬਾਰ ਅਤੇ ਦੁਕਾਨਾਂ ਖੁਲ੍ਹਵਾਉਣ ਦੇ ਦਿੱਤੇ ਸੱਦੇ ਨੂੰ ਲੈ ਕੇ ਚੀਮਾ ਮੰਡੀ ਦੇ ਥਾਣਾ ਮੁਖੀ ਲਖਵੀਰ ਸਿੰਘ ਨੇ ਸਵੇਰ ਸਮੇਂ ਵਪਾਰੀ ਆਗੂ ਰਜਿੰਦਰ ਕੁਮਾਰ ਲੀਲੂ ਦੇ ਦਫ਼ਤਰ ਵਿਖੇ ਵੱਖ-ਵੱਖ ਕਾਰੋਬਾਰੀਆਂ ਨਾਲ ਸੰਬੰਧਤ ਦੁਕਾਨਦਾਰਾਂ ਦੀ ਮੀਟਿੰਗ ਕਰ ਕੇ ਕਿਹਾ ਕਿ ਕੋਰੋਨਾ ਇੱਕ ਭਿਆਨਕ ਮਹਾਂਮਾਰੀ ਹੈ, ਇਸ ਤੋਂ ਬਚਾਅ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੋ ਗਾਈਡਲਾਈਾਨ ਜਾਰੀ ਕੀਤੀਆਂ ਗਈਆਂ ਹਨ, ਦੀ ਪੂਰਨ ਤੌਰ 'ਤੇ ਪਾਲਣਾ ਕੀਤੀ ਜਾਵੇ ਅਤੇ ਦਿੱਤੇ ਗਏ ਸਮੇਂ ਅਨੁਸਾਰ ਹੀ ਦੁਕਾਨਾਂ ਖੋਲ੍ਹੀਆਂ ਜਾਣ ਨਹੀਂ ਤਾਂ ਉਲੰਘਣਾ ਕਰਨ ਵਾਲੇ ਖ਼ਿਲਾਫ਼ ਪੁਲਿਸ ਸਖਤ ਕਾਰਵਾਈ ਕਰੇਗੀ | ਜਿਸ 'ਤੇ ਦੁਕਾਨਦਾਰਾਂ ਨੇ ਸਹਿਮਤੀ ਪ੍ਰਗਟਾਈ ਅਤੇ ਪੂਰਾ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ ਕੀਤਾ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿਚ ਕਸਬੇ 'ਚੋਂ ਲੰਘਦੇ ਮੁੱਖ ਮਾਰਗ 'ਤੇ ਇਕ ਸਾਈਡ ਦੀਆਂ ਦੁਕਾਨਾਂ 'ਤੇ ਧਰਨਾ ਲਗਾਇਆ ਗਿਆ ਜਿੱਥੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਦੁਕਾਨਦਾਰ ਪ੍ਰਸ਼ਾਸਨ ਦੇ ਦਬਾਓ ਹੇਠ ਨਾਂਅ 'ਤੇ ਆਪਣੀ ਹੋਂਦ ਨੂੰ ਬਚਾਉਣ ਲਈ ਯੂਨੀਅਨ ਦਾ ਸਾਥ ਦੇਣ | ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਤਾਂ ਪਹਿਲਾਂ ਹੀ ਛੋਟੇ ਦੁਕਾਨਦਾਰਾਂ ਨੂੰ ਖ਼ਤਮ ਕਰ ਰਹੇ ਹਨ | ਇਸ ਕਰਕੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹ ਕੇ ਸਰਕਾਰ ਪ੍ਰਤੀ ਰੋਸ ਜਾਹਰ ਕਰਨਾ ਚਾਹੀਦਾ ਹੈ ਪਰ ਕਿਸਾਨ ਛੋਟੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹ ਕੇ ਸਰਕਾਰ ਦੇਸ਼ ਜਬਰ ਦਾ ਵਿਰੋਧ ਕਰਨਾ ਚਾਹੀਦਾ ਹੈ | ਆਗੂਆਂ ਦੀ ਅਪੀਲ ਦੇ ਬਾਵਜੂਦ ਵੀ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹਣ ਦਾ ਹੀਂਆ ਨਹੀਂ ਪਿਆ | ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੁਲਸ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਅਤੇ ਵਪਾਰੀਆਂ 'ਤੇ ਦਬਾਅ ਬਣਾਇਆ ਗਿਆ ਹੈ ਕਿ ਤਾਂ ਕਿ ਉਹ ਦੁਕਾਨਾਂ ਨਾ ਖੋਲ੍ਹਣ | ਕਿਸਾਨ ਆਗੂਆਂ ਨੇ ਕਿਹਾ ਕਿ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਵਲੋਂ ਯੂਨੀਅਨ ਦਾ ਸਾਥ ਦੇਣਾ ਚਾਹੀਦਾ ਸੀ ਕਿਉਂਕਿ ਇਸ ਵਿਚ ਦੁਕਾਨਦਾਰਾਂ ਦਾ ਹੀ ਨੁਕਸਾਨ ਹੈ |
ਮੂਣਕ, (ਭਾਰਦਵਾਜ/ ਸਿੰਗਲਾ) - ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਤਾਲਾਬੰਦੀ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨਾਂ ਨੇ ਸ਼ਹਿਰ ਵਿਚ ਤਾਲਾਬੰਦੀ ਦੇ ਹੁਕਮਾਂ ਤਹਿਤ ਪ੍ਰਸ਼ਾਸਨ ਵਲੋਂ ਬੰਦ ਕਰਵਾਈਆਂ ਦੁਕਾਨਾਂ ਖੁਲ੍ਹਵਾਉਣ ਲਈ ਦੁਕਾਨਦਾਰਾਂ ਦੇ ਹੱਕ 'ਚ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਨਿਯਮਾਂ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ | ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਸੰਬੋਧਨ ਕੀਤਾ | ਡੀ.ਐਸ.ਪੀ. ਮੂਣਕ ਰੋਸ਼ਨ ਲਾਲ ਅਤੇ ਡੀ.ਐਸ.ਪੀ. ਅਜਾਇਬ ਸਿੰਘ ਅਤੇ ਐਸ.ਐਚ.ਓ. ਗੁਰਮੀਤ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੋਕੇ 'ਤੇ ਹਾਜ਼ਰ ਸਨ | ਇਸ ਮੌਕੇ ਡਾਕਟਰੀ ਸਹੂਲਤਾਂ ਨੂੰ ਛੱਡ ਕੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਿਹਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਜਥੇਬੰਦੀ ਦੇ ਬਲਾਕ ਮੀਤ ਪ੍ਰਧਾਨ ਜਗਤਾਰ ਸਿੰਘ ਸ਼ੇਰਗੜ੍ਹ, ਹਰਦੇਵ ਸਿੰਘ ਡੁਡੀਆਂ, ਇਕਾਈ ਪ੍ਰਧਾਨ ਅਜੈ ਸਿੰਘ ਮਨੀਆਣਾ, ਮੱਖਣ ਸਿੰਘ ਬਾਦਲਗੜ੍ਹ, ਭੂਰਾ ਸਿੰਘ ਸਲੇਮਗੜ੍ਹ, ਰੂਪ ਸਿੰਘ ਭਾਠੂਆਂ ਆਦਿ ਨੇ ਵੀ ਸੰਬੋਧਨ ਕੀਤਾ |
ਸ਼ੇਰਪੁਰ, (ਦਰਸਨ ਸਿੰਘ ਖੇੜੀ, ਸੁਰਿੰਦਰ ਚਹਿਲ) - ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਮਿੰਨੀ ਲਾਕਡਾਊਨ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸ਼ੇਰਪੁਰ ਦੀ ਦਾਣਾ ਮੰਡੀ ਵਿਚ ਇਕੱਠੇ ਹੋਕੇ ਰੋਸ ਮਾਰਚ ਕੀਤਾ ਗਿਆ ਅਤੇ ਕਾਤਰੋਂ ਚੌਕ ਵਿਚ ਧਰਨਾ ਦੇ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਰੋਸ ਧਰਨੇ ਵਿਚ ਕਿਸਾਨ ਆਗੂ ਮਲਕੀਤ ਸਿੰਘ ਹੇੜੀਕੇ, ਨਾਜ਼ਰ ਸਿੰਘ ਠੁੱਲੀਵਾਲ, ਦਿਨੇਸ਼ ਕੁਮਾਰ, ਹਰਜੀਤ ਸਿੰਘ, ਸੁਰਜੀਤ ਸਿੰਘ ਬਾਜਵਾ, ਨਾਜ਼ਰ ਸਿੰਘ ਖੇੜੀ ਖ਼ੁਰਦ, ਨਿਰਮਲ ਸਿੰਘ, ਬਲਵਿੰਦਰ ਸਿੰਘ ਕਾਲਾਬੂਲਾ, ਰਣਜੀਤ ਸਿੰਘ ਟਿੱਬਾ, ਮਹਿੰਦਰ ਸਿੰਘ ਗੰਡੇਵਾਲ, ਮਹਿੰਦਰ ਸਿੰਘ ਖੇੜੀ ਕਲਾਂ, ਪਰਮਿੰਦਰ ਸਿੰਘ ਟਿੱਕਾ, ਹਰਮੇਲ ਸਿੰਘ, ਸੁਖਦੀਪ ਸਿੰਘ ਤੋ ਇਲਾਵਾ ਬੀਬੀਆਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਕਿਸੇ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਡੀ.ਐਸ.ਪੀ ਮਨਜੀਤ ਸਿੰਘ (ਕਰਾਇਮ) ਤਹਿਸੀਲਦਾਰ ਲਾਰਸਨ ਸਿੰਗਲਾ, ਨਾਇਬ ਤਹਿਸੀਲਦਾਰ ਪ੍ਰਬੋਧ ਚੰਦਰ ਧੂਰੀ, ਥਾਣਾ ਮੁੱਖੀ ਬਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਸੀ |
ਧੂਰੀ, (ਸੁਖਵੰਤ ਸਿੰਘ ਭੁੱਲਰ, ਸੰਜੇ ਲਹਿਰੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜਥੇਬੰਦੀ ਦੇ ਕਿਸਾਨਾਂ ਸਮੇਤ ਹਰਪਾਲ ਸਿੰਘ ਪੇਧਨੀ ਦੀ ਅਗਵਾਈ ਹੇਠ ਧੂਰੀ ਸ਼ਹਿਰ ਵਿਚ ਮਾਰਚ ਕਰ ਕੇ ਦੁਕਾਨਦਾਰਾਂ ਦੀ ਹਮਾਇਤ ਤੇ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ ਗਈ | ਇਸ ਮੌਕੇ ਕਿਸਾਨ ਆਗੂ ਸ. ਹਰਪਾਲ ਸਿੰਘ ਪੇਧਨੀ ਨੇ ਸੰਬੋਧਨ ਕੀਤਾ | ਇਸ ਮਾਰਚ ਵਿਚ ਸੈਂਕੜੇ ਕਿਸਾਨਾਂ ਦੇ ਕਾਰ, ਟਰੈਕਟਰ ਦੇ ਕਾਫ਼ਲੇ ਵਿਚ ਕ੍ਰਿਪਾਲ ਸਿੰਘ, ਗੁਰੀ ਮਾਨ ਧੂਰੀ ਪਿੰਡ, ਰਾਮ ਸਿੰਘ, ਗੁਰਦੇਵ ਸਿੰਘ, ਰਮਨ ਧੂਰੀ, ਹਮੀਰ ਸਿੰਘ ਬੇਨੜਾ, ਸੁਖਦੇਵ ਸ਼ਰਮਾ, ਮੇਜਰ ਭੋਜੋਵਾਲੀ, ਸਤਨਾਮ ਕੌਰ, ਬਲਜੀਤ ਕੌਰ, ਜਸਪਾਲ ਸਿੰਘ ਪੇਧਨੀ, ਮਨਜੀਤ ਸਿੰਘ, ਮੇਜਰ ਸਿੰਘ ਆਦਿ ਮੌਜੂਦ ਸਨ |
ਅਹਿਮਦਗੜ੍ਹ, (ਸੋਢੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪ੍ਰਧਾਨ ਸ਼ੇਰ ਸਿੰਘ ਦੀ ਅਗਵਾਈ ਵਿਚ ਸ਼ਹਿਰ ਦੇ ਵੱਖ-ਵੱਖ ਬਾਜਾਰਾ ਵਿਚ ਮਾਰਚ ਕੱਢ ਕੇ ਦੁਕਾਨਦਾਰਾ ਨੂੰ ਦੁਕਾਨਾਂ ਖੋਲ੍ਹਣ ਲਈ ਅਪੀਲ ਕੀਤੀ ਗਈ | ਸੇਰ ਸਿੰਘ ਮਹੋਲੀ ਨੇ ਸੰਬੋਧਨ ਕੀਤਾ | ਇਸ ਮੌਕੇ ਹਰਬੰਸ ਮਾਣਕੀ, ਗੁਰਮੇਲ ਸਿੰਘ ਮਹੋਲੀ, ਅਮਰਜੀਤ ਸਿੰਘ, ਹਰਜਿੰਦਰ ਸਿੰਘ ਭੋਗੀਵਾਲ, ਜਗਰੂਪ ਸਿੰਘ, ਰਵਿੰਦਰ ਸਿੰਘ, ਬੰਟੀ ਚੀਮਾ, ਗੋਲੂ ਕੰਗਣਵਾਲ, ਹਰਮੀਤ ਸਿੰਘ ਅਤੇ ਪ੍ਰਦੀਪ ਰਛੀਨ ਆਦਿ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਮਲੇਰਕੋਟਲਾ, (ਕੁਠਾਲਾ) -ਕੋਰੋਨਾ ਦੀ ਆੜ ਹੇਠ ਸਰਕਾਰ ਵੱਲੋਂ ਲਾਈਆਂ ਕਥਿਤ ਨਿਹੱਕੀਆਂ ਪਾਬੰਦੀਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੁਕਾਨਦਾਰਾਂ, ਵਪਾਰੀਆਂ ਤੇ ਹੋਰ ਕਾਰੋਬਾਰੀਆਂ ਨੂੰ ਤਾਲਾਬੰਦੀ ਦੇ ਸਰਕਾਰੀ ਫੁਰਮਾਨ ਦਾ ਵਿਰੋਧ ਕਰ ਕੇ ਆਪੋ ਆਪਣੇ ਕਾਰੋਬਾਰ ਖੋਲ੍ਹਣ ਦੇ ਸੱਦੇ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਮਲੇਰਕੋਟਲਾ ਸ਼ਹਿਰ ਅੰਦਰ ਜ਼ਬਰਦਸਤ ਰੋਸ਼ ਮੁਜਾਹਰਾ ਕੀਤਾ | ਟ੍ਰੈਕਟਰ ਟਰਾਲੀਆਂ, ਟੈਂਪੂਆਂ, ਕਾਰਾਂ ਤੇ ਮੋਟਰਸਾਈਕਲ ਸਕੂਟਰਾਂ 'ਤੇ ਸਵਾਰ ਕਿਸਾਨਾਂ ਨੇ ਪਹਿਲਾਂ ਸਥਾਨਕ ਦਾਣਾ ਮੰਡੀ ਵਿਖੇ ਭਰਵੀਂ ਰੋਸ਼ ਰੈਲੀ ਕੀਤੀ | ਕਿਸਾਨ ਰੈਲੀ ਨੂੰ ਕਿਸਾਨ ਆਗੂਆਂ ਕੁਲਵਿੰਦਰ ਸਿੰਘ ਭੂਦਨ, ਗੁਰਪ੍ਰੀਤ ਸਿੰਘ ਹਥਨ, ਸੁਖਦੇਵ ਸਿੰਘ ਸੇਹਕੇ, ਮਾਨ ਸਿੰਘ ਸੱਦੋਪੁਰ, ਨਾਹਰ ਸਿੰਘ ਹਥਨ, ਮੇਜਰ ਸਿੰਘ ਹਥਨ, ਹਰਜੀਤ ਸਿੰਘ ਚੱਕ, ਤੇਜਵੰਤ ਸਿੰਘ ਕੁੱਕੀ ਕੁਠਾਲਾ, ਚਰਨਜੀਤ ਸਿੰਘ ਹਥਨ, ਗੁਰਮੀਤ ਸਿੰਘ ਚਾਂਗਲੀ, ਕੇਵਲ ਸਿੰਘ ਭੜੀ, ਫਕੀਰ ਸਿੰਘ ਸੇਹਕੇ, ਪਰਮਜੀਤ ਸਿੰਘ ਮਦੇਵੀ ਅਤੇ ਦਰਸ਼ਨ ਸਿੰਘ ਹਥੋਆ ਨੇ ਸੰਬੋਧਨ ਕੀਤਾ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਵਲੋਂ ਤਾਲਾਬੰਦੀ ਦੇ ਵਿਰੋਧ ਵਿਚ ਸ਼ਹਿਰ ਵਿਚ ਮਾਰਚ ਕੱਢਿਆ ਗਿਆ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ | ਪਰ ਦੁਕਾਨਦਾਰਾਂ ਨੇ ਕਿਸਾਨਾਂ ਸਾਥ ਨਹੀਂ ਦਿੱਤਾ | ਦੁਕਾਨਦਾਰਾਂ ਨੇ ਦੁਕਾਨਾਂ ਨਹੀਂ ਖੋਲ੍ਹੀਆਂ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਦ ਸਰਕਾਰ ਕਰੋਨਾ ਦੀ ਆੜ ਹੇਠ ਤਾਲਾਬੰਦੀ ਕਰਕੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਕਰ ਰਹੀ ਹੈ | ਬਾਜ਼ਾਰ ਬੰਦ ਹੋਣ ਨਾਲ ਆਮ ਜਨਤਾ ਵੀ ਪ੍ਰੇਸ਼ਾਨ ਹੋ ਰਹੀ ਹੈ | ਜਿਸ ਕਰਕੇ ਦੁਕਾਨਦਾਰ ਦੁਕਾਨਾਂ ਖੋਲ੍ਹਣ | ਇਸ ਮੌਕੇ ਦਰਸ਼ਨ ਸਿੰਘ, ਮਲਕੀਤ ਸਿੰਘ ਤੂਰਬੰਨਜਾਰਾ, ਰਘਵੀਰ ਸਿੰਘ ਕੌਹਰੀਆਂ, ਹੁਸ਼ਿਆਰ ਸਿੰਘ ਉਭਿਆ, ਗੁਰਮੇਲ ਸਿੰਘ, ਰਾਜਿੰਦਰ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਆਦਿ ਵੀ ਹਾਜ਼ਰ ਸਨ |
ਲਹਿਰਾਗਾਗਾ, 8 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਰਾਹੁਲਇੰਦਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਪਿੰਡ ਲਹਿਲ ਕਲਾਂ ਵਿਖੇ 10 ਬੈਂਡਾਂ ਵਾਲੇ ਸਰਕਾਰੀ ਮਲਟੀ ਸਪੈਸ਼ਲਿਸਟ ਹਸਪਤਾਲ ਦੀ ਨੀਂਹ ...
ਧੂਰੀ, 8 ਮਈ (ਸੰਜੇ ਲਹਿਰੀ, ਦੀਪਕ) - ਧੂਰੀ ਦੇ ਰਹਿਣ ਵਾਲੇ ਇਕ ਨੌਜਵਾਨ ਪਿ੍ੰਸ ਕੁਮਾਰ (26) ਪੁੱਤਰ ਰਾਜ ਕੁਮਾਰ ਦੀ ਅੱਜ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਦੇ ਚੱਲਦਿਆਂ ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਮਿ੍ਤਕ ਦੇ ਭਰਾ ਗੌਰਵ ਕੁਮਾਰ ਦੇ ...
ਸੰਗਰੂਰ, 8 ਮਈ (ਧੀਰਜ ਪਸ਼ੌਰੀਆ) - ਜ਼ਿਲ੍ਹੇ ਸੰਗਰੂਰ 'ਚ ਅੱਜ ਫਿਰ ਕੋਰੋਨਾ ਦੇ 244 ਨਵੇਂ ਮਾਮਲੇ ਆਏ ਹਨ ਜਿਨ੍ਹਾਂ ਨਾਲ ਕੋਰੋਨਾ ਦੇ ਹੁਣ ਤੱਕ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 10484 ਹੋ ਗਈ ਹੈ ਜਦ ਕਿ 405 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ | ਰੋਜ਼ ਦੀ ਤਰ੍ਹਾਂ ਸਭ ਤੋਂ ...
ਸੁਨਾਮ ਊਧਮ ਸਿੰਘ ਵਾਲਾ, 8 ਮਈ (ਧਾਲੀਵਾਲ, ਭੁੱਲਰ) - ਬੀਤੀ ਸ਼ਾਮ ਇਕ ਬਿਜਲੀ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਹੈ | ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਸਹਾਇਕ ਥਾਣੇਦਾਰ ਉਂਕਾਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਜੋ ਕਿ ਪਾਵਰਕਾਮ ਦੇ ਮਾਡਲ ਟਾਊਨ-1 ...
ਸੁਨਾਮ ਊਧਮ ਸਿੰਘ ਵਾਲਾ, 8 ਮਈ (ਧਾਲੀਵਾਲ, ਭੁੱਲਰ) - ਬੀਤੀ ਸ਼ਾਮ ਇਕ ਬਿਜਲੀ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਹੈ | ਪੁਲਿਸ ਥਾਣਾ ਸੁਨਾਮ ਸ਼ਹਿਰੀ ਦੇ ਸਹਾਇਕ ਥਾਣੇਦਾਰ ਉਂਕਾਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਜੋ ਕਿ ਪਾਵਰਕਾਮ ਦੇ ਮਾਡਲ ਟਾਊਨ-1 ...
ਕੁੱਪ ਕਲਾਂ, 8 ਮਈ (ਮਨਜਿੰਦਰ ਸਿੰਘ ਸਰੌਦ)-ਸਥਾਨਕ ਇਲਾਕੇ ਅੰਦਰ ਸੂਰਜ ਛਿਪਦਿਆਂ ਹੀ ਸਹਿਰ ਤੋਂ ਦੂਰ-ਦੁਰਾਡੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਸੁੰਨੀਆਂ ਹੋਣ ਲੱਗ ਜਾਂਦੀਆਂ ਨੇ ਕਿਉਂਕਿ ਫਿਰ ਉਨ੍ਹਾਂ ਸੜਕਾਂ ਉੱਤੇ ਨਸ਼ੇੜੀ ਤੇ ਲੁਟੇਰਿਆਂ ਦਾ ਪਹਿਰਾ ਸ਼ੁਰੂ ਹੋ ...
ਕੁੱਪ ਕਲਾਂ, 8 ਮਈ (ਮਨਜਿੰਦਰ ਸਿੰਘ ਸਰੌਦ)-ਸਥਾਨਕ ਇਲਾਕੇ ਅੰਦਰ ਸੂਰਜ ਛਿਪਦਿਆਂ ਹੀ ਸਹਿਰ ਤੋਂ ਦੂਰ-ਦੁਰਾਡੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਸੁੰਨੀਆਂ ਹੋਣ ਲੱਗ ਜਾਂਦੀਆਂ ਨੇ ਕਿਉਂਕਿ ਫਿਰ ਉਨ੍ਹਾਂ ਸੜਕਾਂ ਉੱਤੇ ਨਸ਼ੇੜੀ ਤੇ ਲੁਟੇਰਿਆਂ ਦਾ ਪਹਿਰਾ ਸ਼ੁਰੂ ਹੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX