ਨਵੀਂ ਦਿੱਲੀ, 10 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਵਲੋਂ ਟੀਕਾਕਰਨ ਨੀਤੀ 'ਤੇ ਪਾਈ ਝਾੜ ਤੋਂ ਬਾਅਦ ਕੇਂਦਰ ਨੇ 218 ਸਫ਼ਿਆਂ ਦਾ ਹਲਫ਼ਨਾਮਾ ਦਾਇਰ ਕਰਦਿਆਂ ਜਿੱਥੇ ਆਪਣੀ ਨੀਤੀ ਦਾ ਬਚਾਅ ਕੀਤਾ ਉੱਥੇ ਇਹ ਵੀ ਕਿਹਾ ਕਿ ਇਸ ਮਾਮਲੇ 'ਚ ਨਿਆਇਕ ਦਖ਼ਲਅੰਦਾਜ਼ੀ ਦੀ ਲੋੜ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ 'ਚ ਸਾਰੇ ਉਮਰ ਵਰਗ ਦੇ ਨਾਗਰਿਕਾਂ ਦਾ ਮੁਫ਼ਤ ਟੀਕਾਕਰਨ ਹੋਵੇਗਾ। ਹਾਲਾਂਕਿ ਟੀਕੇ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਹੋਣ ਵਾਲੀ ਸੁਣਵਾਈ ਤਕਨੀਕੀ ਕਾਰਨਾਂ ਕਾਰਨ ਵੀਰਵਾਰ ਤੱਕ ਲਈ ਟਾਲ ਦਿੱਤੀ ਗਈ ਹੈ। ਕੁਝ ਹੀ ਮਿੰਟਾਂ ਦੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ਨੂੰ ਪਹੁੰਚਾਇਆ ਹਲਫ਼ਨਾਮਾ ਉਨ੍ਹਾਂ (ਸੁਪਰੀਮ ਕੋਰਟ) ਤੋਂ ਪਹਿਲਾਂ ਮੀਡੀਆ ਕੋਲ ਐਤਵਾਰ ਰਾਤ ਨੂੰ ਹੀ ਕਿਵੇਂ ਪਹੁੰਚ ਗਿਆ। ਇਸੇ ਦੌਰਾਨ ਦੇਸ਼ 'ਚ ਲਗਾਤਾਰ ਚਾਰ ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 4 ਲੱਖ ਤੋਂ ਘਟੇ ਹਨ ਅਤੇ ਸੋਮਵਾਰ ਨੂੰ ਇਕੋ ਦਿਨ 3,66,161 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 2,26,62,575 'ਤੇ ਪੁੱਜ ਗਈ ਹੈ। ਕੋਰੋਨਾ ਨਾਲ 3754 ਹੋਰ ਮੌਤਾਂ ਹੋਣ ਨਾਲ ਕੁੱਲ ਮਰਨ ਵਾਲਿਆਂ ਦਾ ਅੰਕੜਾ 2,46,116 ਤੱਕ ਪੁੱਜ ਗਿਆ ਹੈ।
ਕੇਂਦਰ ਨੇ ਦਾਇਰ ਕੀਤਾ 218 ਸਫ਼ਿਆਂ ਦਾ ਹਲਫ਼ਨਾਮਾ
ਕੇਂਦਰ ਨੇ ਐਤਵਾਰ ਦੇਰ ਰਾਤ ਦਾਇਰ ਕੀਤੇ ਹਲਫ਼ਨਾਮੇ 'ਚ ਸਰਕਾਰ ਦੀ ਟੀਕਾਕਰਨ ਨੀਤੀ ਦਾ ਬਚਾਅ ਕਰਦਿਆਂ ਕਿਹਾ ਕਿ ਵੱਡੇ ਜਨਹਿਤ 'ਚ ਇਹ (ਨੀਤੀ ਘੜਨ ਦਾ) ਫ਼ੈਸਲਾ ਕਾਰਜਪਾਲਿਕਾ 'ਤੇ ਹੀ ਛੱਡਿਆ ਜਾਵੇ। ਇਸ 'ਚ ਕਿਸੇ ਵੀ ਨਿਆਇਕ ਦਖ਼ਲਅੰਦਾਜ਼ੀ ਦੀ ਲੋੜ ਨਹੀਂ ਹੈ। ਹਲਫ਼ਨਾਮੇ 'ਚ ਕਿਹਾ ਗਿਆ ਕਿ ਵੈਕਸੀਨ ਨੀਤੀ ਬਾਰੇ ਫ਼ੈਸਲਾ ਵਿਗਿਆਨਕ ਸਲਾਹ ਅਤੇ ਮਾਹਿਰਾਂ ਦੀ ਰਾਏ ਤੋਂ ਬਾਅਦ ਕਾਰਜਪਾਲਿਕਾ ਦੇ ਸਭ ਤੋਂ ਉਪਰਲੇ ਪੱਧਰ ਵਲੋਂ ਲਿਆ ਗਿਆ ਹੈ। ਇਸ 'ਚ ਨਿਆਪਾਲਿਕਾ ਦੀ ਅਤਿ ਉਤਸ਼ਾਹਪੂਰਨ ਪਰ ਸਹੀ ਮਨਸ਼ਾ ਵਾਲੀ ਨਿਆਇਕ ਦਖ਼ਲਅੰਦਾਜ਼ੀ ਨਾਲ ਕੁਝ ਅਣਦਿਸੇ ਅਤੇ ਅਣਚਾਹੇ ਨਤੀਜੇ ਵੇਖਣ ਨੂੰ ਮਿਲ ਸਕਦੇ ਹਨ। ਕੇਂਦਰ ਨੇ ਕਿਹਾ ਕਿ ਬਿਨਾਂ ਮਾਹਿਰਾਂ ਦੀ ਸਲਾਹ ਅਤੇ ਕਾਰਜਪਾਲਿਕਾ ਦੇ ਤਜਰਬੇ ਤੋਂ ਕੀਤੀ ਦਖ਼ਲਅੰਦਾਜ਼ੀ ਨਾਲ ਡਾਕਟਰਾਂ, ਸਾਇੰਸਦਾਨਾਂ, ਮਾਹਿਰਾਂ ਅਤੇ ਕਾਰਜਪਾਲਿਕਾ ਦੇ ਅਧਿਕਾਰੀਆਂ ਨੂੰ ਕੋਈ ਨਵੇਂ ਹੱਲ ਤਲਾਸ਼ ਕਰਨ ਲਈ ਬਹੁਤ ਘੱਟ ਗੁੰਜਾਇਸ਼ ਰਹਿ ਜਾਵੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਕੇਂਦਰ ਸਰਕਾਰ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਲਈ ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਆਪਣੀ ਟੀਕਾਕਰਨ ਨੀਤੀ ਦੀ ਮੁੜ ਸਮੀਖਿਆ ਕਰਨ ਨੂੰ ਕਿਹਾ ਸੀ। ਕੇਂਦਰ ਨੇ ਕੀਮਤਾਂ ਦੇ ਮਾਮਲੇ 'ਚ ਆਪਣੇ ਤੌਰ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕੇਂਦਰ ਨੇ ਵੈਕਸੀਨ ਉਤਪਾਦਕਾਂ ਨਾਲ ਗੱਲ ਕਰ ਕੇ ਪਹਿਲਾਂ ਹੀ ਇਹ ਤੈਅ ਕਰ ਦਿੱਤਾ ਸੀ ਕਿ ਸਾਰੇ ਰਾਜਾਂ ਨੂੰ ਸਮਾਨ ਕੀਮਤਾਂ 'ਤੇ ਵੈਕਸੀਨ ਮਿਲੇਗੀ। ਕੇਂਦਰ ਨੂੰ ਮਿਲਣ ਵਾਲੀ ਵੈਕਸੀਨ ਦੀ ਦਲੀਲ ਦਿੰਦਿਆਂ ਸਰਕਾਰ ਨੇ ਕਿਹਾ ਕਿ ਕੇਂਦਰ ਨੇ ਵੱਡੇ ਆਰਡਰ ਅਤੇ ਪੇਸ਼ਗੀ ਰਕਮ ਕੰਪਨੀ ਨੂੰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ 'ਤੇ ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਨੇ ਇਸ ਦਾ ਵਿਰੋਧ ਕੀਤਾ ਸੀ। ਵਿਰੋਧੀ ਧਿਰਾਂ ਵਲੋਂ 'ਇਕ ਰਾਸ਼ਟਰ, ਇਕ ਕੀਮਤ' ਦੀ ਮੰਗ ਕੀਤੀ ਜਾ ਰਹੀ ਹੈ।
ਤਕਨੀਕੀ ਰੁਕਾਵਟਾਂ ਕਾਰਨ ਸੁਣਵਾਈ ਮੁਲਤਵੀ
ਵੈਕਸੀਨ ਦੀਆਂ ਵੱਖ-ਵੱਖ ਕੀਮਤਾਂ ਨੂੰ ਲੈ ਕੇ ਸੁਪਰੀਮ ਕੋਰਟ 'ਚ ਹੋਣ ਵਾਲੀ ਸੁਣਵਾਈ 'ਚ ਤਕਨੀਕੀ ਰੁਕਾਵਟ ਪੈਣ ਕਾਰਨ ਇਸ ਨੂੰ ਵੀਰਵਾਰ ਤੱਕ ਲਈ ਟਾਲ ਦਿੱਤਾ ਗਿਆ। ਸਵੇਰੇ 11 ਵਜੇ ਸੁਣਵਾਈ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਸਾਰੇ ਜੱਜ ਜਸਟਿਸ ਡੀ.ਵਾਈ. ਚੰਦਰਚੂੜ, ਐੱਲ.ਐੱਨ.ਰਾਓ ਅਤੇ ਐੱਸ.ਰਵਿੰਦਰ ਭੱਟ ਸਕਰੀਨ ਤੋਂ ਗਾਇਬ ਹੋ ਗਏ। ਕੁਝ ਦੇਰ ਬਾਅਦ ਅਦਾਲਤ ਨੇ ਕਿਹਾ ਕਿ ਅਦਾਲਤ ਦਾ ਸਰਵਰ ਡਾਊਨ ਹੋਣ ਕਾਰਨ ਜੱਜਾਂ ਨੇ ਅੱਜ ਦੀ ਸੁਣਵਾਈ ਵੀਰਵਾਰ ਨੂੰ ਕਰਨ ਦਾ ਫ਼ੈਸਲਾ ਲਿਆ ਹੈ।
ਕੇਂਦਰ ਦਾ ਜਵਾਬ ਲੀਕ ਹੋਣ 'ਤੇ ਸੁਪਰੀਮ ਕੋਰਟ ਨੇ ਲਾਈ ਝਾੜ
ਕੇਂਦਰ ਵਲੋਂ ਦਾਇਰ ਹਲਫ਼ਨਾਮੇ ਦੀ ਜਾਣਕਾਰੀ ਸੁਪਰੀਮ ਕੋਰਟ ਤੋਂ ਪਹਿਲਾਂ ਮੀਡੀਆ ਨੂੰ ਮਿਲਣ 'ਤੇ ਅਦਾਲਤ ਨੇ ਨਾਰਾਜ਼ਗੀ ਪ੍ਰਗਟਾਈ। ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਤਵਾਰ ਦੇਰ ਰਾਤ ਹਲਫ਼ਨਾਮਾ ਸੁਪਰੀਮ ਕੋਰਟ ਪਹੁੰਚਾਇਆ ਗਿਆ ਜੋ ਕਿ ਸਾਨੂੰ (ਜੱਜਾਂ) ਨੂੰ ਸਵੇਰੇ 10 ਵਜੇ ਮਿਲਿਆ ਪਰ ਮੀਡੀਆ ਕੋਲ ਇਹ ਰਾਤ ਨੂੰ ਹੀ ਪਹੁੰਚ ਗਿਆ ਸੀ। ਹਾਲਾਂਕਿ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਰਾਜਾਂ ਨੂੰ ਵੀ ਆਪਣਾ ਹਲਫ਼ਨਾਮਾ ਭੇਜਿਆ ਸੀ, ਉੱਥੇ ਹੀ ਕੋਈ ਗੜਬੜ ਹੋਈ ਹੈ।
ਦਵਾਈਆਂ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਅਪਣਾਉਣ ਸੂਬੇ
ਕੇਂਦਰ ਨੇ ਆਪਣੇ ਹਲਫ਼ਨਾਮੇ 'ਚ ਕਿਹਾ ਕਿ ਸਾਰੇ ਸੂਬਿਆਂ ਨੂੰ ਦਵਾਈਆਂ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਰੀ ਨੂੰ ਰੋਕਣ ਲਈ ਵੱਖ-ਵੱਖ ਪੱਧਰ 'ਤੇ ਵਿਸ਼ੇਸ਼ ਟੀਮਾਂ ਬਣਾਉਣ ਨੂੰ ਕਿਹਾ ਗਿਆ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਇਹ ਵੀ ਕਿਹਾ ਕਿ ਕੇਂਦਰੀ ਤੇ ਰਾਜ ਸਰਕਾਰਾਂ ਦੇ ਸਾਰੇ ਹਸਪਤਾਲਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਵੈਧ ਪਛਾਣ ਪੱਤਰ ਅਤੇ ਕੋਰੋਨਾ ਦੀ ਪਾਜ਼ੀਟਿਵ ਰਿਪੋਰਟ ਦੀ ਘਾਟ ਕਾਰਨ ਕਿਸੇ ਵੀ ਮਰੀਜ਼ ਨੂੰ ਦਾਖਲ ਹੋਣ ਤੋਂ ਇਨਕਾਰ ਨਾ ਕੀਤਾ ਜਾਵੇ।
ਚਾਰ ਦਿਨਾਂ ਬਾਅਦ ਮਾਮਲੇ ਘਟੇ
ਨਵੀਂ ਦਿੱਲੀ, 10 ਮਈ (ਪੀ.ਟੀ.ਆਈ.)-ਦੇਸ਼ 'ਚ ਲਗਾਤਾਰ ਚਾਰ ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲੇ 4 ਲੱਖ ਤੋਂ ਘਟੇ ਹਨ ਅਤੇ ਸੋਮਵਾਰ ਨੂੰ ਇਕੋ ਦਿਨ 3,66,161 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ 2,26,62,575 'ਤੇ ਪੁੱਜ ਗਈ ਹੈ। ਕੋਰੋਨਾ ਨਾਲ 3754 ਹੋਰ ਮੌਤਾਂ ਹੋਣ ਨਾਲ ਕੁੱਲ ਮਰਨ ਵਾਲਿਆਂ ਦਾ ਅੰਕੜਾ 2,46,116 ਤੱਕ ਪੁੱਜ ਗਿਆ ਹੈ। ਦੇਸ਼ 'ਚ ਕੋਰੋਨਾ ਦੇ ਐਕਟਿਵ ਕੇਸ 37,45,237 ਹਨ, ਜੋ ਕੁੱਲ ਕੇਸਲੋਡ ਦਾ 16.35 ਫ਼ੀਸਦੀ ਹੈ। ਕੌਮੀ ਸਿਹਤਯਾਬੀ ਦਰ 82.39 ਫ਼ੀਸਦੀ ਹੈ। ਹੁਣ ਤੱਕ 1,86,71,222 ਲੋਕ ਕੋਰੋਨਾ ਤੋਂ ਸਿਹਤਯਾਬ ਹੋ ਚੁੱਕੇ ਹਨ ਜਦਕਿ ਕੇਸਾਂ ਦੀ ਮੌਤ ਦਰ 1.09 ਫ਼ੀਸਦੀ ਦਰਜ ਕੀਤੀ ਗਈ ਹੈ। ਭਾਰਤੀ ਮੈਡੀਕਲ ਖੋਜ ਤੇ ਕੌਂਸਲ (ਆਈ.ਸੀ.ਐਮ.ਆਰ.) ਅਨੁਸਾਰ ਹੁਣ ਤੱਕ 30, 37,50,077 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਮਹਾਰਾਸ਼ਟਰ, ਕਰਨਾਟਕ ਤੇ ਦਿੱਲੀ ਸਮੇਤ 10 ਰਾਜਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਦਾ 73 ਫ਼ੀਸਦੀ ਤੋਂ ਵੱਧ ਹਿੱਸਾ ਹੈ। ਇਸ ਸੂਚੀ 'ਚ ਕੇਰਲ, ਤਾਮਿਲਨਾਡੂ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਤੇ ਹਰਿਆਣਾ ਹੋਰ ਸੂਬੇ ਹਨ।
ਅਲੀਗੜ੍ਹ ਮੁਸਲਿਮ 'ਵਰਸਿਟੀ 'ਚ 34 ਪ੍ਰੋਫ਼ੈਸਰਾਂ ਦੀ ਮੌਤ
ਅਲੀਗੜ੍ਹ (ਯੂ. ਪੀ.), 10 ਮਈ (ਏਜੰਸੀ)-ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 34 ਅਧਿਆਪਕਾਂ ਤੇ ਸੇਵਾਮੁਕਤ ਕਰਮੀਆਂ ਦੀ ਕੋਰੋਨਾ ਜਾਂ ਕੋਰੋਨਾ ਵਰਗੇ ਲੱਛਣਾਂ ਕਾਰਨ ਮੌਤ ਹੋ ਜਾਣ ਤੋਂ ਬਾਅਦ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਚਿੰਤਾ ਵਧ ਗਈ ਹੈ ਅਤੇ 'ਵਰਸਿਟੀ ਦੇ ਉਪ ਕੁਲਪਤੀ ਤਾਰਿਕ ਮਨਸੂਰ ਨੇ ਇਸ ਸਬੰਧੀ ਆਈ. ਸੀ. ਐਮ. ਆਰ. ਨੂੰ ਨਮੂਨਿਆਂ ਦੀ ਜਾਂਚ ਲਈ ਪੱਤਰ ਲਿਖਿਆ ਹੈ। ਯੂਨੀਵਰਸਿਟੀ 'ਚ ਪਿਛਲੇ ਕੁਝ ਦਿਨਾਂ ਦੌਰਾਨ ਹੋਈਆਂ ਮੌਤਾਂ ਦੇ ਬਾਅਦ ਏ. ਐਮ. ਯੂ. 'ਚ ਬਣੀ ਆਈ. ਸੀ. ਐਮ. ਆਰ. ਤੋਂ ਪ੍ਰਮਾਣਿਤ ਲੈਬਾਰਟਰੀ ਨੇ ਨਮੂਨੇ ਇਕੱਠੇ ਕੀਤੇ ਹਨ। 'ਵਰਸਿਟੀ 'ਚ 20 ਦਿਨਾਂ ਦੇ ਅੰਦਰ 34 ਪ੍ਰੋਫੈਸਰਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 16 ਵਰਕਿੰਗ ਅਤੇ 18 ਸੇਵਾਮੁਕਤ ਫੈਕਲਟੀ ਮੈਂਬਰ ਸ਼ਾਮਿਲ ਹਨ। ਰਿਪੋਰਟ ਅਨੁਸਾਰ ਉਪ ਕੁਲਪਤੀ ਦੇ ਵੱਡੇ ਭਰਾ ਦੀ ਵੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਅਤੇ ਇਹ ਸਾਰੇ ਲੋਕ ਯੂਨੀਵਰਸਿਟੀ ਕੈਂਪਸ 'ਚ ਰਹਿੰਦੇ ਸਨ। ਉਨ੍ਹਾਂ ਸ਼ੱਕ ਪ੍ਰਗਟਾਇਆ ਹੈ ਕਿ ਮੌਤਾਂ ਦੇ ਅੰਕੜੇ 'ਚ ਵਾਧਾ ਕੋਰੋਨਾ ਦੇ ਕਿਸੇ ਨਵੇਂ ਰੂਪ ਕਾਰਨ ਹੋ ਰਿਹਾ ਹੈ।
ਪੰਜਾਬ 'ਚ ਵਧਿਆ ਖ਼ਤਰਾ-ਇਕੋ ਦਿਨ 198 ਮੌਤਾਂ
ਚੰਡੀਗੜ੍ਹ, 10 ਮਈ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 198 ਹੋਰ ਮੌਤਾਂ ਹੋ ਗਈਆਂ, 8625 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 6894 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਅੱਜ ਹੋਈਆਂ 198 ਮੌਤਾਂ ਵਿਚ ਲੁਧਿਆਣਾ 'ਚ ਸਭ ਤੋਂ ਵੱਧ 30, ਸੰਗਰੂਰ ਤੋਂ 17, ਪਟਿਆਲਾ ਤੋਂ 14, ਅੰਮ੍ਰਿਤਸਰ ਤੋਂ 10, ਬਰਨਾਲਾ ਤੋਂ 2, ਬਠਿੰਡਾ ਤੋਂ 19, ਫ਼ਰੀਦਕੋਟ ਤੋਂ 5, ਫਾਜ਼ਿਲਕਾ ਤੋਂ 8, ਫਿਰੋਜ਼ਪੁਰ ਤੋਂ 11, ਫਤਹਿਗੜ੍ਹ ਸਾਹਿਬ ਤੋਂ 3, ਗੁਰਦਾਸਪੁਰ ਤੋਂ 4, ਹੁਸ਼ਿਆਰਪੁਰ ਤੋਂ 9, ਜਲੰਧਰ ਤੋਂ 8, ਮਾਨਸਾ ਤੋਂ 4, ਮੋਗਾ ਤੋਂ 1, ਐਸ.ਏ.ਐਸ ਨਗਰ ਤੋਂ 14, ਸ੍ਰੀ ਮੁਕਤਸਰ ਸਾਹਿਬ ਤੋਂ 13, ਪਠਾਨਕੋਟ ਤੋਂ 8, ਰੋਪੜ ਤੋਂ 10, ਐਸ.ਬੀ.ਐਸ ਨਗਰ ਤੋਂ 3, ਤਰਨਤਾਰਨ ਤੋਂ 1 ਅਤੇ ਕਪੂਰਥਲਾ ਤੋਂ 4 ਮਰੀਜ਼ ਸ਼ਾਮਿਲ ਹਨ। ਤਾਜ਼ਾ ਮਾਮਲਿਆਂ 'ਚ ਲੁਧਿਆਣਾ ਤੋਂ 1470, ਜਲੰਧਰ ਤੋਂ 619, ਪਟਿਆਲਾ ਤੋਂ 676, ਐਸ.ਏ.ਐਸ ਨਗਰ ਤੋਂ 1382, ਅੰਮ੍ਰਿਤਸਰ ਤੋਂ 561, ਗੁਰਦਾਸਪੁਰ ਤੋਂ 206, ਬਠਿੰਡਾ ਤੋਂ 629, ਹੁਸ਼ਿਆਰਪੁਰ ਤੋਂ 385, ਫ਼ਿਰੋਜ਼ਪੁਰ ਤੋਂ 181, ਪਠਾਨਕੋਟ ਤੋਂ 396, ਸੰਗਰੂਰ ਤੋਂ 214, ਕਪੂਰਥਲਾ ਤੋਂ 171, ਫ਼ਰੀਦਕੋਟ ਤੋਂ 104, ਮੁਕਤਸਰ ਤੋਂ 401, ਫ਼ਾਜ਼ਿਲਕਾ ਤੋਂ 283, ਮੋਗਾ ਤੋਂ 119, ਰੋਪੜ ਤੋਂ 180, ਫ਼ਤਿਹਗੜ੍ਹ ਸਾਹਿਬ ਤੋਂ 84, ਬਰਨਾਲਾ ਤੋਂ 23, ਤਰਨਤਾਰਨ ਤੋਂ 103, ਐਸ.ਬੀ.ਐਸ ਨਗਰ ਤੋਂ 85 ਅਤੇ ਮਾਨਸਾ ਤੋਂ 353 ਮਰੀਜ਼ ਨਵੇਂ ਪਾਏ ਗਏ ਹਨ। ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 75,800, ਕੁੱਲ ਮੌਤਾਂ 10,704 ਅਤੇ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਸੰਖਿਆ 4,50,674 ਤੱਕ ਪੁੱਜ ਚੁੱਕੀ ਹੈ।
ਨਵੀਂ ਦਿੱਲੀ, 10 ਮਈ (ਏਜੰਸੀ)-ਦੇਸ਼ 'ਚ ਕੋਰੋਨਾ ਵੈਕਸੀਨ ਲਗਵਾਉਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਪਰ ਜਿੰਨ੍ਹਾਂ ਲੋਕਾਂ ਦਾ ਟੀਕਾਕਰਨ ਹੋ ਸਕਿਆ ਹੈ, ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੈ। ਅਜਿਹੇ 'ਚ ਇਨ੍ਹਾਂ ਦੋਵੇਂ ਅੰਕੜਿਆਂ 'ਚ ਅੰਤਰ ਤੇਜ਼ੀ ਨਾਲ ਵਧ ਰਿਹਾ ਹੈ। 1 ਮਈ ਤੋਂ 7 ਮਈ ਦਰਮਿਆਨ ਕੋ-ਵਿਨ 'ਤੇ 2.42 ਕਰੋੜ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸ 'ਤੇ ਹੁਣ ਤੱਕ ਕੁੱਲ 19 ਕਰੋੜ ਤੋਂ ਵੱਧ ਰਜਿਸਟ੍ਰੇਸ਼ਨ ਹੋ ਚੁੱਕੀ ਹੈ। 1 ਤੋਂ 7 ਮਈ ਦਰਮਿਆਨ ਰੋਜ਼ਾਨਾ ਔਸਤਨ 16.6 ਲੱਖ ਵੈਕਸੀਨ ਦਿੱਤੀ ਗਈ, ਜਦੋਂਕਿ ਅਪ੍ਰੈਲ ਦੇ ਸ਼ੁਰੂ 'ਚ ਇਹ ਅੰਕੜਾ 40 ਲੱਖ ਤੋਂ ਵੱਧ ਸੀ। ਇਕ ਅੰਗਰੇਜ਼ੀ ਅਖ਼ਬਾਰ 'ਚ ਛਪੀ ਖ਼ਬਰ ਮੁਤਾਬਿਕ ਜੇਕਰ ਟੀਕਾਕਰਨ ਦੀ ਇਹੀ ਰਫ਼ਤਾਰ ਰਹੀ ਤਾਂ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਰਜਿਸਟ੍ਰੇਸ਼ਨ ਕਰਵਾਈ ਹੈ, ਉਨ੍ਹਾਂ ਦਾ ਟੀਕਾਕਰਨ ਹੋਣ 'ਚ ਹੀ 3 ਮਹੀਨੇ ਲੱਗ ਜਾਣਗੇ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਨੁਸਾਰ ਸੂਬਿਆਂ ਕੋਲ ਵੈਕਸੀਨ ਦੀਆਂ 72 ਲੱਖ ਖ਼ੁਰਾਕਾਂ ਹਨ ਅਤੇ ਅਗਲੇ 3 ਦਿਨਾਂ 'ਚ 42 ਲੱਖ ਖ਼ੁਰਾਕਾਂ ਸੂਬਿਆਂ ਨੂੰ ਭੇਜਣ ਲਈ ਤਿਆਰ ਹਨ। ਕੁੱਲ ਮਿਲਾ ਕੇ ਇਹ ਗਿਣਤੀ 1.14 ਕਰੋੜ ਹੈ। ਜੋ ਪਿਛਲੇ ਹਫ਼ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ 50 ਫ਼ੀਸਦੀ ਲੋਕਾਂ ਨੂੰ ਕਵਰ ਲਈ ਵੀ ਪੂਰੀ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਕੇਵਲ ਫ਼ਰੰਟਲਾਈਨ ਵਰਕਰਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਹੋ ਰਿਹਾ ਸੀ ਤਾਂ ਅਜਿਹੇ ਲੋਕਾਂ ਦੀ ਗਿਣਤੀ ਕਰੀਬ 34 ਕਰੋੜ ਸੀ। ਇਸ ਦੇ ਬਾਅਦ ਜਦੋਂ ਕੇਂਦਰ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਦਾ ਐਲਾਨ ਕੀਤਾ ਤਾਂ 34 ਕਰੋੜ 'ਚੋਂ ਕੇਵਲ ਇਕ ਤਿਹਾਈ ਲੋਕਾਂ ਦਾ ਟੀਕਾਕਰਨ ਹੋਇਆ ਸੀ। ਹੁਣ 18-44 ਸਾਲ ਉਮਰ ਵਰਗ ਦੇ 60 ਕਰੋੜ ਹੋਰ ਲੋਕ ਇਸ 'ਚ ਜੁੜ ਗਏ ਹਨ। ਮੌਜੂਦਾ ਸਮੇਂ ਰੋਜ਼ਾਨਾ ਕਰੀਬ 17 ਲੱਖ ਲੋਕਾਂ ਦਾ ਟੀਕਾਕਰਨ ਹੋ ਰਿਹਾ ਹੈ। ਇਸ ਰਫ਼ਤਾਰ ਨਾਲ ਟੀਕਾਕਰਨ ਹੋਇਆ ਤਾਂ ਦੇਸ਼ ਦੀ ਪੂਰੀ ਆਬਾਦੀ ਨੂੰ ਵੈਕਸੀਨ ਦੇਣ 'ਚ ਕਰੀਬ 3 ਸਾਲ ਦਾ ਸਮਾਂ ਲੱਗ ਜਾਵੇਗਾ। ਪਰ ਇਸ ਅੰਤਰ ਨੂੰ ਘੱਟ ਕਰਨ ਲਈ ਵੈਕਸੀਨ ਉਤਪਾਦਨ ਦੀ ਸਮਰੱਥਾ ਵਧਾਉਣ ਦੀ ਤਿਆਰੀ ਹੈ। ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਦੀ ਮੌਜੂਦਾ ਉਤਪਾਦਨ ਸਮਰੱਥਾ ਕ੍ਰਮਵਾਰ 6 ਕਰੋੜ ਅਤੇ 2 ਕਰੋੜ ਖ਼ੁਰਾਕਾਂ ਪ੍ਰਤੀ ਮਹੀਨਾ ਹੈ। ਦੋਵੇਂ ਕੰਪਨੀਆਂ ਉਤਪਾਦਨ ਵਧਾ ਰਹੀਆਂ ਹਨ ਪਰ ਇਸ ਲਈ ਜੁਲਾਈ ਤੱਕ ਉਡੀਕ ਕਰਨੀ ਪੈ ਸਕਦੀ ਹੈ।
ਨਵੀਂ ਦਿੱਲੀ, 10 ਮਈ (ਜਗਤਾਰ ਸਿੰਘ)-ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ 'ਚ ਬਣਾਇਆ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸੋਮਵਾਰ ਨੂੰ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ। ਸੈਂਟਰ ਦੀ ਸ਼ੁਰੂਆਤ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਦਿੱਲੀ ਦੇ ਸਿਹਤ ਮੰਤਰੀ ਸ੍ਰੀ ਸਤੇਂਦਰ ਜੈਨ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ। ਸਿਹਤ ਮੰਤਰੀ ਸਤੇਂਦਰ ਜੈਨ ਨੇ 400 ਬੈੱਡਾਂ ਵਾਲੇ ਇਸ ਸੈਂਟਰ ਨੂੰ ਦਿੱਲੀ ਸਰਕਾਰ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਨੂੰ ਐਲ.ਐਨ.ਜੇ.ਪੀ. ਹਸਪਤਾਲ ਨਾਲ ਜੋੜਿਆ ਗਿਆ ਹੈ ਤਾਂ ਜੋ ਕਿਸੇ ਵੀ ਮਰੀਜ਼ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਉਥੇ ਆਈ.ਸੀ.ਯੂ. 'ਚ ਇਲਾਜ ਲਈ ਭੇਜਿਆ ਜਾ ਸਕੇ। ਇਸ ਸੈਂਟਰ ਦਾ ਸਾਰਾ ਬੁਨਿਆਦੀ ਢਾਂਚਾ ਦਿੱਲੀ ਗੁਰਦੁਆਰਾ ਕਮੇਟੀ ਨੇ ਤਿਆਰ ਕੀਤਾ ਹੈ ਜਦਕਿ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਦਿੱਲੀ ਸਰਕਾਰ ਨੇ ਮੁਹੱਈਆ ਕਰਵਾਇਆ ਹੈ। ਸਿਰਸਾ ਨੇ ਸਹਿਯੋਗ ਦੇਣ ਅਤੇ ਸੈਂਟਰ ਲਈ ਮੈਡੀਕਲ ਸਟਾਫ ਪ੍ਰਦਾਨ ਕਰਨ 'ਤੇ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ।
ਚੰਡੀਗੜ੍ਹ, 10 ਮਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪਾਰਟੀ ਅੰਦਰੋਂ ਹੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਸਕਣ ਅਤੇ ਬਾਦਲਾਂ ਪ੍ਰਤੀ ਨਰਮ ਰਵੱਈਆ ਰੱਖੇ ਜਾਣ ਨੂੰ ਲੈ ਕੇ ਉੱਠ ਰਹੇ ਰੋਸ ਨੂੰ ਲੈ ਕੇ ਸਰਗਰਮੀਆਂ ਜਾਰੀ ਹਨ ਅਤੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਸੈਕਟਰ-39 ਸਥਿਤ ਸਰਕਾਰੀ ਰਿਹਾਇਸ਼ 'ਤੇ ਅੱਜ ਕਾਂਗਰਸ ਸੰਸਦ ਮੈਂਬਰਾਂ ਸ. ਪ੍ਰਤਾਪ ਸਿੰਘ ਬਾਜਵਾ, ਸ. ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ ਅਤੇ ਗੁਰਪ੍ਰੀਤ ਸਿੰਘ ਕਾਂਗੜ ਦਰਮਿਆਨ ਹੋਈ ਮੀਟਿੰਗ ਦੌਰਾਨ ਰਣਨੀਤੀ 'ਤੇ ਵਿਚਾਰ ਕਰਦਿਆਂ ਫ਼ੈਸਲਾ ਲਿਆ ਗਿਆ ਕਿ ਰਾਜ ਵਿਚ ਕਾਂਗਰਸ ਦੇ ਭਵਿੱਖ ਨੂੰ ਮੁੱਖ ਰੱਖ ਕੇ ਬੇਅਦਬੀਆਂ ਸਮੇਤ ਮੁੱਖ ਮੁੱਦਿਆਂ 'ਤੇ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਬਿਨਾਂ ਕਿਸੇ ਦੇਰੀ ਪੂਰਾ ਕਰਵਾਉਣ ਲਈ ਮੁੱਖ ਮੰਤਰੀ ਨੂੰ ਮਜਬੂਰ ਕੀਤਾ ਜਾਵੇ। ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਜੋ ਇਸ ਰੋਸ ਲਹਿਰ ਦਾ ਧੁਰਾ ਬਣੇ ਹੋਏ ਹਨ, ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਨਿਵਾਸ 'ਤੇ ਉਕਤ ਆਗੂ ਇਕੱਠੇ ਹੋਏ ਸਨ ਅਤੇ ਉਨ੍ਹਾਂ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਦੇਣ ਸਬੰਧੀ ਵਿਚਾਰ-ਵਟਾਂਦਰੇ ਕੀਤੇ। ਉਨ੍ਹਾਂ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਦੀ ਵੀ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਦੋ ਵਾਰ ਆਮਦ ਦੀ ਪੁਸ਼ਟੀ ਕੀਤੀ ਅਤੇ ਕਿਹਾ ਸਾਡਾ ਕਿਸੇ ਨਾਲ ਕੋਈ ਝਗੜਾ ਜਾਂ ਗ਼ਲਤ-ਫਹਿਮੀ ਨਹੀਂ। ਅਸੀਂ ਤਾਂ ਮੁੱਖ ਮੰਤਰੀ ਤੋਂ ਉਨ੍ਹਾਂ ਵਲੋਂ ਕੀਤੇ ਵਾਅਦਿਆਂ 'ਤੇ ਅਮਲ ਦੀ ਮੰਗ ਕਰ ਰਹੇ ਹਾਂ। ਸਾਨੂੰ ਹੁਣ ਕਿਸੇ ਮੀਟਿੰਗਾਂ ਦੀ ਨਹੀਂ, ਬਲਕਿ ਕਾਰਵਾਈ ਦੀ ਲੋੜ ਹੈ। ਪਾਰਲੀਮੈਂਟ ਵਿਚ ਕਾਂਗਰਸ ਧੜੇ ਦੇ ਮੁਖੀ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਕਿਹਾ ਵਿਧਾਇਕ ਅਤੇ ਮੰਤਰੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਕਰ ਰਹੇ ਹਨ ਅਤੇ ਅਸੀਂ ਇਸ ਲਈ ਹਾਈਕਮਾਨ ਤੱਕ ਵੀ ਪਹੁੰਚ ਕਰਾਂਗੇ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਵਲੋਂ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਵੀ ਟੈਲੀਫ਼ੋਨ 'ਤੇ ਗੱਲ ਕਰ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਵੀ ਅੱਜ ਨਵੀਂ ਜਾਂਚ ਟੀਮ ਨੂੰ 6 ਮਹੀਨੇ ਦਾ ਸਮਾਂ ਦੇਣ ਦਾ ਸਖ਼ਤ ਇਤਰਾਜ਼ ਕੀਤਾ। ਇਸੇ ਦੌਰਾਨ ਕਾਂਗਰਸ ਹਲਕਿਆਂ ਦੀਆਂ ਨਜ਼ਰਾਂ ਅੱਜ ਦਿੱਲੀ ਵੱਲ ਵੀ ਲੱਗੀਆਂ ਰਹੀਆਂ ਕਿਉਂਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਵਲੋਂ ਦੱਸਿਆ ਗਿਆ ਸੀ ਕਿ ਉਹ ਕੌਮੀ ਵਰਕਿੰਗ ਦੀ ਮੀਟਿੰਗ ਤੋਂ ਬਾਅਦ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਪੰਜਾਬ ਵਿਚਲੇ ਹਾਲਾਤ ਸਬੰਧੀ ਗੱਲਬਾਤ ਕਰ ਕੇ ਉਨ੍ਹਾਂ ਤੋਂ ਅਗਲੀ ਕਾਰਵਾਈ ਲਈ ਆਦੇਸ਼ ਲੈਣਗੇ ਪਰ ਸ੍ਰੀ ਰਾਵਤ ਦਾ ਅੱਜ ਸ਼ਾਮ ਤੱਕ ਪੰਜਾਬ ਦੇ ਕਾਂਗਰਸੀਆਂ ਨਾਲ ਕੋਈ ਰਾਬਤਾ ਨਹੀਂ ਬਣਿਆ ਸੀ। ਕਾਂਗਰਸ ਹਲਕਿਆਂ ਦਾ ਕਹਿਣਾ ਸੀ ਕਿ ਪਾਰਟੀ ਹਾਈਕਮਾਨ ਨੂੰ ਸੂਬੇ ਵਿਚਲੀ ਸਥਿਤੀ ਅਤੇ ਵਿਧਾਇਕਾਂ ਵਿਚਲੇ ਰੋਸ ਸਬੰਧੀ ਪੂਰੀ ਜਾਣਕਾਰੀ ਹੈ। ਚਰਚਾ ਇਹ ਵੀ ਸੀ ਕਿ ਨਾਖ਼ੁਸ਼ ਧੜੇ ਵਲੋਂ ਅੱਜ ਰਾਤ ਵੀ ਇਕ ਗੁਪਤ ਮੀਟਿੰਗ ਰੱਖੀ ਗਈ ਹੈ।
ਗੁਹਾਟੀ, 10 ਮਈ (ਏਜੰਸੀ)-ਭਾਜਪਾ ਨੇਤਾ ਅਤੇ ਪੂਰਬ ਉੱਤਰ ਲੋਕਤੰਤਰਿਕ ਗੱਠਜੋੜ ਦੇ ਕਨਵੀਨਰ ਹੇਮੰਤ ਬਿਸਵਾ ਸਰਮਾ ਨੇ ਅੱਜ ਆਸਾਮ ਦੇ 15ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਜਗਦੀਸ਼ ਮੁਖੀ ਨੇ ਉਨ੍ਹਾਂ ਨੂੰ ਸ੍ਰੀਮੰਤ ਸ਼ੰਕਰਦੇਵ ਕਲਾਖੇਤਰ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਕੋਵਿਡ-19 ਦੇ ਸਖ਼ਤ ਪ੍ਰੋਟੋਕਾਲ ਦਰਮਿਆਨ ਉਨ੍ਹਾਂ ਦੇ ਨਾਲ 13 ਹੋਰ ਵਿਧਾਇਕਾਂ ਨੇ ਸਹੁੰ ਚੁੱਕੀ।
ਨਵੀਂ ਦਿੱਲੀ, 10 ਮਈ (ਉਪਮਾ ਡਾਗਾ ਪਾਰਥ)-ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣ 'ਚ ਹਾਲੇ 2-3 ਮਹੀਨੇ ਦਾ ਹੋਰ ਸਮਾਂ ਲੱਗੇਗਾ। ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਅਤੇ ਵੱਖ-ਵੱਖ ਰਾਜਾਂ 'ਚ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ ਕਾਂਗਰਸ ਕਮੇਟੀ ਦੀ ਸੋਮਵਾਰ ਨੂੰ ਹੋਈ ਮੀਟਿੰਗ 'ਚ ਇਹ ਫ਼ੈਸਲਾ ਲਿਆ ਗਿਆ। ਹਲਕਿਆਂ ਮੁਤਾਬਿਕ ਕਾਂਗਰਸ ਵਰਕਰ ਕਮੇਟੀ ਨੇ ਪਾਰਟੀ ਪ੍ਰਧਾਨ ਲਈ ਨਾਮਜ਼ਦਗੀ ਦੀ ਆਖ਼ਰੀ ਤਾਰੀਕ 7 ਜੂਨ ਨੂੰ ਰੱਖਣ ਦਾ ਸੁਝਾਅ ਦਿੱਤਾ ਸੀ ਪਰ ਕੋਰੋਨਾ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਮਹੀਨੇ 'ਚ ਦੂਜੀ ਵਾਰ ਬੁਲਾਈ ਸੀ.ਡਬਲਿਊ.ਸੀ. ਦੀ ਮੀਟਿੰਗ 'ਚ ਪਹਿਲਾਂ ਤੋਂ ਨਿਸਚਿਤ ਕੀਤੀ ਗਈ ਤਾਰੀਕ 23 ਜੂਨ ਨੂੰ ਹੀ ਮੀਟਿੰਗ ਕਰਵਾਉਣ ਦਾ ਮਤਾ ਪੇਸ਼ ਕੀਤਾ ਗਿਆ ਪਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੇਤਾਵਾਂ ਨੇ ਦੇਸ਼ 'ਚ ਕੋਰੋਨਾ ਦੇ ਹਾਲਾਤ ਦਾ ਹਵਾਲਾ ਦਿੰਦਿਆਂ ਫਿਲਹਾਲ ਪਾਰਟੀ ਦੀਆਂ ਅੰਦਰੂਨੀ ਚੋਣਾਂ ਮੁਲਤਵੀ ਕਰਨ ਨੂੰ ਕਿਹਾ। ਮੀਟਿੰਗ ਤੋਂ ਬਾਅਦ ਪਾਰਟੀ ਆਗੂ ਕੇ.ਸੀ. ਵੇਨੂਗੋਪਾਲ ਅਤੇ ਰਣਦੀਪ ਸਿੰਘ ਸੂਰਜੇਵਾਲਾ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਇਸ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਚੋਣਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਨਹੀਂ ਕੀਤਾ ਗਿਆ।
ਸੀ.ਡਬਲਿਊ.ਸੀ. ਦੀ ਇਸ ਮੀਟਿੰਗ 'ਚ ਕਾਂਗਰਸੀ ਆਗੂ ਰਾਹੁਲ ਗਾਂਧੀ ਸ਼ਾਮਿਲ ਨਹੀਂ ਹੋਏ ਹਾਲਾਂਕਿ ਸੂਰਜੇਵਾਲਾ ਨੇ ਰਾਹੁਲ ਦੀ ਗ਼ੈਰ-ਮੌਜੂਦਗੀ ਦਾ ਕਾਰਨ ਕੋਰੋਨਾ ਨੂੰ ਦੱਸਦਿਆਂ ਕਿਹਾ ਕਿ ਉਹ ਅਜੇ ਪੂਰੀ ਤਰ੍ਹਾਂ ਸਿਹਤਯਾਬ ਨਾ ਹੋਣ ਕਾਰਨ ਮੀਟਿੰਗ 'ਚ ਸ਼ਾਮਿਲ ਨਹੀਂ ਹੋਏ।
ਜੇਕਰ ਤੱਥਾਂ ਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਸਹੀ ਸਬਕ ਨਹੀਂ ਲੈ ਸਕਾਂਗੇ-ਸੋਨੀਆ
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸੀਨੀਅਰ ਪਾਰਟੀ ਆਗੂਆਂ ਨੂੰ ਸੱਚਾਈ ਦਾ ਸਾਹਮਣਾ ਕਰਨ ਅਤੇ ਪਾਰਟੀ ਦੇ ਅੰਦਰ ਚੀਜ਼ਾਂ ਨੂੰ ਦਰੁਸਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਸੱਚਾਈ ਦਾ ਸਾਹਮਣਾ ਨਹੀਂ ਕਰਾਂਗੇ ਤਾਂ ਸਹੀ ਸਬਕ ਹਾਸਲ ਨਹੀਂ ਕਰ ਸਕਾਂਗੇ। ਸੋਨੀਆ ਗਾਂਧੀ ਨੇ ਹਾਲ 'ਚ 4 ਰਾਜਾਂ 'ਚ ਹੋਈ ਕਾਂਗਰਸ ਦੀ ਨਮੋਸ਼ੀਜਨਕ ਹਾਰ ਨੂੰ ਪਾਰਟੀ ਲਈ ਕੌੜਾ ਅਧਿਆਏ ਕਰਾਰ ਦਿੰਦਿਆਂ ਕਿਹਾ ਕਿ ਇਹ ਕਹਿਣਾ ਬਹੁਤ ਘੱਟ ਹੋਵੇਗਾ ਕਿ ਸਾਨੂੰ ਨਿਰਾਸ਼ਾ ਹੋਈ। ਸੋਨੀਆ ਗਾਂਧੀ ਨੇ ਆਸਾਮ, ਕੇਰਲ, ਤਾਮਿਲਨਾਡੂ, ਪੁਡੂਚੇਰੀ ਅਤੇ ਪੱਛਮੀ ਬੰਗਾਲ 'ਚ ਹੋਈ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਅਤੇ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਘੋਖ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਕਾਠਮੰਡੂ, 10 ਮਈ (ਏਜੰਸੀ)-ਨਿਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਸੋਮਵਾਰ ਨੂੰ ਪ੍ਰਤੀਨਿਧੀ ਸਭਾ ਵਿਚ ਪੇਸ਼ ਵਿਸ਼ਵਾਸ ਪ੍ਰਸਤਾਵ ਹਾਰ ਗਏ। ਰਾਜਨੀਤਕ ਰੂਪ ਵਿਚ ਸੰਕਟ ਦਾ ਸਾਹਮਣਾ ਕਰ ਰਹੇ ਓਲੀ ਲਈ ਇਸ ਨੂੰ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ ਜੋ ਕਮਿਊਨਿਸਟ ਪਾਰਟੀ ਨਿਪਾਲ (ਮਾਓਵਾਦੀ ਕੇਂਦਰ) ਅਗਵਾਈ ਵਾਲੀ ਪੁਸ਼ਪਕਮਲ ਦਹਿਲ ਗੁੱਟ ਵਲੋਂ ਸਰਕਾਰ ਤੋਂ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਪਾਰਟੀ 'ਤੇ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਦੇ ਨਿਰਦੇਸ਼ 'ਤੇ ਸੰਸਦ ਦੀ ਹੇਠਲੀ ਪ੍ਰਤੀਨਿਧੀ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਪ੍ਰਧਾਨ ਮੰਤਰੀ ਓਲੀ ਵਲੋਂ ਪੇਸ਼ ਕੀਤੇ ਵਿਸ਼ਵਾਸ ਪ੍ਰਸਤਾਵ ਸਮਰਥਨ ਨੂੰ ਕੇਵਲ 93 ਵੋਟ ਮਿਲੇ ਜਦੋਂ ਕਿ 124 ਮੈਂਬਰਾਂ ਨੇ ਇਸ ਦੇ ਖ਼ਿਲਾਫ਼ ਵੋਟ ਪਾਈ।
ਨਵੀਂ ਦਿੱਲੀ, 10 ਮਈ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਦੇ ਦੋਸ਼ੀ ਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਇਕ ਮਾਮਲੇ 'ਚ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਭੇਜ ਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ...
ਵਾਸ਼ਿੰਗਟਨ, 10 ਮਈ (ਇੰਟ.)-ਅਮਰੀਕਾ ਦੀ ਸਭ ਤੋਂ ਵੱਡੀ ਤੇਲ ਪਾਈਪਲਾਈਨ 'ਤੇ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਹਮਲੇ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਦੇਸ਼ ਨੇ ਸਾਈਬਰ ਹਮਲੇ ...
ਵਾਸ਼ਿੰਗਟਨ, 10 ਮਈ (ਏਜੰਸੀ)- ਅਮਰੀਕੀ ਕਾਨੂੰਨਘਾੜਿਆਂ ਨੇ ਇੰਡੀਆਨਾ ਸੂਬੇ 'ਚ ਫੈਡਐਕਸ ਦੇ ਦਫ਼ਤਰ 'ਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਚਾਰ ਸਿੱਖਾਂ, ਜਿਨ੍ਹਾਂ 'ਚ ਤਿੰਨ ਔਰਤਾਂ ਸ਼ਾਮਿਲ ਸਨ, ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਅਮਰੀਕੀ ...
ਯੇਰੂਸਲਮ, 10 ਮਈ (ਏਜੰਸੀ)- ਫਿਲਸਤੀਨੀਆਂ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਗਾਜਾ ਪੱਟੀ 'ਚ ਇਜ਼ਰਾਇਲ ਨਾਲ ਲੜਾਈ 'ਚ 9 ਬੱਚਿਆਂ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਮੌਤਾਂ ਦੀ ਜਿਆਦਾ ਗਿਣਤੀ ਨੇ ਇਸ ਨੂੰ ਕਈ ਸਾਲਾਂ 'ਚ ਲੜਾਈ ਦਾ ਸਭ ਤੋਂ ਖ਼ੂਨੀ ਦਿਨ ਬਣਾ ਦਿੱਤਾ। ...
ਨਵੀਂ ਦਿੱਲੀ, 10 ਮਈ (ਏਜੰਸੀ)-ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਚੁਣੇ ਗਏ ਸਾਰੇ 77 ਭਾਜਪਾ ਵਿਧਾਇਕਾਂ ਸਾਹਮਣੇ ਬਣੇ ਖਤਰੇ ਦੇ ਸ਼ੱਕ ਨੂੰ ਦੇਖਦੇ ਹੋਏ ਕੇਂਦਰੀ ਅਰਧ ਸੈਨਿਕ ਬਲ ਦੇ ਜਵਾਨ ਉਨ੍ਹਾਂ ਨੂੰ ਸੁਰੱਖਿਆ ਲਈ ਮੁਹੱਈਆ ਕਰਵਾਏ ਗਏ ਹਨ। ਇਹ ਜਾਣਕਾਰੀ ਸੂਤਰਾਂ ...
ਲੰਡਨ, 10 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਵਲੋਂ ਭਗੌੜਾ ਕਰਾਰ ਦਿੱਤੇ ਹੀਰਾ ਵਪਾਰੀ ਨੀਰਵ ਮੋਦੀ ਨੇ ਭਾਰਤ ਹਵਾਲਗੀ ਤੋਂ ਬਚਣ ਲਈ ਲੰਡਨ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਕਰਨ ਲਈ ਅਰਜ਼ੀ ਦਿੱਤੀ ਹੈ। ਅਪ੍ਰੈਲ 'ਚ ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ...
ਜੈਪੁਰ, 10 ਮਈ (ਏਜੰਸੀ)- ਰਾਜਸਥਾਨ ਦੇ ਚੁਰੂ ਜ਼ਿਲ੍ਹੇ 'ਚ ਇਕ ਤਾਲਾਬ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਭਲੇਰੀ ਇਲਾਕੇ 'ਚ ਵਾਪਰੀ। ਇਨ੍ਹਾਂ ਬੱਚਿਆਂ ਦੀ ਉਮਰ 8 ਤੋਂ 15 ਸਾਲ ਦਰਮਿਆਨ ਸੀ, ਜੋ ਤਾਲਾਬ 'ਚ ...
ਨਵੀਂ ਦਿੱਲੀ, 10 ਮਈ (ਏਜੰਸੀ)-ਦਿੱਲੀ ਹਾਈਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਉਹ ਦਵਾਈਆਂ ਅਤੇ ਆਕਸੀਜਨ ਕੰਸਨਟ੍ਰੇਟਰਾਂ ਵਰਗੇ ਮੈਡੀਕਲ ਉਪਕਰਨਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਦਮ ਉਠਾਉਣ ਅਤੇ ਇਸ ਲਈ ਅਦਾਲਤ ਦੇ ਆਦੇਸ਼ਾਂ ਦਾ ...
ਫਿਰੋਜ਼ਾਬਾਦ, 10 ਮਈ (ਏਜੰਸੀ)- ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਭਾਜਪਾ ਦੇ ਇਕ ਵਿਧਾਇਕ ਦੀ ਕੋਰੋਨਾ ਪਾਜ਼ੀਟਿਵ ਪਤਨੀ ਨੂੰ ਆਗਰਾ ਦੇ ਇਕ ਹਸਪਤਾਲ 'ਚ ਬੈਡ ਨਾ ਹੋਣ ਦੇ ਚੱਲਦੇ 3 ਘੰਟੇ ਤੋਂ ਵਧੇਰੇ ਸਮੇਂ ਤੱਕ ਦਾਖਲ ਨਹੀਂ ਕੀਤਾ ਜਾ ਸਕਿਆ, ਜਿਸ ਤੋਂ ਨਾਰਾਜ਼ ਹੋ ਕੇ ਫਿਰੋਜ਼ਾਬਾਦ ਦੇ ...
ਪਟਨਾ, 10 ਮਈ (ਪੀ.ਟੀ.ਆਈ.)-ਬਿਹਾਰ 'ਚ ਲਾਸ਼ਾਂ ਗੰਗਾ ਨਦੀ 'ਚ ਗਲੀ ਸੜੀ ਹਾਲਤ 'ਚ ਤੈਰ ਰਹੀਆਂ ਮਿਲ ਰਹੀਆਂ ਹਨ, ਜਿਨ੍ਹਾਂ ਬਾਰੇ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕੋਰੋਨਾ ਮਰੀਜ਼ਾਂ ਦੀਆਂ ਹਨ। ਉੱਤਰ ਪ੍ਰਦੇਸ਼ ਸਰਹੱਦਾਂ ਨਾਲ ਲਗਦੇ ਬਕਸਰ ਦੇ ਚੌਸਾ ਬਲਾਕ ਵਿਚਲੇ ਅਧਿਕਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX