ਸੁਪਰੀਮ ਕੋਰਟ ਨੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨਣ ਲਈ ਸੀ.ਬੀ.ਐਸ.ਈ. ਅਤੇ ਸੀ.ਆਈ.ਐਸ.ਸੀ.ਈ. ਵਲੋਂ ਪੇਸ਼ ਕੀਤੇ ਗਏ ਫਾਰਮੂਲਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਪਰੋਕਤ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਸਬੰਧੀ ਪਹਿਲੇ ਫ਼ੈਸਲੇ 'ਤੇ ਮੁੜ ਨਜ਼ਰਸਾਨੀ ਨਹੀਂ ਕੀਤੀ ਜਾਏਗੀ। ਸੀ.ਬੀ.ਐਸ.ਈ. ਤੇ ਸੀ.ਆਈ.ਐਸ.ਸੀ.ਈ. ਵਲੋਂ ਸੁਪਰੀਮ ਕੋਰਟ ਵਿਚ ਪੇਸ਼ ਕੀਤੇ ਗਏ ਫਾਰਮੂਲਿਆਂ ਅਨੁਸਾਰ ਹੁਣ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨਣ ਲਈ 10ਵੀਂ, 11ਵੀਂ ਅਤੇ 12ਵੀਂ ਦੇ ਪ੍ਰੀ-ਬੋਰਡ ਦੇ ਨਤੀਜਿਆਂ ਨੂੰ ਆਧਾਰ ਬਣਾਇਆ ਜਾਵੇਗਾ। ਇਹ ਕ੍ਰਮਵਾਰ 30:30:40 ਦਾ ਫਾਰਮੂਲਾ ਹੋਵੇਗਾ, ਭਾਵ 10ਵੀਂ ਦੇ ਇਮਤਿਹਾਨ ਦੇ ਕੁੱਲ 30 ਅੰਕ, 11ਵੀਂ ਇਮਤਿਹਾਨ ਦੇ ਕੁੱਲ 30 ਅੰਕ ਅਤੇ 12ਵੀਂ ਦੇ ਯੂਨਿਟ ਟੈਸਟਾਂ, ਛਿਮਾਹੀ ਟੈਸਟਾਂ ਅਤੇ ਪ੍ਰੀ-ਬੋਰਡ ਦੇ ਕੁੱਲ ਮਿਲਾ ਕੇ 40 ਅੰਕ ਹੋਣਗੇ। ਇਸ ਤਰ੍ਹਾਂ ਬਣਦੇ 100 ਅੰਕਾਂ ਵਿਚੋਂ ਵਿਦਿਆਰਥੀ ਦੀ ਕੁੱਲ ਕਾਰਗੁਜ਼ਾਰੀ ਦੇ ਆਧਾਰ 'ਤੇ ਨਤੀਜਾ ਬਣਾਇਆ ਜਾਏਗਾ। 10ਵੀਂ ਜਮਾਤ ਦੇ 5 ਵਿਸ਼ਿਆਂ ਵਿਚੋਂ ਵਿਦਿਆਰਥੀ ਨੇ 3 ਜਿਨ੍ਹਾਂ ਵਿਸ਼ਿਆਂ ਵਿਚੋਂ ਸਭ ਤੋਂ ਵਧੇਰੇ ਨੰਬਰ ਲਏ ਹੋਣਗੇ, ਉਨ੍ਹਾਂ ਦੀ ਔਸਤ ਨੂੰ ਆਧਾਰ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਪ੍ਰੈਕਟੀਕਲਾਂ ਅਤੇ ਸਕੂਲਾਂ ਵਲੋਂ ਸੀ.ਬੀ.ਐਸ.ਈ. ਦੇ ਬੋਰਡ ਦੇ ਪੋਰਟਲ 'ਤੇ ਪ੍ਰਤੀ ਵਿਦਿਆਰਥੀ ਪਾਈ ਗਈ ਅਸੈਸਮੈਂਟ ਨੂੰ ਵੀ ਨਤੀਜੇ ਐਲਾਨਣ ਸਮੇਂ ਧਿਆਨ ਵਿਚ ਰੱਖਿਆ ਜਾਏਗਾ।
ਸੀ.ਬੀ.ਐਸ.ਈ. ਤੇ ਸੀ.ਆਈ.ਐਸ.ਸੀ.ਈ. ਦੇ ਉਪਰੋਕਤ ਫਾਰਮੂਲਿਆਂ ਦੇ ਅਨੁਸਾਰ ਹਰ ਸਕੂਲ ਵਿਚ ਇਕ ਇਮਤਿਹਾਨ ਕਮੇਟੀ ਬਣੇਗੀ, ਜਿਹੜੀ ਇਨ੍ਹਾਂ ਫਾਰਮੂਲਿਆਂ ਦੇ ਆਧਾਰ 'ਤੇ ਨਤੀਜਾ ਤਿਆਰ ਕਰਕੇ ਸੀ.ਬੀ.ਐਸ.ਈ. ਬੋਰਡ ਅਤੇ ਸੀ.ਆਈ.ਐਸ..ਸੀ.ਈ. ਬੋਰਡ ਨੂੰ ਭੇਜੇਗੀ ਅਤੇ ਇਸ ਦੇ ਆਧਾਰ 'ਤੇ 31 ਜੁਲਾਈ ਤੱਕ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਏਗਾ। ਸੀ.ਆਈ.ਐਸ.ਸੀ.ਈ. ਨੇ ਸੁਪਰੀਮ ਕੋਰਟ ਨੂੰ ਜਿਹੜਾ ਆਪਣੇ ਵਲੋਂ ਫਾਰਮੂਲਾ ਪੇਸ਼ ਕੀਤਾ ਹੈ, ਉਸ ਵਿਚ ਸੀ.ਬੀ.ਐਸ.ਈ. ਦੇ ਫਾਰਮੂਲੇ ਨਾਲੋਂ ਥੋੜ੍ਹਾ ਜਿਹਾ ਫ਼ਰਕ ਇਹ ਹੈ ਕਿ ਉਸ ਨੇ ਇਹ ਕਿਹਾ ਹੈ ਕਿ ਉਹ 12ਵੀਂ ਜਮਾਤ ਦਾ ਨਤੀਜਾ ਐਲਾਨਣ ਲਈ 10ਵੀਂ ਤੇ 11ਵੀਂ ਦੇ ਸਾਲਾਨਾ ਇਮਤਿਹਾਨਾਂ ਦੇ ਨਤੀਜਿਆਂ ਅਤੇ 12ਵੀਂ ਜਮਾਤ ਦੇ ਪ੍ਰੀ-ਬੋਰਡ ਇਮਤਿਹਾਨਾਂ ਦੇ ਨਤੀਜਿਆਂ ਤੋਂ ਇਲਾਵਾ ਵਿਦਿਆਰਥੀ ਦੀਆਂ ਪਿਛਲੀਆਂ 6 ਕਲਾਸਾਂ ਦੇ ਨਤੀਜਿਆਂ ਨੂੰ ਵੀ ਧਿਆਨ ਵਿਚ ਰੱਖੇਗਾ। ਇਸ ਦੇ ਨਾਲ ਹੀ ਸੀ.ਬੀ.ਐਸ.ਈ. ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਵਰਗੀ ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ 2022 ਵਿਚ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨਣ ਲਈ ਸ਼ੁਰੂ ਤੋਂ ਹੀ ਅਜਿਹੀ ਵਿਵਸਥਾ ਬਣਾਈ ਜਾਏਗੀ, ਜਿਸ ਨਾਲ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਪੜ੍ਹਾਈ ਦਾ ਮੁਲਾਂਕਣ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਨਿਰੰਤਰ ਕੀਤਾ ਜਾ ਸਕੇ। ਜਿਹੜੇ ਸਕੂਲ ਸੀ.ਬੀ.ਐਸ.ਈ. ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਸੀ.ਬੀ.ਐਸ.ਈ. ਦੇ ਆਦੇਸ਼ਾਂ ਮੁਤਾਬਿਕ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਬੰਧੀ ਨਿਰੰਤਰ ਤੈਅ ਕੀਤੀ ਜਾਣ ਵਾਲੀ ਵਿਵਸਥਾ ਅਨੁਸਾਰ ਬੋਰਡ ਨੂੰ ਸੂਚਿਤ ਕਰਨਾ ਪਏਗਾ। ਵਿਦਿਆਰਥੀਆਂ ਦੀ ਇਸ ਕਾਰਗੁਜ਼ਾਰੀ ਨੂੰ ਮੁੱਖ ਰੱਖ ਕੇ ਬੋਰਡ ਨਤੀਜੇ ਬਣਾ ਸਕੇਗਾ ਅਤੇ ਇਸ ਵਾਰ ਦੀ ਤਰ੍ਹਾਂ ਉਸ ਨੂੰ ਨਤੀਜੇ ਐਲਾਨਣ ਲਈ ਕਿਸੇ ਫਾਰਮੂਲੇ ਦੀ ਜ਼ਰੂਰਤ ਨਹੀਂ ਪਵੇਗੀ।
ਸੀ.ਬੀ.ਐਸ.ਈ. ਅਤੇ ਸੀ.ਆਈ.ਐਸ.ਸੀ.ਈ. ਵਲੋਂ 12ਵੀਂ ਜਮਾਤ ਦੇ ਨਤੀਜੇ ਐਲਾਨਣ ਲਈ ਕੋਰੋਨਾ ਮਹਾਂਮਾਰੀ ਦੇ ਇਸ ਸਮੇਂ ਵਿਚ ਜਿਨ੍ਹਾਂ ਫਾਰਮੂਲਿਆਂ ਨੂੰ ਸੁਪਰੀਮ ਕੋਰਟ ਦੀ ਪ੍ਰਵਾਨਗੀ ਨਾਲ ਆਧਾਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਬਹੁਤੇ ਸਿੱਖਿਆ ਸ਼ਾਸਤਰੀਆਂ ਨੇ ਇਨ੍ਹਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦੀ ਰਾਇ ਹੈ ਕਿ ਅਜੋਕੀਆਂ ਸਥਿਤੀਆਂ ਵਿਚ 12ਵੀਂ ਜਮਾਤ ਦੇ ਸਮੇਂ ਸਿਰ ਨਤੀਜੇ ਐਲਾਨਣ ਲਈ ਇਸ ਤੋਂ ਬਿਹਤਰ ਕੋਈ ਫਾਰਮੂਲੇ ਨਹੀਂ ਹੋ ਸਕਦੇ ਸਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਵਰਗੇ ਸੰਕਟਾਂ ਨੂੰ ਧਿਆਨ ਵਿਚ ਰੱਖਦਿਆਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੂਰੇ ਸਾਲ ਵਿਚ ਮੁਲਾਂਕਣ ਕਰਨ ਲਈ ਨਿਰੰਤਰ ਵਿਵਸਥਾ ਜ਼ਰੂਰ ਬਣਾਉਣੀ ਚਾਹੀਦੀ ਹੈ, ਜਿਸ ਨਾਲ ਕਿ ਸੰਕਟ ਵਾਲੇ ਸਮੇਂ ਦੇ ਅਖੀਰ ਵਿਚ ਇਮਤਿਹਾਨਾਂ ਦੇ ਨਤੀਜੇ ਤਿਆਰ ਕਰਨ ਲਈ ਵੱਖ-ਵੱਖ ਫਾਰਮੂਲਿਆਂ ਦੀ ਤਲਾਸ਼ ਕਰਨੀ ਨਾ ਪਵੇ, ਪਰ ਕੁਝ ਸਿੱਖਿਆ ਸ਼ਾਸਤਰੀਆਂ ਨੇ ਇਹ ਜ਼ਰੂਰ ਕਿਹਾ ਹੈ ਕਿ ਇਨ੍ਹਾਂ ਫਾਰਮੂਲਿਆਂ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਜ਼ਰੂਰ ਨੁਕਸਾਨ ਰਹੇਗਾ, ਜਿਹੜੇ 12ਵੀਂ ਜਮਾਤ ਵਿਚ ਆਪਣੀਆਂ ਪਿਛਲੀਆਂ ਦੋ ਕਲਾਸਾਂ ਨਾਲੋਂ ਸਖ਼ਤ ਮਿਹਨਤ ਨਾਲ ਆਪਣੀ ਕਾਰਗੁਜ਼ਾਰੀ ਵਿਚ ਸੁਧਾਰ ਕਰਨ ਲਈ ਯਤਨਸ਼ੀਲ ਸਨ।
ਭਾਵੇਂ ਉਪਰੋਕਤ ਵਰਗ ਦੇ ਸਿੱਖਿਆ ਸ਼ਾਸਤਰੀਆਂ ਦੀ ਰਾਇ ਵਿਚ ਦਮ ਜ਼ਰੂਰ ਹੈ ਪਰ ਅਸੀਂ ਸਮਝਦੇ ਹਾਂ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈਆਂ ਅਜੋਕੀਆਂ ਸਥਿਤੀਆਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੁਲਾਂਕਣ ਲਈ ਇਮਤਿਹਾਨ ਕਰਾਉਣੇ ਉਨ੍ਹਾਂ ਦੀ ਸਿਹਤ ਨੂੰ ਜੋਖ਼ਮ ਵਿਚ ਪਾਉਣ ਵਾਲੀ ਗੱਲ ਸੀ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਇਸ ਲਈ ਤਿਆਰ ਨਹੀਂ ਸਨ ਅਤੇ ਬਹੁਤ ਸਾਰੇ ਵਿਦਿਆਰਥੀ ਤਾਂ ਇਮਤਿਹਾਨ ਰੱਦ ਕਰਾਉਣ ਲਈ ਸੁਪਰੀਮ ਕੋਰਟ ਵਿਚ ਵੀ ਚਲੇ ਗਏ ਸਨ। ਇਸ ਲਈ ਅਜੋਕੀਆਂ ਸਥਿਤੀਆਂ ਵਿਚ ਸੀ.ਬੀ.ਐਸ.ਈ. ਅਤੇ ਸੀ.ਆਈ.ਐਸ.ਸੀ.ਈ. ਨੇ 12ਵੀਂ ਜਮਾਤ ਦੇ ਨਤੀਜੇ ਐਲਾਨਣ ਲਈ ਜੋ ਫਾਰਮੂਲੇ ਅਖ਼ਤਿਆਰ ਕੀਤੇ ਹਨ, ਉਹ ਕਾਫੀ ਹੱਦ ਤੱਕ ਤਰਕਸੰਗਤ ਹਨ। ਆਸ ਹੈ ਕਿ ਵੱਖ-ਵੱਖ ਰਾਜਾਂ ਦੇ ਬੋਰਡ ਵੀ 12ਵੀਂ ਜਮਾਤ ਦੇ ਨਤੀਜੇ ਐਲਾਨਣ ਲਈ ਉਪਰੋਕਤ ਫਾਰਮੂਲਿਆਂ ਨੂੰ ਹੀ ਆਧਾਰ ਬਣਾਉਣਗੇ। ਪਰ ਜਿਹੜੇ ਵਿਦਿਆਰਥੀਆਂ ਨੇ ਕਿਸੇ ਇਕ ਜਾਂ ਦੋ ਵਿਸ਼ਿਆਂ ਦੇ ਇਮਤਿਹਾਨ ਦੇਣੇ ਹਨ, ਉਨ੍ਹਾਂ ਦੇ ਇਮਤਿਹਾਨਾਂ ਦਾ ਪ੍ਰਬੰਧ ਬੋਰਡਾਂ ਨੂੰ ਜ਼ਰੂਰ ਕਰਨਾ ਪਵੇਗਾ। ਪਰ ਜਿਹੜੇ ਵਿਦਿਆਰਥੀ ਇਨ੍ਹਾਂ ਫਾਰਮੂਲਿਆਂ ਤੋਂ ਸੰਤੁਸ਼ਟ ਨਹੀਂ ਹੋਣਗੇ, ਉਹ ਹਾਲਾਤ ਬਿਹਤਰ ਹੋਣ 'ਤੇ ਆਪਣੇ ਨਤੀਜੇ ਸੁਧਾਰਨ ਲਈ ਦੁਬਾਰਾ ਇਮਤਿਹਾਨ ਵੀ ਦੇ ਸਕਦੇ ਹਨ। ਇਸ ਦੀ ਵੀ ਸੀ.ਬੀ.ਐਸ.ਈ. ਅਤੇ ਸੀ.ਆਈ.ਐਸ.ਸੀ.ਈ. ਵਲੋਂ ਗੁੰਜਾਇਸ਼ ਰੱਖੀ ਗਈ ਹੈ।
ਮਾਣਯੋਗ ਸੁਪਰੀਮ ਕੋਰਟ ਦੇ ਬਿਆਨ ਤੇ ਸਰਕਾਰ ਨੂੰ ਵੈਕਸੀਨਾਂ ਦੇ ਮਾਮਲੇ ਵਿਚ ਤਾੜਨਾ ਦੇਣ ਦੇ ਨਾਲ ਹੁਣ ਸਰਕਾਰੀ ਮੀਡੀਆ ਤੇ ਦਰਬਾਰੀਆਂ ਨੇ, ਕੁਝ ਦੇਰ ਲਈ ਹੀ ਸਹੀ, ਚੁੱਪੀ ਸਾਧ ਲਈ ਹੈ। ਕੋਵਿਡ ਮਹਾਂਮਾਰੀ ਦੇ ਕਾਰਨ ਹੋਏ ਵਿਨਾਸ਼ਕਾਰੀ ਨੁਕਸਾਨ ਨੇ ਹਰ ਵਿਅਕਤੀ ਨੂੰ ...
ਇਸ ਨੂੰ ਬਦਕਿਸਮਤੀ ਹੀ ਕਿਹਾ ਜਾ ਸਕਦਾ ਹੈ ਕਿ ਜਿੱਥੇ ਰਾਜਨੀਤੀ ਦਾ ਆਧਾਰ ਸਿੱਖਿਆ, ਵਿਗਿਆਨਕ ਸੋਚ, ਬਰਾਬਰੀ ਦਾ ਵਿਵਹਾਰ ਅਤੇ ਲੋਕਾਂ ਦੀ ਭਲਾਈ ਹੋਣਾ ਚਾਹੀਦਾ ਹੈ, ਉੱਥੇ ਆਜ਼ਾਦੀ ਦੇ ਕਰੀਬ 75 ਸਾਲਾਂ ਤੋਂ ਬਾਅਦ ਵੀ ਜਾਤੀਵਾਦ, ਫ਼ਿਰਕੂਵਾਦ ਦਾ ਹੀ ਰੌਲਾ ਹੈ। ਭਾਰਤ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX