ਕੈਪਟਨ ਵਲੋਂ ਚੰਨੀ ਨੂੰ ਸ਼ੁੱਭਕਾਮਨਾਵਾਂ, ਰਾਹੁਲ ਤੇ ਹੋਰਾਂ ਵਲੋਂ ਵਧਾਈ
ਹਰਕਵਲਜੀਤ ਸਿੰਘ
ਚੰਡੀਗੜ੍ਹ, 19 ਸਤੰਬਰ -ਚਰਨਜੀਤ ਸਿੰਘ ਚੰਨੀ ਦੀ ਚੋਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਕੀਤੀ ਗਈ ਹੈ, ਉਹ ਕੱਲ੍ਹ 11 ਵਜੇ ਅਹੁਦੇ ਦੀ ਸਹੁੰ ਚੁੱਕਣਗੇ | ਸੁਖਜਿੰਦਰ ਸਿੰਘ ਰੰਧਾਵਾ ਅਤੇ ਬ੍ਰਹਮ ਮਹਿੰਦਰਾ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ | ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਵਲੋਂ ਇਕ ਦਲਿਤ ਚਿਹਰੇ ਦੀ ਮੁੱਖ ਮੰਤਰੀ ਵਜੋਂ ਚੋਣ ਕਰਕੇ ਵਿਰੋਧੀ ਧਿਰਾਂ ਨੂੰ ਹੈਰਾਨ ਕਰਨ ਵਾਲੀ ਕਾਰਵਾਈ ਕੀਤੀ ਹੈ | ਕਾਂਗਰਸ ਹਾਈਕਮਾਨ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਕਾਂਗਰਸ 'ਚ ਚੱਲੇ 24 ਘੰਟਿਆਂ ਦੇ ਘਮਾਸਾਨ ਤੋਂ ਬਾਅਦ ਚੰਨੀ ਦੇ ਨਾਂਅ ਦਾ ਐਲਾਨ ਕੀਤਾ, ਜਦੋਂਕਿ ਦੇਰ ਸ਼ਾਮ ਚਰਨਜੀਤ ਸਿੰਘ ਚੰਨੀ ਨਾਲ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਿਚਰਵਾਰ ਨੂੰ ਆਪਣੇ ਅਹੁਦੇ ਤੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਅਧਿਕਾਰ ਦਿੱਤੇ ਗਏ ਸਨ | ਪਾਰਟੀ ਹਾਈਕਮਾਨ ਵਲੋਂ ਪਹਿਲਾਂ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਨਾਂਅ ਨਵੇਂ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਚਾਹਿਆ ਪਰ ਇਸ ਦਾ ਕੁਝ ਮੰਤਰੀਆਂ ਤੇ ਵਿਧਾਇਕਾਂ ਵਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਦੇਸ਼ ਦਾ ਇਕੋ ਸੂਬਾ ਪੰਜਾਬ ਹੈ, ਜਿਥੇ ਪਗੜੀ ਧਾਰੀ ਮੁੱਖ ਮੰਤਰੀ ਬਣ ਸਕਦਾ ਹੈ ਤੇ ਇਸ ਰਵਾਇਤ ਨੂੰ ਖ਼ਤਮ ਨਾ ਕੀਤਾ ਜਾਵੇ | ਇਸ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੁੱਖ ਮੰਤਰੀ ਦੀ ਦੌੜ ਵਿਚ ਕੁੱਦ ਪਏ ਪਰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਨੇ ਵੀ ਆਪਣਾ ਦਾਅਵਾ ਪੇਸ਼ ਕਰ ਦਿੱਤਾ | ਪਾਰਟੀ ਹਾਈਕਮਾਨ ਵਲੋਂ ਆਖ਼ਰ ਇਕ ਦਲਿਤ ਮੁੱਖ ਮੰਤਰੀ ਦੇਣ ਦਾ ਫ਼ੈਸਲਾ ਲੈਂਦਿਆਂ ਚੰਨੀ ਦੇ ਨਾਂਅ 'ਤੇ ਮੋਹਰ ਲਗਾ ਦਿੱਤੀ, ਜਦੋਂਕਿ ਨਵਜੋਤ ਸਿੰਘ ਸਿੱਧੂ ਵੀ ਉਨ੍ਹਾਂ ਦੀ ਚੋਣ ਨਾਲ ਸਹਿਮਤ ਦੱਸੇ ਜਾ ਰਹੇ ਹਨ |
ਚੰਨੀ, ਜੋ ਕੈਪਟਨ ਸਰਕਾਰ ਵਿਚ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਦੇ ਮੰਤਰੀ ਸਨ, ਸਾਲ 2015-2016 ਦੌਰਾਨ ਵਿਧਾਨ ਸਭਾ 'ਚ ਕਾਂਗਰਸ ਵਲੋਂ ਵਿਰੋਧੀ ਧਿਰ ਦੇ ਆਗੂ ਵੀ ਰਹਿ ਚੁੱਕੇ ਹਨ | ਦਲਿਤਾਂ ਦੇ ਹੱਕਾਂ ਨੂੰ ਲੈ ਕੇ ਉਹ ਲਗਾਤਾਰ ਸੰਘਰਸ਼ ਕਰਦੇ ਰਹੇ ਤੇ ਸਰਕਾਰ ਵਿਚ ਹੁੰਦਿਆਂ ਵੀ ਦਲਿਤਾਂ ਨਾਲ ਸਬੰਧਿਤ ਕਈ ਅਹਿਮ ਫ਼ੈਸਲੇ ਉਨ੍ਹਾਂ ਕਾਰਨ ਹੋਏ | ਰਾਜਪਾਲ ਨੂੰ ਪੇਸ਼ ਕੀਤੇ ਗਏ ਦਾਅਵੇ ਦੌਰਾਨ ਚਰਨਜੀਤ ਸਿੰਘ ਚੰਨੀ ਨਾਲ ਹਰੀਸ਼ ਰਾਵਤ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਤਿ੍ਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸਰਕਾਰੀਆ ਆਦਿ ਵੀ ਸ਼ਾਮਿਲ ਸਨ | ਚੰਨੀ ਮੁੱਖ ਮੰਤਰੀ ਵਜੋਂ 20 ਸਤੰਬਰ ਨੂੰ ਸਵੇਰੇ 11 ਵਜੇ ਸਹੁੰ ਚੁੱਕਣਗੇ ਪਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਹ ਸਮਾਗਮ ਬਹੁਤ ਸੀਮਤ ਰੱਖਿਆ ਜਾਵੇਗਾ ਤੇ ਰਾਜਭਵਨ ਵਲੋਂ ਕੇਵਲ 40 ਵਿਅਕਤੀਆਂ ਦੇ ਦਾਖ਼ਲੇ ਲਈ ਇਜਾਜ਼ਤ ਦਿੱਤੀ ਜਾਵੇਗੀ | ਇਥੋਂ ਤੱਕ ਕਿ ਮੀਡੀਆ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ | ਦਾਖ਼ਲ ਹੋਣ ਵਾਲੇ 40 ਵਿਅਕਤੀਆਂ ਦੀ ਸੂਚੀ ਵੀ ਕਾਂਗਰਸ ਵਲੋਂ ਦਿੱਤੀ ਜਾਵੇਗੀ | ਅੱਜ ਵੀ ਕੇਵਲ 7 ਲੋਕਾਂ ਨੂੰ ਚੰਨੀ ਨਾਲ ਰਾਜ ਭਵਨ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ, ਜਦੋਂਕਿ ਬਹੁਤ ਸਾਰੇ ਵਿਧਾਇਕ ਵੀ ਗੇਟ 'ਤੇ ਹੀ ਸੁਰੱਖਿਆ ਅਮਲੇ ਨਾਲ ਝਗੜਦੇ ਰਹੇ ਤੇ ਅੰਦਰ ਦਾਖ਼ਲ ਨਹੀਂ ਹੋ ਸਕੇ |
ਕੁਝ ਮੰਤਰੀ ਵੀ ਚੁੱਕ ਸਕਦੇ ਹਨ ਸਹੁੰ
ਕੱਲ੍ਹ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਿੰਨੇ ਮੰਤਰੀ ਸਹੁੰ ਚੁੱਕਣਗੇ, ਇਸ ਸਬੰਧ 'ਚ ਸਥਿਤੀ ਸਪਸ਼ਟ ਨਹੀਂ ਹੈ, ਕਿਉਂਕਿ ਪਾਰਟੀ ਹਾਈਕਮਾਨ ਵਲੋਂ ਨਵੇਂ ਸਹੁੰ ਚੁੱਕਣ ਵਾਲੇ ਮੰਤਰੀਆਂ ਦੀ ਸੂਚੀ ਨੂੰ ਅਜੇ ਅੰਤਿਮ ਰੂਪ ਦਿੱਤਾ ਜਾਣਾ ਹੈ | ਕਾਂਗਰਸ ਸੂਤਰਾਂ ਨੇ ਅੱਜ ਇਥੇ ਦੱਸਿਆ ਕਿ ਜ਼ਰੂਰੀ ਨਹੀਂ ਕਿ ਮੌਜੂਦਾ ਸਾਰੇ ਮੰਤਰੀਆਂ ਨੂੰ ਦੁਬਾਰਾ ਮੰਤਰੀ ਬਣਾਇਆ ਜਾਵੇ | ਇਹ ਵੀ ਪਤਾ ਲੱਗਾ ਹੈ ਕਿ ਹਾਈਕਮਾਨ ਮੁੱਖ ਮੰਤਰੀ ਨਾਲ ਇਕ ਤੋਂ ਵੱਧ ਉੱਪ ਮੁੱਖ ਮੰਤਰੀ ਵੀ ਬਣਾ ਸਕਦੀ ਹੈ | ਇਸ ਮੰਤਵ ਲਈ ਸ੍ਰੀ ਬ੍ਰਹਮ ਮਹਿੰਦਰਾ ਤੇ ਸ: ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਵੀ ਚਰਚਾ ਹੈ | ਸੰਭਵ ਹੈ ਕਿ ਕੁਝ ਮੰਤਰੀਆਂ ਨੂੰ ਬਾਅਦ ਵਿਚ ਸਹੁੰ ਚੁਕਾਈ ਜਾਵੇ, ਲੇਕਿਨ ਕਾਂਗਰਸ ਸੂਤਰਾਂ ਦਾ ਦੱਸਣਾ ਹੈ ਕਿ 21 ਸਤੰਬਰ ਤੋਂ ਸ਼ਰਾਧ ਸ਼ੁਰੂ ਹੋ ਰਹੇ ਹਨ, ਜਿਸ ਕਾਰਨ ਇਹ ਕੰਮ ਕਾਫ਼ੀ ਦਿਨ ਅੱਗੇ ਪੈਣ ਕਾਰਨ ਬਹੁਤੇ ਮੰਤਰੀਆਂ ਨੂੰ ਕੱਲ੍ਹ ਹੀ ਸਹੁੰ ਚੁਕਾਈ ਜਾਵੇਗੀ |
ਕੈਪਟਨ ਵਲੋਂ ਚੰਨੀ ਨੂੰ ਵਧਾਈ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੰਨੀ ਨੂੰ ਆਪਣੀ ਸ਼ੁਭਇੱਛਾਵਾਂ ਦਿੰਦਿਆਂ ਕਿਹਾ ਕਿ ਮੈਨੂੰ ਆਸ ਹੈ ਕਿ ਉਹ ਸਰਹੱਦੀ ਸੂਬੇ ਦੇ ਲੋਕਾਂ ਨੂੰ ਸਰਹੱਦ ਪਾਰ ਤੋਂ ਪੈਦਾ ਸੁਰੱਖਿਆ ਖ਼ਤਰਿਆਂ ਤੋਂ ਬਚਾਅ ਕੇ ਰੱਖ ਸਕਣਗੇ |
ਚੰਨੀ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ-ਰਾਹੁਲ
ਨਵੀਂ ਦਿੱਲੀ, (ਏਜੰਸੀ)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਚੁਣੇ ਜਾਣ 'ਤੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਚੰਨੀ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ | ਸਾਨੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਦੇ ਰਹਿਣਾ ਚਾਹੀਦਾ ਹੈ | ਉਨ੍ਹਾਂ ਦਾ ਵਿਸ਼ਵਾਸ਼ ਬਹੁਤ ਮਹੱਤਵਪੂਰਨ ਹੈ |
ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)- ਸਾਰਾ ਦਿਨ ਚੱਲੇ ਸਿਆਸੀ ਡਰਾਮੇ ਦੌਰਾਨ ਆਖ਼ਰੀ ਪਲਾਂ 'ਚ ਮੁੱਖ ਮੰਤਰੀ ਦੀ ਕੁਰਸੀ 'ਤੇ ਪੁੱਜੇ ਤੇਜ਼ ਤਰਾਰ ਵਿਧਾਇਕ ਵਜੋਂ ਜਾਣੇ ਜਾਂਦੇ ਚਰਨਜੀਤ ਸਿੰਘ ਚੰਨੀ ਦਾ ਜਨਮ 2 ਅਪ੍ਰੈਲ 1973 ਨੂੰ ਬੇਹੱਦ ਗ਼ਰੀਬ ਪਰਿਵਾਰ 'ਚ ਪਿਤਾ ਹਰਸ਼ਾ ਸਿੰਘ ਤੇ ਮਾਤਾ ਅਜਮੇਰ ਕੌਰ ਦੇ ਗ੍ਰਹਿ ਪਿੰਡ ਭਜੌਲੀ (ਖਰੜ) ਵਿਖੇ ਹੋਇਆ | ਚੰਨੀ ਨੇ ਆਪਣਾ ਸਿਆਸੀ ਜੀਵਨ ਕਾਲਜ ਵਿਚ ਪੜ੍ਹਦਿਆਂ ਸ਼ੁਰੂ ਕੀਤਾ, ਉਸ ਤੋਂ ਬਾਅਦ ਖਰੜ ਦੇ ਐਮ. ਸੀ. ਫਿਰ ਪ੍ਰਧਾਨ ਵੀ ਬਣੇ | ਸੰਨ 2007 ਵਿਚ ਪਹਿਲੀ ਵਾਰ ਕਾਂਗਰਸ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਸਾਬਕਾ ਵਜ਼ੀਰ ਬੀਬੀ ਸਤਵੰਤ ਕੌਰ ਸੰਧੂ ਨੂੰ 1552 ਵੋਟਾਂ ਨਾਲ ਹਰਾਇਆ ਤੇ ਚੋਣ ਜਿੱਤਣ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਨੂੰ ਹਮਾਇਤ ਦਿੱਤੀ ਪਰ ਕੁਝ ਸਮੇਂ ਬਾਅਦ ਮੁੜ ਕਾਂਗਰਸ ਵਿਚ ਸ਼ਾਮਿਲ ਹੋ ਗਏ | ਦੂਜੀ ਵਾਰ ਸੰਨ 2012 ਦੀਆਂ ਚੋਣਾਂ 'ਚ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗਮੀਤ ਕੌਰ ਸੰਧੂ ਨੂੰ 3650 ਵੋਟਾਂ ਨਾਲ ਹਰਾਇਆ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਦਸੰਬਰ 2015 ਵਿਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ | ਸੰਨ 2017 ਦੀਆਂ ਚੋਣਾਂ 'ਚ ਤੀਜੀ ਵਾਰ ਸ੍ਰੀ ਚਮਕੌਰ ਸਾਹਿਬ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਾ: ਚਰਨਜੀਤ ਸਿੰਘ ਨੂੰ ਕਰੀਬ 12500 ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਵਿਧਾਨ ਸਭਾ ਵਿਚ ਪੁੱਜੇ ਤੇ ਕੈਬਨਿਟ ਮੰਤਰੀ ਅਹੁਦੇ ਤੇ ਰਹੇ ਅਤੇ ਹੁਣ ਮੁੱਖ ਮੰਤਰੀ ਦੀ ਕੁਰਸੀ 'ਤੇ ਪੁੱਜਣ ਵਿਚ ਕਾਮਯਾਬ ਰਹੇ |
ਅਸਤੀਫ਼ਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਸੀ ਪੱਤਰ
ਚੰਡੀਗੜ੍ਹ, 19 ਸਤੰਬਰ (ਅਜੀਤ ਬਿਊਰੋ)-ਬੀਤੇ ਦਿਨ ਰਾਜਪਾਲ ਨੂੰ ਰਸਮੀ ਤੌਰ 'ਤੇ ਆਪਣਾ ਅਸਤੀਫ਼ਾ ਸੌਂਪਣ ਤੋਂ ਕੁਝ ਘੰਟੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਨਿਚਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਆਪਣੇ ਫੈਸਲੇ ਬਾਰੇ ਜਾਣੂੰ ਕਰਵਾਇਆ | ਮੁੱਖ ਮੰਤਰੀ ਨੇ ਬੀਤੇ ਪੰਜ ਮਹੀਨਿਆਂ 'ਚ ਵਾਪਰੀਆਂ ਸਿਆਸੀ ਘਟਨਾਵਾਂ 'ਤੇ ਦੁੱਖ ਜ਼ਾਹਰ ਕਰਦਿਆਂ ਸਪੱਸ਼ਟ ਤੌਰ 'ਤੇ ਕਿਹਾ ਕਿ ਇਹ ਗਤੀਵਿਧੀਆਂ ਪੰਜਾਬ ਦੀ ਕੌਮੀ ਅਹਿਮੀਅਤ ਤੇ ਇਸ ਦੇ ਮੁੱਖ ਸਰੋਕਾਰਾਂ ਬਾਰੇ ਪੂਰੀ ਸਮਝ ਹੋਣ 'ਤੇ ਅਧਾਰਿਤ ਨਹੀਂ ਹਨ | ਕਾਂਗਰਸ ਦੀ ਸੂਬਾ ਯੂਨਿਟ 'ਚ ਸਿਆਸੀ ਗਤੀਵਿਧੀਆਂ ਦੇ ਨਤੀਜੇ ਵਜੋਂ ਪੰਜਾਬ 'ਚ ਅਸਥਿਰਤਾ ਬਾਰੇ ਆਪਣੇ ਖਦਸ਼ਿਆਂ ਵੱਲ ਇਸ਼ਾਰਾ ਕਰਦੇ ਹੋਏ ਸੋਨੀਆ ਗਾਂਧੀ ਨੂੰ ਲਿਖੇ ਆਪਣੇ ਪੱਤਰ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੀ ਨਿੱਜੀ ਪੀੜਾ ਦੇ ਬਾਵਜੂਦ ਮੈਂ ਉਮੀਦ ਜ਼ਾਹਰ ਕਰਦਾਂ ਹਾਂ ਕਿ ਇਸ ਨਾਲ ਸੂਬੇ 'ਚ ਬਹੁਤ ਘਾਲਣਾ ਘਾਲ ਕੇ ਹਾਸਲ ਕੀਤੀ ਅਮਨ-ਸ਼ਾਂਤੀ ਤੇ ਕੀਤੇ ਗਏ ਵਿਕਾਸ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਉਹ ਯਤਨ ਜਿਨ੍ਹਾਂ ਉਪਰ ਮੈਂ ਪਿਛਲੇ ਕੁਝ ਸਾਲਾਂ ਦੌਰਾਨ ਧਿਆਨ ਦੇ ਰਿਹਾ ਸੀ, ਜਾਰੀ ਰਹਿਣਗੇ ਤਾਂ ਕਿ ਸਾਰਿਆਂ ਲਈ ਨਿਆਂ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਸੂਬੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਲੋਕਾਂ ਲਈ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ 'ਤੇ ਨਿੱਜੀ ਤੌਰ 'ਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਦੇ ਬਹੁਤ ਸਾਰੇ ਸਿਆਸੀ ਤੇ ਹੋਰ ਅੰਦਰੂਨੀ ਸੁਰੱਖਿਆ ਸਰੋਕਾਰ ਹਨ ਜਿਨ੍ਹਾਂ ਨੂੰ ਮੈਂ ਬਿਨਾਂ ਕਿਸੇ ਸਮਝੌਤੇ ਦੇ ਕਾਰਗਰ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਸੂਬਾ 'ਚ ਅਮਨ-ਸ਼ਾਂਤੀ ਬਣੀ ਰਹੀ ਤੇ ਇਥੇ ਮੁਕੰਮਲ ਫਿਰਕੂ ਸਦਭਾਵਨਾ ਕਾਇਮ ਹੈ | ਸਾਲ 2002 ਤੋਂ 2007 ਅਤੇ ਸਾਲ 2017 ਤੋਂ ਸਤੰਬਰ, 2021 ਤੋਂ ਸਾਢੇ ਨੌਂ ਸਾਲ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਛੱਡਣ ਬਾਰੇ ਆਪਣੇ ਫੈਸਲੇ ਬਾਰੇ ਕਾਂਗਰਸ ਦੇ ਪ੍ਰਧਾਨ ਨੂੰ ਜਾਣੂੰ ਕਰਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਭਾਵੇਂ ਕਿ ਉਹ (ਸੋਨੀਆ ਗਾਂਧੀ) ਬੀਤੇ ਸਾਢੇ ਚਾਰਾਂ 'ਚ ਕੀਤੀਆਂ ਪ੍ਰਾਪਤੀਆਂ 'ਚੋਂ ਕੁਝ ਬਾਰੇ ਨਿੱਜੀ ਤੌਰ 'ਤੇ ਜਾਣੂੰ ਹੋਣ, ਪੰਜਾਬ ਦੇ ਲੋਕ ਸੰਪੂਰਨ ਤੇ ਪ੍ਰਭਾਵੀ ਜਨਤਕ ਨੀਤੀਆਂ ਲਈ ਭਾਰਤੀ ਕੌਮੀ ਕਾਂਗਰਸ ਵੱਲ ਦੇਖ ਰਹੇ ਹਨ, ਜੋ ਨਾ ਸਿਰਫ ਚੰਗੀ ਸਿਆਸਤ ਦਾ ਪ੍ਰਗਟਾਵਾ ਕਰਦੇ ਹਨ ਸਗੋਂ ਆਮ ਲੋਕਾਂ ਦੇ ਸਰੋਕਾਰਾਂ ਦਾ ਵੀ ਹੱਲ ਕਰਦੇ ਹਨ ਜਿਹੜਾ ਕਿ ਇਸ ਸਰਹੱਦੀ ਸੂਬੇ ਲਈ ਵਿਸ਼ੇਸ਼ ਹੈ | ਇਨ੍ਹਾਂ ਸਾਢੇ ਨੌਂ ਸਾਲਾਂ 'ਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਤਨ-ਮਨ ਨਾਲ ਕੰਮ ਕੀਤਾ ਹੈ ਅਤੇ ਉਹ ਸੂਬੇ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਹਨ | ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਕਿਉਂਕਿ ਮੈਂ ਨਾ ਸਿਰਫ ਕਾਨੂੰਨ ਦਾ ਰਾਜ ਕਾਇਮ ਕੀਤਾ ਤੇ ਪਾਰਦਰਸ਼ੀ ਸ਼ਾਸਨ ਨੂੰ ਯਕੀਨੀ ਬਣਾਇਆ, ਸਗੋਂ ਸਿਆਸੀ ਮਾਮਲਿਆਂ ਦੇ ਪ੍ਰਬੰਧਨ 'ਚ ਨੈਤਿਕ ਵਿਹਾਰ ਵੀ ਕਾਇਮ ਰੱਖਿਆ, ਜਿਸ ਦੌਰਾਨ ਸਾਲ 2019 ਦੀਆਂ ਸੰਸਦੀ ਚੋਣਾਂ 'ਚ 13 'ਚੋਂ 8 ਸੀਟਾਂ ਜਿੱਤੀਆਂ ਤੇ ਪੰਚਾਇਤੀ ਚੋਣਾਂ ਤੇ ਸ਼ਹਿਰੀ ਚੋਣਾਂ 'ਚ ਵੀ ਫੈਸਲਾਕੁੰਨ ਜਿੱਤ ਪ੍ਰਾਪਤ ਕੀਤੀ | ਸਾਲ 2017 'ਚ ਪੰਜਾਬ ਕਾਂਗਰਸ ਵਲੋਂ ਕੀਤੇ ਵਾਅਦੇ ਪੂਰੇ ਕਰਨ ਲਈ ਬੀਤੇ ਸਾਢੇ ਚਾਰ ਸਾਲਾਂ 'ਚ ਉਨ੍ਹਾਂ ਨੂੰ ਦਰਪੇਸ਼ ਕਈ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਵਾਅਦਿਆਂ 'ਚੋਂ ਉਨ੍ਹਾਂ ਦੀ ਸਰਕਾਰ ਨੇ 89.2 ਫ਼ੀਸਦੀ ਪੂਰਾ ਕਰ ਦਿੱਤਾ ਹੈ, ਜਦਕਿ ਬਾਕੀ ਵਾਅਦੇ ਵੀ ਪ੍ਰਗਤੀ ਅਧੀਨ ਹਨ |
ਨਵੀਂ ਦਿੱਲੀ, (ਏਜੰਸੀ)-ਸੀਨੀਅਰ ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਇਸ ਨੂੰ ਠੁਕਰਾ ਦਿੱਤਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਕ ਸਿੱਖ ਨੂੰ ਸੂਬੇ ਦੇ ਉੱਚ ਅਹੁਦੇ 'ਤੇ ਬਿਰਾਜਮਾਨ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਪ੍ਰਧਾਨ ਨੂੰ ਸਮਝਾਇਆ ਕਿ ਪੂਰੇ ਦੇਸ਼ 'ਚ ਸਿਰਫ ਇਕ ਸੂਬਾ ਹੈ, ਜਿਥੇ ਤੁਹਾਡੇ ਕੋਲ ਇਕ ਸਿੱਖ ਮੁੱਖ ਮੰਤਰੀ ਹੈ | ਅੰਬਿਕਾ ਸੋਨੀ ਨੇ ਸਨਿਚਰਵਾਰ ਦੇਰ ਰਾਤ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਲੰਬੀ ਚਰਚਾ ਕੀਤੀ |
ਚੰਡੀਗੜ੍ਹ, 19 ਸਤੰਬਰ (ਏਜੰਸੀ)-ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਕੈਪਟਨ 'ਤੇ ਨਿਸ਼ਾਨਾ ਸਾਧਿਆ ਹੈ | ਦਰਅਸਲ, ਕੈਪਟਨ ਨੇ ਸਿੱਧੂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ | ਇਸ 'ਤੇ ਮੁਸਤਫ਼ਾ ਨੇ ਕਿਹਾ ਕਿ ਤੁਸੀਂ ਦੇਸ਼ਭਗਤੀ ਦਾ ਸਰਟੀਫਿਕੇਟ ਨਾ ਵੰਡੋ, ਤੁਸੀਂ 14 ਸਾਲ ਆਈ.ਐਸ.ਆਈ. ਦੇ ਏਜੰਟ ਨਾਲ ਰਹੇ | ਮੇਰਾ ਮੂੰਹ ਨਾ ਖੁੱਲ੍ਹਵਾਓ | ਅਸਲ 'ਚ ਮੁਸਤਫ਼ਾ ਨੇ ਕੈਪਟਨ 'ਤੇ ਉਸ ਪਾਕਿਸਤਾਨੀ ਔਰਤ ਪੱਤਰਕਾਰ ਨੂੰ ਲੈ ਕੇ ਬਿਆਨ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੀਆਂ ਲੰਬੇ ਸਮੇਂ ਤੱਕ ਨਜ਼ਦੀਕੀਆਂ ਰਹੀਆਂ | ਮੁਸਤਫ਼ਾ ਨੇ ਇਸ ਪੱਤਰਕਾਰ ਦੇ ਪੰਜਾਬ ਸਰਕਾਰ 'ਚ ਦਖਲ ਨੂੰ ਲੈ ਕੇ ਵੀ ਸਵਾਲ ਚੁੱਕੇ | ਮੁਸਤਫ਼ਾ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਕੈਪਟਨ ਮੂੰਹ 'ਤੇ ਹੀ ਝੂਠ ਬੋਲ੍ਹਣ ਦੀ ਸਮਰੱਥਾ ਰੱਖਦੇ ਹਨ | ਸਿੱਧੂ 'ਤੇ ਤੁਸੀਂ ਹਰ ਤਰ੍ਹਾਂ ਨਾਲ ਰਾਜਨੀਤਕ ਹਮਲਾ ਕਰ ਸਕਦੇ ਹੋ, ਪਰ ਉਨ੍ਹਾਂ ਦੀ ਦੇਸ਼ਭਗਤੀ ਨੂੰ ਚੁਣੌਤੀ ਨਾ ਦਿਓ ਤੇ ਦੇਸ਼ਭਗਤੀ ਦਾ ਸਰਟੀਫਿਕੇਟ ਨਾ ਵੰਡੋ | ਮੁਸਤਫ਼ਾ ਨੇ ਕੈਪਟਨ 'ਤੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪਾਕਿ ਪੱਤਰਕਾਰ ਦੋਸਤ ਨੇ ਪੰਜਾਬ ਸਰਕਾਰ ਦੇ ਕੰਮਕਾਜ 'ਚ ਕਈ ਵਾਰ ਦਖ਼ਲ ਦਿੱਤਾ | ਉਨ੍ਹਾਂ ਕਿਹਾ ਕਿ ਮੇਰੇ ਕੋਲ ਤੁਹਾਡੇ ਗਲਤ ਕੰਮਾਂ ਦਾ ਵੱਡਾ ਚਿੱਠਾ ਹੈ, ਪਰ ਮੈਂ ਇਸ ਨੂੰ ਰਾਹੁਲ ਗਾਂਧੀ ਨਾਲ ਸਾਂਝਾ ਨਹੀਂ ਕੀਤਾ, ਕਿਉਂਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ | ਇਹ ਮੇਰੇ ਚਰਿੱਤਰ ਦੀ ਤਾਕਤ ਹੈ | ਮੁਸਤਫ਼ਾ ਨੇ ਪੁਰਾਣੇ ਗੀਤ 'ਰਾਜ਼ ਕੋ ਰਾਜ਼ ਰਹਿਨੇ ਦੋ' ਦਾ ਵੀਡੀਓ ਵੀ ਟਵੀਟ ਕੀਤਾ ਹੈ |
• ਅਫ਼ਗਾਨ ਮਨੁੱਖੀ ਅਧਿਕਾਰ ਕਮਿਸ਼ਨ 'ਤੇ ਤਾਲਿਬਾਨ ਦਾ ਕਬਜ਼ਾ • ਅਮਰੀਕੀ ਨਾਗਰਿਕ ਥਾਂ-ਥਾਂ ਲੁਕਣ ਲਈ ਹੋਏ ਮਜਬੂਰ
ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)-ਤਾਲਿਬਾਨ ਵਲੋਂ ਆਪਣੇ ਲੜਾਕਿਆਂ ਨੂੰ ਅਫ਼ਗਾਨਿਸਤਾਨ ਸੁਤੰਤਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਫ਼ਤਰ 'ਚ ਤਾਇਨਾਤ ਕਰਨ ਦੀ ਜਾਣਕਾਰੀ ਮਿਲੀ ਹੈ | ਮਨੁੱਖੀ ਅਧਿਕਾਰ ਕਮਿਸ਼ਨ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਉਸ ਦੇ ਲਗਪਗ ਸਭ ਦਫ਼ਤਰਾਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਕਰਮਚਾਰੀਆਂ ਦੇ ਕੰਮ 'ਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ | ਤਾਲਿਬਾਨ ਨੇ ਕਮਿਸ਼ਨ 'ਚ ਆਪਣੇ ਪੱਧਰ 'ਤੇ ਕਈ ਨਿਯੁਕਤੀਆਂ ਵੀ ਕੀਤੀਆਂ ਹਨ ਅਤੇ ਕਮਿਸ਼ਨ ਦੀਆਂ ਜਾਇਦਾਦਾਂ ਜਿਵੇਂ ਵਾਹਨਾਂ ਅਤੇ ਕੰਪਿਊਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ | ਕਮਿਸ਼ਨ ਨੇ ਤਾਲਿਬਾਨ ਨੂੰ ਮਨੁੱਖੀ ਅਧਿਕਾਰ ਕਰਮਚਾਰੀਆਂ ਅਤੇ ਉਨ੍ਹਾਂ ਸਾਰੇ ਅਫ਼ਗਾਨ ਮਨੁੱਖੀ ਅਧਿਕਾਰਾਂ ਦੇ ਰਖਵਾਲਿਆਂ ਦੀ ਆਜ਼ਾਦੀ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਅਫ਼ਗਾਨ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਅਣਥੱਕ ਮਿਹਨਤ ਕੀਤੀ ਹੈ | ਉੱਧਰ, ਰਾਜਧਾਨੀ ਕਾਬੁਲ ਦੇ ਅੰਤਰਿਮ ਮੇਅਰ ਹਮਦੁੱਲਾ ਨੋਮਾਨੀ ਨੇ ਕਿਹਾ ਕਿ ਦੇਸ਼ ਦੇ ਨਵੇਂ ਤਾਲਿਬਾਨ ਸ਼ਾਸਕਾਂ ਨੇ ਮਹਿਲਾ ਅਫ਼ਗਾਨ ਕਰਮਚਾਰੀਆਂ ਨੂੰ ਘਰਾਂ 'ਚ ਰਹਿਣ ਦਾ ਆਦੇਸ਼ ਦਿੱਤਾ ਹੈ | ਸਿਰਫ਼ ਉਨ੍ਹਾਂ ਔਰਤਾਂ ਨੂੰ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ, ਜਿਨ੍ਹਾਂ ਦੀ ਥਾਂ ਪੁਰਸ਼ ਕੰਮ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਇਨ੍ਹਾਂ 'ਚ ਡਿਜ਼ਾਈਨ ਅਤੇ ਇੰਜੀਨੀਅਰਿੰਗ ਵਿਭਾਗਾਂ 'ਚ ਹੁਨਰਮੰਦ ਕਾਮਿਆਂ ਤੋਂ ਇਲਾਵਾ ਔਰਤਾਂ ਲਈ ਜਨਤਕ ਪਖਾਨਿਆਂ ਦੀ ਦੇਖਭਾਲ ਕਰਨ ਵਾਲੀਆਂ ਔਰਤਾਂ ਸ਼ਾਮਿਲ ਹਨ | ਨੋਮਾਨੀ ਦੀ ਉਕਤ ਟਿੱਪਣੀ ਨੇ ਸਪੱਸ਼ਟ ਸੰਕੇਤ ਦਿੱਤਾ ਕਿ ਤਾਲਿਬਾਨ ਜਨਤਕ ਜੀਵਨ 'ਚ ਔਰਤਾਂ 'ਤੇ ਪਾਬੰਦੀਆਂ ਲਗਾਉਣ ਸਮੇਤ ਇਸਲਾਮ ਦੀ ਸਖ਼ਤ ਵਿਆਖਿਆ ਨੂੰ ਲਾਗੂ ਕਰ ਰਿਹਾ ਹੈ | ਮੇਅਰ ਨੇ ਕਿਹਾ ਕਿ ਕਾਬੁਲ ਮਿਊਾਸਪਲ ਵਿਭਾਗਾਂ 'ਚ ਮਹਿਲਾ ਕਰਮਚਾਰੀਆਂ ਬਾਰੇ ਅੰਤਿਮ ਫ਼ੈਸਲਾ ਅਜੇ ਨਹੀਂ ਲਿਆ ਗਿਆ ਹੈ | ਨੋਮਾਨੀ ਦੀ ਉਕਤ ਟਿੱਪਣੀ ਬਾਅਦ ਕਾਬੁਲ 'ਚ ਮਹਿਲਾ ਅਫ਼ਗਾਨ ਕਰਮਚਾਰੀਆਂ ਨੇ ਤਾਲਿਬਾਨ ਸ਼ਾਸਕਾਂ ਵਲੋਂ ਜਾਰੀ ਉਕਤ ਆਦੇਸ਼ ਵਿਰੁੱਧ ਸਬੰਧਤ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕੀਤਾ | ਇਹ ਵੀ ਜਾਣਕਾਰੀ ਮਿਲੀ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦੇ ਬਾਅਦ ਬਹੁਤ ਸਾਰੇ ਅਮਰੀਕੀ ਨਾਗਰਿਕ, ਅਮਰੀਕਾ ਦੇ ਸਥਾਈ ਨਿਵਾਸੀ, ਗ੍ਰੀਨ ਕਾਰਡ ਧਾਰਕ, ਵੀਜ਼ਾ ਬਿਨੈਕਾਰ ਸਮੇਤ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੇ 20 ਸਾਲਾਂ ਦੀ ਲੜਾਈ 'ਚ ਅਮਰੀਕੀ ਸੈਨਿਕਾਂ ਦੀ ਮਦਦ ਕੀਤੀ ਅਤੇ ਅਫ਼ਗਾਨਿਸਤਾਨ ਨੂੰ ਛੱਡਣ ਦੇ ਯੋਗ ਨਹੀਂ ਸਨ, ਮੌਜੂਦਾ ਸਮੇਂ ਉਹ ਸੱਤਾਧਾਰੀ ਤਾਲਿਬਾਨ ਤੋਂ ਡਰੇ ਹੋਏ ਹਨ ਅਤੇ ਮਜਬੂਰਨ ਜਗ੍ਹਾ ਬਦਲ-ਬਦਲ ਕੇ ਲੁਕ ਰਹੇ ਹਨ | ਉਨ੍ਹਾਂ ਨੂੰ ਲੱਗਦਾ ਹੈ ਕਿ ਤਾਲਿਬਾਨ ਦੇ ਲੋਕ ਉਨ੍ਹਾਂ ਨੂੰ ਜੇਲ੍ਹ 'ਚ ਸੁੱਟ ਦੇਣਗੇ ਜਾਂ ਮਾਰ ਦੇਣਗੇ ਕਿਉਂਕਿ ਉਹ ਅਮਰੀਕੀ ਹਨ ਅਤੇ ਅਮਰੀਕੀ ਸਰਕਾਰ ਲਈ ਕੰਮ ਕੀਤਾ ਹੈ | ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹਜ਼ਾਰਾਂ ਗ੍ਰੀਨ ਕਾਰਡ ਧਾਰਕ ਤੇ ਲਗਪਗ 100 ਅਮਰੀਕੀ ਨਾਗਰਿਕ ਅਜੇ ਵੀ ਅਫ਼ਗਾਨਿਸਤਾਨ 'ਚ ਹਨ |
ਚੰਡੀਗੜ੍ਹ, 19 ਸਤੰਬਰ (ਅਜੀਤ ਬਿਊਰੋ)- ਪੰਜਾਬ 'ਚ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀ ਸਮੱਸਿਆ 'ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਨੇ ਵੱਧ ਪ੍ਰਭਾਵਿਤ ਪਿੰਡਾਂ ਵਜੋਂ ਸ਼ਨਾਖ਼ਤ ਕੀਤੇ ਗਏ ਇਨ੍ਹਾਂ ਸਾਰੇ ਪਿੰਡਾਂ 'ਚ 8500 ਨੋਡਲ ਅਫਸਰ ਤਾਇਨਾਤ ਕੀਤੇ ਹਨ | ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਮੁਤਾਬਕ ਸਬੰਧਤ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਹਨ ਕਿ ਇਨ੍ਹਾਂ ਪ੍ਰਭਾਵਿਤ ਪਿੰਡਾਂ 'ਚ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਜਿੱਥੇ ਪਿਛਲੇ ਸੀਜ਼ਨ ਦੌਰਾਨ ਹਰੇਕ ਪਿੰਡ 'ਚ ਪਰਾਲੀ ਨੂੰ ਅੱਗ ਲੱਗਣ ਦੀਆਂ 25 ਤੋਂ ਵੱਧ ਘਟਨਾਵਾਂ ਵਾਪਰੀਆਂ ਸਨ | ਜ਼ਿਕਰਯੋਗ ਹੈ ਕਿ ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਤਰਨ ਤਾਰਨ, ਮੋਗਾ ਤੇ ਮਾਨਸਾ ਨੂੰ ਵੱਧ ਪ੍ਰਭਾਵਿਤ ਜ਼ਿਲਿ੍ਹਆਂ ਵਜੋਂ ਸ਼ਨਾਖਤ ਕੀਤਾ ਗਿਆ ਹੈ, ਜਿੱਥੇ ਪਿਛਲੇ ਸੀਜ਼ਨ 'ਚ ਇਨ੍ਹਾਂ 'ਚੋਂ ਹਰੇਕ ਜ਼ਿਲੇ੍ਹ 'ਚ 4000 ਤੋਂ ਵੱਧ ਅੱਗ ਦੀਆਂ ਘਟਨਾਵਾਂ ਵਾਪਰਨ ਦੇ ਮਾਮਲੇ ਸਾਹਮਣੇ ਆਏ ਸਨ | ਗਰਗ ਨੇ ਇਹ ਵੀ ਦੱਸਿਆ ਕਿ ਹਰੇਕ ਜ਼ਿਲੇ੍ਹ 'ਚ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ ਜਿੱਥੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨ, ਮੋਬਾਈਲ ਐਪ ਤੋਂ ਡਾਟਾ ਡੈਸ਼ਬੋਰਡ 'ਤੇ ਅਪਲੋਡ ਕਰਨ ਅਤੇ ਵੱਖ-ਵੱਖ ਪਾਸਿਆਂ ਤੋਂ ਕਾਰਵਾਈ ਕਰਨ ਬਾਰੇ ਪ੍ਰਾਪਤ ਹੋਈਆਂ ਰਿਪੋਰਟਾਂ ਨੂੰ ਤਿਆਰ ਕਰਨਾ ਤੇ ਜਮ੍ਹਾਂ ਕਰਵਾਉਣ ਦਾ ਕਾਰਜ ਕੀਤਾ ਜਾਵੇਗਾ | ਮੈਂਬਰ ਸਕੱਤਰ ਨੇ ਅੱਗੇ ਦੱਸਿਆ ਕਿ ਨੋਡਲ ਅਫਸਰਾਂ ਨੂੰ ਹਰੇਕ ਪ੍ਰਭਾਵਿਤ ਪਿੰਡ 'ਚ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਗੁਰੇਜ਼ ਕਰਨ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਝੋਨੇ ਦੀ ਵਾਢੀ ਉਪਰੰਤ ਦੇ ਕਾਰਜਾਂ 'ਤੇ ਨਿਗ੍ਹਾ ਰੱਖੀ ਜਾ ਸਕੇ |
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸਹਿਕਾਰਤਾ, ਮਾਲ, ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਸੰਭਾਲ ਸਮੇਤ ਹੋਰ ਵਿਭਾਗਾਂ ਦੇ ਸਟਾਫ ਨੂੰ ਨੋਡਲ ਅਫਸਰ ਵਜੋਂ ਤਾਇਨਾਤ ਕੀਤਾ ਗਿਆ ਹੈ | ਤਾਂ ਕਿ ਪੰਜਾਬ ਵਿਚ ਪਰਾਲੀ ਸਾੜਨ ਦੇ ਗੈਰ-ਸਿਹਤਮੰਦ ਰੁਝਾਨ ਨੂੰ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕੀਤਾ ਜਾ ਸਕੇ | ਇਨ੍ਹਾਂ ਨੋਡਲ ਅਫਸਰਾਂ ਵੱਲੋਂ ਪਿੰਡਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾਣਗੀਆਂ ਜਿਸ ਤਹਿਤ ਕਿਸਾਨ ਮਿਲਣੀਆਂ, ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਮਸ਼ੀਨਾਂ ਦਾ ਬੰਦੋਬਸਤ ਕਰਨ, ਪਿੰਡਾਂ 'ਚ ਪ੍ਰਚਾਰ ਸਮੱਗਰੀ ਵੰਡਣ ਤੋਂ ਇਲਾਵਾ ਹੋਰ ਢੰਗ-ਤਰੀਕਿਆਂ ਨਾਲ ਵੀ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਖਿਲਾਫ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ |
ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਪਰਾਲੀ ਦਾ ਨਿਪਟਾਰਾ ਕਰਨ ਲਈ ਵਿਆਪਕ ਪ੍ਰੋਗਰਾਮ ਵੀ ਉਲੀਕਿਆ ਹੋਇਆ ਹੈ | ਬੀਤੇ ਤਿੰਨ ਸਾਲਾਂ 'ਚ ਕਿਸਾਨਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਸਬਸਿਡੀ 'ਤੇ 76,626 ਖੇਤੀ ਮਸ਼ੀਨਾਂ/ਸੰਦ ਸਪਲਾਈ ਕੀਤੇ ਹਨ | ਇਸ ਸਾਲ ਦੌਰਾਨ ਵੀ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ, ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਸੀ.ਐਚ.ਸੀ. ਕੋਲੋਂ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਆਧਾਰ 'ਤੇ 31,000 ਤੋਂ ਵੱਧ ਮਸ਼ੀਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਵਲੋਂ ਝੋਨੇ ਦੀ ਪਰਾਲੀ ਦਾ ਖੇਤਾਂ ਵਿਚ ਜਾਂ ਖੇਤਾਂ ਤੋਂ ਬਾਹਰ ਨਿਪਟਾਰਾ ਕਰਨ ਲਈ 50 ਫੀਸਦੀ ਤੋਂ 80 ਫੀਸਦੀ ਸਬਸਿਡੀ 'ਤੇ ਮਸ਼ੀਨਰੀ ਖਰੀਦੀ ਜਾ ਸਕੇ |
ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)-ਇਕ ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਪੁਲਿਸ ਨੇ ਇਕ ਪ੍ਰਮੁੱਖ ਕੱਟੜਪੰਥੀ ਮੌਲਾਨਾ ਤੇ ਕਈ ਹੋਰਾਂ ਖ਼ਿਲਾਫ਼ ਉਨ੍ਹਾਂ ਦੁਆਰਾ ਚਲਾਏ ਜਾ ਰਹੇ ਮਹਿਲਾ ਮਦਰਸੇ 'ਤੇ ਤਾਲਿਬਾਨੀ ਝੰਡਾ ਲਹਿਰਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ ...
ਸ੍ਰੀਨਗਰ, 19 ਸਤੰਬਰ (ਏਜੰਸੀ)-ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦੱਸਿਆ ਕਿ 'ਆਜ਼ਾਦੀ ਦਾ ਅੰਮਿ੍ਤ ਮਹਾਉਤਸਵ' ਦੀ ਕੜੀ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਰੀਆਂ ਸੰਸਥਵਾਵਾਂ 'ਚ ਮਨਾਇਆ ਜਾਵੇਗਾ | ਉਨ੍ਹਾਂ ...
ਨਵੀਂ ਦਿੱਲੀ, 19 ਸਤੰਬਰ (ਏਜੰਸੀ)-'ਆਪ' ਆਗੂ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਸੂਬੇ ਤੋਂ ਹੋਵੇਗਾ ਅਤੇ ਅਜਿਹਾ ਵਿਅਕਤੀ ਹੋਵੇਗਾ, ਜਿਸ ਨੂੰ ਸੂਬੇ ਦਾ ਮਾਣ ਕਿਹਾ ਜਾ ਸਕਦਾ ਹੈ | ਪਾਰਟੀ ਦੇ ਸੂਬਾ ਸਹਿ-ਇੰਚਾਰਜ ...
ਸ੍ਰੀ ਚਮਕੌਰ ਸਾਹਿਬ, 19 ਸਤੰਬਰ (ਜਗਮੋਹਣ ਸਿੰਘ ਨਾਰੰਗ)-ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਅੱਜ ਖੇਤਰ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ | ਜਿੱਥੇ ਇਕ ਦੂਜੇ ਨੂੰ ਵਧਾਈ ਦੇਣ ਦਾ ਤਾਂਤਾ ਸ਼ੁਰੂ ਹੋਇਆ | ਉਥੇ ਹੀ ਲੱਡੂ ਵੰਡੇ ਜਾਣ ਦੀਆਂ ਵੀ ਖ਼ਬਰਾਂ ...
ਨਵੀਂ ਦਿੱਲੀ, 19 ਸਤੰਬਰ (ਏਜੰਸੀ)-ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਦੇਸ਼ ਵਿਰੋਧੀ ਦੋਸ਼ ਲਗਾਉਣ 'ਤੇ ਕਿਹਾ ਕਿ ਕੀ ਕਾਂਗਰਸ ਇਸ ਦਾ ਨੋਟਿਸ ਲੈ ਕੇ ਸਿੱਧੂ ਖ਼ਿਲਾਫ਼ ਕੋਈ ਕਾਰਵਾਈ ...
ਨਵੀਂ ਦਿੱਲੀ, 19 ਸਤੰਬਰ (ਏਜੰਸੀ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਾਊਦੀ ਅਰਬ ਦੇ ਆਪਣੇ ਹਮਰੁਤਬਾ ਫੈਸਲ ਬਿਨ ਫਰਹਾਨ ਅਲ ਸਾਊਦ ਨਾਲ ਐਤਵਾਰ ਨੂੰ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਨੂੰ ਲੈ ਕੇ ਦੁਵੱਲੀ ਚਰਚਾ ਕੀਤੀ ਅਤੇ ਰੱਖਿਆ, ਸੁਰੱਖਿਆ, ਵਪਾਰ, ਨਿਵੇਸ਼ ਅਤੇ ...
ਨਵੀਂ ਦਿੱਲੀ, 19 ਸਤੰਬਰ (ਆਈ.ਏ.ਐਨ.ਐਸ.)-ਕਾਂਗਰਸ ਦੇ ਸੀਨੀਅਰ ਆਗੂ ਜਿਨ੍ਹਾਂ 'ਚ ਕੁਝ ਜੀ-23 ਦੇ ਆਗੂ ਵੀ ਸ਼ਾਮਿਲ ਹਨ, ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਤਰੀਕੇ ਤੋਂ ਨਾਰਾਜ਼ ਹਨ | ਜੀ-23 ਦੇ ਸੂਤਰਾਂ ਨੇ ਕਿਹਾ ਕਿ ਕਾਂਗਰਸ ਨੇ ਤਿੰਨ ...
ਰਾਏਪੁਰ, 19 ਸਤੰਬਰ (ਏਜੰਸੀ)-ਛੱਤੀਸਗੜ੍ਹ ਦੇ ਕੋਂਡਾਗਾਉਂ ਜ਼ਿਲ੍ਹੇ ਵਿਚ ਇਕ ਆਟੋ ਦੇ ਐੱਸ.ਯੂ.ਵੀ ਨਾਲ ਟਕਰਾਉਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਅੱਠ ਜਣੇ ਜ਼ਖ਼ਮੀ ਹੋ ਗਏ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਫਾਰਸਗਾਉਂ ਪੁਲਿਸ ਸਟੇਸ਼ਨ ਅਧੀਨ ...
ਕਾਬੁਲ, 19 ਸਤੰਬਰ (ਏਜੰਸੀ)- ਕਾਬੁਲ ਦੇ ਜਲਾਲਾਬਾਦ ਸ਼ਹਿਰ 'ਚ ਤਾਲਿਬਾਨ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ 'ਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ | ਤਾਲਿਬਾਨ ਤੇ ਆਈ.ਐਸ. ਅੱਤਵਾਦੀ ਆਪਸ 'ਚ ਦੁਸ਼ਮਣ ਹਨ ਤੇ ਅਫ਼ਗਾਨਿਸਤਾਨ 'ਤੇ ਪਿਛਲੇ ਮਹੀਨੇ ਤਾਲਿਬਾਨ ਦੇ ...
ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)-ਤਾਲਿਬਾਨ ਦੀ ਨਵੀਂ ਸਰਕਾਰ ਬਣੀ ਨੂੰ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਦੂਜੇ ਦੇਸ਼ਾਂ 'ਚ ਚੱਲ ਰਹੇ ਅਫ਼ਗਾਨ ਦੂਤਾਵਾਸਾਂ ਦਾ ਭਵਿੱਖ ਅਜੇ ਵੀ ਅਨਿਸਚਿਤ ਹੈ | ਅਫ਼ਗਾਨ ਵਿਦੇਸ਼ ਮੰਤਰਾਲੇ ਦੇ ਇਕ ਸਾਬਕਾ ਅਧਿਕਾਰੀ ...
ਨਵੀਂ ਦਿੱਲੀ, 19 ਸਤੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਮਿਲੇ ਯਾਦਗਾਰੀ ਚਿਨ੍ਹਾਂ ਤੇ ਤੋਹਫਿਆਂ ਦੀ ਨਿਲਾਮੀ 'ਚ ਹਿੱਸਾ ਲੈਣ ਅਤੇ ਕਿਹਾ ਕਿ ਇਨ੍ਹਾਂ ਤੋਂ ਹਾਸਿਲ ਕਮਾਈ 'ਨਮਾਮੀ ਗੰਗੇ' ਪਹਿਲਕਦਮੀ 'ਚ ਵਰਤੀ ...
ਨਵੀਂ ਦਿੱਲੀ, 19 ਸਤੰਬਰ (ਏਜੰਸੀ)-ਸੁਪਰੀਮ ਕੋਰਟ ਦੇ ਕੋਲਜ਼ੀਅਮ ਦੁਆਰਾ ਵਿਭਿੰਨ ਉੱਚ ਅਦਾਲਤਾਂ ਦੇ ਅਹੁਦਿਆਂ ਲਈ ਭੇਜੇ ਗਏ 68 ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਦੇ ਨਾਵਾਂ 'ਤੇ ਸਰਕਾਰ ਦਾ ਫੈਸਲਾ ਹਾਲੇ ਵੀ ਲੰਬਿਤ ਹੈ | ਉੱਚ ਨਿਆਂਪਾਲਿਕਾ 'ਚ ਨਿਯੁਕਤੀ ਪ੍ਰਕਿਰਿਆ ...
ਸ੍ਰੀਨਗਰ, 19 ਸਤੰਬਰ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਉੜੀ ਇਲਾਕੇ 'ਚ ਕੰਟਰੋਲ ਰੇਖਾ 'ਤੇ ਚੌਕਸ ਭਾਰਤੀ ਜਵਾਨਾਂ ਨੇ ਅੱਤਵਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ | ਇਸ ਘਟਨਾ 'ਚ ਫੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ...
ਚੰਡੀਗੜ੍ਹ, (ਏਜੰਸੀ)-ਐਤਵਾਰ ਨੂੰ ਸਿਆਸੀ ਡਰਾਮੇ ਦੀ ਸ਼ੁਰੂਆਤ ਪੰਜਾਬ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਦੀ ਸਵੇਰੇ 11 ਵਜੇ ਹੋਣ ਵਾਲੀ ਮੀਟਿੰਗ ਮੁਲਤਵੀ ਹੋਣ ਨਾਲ ਹੋਈ | ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਸਨਿਚਰਵਾਰ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX