ਦੇਸ਼ 'ਚ ਨਕਲੀ ਤੇ ਮਿਲਾਵਟੀ ਦੁੱਧ ਦੀ ਵਿਕਰੀ ਦੀ ਸਮੱਸਿਆ ਨਿਰੰਤਰ ਚੁਣੌਤੀਪੂਰਨ ਹੁੰਦੀ ਜਾ ਰਹੀ ਹੈ। ਇਹ ਸਮੱਸਿਆ ਕਿੰਨੀ ਗੰਭੀਰ ਹੋ ਗਈ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਨਕਲੀ ਦੁੱਧ ਦੀ ਲਗਾਤਾਰ ਵਰਤੋਂ ਨਾਲ ਦੇਸ਼ 'ਚ ਕੈਂਸਰ ਤੇ ਇਸ ਨਾਲ ਸਬੰਧਿਤ ਕਈ ਤਰ੍ਹਾਂ ਦੇ ਹੋਰ ਰੋਗਾਂ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਇਹ ਗ਼ੈਰ-ਕਾਨੂੰਨੀ ਕਾਰੋਬਾਰ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਤਾਂ ਅਗਲੇ ਪੰਜ ਸਾਲਾਂ ਤੱਕ ਦੇਸ਼ ਦੇ ਕਈ ਸੂਬਿਆਂ 'ਚ ਕੈਂਸਰ ਵਰਗੀਆਂ ਬਿਮਾਰੀਆਂ ਦੇ ਲੱਛਣ 87 ਫ਼ੀਸਦੀ ਤੱਕ ਵੱਧ ਜਾਣਗੇ।
ਭਾਰਤ 'ਚ ਨਕਲੀ ਤੇ ਮਿਲਾਵਟੀ ਦੁੱਧ ਦੀ ਵਿਕਰੀ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਨਕਲੀ ਦੁੱਧ ਬਣਾਉਣ ਤੇ ਵੇਚਣ ਦੀ ਸਮੱਸਿਆ ਵੈਸੇ ਤਾਂ ਪੂਰੇ ਦੇਸ਼ ਦੀ ਸਮੱਸਿਆ ਹੈ, ਪਰ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਸੂਬਿਆਂ 'ਚ ਇਹ ਸਮੱਸਿਆ ਜ਼ਿਆਦਾ ਵਿਆਪਕ ਰੂਪ ਨਾਲ ਪਾਈ ਜਾਂਦੀ ਹੈ। ਪੰਜਾਬ ਦੇ ਤਰਨਤਾਰਨ ਅਤੇ ਲੁਧਿਆਣਾ ਜ਼ਿਲ੍ਹਿਆਂ 'ਚ ਇਸੇ ਸਾਲ ਜਨਵਰੀ 'ਚ ਘਾਤਕ ਪਦਾਰਥਾਂ ਨਾਲ ਨਕਲੀ ਦੁੱਧ ਤਿਆਰ ਕਰਨ ਦੀ ਫੈਕਟਰੀ ਫੜੀ ਗਈ ਸੀ। ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਵੀ ਇਹ ਸਮੱਸਿਆ ਵੱਡੇ ਪੱਧਰ 'ਤੇ ਮੌਜੂਦ ਹੈ। ਨਕਲੀ ਤੇ ਮਿਲਾਵਟੀ ਦੁੱਧ ਦੀ ਸਮੱਸਿਆ ਤਿਉਹਾਰਾਂ ਦੇ ਮੌਕੇ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਕਿਉਂਕਿ ਪੰਜਾਬ ਤੇ ਹਰਿਆਣਾ 'ਚ ਮਿਠਾਈਆਂ ਆਦਿ ਦੀ ਵਿਕਰੀ 'ਚ ਵੱਡੇ ਪੱਧਰ 'ਤੇ ਵਾਧਾ ਹੋ ਜਾਂਦਾ ਹੈ, ਇਸ ਲਈ ਦੁੱਧ ਦੀ ਖ਼ਪਤ ਵੀ ਵਧਦੀ ਹੈ। ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਨਕਲੀ ਦੁੱਧ ਦੇ ਨਿਰਮਾਣ ਅਤੇ ਉਤਪਾਦਨ 'ਚ ਵਾਧਾ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਨਕਲੀ ਦੁੱਧ ਦੇ ਨਿਰਮਾਣ ਦੀਆਂ ਕਈ ਛੋਟੀਆਂ-ਵੱਡੀਆਂ ਉਦਯੋਗਿਕ ਇਕਾਈਆਂ ਖੜ੍ਹੀਆਂ ਹੋ ਜਾਂਦੀਆਂ ਹਨ। ਇਨ੍ਹਾਂ ਫੈਕਟਰੀਆਂ ਰਾਹੀਂ ਨਕਲੀ ਦੁੱਧ ਦੇ ਨਾਲ ਨਕਲੀ ਖੋਆ ਅਤੇ ਪਨੀਰ ਦਾ ਉਤਪਾਦਨ ਵੀ ਵੱਡੇ ਪੱਧਰ 'ਤੇ ਹੋਣ ਲਗਦਾ ਹੈ। ਇਸ ਨਕਲੀ ਦੁੱਧ, ਖੋਏ ਤੇ ਪਨੀਰ ਤੋਂ ਬਣਨ ਵਾਲੀਆਂ ਮਿਠਾਈਆਂ ਵੀ ਓਨੀਆਂ ਹੀ ਨਕਲੀ ਅਤੇ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ 'ਚ ਰੋਜ਼ਾਨਾ 64 ਕਰੋੜ ਲੀਟਰ ਦੁੱਧ ਦੀ ਸਪਲਾਈ ਤੇ ਖ਼ਪਤ ਹੁੰਦੀ ਹੈ, ਪਰ ਤ੍ਰਾਸਦੀ ਇਹ ਹੈ ਕਿ ਇਸ 'ਚ 50 ਕਰੋੜ ਲੀਟਰ ਤੋਂ ਵੱਧ ਦੁੱਧ ਨਕਲੀ ਹੁੰਦਾ ਹੈ, ਜਦਕਿ ਬਾਕੀ ਮਾਤਰਾ 'ਚ ਵੱਡੇ ਪੱਧਰ 'ਤੇ ਮਿਲਾਵਟ ਪਾਈ ਗਈ ਹੈ। ਇਸ ਰਿਪੋਰਟ ਦੇ ਅੰਕੜਿਆਂ ਅਨੁਸਾਰ ਸਭ ਤੋਂ ਗੰਭੀਰ ਸਥਿਤੀ ਪੰਜਾਬ 'ਚ ਪਾਈ ਗਈ ਹੈ, ਜਿੱਥੇ ਨਕਲੀ ਦੁੱਧ ਤਿਆਰ ਕਰਨ ਦੀਆਂ ਕਈ ਛੋਟੀਆਂ-ਵੱਡੀਆਂ ਫੈਕਟਰੀਆਂ ਸਰਗਰਮ ਹਨ। ਇਸ ਦੁੱਧ ਦੀ ਵਰਤੋਂ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਮੰਨੀ ਜਾਂਦੀ ਹੈ। ਪੰਜਾਬ, ਰਾਜਸਥਾਨ ਤੇ ਹਰਿਆਣਾ 'ਚ ਦੁੱਧ ਦੇ 37 ਫ਼ੀਸਦੀ ਨਮੂਨੇ ਪ੍ਰੀਖਣ 'ਚ ਫੇਲ੍ਹ ਸਾਬਤ ਹੋਏ ਹਨ। ਵੱਡੇ ਪੱਧਰ 'ਤੇ ਜੋ ਨਕਲੀ ਦੁੱਧ ਤਿਆਰ ਹੁੰਦਾ ਹੈ, ਉਸ 'ਚ ਕੱਪੜੇ ਅਤੇ ਚਮੜਾ ਰੰਗਣ ਵਾਲਾ ਘਾਤਕ ਰੰਗ, ਕਾਸਟਿਕ ਸੋਡਾ ਅਤੇ ਕੱਪੜੇ ਧੋਣ ਵਾਲੇ ਹੋਰ ਸਾਮਾਨ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵੀ ਇਕ ਵੱਡੀ ਤ੍ਰਾਸਦੀ ਹੈ ਕਿ ਨਕਲੀ ਦੁੱਧ ਤਿਆਰ ਕੀਤੇ ਜਾਣ ਲਈ ਵਰਤਿਆ ਜਾਣ ਵਾਲਾ ਦੁੱਧ ਪਾਊਡਰ ਵੀ ਨਕਲੀ ਪਾਇਆ ਗਿਆ ਹੈ। ਦੁੱਧ ਪਾਊਡਰ ਦੇ 38 ਫ਼ੀਸਦੀ ਨਮੂਨੇ ਵੀ ਫੇਲ੍ਹ ਪਾਏ ਗਏ ਹਨ। ਪੰਜਾਬ ਬੇਸ਼ੱਕ ਦੁੱਧ ਉਤਪਾਦਨ 'ਚ ਮੋਢੀ ਸੂਬਿਆਂ 'ਚ ਸ਼ਾਮਿਲ ਹੈ, ਪਰ ਇੱਥੇ ਵੀ ਸ਼ੁੱਧ ਦੁੱਧ 'ਚ ਵੱਡੇ ਪੱਧਰ 'ਤੇ ਪਾਣੀ ਦੀ ਮਿਲਾਵਟ ਪਾਈ ਜਾਂਦੀ ਹੈ। ਪੰਜਾਬ 'ਚ 60 ਫ਼ੀਸਦੀ ਨਮੂਨਿਆਂ 'ਚ ਪਾਣੀ ਦੀ ਮਿਲਾਵਟ ਪਾਈ ਗਈ ਹੈ।
ਪੰਜਾਬ, ਹਰਿਆਣਾ ਤੇ ਰਾਜਸਥਾਨ 'ਚ ਦੁੱਧ ਦੀ ਪੈਕਿੰਗ ਲਈ ਵਰਤੇ ਜਾਣ ਵਾਲੇ ਪਲਾਸਟਿਕ ਤੇ ਪਾਲੀਥੀਨ ਨਾਲ ਵੀ ਉਸ 'ਚ ਘਾਤਕ ਮਾਦਿਆਂ ਦੀ ਮਾਤਰਾ ਵਧਦੀ ਹੈ। ਪਲਾਸਟਿਕ ਤੇ ਪਾਲੀਥੀਨ 'ਤੇ ਪਾਬੰਦੀ ਦੀਆਂ ਖ਼ਬਰਾਂ ਦੇ ਬਾਵਜੂਦ ਇਨ੍ਹਾਂ ਦੀ ਵਰਤੋਂ 'ਤੇ ਹਰ ਸਾਲ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਪਰ ਇਸ ਨਾਲ ਦੁੱਧ ਦੀ ਸ਼ੁੱਧਤਾ ਪ੍ਰਭਾਵਿਤ ਹੋਣ ਲਗਦੀ ਹੈ। ਨਕਲੀ ਤੇ ਮਿਲਾਵਟੀ ਦੁੱਧ ਦੇ ਕਾਰੋਬਾਰ ਨੂੰ ਲੈ ਕੇ ਅਕਸਰ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ਅਤੇ ਇਸ ਲਈ ਕਈ ਵਾਰ ਵੱਡੇ ਪੱਧਰ 'ਤੇ ਕਾਰਵਾਈ ਵੀ ਹੁੰਦੀ ਹੈ। ਪੰਜਾਬ, ਰਾਜਸਥਾਨ ਤੇ ਹਰਿਆਣਾ 'ਚ ਕਈ ਵਾਰ ਨਕਲੀ ਦੁੱਧ ਦੀਆਂ ਕਈ ਫੈਕਟਰੀਆਂ ਬਾਰੇ ਵੀ ਪਤਾ ਲਗਦਾ ਹੈ, ਪਰ ਜ਼ਿਆਦਾਤਰ ਇਹ ਕਾਰੋਬਾਰ ਅਧਿਕਾਰੀਆਂ ਤੇ ਰਾਜਨੀਤਕ ਸਰਪ੍ਰਸਤੀ ਹੇਠ ਮੁੜ ਵਧਣ ਫੁੱਲਣ ਲਗਦਾ ਹੈ। ਸੁਭਾਵਿਕ ਹੈ ਕਿ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਤੋਂ ਬਿਨਾਂ ਇਹ ਕਾਰੋਬਾਰ ਇੰਨੇ ਵੱਡੇ ਪੱਧਰ 'ਤੇ ਫੈਲ ਨਹੀਂ ਸਕਦਾ। ਇਸ 'ਤੇ ਰਾਜਨੀਤਕ ਸਰਪ੍ਰਸਤੀ ਇਨ੍ਹਾਂ ਨੂੰ ਨਿਡਰਤਾ ਪ੍ਰਦਾਨ ਕਰਵਾਉਂਦੀ ਹੈ।
ਅਸੀਂ ਸਮਝਦੇ ਹਾਂ ਕਿ ਦੇਸ਼ ਤੇ ਸੂਬਿਆਂ 'ਚ ਇਸ ਤਰ੍ਹਾਂ ਦੇ ਘਾਤਕ ਤੇ ਖ਼ਤਰਨਾਕ ਕਾਰੋਬਾਰ 'ਤੇ ਸਖ਼ਤੀ ਨਾਲ ਲਗਾਮ ਲਗਾਏ ਜਾਣ ਦੀ ਜ਼ਰੂਰਤ ਹੈ। ਪੰਜਾਬ 'ਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਬੇਸ਼ੱਕ ਇਸ ਦੌਰਾਨ ਮਿਠਾਈਆਂ ਆਦਿ ਦੀ ਮੰਗ ਨੂੰ ਦੇਖਦਿਆਂ ਦੁੱਧ ਦੀ ਖ਼ਪਤ ਵੀ ਵਧੇਗੀ। ਇਸ ਨਾਲ ਨਕਲੀ ਦੁੱਧ ਤੇ ਦੁੱਧ 'ਚ ਮਿਲਾਵਟ ਦੀਆਂ ਘਟਨਾਵਾਂ ਵੀ ਵਧਣਗੀਆਂ। ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ ਦਾ ਜੇਕਰ ਥੋੜ੍ਹਾ ਹਿੱਸਾ ਵੀ ਸੱਚ ਸਾਬਤ ਹੁੰਦਾ ਹੈ ਤਾਂ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਵਧਣ ਦੀ ਸੰਭਾਵਨਾ ਵੀ ਵਧੇਗੀ। ਪੰਜਾਬ 'ਚ ਪਹਿਲਾਂ ਹੀ ਮਾਲਵਾ ਖੇਤਰ ਕੈਂਸਰ ਪ੍ਰਭਾਵਿਤ ਪੱਟੀ ਬਣਦਾ ਜਾ ਰਿਹਾ ਹੈ। ਇਸ ਲਈ ਸੂਬਾ ਸਰਕਾਰ ਦੀ ਰਾਜਨੀਤਕ ਇੱਛਾ-ਸ਼ਕਤੀ ਜਾਗਰੂਕ ਕਰਕੇ ਨਕਲੀ ਤੇ ਘਾਤਕ ਦੁੱਧ ਦੀ ਸਪਲਾਈ ਨੂੰ ਹਰ ਹਾਲਤ 'ਚ ਰੋਕਣਾ ਚਾਹੀਦਾ ਹੈ। ਇਸ ਲਈ ਜੇਕਰ ਕਿਸੇ ਪੱਧਰ 'ਤੇ ਸਖ਼ਤੀ ਵੀ ਕਰਨੀ ਪੈਂਦੀ ਹੈ ਤਾਂ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਦਾ ਸਿੱਧਾ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ 'ਤੇ ਪੈ ਸਕਦਾ ਹੈ।*
ਕਿਸੇ ਵੀ ਦੇਸ਼ ਜਾਂ ਰਾਜ ਵਿਚ ਕਾਨੂੰਨ ਤੇ ਹੋਰ ਪ੍ਰਸ਼ਾਸਨਿਕ ਵਿਵਸਥਾ ਨੂੰ ਸੁਚਾਰੂ ਰੂਪ ਵਿਚ ਬਣਾਈ ਰੱਖਣ ਲਈ ਪੁਲਿਸ ਦੀ ਪ੍ਰਮੁੱਖ ਭੂਮਿਕਾ ਹੁੰਦੀ ਹੈ। ਸਮੇਂ-ਸਮੇਂ 'ਤੇ ਸਰਕਾਰ ਵਲੋਂ ਜਿਹੜੇ ਨਿਯਮ ਕਾਨੂੰਨ ਬਣਾਏ ਜਾਂਦੇ ਹਨ, ਉਨ੍ਹਾਂ ਦੀ ਕੋਈ ਜਾਣੇ-ਅਨਜਾਣੇ ਵਿਚ ...
ਰੋਜ਼ਾਨਾ ਮੈਨੂੰ ਕਈ ਫ਼ੋਨ ਆਉਂਦੇ ਹਨ। ਡੀ.ਡੀ. ਪੰਜਾਬੀ ਦੇ ਪ੍ਰੋਗਰਾਮਾਂ ਸਬੰਧੀ। ਕੁਝ ਯਾਦ ਰਹਿੰਦੇ ਹਨ। ਬਹੁਤੇ ਭੁੱਲ ਭੁਲਾ ਜਾਂਦੇ ਹਨ। ਬੀਤੇ ਬੁੱਧਵਾਰ ਅੰਮ੍ਰਿਤਸਰ ਤੋਂ ਫ਼ੋਨ ਸ੍ਰੀ ਹਰਵੰਤ ਸਿੰਘ ਦਾ। ਫੋਨ ਚੁੱਕਦੇ ਸਾਰ ਕਹਿਣ ਲੱਗੇ, 'ਡੀ.ਡੀ. ਪੰਜਾਬੀ ਨੇ ਕਦੇ ...
ਪਿਛਲੇ ਛੇ ਮਹੀਨਿਆਂ 'ਚ ਭਾਜਪਾ ਨੇ ਪੰਜ ਮੁੱਖ ਮੰਤਰੀ ਬਦਲੇ ਹਨ। ਆਸਾਮ 'ਚ ਸਰਬਾਨੰਦ ਸੋਨੋਵਾਲ, ਕਰਨਾਟਕਾ 'ਚ ਬੀ.ਐਸ. ਯੇਦੀਯੁਰੱਪਾ, ਉੱਤਰਾਖੰਡ 'ਚ ਤ੍ਰਿਵੇਂਦਰ ਸਿੰਘ ਰਾਵਤ ਤੇ ਤੀਰਥ ਸਿੰਘ ਰਾਵਤ ਅਤੇ ਗੁਜਰਾਤ 'ਚ ਵਿਜੈ ਰੂਪਾਨੀ ਹੁਣ ਸਾਬਕਾ ਮੁੱਖ ਮੰਤਰੀ ਹੋ ਗਏ ਹਨ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX