ਸ੍ਰੀਨਗਰ, 11 ਅਕਤੂਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ 'ਚ ਸੋਮਵਾਰ ਨੂੰ ਹੋਏ ਇਕ ਮੁਕਾਬਲੇ ਦੌਰਾਨ ਫੌਜ ਦੇ ਇਕ ਨਾਇਬ ਸੂਬੇਦਾਰ (ਜੇ.ਸੀ.ਓ.) ਸਮੇਤ 5 ਜਵਾਨ ਸ਼ਹੀਦ ਹੋ ਗਏ। ਰੱਖਿਆ ਸੂਤਰਾਂ ਅਨੁਸਾਰ ਪੁਣਛ ਦੇ ਡੇਰਾ-ਕੀ-ਗਲੀ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਪੱਕੀ ਸੂਚਨਾ ਮਿਲਣ 'ਤੇ ਫੌਜ ਵਲੋਂ ਸੋਮਵਾਰ ਤੜਕੇ ਤਲਾਸ਼ੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜਿਸ ਦੌਰਾਨ ਜੰਗਲ 'ਚ ਲੁਕੇ ਅੱਤਵਾਦੀਆਂ ਨੇ ਫੌਜ ਦੇ ਟੋਲੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ ਜੇ.ਸੀ.ਓ. ਸਮੇਤ 5 ਜਵਾਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਸਭ ਜਵਾਨ ਜ਼ਖ਼ਮਾਂ ਦੀ ਤਾਬ ਨਾ ਝਲਦੇ ਦਮ ਤੋੜ ਗਏ। ਸ਼ਹੀਦ ਜਵਾਨਾਂ ਦੀ ਪਛਾਣ ਜੇ.ਸੀ.ਓ. ਜਸਵਿੰਦਰ ਸਿੰਘ (ਪੰਜਾਬ), ਸਿਪਾਹੀ ਸਰਾਜ ਸਿੰਘ (ਉੱਤਰ ਪ੍ਰਦੇਸ਼), ਨਾਇਕ ਮਨਦੀਪ ਸਿੰਘ (ਪੰਜਾਬ), ਸਿਪਾਹੀ ਗੱਜਣ ਸਿੰਘ (ਪੰਜਾਬ) ਅਤੇ ਸਿਪਾਹੀ ਵੈਸ਼ਾਖ ਐਚ. (ਕੇਰਲ) ਵਜੋ ਹੋਈ ਹੈ। ਇਲਾਕੇ 4-5 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ, ਫੌਜ ਨੇ ਇਲਾਕੇ 'ਚ ਹੋਰ ਦਸਤੇ ਤਾਇਨਾਤ ਕਰਕੇ ਅੱਤਵਾਦੀਆਂ ਦੀ ਭਾਲ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਇਸ ਮੁਕਾਬਲੇ ਬਾਅਦ ਫੌਜ ਨੇ ਤਲਾਸ਼ੀ ਮੁਹਿੰਮ ਦਾ ਘੇਰਾ ਪੁਣਛ ਸਬ ਡਿਵੀਜ਼ਨ ਦੇ ਸੂਰਨਕੋਟ ਤੋਂ ਰਾਜੌਰੀ ਦੇ ਬੰਗਾਈ ਪਿੰਡ ਤੱਕ ਵਧਾ ਦਿੱਤਾ ਹੈ। ਆਖਰੀ ਖਬਰਾਂ ਮਿਲਣ ਤੱਕ ਫੌਜ ਤੇ ਅੱਤਵਾਦੀਆਂ ਵਿਚਾਲੇ ਰੁਕ-ਰੁਕ ਕੇ ਗੋਲੀਬਾਰੀ ਦਾ ਸਿਲਸਿਲਾ ਜਾਰੀ ਸੀ।
ਕਾਂਗਰਸ ਵਲੋਂ ਦੁੱਖ ਦਾ ਪ੍ਰਗਟਾਵਾ
ਜੰਮੂ-ਕਸ਼ਮੀਰ ਦੀ ਕਾਂਗਰਸ ਇਕਾਈ ਨੇ ਸੋਮਵਾਰ ਨੂੰ ਪੁਣਛ ਦੇ ਸੂਰਨਕੋਟ ਇਲਾਕੇ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਇਕ ਨਾਇਬ ਸੂਬੇਦਾਰ ਸਮੇਤ 5 ਫ਼ੌਜੀਆਂ ਦੇ ਸ਼ਹੀਦ ਹੋਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜੰਮੂ-ਕਸ਼ਮੀਰ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ.ਏ. ਮੀਰ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਅੱਤਵਾਦੀਆਂ ਦੇ ਹਮਲੇ ਨੂੰ 'ਕਾਇਰਤਾਪੂਰਨ ਕਾਰਾ' ਦੱਸਿਆ ਹੈ।
ਸੁਖਬੀਰ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ
ਚੰਡੀਗੜ੍ਹ, 11 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੁਣਛ 'ਚ ਪੰਜਾਬ ਦੇ 3 ਜਵਾਨਾਂ ਦੇ ਸ਼ਹੀਦ ਹੋਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਨੇ 5 ਬਹਾਦਰ ਸੈਨਿਕ ਗੁਆ ਲਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਜਵਾਨਾਂ ਨੇ ਹਮੇਸ਼ਾ ਵਾਂਗ ਇਸ ਵਾਰ ਵੀ ਦੇਸ਼ ਵਾਸਤੇ ਸ਼ਹਾਦਤਾਂ ਦੇਣ 'ਚ ਸਭ ਤੋਂ ਮੂਹਰੇ ਰਹਿੰਦਿਆਂ 5 'ਚੋਂ 3 ਸ਼ਹੀਦੀ ਪ੍ਰਾਪਤ ਕੀਤੀ ਹੈ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ ਦੀ ਅਰਦਾਸ ਕੀਤੀ ਹੈ।
ਰੰਧਾਵਾ ਵਲੋਂ ਪੰਜਾਬ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼
ਚੰਡੀਗੜ੍ਹ, 11 ਅਕਤੂਬਰ (ਅਜੀਤ ਬਿਊਰੋ)-ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਪੁਣਛ ਇਲਾਕੇ ਵਿਚ ਅੱਤਵਾਦੀਆਂ ਵਲੋਂ ਫ਼ੌਜ 'ਤੇ ਕੀਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਪੱਸ਼ਟ ਹੈ ਕਿ ਗੁਆਂਢੀ ਮੁਲਕ ਆਪਣੀਆਂ ਘਟੀਆ ਕਾਰਵਾਈਆਂ ਤੋਂ ਬਾਜ਼ ਨਹੀਂ ਆ ਰਿਹਾ। ਉਨ੍ਹਾਂ ਸ਼ਹੀਦ ਜਵਾਨਾਂ ਦੀ ਮੌਤ 'ਤੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸ. ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਖਾਸ ਕਰਕੇ ਸਰਹੱਦੀ ਖੇਤਰਾਂ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਅਨੰਤਨਾਗ ਤੇ ਹਾਜਿਨ ਮੁਕਾਬਲਿਆਂ 'ਚ 2 ਅੱਤਵਾਦੀ ਹਲਾਕ
ਸ੍ਰੀਨਗਰ,11 ਅਕਤੂਬਰ (ਮਨਜੀਤ ਸਿੰਘ)-ਉੱਤਰੀ ਅਤੇ ਦੱਖਣੀ ਕਸ਼ਮੀਰ 'ਚ ਸੋਮਵਾਰ ਨੂੰ ਹੋਏ 2 ਵੱਖ- ਵੱਖ ਮੁਕਾਬਲਿਆਂ 'ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਮੁਕਾਬਲੇ ਦੌਰਾਨ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਖਾਹਗੁੰਡ ਵੈਰੀਨਾਗ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਅੱਜ ਸਵੇਰੇ ਹੋਏ ਮੁਕਬਾਲੇ ਦੌਰਾਨ ਇਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ ਜਿਸ ਦੇ ਕਬਜ਼ੇ 'ਚੋਂ 1 ਪਿਸਤੌਲ ਤੇ ਗ੍ਰਨੇਡ ਬਰਾਮਦ ਕੀਤਾ ਗਿਆ। ਉਧਰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਦੇ ਗੁੰਡਜਹਾਂਗੀਰ ਇਲਾਕੇ 'ਚ ਹੋਏ ਇਕ ਹੋਰ ਮੁਕਾਬਲੇ ਦੌਰਾਨ ਲਸ਼ਕਰ ਦੇ 'ਹਿੱਟ-ਸਕਾਡ' ਟੀ.ਆਰ.ਐਫ. ਦਾ ਇਕ ਲੋੜੀਂਦਾ ਅੱਤਵਾਦੀ ਇਮਤਿਯਾਜ਼ ਅਹਿਮਦ ਡਾਰ ਉਰਫ ਕੋਤਰੂ ਮਾਰਿਆ ਗਿਆ। ਆਈ.ਜੀ.ਪੀ. ਕਸ਼ਮੀਰ ਰੇਂਜ ਵਿਜੇ ਕੁਮਾਰ ਨੇ ਟਵੀਟ ਕਰ ਦੱਸਿਆ ਕਿ ਮਾਰਿਆ ਗਿਆ ਅੱਤਵਾਦੀ ਟੀ.ਆਰ.ਐਫ. ਨਾਲ ਸੰਬੰਧਤਿ ਸੀ ਅਤੇ ਪਿਛਲੇ ਹਫ਼ਤੇ ਹਾਜਿਨ ਦੇ ਨਾਇਦ ਖਾਹੀ ਇਲਾਕੇ 'ਚ ਸਮੋਓ ਸਟੈਂਡ ਦੇ ਪ੍ਰਧਾਨ ਤਨਵੀਰ ਅਹਿਮਦ ਦੀ ਹੱਤਿਆ ਲਈ ਜ਼ਿੰਮੇਵਾਰ ਸੀ। ਪੁਲਿਸ ਮੁਤਾਬਿਕ ਬੀਤੇ ਦਿਨ ਪੁਲਿਸ ਵਲੋਂ ਇਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਇਹ ਸਭ ਉਕਤ ਹੱਤਿਆ 'ਚ ਸ਼ਾਮਿਲ ਸਨ।
ਦੇਸ਼ ਲਈ ਜਾਨਾਂ ਵਾਰ ਗਏ
ਸੈਨਾ ਮੈਡਲ ਨਾਲ ਸਨਮਾਨਿਤ ਸੀ ਮਾਨਾ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ
ਭੁਲੱਥ, 11 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ, ਮਨਜੀਤ ਸਿੰਘ ਰਤਨ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਭੁਲੱਥ ਦੇ ਪਿੰਡ ਮਾਨਾ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ (39) ਸ਼ਹੀਦ ਹੋ ਗਿਆ ਹੈ। ਸ਼ਹੀਦ ਜਸਵਿੰਦਰ ਸਿੰਘ ਦੇ ਵੱਡੇ ਭਰਾ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਫ਼ੌਜ ਵਿਚੋਂ ਸੇਵਾ-ਮੁਕਤ ਹੋਏ ਹਨ, ਉਨ੍ਹਾਂ ਦਾ ਛੋਟਾ ਭਰਾ ਜਸਵਿੰਦਰ ਸਿੰਘ ਮਈ ਮਹੀਨੇ ਵਿਚ ਆਪਣੇ ਪਿਤਾ ਕੈਪਟਨ ਹਰਭਜਨ ਸਿੰਘ ਦੀ ਮੌਤ 'ਤੇ ਛੁੱਟੀ ਕੱਟਣ ਆਇਆ ਸੀ। ਸ਼ਹੀਦ ਦੇ ਘਰ ਵਿਚ ਉਸ ਦੀ ਪਤਨੀ ਸੁਖਪ੍ਰੀਤ ਕੌਰ, ਇਕ ਪੁੱਤਰ (13) ਤੇ ਇਕ ਪੁੱਤਰੀ (11) ਅਤੇ ਬਜ਼ੁਰਗ ਮਾਤਾ ਹੈ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਕਰੀਬ 21 ਸਾਲ ਪਹਿਲਾਂ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ ਅਤੇ 2007 ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਬਹਾਦਰੀ ਦਿਖਾਉਣ 'ਤੇ ਉਸ ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਹੀਦ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ 12 ਅਕਤੂਬਰ ਨੂੰ ਦੇਰ ਸ਼ਾਮ ਪਿੰਡ ਪਹੁੰਚਣ ਦੀ ਉਮੀਦ ਹੈ।
ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਚੱਠਾ ਨਾਲ ਸੰਬੰਧਿਤ ਸੀ ਸ਼ਹੀਦ ਮਨਦੀਪ ਸਿੰਘ
ਕਾਲਾ ਅਫਗਾਨਾ, 11 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਚੱਠਾ ਦੇ ਫ਼ੌਜੀ ਜਵਾਨ ਮਨਦੀਪ ਸਿੰਘ ਜੰਮੂ-ਕਸ਼ਮੀਰ ਦੇ ਪੁਣਛ ਖੇਤਰ 'ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਸਿੰਘ ਫ਼ੌਜ ਦੀ 16 ਰਾਸ਼ਟਰੀਆ ਰਾਈਫਲ ਯੂਨਿਟ 11 ਸਿੱਖ ਰੈਜੀਮੈਂਟ 'ਚ ਕਰੀਬ 10 ਸਾਲ ਤੋਂ ਨੌਕਰੀ ਕਰਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫ਼ੌਜੀ ਜਵਾਨ ਦਾ ਅੰਤਿਮ ਸੰਸਕਾਰ 12 ਅਕਤੂਬਰ ਨੂੰ ਪਿੰਡ ਚੱਠਾ ਵਿਖੇ ਬਾਅਦ ਦੁਪਹਿਰ ਕੀਤਾ ਜਾਵੇਗਾ।
ਇਸੇ ਸਾਲ ਫਰਵਰੀ 'ਚ ਵਿਆਹਿਆ ਸੀ ਨੂਰਪੁਰ ਬੇਦੀ ਦਾ ਗੱਜਣ ਸਿੰਘ
ਨੂਰਪੁਰ ਬੇਦੀ, 11 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ਵਿਚ ਅੱਜ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਇਕ ਨਾਇਬ ਸੂਬੇਦਾਰ (ਜੇ.ਸੀ.ਓ.) ਸਮੇਤ ਸ਼ਹੀਦ ਹੋਏ 5 ਫ਼ੌਜੀਆਂ 'ਚੋਂ 4 ਪੰਜਾਬ ਨਾਲ ਸਬੰਧਿਤ ਹਨ ਅਤੇ ਇਨ੍ਹਾਂ 'ਚ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਪਚਰੰਡਾ ਦਾ ਫ਼ੌਜੀ ਗੱਜਣ ਸਿੰਘ ਵੀ ਸ਼ਾਮਿਲ ਹੈ। ਮਿਲੀ ਜਾਣਕਾਰੀ ਅਨੁਸਾਰ ਗੱਜਣ ਸਿੰਘ (27) ਪੁੱਤਰ ਚਰਨ ਸਿੰਘ ਤੇ ਮਲਕੀਤ ਕੌਰ 8 ਸਾਲ ਪਹਿਲਾਂ ਭਾਰਤੀ ਫ਼ੌਜ ਦੀ 23 ਸਿੱਖ ਰੈਜੀਮੈਂਟ 'ਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਫ਼ੌਜ ਦੀ 16 ਆਰ.ਆਰ. ਰੈਜੀਮੈਂਟ ਵਿਚ ਪੁਣਛ ਵਿਖੇ ਤਾਇਨਾਤ ਸੀ। ਜਵਾਨ ਗੱਜਣ ਸਿੰਘ ਦਾ ਵਿਆਹ ਇਸੇ ਸਾਲ ਫਰਵਰੀ ਵਿਚ ਹੋਇਆ ਸੀ, ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ ਭਰ ਜਵਾਨੀ ਵਿਚ ਵਿਧਵਾ ਹੋ ਗਈ ਹੈ। ਗੱਜਣ ਸਿੰਘ ਦੀ ਸ਼ਹੀਦੀ ਦੀ ਖ਼ਬਰ ਮਿਲਣ 'ਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਗੱਜਣ ਸਿੰਘ ਦੇ ਦੋ ਹੋਰ ਭਰਾ ਹਨ। ਦੱਸਣਯੋਗ ਹੈ ਕਿ ਕੁਝ ਅਰਸਾ ਪਹਿਲਾਂ ਵੀ ਨੂਰਪੁਰ ਬੇਦੀ ਬਲਾਕ ਦੇ 3 ਜਵਾਨ ਸ਼ਹੀਦ ਹੋ ਚੁੱਕੇ ਹਨ। ਸ਼ਹੀਦ ਗੱਜਣ ਸਿੰਘ ਕਿਸਾਨੀ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ, ਉਹ 8 ਫ਼ਰਵਰੀ, 2021 ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਪਲਾਸੀ ਵਿਖੇ ਹਰਪ੍ਰੀਤ ਕੌਰ ਨਾਲ ਆਪਣੇ ਵਿਆਹ ਸਮੇਂ ਆਪਣੀ ਬਰਾਤ ਵੀ ਟਰੈਕਟਰ 'ਤੇ ਲੈ ਕੇ ਗਿਆ ਸੀ ਅਤੇ ਆਪਣੀ ਲਾੜੀ ਹਰਪ੍ਰੀਤ ਕੌਰ ਨੂੰ ਟਰੈਕਟਰ 'ਤੇ ਹੀ ਵਿਆਹ ਕੇ ਲਿਆਇਆ ਸੀ, ਸਾਦੇ ਢੰਗ ਅਤੇ ਬਿਨਾਂ ਦਾਜ ਦਹੇਜ ਤੋਂ ਹੋਏ ਇਸ ਵਿਆਹ ਦੀ ਚਰਚਾ ਪੂਰੇ ਇਲਾਕੇ ਵਿਚ ਹੋਈ ਸੀ। ਤਿੰਨ ਭਰਾਵਾਂ 'ਚੋਂ ਸਭ ਤੋਂ ਛੋਟੇ ਗੱਜਣ ਸਿੰਘ ਨੇ ਆਪਣੇ ਭਰਾਵਾਂ ਵਾਂਗ ਬਿਨਾਂ ਦਾਜ ਵਿਆਹ ਕਰਵਾਇਆ ਸੀ, ਉਸ ਦੇ ਪਿਤਾ ਚਰਨ ਸਿੰਘ ਇਕ ਛੋਟੇ ਕਿਰਸਾਨੀ ਪਰਿਵਾਰ ਨਾਲ ਸੰਬੰਧਿਤ ਹਨ। ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਾਬਕਾ ਸਰਪੰਚ ਬਾਬਾ ਦਿਲਬਾਗ ਸਿੰਘ ਮਾਣਕੂਮਾਜਰਾ ਨੇ ਦੱਸਿਆ ਕਿ ਗੱਜਣ ਸਿੰਘ ਨੇ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਰਥਿਕ ਤੰਗੀ ਤੋਂ ਬਾਹਰ ਕੱਢਿਆ ਸੀ।
ਨਵੀਂ ਦਿੱਲੀ, 11 ਅਕਤੂਬਰ (ਉਪਮਾ ਡਾਗਾ ਪਾਰਥ)-ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਐਤਵਾਰ ਨੂੰ ਹੋਈ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਬੇਸਿੱਟਾ ਰਹੀ। ਦੋਵਾਂ ਧਿਰਾਂ ਦਰਮਿਆਨ ਤਕਰੀਬਨ 2 ਮਹੀਨੇ ਬਾਅਦ ਹੋਈ ਗੱਲਬਾਤ ਲਗਭਗ ਸਾਢੇ 8 ਘੰਟੇ ਚੱਲੀ। ਭਾਰਤੀ ਫ਼ੌਜ ਨੇ ਗੱਲਬਾਤ ਤੋਂ ਬਾਅਦ ਜਾਰੀ ਬਿਆਨ 'ਚ ਕਿਹਾ ਕਿ ਚੀਨ ਨਾ ਤਾਂ ਰਾਜ਼ੀ ਹੋਇਆ ਅਤੇ ਨਾ ਹੀ ਉਸ ਨੇ ਕੋਈ ਪ੍ਰਸਤਾਵ ਰੱਖਿਆ। ਭਾਰਤੀ ਫ਼ੌਜ ਨੇ ਕਿਹਾ ਕਿ ਮੀਟਿੰਗ ਦੌਰਾਨ ਭਾਰਤੀ ਧਿਰ ਵਲੋਂ ਉਸਾਰੂ ਸੁਝਾਅ ਦਿੱਤੇ ਗਏ ਪਰ ਚੀਨ ਨਾ ਤਾਂ ਉਨ੍ਹਾਂ ਸੁਝਾਵਾਂ 'ਤੇ ਰਾਜ਼ੀ ਹੋਇਆ ਅਤੇ ਨਾ ਹੀ ਉਸ ਵਲੋਂ ਕੋਈ ਪ੍ਰਸਤਾਵ ਸਾਹਮਣੇ ਰੱਖਿਆ ਗਿਆ। ਹਾਲਾਂਕਿ ਦੋਵੇਂ ਧਿਰਾਂ ਸੰਪਰਕ ਬਣਾਈ ਰੱਖਣ ਅਤੇ ਜ਼ਮੀਨ 'ਤੇ ਸਥਿਰਤਾ ਬਣਾਈ ਰੱਖਾਂ 'ਤੇ ਸਹਿਮਤ ਹੋਈਆਂ। ਗੱਲਬਾਤ ਦੌਰਾਨ ਭਾਰਤੀ ਫ਼ੌਜ ਨੇ ਚੀਨ ਨੂੰ ਲੱਦਾਖ ਸਰਹੱਦ ਕੋਲ ਟਕਰਾਅ ਵਾਲੀਆਂ ਸਾਰੀਆਂ ਥਾਵਾਂ ਤੋਂ ਪਿੱਛੇ ਹਟਣ ਲਈ ਕਿਹਾ ਅਤੇ ਮਈ 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਕਰਨ ਨੂੰ ਕਿਹਾ। ਭਾਰਤ ਵਲੋਂ ਚੀਨ ਨੂੰ ਤਣਾਅ ਦੇ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਅਸਲ ਕੰਟਰੋਲ ਰੇਖਾ ਕੋਲ ਤਣਾਅ ਦੀ ਇਹ ਸਥਿਤੀ ਚੀਨ ਵਲੋਂ ਜਿਉਂ ਦੇ ਤਿਉਂ ਹਾਲਾਤ ਨੂੰ ਬਦਲਣ ਅਤੇ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਦੀਆਂ ਇਸਪਾਸੜ ਕੋਸ਼ਿਸ਼ਾਂ ਕਾਰਨ ਪੈਦਾ ਹੋਈ ਹੈ। ਭਾਰਤੀ ਧਿਰ ਨੇ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਦੁਸ਼ਾਂਬੇ 'ਚ ਹੋਈ ਬੈਠਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੀਟਿੰਗ ਤੋਂ ਨਿਕਲੇ ਨਤੀਜਿਆਂ ਦੇ ਮੁਤਾਬਿਕ ਹੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ। ਚੀਨ ਨੇ ਵੀ ਗੱਲਬਾਤ ਤੋਂ ਬਾਅਦ ਬਿਆਨ ਜਾਰੀ ਕਰਦਿਆਂ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਭਾਰਤ ਨੂੰ ਹਾਲਾਤ ਦਾ ਗ਼ਲਤ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਸਗੋਂ ਭਾਰਤੀ ਫ਼ੌਜ ਨੂੰ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ 'ਚ ਮੁਸ਼ਕਿਲ ਹਾਲਾਤ 'ਚ ਬਣੀ ਸੁਖਾਲੀ ਸਥਿਤੀ ਨੂੰ ਲੈ ਕੇ ਚੰਗਾ ਮਹਿਸੂਸ ਕਰਨਾ ਚਾਹੀਦਾ ਹੈ। ਚੀਨ ਨੇ ਇਹ ਵੀ ਕਿਹਾ ਕਿ ਭਾਰਤ ਦੀਆਂ ਗ਼ੈਰ-ਵਾਜਬ ਅਤੇ ਗ਼ੈਰ-ਹਕੀਕੀ ਮੰਗਾਂ ਨੇ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ 'ਚ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਦੇ ਕੋਲ ਅਸਲ ਕੰਟਰੋਲ ਰੇਖਾ 'ਤੇ ਪਿਛਲੇ ਡੇਢ ਸਾਲ ਤੋਂ ਚੱਲ ਰਹੇ ਅੜਿੱਕੇ ਦੌਰਾਨ ਦੋਵਾਂ ਧਿਰਾਂ 'ਚ 13 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਹਾਟ ਸਪ੍ਰਿੰਗ, ਡੇਮਚੋਕ ਅਤੇ ਡੇਪਸਾਂਗ 'ਚ ਤਣਾਅ ਅਜੇ ਵੀ ਜਾਰੀ ਹੈ।
ਨਵੀਂ ਦਿੱਲੀ, 11 ਅਕਤੂਬਰ (ਉਪਮਾ ਡਾਗਾ ਪਾਰਥ)-ਦੇਸ਼ 'ਚ ਕੋਲੇ ਦੀ ਕਿੱਲਤ ਅਤੇ ਇਸ ਦੇ ਕਾਰਨ ਬਿਜਲੀ ਦੇ ਸੰਕਟ ਦੇ ਹੋਰ ਡੂੰਘਾ ਹੋਣ ਦੇ ਖਦਸ਼ਿਆਂ ਦਰਮਿਆਨ ਗ੍ਰਹਿ ਮੰਤਰੀ ਅਮਿਤ ਸ਼ਾਹ ਸਰਗਰਮ ਹੋ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਊਰਜਾ ਮੰਤਰੀ ਆਰ.ਕੇ.ਸਿੰਘ ਅਤੇ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ। ਇਸ ਬੈਠਕ 'ਚ ਉਨ੍ਹਾਂ ਮੰਤਰਾਲਿਆਂ ਦੇ ਆਲ੍ਹਾ ਅਫ਼ਸਰ ਅਤੇ ਐੱਨ.ਟੀ.ਪੀ.ਸੀ. ਦੇ ਅਧਿਕਾਰੀ ਵੀ ਸ਼ਾਮਿਲ ਹੋਏ। ਹਲਕਿਆਂ ਮੁਤਾਬਿਕ ਤਕਰੀਬਨ 1 ਘੰਟੇ ਦੀ ਮੀਟਿੰਗ ਦੌਰਾਨ ਤਿੰਨੋਂ ਮੰਤਰੀਆਂ ਨੇ ਪਾਵਰ ਪਲਾਂਟਾਂ 'ਚ ਕੋਲੇ ਦੀ ਉਪਲਬਧਤਾ ਅਤੇ ਊਰਜਾ ਦੀ ਮੌਜੂਦਾ ਮੰਗ ਆਦਿ ਮੁੱਦਿਆਂ 'ਤੇ ਤਵਸੀਲੀ ਚਰਚਾ ਕੀਤੀ। ਪੰਜਾਬ ਸਮੇਤ ਕਈ ਰਾਜਾਂ ਨੇ ਕੋਲੇ ਦੀ ਕਮੀ ਦੇ ਹਵਾਲੇ ਨਾਲ ਸੂਬੇ 'ਚ 'ਬਲੈਕ ਆਊਟ' ਹੋਣ ਦੀ ਚਿਤਾਵਨੀ ਦਿੱਤੀ ਹੈ। ਹਾਲਾਂਕਿ ਊਰਜਾ ਮੰਤਰੀ ਆਰ. ਕੇ. ਸਿੰਘ ਨੇ ਵਾਰ-ਵਾਰ ਭਰੋਸਾ ਦਿਵਾਉਂਦਿਆਂ ਕਿਹਾ ਕਿ ਕੋਲੇ ਦਾ ਸੰਕਟ ਨਾ ਸੀ, ਨਾ ਹੈ ਅਤੇ ਨਾ ਹੀ ਹੋਵੇਗਾ। ਊਰਜਾ ਮੰਤਰੀ ਮੁਤਾਬਿਕ ਪਾਵਰ ਪਲਾਂਟਾਂ 'ਚ ਇਸ ਸਮੇਂ 72 ਲੱਖ ਟਨ ਭੰਡਾਰ ਹੈ, ਜੋ ਕਿ 4 ਦਿਨਾਂ ਲਈ ਕਾਫ਼ੀ ਹੈ। ਉਨ੍ਹਾਂ ਕਿਹਾ ਕਿ ਇਸ ਭੰਡਾਰ ਨੂੰ ਲਗਾਤਾਰ 'ਰੀਫਿਲ' ਭਾਵ ਮੁੜ ਭਰਿਆ ਜਾ ਰਿਹਾ ਹੈ। ਪੰਜਾਬ, ਗੁਜਰਾਤ, ਦਿੱਲੀ, ਰਾਜਸਥਾਨ ਅਤੇ ਤਾਮਿਨਾਡੂ ਸਮੇਤ ਕਈ ਰਾਜਾਂ ਨੇ ਕੋਲੇ ਦੀ ਕਮੀ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ਦਾ ਮੁੱਖ ਕਾਰਨ ਹੈ ਕਿ ਆਮੂਮਨ ਦੇਸ਼ 'ਚ ਕੋਲੇ ਦਾ ਭੰਡਾਰ 17 ਦਿਨ ਦਾ ਹੁੰਦਾ ਸੀ ਜੋ ਕਿ ਹੁਣ ਘਟ ਕੇ 4 ਦਿਨ ਦਾ ਹੋ ਗਿਆ ਹੈ। ਊਰਜਾ ਮੰਤਰੀ ਨੇ ਬਿਜਲੀ ਸੰਕਟ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਸੰਬੰਧ 'ਚ ਦਹਿਸ਼ਤ ਉਸ ਵੇਲੇ ਪੈਦਾ ਹੋਈ ਜਦੋਂ ਗੇਲ ਨੇ ਭਵਾਨਾ ਪਾਵਰ ਪਲਾਂਟ ਨੂੰ ਕਿਹਾ ਕਿ 2 ਦਿਨ ਬਾਅਦ ਉਹ ਬਿਜਲੀ ਸਪਲਾਈ ਰੋਕ ਦੇਣਗੇ। ਆਰ.ਕੇ. ਸਿੰਘ ਨੇ ਕਿਹਾ ਕਿ ਗੇਲ ਦਾ ਕਰਾਰ ਖ਼ਤਮ ਹੋਣ ਵਾਲਾ ਸੀ ਪਰ ਸੋਮਵਾਰ ਨੂੰ ਬੈਠਕ 'ਚ ਸ਼ਾਮਿਲ ਗੇਲ ਦੇ ਸੀ.ਐੱਮ.ਡੀ. ਨੂੰ ਸਪਲਾਈ ਜਾਰੀ ਰੱਖਣ ਲਈ ਕਿਹਾ ਗਿਆ। ਊਰਜਾ ਮੰਤਰੀ ਨੇ ਇਸ ਬਿਜਲੀ ਸੰਕਟ ਨੂੰ ਜਾਣਬੁੱਝ ਕੇ ਪੈਦਾ ਕੀਤਾ ਡਰ ਕਰਾਰ ਦਿੰਦਿਆਂ ਕਿਹਾ ਕਿ ਗੇਲ ਅਤੇ ਟਾਟਾ ਪਾਵਰ ਦਰਮਿਆਨ ਹੋਏ ਗ਼ਲਤ ਸੰਚਾਰ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਊਰਜਾ ਮੰਤਰੀ ਵਲੋਂ ਦੋਵਾਂ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਵਲੋਂ ਖਪਤਕਾਰਾਂ ਨੂੰ ਡਰਾਉਣ ਵਾਲੇ ਸੰਦੇਸ਼ ਭੇਜੇ ਗਏ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਹ ਸਪੱਸ਼ਟੀਕਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਤੀ ਚਿਤਾਵਨੀ ਤੋਂ ਇਕ ਦਿਨ ਬਾਅਦ ਆਏ ਹਨ ਜਦੋਂ ਉਨ੍ਹਾਂ ਕੋਲੇ ਦੀ ਘਾਟ ਕਾਰਨ ਰਾਜਧਾਨੀ ਦਿੱਲੀ 'ਚ ਬਿਜਲੀ ਸੰਕਟ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਹਾਸਲ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਕੋਲੇ ਦੀ ਘਾਟ ਕਾਰਨ ਭਾਰਤ ਦੇ 135 ਪਾਵਰ ਪਲਾਟਾਂ 'ਚੋਂ 13 ਬੰਦ ਕਰ ਦਿੱਤੇ ਗਏ ਹਨ।
ਜਲੰਧਰ, 11 ਅਕਤੂਬਰ (ਸ਼ਿਵ ਸ਼ਰਮਾ)-ਕੋਲੇ ਦੀ ਕਮੀ ਕਰਕੇ ਰਾਜ ਵਿਚ ਬਿਜਲੀ ਸੰਕਟ ਲਗਾਤਾਰ ਜਾਰੀ ਹੈ ਤੇ ਹੁਣ ਰੋਜ਼ਾਨਾ 5 ਘੰਟੇ ਤੋਂ ਜ਼ਿਆਦਾ ਸਮਾਂ ਤੱਕ ਦੇ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਰਕੇ ਲੋਕਾਂ ਦੇ ਕਾਰੋਬਾਰ 'ਤੇ ਇਸ ਦਾ ਸਿੱਧਾ ਅਸਰ ਪੈ ਰਿਹਾ ਹੈ। ਖੇਤੀ ਸੈਕਟਰ ਵਿਚ ਰੋਜ਼ਾਨਾ ਸਿਰਫ਼ 3.5 ਘੰਟੇ ਹੀ ਬਿਜਲੀ ਸਪਲਾਈ ਮਿਲਣ ਕਾਰਨ ਰਾਜ ਵਿਚ ਕਈ ਬਿਜਲੀ ਦਫ਼ਤਰਾਂ ਦੇ ਅੱਗੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕੋਲੇ ਦੀ ਕਮੀ ਤਾਂ ਸਾਰੇ ਮੰਨ ਰਹੇ ਹਨ ਪਰ ਕੋਲੇ ਦੀ ਸਪਲਾਈ ਆਮ ਦਿਨਾਂ ਵਾਂਗ ਹੋਣ ਲਈ ਅਜੇ ਕੁਝ ਦਿਨ ਹੋਰ ਲੱਗ ਜਾਣ ਦੀ ਸੰਭਾਵਨਾ ਹੈ। ਰਾਜ ਵਿਚ ਇਸ ਵੇਲੇ ਕੋਲੇ ਦੀ ਕਮੀ ਕਰਕੇ 1000 ਮੈਗਾਵਾਟ ਬਿਜਲੀ ਦੀ ਕਮੀ ਹੈ। ਇਸ ਕਮੀ ਨੂੰ ਦੂਰ ਕਰਨ ਲਈ ਪਾਵਰਕਾਮ ਵਲੋਂ 11.60 ਰੁਪਏ ਪ੍ਰਤੀ ਯੂਨਿਟ ਮੁਤਾਬਕ ਬਿਜਲੀ ਖ਼ਰੀਦੀ ਜਾ ਰਹੀ ਹੈ। ਐਤਵਾਰ ਨੂੰ ਹੀ ਪਾਵਰਕਾਮ ਨੇ ਕਰੀਬ 285 ਲੱਖ ਯੂਨਿਟ ਬਿਜਲੀ ਦੀ ਖ਼ਰੀਦ ਕੀਤੀ। ਐਤਵਾਰ ਨੂੰ ਬਿਜਲੀ ਦੀ ਮੰਗ 1892 ਲੱਖ ਯੂਨਿਟ ਸੀ ਪਰ ਸਿਰਫ਼ 1796 ਲੱਖ ਯੂਨਿਟ ਹੀ ਬਿਜਲੀ ਮਿਲ ਸਕੀ। ਪੰਜਾਬ ਵਿਚ ਇਸ ਵੇਲੇ 8850 ਮੈਗਾਵਾਟ ਬਿਜਲੀ ਦੀ ਮੰਗ ਹੈ, ਜਿਸ ਕਰਕੇ ਪਾਵਰਕਾਮ ਨੂੰ 1000 ਮੈਗਾਵਾਟ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਮਹਿੰਗੀ ਕੀਮਤ 'ਤੇ ਬਿਜਲੀ ਖ਼ਰੀਦਣੀ ਪੈ ਰਹੀ ਹੈ। ਪੰਜਾਬ ਦੇ ਮਾਮਲੇ ਵਿਚ ਨਿੱਜੀ ਥਰਮਲ ਪਲਾਂਟਾਂ ਕੋਲ ਇਸ ਵੇਲੇ ਦੋ ਦਿਨ ਤੋਂ ਵੀ ਘੱਟ ਕੋਲੇ ਦਾ ਭੰਡਾਰ ਰਹਿ ਗਿਆ ਹੈ। ਰਾਜਪੁਰਾ ਵਿਚ 1.9 ਦਿਨ, ਤਲਵੰਡੀ ਸਾਬੋ ਵਿਚ 1.6, ਜੀਵੀਕੇ ਕੋਲ 0.8 ਦਿਨ ਦਾ ਕੋਲੇ ਦਾ ਭੰਡਾਰ ਹੈ। ਇਸ ਦੇ ਮੁਕਾਬਲੇ ਰੋਪੜ ਥਰਮਲ ਪਲਾਂਟ ਵਿਚ 3.6 ਦਿਨਾਂ ਤੇ ਲਹਿਰਾ ਵਿਚ 7.8 ਦਿਨ ਦਾ ਕੋਲਾ ਭੰਡਾਰ ਮੌਜੂਦ ਹੈ। ਰੋਪੜ, ਜੀਵੀਕੇ, ਲਹਿਰਾ ਥਰਮਲ ਪਲਾਂਟ ਨੂੰ ਕੱਲ੍ਹ ਕੋਈ ਕੋਲਾ ਨਹੀਂ ਮਿਲਿਆ। ਕੋਲੇ ਦੀ ਕਮੀ ਕਾਰਨ ਰੋਪੜ ਤੇ ਤਲਵੰਡੀ ਸਾਬੋ ਅੱਧੇ ਲੋਡ 'ਤੇ ਚੱਲ ਰਹੇ ਹਨ। ਇਕ ਪਾਸੇ ਕੋਲੇ ਦੇ ਕਮੀ ਕਰਕੇ ਰਾਜ ਵਿਚ ਬਿਜਲੀ ਸੰਕਟ ਪੈਦਾ ਹੋਇਆ ਹੈ ਤੇ ਖੇਤੀ ਸੈਕਟਰ ਨੂੰ ਕਾਫੀ ਘੱਟ ਬਿਜਲੀ ਮਿਲ ਰਹੀ ਹੈ ਪਰ ਦੂਜੇ ਪਾਸੇ ਖੇਤੀ ਸੈਕਟਰ ਵਿਚ ਬਿਜਲੀ ਕੱਟ ਲੱਗਣ ਕਰਕੇ ਸਰਕਾਰ ਦੀ ਬਿਜਲੀ ਦੀ ਸਬਸਿਡੀ ਦੀ ਰਕਮ ਵੀ ਘਟ ਰਹੀ ਹੈ। ਆਲ ਇੰਡੀਆ ਪਾਵਰ ਇੰਜੀ. ਦੇ ਬੁਲਾਰੇ ਵੀ. ਕੇ. ਗੁਪਤਾ ਦਾ ਕਹਿਣਾ ਸੀ ਕਿ ਪਹਿਲੀ ਵਾਰ ਹੈ ਕਿ ਲੰਬੇ ਸਮੇਂ ਬਾਅਦ ਉੱਤਰੀ ਰਾਜਾਂ ਤੋਂ ਇਲਾਵਾ ਦੱਖਣੀ ਰਾਜਾਂ 'ਚ ਕੋਲੇ ਨੂੰ ਲੈ ਕੇ ਸੰਕਟ ਖੜ੍ਹਾ ਹੋ ਗਿਆ ਹੈ ਤੇ ਇਹ ਸਮੱਸਿਆ ਸਮੇਂ ਸਿਰ ਕੋਲੇ ਦਾ ਭੰਡਾਰ ਨਾ ਹੋਣ ਕਰਕੇ ਹੀ ਵਧੀ ਹੈ।
ਬਣਾਂਵਾਲੀ ਥਰਮਲ ਪਲਾਂਟ ਵਲੋਂ ਲੋੜੀਂਦਾ ਕੋਲਾ ਹੋਣ ਦਾ ਦਾਅਵਾ
ਮਾਨਸਾ, 11 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਿਤ ਤਲਵੰਡੀ ਸਾਬੋ ਤਾਪ ਘਰ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ 4-5 ਦਿਨਾਂ ਦਾ ਕੋਲਾ ਮੌਜੂਦ ਹੈ ਅਤੇ ਇਨ੍ਹਾਂ ਦਿਨਾਂ ਦਰਮਿਆਨ ਹੀ ਕੋਲੇ ਦੀ ਵੱਡੀ ਖੇਪ ਪੁੱਜ ਜਾਵੇਗੀ। ਇਸ ਸਮੇਂ ਤਾਪ ਘਰ ਦੇ ਪਹਿਲੇ 2 ਯੂਨਿਟ ਚੱਲ ਰਹੇ ਹਨ, ਜਦਕਿ ਤੀਸਰਾ ਯੂਨਿਟ ਬੰਦ ਹੈ।
ਨਵੀਂ ਦਿੱਲੀ, 11 ਅਕਤੂਬਰ (ਏਜੰਸੀ)-ਕੇਂਦਰੀ ਵਿੱਤ ਮੰਤਰਾਲੇ ਵਲੋਂ ਸੋਮਵਾਰ ਨੂੰ ਪੰਜਾਬ ਸਮੇਤ 17 ਸੂਬਿਆਂ ਨੂੰ 9,871 ਕਰੋੜ ਰੁਪਏ ਦੀ ਮਾਲੀਆ ਘਾਟਾ ਗ੍ਰਾਂਟ ਜਾਰੀ ਕੀਤੀ ਗਈ ਹੈ। 15ਵੇਂ ਵਿੱਤ ਕਮਿਸ਼ਨ ਵਲੋਂ ਕੀਤੀ ਸਿਫਾਰਸ਼ 'ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲ, ਮਨੀਪੁਰ, ਸਿੱਕਮ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ, ਨਾਗਾਲੈਂਡ, ਆਸਾਮ, ਰਾਜਸਥਾਨ, ਉੱਤਰਾਖੰਡ, ਪੱਛਮੀ ਬੰਗਾਲ, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਇਹ ਗ੍ਰਾਂਟ ਪ੍ਰਾਪਤ ਕਰਨਗੇ। ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਵਲੋਂ ਅੱਜ ਇਨ੍ਹਾਂ ਸੂਬਿਆਂ ਨੂੰ 9,871 ਕਰੋੜ ਰੁਪਏ ਦੀ ਪੋਸਟ ਡਿਵੈਲੂਏਸ਼ਨ ਰੈਵੇਨਿਊ ਡਿਫੈਕਟ (ਪੀ.ਡੀ.ਆਰ.ਡੀ.) ਗ੍ਰਾਂਟ ਦੀ 7ਵੀਂ ਮਾਸਿਕ ਕਿਸ਼ਤ ਜਾਰੀ ਕੀਤੀ ਗਈ ਹੈ, ਇਸ ਕਿਸ਼ਤ ਦੇ ਜਾਰੀ ਹੋਣ ਨਾਲ ਇਸ ਸਾਲ ਦੌਰਾਨ ਪੀ.ਡੀ.ਆਰ.ਡੀ. ਤਹਿਤ ਸੂਬਿਆਂ ਨੂੰ 69,097 ਕਰੋੜ ਰੁਪਏ ਦੀ ਰਕਮ ਜਾਰੀ ਹੋ ਚੁੱਕੀ ਹੈ।
ਚੰਡੀਗੜ੍ਹ, 11 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਇਥੇ ਹੋਈ ਮੀਟਿੰਗ ਵਲੋਂ ਪਿੰਡਾਂ ਦੀਆਂ ਲਾਲ ਲਕੀਰ ਵਿਚਲੀਆਂ ਜਾਇਦਾਦਾਂ ਦੇ ਮਾਲਕਾਨਾ ਹੱਕ ਦੇਣ ਦੀ ਸਕੀਮ ਦੇ ਆਧਾਰ 'ਤੇ ਸ਼ਹਿਰੀ ਖੇਤਰਾਂ ਵਿਚ ਵੀ ਇਸ ਸਕੀਮ ਨੂੰ 'ਮੇਰਾ ਘਰ ਮੇਰੇ ਨਾਮ' ਦੀ ਸਕੀਮ ਅਧੀਨ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਸ਼ਹਿਰਾਂ ਦੇ ਲਾਲ ਡੋਰੇ ਵਿਚਲੀਆਂ ਜਾਇਦਾਦਾਂ ਦੇ ਮਾਲਕਾਨਾ ਹੱਕ ਵੀ ਹੁਣ ਦਿੱਤੇ ਜਾਣਗੇ ਤੇ ਸਰਕਾਰ ਡਰੋਨ ਰਾਹੀਂ ਨਕਸ਼ੇ ਤਿਆਰ ਕਰਕੇ ਮਾਲਕਾਂ ਨੂੰੂ ਇਤਰਾਜ਼ ਦਾਖ਼ਲ ਕਰਨ ਲਈ 15 ਦਿਨ ਦੇਵੇਗੀ ਤੇ ਉਸ ਤੋਂ ਬਾਅਦ ਮਾਲਕ/ਕਬਜ਼ਾਕਾਰ ਦੇ ਨਾਂਅ ਇਸ ਦੀ ਰਜਿਸਟਰੀ ਬਿਨਾਂ ਕਿਸੇ ਫ਼ੀਸ ਦੇ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ 66 ਪ੍ਰਤੀਸ਼ਤ ਲੋਕ ਪਿੰਡਾਂ ਵਿਚ ਹਨ ਅਤੇ ਕੋਈ 60 ਪ੍ਰਤੀਸ਼ਤ ਲਾਲ ਲਕੀਰ ਵਿਚ ਰਹਿੰਦੇ ਹਨ, ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਮਾਲਕਾਨਾ ਹੱਕ ਮਿਲਣ ਨਾਲ ਜਾਇਦਾਦਾਂ ਦੇ ਮਾਲਕ ਬੈਂਕਾਂ ਤੋਂ ਇਹ ਜਾਇਦਾਦ ਗਿਰਵੀ ਰੱਖ ਕੇ ਕਰਜ਼ੇ ਵੀ ਲੈ ਸਕਣਗੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਵੀ ਉਨ੍ਹਾਂ ਦੀਆਂ ਅਜਿਹੀਆਂ ਪੇਂਡੂ ਤੇ ਸ਼ਹਿਰੀ ਜਾਇਦਾਦਾਂ ਸੰਬੰਧੀ ਇਤਰਾਜ਼ ਦਾਖ਼ਲ ਕਰਨ ਲਈ ਸੂਚਿਤ ਕੀਤਾ ਜਾਵੇਗਾ। ਸ. ਚੰਨੀ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ਦੀਆਂ ਗਿਰਦਾਵਰੀਆਂ ਉਨ੍ਹਾਂ ਦੀ ਰਜ਼ਾਮੰਦੀ ਅਤੇ ਸੂਚਨਾ ਤੋਂ ਬਿਨਾਂ ਨਾ ਕਰਨ ਲਈ ਵੀ ਇਕ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦੀਆਂ ਜ਼ਮੀਨਾਂ ਤੇ ਜਾਇਦਾਦਾਂ ਸੁਰੱਖਿਅਤ ਰਹਿਣ। ਦਿਲਚਸਪ ਗੱਲ ਇਹ ਹੈ ਕਿ ਪ੍ਰਵਾਸੀ ਭਾਰਤੀ ਲਈ ਮਗਰਲੇ ਸਾਲਾਂ ਦੌਰਾਨ ਵੀ ਜੋ ਕਾਨੂੰਨ ਲਿਆਂਦੇ ਗਏ ਉਨ੍ਹਾਂ 'ਤੇ ਅਮਲ ਨਾ ਹੋਣ ਕਾਰਨ ਪ੍ਰਵਾਸੀ ਭਾਰਤੀ ਕਾਫ਼ੀ ਨਿਰਾਸ਼ ਹਨ। ਮੁੱਖ ਮੰਤਰੀ ਨੇ ਅੱਜ ਇਹ ਵੀ ਸਪੱਸ਼ਟ ਕੀਤਾ ਕਿ 2 ਕਿੱਲੋਵਾਟ ਦੇ ਬਿਜਲੀ ਕੁਨੈਕਸ਼ਨ ਧਾਰਕਾਂ ਦੇ ਜੋ ਬਕਾਇਆ ਬਿੱਲ ਮੁਆਫ਼ ਕੀਤੇ ਗਏ ਹਨ, ਉਹ ਸਾਰੇ ਵਰਗਾਂ ਲਈ ਹਨ ਤੇ ਇਸ ਲਈ ਧਰਮ, ਜਾਤ ਜਾਂ ਬਰਾਦਰੀ ਕੋਈ ਸ਼ਰਤ ਨਹੀਂ ਹੈ ਅਤੇ ਇਸ ਦਾ 52 ਲੱਖ ਪਰਿਵਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਸੰਬੰਧੀ ਨੋਟੀਫ਼ਿਕੇਸ਼ਨ ਛੇਤੀ ਜਾਰੀ ਹੋ ਜਾਵੇਗਾ। ਮੁੱਖ ਮੰਤਰੀ ਨੇ ਬਿਜਲੀ ਸੰਕਟ ਬਾਰੇ ਕਿਹਾ ਕਿ ਇਹ ਕੇਵਲ ਪੰਜਾਬ ਵਿਚ ਨਹੀਂ ਬਲਕਿ ਸਾਰੇ ਦੇਸ਼ ਲਈ ਹੈ। ਪ੍ਰੰਤੂ ਉਨ੍ਹਾਂ ਕਿਹਾ ਕਿ ਸਰਕਾਰ ਕੋਲੇ ਦੀ ਸਪਲਾਈ ਲਈ ਪ੍ਰਬੰਧ ਕਰ ਰਹੀ ਹੈ ਅਤੇ ਬਿਜਲੀ ਗੁੱਲ ਨਹੀਂ ਹੋਣ ਦਿੱਤੀ ਜਾਵੇਗੀ।
ਜਥੇਦਾਰ ਨੇ ਮੇਰੇ ਬੇਟੇ ਦੇ ਵਿਆਹ ਦੀ ਅਰਦਾਸ ਕੀਤੀ
ਮੁੱਖ ਮੰਤਰੀ ਸ. ਚੰਨੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਕੱਲ੍ਹ ਉਨ੍ਹਾਂ ਦੇ ਬੇਟੇ ਦੇ ਵਿਆਹ ਮੌਕੇ ਸ਼ਮੂਲੀਅਤ ਕਰ ਕੇ ਅਨੰਦ ਕਾਰਜ ਦੀ ਅਰਦਾਸ ਕੀਤੀ ਗਈ। ਮੈਂ ਇਸ ਲਈ ਉਨ੍ਹਾਂ ਦਾ ਧੰਨਵਾਦੀ ਹਾਂ ਤੇ ਮੈਨੂੰ ਉਨ੍ਹਾਂ ਦੀ ਸ਼ਮੂਲੀਅਤ ਨਾਲ ਵੱਡੀ ਖ਼ੁਸ਼ੀ ਵੀ ਮਿਲੀ ਹੈ।
ਮੁੰਬਈ, 11 ਅਕਤੂਬਰ (ਪੀ.ਟੀ.ਆਈ.)-ਮਹਾਰਾਸ਼ਟਰ 'ਚ ਮਹਾ ਵਿਕਾਸ ਅਘਾੜੀ (ਐਮ.ਵੀ.ਏ.) ਸਰਕਾਰ ਦੇ ਤਿੰਨ ਭਾਈਵਾਲਾਂ ਵਲੋਂ ਲਖੀਮਪੁਰ ਖੀਰੀ ਘਟਨਾ ਦੇ ਰੋਸ 'ਚ ਦਿੱਤੇ ਗਏ ਸੂਬਾਵਿਆਪੀ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ। ਸੜਕੀ ਆਵਾਜਾਈ ਪ੍ਰਭਾਵਿਤ ਰਹੀ ਅਤੇ ਮੁੰਬਈ ਅਤੇ ਮਹਾਰਾਸ਼ਟਰ ਦੇ ਹੋਰਨਾਂ ਇਲਾਕਿਆਂ 'ਚ ਜ਼ਿਆਦਾਤਾਰ ਦੁਕਾਨਾਂ ਬੰਦ ਰਹੀਆਂ। ਤਿੰਨ ਸੱਤਾਧਾਰੀ ਪਾਰਟੀਆਂ ਸ਼ਿਵ ਸੈਨਾ, ਕਾਂਗਰਸ ਤੇ ਐਨ.ਸੀ.ਪੀ. ਦੇ ਆਗੂਆਂ ਨੇ ਲਖੀਮਪੁਰ ਖੀਰੀ ਘਟਨਾ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਓਤ ਨੇ ਦਾਅਵਾ ਕਰਦਿਆਂ ਕਿਹਾ ਕਿ ਬੰਦ 100 ਫ਼ੀਸਦੀ ਸਫ਼ਲ ਰਿਹਾ। ਕੁਝ ਥਾਵਾਂ 'ਤੇ ਬੱਸਾਂ 'ਤੇ ਪੱਥਰਬਾਜ਼ੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਬੇਸਟ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਬੇਸਟ ਵਲੋਂ ਜਾਰੀ ਬਿਆਨ ਮੁਤਾਬਿਕ 9 ਬੱਸਾਂ ਨੂੰ ਨੁਕਸਾਨ ਪੁੱਜਾ ਹੈ। ਮੁੰਬਈ 'ਚ ਬੈਸਟ ਦੀਆਂ ਬੱਸਾਂ ਅਤੇ ਰਵਾਇਤੀ ਕਾਲੀਆਂ-ਪੀਲੀਆਂ ਟੈਕਸੀਆਂ ਸੜਕਾਂ ਤੋਂ ਦੂਰ ਰਹੀਆਂ, ਜਿਸ ਕਾਰਨ ਉਪਨਗਰ ਰੇਲਵੇ ਸਟੇਸ਼ਨਾਂ 'ਤੇ ਲੋਕਲ ਰੇਲ ਗੱਡੀਆਂ ਰਾਹੀਂ ਆਉਣ-ਜਾਣ ਲਈ ਲੋਕਾਂ ਦੀ ਭੀੜ ਲੱਗੀ ਰਹੀ। ਮੁੰਬਈ 'ਚ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਨੂੰ ਛੱਡ ਕੇ ਹੋਰ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਮਹਾਰਾਸ਼ਟਰ 'ਚ ਵਿਰੋਧੀ ਧਿਰ ਭਾਜਪਾ ਨੇ ਕਿਹਾ ਕਿ ਇਹ ਰਾਜ ਸਰਕਾਰ ਵਲੋਂ ਸਪਾਂਸਰ ਕੀਤਾ ਗਿਆ ਬੰਦ ਸੀ ਜੋ ਗ਼ੈਰ-ਵਾਜਬ ਸੀ। ਪੁਣੇ ਤੇ ਠਾਣੇ 'ਚ ਵੀ ਜ਼ਿਆਦਾਤਾਰ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਹਾਲਾਂਕਿ ਮਹਾਰਾਸ਼ਟਰ ਦੇ ਜਲ ਸ੍ਰੋਤ ਮੰਤਰੀ ਤੇ ਐਨ.ਸੀ.ਪੀ. ਆਗੂ ਜੈਯੰਤ ਪਾਟਿਲ ਨੇ ਕਿਹਾ ਕਿ ਇਸ ਬੰਦ 'ਚ ਜ਼ਰੂਰੀ ਸੇਵਾਵਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੰਦ ਸ਼ਾਂਤੀਪੂਰਨ ਰਿਹਾ।
4 ਕਿਸਾਨਾਂ ਦੀ ਅੰਤਿਮ ਅਰਦਾਸ ਅੱਜ
ਲਖੀਮਪੁਰ ਖੀਰੀ (ਯੂ.ਪੀ.), 11 ਅਕਤੂਬਰ (ਪੀ.ਟੀ.ਆਈ.)-ਲਖੀਮਪੁਰ ਖੀਰੀ ਘਟਨਾ 'ਚ ਮਾਰੇ ਗਏ 4 ਕਿਸਾਨਾਂ ਦੀ ਅੰਤਿਮ ਅਰਦਾਸ ਨਮਿਤ ਸਮਾਗਮ ਮੰਗਲਵਾਰ ਨੂੰ ਕਰਵਾਇਆ ਜਾਵੇਗਾ, ਜਿਸ ਦੌਰਾਨ ਕਿਸਾਨ ਆਗੂਆਂ ਨਾਲ ਮੰਚ ਸਾਂਝਾ ਕਰਨ ਦੀ ਕਿਸੇ ਵੀ ਸਿਆਸਤਦਾਨ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ-ਟਿਕੈਤ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਤਿਕੋਨੀਆ ਪਿੰਡ 'ਚ ਘਟਨਾ ਵਾਲੇ ਸਥਾਨ ਤੋਂ ਥੋੜ੍ਹੀ ਦੂਰ ਇਕ ਖੇਤ 'ਚ ਅੰਤਿਮ ਅਰਦਾਸ ਨਮਿਤ ਸਮਾਗਮ ਕਰਵਾਇਆ ਜਾਵੇਗਾ। ਅੰਤਿਮ ਅਰਦਾਸ 'ਚ ਸਿਆਸਤਦਾਨਾਂ ਦੀ ਸ਼ਮੂਲੀਅਤ ਸੰਬੰਧੀ ਸਵਾਲ 'ਤੇ ਭਾਰਤੀ ਕਿਸਾਨ ਯੂਨੀਅਨ-ਟਿਕੈਤ ਦੇ ਜ਼ਿਲ੍ਹਾ ਉਪ ਪ੍ਰਧਾਨ ਬਲਕਾਰ ਸਿੰਘ ਨੇ ਕਿਹਾ ਕਿ ਕਿਸੇ ਵੀ ਸਿਆਸੀ ਨੇਤਾ ਨੂੰ ਮੰਚ ਸਾਂਝਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਮੰਚ 'ਤੇ ਸਿਰਫ਼ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹੀ ਹਾਜ਼ਰ ਰਹਿਣਗੇ। ਕਈ ਸੂਬਿਆਂ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅੰਤਿਮ ਅਰਦਾਸ 'ਚ ਸ਼ਾਮਿਲ ਹੋਣਗੀਆਂ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਇਹ ਐਲਾਨ ਕਰ ਚੁੱਕੀਆਂ ਹਨ ਕਿ ਜੇਕਰ ਸਰਕਾਰ ਨੇ 11 ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਲਖੀਮਪੁਰ ਖੀਰੀ ਤੋਂ ਸ਼ਹੀਦ ਕਿਸਾਨਾਂ ਦੀ ਰਾਖ ਲੈ ਕੇ 'ਸ਼ਹੀਦ ਕਿਸਾਨ ਯਾਤਰਾ' ਕੱਢਾਂਗੇ।
ਲਖੀਮਪੁਰ ਖੀਰੀ (ਯੂ.ਪੀ.), 11 ਅਕਤੂਬਰ (ਪੀ.ਟੀ.ਆਈ.)-ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਿਸ ਨੂੰ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦਾ ਤਿੰਨ ਦਿਨਾ ਰਿਮਾਂਡ ਮਿਲ ਗਿਆ ਹੈ। ਸੀਨੀਅਰ ਇਸਤਗਾਸਾ ਅਧਿਕਾਰੀ (ਐਸ.ਪੀ.ਓ.) ਐਸ. ਪੀ. ਯਾਦਵ ਨੇ ...
ਨਵੀਂ ਦਿੱਲੀ, 11 ਅਕਤੂਬਰ (ਪੀ.ਟੀ.ਆਈ.)-ਲਖੀਮਪੁਰ ਖੀਰੀ ਘਟਨਾ 'ਚ 4 ਕਿਸਾਨਾਂ ਦੇ ਮਾਰੇ ਜਾਣ ਦੇ ਰੋਸ ਵਜੋਂ ਅਤੇ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਦੇਸ਼ ਭਰ 'ਚ ਕਾਂਗਰਸੀ ...
ਨਵੀਂ ਦਿੱਲੀ, 11 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਅਰ ਇੰਡੀਆ ਦੇ ਨਿੱਜੀਕਰਨ ਸਮੇਤ ਵਿਆਪਕ ਸੁਧਾਰਾਂ ਦੀਆਂ ਆਪਣੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਦੇਸ਼ 'ਚ ਕਦੇ ਵੀ ਏਨੀ ਫ਼ੈਸਲਾਕੁੰਨ ਸਰਕਾਰ ਨਹੀਂ ਰਹੀ। ਦੇਸ਼ ਦੇ ਪੁਲਾੜ ...
ਚੰਡੀਗੜ੍ਹ, 11 ਅਕਤੂਬਰ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੰਮੂ ਕਸ਼ਮੀਰ ਦੇ ਪੁਣਛ ਸੈਕਟਰ ਵਿਚ ਸ਼ਹੀਦ ਹੋਏ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇਕ-ਇਕ ਮੈਂਬਰ ...
ਚੰਡੀਗੜ੍ਹ, 11 ਅਕਤੂਬਰ (ਬਿਊਰੋ ਚੀਫ਼)-ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਤੇ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਅਸਤੀਫ਼ੇ ਪਾਰਟੀ ਹਾਈਕਮਾਨ ਵਲੋਂ ਰੱਦ ਕਰ ਦਿੱਤੇ ਗਏ ਹਨ ਅਤੇ ਦੋਵਾਂ ਨੂੰ ਪਾਰਟੀ ਨੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ...
ਨਵੀਂ ਦਿੱਲੀ/ਬਰਨ, 11 ਅਕਤੂਬਰ (ਪੀ.ਟੀ.ਆਈ.)-ਸਵਿਟਜ਼ਰਲੈਂਡ ਨੇ ਭਾਰਤ ਨੂੰ ਸਵਿੱਸ ਬੈਂਕ ਖਾਤਿਆਂ ਦੇ ਵੇਰਵੇ ਦੀ ਤੀਸਰੀ ਸੂਚੀ ਦਿੱਤੀ ਹੈ। ਯੂਰਪੀਅਨ ਦੇਸ਼ ਨੇ 96 ਦੇਸ਼ਾਂ ਦੇ ਨਾਲ ਇਕ ਸਾਲਾਨਾ ਅਮਲ ਦੇ ਤਹਿਤ ਲਗਭਗ 33 ਲੱਖ ਵਿੱਤੀ ਖਾਤਿਆਂ ਦੇ ਵੇਰਵੇ ਸਾਂਝੇ ਕੀਤੇ ਹਨ। ...
ਸਟਾਕਹੋਮ, 11 ਅਕਤੂਬਰ (ਏਜੰਸੀ)-ਅਮਰੀਕਾ ਦੇ 3 ਅਰਥ ਸ਼ਾਸਤਰੀਆਂ ਨੇ ਅਰਥ ਸ਼ਾਸਤਰ 'ਚ 2021 ਦਾ ਨੋਬਲ ਪੁਰਸਕਾਰ ਜਿੱਤਿਆ ਹੈ, ਪੁਰਸਕਾਰ ਦੀ ਇਨਾਮੀ ਰਕਮ 'ਚੋਂ ਅੱਧੀ ਬਰੈਕਲੇ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੇ ਡੇਵਿਡ ਕਾਰਡ ਨੂੰ ਮਿਲੇਗੀ ਅਤੇ ਬਾਕੀ ਦੀ ਰਕਮ ਮੈਸੇਚਿਉਸਟੈਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX