ਕਸ਼ਮੀਰ ਵਿਚ ਪਿਛਲੇ ਤਿੰਨ ਦਹਾਕਿਆਂ ਤੋਂ ਚਲਦਾ ਆ ਰਿਹਾ ਦੁਖਾਂਤ ਜਾਰੀ ਹੈ। ਇਸ ਲਈ ਉਥੋਂ ਦੇ ਆਮ ਨਾਗਰਿਕਾਂ 'ਤੇ ਉਂਗਲੀ ਨਹੀਂ ਚੁੱਕੀ ਜਾ ਸਕਦੀ, ਕਿਉਂਕਿ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਕੁਝ ਅੱਤਵਾਦੀ ਸੰਗਠਨ ਇਹ ਧਾਰੀ ਬੈਠੇ ਹਨ ਕਿ ਉਹ ਵਾਦੀ 'ਤੇ ਕਬਜ਼ਾ ਕਰਕੇ ਹੀ ਰਹਿਣਗੇ। ਪਾਕਿਸਤਾਨ ਨੇ ਵੀ ਆਪਣੀ ਹੋਂਦ ਤੋਂ ਹੀ ਇਹ ਧਾਰਨਾ ਬਣਾਈ ਹੋਈ ਹੈ ਕਿ ਕਸ਼ਮੀਰ ਵਾਦੀ ਉਸ ਦਾ ਹਿੱਸਾ ਹੈ। ਇਸ ਵਾਦੀ ਦੇ ਇਕ ਵੱਡੇ ਹਿੱਸੇ 'ਤੇ ਤਾਂ ਉਹ ਪਹਿਲਾਂ ਹੀ ਕਾਬਜ਼ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਹ ਭਾਰਤੀ ਕਸ਼ਮੀਰ ਦੇ ਬਾਕੀ ਦੇ ਹਿੱਸੇ 'ਤੇ ਵੀ ਆਪਣਾ ਹੱਕ ਸਮਝਦਾ ਹੈ। ਪਿਛਲੇ 70 ਸਾਲਾਂ ਤੋਂ ਚਾਹੇ ਉਸ ਦੇ ਲੋਕ ਵੱਡੀਆਂ ਮੁਸ਼ਕਿਲਾਂ ਵਾਲੇ ਹਾਲਾਤ 'ਚੋਂ ਗੁਜ਼ਰਦੇ ਰਹੇ ਹਨ। ਬਹੁਗਿਣਤੀ ਭੁੱਖ ਨੰਗ ਦਾ ਸ਼ਿਕਾਰ ਹੈ। ਪਰ ਇਸ ਦੇ ਬਾਵਜੂਦ ਵਿਕਾਸ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਨ ਦੀ ਥਾਂ 'ਤੇ ਉਹ ਤਰ੍ਹਾਂ-ਤਰ੍ਹਾਂ ਦੇ ਅੱਤਵਾਦੀ ਸੰਗਠਨਾਂ ਨੂੰ ਪਾਲਦਾ ਰਿਹਾ ਹੈ, ਜਿਸ ਨੇ ਉਥੋਂ ਦਾ ਮਾਹੌਲ ਵੀ ਖ਼ਰਾਬ ਕਰ ਦਿੱਤਾ ਹੈ ਅਤੇ ਵਿਕਾਸ ਦੇ ਕਾਰਜਾਂ ਨੂੰ ਵੀ ਨੂੰ ਰੋਕ ਦਿੱਤਾ ਹੈ। ਇਸੇ ਕਾਰਨ ਇਹ ਦੇਸ਼ ਅੱਜ ਦੁਨੀਆ ਵਿਚ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਵਜੋਂ ਜਾਣਿਆ ਜਾਣ ਲੱਗਾ ਹੈ।
ਬਿਨਾਂ ਸ਼ੱਕ ਇਹ ਸੰਗਠਨ ਅੱਜ ਪਾਕਿਸਤਾਨ ਦੀ ਹੋਂਦ ਲਈ ਵੀ ਖ਼ਤਰਾ ਬਣੇ ਨਜ਼ਰ ਆਉਂਦੇ ਹਨ। ਹੁਣ ਤੱਕ ਉਥੇ 70,000 ਦੇ ਕਰੀਬ ਲੋਕ ਇਨ੍ਹਾਂ ਸੰਗਠਨਾਂ ਵਲੋਂ ਫੈਲਾਈ ਹਿੰਸਾ ਦੀ ਭੇਟ ਚੜ੍ਹ ਚੁੱਕੇ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਉਸ ਨੇ ਕਸ਼ਮੀਰ ਨੂੰ ਹਥਿਆਉਣ ਸੰਬੰਧੀ ਆਪਣੀ ਨੀਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਸਗੋਂ ਉਹ ਭਾਰਤ ਦੇ ਵਿਰੋਧ ਵਿਚ ਖੜ੍ਹੇ ਇਨ੍ਹਾਂ ਸੰਗਠਨਾਂ ਦੀ ਹਰ ਤਰ੍ਹਾਂ ਨਾਲ ਪੁਸ਼ਤ ਪਨਾਹੀ ਹੀ ਕਰਦਾ ਆਇਆ ਹੈ। ਦੋ ਕੁ ਸਾਲ ਪਹਿਲਾਂ ਮੋਦੀ ਸਰਕਾਰ ਵਲੋਂ ਇਸ ਰਾਜ ਦੇ ਬੁਨਿਆਦੀ ਢਾਂਚੇ ਵਿਚ ਤਬਦੀਲੀ ਕਰ ਦਿੱਤੀ ਗਈ ਸੀ ਅਤੇ ਇਸ ਨੂੰ ਦੋ ਕੇਂਦਰ ਪ੍ਰਸ਼ਾਸਿਤ ਰਾਜਾਂ ਵਿਚ ਵੰਡ ਦਿੱਤਾ ਗਿਆ ਸੀ, ਜਿਸ ਕਰਕੇ ਲੱਦਾਖ ਅਤੇ ਜੰਮੂ-ਕਸ਼ਮੀਰ ਦੋਵਾਂ ਕੇਂਦਰ ਪ੍ਰਸ਼ਾਸਿਤ ਰਾਜਾਂ ਵਿਚ ਗਵਰਨਰੀ ਰਾਜ ਜਾਰੀ ਹੈ। ਚਾਹੇ ਵਾਦੀ ਦੀਆਂ ਸਥਾਨਕ ਅਤੇ ਇਸ ਦੇ ਨਾਲ ਕੌਮੀ ਪਾਰਟੀਆਂ ਵੀ ਇਹ ਮੰਗ ਕਰ ਰਹੀਆਂ ਹਨ ਕਿ ਇਸ ਨੂੰ ਮੁੜ ਸੂੁਬੇ ਦਾ ਦਰਜਾ ਦੇ ਕੇ ਇਕ ਲੋਕਤੰਤਰੀ ਸਰਕਾਰ ਦੀ ਸਥਾਪਨਾ ਕੀਤੀ ਜਾਏ ਪਰ ਇਸ ਦੇ ਨਾਲ-ਨਾਲ ਇਹ ਯਕੀਨ ਨਹੀਂ ਬੱਝਦਾ ਕਿ ਕੋਈ ਨਵੀਂ ਸਰਕਾਰ ਵੀ ਹਾਲਾਤ ਵਿਚ ਤਬਦੀਲੀ ਕਰਨ ਦੇ ਯੋਗ ਹੋ ਸਕੇਗੀ। ਦੋ ਸਾਲ ਦੇ ਗਵਰਨਰੀ ਰਾਜ ਵਿਚ ਘੱਟੋ-ਘੱਟ ਪੱਥਰਬਾਜ਼ੀ ਦਾ ਦੌਰ ਜ਼ਰੂਰ ਖ਼ਤਮ ਹੋਇਆ ਲਗਦਾ ਹੈ। ਪਰ ਕਿਸੇ ਵੀ ਸਰਕਾਰ ਲਈ ਅੱਤਵਾਦ ਦੀ ਚੁਣੌਤੀ ਨਾਲ ਨਜਿੱਠ ਸਕਣਾ ਬੇਹੱਦ ਮੁਸ਼ਕਿਲ ਜਾਪਦਾ ਹੈ। ਇਸ ਲਈ ਜਿਥੇ ਸਾਰੀਆਂ ਸਿਆਸੀ ਧਿਰਾਂ ਦਾ ਇਕਸੁਰ ਹੋਣਾ ਜ਼ਰੂਰੀ ਹੈ, ਉਥੇ ਆਮ ਨਾਗਰਿਕਾਂ ਵਲੋਂ ਵੀ ਪ੍ਰਸ਼ਾਸਨ ਦਾ ਸਾਥ ਦੇਣਾ ਜ਼ਰੂਰੀ ਜਾਪਦਾ ਹੈ।
ਪਿਛਲੇ ਦਿਨੀਂ ਦੋ ਗ਼ੈਰ-ਮੁਸਲਿਮ ਅਧਿਆਪਕਾਂ ਨੂੰ ਅੱਤਵਾਦੀਆਂ ਵਲੋਂ ਚੁਣ ਕੇ ਮਾਰਨ ਨਾਲ ਤਾਂ ਸਥਿਤੀ ਹੋਰ ਵੀ ਖ਼ਰਾਬ ਹੋਈ ਲਗਦੀ ਹੈ। ਇਸ ਨੂੰ ਵੇਖ ਕੇ 90ਵਿਆਂ ਦਾ ਸਮਾਂ ਯਾਦ ਆ ਜਾਂਦਾ ਹੈ ਜਦੋਂ ਵੱਡੀ ਗਿਣਤੀ ਵਿਚ ਕਸ਼ਮੀਰੀ ਪੰਡਿਤ ਵਾਦੀ 'ਚੋਂ ਹਿਜਰਤ ਕਰ ਗਏ ਸਨ। ਹੁਣ ਫਿਰ ਅਜਿਹਾ ਡਰ ਵਾਲਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ, ਜਿਸ ਕਰਕੇ ਉਥੇ ਥੋੜ੍ਹੀਆਂ-ਬਹੁਤੀਆਂ ਬਚ ਰਹੀਆਂ ਘੱਟ-ਗਿਣਤੀਆਂ ਦੀ ਹਿਜਰਤ ਮੁੜ ਸ਼ੁਰੂ ਹੋਣ ਦਾ ਡਰ ਪੈਦਾ ਹੋਣ ਲੱਗਾ ਹੈ। ਇਸ ਸਮੇਂ ਪ੍ਰਸ਼ਾਸਨ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਹਨ। ਪਹਿਲੀ ਤਾਂ ਪੈਦਾ ਹੋਏ ਡਰ ਦੇ ਮਾਹੌਲ ਵਿਚ ਹੋ ਸਕਦੀ ਹਿਜਰਤ ਨੂੰ ਰੋਕਣ ਦੀ ਹੈ ਅਤੇ ਦੂਸਰੀ ਅੱਤਵਾਦੀਆਂ ਦੇ ਸਫ਼ਾਏ ਦੀ ਹੈ। ਪਿਛਲੇ ਦਿਨੀਂ ਅੱਤਵਾਦੀਆਂ ਦਾ ਮੁਕਾਬਲਾ ਕਰਦੇ 5 ਫ਼ੌਜੀਆਂ ਦੀ ਹੋਈ ਸ਼ਹਾਦਤ ਨੇ ਇਸ ਚੁਣੌਤੀ ਨੂੰ ਹੋਰ ਵੀ ਵੱਡਾ ਕਰ ਦਿੱਤਾ ਹੈ। ਪਰ ਹਰ ਹੀਲੇ ਇਸ ਦਾ ਮੁਕਾਬਲਾ ਕੀਤਾ ਜਾਣਾ ਜ਼ਰੂਰੀ ਹੈ ਤਾਂ ਜੋ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
-ਬਰਜਿੰਦਰ ਸਿੰਘ ਹਮਦਰਦ
ਭਾਰਤ ਤੇ ਚੀਨ ਵਿਚਾਲੇ ਜੋ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦੀ 3488 ਕਿ.ਮੀ. ਦੀ ਵਿਵਾਦਿਤ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਹੈ, ਉਸ 'ਤੇ ਚੀਨ ਆਪਣੀ ਫ਼ੌਜ ਦੀ ਗਿਣਤੀ ਵਧਾ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਲਈ ਜ਼ਿਆਦਾ 'ਸ਼ੈਲਟਰਜ਼' ਦਾ ਨਿਰਮਾਣ ਕੀਤਾ ਜਾ ਰਿਹਾ ਹੈ ...
ਅੱਜਕਲ੍ਹ ਦੇ ਦੌਰ ਵਿਚ ਰੋਲ ਮਾਡਲ ਦੇ ਸੰਕਲਪ ਬਦਲ ਚੁੱਕੇ ਹਨ। ਲੋਕਾਂ ਨੇ ਬੜੀ ਤੇਜ਼ੀ ਨਾਲ ਆਈ ਤਬਦੀਲੀ ਵਿਚੋਂ ਜ਼ਿੰਦਗੀ ਦੇ ਕਈ ਤੱਤ ਲੱਭ ਲਏ ਹਨ। ਮਹਾਂਮਾਰੀ ਨੇ ਵੀ ਉਹ ਕੁਝ ਸਿਖਾਇਆ ਜੋ ਕਿ ਖੁਸ਼ਹਾਲੀ ਵਿਚ ਸਿੱਖਣਾ ਮੁਸ਼ਕਿਲ ਸੀ। ਜਿਹੜੇ ਨੌਜਵਾਨ ਉਨ੍ਹਾਂ ਗੀਤਾਂ ਦੀ ...
ਅੱਜ ਆਮ ਲੋਕਾਂ ਦਾ ਬੈਂਕਾਂ ਤੋਂ ਭਰੋਸਾ ਉੱਠਦਾ ਜਾਂਦਾ ਹੈ, ਕਿਉਂਕਿ ਪਿਛਲੇ ਦੋ ਸਾਲਾਂ ਵਿਚ ਕਈ ਬੈਂਕ ਫੇਲ੍ਹ ਹੋਏ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਹੈ ਪੀ.ਐਮ.ਸੀ. (ਪੰਜਾਬ ਮਹਾਰਾਸ਼ਟਰਾ ਕਾਰਪੋਰੇਸ਼ਨ ਬੈਂਕ), ਯੈਸ ਬੈਂਕ ਫੇਲ੍ਹ ਹੋਣ ਦੀ ਕਗਾਰ ਤੋਂ ਮਸਾਂ ਹੀ ਵਾਪਸ ਆਇਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX