ਕੇਂਦਰ ਸਰਕਾਰ ਦੇ ਸਰਹੱਦਾਂ 'ਤੇ ਤਾਇਨਾਤ ਬੀ.ਐਸ.ਐਫ. (ਸਰਹੱਦੀ ਸੁਰੱਖਿਆ ਦਲ) ਦੇ ਪੰਜਾਬ, ਪੱਛਮੀ ਬੰਗਾਲ ਅਤੇ ਆਸਾਮ ਰਾਜਾਂ ਅੰਦਰ ਤਲਾਸ਼ੀ ਲੈਣ, ਸ਼ੱਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਕਰਨ ਅਤੇ ਜ਼ਬਤੀਆਂ ਕਰਨ ਦੇ ਅਧਿਕਾਰ ਖੇਤਰ ਨੂੰ ਵਧਾਉਣ ਦੇ ਫ਼ੈਸਲੇ 'ਤੇ ਹਰ ਪਾਸਿਉਂ ਤਿੱਖਾ ਪ੍ਰਤੀਕਰਮ ਹੋਇਆ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਕੇਂਦਰ ਦੇ ਇਸ ਕਦਮ ਨੂੰ ਸੰਵਿਧਾਨ ਅਨੁਸਾਰ ਰਾਜਾਂ ਨੂੰ ਮਿਲੇ ਅਧਿਕਾਰਾਂ ਵਿਚ ਕਟੌਤੀ ਕਰਨ ਵਾਲਾ ਮੰਨਿਆ ਜਾ ਰਿਹਾ ਹੈ। ਰਾਜਾਂ ਨੂੰ ਪੁਲਿਸ ਰਾਹੀਂ ਆਪਣੇ ਖੇਤਰਾਂ ਵਿਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਅਧਿਕਾਰ ਮਿਲੇ ਹੋਏ ਹਨ। ਬਹੁਤੀ ਵਾਰ ਰਾਜ ਦਾ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਚਲਾਉਂਦਾ ਹੈ। ਹਰ ਤਰ੍ਹਾਂ ਦੇ ਦੋਸ਼ੀਆਂ ਨੂੰ ਫੜਨਾ, ਉਨ੍ਹਾਂ ਦੀ ਭਾਲ ਕਰਨਾ ਅਤੇ ਗ਼ੈਰ-ਸਮਾਜਿਕ ਕਾਰਵਾਈਆਂ ਕਰਨ ਵਾਲਿਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨਾ ਰਾਜ ਸਰਕਾਰ ਦਾ ਕੰਮ ਹੈ। ਅੰਤਰਰਾਸ਼ਟਰੀ ਸਰਹੱਦਾਂ ਦੀ ਰਾਖੀ ਕਰਨਾ ਸਰਹੱਦੀ ਸੁਰੱਖਿਆ ਬਲਾਂ ਦੀ ਜ਼ਿੰਮੇਵਾਰੀ ਹੈ।
ਸਰਹੱਦਾਂ 'ਤੇ ਨਾਜ਼ੁਕ ਸਥਿਤੀ ਹੋਣ ਕਾਰਨ ਜੰਮੂ-ਕਸ਼ਮੀਰ ਅਤੇ ਪੰਜਾਬ ਦੀਆਂ ਅੰਤਰਰਾਸ਼ਟਰੀ ਸਰਹੱਦਾਂ 'ਤੇ ਨਸ਼ਿਆਂ, ਹਥਿਆਰਾਂ ਅਤੇ ਮਨੁੱਖੀ ਤਸਕਰੀ ਦੀਆਂ ਕਾਰਵਾਈਆਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ। ਪਾਕਿਸਤਾਨ ਤੋਂ ਸਿੱਖਿਅਤ ਅੱਤਵਾਦੀ ਵੀ ਇਧਰ ਦਾਖ਼ਲ ਹੁੰਦੇ ਰਹਿੰਦੇ ਹਨ। ਸਰਹੱਦਾਂ 'ਤੇ ਤਾਇਨਾਤ ਸੁਰੱਖਿਆ ਬਲਾਂ ਦਾ ਕੰਮ ਪੂਰੀ ਸਖ਼ਤੀ ਨਾਲ ਅਜਿਹੇ ਅਨਸਰਾਂ 'ਤੇ ਨਜ਼ਰ ਰੱਖਣ ਦਾ ਹੁੰਦਾ ਹੈ। ਅਸੀਂ ਤਾਂ ਚਾਹੇ ਇਸ ਗੱਲ ਨੂੰ ਵੀ ਠੀਕ ਨਹੀਂ ਸਮਝਦੇ ਕਿ ਰਾਜ ਅੰਦਰ ਅਜਿਹੀ ਨਿਗਰਾਨੀ ਦਾ ਅਧਿਕਾਰ ਇਨ੍ਹਾਂ ਬਲਾਂ ਨੂੰ 15 ਕਿਲੋਮੀਟਰ ਤੱਕ ਦਿੱਤਾ ਜਾਏ, ਜਿਸ ਤਰ੍ਹਾਂ ਕਿ ਪਹਿਲਾਂ ਦਿੱਤਾ ਗਿਆ ਹੈ, ਇਸ ਨੂੰ ਹੋਰ ਘਟਾਇਆ ਜਾਣਾ ਚਾਹੀਦਾ ਸੀ ਪਰ ਇਸ ਦੀ ਬਜਾਏ ਇਨ੍ਹਾਂ ਸੂਬਿਆਂ ਅੰਦਰ ਸਰਹੱਦੀ ਸੁਰੱਖਿਆ ਬਲਾਂ ਨੂੰ 50 ਕਿਲੋਮੀਟਰ ਤੱਕ ਬਿਨਾਂ ਰੋਕ-ਟੋਕ ਆਪਣੀਆਂ ਕਾਰਵਾਈਆਂ ਕਰਨ ਦਾ ਅਧਿਕਾਰ ਦੇਣਾ, ਜਿਥੇ ਦੇਸ਼ ਦੇ ਸੰਘੀ ਢਾਂਚੇ 'ਤੇ ਇਕ ਵੱਡੀ ਸੱਟ ਹੈ, ਉਥੇ ਇਹ ਰਾਜਾਂ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਢਾਂਚੇ 'ਤੇ ਵੀ ਅਜਿਹਾ ਹਮਲਾ ਹੈ, ਜਿਸ ਨਾਲ ਰਾਜ ਮੂਲ ਰੂਪ ਵਿਚ ਕਮਜ਼ੋਰ ਹੋ ਜਾਣਗੇ ਅਤੇ ਪੁਲਿਸ ਪ੍ਰਬੰਧ ਵੀ ਬੇਹੱਦ ਕਮਜ਼ੋਰ ਅਤੇ ਨਾਕਸ ਹੋ ਜਾਣਗੇ। ਪੰਜਾਬ, ਜੋ ਪਹਿਲਾਂ ਹੀ ਇਕ ਛੋਟੇ ਜਿਹੇ ਪ੍ਰਾਂਤ ਵਿਚ ਬਦਲ ਚੁੱਕਾ ਹੈ, ਕੇਂਦਰ ਦੇ ਇਸ ਤਰ੍ਹਾਂ ਦੇ ਹਮਲੇ ਨਾਲ ਢਾਂਚਾਗਤ ਰੂਪ ਵਿਚ ਮਜ਼ਬੂਤ ਨਹੀਂ ਰਹਿ ਸਕੇਗਾ। ਇਸ ਦੀ ਸਰਕਾਰ ਬੇਹੱਦ ਕਮਜ਼ੋਰ ਪੈ ਜਾਏਗੀ। ਇਸ ਦੀਆਂ ਜ਼ਿੰਮੇਵਾਰੀਆਂ ਵੱਡੀ ਹੱਦ ਤੱਕ ਘਟ ਜਾਣਗੀਆਂ। ਪੰਜਾਬ ਦੀ ਪਾਕਿਸਤਾਨ ਨਾਲ 550 ਕਿਲੋਮੀਟਰ ਦੇ ਕਰੀਬ ਸਰਹੱਦ ਲਗਦੀ ਹੈ। ਇਸ ਹਿਸਾਬ ਨਾਲ ਸੂਬੇ ਦਾ ਘੱਟੋ-ਘੱਟੋ ਅੱਧਾ ਹਿੱਸਾ ਕੇਂਦਰੀ ਸਰਹੱਦੀ ਸੁਰੱਖਿਆ ਬਲਾਂ ਦੇ ਘੇਰੇ ਵਿਚ ਆ ਜਾਏਗਾ। ਇਸ ਦੇ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਪਠਾਨਕੋਟ ਜ਼ਿਲ੍ਹੇ ਪੂਰੀ ਤਰ੍ਹਾਂ ਬੀ.ਐਸ.ਐਫ. ਦੇ ਅਧਿਕਾਰ ਹੇਠ ਚਲੇ ਜਾਣਗੇ। ਦੇਸ਼ ਦੇ 10 ਪ੍ਰਾਂਤ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਕੇਂਦਰੀ ਸੁਰੱਖਿਆ ਬਲਾਂ ਦੇ ਵਧੇਰੇ ਤੇ ਵਡੇਰੇ ਅਧਿਕਾਰ ਖੇਤਰ ਵਿਚ ਆ ਜਾਣਗੇ।
ਜੇਕਰ ਬੀ.ਐਸ.ਐਫ. ਨੇ ਹੀ ਅੱਧੇ ਪੰਜਾਬ ਵਿਚ ਨਾਕੇ ਲਾਉਣੇ ਹਨ, ਤਲਾਸ਼ੀਆਂ ਲੈਣੀਆਂ ਹਨ, ਅਪਰਾਧੀਆਂ ਨੂੰ ਫੜਨਾ ਹੈ ਤਾਂ ਅੱਧੀ ਪੰਜਾਬ ਪੁਲਿਸ ਆਪਣੇ ਕੰਮ ਤੋਂ ਵਿਹਲੀ ਹੋ ਜਾਏਗੀ। ਕੇਂਦਰੀ ਸੁਰੱਖਿਆ ਬਲ ਤੇ ਪ੍ਰਦੇਸ਼ ਪੁਲਿਸ ਕਿਸ ਤਰ੍ਹਾਂ ਨਾਲ ਆਪਣਾ ਮੇਲਜੋਲ ਵਧਾ ਕੇ ਕੰਮ ਕਰ ਸਕਣਗੇ, ਇਹ ਕਹਿਣਾ ਵੀ ਮੁਸ਼ਕਿਲ ਹੈ। ਇਸ ਦੌਰਾਨ ਪੰਜਾਬ ਸਰਕਾਰ ਸਮੇਤ ਪੰਜਾਬ ਦੀਆਂ ਬਹੁਤੀਆਂ ਪਾਰਟੀਆਂ ਨੇ ਕੇਂਦਰ ਵਲੋਂ ਚੁੱਕੇ ਗਏ ਇਸ ਕਦਮ ਦਾ ਸਖ਼ਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਪ੍ਰਾਂਤਕ ਸਰਕਾਰ ਦੀ ਸਲਾਹ ਲਏ ਬਿਨਾਂ ਇਸ ਨੂੰ ਕੇਂਦਰ ਵਲੋਂ ਚੁੱਕਿਆ ਇਕਤਰਫ਼ਾ ਕਦਮ ਕਿਹਾ ਹੈ। ਰਾਜ ਦੀਆਂ ਦੂਸਰੀਆਂ ਪਾਰਟੀਆਂ ਨੇ ਵੀ ਇਸ ਨੂੰ ਸਿੱਧਾ ਸੂਬਿਆਂ ਦੇ ਅਧਿਕਾਰਾਂ ਵਿਚ ਦਖ਼ਲਅੰਦਾਜ਼ੀ ਕਿਹਾ ਹੈ। ਕੇਂਦਰ ਵਿਚ ਭਾਜਪਾ ਹਕੂਮਤ ਚਲਾ ਰਹੀ ਹੈ, ਉਸ ਦੀ ਪੰਜਾਬ ਇਕਾਈ ਵਲੋਂ ਉਸੇ ਸੁਰ ਵਿਚ ਰਾਗ ਅਲਾਪਣ ਦੀ ਸਮਝ ਆਉਂਦੀ ਹੈ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਕੇਂਦਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਨ ਦੀ ਸਮਝ ਨਹੀਂ ਆਉਂਦੀ। ਕੈਪਟਨ ਸਾਹਿਬ 'ਤੇ ਪਹਿਲਾਂ ਵੀ ਕੇਂਦਰ ਨਾਲ ਸੁਰ ਮਿਲਾਉਣ ਦੇ ਦੋਸ਼ ਲਗਦੇ ਰਹੇ ਹਨ ਪਰ ਹੁਣ ਉਹ ਰਾਸ਼ਟਰੀ ਸੁਰੱਖਿਆ ਦੇ ਨਾਂਅ 'ਤੇ ਕੇਂਦਰ ਦੇ ਇਸ ਕਦਮ ਦੀ ਜਿਸ ਢੰਗ ਨਾਲ ਹਮਾਇਤ ਕਰ ਰਹੇ ਹਨ, ਉਨ੍ਹਾਂ 'ਤੇ ਲਗਦੇ ਰਹੇ ਅਜਿਹੇ ਦੋਸ਼ਾਂ ਦੀ ਪੁਸ਼ਟੀ ਹੁੰਦੀ ਜਾ ਰਹੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਦੀ ਇਸ ਆਪਹੁਦਰੀ ਕਾਰਵਾਈ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ। ਕੇਂਦਰ ਦੇ ਇਰਾਦੇ ਕੀ ਹਨ, ਅਸੀਂ ਉਨ੍ਹਾਂ ਦੇ ਵਿਸਥਾਰ ਵਿਚ ਨਹੀਂ ਜਾਣਾ ਚਾਹੁੰਦੇ ਪਰ ਇਨ੍ਹਾਂ ਇਰਾਦਿਆਂ ਦੇ ਸਫਲ ਹੋਣ 'ਤੇ ਬਿਨਾਂ ਸ਼ੱਕ ਪੰਜਾਬ ਦੇ ਹਿਤਾਂ ਨੂੰ ਇਕ ਵੱਡੀ ਢਾਹ ਲੱਗੇਗੀ, ਜਿਸ ਨਾਲ ਪਹਿਲਾਂ ਹੀ ਨੁਕਸਾਨ ਦਾ ਭਾਗੀ ਬਣ ਰਹੇ ਇਸ ਸੂਬੇ ਦਾ ਹੋਰ ਵੀ ਵੱਡਾ ਨੁਕਸਾਨ ਹੋਵੇਗਾ।
-ਬਰਜਿੰਦਰ ਸਿੰਘ ਹਮਦਰਦ
ਇਨਸਾਫ਼ ਕੇ ਪਰਦੇ ਮੇਂ ਕਯਾ ਜ਼ੁਲਮ ਹੈ ਯਾਰੋ,
ਦੇਤੇ ਹੋ ਸਜ਼ਾ ਔਰ, ਖ਼ਤਾ ਔਰ ਹੀ ਕੁਛ ਹੈ।
ਸ਼ਾਇਰ ਅਖ਼ਤਰ ਦਾ ਇਹ ਸ਼ਿਅਰ ਆਪਮੁਹਾਰੇ ਹੀ ਯਾਦ ਆ ਗਿਆ ਜਦੋਂ ਇਹ ਖ਼ਬਰ ਸੁਣੀ ਕਿ ਕੇਂਦਰ ਸਰਕਾਰ ਨੇ ਪੰਜਾਬ, ਪੱਛਮੀ ਬੰਗਾਲ ਅਤੇ ਆਸਾਮ ਵਿਚ ਕੇਂਦਰੀ ਸੁਰੱਖਿਆ ਏਜੰਸੀ ਬੀ.ਐਸ.ਐਫ. ਨੂੰ ...
ਅੱਜ ਲਈ ਵਿਸ਼ੇਸ਼
ਤਿਉਹਾਰਾਂ ਦੇ ਗੁਲਦਸਤੇ ਵਿਚ ਦੁਸਹਿਰੇ ਦਾ ਤਿਉਹਾਰ ਆਪਣੀ ਵੱਖਰੀ ਪਛਾਣ ਸਦਕਾ ਭਾਰਤ ਵਿਚ ਵੱਡੀ ਪੱਧਰ 'ਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ। ਸਦੀਆਂ ਤੋਂ ਇਹੀ ਧਾਰਨਾ ਪ੍ਰਚੱਲਿਤ ਹੈ ਕਿ ਦੁਸਹਿਰਾ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ...
ਆਕਸਫੇਮ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਭੁੱਖ ਨਾਲ ਦਮ ਤੋੜਨ ਵਾਲਿਆਂ ਦੀ ਤਾਦਾਦ ਆਮ ਦਿਨਾਂ ਦੇ ਮੁਕਾਬਲੇ ਕਾਫੀ ਵਧ ਗਈ ਹੈ। 21ਵੀਂ ਸਦੀ ਵਿਚ ਵੀ ਇਹ ਸੁਣਨ ਨੂੰ ਮਿਲੇ ਕਿ ਭੁੱਖ ਨਾਲ ਹਰ ਮਿੰਟ 'ਚ 11 ਲੋਕਾਂ ਦੀ ਮੌਤ ਹੋ ਰਹੀ ਹੈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX