ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਚਲਦਿਆਂ ਦਿੱਲੀ-ਹਰਿਆਣਾ ਸਿੰਘੂ ਬਾਰਡਰ 'ਤੇ ਲਖਬੀਰ ਸਿੰਘ ਨਾਂਅ ਦੇ ਵਿਅਕਤੀ ਨੂੰ ਮਾਰੇ ਜਾਣ ਦੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਬੇਰਹਿਮੀ ਨਾਲ ਉਸ ਨੂੰ ਕਤਲ ਕੀਤਾ ਗਿਆ, ਉਸ ਦਾ ਵਿਸਥਾਰ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹੈ। ਕੋਈ ਵੀ ਧਰਮ ਅਜਿਹੀ ਕਰੂਰਤਾ ਦੀ ਇਜਾਜ਼ਤ ਨਹੀਂ ਦੇ ਸਕਦਾ। ਜਿਨ੍ਹਾਂ ਨਿਹੰਗ ਸਿੰਘਾਂ ਨੇ ਉਸ ਦਾ ਕਤਲ ਕੀਤਾ, ਉਨ੍ਹਾਂ ਨੇ ਦਾਅਵਾ ਕੀਤਾ ਕਿ ਲਖਬੀਰ ਸਿੰਘ 'ਸਰਬਲੋਹ ਗ੍ਰੰਥ' ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਲਈ ਉਸ ਨੂੰ ਇਹ ਸਜ਼ਾ ਦਿੱਤੀ ਗਈ ਹੈ। ਇਕ ਵਿਅਕਤੀ ਦੇ ਹੱਥ ਪੈਰ ਕੱਟਣੇ, ਉਸ ਨੂੰ ਜ਼ਿੰਦਾ ਹੀ ਪੁੱਠਾ ਲਟਕਾਉਣਾ ਅਤੇ ਬਾਅਦ ਵਿਚ ਉਸੇ ਹਾਲਤ ਵਿਚ ਉਸ ਨੂੰ ਬੈਰੀਕੇਡ 'ਤੇ ਟੰਗ ਦੇਣਾ ਅਜਿਹਾ ਕਾਰਾ ਹੈ ਜੋ ਮਨੁੱਖੀ ਆਤਮਾ ਨੂੰ ਜ਼ਖ਼ਮ ਲਾਉਣ ਵਾਲਾ ਹੈ।
ਨਿਹੰਗ ਸਰਬਜੀਤ ਸਿੰਘ ਨੇ ਪੁਲਿਸ ਸਾਹਮਣੇ ਪੇਸ਼ ਹੋ ਕੇ ਇਸ ਹੱਤਿਆ ਦੀ ਜ਼ਿੰਮੇਵਾਰੀ ਕਬੂਲ ਲਈ ਹੈ। ਨਿਹੰਗ ਸਿੰਘ ਜਥੇਬੰਦੀ 'ਨਿਰਵੈਰ ਖ਼ਾਲਸਾ ਉਡਣਾ ਦਲ' ਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕੁਝ ਦਿਨ ਪਹਿਲਾਂ ਉਨ੍ਹਾਂ ਕੋਲ ਆਇਆ ਸੀ ਅਤੇ ਉਨ੍ਹਾਂ ਦੇ ਕੈਂਪ ਵਿਚ ਰਹਿ ਕੇ ਸੇਵਾ ਕਰ ਰਿਹਾ ਸੀ ਪਰ ਉਸ ਨੇ ਤੜਕੇ 3 ਵਜੇ 'ਸਰਬਲੋਹ ਗ੍ਰੰਥ' ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਨਿਹੰਗ ਸਿੰਘ ਨੇ ਇਹ ਵੀ ਕਿਹਾ ਕਿ ਜੋ ਕੋਈ ਵੀ ਬੇਅਦਬੀ ਕਰੇਗਾ, ਅਸੀਂ ਉਸ ਨਾਲ ਅਜਿਹਾ ਹੀ ਵਰਤਾਉ ਕਰਾਂਗੇ। ਦੋਸ਼ੀ ਨੂੰ ਪੁਲਿਸ ਰਿਮਾਂਡ ਵਿਚ ਭੇਜਿਆ ਗਿਆ ਹੈ, ਜਿਥੇ ਉਸ ਤੋਂ ਇਹ ਵੀ ਜਾਣਿਆ ਜਾਏਗਾ ਕਿ ਮ੍ਰਿਤਕ 'ਸਰਬਲੋਹ ਗ੍ਰੰਥ' ਨਾਲ ਕਿਸ ਤਰ੍ਹਾਂ ਦੀ ਬੇਅਦਬੀ ਕਰਨ ਵਾਲਾ ਸੀ। ਉਹ ਤਰਨ ਤਾਰਨ ਦੇ ਨੇੜੇ ਪਿੰਡ ਦਾ ਰਹਿਣ ਵਾਲਾ ਇਕ ਮਜ਼ਦੂਰ ਸੀ ਜਿਹੜਾ ਮੰਡੀ ਅਤੇ ਪਿੰਡ ਵਿਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਮ ਕਰਕੇ ਆਪਣੀਆਂ ਤਿੰਨ ਛੋਟੀਆਂ ਧੀਆਂ ਨੂੰ ਪਾਲ ਰਿਹਾ ਸੀ। ਵਿਚਾਰਗੀ ਦੀ ਹਾਲਤ ਵਿਚ ਹੀ ਉਹ ਆਪਣੀ ਭੈਣ ਰਾਜ ਕੌਰ ਕੋਲ ਰਹਿ ਰਿਹਾ ਸੀ। ਰਾਜ ਕੌਰ ਅਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਲਖਬੀਰ ਸਿੰਘ ਰੱਬ ਤੋਂ ਡਰਨ ਵਾਲਾ ਬੰਦਾ ਸੀ ਜਿਹੜਾ ਕਦੀ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਬਾਰੇ ਨਹੀਂ ਸੋਚ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਲਖਬੀਰ ਸਿੰਘ ਦੀ ਗੁਰੂ ਗ੍ਰੰਥ ਸਾਹਿਬ ਵਿਚ ਪੂਰੀ ਆਸਥਾ ਸੀ ਅਤੇ ਉਹ ਅਕਸਰ ਗੁਰਦੁਆਰਾ ਸਾਹਿਬ ਵਿਚ ਜਾਂਦਾ ਸੀ। ਉਨ੍ਹਾਂ ਨੇ ਇਹ ਸਵਾਲ ਵੀ ਚੁੱਕਿਆ ਹੈ ਕਿ ਜੇਕਰ ਲਖਬੀਰ ਸਿੰਘ ਨੇ ਕੋਈ ਗ਼ਲਤ ਕੰਮ ਵੀ ਕੀਤਾ ਸੀ ਤਾਂ ਉਸ ਨੂੰ ਇਸ ਤਰ੍ਹਾਂ ਵਹਿਸ਼ੀਆਨਾ ਢੰਗ ਨਾਲ ਮਾਰਨ ਦੀ ਬਜਾਏ ਉਸ ਤੋਂ ਪਹਿਲਾਂ ਪੂਰੀ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਸੀ ਜਾਂ ਉਸ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ ਪਰ ਇਸ ਦੀ ਬਜਾਏ ਉਸ ਨੂੰ ਆਪੇ ਹੀ ਫ਼ੈਸਲਾ ਕਰਕੇ ਅਣਮਨੁੱਖੀ ਢੰਗ ਨਾਲ ਮਾਰ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਉਸ ਦਾ ਕਿਸੇ ਵੀ ਸਿਆਸੀ ਪਾਰਟੀ ਜਾਂ ਗਰੁੱਪ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਸੀ। ਤਰਨ ਤਾਰਨ ਦੇ ਪਿੰਡ ਚੀਮਾ ਨਾਲ ਸੰਬੰਧਿਤ ਪੁਲਿਸ ਸਟੇਸ਼ਨ ਦੇ ਮੁਖੀ ਨੇ ਇਹ ਵੀ ਖੁਲਾਸਾ ਕੀਤਾ ਕਿ ਲਖਬੀਰ ਸਿੰਘ ਦਾ ਕੋਈ ਵੀ ਅਪਰਾਧਕ ਰਿਕਾਰਡ ਨਹੀਂ ਹੈ ਅਤੇ ਨਾ ਹੀ ਕਦੇ ਉਸ ਦੇ ਮਾੜੇ ਚਰਿੱਤਰ ਦੀ ਕੋਈ ਖ਼ਬਰ ਮਿਲੀ ਹੈ। ਪਰ ਉਹ ਨਸ਼ਿਆਂ ਦਾ ਆਦੀ ਸੀ ਜਿਨ੍ਹਾਂ ਨੂੰ ਉਹ ਛੱਡ ਨਹੀਂ ਸੀ ਸਕਿਆ। ਉਹ ਸਿੰਘੂ ਬਾਰਡਰ 'ਤੇ ਕਿਵੇਂ ਪਹੁੰਚਿਆ, ਇਸ ਦਾ ਤਾਂ ਹਾਲੇ ਪੂਰਾ ਖੁਲਾਸਾ ਹੋਣਾ ਹੈ ਪਰ ਉਥੇ ਉਹ ਸੰਬੰਧਿਤ ਨਿਹੰਗ ਜਥੇਬੰਦੀ ਨਾਲ ਕੁਝ ਦਿਨਾਂ ਤੋਂ ਰਹਿ ਕੇ ਸੇਵਾ ਕਰ ਰਿਹਾ ਸੀ। ਇਸ ਕਤਲ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰਿਆਂ ਨੇ ਕਿਹਾ ਕਿ ਮੋਰਚੇ ਦਾ ਇਸ ਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ ਪਰ ਕਿਸੇ ਵੀ ਵਿਅਕਤੀ ਨੂੰ ਜਾਂ ਜਥੇਬੰਦੀ ਨੂੰ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ।
ਇਸ ਘਟਨਾ ਨੂੰ ਲੈ ਕੇ ਸਮਾਜ ਦੇ ਹਰ ਵਰਗ ਵਲੋਂ ਬੜੇ ਸਖ਼ਤ ਪ੍ਰਤੀਕਰਮ ਸਾਹਮਣੇ ਆਏ ਹਨ। ਪਿਛਲੇ 10 ਮਹੀਨੇ ਤੋਂ ਦਿੱਲੀ ਸਰਹੱਦ 'ਤੇ ਚੱਲ ਰਹੇ ਇਸ ਅੰਦੋਲਨ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਜ਼ਰੂਰ ਵਾਪਰੀਆਂ ਹਨ ਜਿਨ੍ਹਾਂ ਨੇ ਇਸ ਦੇ ਪ੍ਰਭਾਵ ਨੂੰ ਘਟਾਇਆ ਹੈ। ਇਨ੍ਹਾਂ ਘਟਨਾਵਾਂ ਕਰਕੇ ਜਥੇਬੰਦੀਆਂ ਨੂੰ ਬਚਾਅ ਦੀ ਸਥਿਤੀ 'ਤੇ ਆਉਣਾ ਪਿਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵਿਚ ਸਮੇਂ-ਸਮੇਂ ਵੱਖ-ਵੱਖ ਲੋਕਾਂ ਅਤੇ ਜਥੇਬੰਦੀਆਂ ਵਲੋਂ ਪਾਈਆਂ ਪਟੀਸ਼ਨਾਂ ਨਾਲ ਵੀ ਇਕ ਵੱਡਾ ਵਿਵਾਦ ਛਿੜਿਆ ਹੈ। ਜਿਥੋਂ ਤੱਕ ਇਸ ਘਟਨਾ ਦਾ ਸੰਬੰਧ ਹੈ, ਅਸੀਂ ਸਮਝਦੇ ਹਾਂ ਕਿ ਇਸ ਦੀ ਹਰ ਪੱਖੋਂ ਪੂਰੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਲਈ ਭਾਗੀ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਵੀ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਸਮੁੱਚੇ ਘਟਨਾਕ੍ਰਮ ਦਾ ਪੂਰੀ ਤਰ੍ਹਾਂ ਨਿਤਾਰਾ ਹੋ ਸਕੇ।
-ਬਰਜਿੰਦਰ ਸਿੰਘ ਹਮਦਰਦ
ਇਕ ਨਗਰ ਦੀ ਇਕ ਸਭਾ ਵਿਚ ਇਕ ਵਿਦਵਾਨ ਵਿਚਾਰਕ ਆਪਣੀ ਗਿਆਨ ਭਰਪੂਰ ਗੱਲ ਦੀ ਵਿਚਾਰ-ਚਰਚਾ ਕਰ ਰਿਹਾ ਸੀ। ਆਪਣੀ ਗੱਲ ਕਹਿ ਕੇ ਜਦੋਂ ਉਹ ਜਾਣ ਲੱਗਾ ਤਾਂ ਸਭਾ 'ਚੋਂ ਇਕ ਨੌਜਵਾਨ ਖੜ੍ਹਾ ਹੋਇਆ। ਉਸ ਨੇ ਵਿਚਾਰਕ ਨੂੰ ਕਿਹਾ, 'ਪਿਛਲੇ ਅਰਸੇ ਦੌਰਾਨ ਇਕ ਵੱਡੇ ਹਾਦਸੇ ਵਿਚ ...
ਚੱਲ ਰਹੇ ਜਪੁ ਪ੍ਰਯੋਗ 'ਤੇ ਵਿਸ਼ੇਸ਼
ਨਾਮਧਾਰੀ ਸੰਪਰਦਾ ਵਿਚ ਹੋਲੇ-ਮਹੱਲੇ ਦੀ ਤਰ੍ਹਾਂ ਅੱਸੂ ਦੇ ਮੇਲੇ ਦੀ ਵੀ ਬਹੁਤ ਮਹਾਨਤਾ ਹੈ। ਨਾਮ ਸਿਮਰਨ ਦਾ ਪ੍ਰਤੀਕ ਅੱਸੂ ਦਾ ਮੇਲਾ ਪੂਰਾ ਇਕ ਮਹੀਨਾ ਚਲਦਾ ਹੈ। ਇਸ ਮਹੀਨੇ ਵਿਚ ਭੈਣੀ ਸਾਹਿਬ ਵਿਖੇ ਵੱਖ-ਵੱਖ ਪਿੰਡਾਂ-ਸ਼ਹਿਰਾਂ ...
ਬੀਤੇ ਐਤਵਾਰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਪੰਜ ਜਵਾਨਾਂ ਦੀ ਅੱਤਵਾਦੀਆਂ ਵਲੋਂ ਹੱਤਿਆ ਦੀ ਖ਼ਬਰ ਬੇਹੱਦ ਦੁਖਦਾਈ ਹੈ। ਇਨ੍ਹਾਂ ਵਿਚੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ ਨਾਲ ਸਨਮਾਨਿਆ ਹੋਇਆ ਸੀ, ...
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸਮਾਜਵਾਦੀ ਪਾਰਟੀ (ਸਪਾ) ਨੇ ਮੰਗਲਵਾਰ ਨੂੰ ਕਾਨਪੁਰ ਤੋਂ 'ਵਿਜੈ ਯਾਤਰਾ' ਦੇ ਨਾਲ ਉੱਤਰ ਪ੍ਰਦੇਸ਼ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਇਸ ਨੂੰ ਪੂਰੇ ਸੂਬੇ 'ਚ ਚੋਣਾਂ ਤੱਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX