ਅੰਮ੍ਰਿਤਸਰ, 21 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਦੇ 487ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਰਧਾ ਤੇ ਪੰਥਕ ਜਾਹੋ-ਜਲਾਲ ਨਾਲ ਸਜਾਇਆ ਗਿਆ। ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਇਸ ਨਗਰ ਦੀ ਆਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੇ ਜਾਣ ਉਪਰੰਤ ਜੈਕਾਰਿਆਂ, ਨਗਾਰਿਆਂ ਅਤੇ ਨਰਸਿੰਙਿਆਂ ਦੀ ਵਿਸਮਾਦੀ ਗੂੰਜ ਤੇ ਫੁੱਲਾਂ ਦੀ ਵਰਖਾ ਦੌਰਾਨ ਹੋਈ। ਇਸ ਨਗਰ ਕੀਰਤਨ ਵਿਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਬਣੇ ਘੰਟਾ ਘਰ ਪਲਾਜ਼ਾ ਵਿਖੇ ਪੁਲਿਸ ਪਾਰਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਲਾਮੀ ਦੇ ਕੇ ਸਤਿਕਾਰ ਭੇਟ ਕੀਤਾ ਗਿਆ। ਨਗਰ ਕੀਰਤਨ ਦੌਰਾਨ ਜੈੱਟ ਹਵਾਈ ਜਹਾਜ਼ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਗਈ। ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਸਾਹਿਬ ਵਾਲੀ ਬੱਸ ਦੇ ਅੱਗੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਨਾਲ ਸੰਬੰਧਿਤ ਸ਼ਬਦੀ ਜਥੇ, ਗਤਕਾ ਪਾਰਟੀਆਂ ਤੇ ਸ਼ਬਦ ਕੀਰਤਨ ਗਾਇਨ ਕਰਦੀਆਂ ਬੈਂਡ ਪਾਰਟੀਆਂ, ਖ਼ਾਲਸਾਈ ਸ਼ਸਤਰ ਕਲਾ ਦੇ ਜੌਹਰ ਦਿਖਾਉਂਦਿਆਂ ਤੇ ਸ਼ਬਦਾਂ ਦੀਆਂ ਧੁਨਾਂ ਬਿਖੇਰਦਿਆਂ ਚੱਲ ਰਹੀਆਂ ਸਨ। ਨਗਰ ਕੀਰਤਨ ਦੇ ਰਸਤੇ ਵਿਚ ਅਨੇਕਾਂ ਥਾਵਾਂ 'ਤੇ ਸ਼ਹਿਰ ਵਾਸੀਆਂ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਫਲ ਤੇ ਹੋਰ ਪਕਵਾਨ ਵਰਤਾਏ ਗਏ। ਇਹ ਨਗਰ ਕੀਰਤਨ ਘੰਟਾ ਘਰ ਪਲਾਜ਼ਾ, ਵਿਰਾਸਤੀ ਮਾਰਗ, ਜਲ੍ਹਿਆਂਵਾਲਾ ਬਾਗ ਤੋਂ ਹੁੰਦਾ ਹੋਇਆ ਪੁਰਾਣੇ ਚਾਰਦੀਵਾਰੀ ਵਾਲੇ ਸ਼ਹਿਰ ਘਿਓ ਮੰਡੀ ਦਰਵਾਜ਼ਾ, ਸ਼ੇਰਾਂ ਵਾਲਾ ਗੇਟ, ਮਹਾਂ ਸਿੰਘ ਗੇਟ, ਚੌਕ ਰਾਮ ਬਾਗ, ਹਾਲ ਗੇਟ, ਸਿਕੰਦਰੀ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਬੇਰੀ ਗੇਟ, ਖ਼ਜ਼ਾਨਾ ਗੇਟ, ਗੇਟ ਹਕੀਮਾਂ, ਭਗਤਾਂ ਵਾਲਾ ਗੇਟ, ਗਿਲਵਾਲੀ ਗੇਟ, ਚਾਟੀਵਿੰਡ ਗੇਟ ਤੇ ਸੁਲਤਾਨਵਿੰਡ ਗੇਟ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਇਆ।
ਕੌਣ-ਕੌਣ ਹੋਏ ਸ਼ਾਮਿਲ
ਇਸ ਨਗਰ ਕੀਰਤਨ ਵਿਚ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ, ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ, ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਤੁਗਲਵਾਲ, ਸੁਖਵਰਸ਼ ਸਿੰਘ ਪੰਨੂ, ਫੁੱਲਾਂ ਦੀ ਸਜਾਵਟ ਦੀ ਸੇਵਾ ਕਰਾਉਣ ਵਾਲੇ ਭਾਈ ਇਕਬਾਲ ਸਿੰਘ ਮੁੰਬਈ, ਭਾਈ ਸਵਿੰਦਰਪਾਲ ਸਿੰਘ, ਮਹਿੰਦਰ ਸਿੰਘ ਆਹਲੀ, ਪ੍ਰਤਾਪ ਸਿੰਘ, ਸੁਖਮਿੰਦਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ, ਅਮਰੀਕ ਸਿੰਘ ਲਤੀਫਪੁਰ, ਡਾ: ਸੁਖਬੀਰ ਸਿੰਘ, ਮਲਕੀਤ ਸਿੰਘ ਬਹਿੜਵਾਲ, ਜਸਵਿੰਦਰ ਸਿੰਘ ਦੀਨਪੁਰ, ਸੁਖਰਾਜ ਸਿੰਘ, ਬਘੇਲ ਸਿੰਘ, ਨਰਿੰਦਰ ਸਿੰਘ, ਇਕਬਾਲ ਸਿੰਘ ਮੁਖੀ, ਕੁਲਦੀਪ ਸਿੰਘ ਪੰਡੋਰੀ, ਡਾ: ਦਲਬੀਰ ਸਿੰਘ ਵੇਰਕਾ, ਵਿਕਰਮਜੀਤ ਸਿੰਘ ਕੋਟਲਾ ਆਦਿ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਦੂਰੋਂ ਨੇੜਿਓਂ ਪੁੱਜੀਆਂ ਸੰਗਤਾਂ ਹਾਜ਼ਰ ਸਨ।
ਜਲੌਅ ਤੇ ਆਤਿਸ਼ਬਾਜ਼ੀ ਅੱਜ
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਭਲਕੇ ਪ੍ਰਕਾਸ਼ ਪੁਰਬ ਮੌਕੇ 22 ਅਕਤੂਬਰ ਨੂੰ ਸਵੇਰੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁ: ਬਾਬਾ ਅਟੱਲ ਰਾਇ ਜੀ ਵਿਖੇ ਜਲੌਅ ਸਜਾਏ ਜਾਣਗੇ, ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਅਲੌਕਿਕ ਦੀਪਮਾਲਾ ਹੋਵੇਗੀ ਤੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਚਲਾਈ ਜਾਵੇਗੀ। ਇਥੇ ਵਰਨਣਯੋਗ ਹੈ ਕਿ ਮੁੰਬਈ, ਚੰਡੀਗੜ੍ਹ, ਲੁਧਿਆਣਾ ਤੇ ਅੰਮ੍ਰਿਤਸਰ ਦੀਆਂ ਸੰਗਤਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀ ਰੰਗ ਬਰੰਗੇ ਕਈ ਟਨ ਫੁੱਲਾਂ ਨਾਲ ਕੀਤੀ ਗਈ ਸਜਾਵਟ ਦਰਸ਼ਨ ਕਰਨ ਆਏ ਸ਼ਰਧਾਲੂਆਂ ਦਾ ਮਨ ਮੋਹ ਰਹੀ ਹੈ।
ਨਵੀਂ ਦਿੱਲੀ, 21 ਅਕਤੂਬਰ (ਉਪਮਾ ਡਾਗਾ ਪਾਰਥ)-ਭਾਰਤ ਨੇ ਕੋਵਿਡ-19 ਨਾਲ ਮੁਕਾਬਲੇ 'ਚ ਇਕ ਅਹਿਮ ਮੀਲ ਪੱਥਰ ਹਾਸਲ ਕਰਦਿਆਂ ਵੀਰਵਾਰ ਨੂੰ ਦੇਸ਼ 'ਚ ਕੋਰੋਨਾ ਰੋਕੂ ਟੀਕਿਆਂ ਦੀਆਂ ਕੁੱਲ 100 ਕਰੋੜ ਖੁਰਾਕਾਂ ਦਿੱਤੇ ਜਾਣ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੀਲ ਪੱਥਰ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ 100 ਸਾਲ 'ਚ ਆਈ ਇਸ ਸਭ ਤੋਂ ਵੱਡੀ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਦੇਸ਼ ਕੋਲ ਹੁਣ 100 ਕਰੋੜ ਟੀਕੇ ਦੀਆਂ ਖੁਰਾਕਾਂ ਦਾ ਮਜ਼ਬੂਤ ਸੁਰੱਖਿਆ ਕਵਚ ਹੈ। ਮੋਦੀ ਨੇ ਦਿੱਲੀ ਸਥਿਤ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਜਾ ਕੇ ਆਪਣੀ ਮੌਜੂਦਗੀ 'ਚ ਲਾਭਪਾਤਰੀਆਂ ਦੇ 100 ਕਰੋੜਵੇਂ ਟੀਕੇ ਦੀ ਖੁਰਾਕ ਲਗਵਾਈ ਜੋ ਕਿ ਇਕ ਦਿਵਿਆਂਗ ਸੀ, ਜਿਸ ਦਾ ਨਾਂਅ ਅਰੁਣ ਰਾਏ ਹੈ। ਭਾਰਤ ਨੇ ਇਹ ਅਹਿਮ ਉਪਲਬਧੀ ਵੀਰਵਾਰ ਸਵੇਰੇ 9:47 ਵਜੇ ਹਾਸਲ ਕੀਤੀ। ਭਾਰਤ ਨੇ ਇਹ ਮੁਕਾਮ 277 ਦਿਨਾਂ 'ਚ ਹਾਸਲ ਕੀਤਾ ਹੈ। 16 ਜਨਵਰੀ ਨੂੰ ਸ਼ੁਰੂ ਹੋਈ ਟੀਕਾਕਰਨ ਮੁਹਿੰਮ 'ਚ ਪਹਿਲੇ 20 ਕਰੋੜ ਟੀਕੇ ਦੀਆਂ ਖੁਰਾਕਾਂ 131 ਦਿਨਾਂ 'ਚ ਦਿੱਤੀਆਂ ਗਈਆਂ ਜਦਕਿ ਉਸ ਤੋਂ ਬਾਅਦ ਟੀਕਾਕਰਨ ਦੀ ਰਫ਼ਤਾਰ ਥੋੜ੍ਹੀ ਤੇਜ਼ ਹੋਈ। ਅਗਲੀਆਂ 20 ਕਰੋੜ ਖੁਰਾਕਾਂ 52 ਦਿਨਾਂ 'ਚ ਅਤੇ ਉਸ ਤੋਂ ਅਗਲੀਆਂ ਭਾਵ 40 ਤੋਂ 60 ਕਰੋੜ ਖੁਰਾਕਾਂ ਦੇਣ 'ਚ 39 ਦਿਨ ਲੱਗੇ। 60 ਤੋਂ 80 ਕਰੋੜ ਦਾ ਅੰਕੜਾ ਸਭ ਤੋਂ ਘੱਟ ਦਿਨਾਂ 'ਚ ਭਾਵ ਸਿਰਫ਼ 24 ਦਿਨਾਂ 'ਚ ਪੂਰਾ ਕੀਤਾ ਗਿਆ। ਇਸ ਦੌਰਾਨ ਹੀ ਭਾਰਤ ਨੇ ਇਕ ਦਿਨ 'ਚ ਟੀਕਾਕਰਨ ਦੀਆਂ ਸਭ ਤੋਂ ਵੱਧ ਖੁਰਾਕਾਂ ਦੇਣ ਦਾ ਰਿਕਾਰਡ ਵੀ ਦਰਜ ਕੀਤਾ ਸੀ। ਜਦੋਂ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਮ ਦਿਨ ਦੇ ਮੌਕੇ ਇਕ ਦਿਨ 'ਚ ਹੀ 2 ਕਰੋੜ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਸਨ ਹਾਲਾਂਕਿ ਉਸ ਤੋਂ ਬਾਅਦ ਟੀਕਾਕਰਨ ਦੀ ਰਫ਼ਤਾਰ ਫਿਰ ਮੱਠੀ ਪੈ ਗਈ ਅਤੇ 80 ਕਰੋੜ ਤੋਂ 100 ਕਰੋੜ ਹੋਣ 'ਚ 31 ਦਿਨ ਲੱਗੇ।
100 ਵਿਰਾਸਤੀ ਇਮਾਰਤਾਂ ਰੁਸ਼ਨਈਆਂ
ਇਸ ਇਤਿਹਾਸਕ ਪ੍ਰਾਪਤੀ ਨੂੰ ਵਿਸ਼ੇਸ਼ ਬਣਾਉਣ ਅਤੇ ਇਸ ਦਾ ਜਸ਼ਨ ਮਨਾਉਣ ਲਈ ਭਾਜਪਾ ਵਲੋਂ ਰਾਜਧਾਨੀ 'ਚ ਥਾਂ-ਥਾਂ 'ਤੇ ਪੋਸਟਰ ਲਾਏ ਗਏ, ਜਿਸ 'ਚ 100 ਕਰੋੜ ਟੀਕਿਆਂ ਦੀ ਖੁਰਾਕ ਦਾ ਟੀਚਾ ਹਾਸਲ ਕਰਨ ਲਈ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ। ਪੋਸਟਰਾਂ 'ਤੇ ਇਸ ਗੱਲ 'ਤੇ ਉਚੇਚਾ ਜ਼ੋਰ ਦਿੱਤਾ ਗਿਆ ਕਿ ਇਹ ਟੀਕੇ ਕੇਂਦਰ ਸਰਕਾਰ ਵਲੋਂ ਮੁਫ਼ਤ ਮੁਹੱਈਆ ਕਰਵਾਏ ਗਏ ਹਨ। ਟੀਕਾਕਰਨ 'ਚ 100 ਕਰੋੜ ਖੁਰਾਕਾਂ ਦਾ ਟੀਚਾ ਪੂਰਾ ਕਰਨ ਮੌਕੇ ਭਾਰਤੀ ਪੁਰਾਤਤਵ ਸਰਵੇਖਣ ਵਲੋਂ ਤਿਰੰਗੇ ਦੇ ਰੰਗਾਂ 'ਚ 100 ਵਿਰਾਸਤੀ ਸਮਾਰਕਾਂ ਨੂੰ ਰੌਸ਼ਨ ਕੀਤਾ ਗਿਆ। ਇਸ ਮੌਕੇ ਲਾਲ ਕਿਲ੍ਹੇ 'ਤੇ ਦੇਸ਼ ਦੇ ਸਭ ਤੋਂ ਵੱਡੇ ਖਾਦੀ ਤਿਰੰਗੇ ਨੂੰ ਪ੍ਰਦਰਸ਼ਿਤ ਕੀਤਾ ਗਿਆ। ਹਾਸਲ ਜਾਣਕਾਰੀ ਮੁਤਾਬਿਕ ਤਿਰੰਗੇ ਦੀ ਲੰਬਾਈ 225 ਫੁੱਟ ਅਤੇ ਚੌੜਾਈ 150 ਫੁੱਟ ਹੈ ਜਦਕਿ ਇਸ ਦਾ ਵਜ਼ਨ ਤਕਰੀਬਨ 1400 ਕਿੱਲੋ ਹੈ। ਸਿਹਤ ਮੰਤਰੀ ਮਾਂਡਵੀਆ ਨੇ ਇਸ ਮੌਕੇ 'ਤੇ ਇਕ ਥੀਮ ਗੀਤ ਅਤੇ ਫ਼ਿਲਮ ਵੀ ਲਾਂਚ ਕੀਤੀ। ਗੀਤ ਨੂੰ ਗਾਇਕ ਕੈਲਾਸ਼ ਖੇਰ ਨੇ ਆਵਾਜ਼ ਦਿੱਤੀ ਹੈ।
ਸਰਕਾਰ ਨੇ ਉਲੀਕੇ ਕਈ ਪ੍ਰੋਗਰਾਮ
ਕੇਂਦਰ ਸਰਕਾਰ ਵਲੋਂ ਇਸ ਮੌਕੇ ਥਾਂ-ਥਾਂ 'ਤੇ ਕਈ ਪ੍ਰੋਗਰਾਮ ਵੀ ਉਲੀਕੇ ਗਏ। ਇਸ ਮੌਕੇ ਰੇਲ ਗੱਡੀਆਂ, ਮੈਟਰੋ ਅਤੇ ਹਵਾਈ ਜਹਾਜ਼ਾਂ 'ਚ ਲਾਊਡ ਸਪੀਕਰ 'ਤੇ ਐਲਾਨ ਕੀਤੇ ਜਾ ਰਹੇ ਹਨ। ਹਵਾਈ ਉਡਾਣ ਕੰਪਨੀ ਸਪਾਈਸ ਜੈੱਟ ਵਲੋਂ ਇਹ ਉਪਲਬਧੀ ਹਾਸਲ ਕਰਨ 'ਤੇ ਦਿੱਲੀ ਹਵਾਈ ਅੱਡੇ 'ਤੇ ਵਿਸ਼ੇਸ਼ ਵਰਦੀ ਜਾਰੀ ਕੀਤੀ ਗਈ। ਜਹਾਜ਼ਾਂ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਅਤੇ 100 ਕਰੋੜ ਟੀਕਿਆਂ ਦੀ ਉਪਲਬਧੀ ਨੂੰ ਇਕ ਬੈਨਰ ਲਗਾ ਕੇ ਵਿਖਾਇਆ ਗਿਆ।
75 ਫ਼ੀਸਦੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਜਾ ਚੁੱਕੀ ਹੈ ਪਹਿਲੀ ਖੁਰਾਕ
ਕੇਂਦਰ ਸਰਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਦੇਸ਼ ਦੀ 75 ਫ਼ੀਸਦੀ ਤੋਂ ਵੱਧ ਬਾਲਗ ਆਬਾਦੀ ਨੂੰ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਦਕਿ ਤਕਰੀਬਨ 31 ਫ਼ੀਸਦੀ ਬਾਲਗ ਆਬਾਦੀ (ਲਗਭਗ 93 ਕਰੋੜ) ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
3 ਰਾਜਾਂ 'ਚ ਸਭ ਤੋਂ ਘੱਟ ਆਬਾਦੀ ਦਾ ਹੋਇਆ ਟੀਕਾਕਰਨ
ਭਾਰਤ 'ਚ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਘੱਟ ਟੀਕਾਕਰਨ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ 'ਚ ਹੋਇਆ ਹੈ। ਇਨ੍ਹਾਂ ਤਿੰਨਾਂ ਰਾਜਾਂ ਦੀ ਸਿਰਫ 12 ਫ਼ੀਸਦੀ ਆਬਾਦੀ ਨੂੰ ਹੀ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ।
ਪੰਜਾਬ ਦੇ ਫ਼ਿਰੋਜ਼ਪੁਰ 'ਚ ਸਭ ਤੋਂ ਘੱਟ ਟੀਕਾਕਰਨ
ਹਾਸਲ ਅੰਕੜਿਆਂ ਮੁਤਾਬਿਕ ਪੰਜਾਬ ਦਾ ਫ਼ਿਰੋਜ਼ਪੁਰ ਅਜਿਹਾ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਘੱਟ ਟੀਕਾਕਰਨ ਹੋਇਆ ਹੈ। ਫ਼ਿਰੋਜ਼ਪੁਰ 'ਚ ਸਿਰਫ 5.8 ਫ਼ੀਸਦੀ ਆਬਾਦੀ ਨੂੰ ਹੀ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ। ਹਾਲਾਂਕਿ ਫ਼ਿਰੋਜ਼ਪੁਰ ਤੋਂ ਬਾਅਦ ਘੱਟ ਟੀਕਾਕਰਨ ਦੇ ਮਾਮਲੇ 'ਚ ਅਗਲੇ 7 ਜ਼ਿਲ੍ਹੇ ਉੱਤਰ ਪ੍ਰਦੇਸ਼ ਦੇ ਹੀ ਹਨ। ਰਾਏਬਰੇਲੀ ਅਤੇ ਸੰਭਲ ਦੀ 6.9 ਫ਼ੀਸਦੀ, ਬਦਾਯੂੰ ਦੀ 7.3 ਫ਼ੀਸਦੀ, ਮੁਰਾਦਾਬਾਦ ਦੀ 7.7 ਫ਼ੀਸਦੀ, ਸੀਤਾਪੁਰ ਅਤੇ ਸੁਲਤਾਨਪੁਰ ਦੀ 7.9 ਫ਼ੀਸਦੀ ਅਤੇ ਕਾਸਗੰਜ ਦੀ 8 ਫ਼ੀਸਦੀ ਆਬਾਦੀ ਨੂੰ ਹੀ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ। ਜਦਕਿ ਜ਼ਿਲ੍ਹਿਆਂ ਦੇ ਆਧਾਰ 'ਤੇ ਸਭ ਤੋਂ ਵੱਧ ਟੀਕਾਕਰਨ ਹਰਿਆਣਾ ਦੇ ਗੁੜਗਾਓਂ 'ਚ ਹੋਇਆ ਹੈ, ਜਿੱਥੇ 83 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੂਜੇ ਨੰਬਰ 'ਤੇ ਹਿਮਾਚਲ ਦਾ ਕਿੰਨੌਰ ਹੈ ਜਿੱਥੇ 74 ਫ਼ੀਸਦੀ ਆਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ ਤੀਜੇ ਨੰਬਰ 'ਤੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਹੈ, ਜਿੱਥੇ 60 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਮੋਦੀ ਨੇ ਟਵਿੱਟਰ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਅਸੀਂ 130 ਕਰੋੜ ਭਾਰਤੀਆਂ ਦੇ ਸਾਇੰਸ, ਉੱਦਮਤਾ ਅਤੇ ਸਾਂਝੀ ਭਾਵਨਾ ਦੀ ਜਿੱਤ ਦੀ ਗਵਾਹੀ ਭਰ ਰਹੇ ਹਾਂ ਮੋਦੀ ਨੇ ਇਸ ਟੀਚੇ ਨੂੰ ਹਾਸਲ ਕਰਨ ਲਈ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਅਮਲੇ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਹਸਪਤਾਲ ਪਹੁੰਚੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਪਹੁੰਚੇ। ਉਨ੍ਹਾਂ ਨੇ ਆਪਣੇ ਸਾਹਮਣੇ ਹੀ ਬਨਾਰਸ ਦੇ ਦਿਵਿਆਂਗ ਅਰੁਣ ਰਾਏ ਨੂੰ 100 ਕਰੋੜਵੀਂ ਖੁਰਾਕ ਵੀ ਦਿਵਾਈ। ਮੋਦੀ ਨੇ ਅਰੁਣ ਤੋਂ ਇਹ ਵੀ ਪੁੱਛਿਆ ਕਿ ਇਹ ਉਨ੍ਹਾਂ ਦੀ ਪਹਿਲੀ ਖੁਰਾਕ ਹੈ ਜਾਂ ਦੂਜੀ, ਜਦੋਂ ਉਸ ਨੇ ਪਹਿਲੀ ਖੁਰਾਕ ਦੱਸਿਆ ਤਾਂ ਉਨ੍ਹਾਂ ਉਸ ਨੂੰ ਝਿੜਕਦਿਆਂ ਇਹ ਵੀ ਕਿਹਾ ਕਿ ਉਸ ਨੇ ਟੀਕਾ ਲਗਵਾਉਣ 'ਚ ਏਨੀ ਦੇਰ ਕਿਉਂ ਕੀਤੀ? ਪ੍ਰਧਾਨ ਮੰਤਰੀ ਤਕਰੀਬਨ 20 ਮਿੰਟ ਹਸਪਤਾਲ 'ਚ ਰਹੇ। ਉਨ੍ਹਾਂ ਉੱਥੇ ਮੌਜੂਦ ਸਿਹਤ ਮੁਲਾਜ਼ਮਾਂ, ਹਸਪਤਾਲ ਦੇ ਸੁਰੱਖਿਆ ਮੁਲਾਜ਼ਮਾਂ ਅਤੇ ਦੂਜੇ ਸਟਾਫ਼ ਨਾਲ ਗੱਲਬਾਤ ਵੀ ਕੀਤੀ।
ਵਿਸ਼ਵ ਸਿਹਤ ਸੰਗਠਨ ਵਲੋਂ ਭਾਰਤ ਨੂੰ ਵਧਾਈ
ਜਨੇਵਾ, (ਏਜੰਸੀ)-100 ਕਰੋੜ ਤੋਂ ਵੱਧ ਕੋਵਿਡ ਰੋਕੂ ਖੁਰਾਕਾਂ ਦੇਣ ਦੇ ਟੀਚੇ ਨੂੰ ਪਾਰ ਕਰਨ 'ਤੇ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਨੂੰ ਵਧਾਈ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡਰੋਸ ਐਡਨੋਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਵਿਗਿਆਨੀਆਂ, ਸਿਹਤ ਕਾਮਿਆਂ ਤੇ ਲੋਕਾਂ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ ਦਿੱਤੀ। ਇਸ ਤੋਂ ਇਲਾਵਾ ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ ਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਇਸ ਉਪਲਬਧੀ ਲਈ ਭਾਰਤ ਨੂੰ ਵਧਾਈ ਦਿੱਤੀ।
ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਟਾਉਣ ਲਈ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਸਾਨ ਸੰਗਠਨਾਂ ਨੂੰ 3 ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਬਉੱਚ ਅਦਾਲਤ ਨੇ ਇਹ ਵੀ ਕਿਹਾ ਕਿ ਵਿਰੋਧ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਪ੍ਰੰਤੂ ਅਣਮਿੱਥੇ ਸਮੇਂ ਲਈ ਸੜਕਾਂ 'ਤੇ ਆਵਾਜਾਈ ਨੂੰ ਠੱਪ ਨਹੀਂ ਕੀਤਾ ਜਾ ਸਕਦਾ। ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ। ਨੋਇਡਾ ਨਿਵਾਸੀ ਮੋਨਿਕਾ ਅਗਰਵਾਲ ਵਲੋਂ ਦਾਖ਼ਲ ਜਨਹਿਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਕਿਸਾਨਾਂ ਨੂੰ ਕਿਹਾ ਕਿ ਤੁਹਾਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪ੍ਰੰਤੂ ਅਣਮਿੱਥੇ ਸਮੇਂ ਲਈ ਸੜਕਾਂ 'ਤੇ ਆਵਾਜਾਈ ਨੂੰ ਰੋਕਿਆ ਨਹੀਂ ਜਾ ਸਕਦਾ। ਅਦਾਲਤ ਨੇ ਕਿਹਾ ਕਿ ਸੜਕਾਂ ਸਾਫ਼ ਹੋਣੀਆਂ ਚਾਹੀਦੀਆਂ ਹਨ। ਅਸੀਂ ਵਾਰ-ਵਾਰ ਕਾਨੂੰਨ ਤੈਅ ਕਰਦੇ ਨਹੀਂ ਰਹਿ ਸਕਦੇ। ਇਸ ਮਾਮਲੇ ਦੀ ਸੁਣਵਾਈ ਕਰ ਰਹੀ ਜਸਟਿਸ ਐਸ.ਕੇ. ਕੌਲ ਅਤੇ ਜਸਟਿਸ ਐਮ.ਐਮ. ਸੁਦਰੇਸ਼ ਦੇ ਬੈਂਚ ਨੇ ਕਿਸਾਨ ਸੰਗਠਨਾਂ ਨੂੰ ਕਿਹਾ ਕਿ ਅਦਾਲਤ ਵਿਰੋਧ ਦੇ ਅਧਿਕਾਰ ਦੇ ਖ਼ਿਲਾਫ਼ ਨਹੀਂ ਹੈ ਪ੍ਰੰਤੂ ਸਮੱਸਿਆ ਦਾ ਕੋਈ ਨਾ ਕੋਈ ਹੱਲ ਨਿਕਲਣਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਤੁਸੀਂ ਜਿਸ ਤਰੀਕੇ ਨਾਲ ਚਾਹੇ ਵਿਰੋਧ ਕਰ ਸਕਦੇ ਹੋ ਪਰ ਸੜਕਾਂ ਨੂੰ ਇਸ ਤਰ੍ਹਾਂ ਬੰਦ ਨਹੀਂ ਕਰ ਸਕਦੇ। ਲੋਕਾਂ ਨੂੰ ਸੜਕਾਂ 'ਤੇ ਜਾਣ ਦਾ ਅਧਿਕਾਰ ਹੈ ਪਰ ਉਹ ਇਨ੍ਹਾਂ ਨੂੰ ਬੰਦ ਨਹੀਂ ਕਰ ਸਕਦੇ। ਸੁਣਵਾਈ ਦੌਰਾਨ ਕਿਸਾਨ ਸੰਗਠਨਾਂ ਦੇ ਵਕੀਲ ਦੁਸ਼ਿਅੰਤ ਦਵੇ ਨੇ ਕਿਹਾ ਕਿ ਸੜਕਾਂ ਨੂੰ ਪੁਲਿਸ ਨੇ ਬੰਦ ਕੀਤਾ ਹੈ, ਕਿਸਾਨਾਂ ਨੇ ਨਹੀਂ। ਅਦਾਲਤ ਨੇ ਕਿਹਾ ਕਿ ਅਸੀਂ ਕਿਸੇ ਵੱਡੇ ਮੁੱਦੇ 'ਚ ਨਹੀਂ ਜਾਵਾਂਗੇ। ਇਹ ਮਾਮਲਾ ਸੜਕਾਂ ਖੁਲ੍ਹਵਾਉਣ ਨਾਲ ਜੁੜਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ 43 ਸੰਗਠਨਾਂ ਨੂੰ ਨੋਟਿਸ ਭੇਜਿਆ ਸੀ ਹਾਲਾਂਕਿ ਇਸ ਦੇ ਜਵਾਬ 'ਚ ਭਾਰਤੀ ਕਿਸਾਨ ਯੂਨੀਅਨ ਸਮੇਤ ਸਿਰਫ਼ 4 ਯੂਨੀਅਨਾਂ ਨੇ ਹੀ ਮੌਜੂਦਗੀ ਦਰਜ ਕਰਵਾਈ ਹੈ। ਸਰਕਾਰ ਵਲੋਂ ਪੇਸ਼ ਤੁਸ਼ਾਰ ਮਹਿਤਾ ਨੇ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦਾ ਮੁੱਦਾ ਚੁੱਕਿਆ ਅਤੇ ਨਾਲ ਹੀ ਕਿਹਾ ਕਿ ਖੇਤੀ ਕਾਨੂੰਨਾਂ 'ਤੇ ਅਦਾਲਤ ਪਹਿਲਾਂ ਹੀ ਰੋਕ ਲਗਾ ਚੁੱਕੀ ਹੈ, ਇਸ ਦੇ ਬਾਵਜੂਦ ਅੰਦੋਲਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਦੇ-ਕਦੇ ਅੰਦੋਲਨ ਵਾਸਤਵਿਕ ਕਾਰਨਾਂ ਦੇ ਲਈ ਨਹੀਂ ਬਲਕਿ ਹੋਰਨਾਂ ਕਾਰਨਾਂ ਲਈ ਹੁੰਦੇ ਹਨ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਪਿਛਲੇ ਤਕਰੀਬਨ 1 ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਹਨ। ਇਸੇ ਨੂੰ ਲੈ ਕੇ ਨੋਇਡਾ ਦੀ ਮੋਨਿਕਾ ਅਗਰਵਾਲ ਨੇ ਜਨਹਿਤ ਪਟੀਸ਼ਨ ਦਾਇਰ ਕਰਕੇ ਰੋਜ਼ਾਨਾ ਆਵਾਜਾਈ 'ਚ ਹੋ ਰਹੀ ਦੇਰੀ ਦੀ ਸ਼ਿਕਾਇਤ ਕਰਦਿਆਂ ਸੜਕਾਂ ਖੁਲ੍ਹਵਾਉਣ ਦੀ ਮੰਗ ਕੀਤੀ ਸੀ।
ਜਸਪਾਲ ਸਿੰਘ
ਜਲੰਧਰ, 21 ਅਕਤੂਬਰ-ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਫ਼ਿਰਕਾਪ੍ਰਸਤ ਤਾਕਤਾਂ ਨੂੰ ਦੇਸ਼ ਦੇ ਜਮਹੂਰੀ ਤੇ ਸੰਘੀ ਢਾਂਚੇ ਲਈ ਬੇਹੱਦ ਖ਼ਤਰਨਾਕ ਦੱਸਦੇ ਹੋਏ ਕਿਹਾ ਹੈ ਕਿ ਅੱਜ ਦੇਸ਼ ਨੂੰ ਬਾਹਰੀ ਨਹੀਂ ਬਲਕਿ ਅੰਦਰੂਨੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅੱਜ ਇੱਥੇ 'ਅਜੀਤ' ਭਵਨ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਸੁਰੱਖਿਆ ਦੇ ਨਾਂਅ 'ਤੇ ਸੂਬਿਆਂ ਦੇ ਹੱਕ ਖੋਹੇ ਜਾ ਰਹੇ ਹਨ ਤੇ ਫ਼ਿਰਕੂ ਸੋਚ ਨੂੰ ਉਭਾਰ ਕੇ ਦੇਸ਼ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਜਪਾ ਨਾਲ ਪਾਈ ਜਾ ਰਹੀ ਸਾਂਝ ਬਾਰੇ ਗੱਲ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਨੇ ਅਜਿਹਾ ਕਰਕੇ ਪੰਜਾਬੀਆਂ ਦੀ ਪਿੱਠ 'ਚ ਛੁਰਾ ਮਾਰਿਆ ਹੈ ਤੇ ਇਤਿਹਾਸ 'ਚ ਉਨ੍ਹਾਂ ਦਾ ਨਾਂਅ ਗੱਦਾਰਾਂ ਦੀ ਸੂਚੀ 'ਚ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ-ਅਖੰਡਤਾ ਤੇ ਧਰਮ ਨਿਰਪੱਖ ਸੋਚ ਨੂੰ ਢਾਅ ਲਗਾਉਣ ਵਾਲੀਆਂ ਸ਼ਕਤੀਆਂ ਨੂੰ ਦੇਸ਼ ਭਗਤੀ ਦੀ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੀ ਜ਼ਿੰਦਗੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਫ਼ਿਰਕੂ ਸੋਚ ਦਾ ਵਿਰੋਧ ਕਰਦੇ ਰਹੇ ਤੇ ਹੁਣ ਉਮਰ ਦੇ ਆਖਰੀ ਪੜਾਅ 'ਚ ਆ ਕੇ ਭਾਜਪਾ ਨਾਲ ਗਲਵਕੜੀ ਪਾ ਕੇ ਬਜ਼ਰ ਗਲਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਭਾਜਪਾ ਦੀ ਫ਼ਿਰਕੂ ਸੋਚ ਦਾ ਹਿੱਸਾ ਬਣਨ 'ਤੇ ਉਨ੍ਹਾਂ ਨੂੰ ਬਹੁਤ ਅਫਸੋਸ ਹੋਇਆ ਹੈ, ਕਿਉਂਕਿ ਉਹ ਉਨ੍ਹਾਂ ਦੇ ਸਭ ਤੋਂ ਨੇੜੇ ਸਨ ਤੇ ਉਨ੍ਹਾਂ ਨੇ ਕੈਪਟਨ ਦੇ ਹੱਕ 'ਚ ਕਈ ਵਾਰ ਵੱਡੇ ਸਟੈਂਡ ਵੀ ਲਏ। ਸਾਲ 2002 ਤੋਂ ਲੈ ਕੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਡਟ ਕੇ ਸਾਥ ਦਿੱਤਾ ਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਤੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਠਾਉਣ ਤੱਕ ਹਰ ਕਦਮ 'ਤੇ ਕੈਪਟਨ ਦੀ ਹਮਾਇਤ ਕੀਤੀ ਪਰ ਜਿਸ ਤਰ੍ਹਾਂ ਕੈਪਟਨ ਨੇ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਅਤੇ ਗਲਤੀਆਂ 'ਤੇ ਪਰਦਾ ਪਾਉਣ ਲਈ ਪੰਜਾਬ ਦੇ ਹਿੱਤ ਭਾਜਪਾ ਨੂੰ ਵੇਚ ਦਿੱਤੇ ਹਨ, ਉਸਦੀ ਕਿਸੇ ਨੂੰ ਵੀ ਆਸ ਨਹੀਂ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਕੈਪਟਨ ਵਲੋਂ ਪਿਛਲੇ ਸਾਢੇ ਚਾਰ ਸਾਲ ਤੋਂ ਲਗਾਤਾਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਦਾ ਢੰਡੋਰਾ ਪਿੱਟ ਕੇ ਸੂਬੇ ਦੇ ਹੱਕਾਂ ਦਾ ਗਲਾ ਘੁੱਟਣ ਲਈ ਗਰਾਊਂਡ ਤਿਆਰ ਕੀਤੀ ਜਾ ਰਹੀ ਸੀ ਤੇ ਅੱਜ ਉਹੀ ਹੋਇਆ, ਕੇਂਦਰ ਦੀ ਭਾਜਪਾ ਸਰਕਾਰ ਨੇ ਸੂਬੇ ਦੇ ਅੱਧੇ ਤੋਂ ਵੱਧ ਹਿੱਸੇ 'ਤੇ ਅਸਿੱਧੇ ਤੌਰ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਰਾਜ 'ਚ ਸਰਹੱਦ ਤੋਂ 50 ਕਿਲੋਮੀਟਰ ਦਾ ਖ਼ੇਤਰ ਬੀ.ਐਸ.ਐਫ. ਦੇ ਹਵਾਲੇ ਕਰ ਦੇਣ ਨਾਲ ਰਾਜ ਦੇ ਲੋਕਾਂ ਦੇ ਅਧਿਕਾਰ ਖੋਹੇ ਜਾਣਗੇ ਅਤੇ ਜਵਾਨਾਂ ਦੀ ਲੋਕਾਂ ਦੀ ਜ਼ਿੰਦਗੀ 'ਚ ਦਖਲ ਅੰਦਾਜ਼ੀ ਵਧੇਗੀ। ਬੀ.ਐਸ.ਐਫ. ਦੇ ਜਵਾਨ ਆਪਣੀ ਮਰਜ਼ੀ ਨਾਲ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈ ਸਕਣਗੇ ਤੇ ਹੋਰ ਵੀ ਕਈ ਤਰ੍ਹਾਂ ਦੇ ਢੰਗ ਤਰੀਕਿਆਂ ਨਾਲ ਸਖਤੀ ਕਰਨਗੇ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਕਿਸੇ ਦੀ ਧੌਂਸ ਨਹੀਂ ਮੰਨਦੇ ਤੇ ਆਪਣੀ ਜ਼ਿੰਦਗੀ ਆਪਣੇ ਅਸੂਲਾਂ ਨਾਲ ਜਿਊਂਦੇ ਹਨ, ਅਜਿਹੇ 'ਚ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਖਾੜਕੂਵਾਦ ਦੇ ਦੌਰ ਤੋਂ ਇਲਾਵਾ ਪਠਾਨਕੋਟ ਤੇ ਦੀਨਾਨਗਰ 'ਚ ਪਾਕਿਸਤਾਨੀ ਘੁਸਪੈਠੀਆਂ ਕਾਰਨ ਵਾਪਰੀਆਂ ਅੱਤਵਾਦੀ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਘਟਨਾਵਾਂ 'ਚ ਪੰਜਾਬ ਪੁਲਿਸ ਨੇ ਜਿਸ ਬਹਾਦਰੀ ਤੇ ਦਲੇਰੀ ਦਾ ਪ੍ਰਗਟਾਵਾ ਕੀਤਾ ਉਹ ਆਪਣੇ ਆਪ 'ਚ ਇਕ ਮਿਸਾਲ ਹੈ ਤੇ ਪੰਜਾਬ ਪੁਲਿਸ ਅੱਜ ਵੀ ਹਰ ਸਥਿਤੀ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਇਸ ਸੰਬੰਧੀ ਅਦਾਲਤ ਦਾ ਵੀ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਕਿਸੇ ਵੀ ਤਰ੍ਹਾਂ ਦੇ ਮਨ ਮੁਟਾਅ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰਾਂ, ਪਾਰਟੀਆਂ ਦੀ ਸਲਾਹ ਨਾਲ ਹੀ ਚੱਲਦੀਆਂ ਹਨ ਤੇ ਜੇਕਰ ਨਵਜੋਤ ਸਿੰਘ ਸਿੱਧੂ ਕੁਝ ਮੁੱਦਿਆਂ 'ਤੇ ਸਰਕਾਰ ਨੂੰ ਸੇਧ ਦੇ ਰਹੇ ਹਨ ਤਾਂ ਇਸ 'ਚ ਕੁਝ ਵੀ ਗਲਤ ਨਹੀਂ ਹੈ, ਸਗੋਂ ਇਹ ਮਜ਼ਬੂਤ ਜਮਹੂਰੀਅਤ ਦਾ ਇਕ ਹਿੱਸਾ ਹੈ, ਜੋ ਹੋਰ ਕਿਸੇ ਪਾਰਟੀ 'ਚ ਨਹੀਂ ਹੈ। ਲੋਕਾਂ ਨਾਲ ਕੀਤੇ ਗਏ ਵਾਅਦਿਆਂ ਤੇ ਮੁੱਦਿਆਂ ਦੇ ਹੱਲ ਬਾਰੇ ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਸਰਕਾਰ ਕੋਲ ਸਮਾਂ ਸੀਮਤ ਹੈ ਤੇ ਚੁਣੌਤੀਆਂ ਵੱਡੀਆਂ ਹਨ ਪਰ ਸਰਕਾਰ ਇਸ ਦੌਰਾਨ ਬੇਅਦਬੀ ਦੀਆਂ ਘਟਨਾਵਾਂ, ਮਾਫੀਆ ਰਾਜ ਤੇ ਨਸ਼ਿਆਂ ਆਦਿ ਦੇ ਮਾਮਲਿਆਂ 'ਚ ਮਿਸਾਲੀ ਕੰਮ ਕਰਕੇ ਦਿਖਾਏਗੀ ਤੇ ਲੋਕ ਉਮੀਦਾਂ 'ਤੇ ਪੂਰਾ ਉਤਰੇਗੀ। ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ 'ਚ ਕਾਂਗਰਸ ਮੁੜ ਸ਼ਾਨਦਾਰ ਜਿੱਤ ਹਾਸਲ ਕਰਕੇ ਸਰਕਾਰ ਬਣਾਏਗੀ।
ਚੰਡੀਗੜ੍ਹ, 21 ਅਕਤੂਬਰ (ਅਜੀਤ ਬਿਊਰੋ)- ਉਪ ਚੋਣ ਕਮਿਸ਼ਨਰ ਨਿਤੇਸ਼ ਕੁਮਾਰ ਵਿਆਸ ਨੇ ਅੱਜ ਮੁੱਖ ਚੋਣ ਅਧਿਕਾਰੀ ਦਫ਼ਤਰ ਪੰਜਾਬ ਵਿਖੇ, ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਸੰਬੰਧੀ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ। ਨਿਤੇਸ਼ ਵਿਆਸ ਨੇ ਸੀ.ਈ.ਓ., ਪੰਜਾਬ ਨੂੰ ਈ.ਵੀ.ਐਮ.'ਜ਼/ਵੀ.ਵੀ.ਪੈਟਸ ਦੀ ਜ਼ਿਲ੍ਹਾ ਪੱਧਰ 'ਤੇ ਚੱਲ ਰਹੀ ਫਸਟ ਲੈਵਲ ਚੈਕਿੰਗ (ਐਫ.ਐਲ.ਸੀ.) ਦੀ ਨੇੜਿਓਂ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੰਜਾਬ ਦੇ ਸੀ.ਈ.ਓ. ਦਫ਼ਤਰ ਦੇ ਚੋਣ ਅਧਿਕਾਰੀਆਂ ਨੂੰ ਟੋਲ ਫ੍ਰੀ ਹੈਲਪਲਾਈਨ ਨੰਬਰ 1950 ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਯੋਜਨਾਬੱਧ ਤਰੀਕੇ ਨਾਲ ਟ੍ਰੈਕ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ ਅਤੇ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਦੀ ਸਿਖਲਾਈ ਵੱਲ ਧਿਆਨ ਦੇਣ ਸੰਬੰਧੀ ਨਿਰਦੇਸ਼ ਵੀ ਦਿੱਤੇ। ਮੀਟਿੰਗ ਦੌਰਾਨ ਸੀ.ਈ.ਓ, ਪੰਜਾਬ ਡਾ. ਐਸ. ਕਰੁਣਾ ਰਾਜੂ, ਆਈ.ਏ.ਐਸ. ਵਲੋਂ ਵੋਟਰ ਸੂਚੀਆਂ ਦੀਆਂ ਤਿਆਰੀਆਂ ਅਤੇ ਇਨ੍ਹਾਂ ਦੀ ਮੌਜੂਦਾ ਸਥਿਤੀ, ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਕਰਨ, ਈ.ਵੀ.ਐਮ'ਜ਼/ਵੀ.ਵੀ.ਪੈਟਸ, ਈ.ਵੀ.ਐਮ'ਜ਼/ਵੀ.ਵੀ.ਪੈਟਸ ਦੀ ਫਸਟ ਲੈਵਲ ਚੈਕਿੰਗ, ਸਾਰੇ ਚੋਣ ਅਧਿਕਾਰੀਆਂ ਦੀ ਸਿਖਲਾਈ, ਚੋਣ ਸਮੱਗਰੀ ਦੀ ਖਰੀਦ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਡਾ. ਰਾਜੂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਸਾਰੇ 24,689 ਪੋਲਿੰਗ ਬੂਥਾਂ 'ਚ ਕੈਂਪ, ਪਾਣੀ ਦੀ ਸਹੂਲਤ, ਪਖਾਨੇ ਦੀ ਉਪਲਬਧਤਾ ਵਰਗੀਆਂ ਘੱਟੋ-ਘੱਟ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ) ਕਮ ਨੋਡਲ ਅਫਸਰ, ਚੋਣਾਂ ਸ਼ਸ਼ੀ ਪ੍ਰਭਾ ਦਿਵੇਦੀ ਨੇ ਉਪ ਚੋਣ ਕਮਿਸ਼ਨਰ, ਈ.ਸੀ.ਆਈ. ਨੂੰ ਪੰਜਾਬ 'ਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਮੀਟਿੰਗ ਦੌਰਾਨ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਕਮ ਨੋਡਲ ਅਫਸਰ, ਚੋਣਾਂ, ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ, ਅੰਡਰ ਸਕੱਤਰ, ਈ.ਸੀ.ਆਈ. ਅਤੇ ਦਫਤਰ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਹੋਰ ਅਧਿਕਾਰੀ ਸ਼ਾਮਿਲ ਸਨ।
ਦੇਹਰਾਦੂਨ, 21 ਅਕਤੂਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਉੱਤਰਾਖੰਡ ਦੇ ਬਾਰਿਸ਼ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਤਾਂ ਜੋ ਬਾਰਿਸ਼ਾਂ ਕਾਰਨ ਹੋਏ ਨੁਕਸਾਨ ਦਾ ਪਤਾ ਲਗਾਇਆ ਜਾ ਸਕੇ, ਇਸ ਦੌਰਾਨ ਸੂਬਾ ਸਰਕਾਰ ਵਲੋਂ 7,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਕੁਮਾਉਂ ਖੇਤਰ ਦੇ ਬਾਰਿਸ਼ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਬਾਅਦ ਜੌਲੀਗ੍ਰਾਂਟ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਸੁਚੇਤਤਾ ਨੇ ਨੁਕਸਾਨ ਨੂੰ ਰੋਕਣ 'ਚ ਮਦਦ ਕੀਤੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਲਗਾਤਾਰ 3 ਦਿਨ ਬਾਰਿਸ਼ਾਂ ਹੋਣ ਨਾਲ ਸੂਬੇ ਨੂੰ 7,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਅਨੁਸਾਰ ਬਾਰਿਸ਼ਾਂ ਕਾਰਨ ਵਾਪਰੀਆਂ ਘਟਨਾਵਾਂ 'ਚ 65 ਲੋਕ ਮਾਰੇ ਗਏ, 19 ਜ਼ਖ਼ਮੀ ਹੋਏ ਤੇ 11 ਅਜੇ ਵੀ ਲਾਪਤਾ ਹਨ।
ਨਵੀਂ ਦਿੱਲੀ, 21 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਰਸਤਾ ਅਸੀਂ ਨਹੀਂ ਰੋਕਿਆ ਬਲਕਿ ਪੁਲਿਸ ਨੇ ਸੜਕ 'ਤੇ ਬੈਰੀਕੇਡ ਲਗਾ ਕੇ ਆਪ ਹੀ ਰੋਕਿਆ ਹੋਇਆ ਹੈ ਅਤੇ ਝੂਠੀਆਂ ਖ਼ਬਰਾਂ ਨਾਲ ਅਫ਼ਵਾਹ ਫ਼ੈਲਾਈ ਜਾ ਰਹੀ ਹੈ ਕਿ ਗਾਜ਼ੀਪੁਰ ਦਾ ਬਾਰਡਰ ਕਿਸਾਨਾਂ ਤੋਂ ਖ਼ਾਲੀ ਕਰਵਾਇਆ ਜਾ ਰਿਹਾ ...
ਅੰਮ੍ਰਿਤਸਰ, 21 ਅਕਤੂਬਰ (ਸੁਰਿੰਦਰ ਕੋਛੜ)-ਵਿੱਤੀ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ.) ਦੀ ਹੋਈ ਤਿੰਨ ਦਿਨਾ ਬੈਠਕ 'ਚ ਪਾਕਿਸਤਾਨ ਦੇ 'ਗਰੇਅ' ਸੂਚੀ 'ਚ ਬਣੇ ਰਹਿਣ ਲਈ ਦੁਬਾਰਾ ਤੋਂ ਮੋਹਰ ਲਗਾ ਦਿੱਤੀ ਗਈ। ਅੱਜ ਦੇਰ ਰਾਤ ਜਾਰੀ ਕੀਤੇ ਗਏ ਇਕ ਬਿਆਨ 'ਚ ਐਫ. ਏ. ਟੀ. ਐਫ. ਨੇ ਕਿਹਾ ...
ਨਵੀਂ ਦਿੱਲੀ, 21 ਅਕਤਬੂਰ (ਉਪਮਾ ਡਾਗਾ ਪਾਰਥ)-ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਕੇਂਦਰੀ ਮੰਤਰੀ ਮੰਡਲ ਨੇ ਮਹਿੰਗਾਈ ਭੱਤਾ 3 ਫ਼ੀਸਦੀ ਹੋਰ ਵਧਾਉਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ। ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX