• ਮਿ੍ਤਕਾਂ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ • ਚਾਲਕ ਗਿ੍ਫ਼ਤਾਰ
ਮਾਨਸਾ, 28 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਅੱਜ ਸਵੇਰ ਸਮੇਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਤੇਜ਼ ਰਫ਼ਤਾਰ ਟਿੱਪਰ ਨੇ 3 ਕਿਸਾਨ ਔਰਤਾਂ ਨੂੰ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ 'ਚ 2 ਹੋਰ ਔਰਤਾਂ ਜ਼ਖ਼ਮੀ ਹੋ ਗਈਆਂ ਹਨ | ਇਹ ਸਾਰੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂਵਾਲਾ ਨਾਲ ਸੰਬੰਧਿਤ ਹਨ | ਮਿ੍ਤਕਾਂ ਦੀ ਪਹਿਚਾਣ ਸੁਖਵਿੰਦਰ ਕੌਰ ਉਰਫ਼ ਸ਼ਿੰਦਰ ਕੌਰ (55) ਪਤਨੀ ਭਗਵਾਨ ਸਿੰਘ, ਅਮਰਜੀਤ ਕੌਰ (51) ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ (65) ਪਤਨੀ ਭੋਲਾ ਸਿੰਘ ਵਜੋਂ ਹੋਈ ਹੈ ਜਦਕਿ ਗੰਭੀਰ ਜ਼ਖ਼ਮੀ ਗੁਰਮੇਲ ਕੌਰ (60) ਪਤਨੀ ਮੇਹਰ ਸਿੰਘ ਨੂੰ ਪੀ.ਜੀ.ਆਈ. ਰੋਹਤਕ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਹਰਮੀਤ ਕੌਰ (56) ਪਤਨੀ ਗੁਰਤੇਜ ਸਿੰਘ ਬਹਾਦਰਗੜ੍ਹ (ਹਰਿਆਣਾ) ਦੇ ਹਸਪਤਾਲ 'ਚ ਜ਼ੇਰੇ ਇਲਾਜ ਹੈ | ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ | ਜ਼ਿਕਰਯੋਗ ਹੈ ਕਿ ਉਪਰੋਕਤ ਪਿੰਡ ਦੇ ਕਿਸਾਨਾਂ ਦਾ 8 ਮੈਂਬਰੀ ਜਥਾ ਜਿਸ ਵਿਚ 7 ਔਰਤਾਂ ਤੇ 1 ਮਰਦ ਸ਼ਾਮਿਲ ਸਨ, ਕਿਸਾਨ ਅੰਦੋਲਨ 'ਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਮਾਨਸਾ ਨੂੰ ਆਉਣ ਦੀ ਤਿਆਰੀ 'ਚ ਸੀ | ਘਟਨਾ ਸਥਾਨ 'ਤੇ ਮੌਜੂਦ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਹ ਸਾਰੇ ਜਣੇ ਵਾਪਸ ਆਉਣ ਲਈ ਝੱਜਰ ਰੋਡ 'ਤੇ ਫਲਾਈ ਓਵਰ ਕੋਲ ਆਟੋ ਦੀ ਉਡੀਕ ਕਰ ਰਹੇ ਸਨ ਤਾਂ ਤੇਜ਼ ਰਫ਼ਤਾਰ ਟਿੱਪਰ, ਜਿਸ ਵਿਚ ਕਰੈਸ਼ਰ ਭਰਿਆ ਹੋਇਆ ਸੀ, ਉਨ੍ਹਾਂ 'ਤੇ ਆ ਚੜਿ੍ਹਆ | ਉਨ੍ਹਾਂ ਦੱਸਿਆ ਕਿ ਬਹਾਦਰਗੜ੍ਹ ਥਾਣੇ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਨ ਉਪਰੰਤ ਭਾਵੇਂ ਚਾਲਕ ਮੰਗਲ ਸਿੰਘ ਵਾਸੀ ਅਲੀਪੁਰ (ਯੂ.ਪੀ.) ਨੂੰ ਗਿ੍ਫ਼ਤਾਰ ਕਰ ਲਿਆ ਹੈ ਪਰ ਕਿਸਾਨਾਂ ਨੂੰ ਸ਼ੱਕ ਹੈ ਕਿ ਪਿਛਲੇ ਦਿਨਾਂ ਤੋਂ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪਿੱਛੇ ਕੋਈ ਸਾਜ਼ਿਸ਼ ਹੈ | ਉਨ੍ਹਾਂ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਝੱਜਰ ਦੇ ਐਸ.ਪੀ. ਨਾਲ ਕਿਸਾਨ ਆਗੂਆਂ ਦੀ ਮੀਟਿੰਗ ਵੀ ਹੋਈ | ਉਨ੍ਹਾਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਤੱਥਾਂ ਸਹਿਤ ਪੜਤਾਲ ਕਰਵਾਈ ਜਾਵੇ | ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ | ਕਿਸਾਨ ਆਗੂ ਨੇ ਦੱਸਿਆ ਕਿ ਭਲਕੇ 29 ਅਕਤੂਬਰ ਨੂੰ ਮੀਟਿੰਗ ਕਰਨ ਉਪਰੰਤ ਹੀ ਫ਼ੈਸਲਾ ਲਿਆ ਜਾਵੇਗਾ ਕਿ ਮਿ੍ਤਕ ਔਰਤਾਂ ਦਾ ਪੋਸਟਮਾਰਟਮ ਕਦੋਂ ਕਰਵਾਉਣਾ ਹੈ | ਉਧਰ ਇਸ ਘਟਨਾ ਨਾਲ ਪਿੰਡ ਖੀਵਾ ਦਿਆਲੂਵਾਲਾ ਦੇ ਨਾਲ ਹੀ ਜ਼ਿਲ੍ਹੇ 'ਚ ਸੋਗ ਦੀ ਲਹਿਰ ਫੈਲ ਗਈ ਹੈ |
ਜਗਮੀਤ ਸਿੰਘ ਬਰਾੜ ਦੱੁਖ ਪ੍ਰਗਟ ਕਰਨ ਪਹੁੰਚੇ
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੌੜ ਤੋਂ ਉਮੀਦਵਾਰ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਪਿੰਡ ਖੀਵਾ ਦਿਆਲੂਵਾਲਾ ਵਿਖੇ ਮਿ੍ਤਕਾਂ ਦੇ ਘਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ | ਉਨ੍ਹਾਂ ਇਸ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਕਿ ਘਟਨਾ ਦੀ ਨਿਆਇਕ ਜਾਂਚ ਕਰਵਾਈ ਜਾਵੇ |
ਕੇਂਦਰ ਆਪਣੀ ਜ਼ਿਦ ਛੱਡੇ- ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲਵੇ ਤਾਂ ਸਾਡੇ ਕਿਸਾਨ ਪਰਿਵਾਰਾਂ ਨੂੰ ਇਸ ਤਰ੍ਹਾਂ ਸੜਕਾਂ 'ਤੇ ਨਹੀਂ ਬੈਠਣਾ ਪਵੇਗਾ ਅਤੇ ਨਾ ਹੀ ਅਜਿਹੇ ਦੁੱਖਦਾਈ ਹਾਦਸੇ ਵਾਪਰਨਗੇ |
ਅੰਨਦਾਤਾ ਨੂੰ ਕੁਚਲਿਆ- ਰਾਹੁਲ
ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਨੂੰ ਕੁਚਲਿਆ ਗਿਆ ਹੈ | ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਇਹ ਬੇਰਹਿਮੀ ਅਤੇ ਨਫ਼ਰਤ ਸਾਡੇ ਦੇਸ਼ ਨੂੰ ਖੋਖਲਾ ਕਰ ਰਹੀ ਹੈ |
ਕੈਪਟਨ ਨੇ ਦੁੱਖ ਪ੍ਰਗਟਾਇਆ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਮਿ੍ਤਕ ਔਰਤਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਸਿਹਤਯਾਬੀ ਦੀ ਅਰਦਾਸ ਕੀਤੀ |
ਬੀਬੀ ਜਗੀਰ ਕੌਰ ਵਲੋਂ ਦੁੱਖ ਪ੍ਰਗਟ
ਅੰਮਿ੍ਤਸਰ, (ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਟਿਕਰੀ ਬਾਰਡਰ 'ਤੇ ਤਿੰਨ ਕਿਸਾਨ ਔਰਤਾਂ ਦੀ ਮੌਤ ਅਤੇ ਦੋ ਦੇ ਜ਼ਖ਼ਮੀ ਹੋਣ ਦੀ ਵਾਪਰੀ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਵਿਚ ਹੁਣ ਤੱਕ ਸੈਂਕੜੇ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਿਨ੍ਹਾਂ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ |
ਵਿਜੈ ਇੰਦਰ ਸਿੰਗਲਾ ਵਲੋਂ ਦੁੱਖ ਪ੍ਰਗਟ
ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਮਿ੍ਤਕ ਕਿਸਾਨ ਔਰਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਹਰ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹਾਂ ਜੋ ਪਿਛਲੇ ਸਾਲ ਤੋਂ ਅੰਦੋਲਨ ਦੌਰਾਨ ਕਈ ਤੂਫ਼ਾਨਾਂ ਦਾ ਸਾਹਮਣਾ ਕਰ ਰਹੇ ਹਨ |
• ਚੋਣਾਂ ਤੋਂ ਪਹਿਲਾਂ ਪੂਰੇ ਕੀਤੇ ਜਾਣ ਵਾਲੇ ਕੰਮਾਂ 'ਤੇ ਰਣਨੀਤੀ ਦਾ ਕੀਤਾ ਮੁਲਾਂਕਣ • ਨਵਜੋਤ ਵਲੋਂ ਉਠਾਏ ਇਤਰਾਜ਼ਾਂ 'ਤੇ ਵੀ ਹੋਇਆ ਵਿਚਾਰ
ਹਰਕਵਲਜੀਤ ਸਿੰਘ / ਉਪਮਾ ਡਾਗਾ ਪਾਰਥ
ਚੰਡੀਗੜ੍ਹ/ ਨਵੀਂ ਦਿੱਲੀ, 28 ਅਕਤੂਬਰ - ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅੱਜ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੀਟਿੰਗ ਹੋਈ, ਜਿਸ 'ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਪਾਰਟੀ ਦੇ ਜਥੇਬੰਦਕ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੀ ਹਾਜ਼ਰ ਸਨ | ਸੂਚਨਾ ਅਨੁਸਾਰ ਪੰਜਾਬ ਸਰਕਾਰ ਲਈ ਚੋਣਾਂ ਤੋਂ ਪਹਿਲਾਂ ਪੂਰੇ ਕੀਤੇ ਜਾਣ ਵਾਲੇ ਤਰਜੀਹ ਵਾਲੇ ਕੰਮਾਂ 'ਤੇ ਹੁਣ ਤੱਕ ਹੋਏ ਕੰਮ ਸੰਬੰਧੀ ਮੁੱਖ ਮੰਤਰੀ ਵਲੋਂ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿਚ ਮੁੱਖ ਤੌਰ 'ਤੇ ਬੇਅਦਬੀ ਵਾਲੇ ਕੇਸਾਂ, ਵਿਵਾਦਿਤ ਬਿਜਲੀ ਸਮਝੌਤੇ, ਕੇਂਦਰ ਦੇ ਤਿੰਨ ਖੇਤੀ ਕਾਨੂੰਨ ਅਤੇ ਬੀ.ਐਸ.ਐਫ. ਨੂੰ ਦਿੱਤੇ 50 ਕਿਲੋਮੀਟਰ ਦੇ ਅਧਿਕਾਰ ਖੇਤਰ ਤੋਂ ਇਲਾਵਾ ਅਨੁਸੂਚਿਤ ਜਾਤਾਂ ਤੇ ਪਛੜੀਆਂ ਸ਼ੇ੍ਰਣੀਆਂ ਸਮੇਤ ਤਰਜੀਹ ਵਾਲੇ ਦੂਜੇ ਕਾਫ਼ੀ ਨੁਕਤੇ ਸ਼ਾਮਿਲ ਸਨ | ਮੁੱਖ ਮੰਤਰੀ ਵਲੋਂ ਬੀਤੇ ਦਿਨਾਂ ਦੌਰਾਨ ਬਿਜਲੀ ਤੇ ਪਾਣੀ ਦੇ ਬਿੱਲ ਮੁਆਫ਼ ਕਰਨ, ਵੈਟ ਸੰਬੰਧੀ ਦਿੱਤੀਆਂ ਰਾਹਤਾਂ ਤੋਂ ਇਲਾਵਾ ਮੌਜੂਦਾ ਸਰਕਾਰ ਵਲੋਂ ਕੀਤੇ ਮੁੱਖ ਕੰਮਾਂ ਨੂੰ ਵੀ ਗਿਣਾਇਆ ਗਿਆ | ਮੀਟਿੰਗ ਦੌਰਾਨ ਆਉਂਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ 'ਤੇ ਵੀ ਵਿਚਾਰ-ਵਟਾਂਦਰਾ ਹੋਇਆ ਅਤੇ ਚੋਣਾਂ ਦੇ ਕੰਮਕਾਜ ਲਈ ਨਿੱਜੀ ਕੰਪਨੀਆਂ ਆਦਿ ਦੀਆਂ ਲਈਆਂ ਜਾ ਰਹੀਆਂ ਸੇਵਾਵਾਂ ਦਾ ਮੁੱਦਾ ਵੀ ਉੱਠਿਆ | ਇਹ ਵੀ ਪਤਾ ਲੱਗਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਬੀਤੇ ਦਿਨੀਂ ਪਾਰਟੀ ਦੇ ਸੂਬਾ ਪ੍ਰਧਾਨਾਂ ਦੀ ਦਿੱਲੀ ਵਿਖੇ ਹੋਈ ਮੀਟਿੰਗ 'ਚ ਸ਼ਾਮਿਲ ਹੋਏ ਸਨ ਅਤੇ ਉਨ੍ਹਾਂ ਵਲੋਂ ਸਰਕਾਰ ਵਲੋਂ ਨਿਯੁਕਤ ਕੀਤੇ ਐਡਵੋਕੇਟ ਜਨਰਲ ਅਤੇ ਡੀ.ਜੀ.ਪੀ. ਦੇ ਮੁੱਦਿਆਂ ਨੂੰ ਜਿਵੇਂ ਦੁਬਾਰਾ ਉਠਾਇਆ ਸੀ, ਉਸ 'ਤੇ ਵੀ ਵਿਚਾਰ ਕੀਤਾ ਗਿਆ | ਵਰਨਣਯੋਗ ਹੈ ਕਿ ਸਿੱਧੂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਕਾਰਨ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਨਹੀਂ ਆ ਰਹੇ | ਸਰਕਾਰ ਵਲੋਂ ਹਾਲਾਂਕਿ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਡੀ.ਜੀ.ਪੀ. ਦੀ ਨਿਯੁਕਤੀ ਜਿਸ 'ਤੇ ਸਿੱਧੂ ਵਲੋਂ ਇਤਰਾਜ਼ ਕੀਤਾ ਗਿਆ, ਉਹ ਅਜੇ ਕੀਤੀ ਜਾਣੀ ਬਾਕੀ ਹੈ ਅਤੇ ਮੌਜੂਦਾ ਡੀ.ਜੀ.ਪੀ. ਨੂੰ ਨਿਯੁਕਤੀ ਦੇ ਹੁਕਮਾਂ ਤੱਕ ਸਿਰਫ਼ ਕੰਮ ਕਰਨ ਲਈ ਚਾਰਜ ਦਿੱਤਾ ਗਿਆ ਹੈ | ਜਦੋਂ ਕਿ ਨਵੇਂ ਡੀ.ਜੀ.ਪੀ. ਦੀ ਨਿਯੁਕਤੀ ਕੌਮੀ ਲੋਕ ਸੇਵਾ ਕਮਿਸ਼ਨ ਤੋਂ ਪੈਨਲ ਮਿਲਣ ਤੋਂ ਬਾਅਦ ਕੀਤੀ ਜਾਵੇਗੀ | ਕਮਿਸ਼ਨ ਵਲੋਂ ਰਾਜ ਸਰਕਾਰ ਦਾ ਪੈਨਲ ਕੁਝ ਇਤਰਾਜ਼ਾਂ ਤੇ ਤਰੁਟੀਆਂ ਕਾਰਨ ਵਾਪਸ ਭੇਜਿਆ ਗਿਆ ਸੀ ਜਿਸ ਨੂੰ ਰਾਜ ਸਰਕਾਰ ਨੇ ਹੁਣ ਦੁਬਾਰਾ ਵਾਪਸ ਕਮਿਸ਼ਨ ਨੂੰ ਭੇਜ ਦਿੱਤਾ ਹੈ | ਪਰ ਰਾਜ ਦੇ ਐਡਵੋਕੇਟ ਜਨਰਲ ਦੀ ਨਿਯੁਕਤੀ ਹੁਣ ਪਾਰਟੀ ਹਾਈਕਮਾਨ ਅਤੇ ਸੂਬਾ ਸਰਕਾਰ ਦੇ ਵਿਚਾਰ ਅਧੀਨ ਹੈ ਤਾਂ ਜੋ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਚੱਲ ਰਿਹਾ ਰੇੜਕਾ ਖ਼ਤਮ ਕੀਤਾ ਜਾ ਸਕੇ | ਮੁੱਖ ਮੰਤਰੀ ਵਲੋਂ ਅੱਜ ਸ਼ਾਮ ਚੰਡੀਗੜ੍ਹ ਪਰਤਣ 'ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਸੰਬੰਧੀ ਸਮਝਿਆ ਜਾ ਰਿਹਾ ਹੈ ਕਿ ਦਿੱਲੀ ਦੀ ਮੀਟਿੰਗ 'ਚ ਹੋਏ ਵਿਚਾਰ ਵਟਾਂਦਰਿਆਂ ਸੰਬੰਧੀ ਅਧਿਕਾਰੀਆਂ ਨੂੰ ਮੁੱਖ ਮੰਤਰੀ ਵਲੋਂ ਅੱਗੋਂ ਨਿਰਦੇਸ਼ ਜਾਰੀ ਕੀਤੇ ਗਏ |
ਪੰਜਾਬ ਦੀ ਸਿਆਸੀ ਹਿਲਜੁਲ ਦੀ ਧਮਕ ਦਿੱਲੀ ਪਹੁੰਚੀ
ਪੰਜਾਬ ਦੀ ਸਿਆਸੀ ਹਿਲਜੁੱਲ ਦੀ ਦਿੱਲੀ ਪਹੁੰਚੀ ਧਮਕ ਤੋਂ ਬਾਅਦ ਰਾਜਧਾਨੀ 'ਚ ਇਕ ਵਾਰ ਫਿਰ ਮੁਲਾਕਾਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ | ਰਾਹੁਲ ਗਾਂਧੀ ਵਲੋਂ ਮੁਲਾਕਾਤਾਂ ਦਾ ਇਹ ਸਿਲਸਿਲਾ ਮੰਗਲਵਾਰ ਤੋਂ ਜਾਰੀ ਹੈ, ਜਿਸ ਤਹਿਤ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁੰਦਰ ਸ਼ਾਮ ਅਰੋੜਾ ਨਾਲ ਵੀ ਮੁਲਾਕਾਤ ਕੀਤੀ ਗਈ ਸੀ | ਮੁਲਾਕਾਤਾਂ ਦੇ ਇਸ ਸਿਲਸਿਲੇ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਨਵੀਂ ਪਾਰਟੀ ਦੇ ਗਠਨ ਦੇ ਐਲਾਨ ਅਤੇ ਹਾਲ ਹੀ 'ਚ ਲੋੜ ਤੋਂ ਵੱਧ ਉੱਭਰ ਕੇ ਆਏ ਅਰੂਸਾ ਵਿਵਾਦ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ | ਕੈਪਟਨ ਦੇ ਐਲਾਨ ਤੋਂ ਬਾਅਦ ਕਾਂਗਰਸ 'ਚ ਫੁੱਟ ਨੂੰ ਵੇਖਦਿਆਂ ਪਾਰਟੀ 'ਚ ਹਲਚਲ ਵਧੀ ਹੋਈ ਹੈ | ਸੋਢੀ, ਧਰਮਸੋਤ ਅਤੇ ਸਿੱਧੂ ਕੈਪਟਨ ਦੇ ਕਰੀਬੀ ਮੰਨੇ ਜਾ ਰਹੇ ਹਨ | ਕੈਪਟਨ ਦੀ ਛੁੱਟੀ ਕਰਨ ਤੋਂ ਬਾਅਦ ਨਵੀਂ ਬਣੀ ਚੰਨੀ ਵਜ਼ਾਰਤ ਦੇ ਸਮੇਂ ਇਨ੍ਹਾਂ ਆਗੂਆਂ ਦੇ ਮੰਤਰੀ ਦੇ ਅਹੁਦੇ ਵੀ ਖੁੱਸ ਗਏ ਸਨ | ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਤਾਂ ਪ੍ਰੈੱਸ ਕਾਨਫ਼ਰੰਸ ਕਰਕੇ ਇਹ ਵੀ ਪੁੱਛਿਆ ਸੀ ਕਿ ਆਖ਼ਰ ਉਨ੍ਹਾਂ ਦਾ ਕਸੂਰ ਕੀ ਹੈ? ਹਲਕਿਆਂ ਮੁਤਾਬਿਕ ਰਾਹੁਲ ਵਲੋਂ ਇਨ੍ਹਾਂ ਨਾਰਾਜ਼ ਵਿਧਾਇਕਾਂ ਨਾਲ ਮੀਟਿੰਗ ਕਰਕੇ ਇਹ ਭਰੋਸਾ ਦਿਵਾਇਆ ਗਿਆ ਕਿ ਭਵਿੱਖ 'ਚ ਉਨ੍ਹਾਂ ਨੂੰ ਪਾਰਟੀ 'ਚ ਚੰਗੀ ਥਾਂ ਦਿੱਤੀ ਜਾਵੇਗੀ | ਰਾਹੁਲ ਗਾਂਧੀ ਨੇ ਵੱਖਰੇ ਤੌਰ 'ਤੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਵੀ ਮੁਲਾਕਾਤ ਕੀਤੀ | ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੇ ਆਈ.ਐੱਸ.ਆਈ. ਕੁਨੈਕਸ਼ਨ ਬਾਰੇ ਟਿੱਪਣੀਆਂ ਦੀ ਸ਼ੁਰੂਆਤ ਰੰਧਾਵਾ ਵਲੋਂ ਹੀ ਕੀਤੀ ਗਈ ਸੀ, ਜਿਸ ਦੇ ਜਵਾਬ 'ਚ ਕੈਪਟਨ ਨੇ ਸੋਨੀਆ ਗਾਂਧੀ ਅਤੇ ਅਰੂਸਾ ਵਾਲੀ ਤਸਵੀਰ ਸਾਂਝੀ ਕੀਤੀ ਸੀ | ਇਸ ਵਿਵਾਦ 'ਚ ਸੋਨੀਆ ਗਾਂਧੀ ਦਾ ਨਾਂਅ ਆਉਣ 'ਤੇ ਹਾਈਕਮਾਨ ਵਲੋਂ ਖਾਸੀ ਨਾਰਾਜ਼ਗੀ ਪ੍ਰਗਟਾਈ ਗਈ | ਹਲਕਿਆਂ ਮੁਤਾਬਿਕ ਚੰਨੀ ਨੂੰ ਉਚੇਚੇ ਤੌਰ 'ਤੇ ਦਿੱਲੀ ਬੁਲਾਇਆ ਗਿਆ | ਚੰਨੀ ਬੁੱਧਵਾਰ ਰਾਤ ਨੂੰ ਹੀ ਦਿੱਲੀ ਪਹੁੰਚ ਗਏ ਸੀ | ਚੰਨੀ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ | ਕਾਂਗਰਸੀ ਆਗੂਆਂ ਮੁਤਾਬਿਕ ਇਨ੍ਹਾਂ ਮੁਲਾਕਾਤਾਂ ਨੂੰ ਪੰਜਾਬ ਕਾਂਗਰਸ 'ਚ ਲੰਮੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਾਨਾਜੰਗੀ ਨੂੰ ਖ਼ਤਮ ਕਰਨ ਦੇ ਉਪਰਾਲੇ ਵਜੋਂ ਵੀ ਲਿਆ ਜਾ ਰਿਹਾ ਹੈ ਤਾਂ ਜੋ ਪਾਰਟੀ ਆਗੂ ਆਪਣਾ ਧਿਆਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਲ ਲਗਾ ਸਕਣ |
ਕਿਹਾ-2022 ਨੂੰ 'ਆਸੀਆਨ-ਭਾਰਤ ਦੋਸਤੀ ਵਰ੍ਹੇ' ਵਜੋਂ ਮਨਾਇਆ ਜਾਵੇਗਾ
ਨਵੀਂ ਦਿੱਲੀ, 28 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਸੀਆਨ ਦੀ ਏਕਤਾ ਅਤੇ ਕੇਂਦਰਿਤਾ ਭਾਰਤ ਲਈ ਹਮੇਸ਼ਾ ਇਕ ਅਹਿਮ ਤਰਜੀਹ ਹੈ | ਉਨ੍ਹਾਂ ਐਲਾਨ ਕੀਤਾ ਕਿ 2022 ਵਰ੍ਹਾ ਸਾਡੀ ਭਾਈਵਾਲੀ ਦੇ 30 ਸਾਲ ਪੂਰੇ ਹੋਣ 'ਤੇ 'ਆਸੀਆਨ-ਭਾਰਤ ਦੋਸਤੀ ਵਰ੍ਹੇ' ਵਜੋਂ ਮਨਾਇਆ ਜਾਵੇਗਾ | ਵੀਡੀਓ ਕਾਨਫਰੰਸ ਜ਼ਰੀਏ ਭਾਰਤ-ਆਸੀਆਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ (ਆਈ.ਪੀ.ਓ.ਆਈ.) ਅਤੇ ਹਿੰਦ-ਪ੍ਰਸ਼ਾਂਤ ਲਈ ਆਸੀਆਨ ਦਾ ਦਿ੍ਸ਼ਟੀਕੋਣ ਹਿੰਦ-ਪ੍ਰਸ਼ਾਂਤ ਖ਼ੇਤਰ 'ਚ ਉਨ੍ਹਾਂ ਦੇ ਸਾਂਝੇ ਨਜ਼ਰੀਏ ਅਤੇ ਆਪਸੀ ਸਹਿਯੋਗ ਦੀ ਰੂਪਰੇਖਾ ਹੈ | ਮੋਦੀ ਨੇ ਕਿਹਾ ਕਿ ਇਸ ਸਾਲ ਸਾਡੀ ਭਾਈਵਾਲੀ ਦੇ 30 ਸਾਲ ਮੁਕੰਮਲ ਹੋ ਗਏ ਹਨ | ਭਾਰਤ ਨੇ ਵੀ ਆਪਾਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਲਏ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਅਹਿਮ ਮੀਲ ਪੱਥਰ ਦਾ ਜਸ਼ਨ 'ਆਸੀਆਨ-ਭਾਰਤ ਦੋਸਤੀ ਵਰ੍ਹੇ' ਵਜੋਂ ਮਨਾਵਾਂਗੇ | ਦੱਸਣਯੋਗ ਹੈ ਕਿ 10 ਦੇਸ਼ਾਂ ਵਾਲੇ ਆਸੀਆਨ ਨੂੰ ਖ਼ੇਤਰ 'ਚ ਸਭ ਤੋਂ ਪ੍ਰਭਾਵਸ਼ਾਲੀ ਸੰਗਠਨਾਂ 'ਚੋਂ ਇਕ ਮੰਨਿਆ ਜਾਂਦਾ ਹੈ |
ਸਰਕਾਰ ਨੇ ਕਿਹਾ ਜੇਲ੍ਹ 'ਚ ਕਰਾਂਗੇ ਪੁੱਛਗਿੱਛ
ਚੰਡੀਗੜ੍ਹ, 28 ਅਕਤੂਬਰ (ਬਿ੍ਜੇਂਦਰ ਗੌੜ)- ਬੇਅਦਬੀ ਦੀ ਘਟਨਾ ਨੂੰ ਲੈ ਕੇ ਦਰਜ ਇਕ ਕੇਸ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੰਜਾਬ 'ਚ ਨਹੀਂ ਲਿਆਂਦਾ ਜਾਵੇਗਾ | ਫ਼ਰੀਦਕੋਟ ਦੀ ਸਥਾਨਕ ਅਦਾਲਤ ਵਲੋਂ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ਕੱਢਣ ਦੀ ਕਾਰਵਾਈ ਨੂੰ ਚੁਣੌਤੀ ਦਿੰਦੀ ਡੇਰਾ ਮੁਖੀ ਦੀ ਪਟੀਸ਼ਨ 'ਚ ਪੰਜਾਬ ਸਰਕਾਰ ਨੇ ਅੱਜ ਹਾਈਕੋਰਟ 'ਚ ਕਿਹਾ ਕਿ ਪੁਲਿਸ ਸੁਨਾਰੀਆ ਜੇਲ੍ਹ (ਰੋਹਤਕ) 'ਚ ਜਾ ਕੇ ਉਸ ਤੋਂ ਪੁੱਛਗਿੱਛ ਕਰ ਲਵੇਗੀ, ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਜੇਲ੍ਹ 'ਚ ਹੀ ਉਸ ਤੋਂ ਪੁੱਛਗਿੱਛ ਕਰ ਲਈ ਜਾਵੇ | ਡੇਰਾ ਮੁਖੀ ਨੇ ਪ੍ਰੋਡਕਸ਼ਨ ਵਾਰੰਟ ਨੂੰ ਚੁਣੌਤੀ ਦੇਣ ਤੋਂ ਇਲਾਵਾ ਇਹ ਵੀ ਮੰਗ ਕੀਤੀ ਸੀ ਕਿ ਜੇਕਰ ਉਨ੍ਹਾਂ ਦੀ ਗਿ੍ਫ਼ਤਾਰੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਜ਼ਮਾਨਤ ਦਾ ਲਾਭ ਦਿੱਤਾ ਜਾਵੇ | ਜਸਟਿਸ ਮਨੋਜ ਬਜਾਜ ਦੇ ਬੈਂਚ 'ਚ ਲਗਪਗ 4 ਘੰਟੇ ਬਹਿਸ ਚੱਲੀ | ਡੇਰਾ ਮੁਖੀ ਵਲੋਂ ਸੀਨੀਅਰ ਵਕੀਲ ਵਿਨੋਦ ਘਈ ਅਤੇ ਵਕੀਲ ਕਨਿਕਾ ਅਹੂਜਾ ਨੇ ਦਲੀਲਾਂ ਪੇਸ਼ ਕਰਦਿਆਂ ਡੇਰਾ ਮੁਖੀ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ 'ਚ ਪੇਸ਼ ਨਹੀਂ ਕਰਨਾ ਚਾਹੀਦਾ | ਡੇਰਾ ਮੁਖੀ ਨੂੰ 2 ਜੂਨ, 2015 'ਚ 63 ਨੰਬਰ ਕੇਸ 'ਚ ਚੋਰੀ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ 'ਚ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਸੀ | ਡੇਰਾ ਮੁਖੀ ਵਲੋਂ ਦੋਸ਼ ਲਾਇਆ ਗਿਆ ਕਿ ਪੰਜਾਬ 'ਚ ਸਰਕਾਰ 'ਚ ਹੋਏ ਬਦਲਾਵ ਤੋਂ ਬਾਅਦ ਲਗਪਗ 1 ਸਾਲ, 4 ਮਹੀਨੇ ਦੀ ਦੇਰੀ ਤੋਂ ਸਰਕਾਰ ਵਲੋਂ ਉਨ੍ਹਾਂ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਗਈ | ਇਸ ਕਾਰਵਾਈ ਨੂੰ ਸਿਆਸੀ ਭਾਵਨਾ ਨਾਲ ਅਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਪ੍ਰੇਰਿਤ ਦੱਸਿਆ ਗਿਆ ਸੀ | ਵਰਨਣਯੋਗ ਹੈ ਕਿ ਸੰਬੰਧਿਤ ਮਾਮਲੇ 'ਚ ਫ਼ਰੀਦਕੋਟ ਦੇ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰੂ ਘਰ ਵਿਚੋਂ ਪਵਿੱਤਰ ਗ੍ਰੰਥ ਚੋਰੀ ਹੋ ਗਿਆ ਸੀ, ਜਿਸ ਨੂੰ ਲੈ ਕੇ 63 ਨੰ ਐਫ.ਆਈ.ਆਰ. ਦਰਜ ਕੀਤੀ ਗਈ ਸੀ |
• ਕਿਹਾ,'ਆਪ' ਦੀ ਸਰਕਾਰ ਬਣਨ 'ਤੇ ਕਿਸੇ ਕਿਸਾਨ-ਮਜ਼ਦੂਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਨਹੀਂ ਹੋਣਾ ਪਵੇਗਾ • ਮਾਨਸਾ 'ਚ ਕਿਸਾਨਾਂ ਦੇ ਹੋਏ ਰੂ ਬ ਰੂ
ਗੁਰਚੇਤ ਸਿੰਘ ਫੱਤੇਵਾਲੀਆ / ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 28 ਅਕਤੂਬਰ-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ 'ਚ ਪਾਰਟੀ ਦੀ ਸਰਕਾਰ ਬਣਨ ਉਪਰੰਤ ਪਹਿਲ ਦੇ ਆਧਾਰ 'ਤੇ ਖੇਤੀ ਆਧਾਰਿਤ ਉਦਯੋਗ ਲਗਾਏ ਜਾਣਗੇ | ਸਥਾਨਕ ਵਿਰਾਸਤ ਪੈਲੇਸ ਵਿਖੇ ਮਾਨਸਾ ਤੇ ਬਰਨਾਲਾ ਜ਼ਿਲਿ੍ਹਆਂ ਦੇ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਪ੍ਰਮੁੱਖ ਆਗੂਆਂ ਤੇ ਕਿਸਾਨ ਵਿੰਗ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਦੀ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਵਿਸ਼ੇਸ਼ ਯੋਜਨਾ ਉਲੀਕੀ ਜਾ ਰਹੀ ਹੈ, ਜਿਸ ਦਾ ਐਲਾਨ ਅਗਲੇ ਮਹੀਨੇ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਕਲੀ ਦੁੱਧ, ਪਸ਼ੂਆਂ ਦਾ ਬੀਮਾ ਤੇ ਪਰਾਲੀ ਦੀ ਸਮੱਸਿਆ ਦਾ ਹੱਲ ਵੀ ਕੀਤਾ ਜਾਵੇਗਾ | ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪਰਾਲੀ ਤੋਂ ਬਿਜਲੀ ਅਤੇ ਗੱਤਾ ਬਣਾਉਣ ਦੇ ਕਾਰਖ਼ਾਨੇ ਲਗਾਏ ਜਾਣਗੇ, ਇਸ ਨਾਲ ਜਿੱਥੇ ਪਰਾਲੀ ਨੂੰ ਜਲਾਉਣ ਤੋਂ ਛੁਟਕਾਰਾ ਮਿਲੇਗਾ ਉੱਥੇ ਵੱਡੇ ਪੱਧਰ 'ਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ | ਉਨ੍ਹਾਂ ਦੱਸਿਆ ਕਿ ਸੂਬੇ 'ਚ ਡੀ.ਏ.ਪੀ. ਖਾਦ ਦਾ ਕਾਰਖ਼ਾਨਾ ਵੀ ਲਗਾਇਆ ਜਾਵੇਗਾ | ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਚੰਨੀ ਸਰਕਾਰ ਨੇ ਗੁਲਾਬੀ ਸੁੰਡੀ, ਮੀਂਹ ਤੇ ਗੜੇਮਾਰੀ ਨਾਲ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਨਾ ਦਿੱਤਾ ਤਾਂ 'ਆਪ' ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 30 ਅਪ੍ਰੈਲ ਤੱਕ ਬਣਦਾ ਮੁਆਵਜ਼ਾ ਦੇਵੇਗੀ | ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨਾਲ ਮਿਲਣੀ ਦਾ ਮੁੱਖ ਮਕਸਦ ਕਿਸਾਨਾਂ, ਖੇਤ ਮਜ਼ਦੂਰਾਂ ਤੇ ਖੇਤੀਬਾੜੀ ਨੂੰ ਦਰਪੇਸ਼ ਸੰਕਟਾਂ ਤੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਸੁਝਾਅ ਇਕੱਠੇ ਕਰਨ ਦਾ ਗੰਭੀਰ ਉਪਰਾਲਾ ਹੈ, ਜਿਸ ਦੇ ਆਧਾਰ 'ਤੇ ਪਾਰਟੀ ਆਪਣਾ ਚੋਣ ਮਨੋਰਥ ਪੱਤਰ ਤਿਆਰ ਕਰੇਗੀ | ਇਸ ਮੌਕੇ ਸਹਿ-ਇੰਚਾਰਜ ਰਾਘਵ ਚੱਢਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਬੁੱਧ ਰਾਮ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ), ਮਾਨਸਾ ਹਲਕੇ ਦੇ ਇੰਚਾਰਜ ਡਾ. ਵਿਜੇ ਕੁਮਾਰ ਸਿੰਗਲਾ, ਸਰਦੂਲਗੜ੍ਹ ਹਲਕੇ ਦੇ ਇੰਚਾਰਜ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ, ਲੰਬੀ ਹਲਕੇ ਦੇ ਇੰਚਾਰਜ ਗੁਰਮੀਤ ਸਿੰਘ ਖੁੱਡੀਆਂ, ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ, ਰਮੇਸ਼ ਕੁਮਾਰ ਖਿਆਲਾ, ਗੁਰਪ੍ਰੀਤ ਸਿੰਘ ਭੁੱਚਰ, ਸਰਬਜੀਤ ਸਿੰਘ ਮਾਨਸ਼ਾਹੀਆ ਆਦਿ ਹਾਜ਼ਰ ਸਨ |
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਪਟਾਕਿਆਂ 'ਤੇ ਪਾਬੰਦੀ ਨੂੰ ਲੈ ਕੇ ਬਣੀ ਧਾਰਨਾ ਨੂੰ ਦੂਰ ਕਰਦੇ ਹੋਏ ਕਿਹਾ ਕਿ ਇਹ ਪਾਬੰਦੀ ਕਿਸੇ ਵਿਸ਼ੇਸ਼ ਸਮੂਹ ਜਾਂ ਫਿਰਕੇ ਦੇ ਖਿਲਾਫ ਨਹੀਂ ਹੈ | ਅਦਾਲਤ ਨੇ ਕਿਹਾ ਕਿ ਤਿਉਹਾਰਾਂ ਦੀ ਆੜ 'ਚ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਜਸਟਿਸ ਐਮ.ਆਰ. ਸ਼ਾਹ ਅਤੇ ਜਸਟਿਸ ਏ.ਐਸ. ਬੋਪੰਨਾ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਅਸੀਂ ਕਿਸੇ ਫਿਰਕੇ ਦੇ ਖਿਲਾਫ ਨਹੀਂ ਬਲਕਿ ਸਖ਼ਤ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਇੱਥੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਹਾਂ | ਅਦਾਲਤ ਨੇ ਕਿਹਾ ਕਿ ਅਧਿਕਾਰੀਆਂ ਨੂੰ ਕੁੱਝ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ ਜਿਸ ਨਾਲ ਉਕਤ ਆਦੇਸ਼ ਨੂੰ ਲਾਗੂ ਕੀਤਾ ਜਾ ਸਕੇ | ਬੈਂਚ ਨੇ ਕਿਹਾ ਕਿ ਅੱਜ ਵੀ ਪਟਾਕੇ ਬਾਜ਼ਾਰ 'ਚ ਖੁੱਲ੍ਹੇਆਮ ਉਪਲਬਧ ਹਨ |
ਅਰਬਾਜ਼ ਤੇ ਮੁਨਮੁਨ ਦੀ ਵੀ ਜ਼ਮਾਨਤ ਮਨਜ਼ੂਰ
ਮੁੰਬਈ, 28 ਅਕਤੂਬਰ (ਏਜੰਸੀ)-ਬੰਬੇ ਹਾਈਕੋਰਟ ਨੇ ਵੀਰਵਾਰ ਨੂੰ ਵੱਡੀ ਰਾਹਤ ਦਿੰਦਿਆਂ ਸ਼ਾਹਰੁਖ਼ ਦੇ ਪੁੱਤਰ ਆਰੀਅਨ ਖ਼ਾਨ ਨੂੰ ਸਾਰੇ ਤਿੰਨ ਦੋਸ਼ੀਆਂ ਸਮੇਤ ਜ਼ਮਾਨਤ ਦੇ ਦਿੱਤੀ ਹੈ | ਬਾਲੀਵੁੱਡ ਸਟਾਰ ਦੇ ਪੁੱਤਰ ਆਰੀਅਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਕਥਿਤ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਗਈ ਹੈ | ਇਨ੍ਹਾਂ ਦੀ ਰਿਹਾਈ ਦਾ ਹੁਕਮ ਕੱਲ੍ਹ ਹੁਕਮ ਦੀ ਕਾਪੀ ਮਿਲਣ ਬਾਅਦ ਦਿੱਤੇ ਜਾਣ ਦੀ ਸੰਭਾਵਨਾ ਹੈ | ਆਰੀਅਨ ਖ਼ਾਨ ਲਈ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ ਪੇਸ਼ ਹੋਏ ਏ.ਐਸ.ਜੀ. ਅਨਿਲ ਕੁਮਾਰ ਦੁਆਰਾ ਅਦਾਲਤ 'ਚ ਦਿੱਤੀਆਂ ਦਲੀਲਾਂ ਦੇ ਬਾਅਦ ਜ਼ਮਾਨਤ ਮਨਜ਼ੂਰ ਕੀਤੀ ਗਈ | ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ 'ਤੇ ਜਸਟਿਸ ਐਨ.ਡਬਲਿਊ ਸਾਂਬਰੇ ਨੇ ਮੰਗਲਵਾਰ ਨੂੰ ਸੁਣਵਾਈ ਸ਼ੁਰੂ ਕੀਤੀ ਸੀ | ਬੁੱਧਵਾਰ ਨੂੰ ਆਰੀਅਨ ਦੇ ਵਕੀਲ ਮੁਕੁਲ ਰੋਹਤਗੀ, ਮਾਮਲੇ 'ਚ ਸਹਿ ਦੋਸ਼ੀ ਅਰਬਾਜ਼ ਮਰਚੈਂਟ ਦੇ ਵਕੀਲ ਅਮਿਤ ਦੇਸਾਈ ਅਤੇ ਮੁਨਮੁਨ ਧਮੇਚਾ ਵਲੋਂ ਪੇਸ਼ ਵਕੀਲ ਅਲੀ ਕਾਸਿਫ ਖ਼ਾਨ ਦੇਸ਼ਮੁਖ ਨੇ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ ਸਨ | ਇਹ ਤਿੰਨੇ 25 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ |
ਨਵੀਂ ਦਿੱਲੀ, 28 ਅਕਤੂਬਰ (ਉਪਮਾ ਡਾਗਾ ਪਾਰਥ)-ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਅਮਿਤ ਸ਼ਾਹ ਨੂੰ ਕੁਝ ਖੇਤੀ ਮਾਹਰਾਂ ਦੇ ਨਾਲ ਮਿਲਣ ਦਾ ਦਾਅਵਾ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਹੀ ਦਿੱਲੀ ਡੇਰੇ ਲਾ ਲਏ ਪਰ ਵੀਰਵਾਰ ਬਾਅਦ ਦੁਪਹਿਰ ਗ੍ਰਹਿ ...
ਚੰਡੀਗੜ੍ਹ, 28 ਅਕਤੂਬਰ (ਅਜੀਤ ਬਿਊਰੋ)- ਕੇਂਦਰੀ ਜਲ ਸ਼ਕਤੀ ਮੰਤਰੀ ਤੇ ਭਾਜਪਾ ਪੰਜਾਬ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦਫ਼ਤਰ 'ਚ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਵਿਧਾਨ ਸਭਾ ਚੋਣਾਂ ...
ਸ੍ਰੀਨਗਰ, 28 ਅਕਤੂਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਡੋਡਾ ਦੇ ਠਾਠਰੀ ਇਲਾਕੇ 'ਚ ਇਕ ਮਿੰਨੀ ਬੱਸ ਦੇ ਡੂੰਘੀ ਖੱਡ 'ਚ ਡਿਗਣ ਨਾਲ 11 ਯਾਤਰੀਆਂ ਦੀ ਮੌਤ ਹੋ ਗਈ, ਜਦੋਂਕਿ 15 ਹੋਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ...
ਸ੍ਰੀਨਗਰ, 28 ਅਕਤੂਬਰ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਰਾਮੁੱਲਾ 'ਚ ਇਕ ਸੰਖੇਪ ਮੁਕਾਬਲੇ ਦੌਰਾਨ ਇਕ ਅਤਿ ਲੋੜੀਂਦਾ ਅੱਤਵਾਦੀ ਮਾਰਿਆ ਗਿਆ ਹੈ | ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਜਾਵੇਦ ਅਹਿਮਦ ...
ਓਕਲੈਂਡ (ਅਮਰੀਕਾ), 28 ਅਕਤੂਬਰ ਅਕਤੂਬਰ (ਏਜੰਸੀ)- ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਆਪਣੀ ਕੰਪਨੀ ਨੂੰ 'ਮੇਟਾਵਰਸ' ਕੰਪਨੀ ਵਜੋਂ ਪੇਸ਼ ਕਰਨ ਦੀ ਯੋਜਨਾ ਤਹਿਤ ਫੇਸਬੁੱਕ ਦਾ ਨਾਂਅ ਬਦਲ ਕੇ 'ਮੇਟਾ' ਰੱਖਿਆ ਹੈ | ਫੇਸਬੁੱਕ ਦੇ ਸਾਬਕਾ ਅਧਿਕਾਰੀ ਸਮਿਧ ਚੱਕਰਵਰਤੀ ...
ਪਣਜੀ, 28 ਅਕਤੂਬਰ (ਏਜੰਸੀ)-ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਜੋ ਆ ਰਹੀਆਂ ਗੋਆ ਵਿਧਾਨ ਸਭਾ ਚੋਣਾਂ ਲਈ ਤਿ੍ਣਮੂਲ ਕਾਂਗਰਸ ਦੇ ਗੋਆ ਮਿਸ਼ਨ ਨੂੰ ਮਜ਼ਬੂਤ ਕਰਨ ਦਾ ਜ਼ਿੰਮਾ ਸੰਭਾਲ ਰਹੇ ਹਨ, ਗੋਆ ਯਾਤਰਾ ਦੌਰਾਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਕਈ ਸਾਲਾਂ 'ਚ ਭਾਜਪਾ ...
ਨਵੀਂ ਦਿੱਲੀ, 28 ਅਕਤੂਬਰ (ਜਗਤਾਰ ਸਿੰਘ)-ਨੀਟ-ਯੂ.ਜੀ. ਦੇ ਨਤੀਜਿਆਂ ਦਾ ਐਲਾਨ ਕਰਨ ਲਈ ਸੁਪਰੀਮ ਕੋਰਟ ਵਲੋਂ ਹਰੀ ਝੰਡੀ ਮਿਲ ਗਈ ਹੈ | ਅਦਾਲਤ ਨੇ ਬੰਬੇ ਹਾਈਕੋਰਟ ਦੇ ਫੈਸਲੇ 'ਤੇ ਰੋਕ ਲਾਉਂਦੇ ਹੋਏ 16 ਲੱਖ ਨਤੀਜਿਆਂ ਦਾ ਐਲਾਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ | ਦਰਅਸਲ ਬੰਬੇ ...
ਨਵੀਂ ਦਿੱਲੀ, 28 ਅਕਤੂਬਰ (ਪੀ.ਟੀ.ਆਈ.)-ਕੇਂਦਰ ਸਰਕਾਰ ਨੇ ਦੇਸ਼ਵਿਆਪੀ ਕੋਵਿਡ ਰੋਕਥਾਮ ਉਪਾਅ 30 ਨਵੰਬਰ ਤੱਕ ਵਧਾ ਦਿੱਤੇ ਹਨ ਕਿਉਂਕਿ ਕੁਝ ਰਾਜਾਂ 'ਚ ਵਾਇਰਸ ਦਾ ਸਥਾਨਕ ਪੱਧਰ 'ਤੇ ਫੈਲਾਅ ਹੋਇਆ ਹੈ ਅਤੇ ਇਹ ਬਿਮਾਰੀ ਦੇਸ਼ 'ਚ ਇਕ ਜਨਤਕ ਸਿਹਤ ਚੁਣੌਤੀ ਬਣੀ ਹੋਈ ਹੈ | ਸਾਰੇ ...
ਚੰਡੀਗ਼ੜ੍ਹ, (ਅ.ਬ.)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਿਕਰੀ ਬਾਰਡਰ 'ਤੇ ਵਾਪਰੇ ਹਾਦਸੇ 'ਚ ਤਿੰਨ ਕਿਸਾਨ ਔਰਤਾਂ ਦੇ ਮਾਰੇ ਜਾਣ ਦੀ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX