ਕੇਂਦਰ ਵਲੋਂ ਦੀਵਾਲੀ ਦਾ ਤੋਹਫ਼ਾ-ਐਕਸਾਈਜ਼ ਡਿਊਟੀ ਘਟਾਈ
ਨਵੀਂ ਦਿੱਲੀ, 3 ਨਵੰਬਰ (ਏਜੰਸੀ)-ਦਬਾਅ ਅੱਗੇ ਝੁਕਦਿਆਂ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਪੈਟਰੋਲ 'ਤੇ 5 ਰੁਪਏ ਅਤੇ ਡੀਜ਼ਲ 'ਤੇ 10 ਰੁਪਏ ਦੀ ਐਕਸਾਈਜ਼ ਡਿਊਟੀ 'ਚ ਕਟੌਤੀ ਕੀਤੀ ਹੈ | ਐਕਸਾਈਜ਼ ਡਿਊਟੀ 'ਚ ਇਹ ਕਟੌਤੀ 4 ਨਵੰਬਰ ਤੋਂ ਲਾਗੂ ਹੋਵੇਗੀ ਤੇ ਇਸ ਨਾਲ ਦਿੱਲੀ 'ਚ ਪੈਟਰੋਲ ਦੀ ਕੀਮਤ ਮੌਜੂਦਾ 110.04 ਰੁਪਏ ਤੋਂ ਘਟ ਕੇ 105.04 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 98.42 ਰੁਪਏ ਚੋਂ ਘਟ ਕੇ 88.42 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ | ਸਰਕਾਰ ਨੇ ਇਹ ਫ਼ੈਸਲਾ ਤੇਲ ਦੀਆਂ ਰਿਕਾਰਡ ਪੱਧਰ 'ਤੇ ਪੁੱਜੀਆਂ ਪ੍ਰਚੂਨ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਕੀਤਾ ਹੈ | ਇਹ ਐਲਾਨ ਦੀਵਾਲੀ ਦੀ ਪੂਰਬਲੀ ਸ਼ਾਮ ਨੂੰ ਕੀਤਾ ਗਿਆ ਹੈ | ਇਸ ਨਾਲ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ 'ਚ ਕਮੀ ਆਵੇਗੀ ਅਤੇ ਮਹਿੰਗਾਈ ਨਾਲ ਜੂਝ ਰਹੇ ਆਮ ਆਦਮੀ ਨੂੰ ਕੁਝ ਰਾਹਤ ਮਿਲੇਗੀ | ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਕੱਲ੍ਹ ਤੋਂ ਪੈਟਰੋਲ ਅਤੇ ਡੀਜ਼ਲ 'ਤੇ ਕੇਂਦਰੀ ਐਕਸਾਈਜ਼ ਡਿਊਟੀ ਨੂੰ ਘੱਟ ਕਰਨ ਦਾ ਮਹੱਤਵਪੂਰਨ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣਗੀਆਂ | ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਵੀ ਕਿਸਾਨਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਆਰਥਿਕ ਵਿਕਾਸ ਦੀ ਗਤੀ ਨੂੰ ਬਣਾਈ ਰੱਖਿਆ ਅਤੇ ਡੀਜ਼ਲ 'ਤੇ ਐਕਸਾਈਜ਼ 'ਚ ਭਾਰੀ ਕਮੀ ਆਉਣ ਵਾਲੇ ਰਬੀ ਸੀਜ਼ਨ ਦੌਰਾਨ ਉਨ੍ਹਾਂ ਨੂੰ ਹੁਲਾਰਾ ਦੇਵੇਗੀ | ਇਹ ਐਕਸਾਈਜ਼ ਡਿਊਟੀ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਹੈ ਅਤੇ ਮਾਰਚ 2020 ਅਤੇ ਮਈ 2020 ਦਰਮਿਆਨ ਪੈਟਰੋਲ ਅਤੇ ਡੀਜ਼ਲ 'ਤੇ ਲਾਏ ਕਰਾਂ 'ਚ 13 ਰੁਪਏ ਅਤੇ 16 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਇਕ ਹਿੱਸਾ ਵਾਪਸ ਲਿਆ ਗਿਆ ਹੈ | ਐਕਸਾਈਜ਼ ਡਿਊਟੀ 'ਚ ਉਸ ਵਾਧੇ ਨਾਲ ਪੈਟਰੋਲ 'ਤੇ ਕੇਂਦਰੀ ਕਰ 32.9 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 31.8 ਰੁਪਏ ਪ੍ਰਤੀ ਲੀਟਰ ਦਾ ਉਚਤਮ ਵਾਧਾ ਹੋ ਗਿਆ ਸੀ | ਬਿਆਨ 'ਚ ਕਿਹਾ ਗਿਆ ਹੈ ਕਿ ਰਾਜਾਂ ਨੂੰ ਵੀ ਉਪਭੋਗਤਾ ਨੂੰ ਰਾਹਤ ਦੇਣ ਲਈ ਉਸੇ ਅਨੁਸਾਰ ਵੈਟ ਘੱਟ ਕਰਨ ਲਈ ਕਿਹਾ ਗਿਆ ਹੈ | ਇਹ ਕਮੀ ਅੰਤਰਰਾਸ਼ਟਰੀ ਤੇਲ ਕੀਮਤਾਂ 'ਚ ਲਗਾਤਾਰ ਵਾਧੇ ਦੇ ਬਾਅਦ ਕੀਤੀ ਗਈ ਹੈ | ਸਰਕਾਰ ਦੇ ਫ਼ੈਸਲੇ ਤੋਂ ਬਾਅਦ ਕਈ ਰਾਜਾਂ ਜਿਨ੍ਹਾਂ 'ਚ ਉੱਤਰ ਪ੍ਰਦੇਸ਼, ਮਨੀਪੁਰ, ਤਿ੍ਪੁਰਾ, ਆਸਾਮ, ਕਰਨਾਟਕ, ਗੋਆ, ਸਿੱਕਮ, ਗੁਜਰਾਤ, ਉੱਤਰਾਖੰਡ ਸ਼ਾਮਿਲ ਹਨ, ਨੇ ਪੈਟਰੋਲ-ਡੀਜ਼ਲ 'ਤੇ ਆਪਣੀਆਂ ਵੈਟ ਦਰਾਂ ਘਟਾ ਦਿੱਤੀਆਂ ਜਿਸ ਨਾਲ ਸੰਬੰਧਿਤ ਸੂਬਿਆਂ ਦੇ ਲੋਕਾਂ ਨੂੰ ਸਸਤਾ ਤੇਲ ਮਿਲੇਗਾ |
ਵੀਡੀਓ ਕਾਨਫ਼ਰੰਸ ਜ਼ਰੀਏ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਸਮੀਖਿਆ ਬੈਠਕ
ਨਵੀਂ ਦਿੱਲੀ, 3 ਨਵੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਕਾਕਰਨ 'ਚ ਪਿਛਲੇ 40 ਜ਼ਿਲਿ੍ਹਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ 'ਹਰ ਘਰ ਟੀਕਾ, ਘਰ-ਘਰ ਟੀਕਾ' ਦਾ ਨਵਾਂ ਮੰਤਰ ਦਿੱਤਾ | ਪ੍ਰਧਾਨ ਮੰਤਰੀ ਨੇ ਟੀਕਾਕਰਨ 'ਚ ਆਈ ਕਮੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ 1 ਅਰਬ ਟੀਕਿਆਂ ਦੇ ਇਕ ਅਰਬ ਦੇ ਅੰਕੜੇ ਤੱਕ ਪਹੁੰਚਣ ਤੋਂ ਬਾਅਦ ਅਸੀਂ ਥੋੜੇ ਵੀ ਢਿੱਲੇ ਪੈ ਗਏ ਤਾਂ ਹੋਰ ਵੱਡਾ ਸੰਕਟ ਆ ਸਕਦਾ ਹੈ | ਬਰਤਾਨੀਆ ਅਤੇ ਇਟਲੀ ਦੇ 5 ਦਿਨਾਂ ਦੌਰੇ ਤੋਂ ਭਾਰਤ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਨ੍ਹਾਂ 40 ਜ਼ਿਲਿਆਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ, ਜਿੱਥੇ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਦੀ ਕਵਰੇਜ 50 ਫ਼ੀਸਦੀ ਤੋਂ ਘੱਟ ਅਤੇ ਦੂਜੀ ਖੁਰਾਕ ਦੀ ਕਵਰੇਜ ਵੀ ਕਾਫ਼ੀ ਘੱਟ ਹੈ | ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਹਰ ਪਿੰਡ, ਹਰ ਕਸਬੇ ਤੇ ਧਿਆਨ ਕੇਂਦਰਿਤ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਜੇਕਰ ਹਰ ਪਿੰਡ ਲਈ ਵੱਖਰੀ ਰਣਨੀਤੀ ਬਣਾਉਣੀ ਹੋਵੇ ਤਾਂ ਉਹ ਵੀ ਬਣਾਓ | ਮੋਦੀ ਨੇ ਇਸ ਕਵਾਇਦ ਨੂੰ ਸੁਖਾਲਾ ਅਤੇ ਲੋਕ-ਪੱਖੀ ਬਣਾਉਣ ਦਾ ਸੁਝਾਅ ਦਿੰਦਿਆਂ ਕਿਹਾ ਕਿ 25 ਲੋਕਾਂ ਦੀ ਟੀਮ ਬਣਾ ਕੇ ਇਲਾਕੇ ਦੇ ਆਧਾਰ 'ਤੇ ਰਣਨੀਤੀ ਨੂੰ ਜ਼ਮੀਨ 'ਤੇ ਉਤਾਰਿਆ ਜਾਵੇ | ਉਨ੍ਹਾਂ ਐੱਨ.ਸੀ.ਸੀ., ਐੱਨ.ਐੱਸ.ਐੱਸ. ਅਤੇ ਧਰਮ ਗੁਰੂਆਂ ਨੂੰ ਇਸ ਮੁਹਿੰਮ 'ਚ ਸ਼ਾਮਿਲ ਕਰਨ ਲਈ ਕਿਹਾ | ਪ੍ਰਧਾਨ ਮੰਤਰੀ ਨੇ ਪੋਪ ਫਰਾਂਸਿਸ ਨਾਲ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਧਰਮ ਗੁਰੂ ਟੀਕਾਕਾਰਨ ਦੇ ਬਹੁਤ ਹਮਾਇਤੀ ਹਨ | ਉਨ੍ਹਾਂ ਕਿਹਾ ਕਿ 2 ਦਿਨ ਪਹਿਲਾਂ ਵੈਟੀਕਨ ਵਿਖੇ ਪੋਪ ਫਰਾਂਸਿਸ ਨਾਲ ਉੁਨ੍ਹਾਂ ਦੀ ਮੁਲਾਕਾਤ ਹੋਈ ਸੀ | ਸਾਰੇ ਧਰਮ ਗੁਰੂ ਟੀਕਾਕਰਨ ਨੂੰ ਲੈ ਕੇ ਇਕਮਤ ਹਨ | ਮੋਦੀ ਨੇ ਕਿਹਾ ਕਿ ਹੁਣ ਹਰ ਉਸ ਘਰ 'ਚ ਦਸਤਕ ਦਿੱਤੀ ਜਾਵੇਗੀ ਜਿੱਥੇ ਸਾਰਿਆਂ ਨੂੰ ਦੋਵੇਂ ਖੁਰਾਕਾਂ ਨਹੀਂ ਦਿੱਤੀਆਂ ਗਈਆਂ | ਪ੍ਰਧਾਨ ਮੰਤਰੀ ਨੇ ਇਸ ਟੀਚੇ ਨੂੰ ਸ਼ਾਮਿਲ ਕਰਨ ਲਈ ਤਕਨਾਲੋਜੀ ਤੋਂ ਲੈ ਕੇ ਸੋਸ਼ਲ ਮੰਚਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸਾਡੇ ਕੋਲ ਅਜਿਹੇ ਮਾਡਲ ਹਨ, ਜਿਨ੍ਹਾਂ ਨੂੰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਅਪਣਾਇਆ ਗਿਆ ਹੈ | ਇਨ੍ਹਾਂ ਨੂੰ ਫਿਰ ਤੋਂ ਅਪਣਾਇਆ ਜਾਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਨੇ ਪਹਿਲੀ ਦੇ ਨਾਲ-ਨਾਲ ਦੂਜੀ ਖੁਰਾਕ ਵੱਲ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਟੀਚਾ ਪੂਰਾ ਹੋਣ 'ਤੇ ਲੋਕ ਲਾਪ੍ਰਵਾਹ ਹੋਣ ਲਗਦੇ ਹਨ ਪਰ ਅਸੀਂ ਅਜਿਹਾ ਨਹੀਂ ਕਰਨਾ | ਉਨ੍ਹਾਂ ਬੈਠਕ 'ਚ ਮੌਜੂਦ ਜ਼ਿਲ੍ਹਾ ਅਧਿਕਾਰੀਆਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਬਣਾਉਣ, ਲੋਕਾਂ ਨੂੰ ਜਾਗਰੂਕ ਬਣਾਉਣ, ਧਰਮ ਗੁਰੂਆਂ ਦੇ ਵੀਡੀਏ ਪੋਸਟ ਕਰਨ, 100 ਫ਼ੀਸਦੀ ਟੀਚਾ ਹਾਸਲ ਕਰਨ ਵਾਲੇ ਜ਼ਿਲ੍ਹਾ ਅਧਿਕਾਰੀਆਂ ਦੀ ਸਲਾਹ ਅਤੇ ਜ਼ਿਆਦਾ ਤੋਂ ਜ਼ਿਆਦਾ ਔਰਤ ਮੁਲਾਜ਼ਮਾਂ ਨੂੰ ਨਾਲ ਜੋੜਨ ਆਦਿ ਦੇ ਕਈ ਵਿਵਹਾਰਕ ਨੁਕਤੇ ਸਾਂਝੇ ਕੀਤੇ | ਪ੍ਰਧਾਨ ਮੰਤਰੀ ਨੇ ਭਾਵਨਾਤਮਿਕ ਆਧਾਰ 'ਤੇ ਲੋਕਾਂ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ ਟੀਕਾਕਰਨ ਨੂੰ ਲੈ ਕੇ ਲੋਕਾਂ ਦੀ ਝਿਜਕ ਨੂੰ ਹਟਾਇਆ ਜਾ ਸਕੇ | ਬੈਠਕ 'ਚ ਪ੍ਰਧਾਨ ਮੰਤਰੀ ਨੇ ਝਾਰਖੰਡ, ਮਨੀਪੁਰ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਅਤੇ ਹੋਰ ਰਾਜਾਂ ਦੇ ਘੱਟ ਟੀਕਾਕਰਨ ਕਵਰੇਜ ਵਾਲੇ 11 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ |
ਨਵੀਂ ਦਿੱਲੀ, 3 ਨਵੰਬਰ (ਏਜੰਸੀ)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਭਾਰਤ 'ਚ ਬਣੀ ਕੋਵਿਡ-19 ਵੈਕਸੀਨ 'ਕੋਵੈਕਸੀਨ' ਦੀ ਐਮਰਜੈਂਸੀ ਵਰਤੋਂ ਨੂੰ ਹਰੀ ਝੰਡੀ ਦੇ ਦਿੱਤੀ ਹੈ | ਸਿਹਤ ਸੰਗਠਨ ਦੀ ਟੈਕਨੀਕਲ ਕਮੇਟੀ ਨੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਸੂਚੀ (ਈ.ਯੂ.ਐਲ) 'ਚ ਸ਼ਾਮਿਲ ਕਰ ਲਿਆ ਹੈ | ਇਸ ਤੋਂ ਪਹਿਲਾਂ ਕਮੇਟੀ 2 ਵਾਰ ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈੱਕ ਤੋਂ ਸਪੱਸ਼ਟੀਕਰਨ ਮੰਗ ਚੁੱਕੀ ਹੈ | ਇਸ ਸਬੰਧੀ ਖਬਰ ਏਜੰਸੀ ਪੀ.ਟੀ.ਆਈ. ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ ਨੇ ਭਾਰਤ ਬਾਇਓਟੈਕ ਦੀ ਕੋਵਿਡ-19 ਵੈਕਸੀਨ 'ਕੋਵੈਕਸੀਨ' ਨੂੰ ਹੰਗਾਮੀ ਵਰਤੋਂ ਦੀ ਸੂਚੀ 'ਚ ਸ਼ਾਮਿਲ ਕਰਨ ਦੀ ਸਿਫਾਰਸ਼ ਕੀਤੀ | ਬੀਤੇ ਹਫ਼ਤੇ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ ਨੇ ਸਵਦੇਸ਼ੀ ਕੋਵਿਡ ਰੋਕੂ ਟੀਕੇ 'ਕੋਵੈਕਸੀਨ' ਨੂੰ ਐਮਰਜੈਂਸੀ ਵਰਤੋਂ ਦੀ ਸੂਚੀ 'ਚ ਸ਼ਾਮਿਲ ਕਰਨ ਲਈ ਅੰਤਿਮ ਲਾਭ ਜੋਖ਼ਮ ਕਰਨ ਵਾਸਤੇ ਭਾਰਤ ਬਾਇਓਟੈੱਕ ਤੋਂ ਸਪੱਸ਼ਟੀਕਰਨ ਮੰਗਿਆ ਸੀ | ਹੁਣ ਤੱਕ 6 ਟੀਕਿਆਂ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਮਿਲ ਚੁੱਕੀ ਹੈ, ਜਿਨ੍ਹਾਂ 'ਚ ਫਾਈਜ਼ਰ/ ਬਾਇਓਐੱਨਟੈੱਕ ਦੀ ਕੋਮਿਨਰਨੇਟੀ, ਐਸਟ੍ਰਾਜ਼ੈਨੇਕਾ ਦੀ ਕੋਵੀਸ਼ੀਲਡ, ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ, ਮੋਡਰਨਾ ਦੀ ਐੱਮ.ਆਰ.ਐੱਨ.ਏ.-1273, ਸਿਨੋਫਾਰਮ ਦੀ ਬੀ. ਬੀ. ਆਈ. ਬੀ. ਪੀ.-ਕੋਰਵੀ ਤੇ ਸਿਨੋਵੈਕ ਦੀ ਕੋਰੋਨਾਵੈਕ ਸ਼ਾਮਿਲ ਹਨ | ਹਾਲਾਂਕਿ ਅਜਿਹੇ ਕਈ ਦੇਸ਼ ਹਨ, ਜਿਨ੍ਹਾਂ ਕੌਮਾਂਤਰੀ ਯਾਤਰਾ ਨੂੰ ਆਸਾਨ ਬਣਾਉਣ ਤੇ ਯਾਤਰੀਆਂ ਨੂੰ ਆਪਣੇ ਦੇਸ਼ਾਂ 'ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਦੇਣ ਲਈ 'ਕੋਵੈਕਸੀਨ' ਨੂੰ ਮਨਜ਼ੂਰੀ ਦਿੱਤੀ ਹੈ | ਇਨ੍ਹਾਂ ਦੇਸ਼ਾਂ 'ਚ ਗੁਆਨਾ, ਈਰਾਨ, ਮਾਰੀਸ਼ਸ, ਮੈਕਸੀਕੋ, ਨਿਪਾਲ, ਪਰਾਗਵੇ, ਫਿਲਪੀਨ, ਜ਼ਿੰਬਾਬਵੇ, ਆਸਟ੍ਰੇਲੀਆ, ਓਮਾਨ, ਸ੍ਰੀਲੰਕਾ, ਐਸਟੋਨੀਆ ਤੇ ਯੂਨਾਨ ਸ਼ਾਮਿਲ ਹਨ | ਭਾਰਤ ਬਾਇਓਟੈੱਕ ਦੇ ਕੋਵੈਕਸੀਨ ਤੇ ਐਸਟ੍ਰਾਜ਼ੈਨੇਕਾ-ਆਕਸਫੋਰਡ ਯੂਨੀਵਰਸਿਟੀ ਦੇ ਕੋਵੀਸ਼ੀਲਡ ਭਾਰਤ 'ਚ ਵਿਆਪਕ ਰੂਪ 'ਚ ਇਸਤੇਮਾਲ ਕੀਤੇ ਜਾਣ ਵਾਲੇ 2 ਟੀਕੇ ਹਨ | ਆਸਟ੍ਰੇਲੀਆ ਕੋਵੀਸ਼ੀਲਡ ਨੂੰ ਪਹਿਲਾਂ ਹੀ ਮਾਨਤਾ ਦੇ ਚੁੱਕਾ ਹੈ |
ਕੋਵੈਕਸੀਨ ਦੀ ਮਿਆਦ ਹੁਣ 12 ਮਹੀਨੇ
ਭਾਰਤ ਬਾਇਓਟੈਕ ਨੇ ਦੱਸਿਆ ਕਿ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐਸ.ਸੀ.ਓ.) ਨੇ ਉਸ ਦੀ ਕੋਵਿਡ-19 ਵੈਕਸੀਨ ਕੋਵੈਕਸੀਨ ਦੀ ਮਿਆਦ (ਸ਼ੈਲਫ ਲਾਈਫ) ਨੂੰ ਨਿਰਮਾਣ ਦੀ ਮਿਤੀ ਤੋਂ 12 ਮਹੀਨਿਆਂ ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ | ਕੋਵੈਕਸੀਨ ਦੀ 'ਸ਼ੈਲਫ ਲਾਈਫ' ਦੇ ਵਾਧੇ ਦੀ ਇਹ ਮਨਜ਼ੂਰੀ ਵਾਧੂ ਸਥਿਰਤਾ ਡਾਟਾ ਦੀ ਉਪਲਬਧਤਾ 'ਤੇ ਆਧਾਰਿਤ ਹੈ, ਜੋ ਕਿ ਭਾਰਤ ਬਾਇਓਟੈੱਕ ਵਲੋਂ ਸੀ.ਡੀ.ਐਸ.ਸੀ.ਓ. ਨੂੰ ਜਮ੍ਹਾ ਕਰਵਾਇਆ ਗਿਆ ਸੀ |
ਕਿਹਾ, ਚੱਲੇ ਹੋਏ ਕਾਰਤੂਸਾਂ ਬਾਰੇ ਮੈਂ ਗੱਲ ਨਹੀਂ ਕਰਦਾ
ਅੰਮਿ੍ਤਸਰ, 3 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਅੱਜ ਤਕੜੇ ਹਮਲੇ ਕੀਤੇ ਤੇ ਕਿਹਾ ਕਿ ਕੈਪਟਨ ਹੁਣ ਇਕੱਲਾ ਹੈ ਤੇ ਉਸ ਦੀ ਪਤਨੀ ਤੱਕ ਵੀ ਨਾਲ ਨਹੀਂ ਹੈ | ਅੱਜ ਇਥੇ ਰਾਮ ਤਲਾਈ ਮੰਦਰ ਦੇ ਸੁੰਦਰੀਕਰਨ ਲਈ ਪਹੁੰਚੇ ਸ. ਸਿੱਧੂ ਨੇ ਕਿਹਾ ਕਿ ਕੈਪਟਨ ਸਭ ਤੋਂ ਵੱਡਾ ਫਰਾਡ ਤੇ ਕਾਇਰ ਬੰਦਾ ਹੈ | ਉਹ ਮੈਨੂੰ ਕਹਿੰਦਾ ਸੀ ਕਿ ਮੇਰੇ ਲਈ ਦਰਵਾਜ਼ੇ ਬੰਦ ਹਨ, ਪਰ ਹੁਣ ਉਸ ਦੇ ਆਪਣੇ ਦਰਵਾਜ਼ੇ ਬੰਦ ਹੋ ਚੁੱਕੇ ਹਨ | ਉਮਰ ਵਧਣ ਨਾਲ ਬੰਦਾ ਰੋਂਦੂ ਹੋ ਜਾਂਦਾ ਹੈ | ਕੈਪਟਨ ਦਾ ਵੀ ਇਹੀ ਹਾਲ ਹੈ, ਉਹ ਰੋਂਦੂ ਬੱਚਾ ਬਣ ਗਿਆ ਹੈ | ਕੈਪਟਨ ਚੱਲਿ੍ਹਆ ਕਾਰਤੂਸ ਹੈ ਤੇ ਉਹ (ਸਿੱਧੂ) ਕਿਸੇ ਚੱਲੇ ਹੋਏ ਕਾਰਤੂਸ ਨਾਲ ਕਦੇ ਗੱਲ ਨਹੀਂ ਕਰਦੇ | ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੈਪਟਨ ਦੀ ਹਾਲਤ ਤਾਂ ਅਜਿਹੀ ਹੋ ਗਈ ਹੈ ਕਿ ਉਸ ਦੇ ਨਾਲ ਇਕ ਕੌਂਸਲਰ ਤੱਕ ਖੜ੍ਹਾ ਨਹੀਂ ਦਿਖ ਰਿਹਾ | ਕੈਪਟਨ ਐਵੇਂ ਗੱਲਾਂ ਮਾਰਦਾ ਹੈ ਉਸ ਦੇ ਪੱਲੇ ਕੁਝ ਵੀ ਨਹੀਂ ਹੈ | ਉਨ੍ਹਾਂ ਸਵਾਲ ਵੀ ਕੀਤਾ ਕਿ ਕੈਪਟਨ ਦੇ ਨਾਲ ਉਸ ਦੀ ਪਤਨੀ ਨੇ ਕਾਂਗਰਸ ਕਿਉਂ ਨਹੀਂ ਛੱਡੀ? ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਛੇਤੀ ਹੀ ਨਵੀਆਂ ਲੋਕ ਹਿੱਤੂ ਨੀਤੀਆਂ ਬਣਾਈਆਂ ਜਾਣਗੀਆਂ, ਜਿਨ੍ਹਾਂ ਨਾਲ ਸੂਬੇ 'ਚ ਸੁਧਾਰ ਹੋਵੇਗਾ | ਇਸ ਤੋਂ ਇਲਾਵਾ ਰੇਤ ਦੇ ਰੇਟ ਨਿਰਧਾਰਿਤ ਕੀਤੇ ਜਾਣਗੇ, ਜਿਸ ਨਾਲ ਪੰਜਾਬੀਆਂ ਨੂੰ ਇਮਾਰਤ ਉਸਾਰੀ 'ਚ ਵੱਡੀ ਰਾਹਤ ਮਿਲੇਗੀ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੇਦਾਰਨਾਥ ਦੀ ਯਾਤਰਾ ਕਰਕੇ ਵਾਪਸ ਆਪਣੇ ਹਲਕੇ 'ਚ ਪਰਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਹਮੇਸ਼ਾ ਕੁਰਸੀ ਦੀ ਬਜਾਏ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਹੈ ਤੇ ਅਗਾਮੀ ਵਿਧਾਨ ਸਭਾ ਚੋਣਾਂ 'ਚ ਜਾਣ ਤੋਂ ਪਹਿਲਾਂ ਉਹ ਭਖਦੇ ਮੁੱਦਿਆਂ ਨੂੰ ਜਿਥੇ ਹੱਲ ਕਰਵਾਉਣਗੇ ਉਥੇ ਹੀ ਪੰਜਾਬ ਦੀ ਖੁਸ਼ਹਾਲੀ ਲਈ ਰੋਡ ਮੈਪ ਤਿਆਰ ਕੀਤਾ ਜਾਵੇਗਾ, ਜੋ ਸਿਰਫ 2 ਮਹੀਨਿਆਂ ਲਈ ਨਹੀਂ ਬਲਕਿ 5 ਸਾਲ ਦੀਆਂ ਨੀਤੀਆਂ ਲਈ ਹੋਵੇਗਾ, ਜਿਸ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਚਰਚਾ ਵੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸ਼ਰਾਬ, ਰੇਤ, ਟਰਾਂਸਪੋਰਟ ਆਦਿ ਮਾਫੀਆ ਨੂੰ ਜੜੋਂ ਖ਼ਤਮ ਕਰਕੇ ਪੰਜਾਬ ਦੇ ਖ਼ਜ਼ਾਨੇ ਨੂੰ ਭਰਨ ਲਈ ਚੰਗੀ ਨੀਤੀ ਤੇ ਨੀਅਤ ਚਾਹੀਦੀ ਹੈ, ਜਿਸ ਦੀ ਤਾਜ਼ਾ ਉਦਾਹਰਣ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੇਸ਼ ਕਰਦੇ ਹੋਏ ਸਿਰਫ ਕੁਝ ਦਿਨਾਂ 'ਚ ਹੀ ਪੰਜਾਬ ਰੋਡਵੇਜ਼ ਨੂੰ ਰੋਜ਼ਾਨਾ 50 ਲੱਖ ਰੁਪਏ ਦਾ ਮੁਨਾਫਾ ਕਮਾਉਣ ਦੇ ਕਾਬਿਲ ਬਣਾ ਦਿੱਤਾ ਹੈ | ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ 'ਤੇ ਵਰ੍ਹਦਿਆਂ ਕਿਹਾ ਕਿ ਸੱਤਾ ਦੌਰਾਨ ਇਨ੍ਹਾਂ ਲੋਕਾਂ ਨੇ ਕੁਦਰਤੀ ਸ੍ਰੋਤਾਂ ਦੀ ਅੰਨ੍ਹੇਵਾਹ ਲੁੱਟ ਕਰਕੇ ਪੰਜਾਬ ਨੂੰ ਬਦਹਾਲੀ ਦੇ ਕਿਨਾਰੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ | ਉਨ੍ਹਾਂ ਤੰਜ ਕੱਸਦੇ ਹੋਏ ਕਿਹਾ ਕਿ ਜੇਕਰ ਕੈਪਟਨ ਨੂੰ ਰੇਤ ਮਾਫੀਆ ਸਬੰਧੀ ਜਾਣਕਾਰੀ ਸੀ ਤਾਂ ਉਨ੍ਹਾਂ ਠੋਸ ਕਾਰਵਾਈ ਨਾ ਕਰਦੇ ਹੋਏ ਆਪਣੀ ਕਾਇਰਤਾ ਤੇ ਬੁਜ਼ਦਿਲੀ ਦਾ ਸਬੂਤ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਉਹ ਕੁਰਸੀ ਨੂੰ ਪਿਆਰ ਕਰਨ ਵਾਲਿਆਂ ਨਾਲ ਖੜ੍ਹਣਗੇ ਜਾਂ ਫਿਰ ਪੰਜਾਬ ਦੇ ਮੁੱਦਿਆਂ 'ਤੇ ਆਪਣਾ ਸਟੈਂਡ ਰੱਖਣ ਵਾਲਿਆਂ ਨਾਲ ਕਿਉਂਕਿ 3 ਸਾਲ ਪਹਿਲਾਂ ਜਦੋਂ ਸਭ ਜਾਣਦੇ ਹੋਏ ਵੀ ਕੋਈ ਪੰਜਾਬ ਲਈ ਨਹੀਂ ਸੀ ਬੋਲ ਰਿਹਾ ਤਾਂ ਉਨ੍ਹਾਂ ਅਵਾਜ਼ ਬੁਲੰਦ ਕੀਤੀ ਸੀ ਕਿਉਂਕਿ ਉਨ੍ਹਾਂ ਕਦੇ ਵੀ ਮੁੱਦਿਆਂ ਨਾਲ ਸਮੌਝਤਾ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਜਨਵਰੀ ਤੱਕ ਅੰਮਿ੍ਤਸਰ ਨੂੰ 2-3 ਪੁਲ ਨਵੇਂ ਤਿਆਰ ਕਰਕੇ ਦਿੱਤੇ ਜਾਣਗੇ, ਜਿਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਸਵੇਰੇ ਉਦਘਾਟਨ ਕਰਕੇ ਸ਼ਾਮ ਨੂੰ ਕੰਮ ਬੰਦ ਕਰਨ ਦਾ ਫੁਰਮਾਨ ਦਿੱਤਾ ਸੀ |
ਚੰਡੀਗੜ੍ਹ, 3 ਨਵੰਬਰ (ਅਜੀਤ ਬਿਊਰੋ)-ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਨੂੰ ਪਹੁੰਚੇ ਨੁਕਸਾਨ ਨਾਲ ਪੈਦਾ ਹੋਈਆਂ ਦੁਸ਼ਵਾਰੀਆਂ ਘਟਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਸਾਰੇ ਉਸਾਰੀ ਕਿਰਤੀਆਂ ਲਈ ਵਿੱਤੀ ਸਹਾਇਤਾ ਦਾ ਐਲਾਨ ਕਰਦਿਆਂ ਕਿਹਾ ਕਿ ਹਰੇਕ ਉਸਾਰੀ ਕਿਰਤੀ ਨੂੰ 3100 ਰੁਪਏ ਦੀ ਅੰਤਿ੍ਮ ਵਿੱਤੀ ਰਾਹਤ ਦੀ ਇਕ ਹੋਰ ਕਿਸ਼ਤ ਦਿੱਤੀ ਜਾਵੇਗੀ | ਦੀਵਾਲੀ ਦੀ ਪੂਰਵ ਸੰਧਿਆ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 3100 ਰੁਪਏ ਦੀ ਇਹ ਵਿੱਤੀ ਗਰਾਂਟ ਰੌਸ਼ਨੀਆਂ ਦੇ ਤਿਉਹਾਰਾਂ ਦੇ ਮੌਕੇ ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸ਼ਗਨ ਰਾਸ਼ੀ ਹੈ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਰਾਸ਼ੀ ਸਿੱਧੀ ਉਸਾਰੀ ਕਿਰਤੀਆਂ ਦੇ ਬੈਂਕ ਖਾਤਿਆਂ 'ਚ ਅਦਾ ਕਰ ਦਿੱਤੀ ਜਾਵੇਗੀ | ਸੂਬੇ ਭਰ ਵਿਚ ਲਗਪਗ 3.17 ਲੱਖ ਉਸਾਰੀ ਕਿਰਤੀ ਰਜਿਸਟਰਡ ਹਨ ਤੇ ਇਸ ਸਬੰਧੀ 90-100 ਕਰੋੜ ਰੁਪਏ ਦੀ ਰਾਸ਼ੀ ਵੰਡੇ ਜਾਣ ਦੀ ਸੰਭਾਵਨਾ ਹੈ | ਮੁੱਖ ਮੰਤਰੀ ਚੰਨੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਸਰਪੰਚਾਂ ਤੇ ਕੌਂਸਲਰਾਂ ਨੂੰ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਕਿਹਾ ਤਾਂ ਜੋ ਉਹ ਬੋਰਡ ਵਲੋਂ ਸਮੇਂ-ਸਮੇਂ 'ਤੇ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ | ਮੁੱਖ ਮੰਤਰੀ ਚੰਨੀ, ਜੋ ਬੋਰਡ ਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਉਕਤ ਵਿੱਤੀ ਸਹਾਇਤਾ 'ਚ ਵਾਧਾ ਕੀਤਾ ਜਾ ਰਿਹਾ ਹੈ, ਕਿਉਂਕਿ ਕੋਵਿਡ-19 ਮਹਾਂਮਾਰੀ ਕਾਰਨ ਇਨ੍ਹਾਂ ਉਸਾਰੀ ਕਿਰਤੀਆਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਹੈ | ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਯੋਗ ਤੇ ਕਮਜੋਰ ਵਰਗਾਂ ਦੀ ਮਦਦ ਕਰਨ ਲਈ ਵਚਨਬੱਧ ਹੈ, ਜਿਨ੍ਹਾਂ ਕੋਲ ਆਪਣਾ ਪਾਲਣ ਪੋਸ਼ਣ ਕਰਨ ਦੇ ਸਾਧਨ ਨਹੀਂ ਹਨ | ਇਸ ਦੌਰਾਨ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਕੋਵਿਡ ਦੀ ਸਥਿਤੀ ਵਿਚ ਹੋਏ ਵਰਨਣਯੋਗ ਸੁਧਾਰ ਨਾਲ ਸੂਬੇ ਭਰ ਵਿਚ ਉਸਾਰੀ ਕਿਰਤੀਆਂ ਨੂੰ ਹੋਰ ਗਤੀ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਨੂੰ ਰੋਜ਼ੀ-ਰੋਟੀ ਮਿਲ ਸਕੇ |
ਵਾਸ਼ਿੰਗਟਨ, 3 ਨਵੰਬਰ (ਪੀ. ਟੀ. ਆਈ.)-ਅਮਰੀਕਾ ਦੇ ਸੰਸਦ ਮੈਂਬਰ ਬ੍ਰੈਂਡਨ ਬੋਇਲ ਨੇ ਦਿੱਲੀ (ਭਾਰਤ) 'ਚ 1984 'ਚ ਹੋਈ ਸਿੱਖ ਨਸਲਕੁਸ਼ੀ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਤਲੇਆਮ ਦੇ ਪੀੜਤ ਪਰਿਵਾਰਾਂ ਲਈ ਨਿਆਂ ਤੇ ਜਵਾਬਦੇਹੀ ਦੀ ਮੰਗ ਕੀਤੀ | ਪੈਨਸਿਲਵੇਨੀਆ ਤੋਂ ਸੰਸਦ ਮੈਂਬਰ ਨੇ ਸਪੀਕਰ ਦਾ ਧਿਆਨ ਦਿਵਾਉਂਦਿਆਂ ਕਿਹਾ ਕਿ ਮੈਂ ਭਾਰਤ 'ਚ ਹੋਏ ਸਿੱਖ ਕਤਲੇਆਮ ਦੀ ਗੱਲ ਕਰਨਾ ਚਾਹੁੰਦਾ ਹਾਂ, ਜਿਥੇ 31 ਅਕਤੂਬਰ, 1984 ਨੂੰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਦੋ ਸਿੱਖ ਅੰਗ ਰੱਖਿਅਕਾਂ ਵਲੋਂ ਹੱਤਿਆ ਕਰਨ ਤੋਂ ਬਾਅਦ ਸਿੱਖ ਵਿਰੋਧੀ ਦੰਗੇ ਭੜਕ ਗਏ ਸਨ, ਜਿਸ ਨੂੰ ਸਿੱਖ ਨਸਲਕੁਸ਼ੀ ਵਜੋਂ ਵੀ ਜਾਣਿਆ ਜਾਂਦਾ ਹੈ | ਬੋਇਲ ਨੇ ਕਿਹਾ ਕਿ ਅੱਜ ਅਮਰੀਕਾ 'ਚ 50 ਲੱਖ ਤੋਂ ਵੱਧ ਸਿੱਖ ਰਹਿ ਰਹੇ ਹਨ, ਜਿਨ੍ਹਾਂ ਨੇ ਲਗਪਗ 130 ਸਾਲ ਪਹਿਲਾਂ ਇਥੇ ਆਉਣਾ ਸ਼ੁਰੂ ਕੀਤਾ ਸੀ | ਉਨ੍ਹਾਂ ਕਿਹਾ ਕਿ ਰਾਜਧਾਨੀ ਦਿੱਲੀ ਤੇ ਹੋਰਨਾਂ ਸ਼ਹਿਰਾਂ 'ਚ ਭੜਕੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਪਹਿਲੇ ਸਿੱਖ ਦੀ ਜਾਨ 1 ਨਵੰਬਰ ਨੂੰ ਤੜਕੇ ਲੈ ਲਈ ਗਈ, ਜਦੋਂਕਿ ਤਿੰਨ ਦਿਨ ਚੱਲੀ ਹਿੰਸਾ ਦੇ ਨਤੀਜੇ ਵਜੋਂ ਸਿੱਖ ਭਾਈਚਾਰੇ ਦੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਾਰੇ ਗਏ | ਉਨ੍ਹਾਂ ਕਿਹਾ ਕਿ ਕਤਲੇਆਮ ਤੋਂ ਬਾਅਦ ਲਗਪਗ 20 ਹਜ਼ਾਰ ਲੋਕਾਂ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ | ਬ੍ਰੈਂਡਨ ਬੋਇਲ ਨੇ ਕਿਹਾ ਕਿ ਸਿੱਖ ਕਤਲੇਆਮ ਨੂੰ ਯਾਦ ਕਰਨਾ ਉਨ੍ਹਾਂ ਸਾਰੇ ਪੀੜਤ ਪਰਿਵਾਰਾਂ ਲਈ ਨਿਆਂ ਤੇ ਜਵਾਬਦੇਹੀ ਦੀ ਲੜਾਈ 'ਚ ਇਕ ਮਹੱਤਵਪੂਰਨ ਤੇ ਇਤਿਹਾਸਕ ਕਦਮ ਹੈ |
ਲਖੀਮਪੁਰ ਖੀਰੀ, 3 ਨਵੰਬਰ (ਏਜੰਸੀ)-ਲਖੀਮਪੁਰ ਖੀਰੀ 'ਚ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਵਲੋਂ 3 ਅਕਤੂਬਰ ਨੂੰ ਹੋਈ ਹਿੰਸਾ ਦੇ ਮਾਮਲੇ ਨੂੰ ਨਿਪਟਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ਸੱਦਾ ਠੁਕਰਾ ਦਿੱਤਾ ਹੈ | ਦਰਅਸਲ ਮੰਤਰੀ ਨੇ ਝੋਨੇ ਦੀ ...
ਸਭ ਤੋਂ ਵੱਧ ਮਾੜੀ ਹਵਾ ਮੰਡੀ ਗੋਬਿੰਦਗੜ੍ਹ ਦੀ 143 ਤੇ ਸਭ ਤੋਂ ਘੱਟ ਅੰਮਿ੍ਤਸਰ ਦੀ 101 ਸੂਚਕ ਅੰਕ ਰਹੀ ਲੁਧਿਆਣਾ, 3 ਨਵੰਬਰ (ਪੁਨੀਤ ਬਾਵਾ)-ਪੰਜਾਬ ਦੀ ਆਬੋ ਹਵਾ ਸਤੰਬਰ ਮਹੀਨੇ ਦੇ ਮੁਕਾਬਲੇ 78 ਸੂਚਕ ਅੰਕ ਵੱਧ ਖ਼ਰਾਬ ਹੋਈ ਹੈ | ਜਿਸ ਕਰਕੇ ਦੂਸ਼ਿਤ ਹਵਾ 'ਚ ਮਨੁੱਖਾਂ ਦੇ ...
ਨਵੀਂ ਦਿੱਲੀ, 3 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪ੍ਰਦੂਸ਼ਣ ਫਿਰ ਵਧਣਾ ਸ਼ੁਰੂ ਹੋ ਗਿਆ ਹੈ | ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਸੀ.ਪੀ.ਸੀ.ਬੀ. ਨੇ ਵੀ ਕਿਹਾ ਹੈ ਕਿ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ ਪਹਿਲਾਂ ਨਾਲੋਂ ਵਧਿਆ ਹੈ | ਦਿੱਲੀ ਅਤੇ ...
ਮੁੱਖ ਮੰਤਰੀ ਚੰਨੀ ਨੇ ਦਿੱਤੇ ਸੰਕੇਤ
ਚੰਡੀਗੜ੍ਹ, 3 ਨਵੰਬਰ (ਏਜੰਸੀ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਕੇਤ ਦਿੱਤਾ ਹੈ ਕਿ ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਲਈ ਚੋਣ ਰਣਨੀਤੀ ...
ਚੰਡੀਗੜ੍ਹ, 3 ਨਵੰਬਰ (ਮਨਜੋਤ ਸਿੰਘ ਜੋਤ)- ਪੰਜਾਬ ਸਰਕਾਰ ਵਲੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦੀਵਾਲੀ ਤੋਹਫ਼ਾ ਦਿੰਦਿਆਂ ਸੂਬੇ 'ਚ ਸਿਨੇਮਾ ਹਾਲ 100 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ...
ਚੰਡੀਗੜ੍ਹ, 3 ਨਵੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕਾਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੇ ਪਾਵਨ ਮੌਕੇ ਦੀ ਵਧਾਈ ਦਿੱਤੀ | ਆਪਣੇ ਸੰਦੇਸ਼ ਚ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ, ਰੌਸ਼ਨੀਆਂ ਦਾ ਇਹ ਪਵਿੱਤਰ ...
ਨਵੀਂ ਦਿੱਲੀ, 3 ਨਵੰਬਰ (ਪੀ. ਟੀ. ਆਈ.)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਸਵੀਕਾਰ ਕਰ ਲਿਆ ਹੈ | ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਕੇ. ਸੀ. ਵੇਣੂਗੋਪਾਲ ...
ਅਯੁੱਧਿਆ, 3 ਨਵੰਬਰ (ਏਜੰਸੀ)-ਬੁੱਧਵਾਰ ਨੂੰ ਦੀਵਾਲੀ ਦੀ ਪੂਰਵ ਸੰਧਿਆ ਮੌਕੇ ਅਯੁੱਧਿਆ 'ਚ ਦੀਪ ਉਤਸਵ ਮੌਕੇ 9 ਲੱਖ ਤੋਂ ਵਧੇਰੇ ਦੀਵੇ ਜਗਾਉਣ ਦਾ ਗਿਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ | ਦੀਵਾਲੀ ਮਨਾਉਣ ਦੇ ਸੰਬੰਧ 'ਚ ਅਯੁੱਧਿਆ ਵਿਖੇ 45 ਮਿੰਟ ਤੱਕ 9 ਲੱਖ ਤੋਂ ਵਧੇਰੇ ਤੇਲ ...
ਵਾਸ਼ਿੰਗਟਨ, 3 ਨਵੰਬਰ (ਏਜੰਸੀ)-ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਧਾਰਮਿਕ ਤੇ ਇਤਿਹਾਸਕ ਮਹੱਤਵ ਨੂੰ ਮਾਨਤਾ ਦੇਣ ਵਾਲੇ ਇਕ ਪ੍ਰਸਤਾਵ ਨੂੰ ਅਮਰੀਕੀ ਕਾਂਗਰਸ 'ਚ ਪੇਸ਼ ਕੀਤਾ ਹੈ | ...
ਜੰਮੂ, 3 ਨਵੰਬਰ (ਏਜੰਸੀ)- ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਆਪਣੇ 2 ਦਿਨਾਂ ਜੰਮੂ ਖੇਤਰ ਦੇ ਦੌਰੇ ਦੌਰਾਨ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਵਲੋਂ ਸੁਰੱਖਿਆ ਸਥਿਤੀ ਤੇ ਜੰਗੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਹੈ | ਪੁਣਛ ਤੇ ਰਾਜੌਰੀ ਦੇ ਜੰਗਲੀ ਖੇਤਰ 'ਚ ਫ਼ੌਜ ...
ਨਵੀਂ ਦਿੱਲੀ, 3 ਨਵੰਬਰ (ਅਜੀਤ ਬਿਊਰੋ)- ਦਿੱਲੀ ਦੀ ਕੇਜਰੀਵਾਲ ਸਰਕਾਰ ਦੁਨੀਆ ਦਾ ਪਹਿਲਾ ਅਜਿਹਾ ਵੈੱਬ-ਪੋਰਟਲ ਤਿਆਰ ਕਰ ਰਹੀ ਹੈ, ਜਿਥੇ ਦਿੱਲੀ ਦਾ ਹਰ ਛੋਟਾ-ਵੱਡਾ ਕਾਰੋਬਾਰੀ ਆਪਣਾ ਸਾਮਾਨ ਪੇਸ਼ ਕਰ ਸਕੇਗਾ ਤੇ ਪੂਰੀ ਦੁਨੀਆ 'ਚ ਵੇਚ ਸਕੇਗਾ | ਇਸ ਸੰਬੰਧੀ ਮੁੱਖ ਮੰਤਰੀ ...
ਨਵੀਂ ਦਿੱਲੀ, 3 ਨਵੰਬਰ (ਉਪਮਾ ਡਾਗਾ ਪਾਰਥ)-ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਪਿਛਲੇ ਸਾਲ 'ਚ ਇਸ ਸਮੇਂ ਦੇ ਮੁਕਾਬਲੇ 51 ਫ਼ੀਸਦੀ ਤੋਂ ਵੱਧ ਕਮੀ ਆਈ ਹੈ | ਇਹ ਦਾਅਵਾ ਹਵਾ ਦੇ ਮਿਆਰ ਦੇ ਪ੍ਰਬੰਧਨ ਬਾਰੇ ਕਮਿਸ਼ਨ ਵਲੋਂ ਕੀਤਾ ਗਿਆ | ਹਾਲਾਂਕਿ ਕਮਿਸ਼ਨ ਦੇ ਇਸ ਦਾਅਵੇ ਦਾ ...
ਲਖੀਮਪੁਰ ਖੀਰੀ (ਯੂ. ਪੀ.), 3 ਨਵੰਬਰ (ਪੀ. ਟੀ. ਆਈ.)- ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਅਤੇ ਦੋ ਹੋਰਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਇਥੋਂ ਦੀ ਇਕ ਅਦਾਲਤ ਨੇ 15 ਨਵੰਬਰ ਤੱਕ ਟਾਲ ਦਿੱਤੀ ਹੈ | ਸਰਕਾਰੀ ਵਕੀਲ ...
ਸ੍ਰੀਨਗਰ, 3 ਨਵੰਬਰ (ਮਨਜੀਤ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ 'ਚ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾਉਣਗੇ | ਇਹ ਚੌਥੀ ਵਾਰ ਹੋਵੇਗਾ, ਜਦ ਪ੍ਰਧਾਨ ਮੰਤਰੀ ਮੋਦੀ ਜੰਮੂ-ਕਸ਼ਮੀਰ 'ਚ ਸਰਹੱਦ 'ਤੇ ਤਾਇਨਾਤ ...
ਨਵੀਂ ਦਿੱਲੀ, 3 ਨਵੰਬਰ (ਪੀ. ਟੀ. ਆਈ.)- ਕੇਂਦਰ ਨੇ ਬੁੱਧਵਾਰ ਨੂੰ ਰਾਜਾਂ ਨੂੰ ਆਪਣੇ ਮਾਲੀਏ 'ਚ ਆਈ ਕਮੀ ਨੂੰ ਪੂਰਾ ਕਰਨ ਲਈ ਜੀ. ਐਸ. ਟੀ. ਮੁਆਵਜ਼ੇ ਵਜੋਂ 17000 ਕਰੋੜ ਰੁਪਏ ਜਾਰੀ ਕੀਤੇ ਹਨ | ਵਿੱਤ ਮੰਤਰਾਲੇ ਨੇ ਦੱਸਿਆ ਕਿ ਇਸ ਦੇ ਨਾਲ ਹੀ 2021-22 ਦੌਰਾਨ ਰਾਜਾਂ/ ਕੇਂਦਰ ਸ਼ਾਸਿਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX