ਇਕ ਵਾਰ ਫਿਰ ਪੰਜਾਬ ਵਿਚ ਪੰਜਾਬੀ ਬੋਲੀ ਨੂੰ ਸਿਰ ਦਾ ਤਾਜ ਬਣਾਉਣ ਦੀ ਗੱਲ ਚੱਲੀ ਹੈ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਭਾਰਤੀ ਪੰਜਾਬ ਨੂੰ ਚੜ੍ਹਦਾ ਅਤੇ ਪਾਕਿਸਤਾਨੀ ਪੰਜਾਬ ਨੂੰ ਲਹਿੰਦਾ ਪੰਜਾਬ ਕਿਹਾ ਜਾਂਦਾ ਹੈ। ਚੜ੍ਹਦਾ ਪੰਜਾਬ ਬੇਹੱਦ ਛੋਟਾ ਹੋ ਗਿਆ ਹੈ। ਦੇਸ਼ ਦੀ ਵੰਡ ਤੋਂ ਬਾਅਦ ਹੋਰ ਬਹੁਤੇ ਸੂਬਿਆਂ ਵਾਂਗ ਪੰਜਾਬ ਵਿਚ ਵੀ ਮਾਂ-ਬੋਲੀ ਪੰਜਾਬੀ ਨੂੰ ਸਰਕਾਰੀ ਸਕੂਲਾਂ ਵਿਚ ਅਤੇ ਹੋਰ ਹਰ ਪੱਧਰ 'ਤੇ ਪੂਰੀ ਮਾਨਤਾ ਦੇਣ ਦੀ ਗੱਲ ਚਲਦੀ ਰਹੀ ਹੈ। ਇਸ ਲਈ ਵੱਡੇ ਅੰਦੋਲਨ ਵੀ ਹੋਏ। ਲੰਮੀ ਕਸ਼ਮਕਸ਼ ਤੋਂ ਬਾਅਦ 1966 ਵਿਚ ਬੋਲੀ ਦੇ ਆਧਾਰ 'ਤੇ ਪੰਜਾਬੀ ਸੂਬਾ ਹੋਂਦ ਵਿਚ ਆਇਆ। ਚਾਹੇ ਹੁਣ ਤੱਕ ਵੀ ਇਸ ਨੂੰ ਅੱਧਾ-ਅਧੂਰਾ ਹੀ ਮੰਨਿਆ ਜਾਂਦਾ ਹੈ। ਇਸ ਦੀ ਰਾਜਧਾਨੀ ਚੰਡੀਗੜ੍ਹ ਨੂੰ ਖੋਹ ਕੇ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ। ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਇਸ 'ਚੋਂ ਬਾਹਰ ਕੱਢ ਦਿੱਤੇ ਗਏ। ਅਜਿਹਾ ਗਿਲਾ ਦਹਾਕਿਆਂ ਤੋਂ ਬਣਿਆ ਰਿਹਾ ਹੈ ਪਰ ਇਸ ਸੰਬੰਧੀ ਨਾ ਤਾਂ ਕੋਈ ਪੂਰਤੀ ਹੋਈ, ਨਾ ਹੀ ਕੋਈ ਵੱਡੀ ਪ੍ਰਾਪਤੀ।
ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਜਿਸ ਬੋਲੀ ਦੇ ਆਧਾਰ 'ਤੇ ਪੰਜਾਬ ਨੂੰ ਪੂਰਾ ਛਾਂਗ ਦਿੱਤਾ ਗਿਆ, ਉਸ ਸੂਬੇ ਵਿਚ ਉਸ ਬੋਲੀ ਦੀ ਵੀ ਦੁਰਦਸ਼ਾ ਕਰ ਦਿੱਤੀ ਗਈ। ਇਸ ਵਿਚ ਵਿਚਰਦਿਆਂ ਬਹੁਤੀ ਵਾਰ ਤਾਂ ਇਹ ਜਾਪਣ ਲੱਗਾ ਹੈ ਕਿ ਜਿਵੇਂ ਅਸੀਂ ਆਪਣੇ ਸੰਕਲਪੇ ਪੰਜਾਬ ਵਿਚ ਨਾ ਵਿਚਰ ਰਹੀਏ ਹੋਈਏ। ਇਸ ਦਾ ਵੱਡਾ ਕਾਰਨ ਅੱਜ ਵੀ ਬਹੁਗਿਣਤੀ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਤੋਂ ਮੁੱਖ ਮੋੜਨਾ ਹੈ। ਅੱਜ ਵੀ ਉਹ ਇਸ ਨੂੰ ਦੂਜੇ ਦਰਜੇ ਦੀ ਬੋਲੀ ਹੀ ਸਮਝ ਰਹੇ ਹਨ। ਇਸੇ ਕਰਕੇ ਹੀ ਪੰਜਾਬ ਦੀ ਧਰਤੀ 'ਤੇ ਫੈਲੇ ਅਣਗਿਣਤ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਦਾ ਆਮ ਤੌਰ 'ਤੇ ਇਹ ਯਤਨ ਰਿਹਾ ਹੈ ਕਿ ਉਹ ਇਸ ਬੋਲੀ ਨੂੰ ਅਣਦੇਖਿਆਂ ਕਰ ਦੇਣ। ਸਕੂਲਾਂ ਵਿਚ ਬੱਚਿਆਂ ਨੂੰ ਪੰਜਾਬੀ ਬੋਲਣ ਨਾਲੋਂ ਦੂਜੀਆਂ ਭਾਸ਼ਾਵਾਂ ਨੂੰ ਬੋਲਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਘਰਾਂ ਵਿਚ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਲਈ ਉਤਸ਼ਾਹ ਨਹੀਂ ਦਿੱਤਾ ਜਾਂਦਾ। ਵੱਡੇ-ਛੋਟੇ ਸ਼ਹਿਰਾਂ ਵਿਚ ਬਹੁਤੇ ਪਰਿਵਾਰਾਂ ਵਿਚ ਹਿੰਦੀ ਬੋਲਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਛੋਟੇ ਜਿਹੇ ਸੂਬੇ ਵਿਚ ਪੰਜਾਬੀਆਂ ਦਾ ਪੰਜਾਬੀ ਤੇ ਪੰਜਾਬੀਅਤ ਦਾ ਸੰਕਲਪ ਖੁਰਦਾ ਜਾ ਰਿਹਾ ਹੈ। ਇਸੇ ਲਈ ਅੱਜ ਤੱਕ ਇਸ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਇਸ ਨੂੰ ਪੂਰੀ ਤਰ੍ਹਾਂ ਮਾਨਤਾ ਦਿਵਾਉਣ ਲਈ ਸੰਘਰਸ਼ ਜਾਰੀ ਰਿਹਾ ਹੈ। ਪੰਜਾਬੀ ਸੂਬਾ ਬਣਨ ਤੋਂ ਬਾਅਦ ਲਗਭਗ ਇਥੇ ਵਿਚਰਦੀਆਂ ਸਾਰੀਆਂ ਹੀ ਪਾਰਟੀਆਂ ਨੂੰ ਪ੍ਰਸ਼ਾਸਨ ਚਲਾਉਣ ਦਾ ਮੌਕਾ ਮਿਲਦਾ ਰਿਹਾ ਹੈ ਪਰ ਇਨ੍ਹਾਂ ਵਿਚੋਂ ਵੀ ਬਹੁਤਿਆਂ ਨੇ ਮਾਂ-ਬੋਲੀ ਪ੍ਰਤੀ ਪੂਰੀ ਸੁਹਿਰਦਤਾ ਨਹੀਂ ਦਿਖਾਈ। ਜੇਕਰ ਇਸ ਨੂੰ ਰਾਜ ਭਾਸ਼ਾ ਦਾ ਤਾਜ ਪਹਿਨਾਉਣ ਦਾ ਯਤਨ ਕੀਤਾ ਵੀ ਜਾਂਦਾ ਰਿਹਾ ਤਾਂ ਉਹ ਯਤਨ ਵੀ ਅੱਧੇ-ਅਧੂਰੇ ਹੀ ਰਹੇ। ਇਸ ਸੰਬੰਧੀ ਲਛਮਣ ਸਿੰਘ ਗਿੱਲ ਦੀ ਪ੍ਰਸੰਸਾ ਹੁਣ ਵੀ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਇਆ ਸੀ। ਇਸ ਸੰਬੰਧੀ ਕਾਨੂੰਨ ਬਣਾਇਆ ਪਰ ਅਮਲੀ ਰੂਪ ਵਿਚ ਸਥਿਤੀ ਬਹੁਤੀ ਬਦਲੀ ਦਿਖਾਈ ਨਹੀਂ ਦਿੱਤੀ। ਇਸ ਵਿਚਾਰਗੀ ਵਾਲੀ ਸਥਿਤੀ ਨੂੰ ਵੇਖਦਿਆਂ ਹੀ ਰਾਜ ਭਾਸ਼ਾ ਕਾਨੂੰਨ 1967 ਵਿਚ ਸੋਧਾਂ ਕਰਕੇ ਰਾਜ ਭਾਸ਼ਾ ਕਾਨੂੰਨ 2008 ਅਤੇ ਪੰਜਾਬੀ ਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਸੰਬੰਧੀ ਇਕ ਹੋਰ ਨਵਾਂ ਕਾਨੂੰਨ ਬਣਾਇਆ ਗਿਆ। ਇਸ ਲਈ ਉਸ ਸਮੇਂ ਦੀ ਕੈਬਨਿਟ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਵੀ ਵਿਸ਼ੇਸ਼ ਰੋਲ ਅਦਾ ਕੀਤਾ ਸੀ ਪਰ ਇਸ ਵਿਚ ਵੀ ਅਫ਼ਸਰਸ਼ਾਹੀ ਵਲੋਂ ਏਨੀਆਂ ਚੋਰ ਮੋਰੀਆਂ ਰੱਖ ਦਿੱਤੀਆਂ ਗਈਆਂ ਕਿ ਅਮਲੀ ਰੂਪ ਵਿਚ ਇਨ੍ਹਾਂ ਕਾਨੂੰਨਾਂ ਦੇ ਵੀ ਮਨਚਾਹੇ ਸਿੱਟੇ ਨਾ ਨਿਕਲ ਸਕੇ। ਇਸੇ ਲਈ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਅੰਗਰੇਜ਼ੀ ਦੀ ਵਰਤੋਂ ਹੁੰਦੀ ਰਹੀ। ਨਿੱਜੀ ਸਕੂਲਾਂ ਵਿਚ ਇਸ ਨੂੰ ਅਣਗੌਲਿਆਂ ਕੀਤਾ ਜਾਂਦਾ ਰਿਹਾ ਪਰ ਹੁਣ ਸ: ਪਰਗਟ ਸਿੰਘ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਦਾ ਵਜ਼ੀਰ ਬਣਨ ਤੋਂ ਬਾਅਦ ਉਨ੍ਹਾਂ ਨੇ ਜਿਸ ਤਰ੍ਹਾਂ 2008 ਦੇ ਰਾਜ ਭਾਸ਼ਾ ਕਾਨੂੰਨ ਅਤੇ 2008 ਦੇ ਪੰਜਾਬੀ ਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਸੰਬੰਧੀ ਕਾਨੂੰਨ ਵਿਚ ਸੋਧਾਂ ਕਰਕੇ ਉਨ੍ਹਾਂ ਨੂੰ ਸਖ਼ਤ ਬਣਾਇਆ ਹੈ ਅਤੇ ਵਿਧਾਨ ਸਭਾ ਵਿਚ ਇਨ੍ਹਾਂ ਸੋਧ ਬਿੱਲਾਂ ਨੂੰ ਪਾਸ ਕਰਵਾਇਆ ਹੈ, ਉਸ ਲਈ ਉਨ੍ਹਾਂ ਦੀ ਪ੍ਰਸੰਸਾ ਕੀਤੀ ਜਾਣੀ ਬਣਦੀ ਹੈ। ਪਰ ਉੱਘੇ ਪੰਜਾਬੀ ਚਿੰਤਕਾਂ ਦਾ ਮਤ ਹੈ ਕਿ ਇਨ੍ਹਾਂ ਕਾਨੂੰਨਾਂ 'ਤੇ ਪ੍ਰਭਾਵੀ ਢੰਗ ਨਾਲ ਅਮਲ ਕਰਵਾਉਣ ਲਈ ਰਾਜ ਭਾਸ਼ਾ ਕਮਿਸ਼ਨ ਨਾਂਅ ਦੀ ਅਥਾਰਟੀ ਬਣਾਉਣ ਦੀ ਲੋੜ ਹੈ। ਇਸ ਸੰਬੰਧੀ ਵੀ ਪਰਗਟ ਸਿੰਘ ਨੇ ਕਦਮ ਚੁੱਕਣ ਦਾ ਭਰੋਸਾ ਦਿਵਾਇਆ ਹੈ।
ਅੱਜ ਸਮੁੱਚੀ ਦੁਨੀਆ ਵਿਚ ਪੰਜਾਬੀਆਂ ਨੇ ਕਿਸੇ ਨਾ ਕਿਸੇ ਰੂਪ ਵਿਚ ਆਪਣੇ ਝੰਡੇ ਗੱਡੇ ਹੋਏ ਹਨ। ਬਹੁਤੀਆਂ ਥਾਵਾਂ ਤੋਂ ਉਨ੍ਹਾਂ ਦੀਆਂ ਵੱਡੀਆਂ ਸਰਗਰਮੀਆਂ ਤੇ ਚੰਗੀਆਂ ਪ੍ਰਾਪਤੀਆਂ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਅਜਿਹਾ ਉਨ੍ਹਾਂ ਦੇ ਪੰਜਾਬੀ ਹੋਣ ਦੇ ਮਾਣ ਕਾਰਨ ਸੰਭਵ ਹੋ ਸਕਿਆ ਹੈ। ਪੰਜਾਬ ਦੇ ਲੋਕਾਂ ਵਿਚ ਆਪਣੀ ਜ਼ਬਾਨ ਤੇ ਸੱਭਿਆਚਾਰ ਬਾਰੇ ਵੀ ਅਜਿਹਾ ਹੀ ਮਾਣ ਪੈਦਾ ਹੋਣਾ ਚਾਹੀਦਾ ਹੈ। ਅਜਿਹਾ ਕਰਕੇ ਹੀ ਅਸੀਂ ਆਪਣੇ ਗੌਰਵਸ਼ਾਲੀ ਸੱਭਿਆਚਾਰ ਨਾਲ ਜੁੜੇ ਰਹਿ ਸਕਾਂਗੇ ਤੇ ਆਪਣੀ ਜੀਵਨ ਤਰਜ਼ ਨੂੰ ਮਾਣ ਮੱਤਾ ਬਣਾ ਸਕਾਂਗੇ। ਹੁਣ ਪੰਜਾਬ ਸਰਕਾਰ ਨੂੰ ਵਿਖਾਈ ਆਪਣੀ ਇਸ ਸਰਗਰਮੀ 'ਤੇ ਪਹਿਰਾ ਦੇਣਾ ਹੋਵੇਗਾ ਤਾਂ ਜੋ ਪੰਜਾਬੀਅਤ ਦੀ ਲੋਅ ਹਮੇਸ਼ਾ ਰੌਸ਼ਨੀ ਵੰਡਦੀ ਰਹੇ।
-ਬਰਜਿੰਦਰ ਸਿੰਘ ਹਮਦਰਦ
ਵਾਯੂਮੰਡਲ ਵਿਚ ਲਗਾਤਾਰ ਵਧ ਰਹੀ ਤਪਸ਼ ਪ੍ਰਤੀ ਪੂਰੀ ਦੁਨੀਆ ਚਿੰਤਤ ਹੈ। ਇਕ ਨਵੰਬਰ ਤੋਂ ਦੁਨੀਆ ਭਰ ਦੇ ਦੇਸ਼ਾਂ ਦੀ ਗਲਾਸਗੋ ਜੋ ਕਿ ਸਕਾਟਲੈਂਡ ਇੰਗਲੈਂਡ ਦਾ ਸ਼ਹਿਰ ਹੈ, ਵਿਖੇ ਦੋ ਹਫ਼ਤਿਆਂ ਲਈ ਕਾਨਫ਼ਰੰਸ ਇਸ ਸੰਬੰਧ ਵਿਚ ਕੀਤੀ ਗਈ ਹੈ। ਇਹ ਕਾਨਫ਼ਰੰਸ ਸੰਯੁਕਤ ਰਾਸ਼ਟਰ ...
ਉਂਜ ਤਾਂ ਬਾਜ਼ਾਰ ਵਿਚ ਹੁਣ ਕੋਈ ਵੀ ਚੀਜ਼ ਸ਼ੁੱਧ ਤੇ ਸਵਸਥ ਨਹੀਂ ਮਿਲਦੀ। ਸਿਰਫ ਮੁਨਾਫੇ ਨੂੰ ਮੁੱਖ ਰੱਖ ਕੇ ਹਰ ਖਾਣ ਵਾਲੀ ਚੀਜ਼ ਵਿਚ ਕੁਝ ਨਾ ਕੁਝ ਮਿਲਾਇਆ ਜਾਂਦਾ ਹੈ ਜਿਸ ਦੇ ਖਾਣ ਨਾਲ ਦਿਨ-ਬ-ਦਿਨ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਬਾਜ਼ਾਰ ਵਿਚੋਂ ...
ਇਸ ਵਾਰੀ ਪੰਡਿਤ ਨਹਿਰੂ ਦੇ ਜਨਮ ਦਿਨ ਉੱਤੇ ਸੰਸਦ ਭਵਨ ਵਿਚ ਕੁਝ ਪਤਵੰਤੇ ਮਹਾਂਪੁਰਸ਼ਾਂ ਦੀ ਗ਼ੈਰ-ਹਾਜ਼ਰੀ ਨੇ ਮੈਨੂੰ ਇਕ ਪੁਰਾਣੀ ਘਟਨਾ ਚੇਤੇ ਕਰਵਾ ਦਿੱਤੀ ਹੈ। 1964 ਦੀ ਗੱਲ ਹੈ। ਮੈਂ ਪਟਿਆਲਾ ਤੋਂ ਦਿੱਲੀ ਵਾਲੀ ਡੀਲਕਸ ਬੱਸ ਵਿਚ ਸਫ਼ਰ ਕਰ ਰਿਹਾ ਸਾਂ। ਬੱਸ ਦੇ ਗੱਦੇ ...
ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵਾਡਰਾ ਨੇ 'ਹਿੰਦੂਵਾਦ ਬਨਾਮ ਹਿੰਦੂਤਵ' ਦੀ ਬਹਿਸ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਇਹ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖ਼ੁਰਸ਼ੀਦ ਦੇ ਨਿੱਜੀ ਵਿਚਾਰ ਹਨ। ਕਾਮਤਾਨਾਥ ਮੰਦਰ 'ਚ ਪੂਜਾ ਕਰਨ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX