• ਪ੍ਰਧਾਨ ਮੰਤਰੀ ਨੇ ਰੱਖਿਆ ਨੀਂਹ-ਪੱਥਰ • ਸਤੰਬਰ 2024 'ਚ ਉੱਡੇਗੀ ਪਹਿਲੀ ਉਡਾਣ
ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉੱਤਰ ਪ੍ਰਦੇਸ਼ ਦੇ ਨੋਇਡਾ ਸਥਿਤ ਜੇਵਰ 'ਚ ਏਸ਼ੀਆ ਦੇ ਸਭ ਤੋਂ ਵੱਡੇ ਅਤੇ ਦੇਸ਼ ਦੇ ਸਭ ਤੋਂ ਪਹਿਲੇ ਪ੍ਰਦੂਸ਼ਣ ਮੁਕਤ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ (ਹਵਾਈ ਅੱਡਾ) ਉੱਤਰ ਪ੍ਰਦੇਸ਼ ਨੂੰ ਸਿੱਧਾ ਅੰਤਰਰਾਸ਼ਟਰੀ ਬਾਜ਼ਾਰਾਂ ਨਾਲ ਜੋੜੇਗਾ | ਪ੍ਰਧਾਨ ਮੰਤਰੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਪੱਛਮੀ ਉੱਤਰ ਪ੍ਰਦੇਸ਼ 'ਚ ਪਹਿਲੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਕਤ ਬਿਆਨ ਦਿੱਤੇ | ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ 'ਚ ਵੀ ਕਾਫ਼ੀ ਰੋਸ ਸੀ | ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਨੂੰ ਵਧੇਰੇ ਤੌਰ 'ਤੇ ਕਿਸਾਨ ਮੁਖੀ ਰਖਦਿਆਂ ਜਿੱਥੇ ਆਪਣੀ ਸਰਕਾਰ ਨੂੰ ਕਿਸਾਨ ਪੱਖੀ ਦੱਸਦਿਆਂ ਪਿਛਲੀਆਂ ਸਰਕਾਰਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਸਰਕਾਰਾਂ ਨੇ ਕਿਸਾਨਾਂ ਤੋਂ ਜ਼ਮੀਨ ਤਾਂ ਲੈ ਲਈ ਪਰ ਜਾਂ ਤਾਂ ਮੁਆਵਜ਼ਾ ਨਾ ਜੁੜਿਆ ਜਾਂ ਫਿਰ ਹੋਰ ਮੁੱਦਿਆਂ ਕਾਰਨ ਮਾਮਲਾ ਅਟਕਿਆ ਰਿਹਾ, ਜਿਸ ਨੂੰ ਉਨ੍ਹਾਂ ਦੀ ਸਰਕਾਰ ਨੇ ਆ ਕੇ ਸੁਲਝਾਇਆ | ਉਨ੍ਹਾਂ ਇਹ ਵੀ ਕਿਹਾ ਕਿ ਇਸ (ਹਵਾਈ ਅੱਡੇ) ਕਾਰਨ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਫਲ ਅਤੇ ਸਬਜ਼ੀ ਵਿਦੇਸ਼ਾਂ 'ਚ ਵੀ ਵੇਚ ਸਕਣਗੇ | ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ 'ਚ ਪਿਛਲੀਆਂ ਸਰਕਾਰਾਂ ਦੇ ਕੰਮਕਾਜਾਂ ਦੀ ਜੰਮ ਕੇ ਨੁਕਤਾਚੀਨੀ ਕਰਦਿਆਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਝੂਠੇ ਸੁਫਨੇ ਵਿਖਾਏ ਸਨ ਅਤੇ ਖਿੱਤੇ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕੀਤਾ ਸੀ |
ਸਤੰਬਰ 2024 'ਚ ਉੱਡੇਗੀ ਪਹਿਲੀ ਉਡਾਣ
ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਹਵਾਈ ਅੱਡਾ ਹੋਵੇਗਾ | ਤਕਰੀਬਨ 6200 ਹੈੱਕਟੇਅਰ ਰਕਬੇ 'ਚ ਫ਼ੈਲੇ ਇਸ ਹਵਾਈ ਅੱਡੇ ਦੀ ਉਸਾਰੀ 'ਚ 29,650 ਕਰੋੜ ਰੁਪਏ ਖ਼ਰਚ ਹੋਣਗੇ | ਪਹਿਲੇ ਪੜਾਅ 'ਚ 1334 ਹੈੱਕਟੇਅਰ ਜ਼ਮੀਨ 'ਤੇ ਇਕ ਰਨਵੇਅ ਅਤੇ ਇਕ ਟਰਮੀਨਲ ਸਾਲ 2024 ਤੱਕ ਬਣਾ ਦਿੱਤਾ ਜਾਵੇਗਾ | ਮਿੱਥੇ ਟੀਚਿਆਂ ਮੁਤਾਬਿਤ ਸਤੰਬਰ 2024 ਤੋਂ ਜੇਵਰ ਤੋਂ ਭਾਰਤ ਦੇ 9 ਸ਼ਹਿਰਾਂ ਸਮੇਤ ਦੁਬਈ ਲਈ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ |
ਧਰਨੇ 'ਤੇ ਬੈਠੇ ਕਿਸਾਨਾਂ ਨੂੰ ਹਿਰਾਸਤ 'ਚ ਲਿਆ
ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਪੁਲਿਸ ਨੇ ਨੋਇਡਾ ਅਥਾਰਿਟੀ ਦੇ ਖ਼ਿਲਾਫ਼ 1 ਸਤੰਬਰ ਤੋਂ ਧਰਨੇ 'ਤੇ ਬੈਠੇ 60 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ | ਜਾਣਕਾਰੀ ਮੁਤਾਬਿਕ ਇਨ੍ਹਾਂ ਕਿਸਾਨਾਂ ਨੇ ਜੇਵਰ ਜਾ ਕੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ ਸੀ |
ਪੁਨੀਤ ਬਾਵਾ
ਲੁਧਿਆਣਾ, 25 ਨਵੰਬਰ-ਕੇਂਦਰੀ ਜਾਂਚ ਏਜੰਸੀ ਇੰਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਅੱਜ ਚੰਡੀਗੜ੍ਹ, ਲੁਧਿਆਣਾ, ਬੰਗਾ ਤੇ ਮੁਹਾਲੀ ਵਿਖੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ | ਛਾਪੇਮਾਰੀ ਟੀਮਾਂ ਵਿਚ ਜਲੰਧਰ, ਚੰਡੀਗੜ੍ਹ, ਜੰਮੂ-ਕਸ਼ਮੀਰ ਤੇ ਦਿੱਲੀ ਦੇ ਅਧਿਕਾਰੀ ਤੇ ਮੁਲਾਜ਼ਮ ਸ਼ਾਮਿਲ ਹਨ | ਈ.ਡੀ. ਵਲੋਂ ਬਾਦਲ ਪਰਿਵਾਰ ਦੇ ਨਜ਼ਦੀਕੀ ਫਾਸਟਵੇਅ ਟਰਾਂਸਮਿਸ਼ਨ ਨੈੱਟਵਰਕ, ਜੁਝਾਰ ਟਰਾਂਸਪੋਰਟ ਸਮੇਤ ਜਾਇਦਾਦ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀਆਂ ਵੱਖ-ਵੱਖ 8 ਥਾਵਾਂ 'ਤੇ ਛਾਪੇਮਾਰੀ ਕੀਤੀ | ਈ.ਡੀ. ਦੀ ਟੀਮ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਅੱਜ ਸਵੇਰ ਸਮੇਂ ਹੀ ਲੁਧਿਆਣਾ ਦੇ ਗ੍ਰੈਂਡਵਾਕ ਮਾਲ ਵਿਚ ਬਣੇ ਫਾਸਟਵੇਅ ਦੇ ਦਫ਼ਤਰ, ਲੁਧਿਆਣਾ ਵਿਚਲੇ ਜੁਝਾਰ ਟਰਾਂਸਪੋਰਟ ਕੰਪਨੀ ਦੇ ਦਫ਼ਤਰ, ਕਾਰੋਬਾਰੀ ਗੁਰਦੀਪ ਸਿੰਘ ਮੁੰਡੀ ਦੇ ਗ੍ਰਹਿ ਵਿਖੇ ਪੁੱਜੀ | ਏਜੰਸੀ ਵਲੋਂ ਵੱਖ-ਵੱਖ ਥਾਵਾਂ ਤੋਂ ਕਈ ਦਸਤਾਵੇਜ਼ਾਂ, ਕੰਪਿਊਟਰਾਂ ਦਾ ਡਾਟਾ ਤੇ ਹੋਰ ਸਾਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ | ਕੇਂਦਰੀ ਏਜੰਸੀਆਂ ਕੋਲ ਅਜਿਹੇ ਕਈ ਤੱਥ ਹਨ, ਜਿਸ ਵਿਚ ਕਰੋੜਾਂ ਰੁਪਏ ਦੀ ਨਕਦੀ ਦਾ ਲੈਣ ਦੇਣ ਕਰਕੇ ਕਰ ਚੋਰੀ ਕੀਤੀ ਗਈ ਹੈ | ਉਕਤ ਸਾਰੀ ਕਾਰਵਾਈ ਨੂੰ ਗੁਪਤ ਰੱਖਿਆ ਗਿਆ ਪਰ ਸੁਰੱਖਿਆ ਕਰਮੀਆਂ ਦੇ ਵੱਖ-ਵੱਖ ਥਾਵਾਂ 'ਤੇ ਖੜ੍ਹੇ ਹੋਣ ਕਰਕੇ ਛਾਪੇਮਾਰੀ ਦੀ ਖ਼ਬਰ ਸਾਰੇ ਪੰਜਾਬ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ | ਪਤਾ ਲੱਗਾ ਹੈ ਕਿ ਇਹ ਛਾਪੇਮਾਰੀ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਸਾਬਕਾ ਚੀਫ਼ ਇੰਜੀਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਵਿਰੁੱਧ ਹਵਾਲਾ ਮਾਮਲੇ ਵਿਚ ਕੀਤੀ ਗਈ ਹੈ | ਗੁਰਦੀਪ ਸਿੰਘ ਜੁਝਾਰ ਦੇ ਟਿਕਾਣਿਆਂ ਤੋਂ ਇਲਾਵਾ ਪਹਿਲਵਾਨ ਦੇ ਸਿੱਧੇ ਤੌਰ 'ਤੇ ਜੁੜੇ ਲੁਧਿਆਣਾ ਦੇ ਇਕ ਹੋਰ ਟਿਕਾਣੇ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ | ਈ.ਡੀ. ਵਲੋਂ ਪਹਿਲਵਾਨ ਖ਼ਿਲਾਫ਼ 2021 ਵਿਚ ਕੇਸ ਦਾਇਰ ਕੀਤਾ ਗਿਆ ਸੀ | ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਉਸ ਨੂੰ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਕੇ ਕੰਮਾਂ ਨੂੰ ਮਨਜ਼ੂਰੀ ਦੇਣ ਵਿਚ ਨਾਜਾਇਜ਼ ਦੌਲਤ ਇਕੱਠੀ ਕਰਨ ਦੇ ਦੋਸ਼ ਵਿਚ ਦਰਜ ਕੀਤਾ ਗਿਆ ਸੀ | ਵਿਜੀਲੈਂਸ ਵਲੋਂ ਕੇਸ ਵਿਚ ਪਹਿਲਵਾਨ ਦੀਆਂ ਕਰੋੜਾਂ ਰੁਪਏ ਦੀਆਂ 59 ਜਾਇਦਾਦਾਂ ਨੂੰ ਵੀ ਕੁਰਕ ਕੀਤਾ ਗਿਆ ਸੀ | ਦੂਸਰੇ ਪਾਸੇ ਗੁਰਦੀਪ ਸਿੰਘ ਜੁਝਾਰ ਦੇ ਦਫ਼ਤਰਾਂ ਤੇ ਘਰਾਂ 'ਤੇ ਈ.ਡੀ. ਛਾਪੇਮਾਰੀ ਨੂੰ ਚੋਣਾਂ ਨੇੜੇ ਆਉਂਦੀਆਂ ਦੇਖ ਭਾਜਪਾ ਵਲੋਂ ਦਬਾਅ ਬਣਾਉਣ ਤਹਿਤ ਕੀਤੀ ਕਾਰਵਾਈ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ | ਕੇਬਲ ਮਾਫ਼ੀਆ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਵੀ ਕਈ ਬਿਆਨ ਦਿੱਤੇ ਗਏ ਸਨ | ਪੰਜਾਬ ਵਿਧਾਨ ਸਭਾ ਦੀਆਂ ਚੋੜਾਂ ਨੇੜੇ ਹੋਣ ਕਰਕੇ ਕੇਂਦਰੀ ਏਜੰਸੀਆਂ ਵਲੋਂ ਪੰਜਾਬ ਵਿਚ ਆਏ ਦਿਨ ਕੀਤੀ ਜਾ ਰਹੀ ਛਾਪੇਮਾਰੀ ਕਰਕੇ ਕਈ ਆਗੂਆਂ, ਕਾਰੋਬਾਰੀਆਂ, ਚੋਣਾਂ ਵਿਚ ਫੰਡ ਦੇਣ ਵਾਲੇ ਕਾਰੋਬਾਰੀਆਂ ਤੇ ਹੋਰਨਾਂ ਵਿਚ ਡਰ ਤੇ ਸਹਿਮ ਵਾਲਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ | ਦੂਸਰੇ ਪਾਸੇ ਈ.ਡੀ. ਦੇ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਵਲੋਂ ਛਾਪੇਮਾਰੀ ਸੰਬੰਧੀ ਕੁਝ ਵੀ ਅਧਿਕਾਰਤ ਤੌਰ 'ਤੇ ਨਹੀਂ ਆਖਿਆ ਗਿਆ | ਅਧਿਕਾਰੀਆਂ ਵਲੋਂ ਛਾਪੇਮਾਰੀ ਸਮਾਪਤ ਹੋਣ ਤੋਂ ਬਾਅਦ ਹੀ ਕੁਝ ਦੱਸਣ ਦੀ ਗੱਲ ਆਖੀ ਜਾ ਰਹੀ ਹੈ |
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 25 ਨਵੰਬਰ-26 ਨਵੰਬਰ ਨੂੰ ਕਿਸਾਨ ਅੰਦੋਲਨ ਦੇ ਇਕ ਸਾਲ ਮੁਕੰਮਲ ਹੋਣ 'ਤੇ ਅੰਦੋਲਨ ਪ੍ਰਤੀ ਇਕਜੁੱਟਤਾ ਪ੍ਰਗਟਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਾਸ ਤੌਰ 'ਤੇ ਪੰਜਾਬ ਤੋਂ ਕਿਸਾਨ ਵੱਡੀ ਗਿਣਤੀ 'ਚ ਪ੍ਰਦਰਸ਼ਨ ਵਾਲੀਆਂ ਥਾਵਾਂ 'ਤੇ ਪਹੁੰਚ ਰਹੇ ਹਨ | ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਵਲੋਂ ਤਿੰਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਅਤੇ ਬੁੱਧਵਾਰ ਨੂੰ ਮੰਤਰੀ ਮੰਡਲ ਵਲੋਂ ਕਾਨੂੰਨ ਵਾਪਸ ਲੈਣ ਲਈ ਪੇਸ਼ ਕੀਤੇ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕਿਸਾਨਾਂ ਦੇ ਜੋਸ਼ 'ਚ ਹੋਰ ਵਾਧਾ ਹੋ ਗਿਆ ਹੈ | ਹਾਸਲ ਜਾਣਕਾਰੀ ਮੁਤਾਬਿਕ ਪੰਜਾਬ ਤੋਂ 1000 ਤੋਂ ਵੱਧ ਟਰੈਕਟਰ-ਟਰਾਲੀਆਂ ਇਸ ਵਰ੍ਹੇਗੰਢ ਦਾ ਹਿੱਸਾ ਬਣਨ ਲਈ ਆਈਆਂ ਹਨ | ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਵਿਖੇ ਦਿਨ ਭਰ ਪ੍ਰੋਗਰਾਮ ਕਰਵਾਏ ਜਾਣਗੇ | ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ 32 ਜਥੇਬੰਦੀਆਂ ਦੇ ਆਗੂ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ 'ਤੇ ਸੰਬੋਧਨ ਕਰਨਗੇ | ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਕਈ ਲੋਕ ਕਲਾਕਾਰ ਵੀ ਇਸ ਮੌਕੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਆਉਣਗੇ, ਜਿਨ੍ਹਾਂ 'ਚ ਬੱਬੂ ਮਾਨ ਅਤੇ ਪੰਮੀ ਬਾਈ ਸ਼ਾਮਿਲ ਹਨ | ਟਿਕਰੀ ਬਾਰਡਰ ਤੋਂ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਵਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ 'ਚ ਸੰਘਰਸ਼ ਦੀ ਵਰ੍ਹੇਗੰਢ ਨੂੰ ਲੈ ਕੇ ਉਹ ਹੀ ਜੋਸ਼ ਹੈ, ਜੋ ਉਤਸ਼ਾਹ ਕਿਸੇ ਬੱਚੇ ਦੇ ਜਨਮ ਵਰ੍ਹੇਗੰਢ ਮੌਕੇ ਹੁੰਦਾ ਹੈ | ਸੰਯੁਕਤ ਮੋਰਚੇ ਨੇ ਇਸ ਸੰਬੰਧੀ ਜਾਰੀ ਬਿਆਨ 'ਚ ਕਿਹਾ ਕਿ ਸੰਘਰਸ਼ ਦਾ ਇਕ ਸਾਲ ਹੋਣਾ ਇਹ ਦਰਸਾਉਂਦਾ ਹੈ ਕਿ ਭਾਰਤ ਸਰਕਾਰ ਆਪਣੇ ਮਿਹਨਤਕਸ਼ ਨਾਗਰਿਕਾਂ ਪ੍ਰਤੀ ਕਿੰਨੀ ਅਸੰਵੇਦਨਸ਼ੀਲ ਹੈ | ਮੋਰਚੇ ਨੇ ਸਾਲ ਭਰ ਚੱਲੇ ਇਸ ਅੰਦੋਲਨ 'ਚ ਜਾਨ ਗੁਆ ਬੈਠੇ 683 ਤੋਂ ਵੱਧ ਕਿਸਾਨਾਂ ਲਈ ਮੁਆਵਜ਼ੇ ਅਤੇ ਮੁੜ-ਵਸੇਬੇ ਦੀ ਮੰਗ, ਮੁੜ ਉਠਾਉਂਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਸ਼ਹੀਦਾਂ ਦੇ ਨਾਂਅ 'ਤੇ ਯਾਦਗਾਰ ਲਈ ਜ਼ਮੀਨ ਅਲਾਟ ਕਰੇ |
ਲੰਡਨ, 25 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਦੇ ਰਹਿਣ ਵਾਲੇ 16 ਸਾਲਾ ਸਿੱਖ ਨੌਜਵਾਨ ਦਾ ਬੀਤੀ ਰਾਤ (24 ਨਵੰਬਰ) ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ | ਮਿ੍ਤਕ ਦੀ ਪਛਾਣ ਅਸ਼ਮੀਤ ਸਿੰਘ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਬੁੱਧਵਾਰ ਰਾਤ 9.07 ਵਜੇ ਰੈਲੇ ਰੋਡ 'ਤੇ ਚਾਕੂ ਮਾਰਨ ਦੀਆਂ ਰਿਪੋਰਟਾਂ ਮਿਲਣ 'ਤੇ ਮਦਦ ਲਈ ਬੁਲਾਇਆ ਗਿਆ | ਐਮਰਜੈਂਸੀ ਸੇਵਾਵਾਂ ਵਲੋਂ ਅਸ਼ਮੀਤ ਸਿੰਘ ਨੂੰ ਬਚਾਉਣ ਲਈ ਕੀਤੇ ਪੂਰੇ ਯਤਨਾਂ ਦੇ ਬਾਵਜੂਦ ਅਸ਼ਮੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਅਸ਼ਮੀਤ ਚਾਕੂ ਲੱਗਣ ਤੋਂ ਬਾਅਦ ਭੱਜ ਕੇ ਆਪਣੀ ਜਾਨ ਬਚਾਉਂਦਾ ਇਕ ਘਰ ਸਾਹਮਣੇ ਆ ਕੇ ਡਿਗ ਪਿਆ, ਜਿੱਥੇ ਐਂਬੂਲੈਂਸ ਅਧਿਕਾਰੀਆਂ ਵਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਡੂੰਘੇ ਜ਼ਖ਼ਮਾਂ ਕਾਰਨ ਉਸ ਦੀ ਮੌਤ ਹੋ ਗਈ | ਦੋਸਤਾਂ ਦਾ ਮੰਨਣਾ ਹੈ ਕਿ ਅਸ਼ਮੀਤ ਨੂੰ ਨਕਲੀ ਗੁਚੀ ਪਾਉਣ ਕਰਕੇ ਚਾਕੂ ਮਾਰਿਆ ਗਿਆ, ਜੋ ਉਹ ਹਮੇਸ਼ਾ ਪਹਿਨਦਾ ਸੀ | ਪੁਲਿਸ ਨੇ ਰੈਲੀ ਰੋਡ 'ਤੇ ਘੇਰਾਬੰਦੀ ਕਰ ਦਿੱਤੀ ਹੈ | ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ | ਖ਼ਬਰ ਲਿਖਣ ਤੱਕ ਇਸ ਸੰਬੰਧੀ ਕੋਈ ਗਿ੍ਫ਼ਤਾਰੀ ਨਹੀਂ ਹੋਈ ਸੀ | ਅਸ਼ਮੀਤ ਸਿੰਘ ਪਾਰਟ ਟਾਈਮ ਨੌਕਰੀ ਕਰਦਾ ਸੀ | ਲੰਡਨ ਦੇ ਮੇਅਰ ਸਦੀਕ ਖ਼ਾਨ ਨੇ ਕਿਹਾ ਕਿ ਅਜਿਹੇ ਅਨਸਰਾਂ ਨਾਲ ਨਜਿੱਠਣ ਲਈ ਪੁਲਿਸ ਨੂੰ ਵੱਧ ਅਧਿਕਾਰ ਦਿੱਤੇ ਹੋਏ ਹਨ | ਸੰਸਦ ਮੈਂਬਰ ਵਰਿੰਦਰ ਸ਼ਰਮਾ, ਹੰਸਲੋ ਦੇ ਸਾਬਕਾ ਮੇਅਰ ਕੌਂਸਲਰ ਰਘਵਿੰਦਰ ਸਿੰਘ ਸਿੱਧੂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੁਲਿਸ ਨੂੰ ਲੁਟੇਰਿਆਂ ਨੂੰ ਕਾਬੂ ਕਰਨ ਲਈ ਹੋਰ ਪੁਲਿਸ ਭਰਤੀ ਕਰਨ ਦੀ ਮੰਗ ਕੀਤੀ ਹੈ |
ਨਵੀਂ ਦਿੱਲੀ, 25 ਨਵੰਬਰ (ਉਪਮਾ ਡਾਗਾ ਪਾਰਥ)-ਮੋਦੀ ਮੰਤਰੀ ਮੰਡਲ ਵਲੋਂ ਬੁੱਧਵਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕਿਸਾਨਾਂ ਵਲੋਂ 29 ਨਵੰਬਰ ਨੂੰ ਕੀਤਾ ਜਾਣ ਵਾਲਾ ਸੰਸਦ ਮਾਰਚ ਮੁਲਤਵੀ ਕੀਤਾ ਜਾ ਸਕਦਾ ਹੈ ਹਾਲਾਂਕਿ ਇਸ ਸੰਬੰਧੀ ਫ਼ੈਸਲਾ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਜਾਣ ਵਾਲੀ ਸਮੀਖਿਆ ਬੈਠਕ 'ਚ ਕੀਤਾ ਜਾਵੇਗਾ, ਪਰ ਸਰਕਾਰ ਵਲੋਂ ਕਾਨੂੰਨਾਂ ਦੀ ਵਾਪਸੀ ਦੀ ਕਵਾਇਦ ਵਜੋਂ ਬੁੱਧਵਾਰ ਨੂੰ ਲਿਆਂਦੇ ਬਿੱਲ ਤੋਂ ਬਾਅਦ ਕਿਸਾਨਾਂ ਦੇ ਰੁਖ਼ 'ਚ ਨਰਮੀ ਦੇ ਸੰਕੇਤ ਨਜ਼ਰ ਆਉਣੇ ਸ਼ੁਰੂ ਹੋ ਰਹੇ ਹਨ | ਕਿਸਾਨ ਸੰਘਰਸ਼ ਨਾਲ ਸ਼ੁਰੂ ਤੋਂ ਜੁੜੇ ਸੰਯੁਕਤ ਕਿਸਾਨ ਮੋਰਚਾ ਦੇ ਇਕ ਆਗੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਸੰਬੰਧੀ ਮੰਤਰੀ ਮੰਡਲ 'ਚ ਬਿੱਲ ਪੇਸ਼ ਹੋਣ ਤੋਂ ਬਾਅਦ ਹੁਣ 29 ਨਵੰਬਰ ਨੂੰ ਸੰਸਦ ਵੱਲ ਮਾਰਚ ਦੀ ਸੰਭਾਵਨਾ ਘੱਟ ਹੈ | ਜ਼ਿਕਰਯੋਗ ਹੈ ਕਿ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਵੀ ਅੰਦੋਲਨ ਵਾਲੀਆਂ ਥਾਵਾਂ 'ਤੇ ਇਸ ਐਲਾਨ ਪ੍ਰਤੀ ਬੇਭਰੋਸਗੀ ਦਾ ਮੰਜ਼ਰ ਨਜ਼ਰ ਆਇਆ ਅਤੇ ਕਿਸਾਨ ਜਥੇਬੰਦੀਆਂ ਦੇ ਸਮੂਹ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਕਿਸਾਨਾਂ ਨੇ 22 ਨਵੰਬਰ ਨੂੰ ਲਖਨਊ ਰੈਲੀ ਕੀਤੀ ਵੀ ਸੀ ਪਰ ਮੰਤਰੀ ਮੰਡਲ ਵਲੋਂ ਲਿਆਂਦੇ ਬਿੱਲ ਤੋਂ ਬਾਅਦ ਕਿਸਾਨਾਂ ਵਲੋਂ 29 ਨਵੰਬਰ ਨੂੰ ਸੰਸਦ ਵੱਲ ਕੀਤਾ ਜਾਣ ਵਾਲਾ ਮਾਰਚ ਮੁਲਤਵੀ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ |
ਸੰਯੁਕਤ ਕਿਸਾਨ ਮੋਰਚਾ ਬਣਿਆ ਰਹੇਗਾ
ਕਿਸਾਨ ਹਲਕਿਆਂ ਮੁਤਾਬਿਕ ਜੇਕਰ ਸਰਕਾਰ ਵਲੋਂ ਇਜਲਾਸ ਦੇ ਪਹਿਲੇ ਹਫ਼ਤੇ 'ਚ ਹੀ ਕਾਨੂੰਨ ਵਾਪਸੀ ਦਾ ਸੰਸਦੀ ਅਮਲ ਮੁਕੰਮਲ ਕਰ ਲਿਆ ਜਾਂਦਾ ਹੈ ਤਾਂ ਕਿਸਾਨ ਆਪਣੇ ਅੰਦੋਲਨ ਦਾ ਰੂਪ ਬਦਲ ਸਕਦੇ ਹਨ | ਕਿਸਾਨ ਆਗੂਆਂ ਨੇ ਨਾਲ ਹੀ ਇਹ ਵੀ ਕਿਹਾ ਕਿ ਭਾਵੇਂ ਅੰਦੋਲਨ ਦਾ ਸਵਰੂਪ ਕਿਹੋ ਜਿਹਾ ਰੱਖਣਾ ਤੈਅ ਹੋਵੇ ਪਰ ਸੰਯੁਕਤ ਕਿਸਾਨ ਮੋਰਚਾ ਬਣਿਆ ਰਹੇਗਾ, ਜੋ ਸਮੇਂ-ਸਮੇਂ 'ਤੇ ਕਿਸਾਨਾਂ ਦੇ ਮਸਲੇ ਚੁੱਕਦਾ ਰਹੇਗਾ |
ਐੱਮ.ਐੱਸ.ਪੀ. ਲਈ ਬਣਾਈ ਜਾਣ ਵਾਲੀ ਕਮੇਟੀ ਦੇ ਆਧਾਰ 'ਤੇ ਵੀ ਲਏ ਜਾਣਗੇ ਫ਼ੈਸਲੇ
ਕਿਸਾਨ ਆਗੂਆਂ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿਸਾਨ ਐੱਮ.ਐੱਸ.ਪੀ. ਲਈ ਬਣਾਈ ਜਾਣ ਵਾਲੀ ਕਮੇਟੀ ਸੰਬੰਧੀ ਹੋਰ ਐਲਾਨ ਹੋਣ ਤੋਂ ਬਾਅਦ ਹੀ ਕੁਝ ਫ਼ੈਸਲਾ ਕਰਨਗੇ | ਕਿਸਾਨਾਂ ਵਲੋਂ ਕਮੇਟੀ ਨੂੰ ਲੈ ਕੇ ਪ੍ਰਗਟਾਏ ਸਰੋਕਾਰਾਂ 'ਚ ਕੁਝ ਅਹਿਮ ਸਰੋਕਾਰ ਸਨ | ਕਮੇਟੀ 'ਚ ਕਿਸਾਨਾਂ ਦੀ ਕਿੰਨੀ ਨੁਮਾਇੰਦਗੀ ਹੋਵੇਗੀ, ਕਮੇਟੀ ਦੀ ਰਿਪੋਰਟ ਕਿੰਨੀ ਦੇਰ ਤੱਕ ਭੇਜੀ ਜਾਵੇਗੀ, ਸਮਾਂਬੱਧ ਅਤੇ ਜਨਤਕ ਰਿਪੋਰਟ ਵੀ ਕਿਸਾਨਾਂ ਦੀਆਂ ਮੰਗਾਂ 'ਚ ਸ਼ਾਮਿਲ ਹੈ | ਕਿਸਾਨਾਂ ਵਲੋਂ ਇਹ ਸਾਰੇ ਫ਼ੈਸਲੇ 27 ਨਵੰਬਰ ਨੂੰ ਹੋਣ ਵਾਲੀ ਮੋਰਚੇ ਦੀ ਬੈਠਕ 'ਚ ਸਰਬਸੰਮਤੀ ਨਾਲ ਲਏ ਜਾਣਗੇ |
ਨਵੀਂ ਦਿੱਲੀ, 25 ਨਵੰਬਰ (ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਦੀ 'ਸ਼ਾਂਤੀ ਤੇ ਸਦਭਾਵਨਾ ਕਮੇਟੀ' ਨੇ ਸੋਸ਼ਲ ਮੀਡੀਆ 'ਤੇ ਨਫਰਤ ਤੇ ਫਿਰਕੂ ਜ਼ਹਿਰ ਘੋਲਣ ਵਾਲੀ ਕੰਗਨਾ ਰਣੌਤ ਨੂੰ ਸੰਮਨ ਜਾਰੀ ਕਰਕੇ 6 ਦਸੰਬਰ ਨੂੰ ਕਮੇਟੀ ਅੱਗੇ ਪੇਸ਼ ਹੋਣ ਲਈ ਬੁਲਾਇਆ ਹੈ | ਜਾਣਕਾਰੀ ਮੁਤਾਬਿਕ ਉਕਤ ਕਮੇਟੀ ਨੂੰ ਕੰਗਨਾ ਦੁਆਰਾ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਾਟ 'ਤੇ ਕਥਿਤ ਰੂਪ 'ਚ ਅਪਮਾਨਜਨਕ ਪੋਸਟ ਦੇ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ | ਸ਼ਿਕਾਇਤ ਕਰਤਾਵਾਂ ਮੁਤਾਬਿਕ ਕੰਗਨਾ ਦੇ ਇੰਸਟਾਗ੍ਰਾਮ ਅਕਾਊਾਟ ਦੀ ਪਹੁੰਚ ਕਾਫੀ ਜ਼ਿਆਦਾ ਹੈ | ਬੀਤੇ ਦਿਨੀਂ ਕੰਗਨਾ ਨੇ ਆਪਣੀ ਪੋਸਟ 'ਚ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜੋ ਕਿ ਸਮਾਜ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ | ਸ਼ਿਕਾਇਤ ਮੁਤਾਬਿਕ ਕੰਗਨਾ ਨੇ 20 ਨਵੰਬਰ ਨੂੰ ਵਿਵਾਦਤ ਸਟੋਰੀ ਪੋਸਟ ਕੀਤੀ ਸੀ | ਸ਼ਿਕਾਇਤਕਰਤਾਵਾਂ ਨੇ ਉਕਤ ਕਮੇਟੀ ਨੂੰ ਤਤਕਾਲ ਇਸ ਮੁੱਦੇ 'ਤੇ ਤਵੱਜੋ ਦੇਣ ਦੀ ਅਪੀਲ ਕੀਤੀ ਹੈ | ਇਸ ਤੋਂ ਬਾਅਦ ਹੀ ਕਮੇਟੀ ਨੇ ਇਨ੍ਹਾਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ ਕੰਗਨਾ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਸੱਦਿਆ ਹੈ | ਦੱਸਣਯੋਗ ਹੈ ਕਿ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਇਸ ਕਮੇਟੀ ਨੂੰ ਅਜਿਹੀਆਂ ਸਥਿਤੀਆਂ ਤੇ ਕਾਰਨਾਂ 'ਤੇ ਵਿਚਾਰ ਕਰਨ ਦਾ ਅਧਿਕਾਰ ਹੈ ਜੋ ਰਾਸ਼ਟਰੀ ਰਾਜਧਾਨੀ ਵਿਚ ਫਿਰਕੂ ਸਦਭਾਵਨਾ ਨੂੰ ਵਿਗਾੜ ਸਕਦੇ ਹਨ |
ਸੁਰਿੰਦਰ ਕੋਛੜ
ਅੰਮਿ੍ਤਸਰ, 25 ਨਵੰਬਰ-ਅਫ਼ਗਾਨਿਸਤਾਨ 'ਤੇ ਇਕ ਵਾਰ ਮੁੜ ਤੋਂ ਹਥਿਆਰਾਂ ਦੇ ਜ਼ੋਰ ਨਾਲ ਕਾਬਜ਼ ਹੋਏ ਤਾਲਿਬਾਨ ਸ਼ਾਸਨ ਦੇ 100 ਦਿਨ ਪੂਰੇ ਹੋ ਚੁੱਕੇ ਹਨ | 20 ਸਾਲਾਂ ਦੀ ਲੜਾਈ ਝੱਲਣ ਵਾਲਾ ਅਫ਼ਗਾਨਿਸਤਾਨ ਗੰਭੀਰ ਆਰਥਿਕ ਸੰਕਟ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਅਤੇ ਰਾਜਧਾਨੀ ਕਾਬੁਲ 'ਚ ਹਰ ਪਾਸੇ ਗਰੀਬੀ ਦਾ ਮੰਜ਼ਰ ਵੇਖਿਆ ਜਾ ਸਕਦਾ ਹੈ ਅਤੇ ਲੋਕ ਜਿਉਂਦੇ ਰਹਿਣ ਲਈ ਰੋਟੀ ਦੀ ਭੀਖ ਮੰਗ ਰਹੇ ਹਨ | ਅਫ਼ਗਾਨਿਸਤਾਨ ਦੀ ਆਰਥਿਕਤਾ ਢਹਿ ਗਈ ਹੈ ਅਤੇ ਵੱਡੀ ਗਿਣਤੀ 'ਚ ਲੋਕ ਦੇਸ਼ ਛੱਡ ਕੇ ਭੱਜ ਰਹੇ ਹਨ | ਤਾਲਿਬਾਨ ਦੇ ਡਰ ਤੋਂ ਘਰੋਂ ਬੇਘਰ ਹੋਏ ਪਰਿਵਾਰਾਂ ਦੀ ਆਰਥਿਕ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ | ਬੱਚਿਆਂ ਨੂੰ ਪੂਰਾ ਭੋਜਨ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ | ਸੰਯੁਕਤ ਰਾਸ਼ਟਰ ਵਲੋਂ ਜਾਰੀ ਅੰਕੜਿਆਂ ਅਨੁਸਾਰ ਯੁੱਧ ਪ੍ਰਭਾਵਿਤ ਅਫ਼ਗਾਨਿਸਤਾਨ 'ਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ 2 ਕਰੋੜ ਲੋਕਾਂ ਦੀ ਮਦਦ ਹਿਤ ਐਮਰਜੈਂਸੀ ਸਹਾਇਤਾ ਲਈ ਫੰਡਿੰਗ ਦੀ ਤੁਰੰਤ ਲੋੜ ਹੈ | ਅਫ਼ਗਾਨਿਸਤਾਨ 'ਚ ਕੁਝ ਥਾਵਾਂ 'ਤੇ ਬੱਚੇ ਕੁਪੋਸ਼ਣ ਅਤੇ ਡਾਕਟਰੀ ਇਲਾਜ ਦੀ ਘਾਟ ਕਾਰਨ ਮਰ ਰਹੇ ਹਨ | ਅਫ਼ਗਾਨਿਸਤਾਨ 'ਚ ਸਰਦੀਆਂ ਆ ਗਈਆਂ ਹਨ ਅਤੇ ਕੜਾਕੇ ਦੀ ਠੰਢ ਤੋਂ ਬਚਣ ਲਈ ਉਨ੍ਹਾਂ ਕੋਲ ਗਰਮ ਟੋਪੀਆਂ, ਸਵੈਟਰ ਅਤੇ ਹੋਰ ਗਰਮ ਕੱਪੜੇ ਵੀ ਨਹੀਂ ਹਨ | ਜਿਵੇਂ-ਜਿਵੇਂ ਸਰਦੀਆਂ ਵਧਦੀਆਂ ਜਾਣਗੀਆਂ, ਉੱਥੇ ਸਥਿਤੀ ਹੋਰ ਵੀ ਮੁਸ਼ਕਿਲ ਹੁੰਦੀ ਜਾਵੇਗੀ | ਤਾਲਿਬਾਨ ਦੇ ਡਰ ਤੋਂ ਹਜ਼ਾਰਾਂ ਅਫ਼ਗਾਨ ਨਾਗਰਿਕ ਪਲਾਸਟਿਕ ਦੇ ਟੈਂਟਾਂ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਘਰ ਵਾਪਸ ਜਾਣ ਲਈ ਪੈਸੇ ਨਹੀਂ ਹਨ | ਆਪਣੇ ਹੀ ਦੇਸ਼ 'ਚ ਸ਼ਰਨਾਰਥੀ ਬਣੇ ਅਫ਼ਗਾਨ ਨਾਗਰਿਕਾਂ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਉਨ੍ਹਾਂ 'ਚੋਂ ਕੁਝ ਨੂੰ ਆਪਣਾ ਅਤੇ ਆਪਣੇ ਬਾਕੀ ਪਰਿਵਾਰ ਦੀ 2 ਵੇਲੇ ਦੀ ਰੋਟੀ ਅਤੇ ਹੋਰ ਜ਼ਰੂਰਤਾਂ ਲਈ ਆਪਣੇ ਹੀ ਢਿੱਡੋਂ ਜਨਮੇ ਬੱਚੇ ਵੇਚਣੇ ਪੈ ਰਹੇ ਅਤੇ ਜਵਾਨ ਧੀਆਂ ਦਾ ਸੌਦਾ ਕਰਨਾ ਪੈ ਰਿਹਾ ਹੈ | ਅਫ਼ਗਾਨ ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਇੱਥੇ ਲੋਕਾਂ ਦੀ ਮਦਦ ਹਿਤ ਰਾਹਤ ਸਮੱਗਰੀ ਤਾਂ ਭੇਜ ਰਹੀਆਂ ਹਨ ਪਰ ਤਾਲਿਬਾਨ ਉਸ 'ਚੋਂ ਵੀ ਅੱਧ ਤੋਂ ਜ਼ਿਆਦਾ ਆਪਣੇ ਕਬਜ਼ੇ 'ਚ ਲੈ ਲੈਂਦੇ ਹਨ | ਸੰਯੁਕਤ ਰਾਸ਼ਟਰ ਨੇ ਅਫ਼ਗਾਨਿਸਤਾਨ 'ਚ ਭੁੱਖਮਰੀ ਅਤੇ ਅਕਾਲ ਦੀ ਚਿਤਾਵਨੀ ਦਿੱਤੀ ਹੈ | ਅਫ਼ਗਾਨਿਸਤਾਨ ਦੀ ਆਬਾਦੀ ਦਾ ਇਕ ਤਿਹਾਈ ਹਿੱਸਾ ਜਿਸ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਜਾਂ ਭੋਜਨ ਦੀ ਅਸੁਰੱਖਿਆ ਦਾ ਸਾਹਮਣਾ ਕਰ ਰਿਹਾ ਹੈ, ਉਸ ਨਾਲ ਭੁੱਖਮਰੀ ਦੀ ਸਥਿਤੀ ਬਣ ਸਕਦੀ ਹੈ | ਤਾਲਿਬਾਨ ਸ਼ਾਸਕਾਂ ਅਤੇ ਅਫ਼ਗਾਨ ਨਾਗਰਿਕਾਂ ਲਈ ਮੁਸੀਬਤ ਦੀ ਇਸ ਘੜੀ 'ਚ ਇਕ ਰਾਹਤ ਵਾਲੀ ਖ਼ਬਰ ਇਹ ਹੈ ਕਿ ਭਾਰਤ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੇ ਤੌਰ 'ਤੇ 50 ਹਜ਼ਾਰ ਮੀਟਿ੍ਕ ਟਨ ਕਣਕ ਭੇਜਣ ਦਾ ਐਲਾਨ ਕੀਤਾ ਹੈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਵੀ ਇਹ ਅਨਾਜ ਅਟਾਰੀ-ਵਾਹਗਾ ਸਰਹੱਦ ਰਸਤੇ ਅਫ਼ਗਾਨਿਤਸਾਨ ਭੇਜਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਹਾਲਾਂਕਿ, ਮੌਜੂਦਾ ਸਮੇਂ ਪਾਕਿ ਵਲੋਂ ਸਿਰਫ਼ ਅਫ਼ਗਾਨਿਸਤਾਨ ਨੂੰ ਭਾਰਤ ਨੂੰ ਮਾਲ ਨਿਰਯਾਤ ਕਰਨ ਦੀ ਇਜਾਜ਼ਤ ਹੈ ਪਰ ਸਰਹੱਦ ਦੇ ਪਾਰ ਕਿਸੇ ਹੋਰ ਦੋ-ਪੱਖੀ ਵਪਾਰ ਦੀ ਇਜਾਜ਼ਤ ਨਹੀਂ ਹੈ | ਕਤਰ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਬਹਿਰੀਨ, ਤੁਰਕਮੇਨਿਸਤਾਨ ਅਤੇ ਪਾਕਿਸਤਾਨ ਵਲੋਂ ਵੀ ਅਫ਼ਗਾਨ ਨਾਗਰਿਕਾਂ ਲਈ ਭੋਜਨ ਅਤੇ ਦਵਾਈਆਂ ਦੀ ਸਪਲਾਈ ਕੀਤੀ ਜਾ ਰਹੀ ਹੈ | ਉਧਰ, ਭਾਵੇਂ ਕਿ ਬਾਈਡਨ ਪ੍ਰਸ਼ਾਸਨ ਸਮੇਤ ਬਹੁਤ ਸਾਰੇ ਹੋਰਨਾਂ ਮੁਲਕਾਂ ਨੇ ਅਜੇ ਤੱਕ ਤਾਲਿਬਾਨ ਸਰਕਾਰ ਨੂੰ ਅਧਿਕਾਰਤ ਮਾਨਤਾ ਨਹੀਂ ਦਿੱਤੀ ਹੈ ਪਰ ਇਸ ਦੇ ਬਾਵਜੂਦ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਭੁੱਖਮਰੀ ਦੇ ਸ਼ਿਕਾਰ ਬਣ ਰਹੇ ਅਫ਼ਗਾਨਿਸਤਾਨ ਨੂੰ 64 ਮਿਲੀਅਨ ਡਾਲਰ ਜਾਂ ਲਗਭਗ 470 ਕਰੋੜ ਰੁਪਏ ਦੀ ਮਨੁੱਖੀ ਸਹਾਇਤਾ ਭੇਜੇਗਾ |
ਬਿੱਟੂ ਆਪਣੇ ਏਜੰਡੇ ਮੁਤਾਬਿਕ ਬਹੁਮਤ ਸਾਬਤ ਨਹੀਂ ਕਰ ਸਕੇ-ਬ੍ਰਹਮ ਮਹਿੰਦਰਾ
ਮੇਅਰ ਖ਼ਿਲਾਫ਼ ਬੇਭਰੋਸਗੀ ਮਤਾ ਡਿੱਗਿਆ, ਲੋੜ ਪੈਣ 'ਤੇ ਅਦਾਲਤ ਜਾਵਾਂਗੇ-ਕੈਪਟਨ
ਪਟਿਆਲਾ, 25 ਨਵੰਬਰ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਕੁਮਾਰ ਬਿੱਟੂ ...
ਬਾਘਾ ਪੁਰਾਣਾ, 25 ਨਵੰਬਰ (ਕ੍ਰਿਸ਼ਨ ਸਿੰਗਲਾ, ਗੁਰਮੀਤ ਸਿੰਘ ਮਾਣੂੰਕੇ)-ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਅਤੇ ਕਮਲਜੀਤ ਸਿੰਘ ਬਰਾੜ ਮੁੱਖ ਬੁਲਾਰਾ ਪੰਜਾਬ ਦੇ ਪ੍ਰਬੰਧਾਂ ਹੇਠ ਕਾਂਗਰਸ ਪਾਰਟੀ ਵਲੋਂ ਬਾਘਾ ਪੁਰਾਣਾ ਦੀ ਨਵੀਂ ਦਾਣਾ ਮੰਡੀ ਵਿਖੇ ਇਕ ...
ਜਲੰਧਰ, 25 ਨਵੰਬਰ (ਜਸਪਾਲ ਸਿੰਘ)-ਪੰਜਾਬੀਆਂ ਲਈ ਹੀ ਨਹੀਂ ਸਗੋਂ ਸਮੁੱਚੇ ਦੇਸ਼ ਲਈ ਇਹ ਖਬਰ ਵੱਡੀ ਰਾਹਤ ਤੇ ਸੰਤੁਸ਼ਟੀ ਵਾਲੀ ਹੈ ਕਿ ਸੂਬੇ ਅੰਦਰ ਜਿੱਥੇ ਲਿੰਗ ਅਨੁਪਾਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋਇਆ ਹੈ, ਉੱਥੇ ਦੇਸ਼ ਭਰ 'ਚ ਵੀ ਮਰਦਾਂ ਦੇ ਮੁਕਾਬਲੇ ਔਰਤਾਂ ਦੀ ...
ਨਵੀਂ ਦਿੱਲੀ, 25 ਨਵੰਬਰ (ਪੀ. ਟੀ. ਆਈ.)- ਕੇਂਦਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੱਖਣੀ ਅਫਰੀਕਾ, ਹਾਂਗਕਾਂਗ ਤੇ ਬੋਤਸਵਾਨਾ, ਜਿਥੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ, ਤੋਂ ਆਉਣ-ਜਾਣ ਵਾਲੇ ਸਾਰੇ ਅੰਤਰਰਾਸ਼ਟਰੀ ...
ਨਵੀਂ ਦਿੱਲੀ, 25 ਨਵੰਬਰ (ਏਜੰਸੀ)-ਕਾਂਗਰਸ ਨੇ ਵੀਰਵਾਰ ਨੂੰ ਫ਼ੈਸਲਾ ਕੀਤਾ ਕਿ ਉਹ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ 'ਤੇ ਜ਼ੋਰ ਦੇਣ ਦੇ ਨਾਲ ਕੋਵਿਡ-19 ਦੇ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਲਈ 4 ਲੱਖ ਰੁਪਏ ਦੇ ਮੁਆਵਜ਼ੇ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX