ਸੰਸਦ ਦੇ ਮੌਨਸੂਨ ਇਜਲਾਸ ਵਾਂਗ ਢਾਈ ਕੁ ਹਫ਼ਤਿਆਂ ਲਈ ਸੱਦਿਆ ਗਿਆ ਸਰਦ ਰੁੱਤ ਦਾ ਇਜਲਾਸ ਵੀ ਹੰਗਾਮਿਆਂ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ। ਵਿਰੋਧੀ ਪਾਰਟੀਆਂ ਇਹ ਗਿਲਾ ਕਰ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਸ਼ੁਰੂ ਹੋਏ ਇਸ ਇਜਲਾਸ ਵਿਚ ਵਿਰੋਧੀ ਪਾਰਟੀਆਂ ਨੂੰ ਇਨ੍ਹਾਂ ਕਾਨੂੰਨਾਂ ਸੰਬੰਧੀ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਦੀ ਥਾਂ ਸਗੋਂ ਕਾਹਲੀ ਵਿਚ ਜਿਸ ਤਰ੍ਹਾਂ ਇਹ ਕਾਨੂੰਨ ਸਰਕਾਰ ਵਲੋਂ ਬਣਾਏ ਗਏ ਸਨ, ਉਨ੍ਹਾਂ ਨੂੰ ਖ਼ਤਮ ਕਰਨ ਲੱਗਿਆਂ ਵੀ ਉਸੇ ਤਰ੍ਹਾਂ ਹੀ ਕਾਹਲੀ ਦਿਖਾਈ ਗਈ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਵੀ ਭਰੋਸੇ ਵਿਚ ਨਹੀਂ ਲਿਆ ਗਿਆ। ਵਿਰੋਧੀ ਪਾਰਟੀਆਂ ਨੂੰ ਇਸ ਸੰਬੰਧੀ ਵਿਸ਼ਵਾਸ ਵਿਚ ਤਾਂ ਕੀ ਲੈਣਾ ਸੀ, ਉਨ੍ਹਾਂ ਨੂੰ ਆਪਣੀ ਗੱਲ ਕਰਨ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ। ਇਸ ਸੈਸ਼ਨ ਵਿਚ ਢਾਈ ਕੁ ਦਰਜਨ ਦੇ ਕਰੀਬ ਬਿੱਲਾਂ 'ਤੇ ਚਰਚਾ ਕੀਤੀ ਜਾਣੀ ਹੈ। ਪਿਛਲੇ ਇਜਲਾਸ ਵਿਚ ਵੀ 20 ਕੁ ਪ੍ਰਤੀਸ਼ਤ ਹੀ ਕੰਮਕਾਰ ਹੋਇਆ ਸੀ। ਜੇਕਰ ਅਜਿਹੇ ਹਾਲਾਤ ਬਣਦੇ ਗਏ ਤਾਂ ਕੰਮ ਦੀ ਪ੍ਰਤੀਸ਼ਤ ਪਹਿਲਾਂ ਵਾਂਗ ਹੀ ਰਹਿ ਸਕਦੀ ਹੈ, ਜਿਸ ਨਾਲ ਪਾਰਲੀਮਾਨੀ ਪ੍ਰਬੰਧ ਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ।
ਰਾਜ ਸਭਾ ਵਿਚ ਤਾਂ ਹਾਲਾਤ ਹੋਰ ਵੀ ਉਖੜੇ ਲੱਗ ਰਹੇ ਹਨ। ਪਿਛਲੇ ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਕੁਝ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਲੋਂ ਜਿਸ ਤਰ੍ਹਾਂ ਹੰਗਾਮਾ ਕੀਤਾ ਗਿਆ ਸੀ, ਉਹ ਬਿਲਕੁਲ ਸਹੀ ਨਹੀਂ ਸੀ। ਚੇਅਰਮੈਨ ਸਾਹਮਣੇ ਮੇਜ਼ 'ਤੇ ਚੜ੍ਹ ਕੇ ਹੱਲਾ-ਗੁੱਲਾ ਕਰਨਾ, ਬਿਆਨ ਪੜ੍ਹ ਰਹੇ ਮੰਤਰੀ ਦੇ ਪੇਪਰ ਖੋਹਣੇ, ਪੇਪਰਾਂ ਨੂੰ ਪਾੜ ਕੇ ਹਵਾ ਵਿਚ ਸੁੱਟਣਾ ਅਤੇ ਚੇਅਰਮੈਨ ਲਈ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਕਿਸੇ ਤਰ੍ਹਾਂ ਵੀ ਚੰਗਾ ਨਹੀਂ ਕਿਹਾ ਜਾ ਸਕਦਾ। ਕਿਉਂਕਿ ਹੱਲੇ-ਗੁੱਲੇ ਦੀ ਇਹ ਪਰੰਪਰਾ ਹੁਣ ਹੋਰ ਵੀ ਵਧੇਰੇ ਅਤੇ ਉੱਚੇ ਸੁਰ ਵਾਲੀ ਹੁੰਦੀ ਜਾ ਰਹੀ ਹੈ, ਇਸ ਨੂੰ ਹਰ ਸੂਰਤ ਵਿਚ ਰੋਕਿਆ ਜਾਣਾ ਜ਼ਰੂਰੀ ਹੈ। ਸੰਸਦ ਦੇ ਦੋਵੇਂ ਸਦਨ ਹਰ ਮੈਂਬਰ ਵਲੋਂ ਆਪਣੀ ਗੱਲ ਕਹਿਣ ਲਈ ਅਤੇ ਕਿਸੇ ਵੀ ਉੱਠੇ ਵਿਸ਼ੇ ਸੰਬੰਧੀ ਉਸਾਰੂ ਬਹਿਸ ਕਰਨ ਲਈ ਹੋਣੇ ਚਾਹੀਦੇ ਹਨ। ਕਿਸੇ ਵੀ ਮੈਂਬਰ ਵਲੋਂ ਹੁੜਦੰਗ ਮਚਾਏ ਜਾਣ ਨੂੰ ਠੀਕ ਨਹੀਂ ਠਹਿਰਾਇਆ ਜਾ ਸਕਦਾ। ਪਰ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਵਲੋਂ ਪਿਛਲੇ ਸੈਸ਼ਨ ਦੇ ਆਖ਼ਰੀ ਦਿਨ ਨੂੰ ਆਧਾਰ ਬਣਾ ਕੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ 12 ਮੈਂਬਰਾਂ ਨੂੰ ਇਸ ਪੂਰੇ ਇਜਲਾਸ ਲਈ ਹੀ ਬਾਹਰ ਕਰ ਦੇਣ ਦੇ ਕੀਤੇ ਗਏ ਐਲਾਨ ਨਾਲ ਸੰਸਦ ਵਿਚ ਹਾਲਾਤ ਹੋਰ ਵੀ ਵਿਗੜੇ ਦਿਖਾਈ ਦੇਣ ਲੱਗੇ ਹਨ। ਵੈਂਕਈਆ ਨਾਇਡੂ ਸੰਬੰਧਿਤ ਮੈਂਬਰਾਂ ਨੂੰ ਆਪਣੇ ਵਤੀਰੇ ਲਈ ਅਫ਼ਸੋਸ ਪ੍ਰਗਟ ਕਰਨ ਲਈ ਕਹਿ ਰਹੇ ਹਨ ਪਰ ਵਿਰੋਧੀ ਪਾਰਟੀਆਂ ਅਜਿਹਾ ਨਾ ਕਰਨ ਲਈ ਆਪਣੀ ਜ਼ਿਦ 'ਤੇ ਅੜੀਆਂ ਹੋਈਆਂ ਹਨ। ਉਨ੍ਹਾਂ ਵਲੋਂ ਸੰਸਦ ਭਵਨ ਦੇ ਲਾਅਨ ਵਿਚ ਇਸ ਸੰਬੰਧੀ ਧਰਨੇ ਵੀ ਲਗਾਏ ਜਾਣ ਲੱਗੇ ਹਨ ਅਤੇ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਦੋਂ ਤੱਕ ਮੈਂਬਰਾਂ ਦੀ ਮੁਅੱਤਲੀ ਰੱਦ ਨਹੀਂ ਕੀਤੀ ਜਾਂਦੀ, ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਤਰ੍ਹਾਂ ਜਾਪਣ ਲੱਗਾ ਹੈ ਕਿ ਸੰਸਦ ਵਿਚ ਅੱਜ ਬਹੁਤੀਆਂ ਪਾਰਟੀਆਂ ਸਰਕਾਰ ਦੇ ਖਿਲਾਫ਼ ਖੜ੍ਹੀਆਂ ਹੋ ਗਈਆਂ ਹਨ, ਕਿਉਂਕਿ ਲਗਭਗ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਇਸ ਧਰਨੇ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਸ ਬਾਰੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸੀ ਨੇਤਾ ਮਲਿਕਅਰਜੁਨ ਖੜਗੇ ਨੇ ਵੈਂਕਈਆ ਨਾਇਡੂ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਰਾਜ ਸਭਾ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਲਈ ਕਿਹਾ ਹੈ ਪਰ ਚੇਅਰਮੈਨ ਆਪਣੀ ਇਸ ਗੱਲ 'ਤੇ ਬਜ਼ਿੱਦ ਰਹੇ ਕਿ ਗੜਬੜ ਕਰਨ ਵਾਲੇ ਇਨ੍ਹਾਂ 12 ਮੈਂਬਰਾਂ ਨੂੰ ਆਪਣੇ ਕੀਤੇ 'ਤੇ ਅਫ਼ਸੋਸ ਪ੍ਰਗਟ ਕਰਨਾ ਚਾਹੀਦਾ ਹੈ।
ਜੇਕਰ ਦੋਵੇਂ ਧਿਰਾਂ ਆਪੋ-ਆਪਣੀ ਗੱਲ 'ਤੇ ਅੜੀਆਂ ਰਹੀਆਂ ਤਾਂ ਸੰਸਦ ਦੇ ਸਮੁੱਚੇ ਕੰਮਕਾਰ 'ਤੇ ਹੀ ਅਸਰ ਨਹੀਂ ਪਵੇਗਾ, ਸਗੋਂ ਸਮੁੱਚਾ ਮਾਹੌਲ ਵੀ ਖ਼ਰਾਬ ਹੋਵੇਗਾ। ਅਸੀਂ ਮਹਿਸੂਸ ਕਰਦੇ ਹਾਂ ਕਿ ਸੰਸਦ ਦੀ ਬਿਹਤਰੀ ਲਈ ਦੋਵਾਂ ਹੀ ਧਿਰਾਂ ਨੂੰ ਆਪਸ ਵਿਚ ਮਿਲ ਕੇ ਇਸ ਦਾ ਕੋਈ ਤੁਰੰਤ ਹੱਲ ਕੱਢਣ ਦੀ ਜ਼ਰੂਰਤ ਹੈ, ਕਿਉਂਕਿ ਸੰਸਦ ਨੂੰ ਹੀ ਸਮੁੱਚੇ ਦੇਸ਼ ਦੀ ਪ੍ਰਤੀਨਿਧ ਅਤੇ ਉੱਤਮ ਸੰਸਥਾ ਮੰਨਿਆ ਜਾਂਦਾ ਹੈ, ਜਿਸ ਨੇ ਦੇਸ਼ ਦੇ ਨਾਗਰਿਕਾਂ ਨੂੰ ਦਿਸ਼ਾ ਪ੍ਰਦਾਨ ਕਰਨੀ ਹੁੰਦੀ ਹੈ। ਸੰਸਦ ਵਲੋਂ ਬਣਾਏ ਕਾਨੂੰਨ ਹੀ ਦੇਸ਼ ਵਿਚ ਲਾਗੂ ਹੁੰਦੇ ਹਨ। ਇਨ੍ਹਾਂ ਕਾਨੂੰਨਾਂ ਦਾ ਪ੍ਰਭਾਵ ਵੀ ਤਦੇ ਹੀ ਬਣ ਸਕਦਾ ਹੈ ਜੇਕਰ ਦੇਸ਼ ਦੀ ਇਹ ਪ੍ਰਤੀਨਿਧ ਸਭਾ ਜਮਹੂਰੀ ਢੰਗ ਨਾਲ ਕੰਮ ਕਰੇ ਤੇ ਆਪਣੀ ਮਾਣ-ਮਰਿਆਦਾ ਕਾਇਮ ਰੱਖਦੀ ਹੋਈ ਚੰਗੇ ਚਰਿੱਤਰ ਦੀ ਧਾਰਨੀ ਬਣ ਸਕੇ। ਇਸ ਲਈ ਸਾਰੀਆਂ ਸੰਬੰਧਿਤ ਧਿਰਾਂ ਨੂੰ ਜ਼ਿੰਮੇਵਾਰੀ ਨਾਲ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ।
-ਬਰਜਿੰਦਰ ਸਿੰਘ ਹਮਦਰਦ
ਡਾ. ਅਮ੍ਰਿਤਾ ਸੈਨ, ਅਰਥ-ਸ਼ਾਸਤਰ ਦੇ ਵਿਸ਼ੇ ਵਿਚ ਨੋਬਲ ਇਨਾਮ ਵਿਜੇਤਾ ਇਕੋ-ਇਕ ਭਾਰਤੀ ਅਰਥ-ਸ਼ਾਸਤਰੀ ਹੈ, ਜਿਸ ਦਾ ਥੀਸਜ਼ ਇਸ ਗੱਲ 'ਤੇ ਆਧਾਰਿਤ ਸੀ ਕਿ ਜਦੋਂ ਵੀ ਕਿਸੇ ਦੇਸ਼ ਵਿਚ ਅਕਾਲ ਦੀ ਸਥਿਤੀ ਬਣਦੀ ਰਹੀ ਹੈ, ਉਸ ਦੀ ਵਜ੍ਹਾ ਅਨਾਜ ਦੀ ਘਾਟ ਨਹੀਂ ਸੀ, ਸਗੋਂ ਲੋਕਾਂ ਕੋਲ ...
ਜਨਮ ਭੂਮੀ ਨਾਲ ਹਰ ਕਿਸੇ ਦਾ ਲਗਾਓ ਸੁਭਾਵਿਕ ਹੈ। ਇਸ ਨੂੰ ਪੱਕੇ ਤੌਰ 'ਤੇ ਛੱਡ ਕੇ ਪ੍ਰਵਾਸ ਦਾ ਜੀਵਨ ਹੰਢਾਉਣਾ ਕਿਸੇ ਦੀ ਰੁਚੀ ਨਹੀਂ, ਮਜਬੂਰੀ ਹੀ ਹੋ ਸਕਦੀ ਹੈ। ਰੋਜ਼ੀ-ਰੋਟੀ ਕਮਾਉਣ ਖ਼ਾਤਰ ਵਿਦੇਸ਼ ਜਾਣ ਦਾ ਰੁਝਾਨ ਸਦੀਆਂ ਪੁਰਾਣਾ ਹੈ ਪਰ ਆਪਣੇ ਖਿੱਤੇ ਨੂੰ ਪੱਕੇ ਤੌਰ ...
ਅੱਜ ਲਈ ਵਿਸ਼ੇਸ਼
ਕੰਪਿਊਟਰ ਆਧੁਨਿਕ ਵਿਗਿਆਨ ਦਾ ਇਕ ਵਡਮੁੱਲਾ ਵਰਦਾਨ ਹੈ। ਮੌਜੂਦਾ ਸਮੇਂ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿੱਥੇ ਕੰਪਿਊਟਰ ਦੀ ਵਰਤੋਂ ਨਾ ਕੀਤੀ ਜਾ ਰਹੀ ਹੋਵੇ। ਹੁਣ ਇਹ ਸਾਡੇ ਉੱਤੇ ਨਿਰਭਰ ਹੈ ਕਿ ਅਸੀਂ ਇਸ ਦਾ ਸਾਰਥਕ ਉਪਯੋਗ ਕਿਵੇਂ ਕਰਨਾ ਹੈ? ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX