ਪਿਛਲੇ ਲਗਭਗ 20 ਮਹੀਨਿਆਂ ਤੋਂ ਲੱਦਾਖ ਦੀ ਪੂਰਬੀ ਸਰਹੱਦ 'ਤੇ ਭਾਰਤ ਅਤੇ ਚੀਨ ਵਿਚਕਾਰ ਪੈਦਾ ਹੋਇਆ ਵੱਡਾ ਤਣਾਅ ਹਾਲ ਦੀ ਘੜੀ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਸੰਬੰਧ ਵਿਚ ਉੱਚ ਫ਼ੌਜੀ ਪੱਧਰ 'ਤੇ ਹੋ ਚੁੱਕੀਆਂ 13 ਮੀਟਿੰਗਾਂ ਤੋਂ ਬਾਅਦ ਬੁੱਧਵਾਰ ਨੂੰ ਹੋਈ ਕੋਰ ਕਮਾਂਡਰਾਂ ਦੀ ਪੱਧਰ ਦੀ 14ਵੀਂ ਮੀਟਿੰਗ ਵੀ ਬੇਸਿੱਟਾ ਰਹੀ। ਇਸ ਤੋਂ ਪਹਿਲਾਂ 13ਵੀਂ ਮੀਟਿੰਗ 10 ਅਕਤੂਬਰ, 2021 ਨੂੰ ਹੋਈ ਸੀ, ਉਹ ਵੀ ਕਿਸੇ ਨਤੀਜੇ 'ਤੇ ਨਹੀਂ ਸੀ ਪੁੱਜ ਸਕੀ। ਚਾਰ ਮਹੀਨੇ ਦੇ ਅਰਸੇ ਤੋਂ ਬਾਅਦ ਹੋਈ ਇਸ ਮੀਟਿੰਗ ਤੋਂ ਪਹਿਲਾਂ ਭਾਰਤੀ ਬੁਲਾਰੇ ਨੇ ਇਸ ਦੇ ਲਾਭਵੰਦ ਅਤੇ ਰਚਨਾਤਮਿਕ ਹੋਣ ਦੀ ਉਮੀਦ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਅਮਲੀ ਸਰਹੱਦੀ ਖੇਤਰ ਬਾਰੇ ਰਹਿ ਗਏ ਵਿਵਾਦ ਦਾ ਹੱਲ ਕੱਢਣ ਦਾ ਯਤਨ ਕੀਤਾ ਜਾਏਗਾ। ਭਾਰਤ ਚਾਹੁੰਦਾ ਹੈ ਕਿ ਅਪ੍ਰੈਲ 2020 ਤੋਂ ਪਹਿਲਾਂ ਵਾਲੀ ਸਰਹੱਦ ਦੀ ਸਥਿਤੀ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਭਾਵ ਪੂਰਬੀ ਲੱਦਾਖ ਦੀ ਇਸ ਸਰਹੱਦ 'ਤੇ ਹਾਟ ਸਪ੍ਰਿੰਗ, ਗੋਗਰਾ ਅਤੇ ਦੇਪਸਾਂਗ ਆਦਿ ਇਲਾਕਿਆਂ ਵਿਚੋਂ ਚੀਨੀ ਫ਼ੌਜੀਆਂ ਨੂੰ ਪਿੱਛੇ ਹਟ ਕੇ ਪਹਿਲਾਂ ਵਾਲੀ ਸਥਿਤੀ ਵਿਚ ਆਉਣਾ ਚਾਹੀਦਾ ਹੈ, ਪਰ ਚੀਨ ਆਪਣੀ ਅੜੀ 'ਤੇ ਬਜ਼ਿਦ ਹੈ। ਉਸ ਨੇ ਤਾਂ ਸਾਲ 1959 ਵਿਚ ਹੀ ਭਾਰਤ ਦੇ ਬਹੁਤ ਸਾਰੇ ਸਰਹੱਦੀ ਇਲਾਕਿਆਂ 'ਤੇ ਆਪਣਾ ਹੱਕ ਜਤਾਇਆ ਸੀ। ਇਸ ਤੋਂ ਬਾਅਦ 1962 ਵਿਚ ਉਸ ਨੇ ਭਾਰਤ 'ਤੇ ਹਮਲਾ ਕੀਤਾ ਸੀ ਅਤੇ ਇਕ ਵੱਡੇ ਇਲਾਕੇ 'ਤੇ ਆਪਣਾ ਕਬਜ਼ਾ ਕਰ ਲਿਆ ਸੀ ਜੋ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ।
ਹੁਣ ਉਸ ਨੇ ਫਿਰ 1959 ਵਿਚ ਆਪਣੇ ਦਰਸਾਏ ਗਏ ਹੋਰ ਵੱਡੇ ਭਾਰਤੀ ਇਲਾਕੇ 'ਤੇ ਹੱਕ ਜਤਾਉਂਦਿਆਂ ਇਸ ਸੰਬੰਧੀ ਕਾਨੂੰਨ ਵੀ ਪਾਸ ਕਰ ਦਿੱਤਾ ਹੈ ਜਿਸ ਤੋਂ ਉਸ ਦੀ ਨੀਅਤ ਦਾ ਅੰਦਾਜ਼ਾ ਲਗਾਇਆ ਜਾਣਾ ਮੁਸ਼ਕਿਲ ਨਹੀਂ ਹੈ। ਭਾਰਤ ਵਿਚ ਹੀ ਨਹੀਂ, ਉਸ ਦੀਆਂ ਅਜਿਹੀਆਂ ਵਿਸਥਾਰਵਾਦੀ ਨੀਤੀਆਂ ਕਰਕੇ ਦੱਖਣੀ ਚੀਨ ਸਾਗਰ ਦੇ ਦਰਜਨ ਭਰ ਦੇਸ਼ ਵੀ ਬੇਹੱਦ ਪ੍ਰੇਸ਼ਾਨੀ 'ਚੋਂ ਗੁਜ਼ਰ ਰਹੇ ਹਨ, ਕਿਉਂਕਿ ਚੀਨ ਇਸ ਸਾਗਰ ਦੇ ਵੱਡੇ ਹਿੱਸੇ 'ਤੇ ਆਪਣਾ ਹੱਕ ਜਮਾ ਰਿਹਾ ਹੈ, ਇਸ ਲਈ ਉਸ ਨੇ ਸਮੁੰਦਰੀ ਪਾਣੀਆਂ ਦੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਵੀ ਛਿੱਕੇ 'ਤੇ ਟੰਗ ਦਿੱਤਾ ਹੈ। ਭਾਰਤ ਵਾਂਗ ਇਨ੍ਹਾਂ ਦੇਸ਼ਾਂ ਦਾ ਵੀ ਚੀਨ ਨਾਲ ਵੱਡਾ ਤਣਾਅ ਬਣਿਆ ਹੋਇਆ ਹੈ। ਜਾਪਾਨ ਸਮੇਤ ਇਹ ਸਾਰੇ ਦੇਸ਼ ਲਗਾਤਾਰ ਚੀਨ ਦਾ ਸਾਹਮਣਾ ਕਰਨ ਲਈ ਪੇਸ਼ਬੰਦੀਆਂ ਕਰਦੇ ਨਜ਼ਰ ਆ ਰਹੇ ਹਨ। ਪਰ ਹੁਣ ਇਹ ਵੀ ਜਾਪਣ ਲੱਗਾ ਹੈ ਕਿ ਚੀਨ ਆਪਣੇ ਇਰਾਦਿਆਂ ਤੋਂ ਪਿੱਛੇ ਮੁੜਨ ਵਾਲਾ ਨਹੀਂ ਹੈ। ਇਸੇ ਲਈ ਹੀ ਉਸ ਨੇ ਪੂਰਬੀ ਲੱਦਾਖ ਦੀਆਂ ਸਰਹੱਦਾਂ 'ਤੇ ਵੱਡੀ ਪੱਧਰ 'ਤੇ ਸੜਕਾਂ, ਪੁਲ, ਹਵਾਈ ਅੱਡੇ ਬਣਾਉਣ ਤੋਂ ਬਾਅਦ ਉਥੇ ਆਪਣੀਆਂ ਮਿਜ਼ਾਈਲਾਂ ਵੀ ਸਥਾਪਤ ਕਰ ਲਈਆਂ ਹਨ। ਅਜਿਹੀ ਸੂਰਤ ਵਿਚ ਭਾਰਤ ਕੋਲ ਕੋਈ ਹੋਰ ਬਦਲ ਬਾਕੀ ਨਹੀਂ ਰਹਿ ਜਾਂਦਾ ਕਿ ਉਹ ਵੀ ਹਰ ਪੱਖ ਤੋਂ ਤਿਆਰ ਰਹੇ। ਚੀਨ ਨਾਲ ਹੋਏ ਨਵੇਂ ਸਰਹੱਦੀ ਤਣਾਅ ਤੋਂ ਬਾਅਦ ਚਾਹੇ ਭਾਰਤ ਨੇ ਉਸ ਨਾਲ ਹੋਰਾਂ ਖੇਤਰਾਂ ਵਿਚ ਆਪਣੀ ਮਿਲਵਰਤਣ ਘਟਾਉਣ ਦਾ ਐਲਾਨ ਕੀਤਾ ਸੀ ਪਰ ਇਸ ਦੇ ਬਾਵਜੂਦ ਸਾਲ 2021 ਵਿਚ ਦੋਵਾਂ ਦੇਸ਼ਾਂ ਦਾ ਵਪਾਰ ਵਧ ਕੇ 10 ਹਜ਼ਾਰ ਕਰੋੜ ਡਾਲਰ ਨੂੰ ਟੱਪ ਗਿਆ ਸੀ। ਦੱਖਣੀ ਏਸ਼ੀਆ ਵਿਚ ਵੀ ਉਹ ਆਪਣੀ ਯੋਜਨਾ 'ਬੈਲਟ ਐਂਡ ਰੋਡ ਇਨੀਸ਼ਈਏਟਿਵ' ਨੂੰ ਲੈ ਕੇ ਲਗਾਤਾਰ ਸਰਗਰਮ ਰਿਹਾ ਹੈ। ਇਸੇ ਦਿਸ਼ਾ ਵਿਚ ਹੀ ਪਾਕਿਸਤਾਨ ਨਾਲ ਉਸ ਨੇ ਆਪਣੇ ਸੰਬੰਧਾਂ ਨੂੰ ਹਰ ਪੱਖ ਤੋਂ ਮਜ਼ਬੂਤ ਬਣਾਇਆ ਹੈ। ਭਾਰਤੀ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਇਸੇ ਪਿਛੋਕੜ ਵਿਚ ਹੀ ਇਹ ਕਿਹਾ ਹੈ ਕਿ ਭਾਰਤ ਇਸ ਧੌਂਸ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਉਹ ਡਟ ਕੇ ਚੀਨ ਨੂੰ ਜਵਾਬ ਦੇ ਸਕਦਾ ਹੈ। ਇਸ ਸੰਬੰਧੀ ਦੁਨੀਆ ਭਰ ਦੇ ਦੇਸ਼ਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ।
ਪਿਛਲੇ ਦਿਨੀਂ ਹੀ ਅਮਰੀਕਾ ਦੇ ਰਾਸ਼ਟਰਪਤੀ ਦੇ ਦਫ਼ਤਰ ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਸਪੱਸ਼ਟ ਰੂਪ ਵਿਚ ਇਹ ਕਿਹਾ ਸੀ ਕਿ ਚੀਨ ਆਪਣੇ ਹਮਲਾਵਰ ਰਵੱਈਏ ਨਾਲ ਭਾਰਤ ਸਮੇਤ ਗੁਆਂਢੀ ਦੇਸ਼ਾਂ ਨੂੰ ਡਰਾਉਣ ਧਮਕਾਉਣ ਦਾ ਯਤਨ ਕਰ ਰਿਹਾ ਹੈ। ਹੁਣ 14ਵੀਂ ਵਾਰ ਫ਼ੌਜੀ ਪੱਧਰ 'ਤੇ ਗੱਲਬਾਤ ਦੇ ਸਾਰਥਕ ਸਿੱਟੇ ਨਾ ਨਿਕਲਣ ਕਾਰਨ ਭਾਰਤ ਨੂੰ ਆਪਣੀ ਤਿਆਰੀ ਤੋਂ ਇਲਾਵਾ ਕੌਮਾਂਤਰੀ ਪੱਧਰ 'ਤੇ ਵੀ ਯਤਨਸ਼ੀਲ ਹੋਣਾ ਪਵੇਗਾ ਤਾਂ ਜੋ ਦੁਨੀਆ ਭਰ ਦੇ ਮੁਲਕ ਭਾਰਤ ਦੇ ਨੁਕਤਾ ਨਿਗਾਹ ਨੂੰ ਸਮਝ ਸਕਣ ਅਤੇ ਚੀਨ 'ਤੇ ਆਪੋ-ਆਪਣੇ ਢੰਗ ਨਾਲ ਦਬਾਅ ਬਣਾਉਣ ਲਈ ਯਤਨਸ਼ੀਲ ਹੋਣ, ਕਿਉਂਕਿ ਅੱਜ ਵੀ ਵੱਡੀ ਪੱਧਰ 'ਤੇ ਚੀਨ ਦੀ ਆਰਥਿਕਤਾ ਉਸ ਵਲੋਂ ਦੁਨੀਆ ਭਰ ਨਾਲ ਕੀਤੇ ਜਾ ਰਹੇ ਵਪਾਰ 'ਤੇ ਨਿਰਭਰ ਕਰਦੀ ਹੈ।
-ਬਰਜਿੰਦਰ ਸਿੰਘ ਹਮਦਰਦ
ਪੰਜ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦਿਆਂ ਸਾਰ ਹੀ ਖੱਦਰਧਾਰੀਆਂ ਲਈ ਦਲ-ਬਦਲਣ ਦੀ ਰੁੱਤ ਵੀ ਸ਼ੁਰੂ ਹੋ ਗਈ ਹੈ। ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਮਣੀਪੁਰ ਤੇ ਗੋਆ 'ਚ ਨੇਤਾ ਏਨੀ ਤੇਜ਼ੀ ਨਾਲ ਇਧਰੋਂ-ਓਧਰ ਹੋਏ ਹਨ (ਅਤੇ ਹੋ ਰਹੇ ਹਨ) ਕਿ ...
ਜਨਮ ਦਿਨ 'ਤੇ ਵਿਸ਼ੇਸ਼
ਪੰਜਾਬੀ ਸਾਹਿਤ ਵਿਚ ਗੁਰਮੁਖ ਸਿੰਘ ਮੁਸਾਫ਼ਿਰ ਵਰਗੀ ਸ਼ਖ਼ਸੀਅਤ ਹੋਰ ਨਹੀਂ ਲੱਭਦੀ, ਜਿਨ੍ਹਾਂ ਨੇ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਦੁੂੁੁਸਰੇ ਪਾਸੇ ਸਿੱਖਾਂ ਦੀ ਸਰਬੋਤਮ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX