ਚੋਣਾਂ ਦੇ ਸਮੇਂ ਦੌਰਾਨ ਭਾਵੇਂ ਲਗਭਗ ਸਾਰੀਆਂ ਹੀ ਪਾਰਟੀਆਂ ਵੋਟਰਾਂ ਨੂੰ ਰਿਆਇਤਾਂ ਦੇ ਐਲਾਨ ਕਰ ਕੇ ਭਰਮਾਉਣ ਦਾ ਯਤਨ ਕਰ ਰਹੀਆਂ ਹਨ, ਪਰ ਅਸੀਂ ਸਮਝਦੇ ਹਾਂ ਕਿ ਇਸ ਸਮੇਂ ਪੰਜਾਬ ਦੇ ਭਖਦੇ ਮਸਲਿਆਂ ਵੱਲ ਵੀ ਗੰਭੀਰਤਾ ਅਤੇ ਡੂੰਘਾਈ ਨਾਲ ਧਿਆਨ ਦਿੱਤਾ ਜਾਣਾ ਬਣਦਾ ਹੈ। ਇਸ ਲਈ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਅੱਜ ਬੇਰੁਜ਼ਗਾਰੀ, ਡਿਗਦੀ ਆਰਥਿਕਤਾ ਅਤੇ ਮੁਢਲੀਆਂ ਸਹੂਲਤਾਂ ਦੀ ਘਾਟ ਵੱਲ ਤਾਂ ਸਾਡਾ ਧਿਆਨ ਜਾਂਦਾ ਹੈ। ਜ਼ਿੰਦਗੀ ਨੂੰ ਅੱਗੇ ਤੋਰਨ ਲਈ ਇਨ੍ਹਾਂ ਨੂੰ ਜ਼ਰੂਰੀ ਮੱਦਾਂ ਮੰਨਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਕਿਸਾਨੀ ਮਸਲਿਆਂ ਬਾਰੇ ਵੀ ਗੱਲ ਚਲਦੀ ਰਹਿੰਦੀ ਹੈ। ਪੰਜਾਬ ਦੀ ਆਰਥਿਕਤਾ ਅਤੇ ਜੀਵਨ ਦਾ ਆਧਾਰ ਹਾਲੇ ਵੀ ਵੱਡੀ ਪੱਧਰ 'ਤੇ ਖੇਤੀਬਾੜੀ ਹੀ ਮੰਨੀ ਜਾਂਦੀ ਹੈ, ਜਿਸ ਨੂੰ ਵਧੇਰੇ ਉਪਯੋਗੀ ਅਤੇ ਲਾਭਵੰਦ ਬਣਾਉਣਾ ਬੇਹੱਦ ਜ਼ਰੂਰੀ ਹੈ ਪਰ ਇਨ੍ਹਾਂ ਜ਼ਰੂਰੀ ਮਸਲਿਆਂ ਦੇ ਨਾਲ-ਨਾਲ ਵਾਤਾਵਰਨ ਵਿਚ ਹਰ ਪੱਖੋਂ ਸੁਧਾਰ ਲਿਆਉਣਾ ਵੀ ਓਨਾ ਹੀ ਮਹੱਤਵਪੂਰਨ ਮੰਨਿਆ ਜਾਣਾ ਚਾਹੀਦਾ ਹੈ।
ਪਿਛਲੇ ਦਿਨੀਂ ਇਸ ਸੰਬੰਧੀ ਕੁਝ ਜਥੇਬੰਦੀਆਂ ਨੇ ਇਹ ਆਵਾਜ਼ ਉਠਾਈ ਹੈ ਕਿ ਸਿਆਸੀ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਸੁਚੇਤ ਰੂਪ ਵਿਚ ਵਾਤਾਵਰਨ ਦੇ ਸੁਧਾਰ ਸੰਬੰਧੀ ਯਤਨਾਂ ਨੂੰ ਵੀ ਇਨ੍ਹਾਂ ਵਿਚ ਅੰਕਿਤ ਕਰਨਾ ਚਾਹੀਦਾ ਹੈ। ਸਮੁੱਚੇ ਰੂਪ ਵਿਚ ਨਜ਼ਰ ਮਾਰਿਆਂ ਇਸ ਖੇਤਰ ਵਿਚ ਅਸੀਂ ਨਿਰਾਸ਼ਾਜਨਕ ਹੱਦ ਤੱਕ ਪਿੱਛੇ ਰਹਿ ਗਏ ਹਾਂ। ਇਸ ਧਰਤੀ 'ਤੇ ਵਹਿੰਦੇ ਦਰਿਆ ਅਤਿ ਪ੍ਰਦੂਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸਵੱਛ ਕਰਨ ਵੱਲ ਬਹੁਤ ਘੱਟ ਧਿਆਨ ਦਿੱਤਾ ਜਾ ਰਿਹਾ ਹੈ। ਹਾਲਾਤ ਇਥੋਂ ਤੱਕ ਪੁੱਜ ਗਏ ਹਨ ਕਿ ਅਕਸਰ ਜ਼ਹਿਰੀਲੇ ਪਾਣੀਆਂ ਨਾਲ ਇਨ੍ਹਾਂ ਅੰਦਰਲੇ ਜੀਵ-ਜੰਤੂ ਵੀ ਖ਼ਤਮ ਹੋ ਜਾਂਦੇ ਹਨ। ਇਨ੍ਹਾਂ ਪਾਣੀਆਂ ਨੂੰ ਸੰਭਾਲ ਕੇ ਕਿਵੇਂ ਵਰਤਿਆ ਜਾ ਸਕਦਾ ਹੈ, ਅੱਜ ਇਹ ਇਕ ਵੱਡਾ ਮਸਲਾ ਬਣ ਕੇ ਉੱਠ ਖੜ੍ਹਾ ਹੋਇਆ ਹੈ। ਸੂਬੇ ਦੇ ਸੈਂਕੜੇ ਸ਼ਹਿਰਾਂ ਦੀ ਮਲੀਨਤਾ ਇਨ੍ਹਾਂ ਵਿਚ ਸੁੱਟੀ ਜਾ ਰਹੀ ਹੈ। ਕਾਰਖਾਨਿਆਂ ਦੇ ਰਸਾਇਣਕ ਅਤੇ ਦੂਸ਼ਿਤ ਤਰਲ ਪਦਾਰਥ ਇਨ੍ਹਾਂ ਵਿਚ ਪਾਏ ਜਾ ਰਹੇ ਹਨ, ਜਿਨ੍ਹਾਂ ਕਾਰਨ ਇਹ ਪਾਣੀ ਪੀਣ ਦੇ ਯੋਗ ਵੀ ਨਹੀਂ ਰਹੇ ਅਤੇ ਖੇਤੀ ਦੀ ਵਰਤੋਂ ਲਈ ਵੀ ਇਹ ਖ਼ਤਰਨਾਕ ਸਾਬਤ ਹੋ ਰਹੇ ਹਨ। ਤਤਕਾਲੀ ਸਰਕਾਰਾਂ ਨੇ ਇਸ ਲਈ ਕੁਝ ਯੋਜਨਾਬੰਦੀਆਂ ਵੀ ਕੀਤੀਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਸਾਰੀਆਂ ਹੀ ਇਸ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਕੇ ਰਹਿ ਗਈਆਂ। ਇਸੇ ਹੀ ਤਰ੍ਹਾਂ ਹਵਾ ਦੀ ਗੁਣਵੱਤਾ ਦੀ ਗੱਲ ਕੀਤੀ ਜਾ ਸਕਦੀ ਹੈ। ਅੱਜ ਅਨੇਕਾਂ ਕਾਰਨਾਂ ਕਰਕੇ ਇਥੋਂ ਦੀ ਹਵਾ ਬੇਹੱਦ ਪ੍ਰਦੂਸ਼ਿਤ ਹੋ ਚੁੱਕੀ ਹੈ। ਇਸ ਦੇ ਕਾਰਨਾਂ ਸੰਬੰਧੀ ਸਾਰੇ ਜਾਣਦੇ ਹਨ ਪਰ ਇਸ ਦੇ ਹੱਲ ਅੱਜ ਤੱਕ ਨਹੀਂ ਲੱਭੇ ਜਾ ਸਕੇ। ਮਹਾਂਮਾਰੀ ਦੇ ਦੌਰਾਨ ਕੁਝ ਸਮੇਂ ਲਈ ਤਾਲਾਬੰਦੀ ਹੋਈ ਸੀ ਜਿਸ ਸਮੇਂ ਜੀਵਨ ਦੀ ਹਲਚਲ ਬੇਹੱਦ ਘੱਟ ਹੋ ਗਈ ਸੀ, ਉਦੋਂ ਵਾਤਾਵਰਨ ਸਾਫ਼ ਹੋਣ ਕਰਕੇ ਇਥੋਂ ਦੂਰ ਦੇ ਪਹਾੜ ਤੱਕ ਦਿਖਾਈ ਦੇਣ ਲੱਗੇ ਸਨ। ਕਈ ਵਾਰ ਹੈਰਾਨੀ ਹੁੰਦੀ ਹੈ ਕਿ ਅਜਿਹੀ ਮਲੀਨ ਹਵਾ ਵਿਚ ਅਸੀਂ ਕਿਵੇਂ ਜੀਅ ਰਹੇ ਹਾਂ? ਇਕ ਅੰਦਾਜ਼ੇ ਅਨੁਸਾਰ ਅਜਿਹੇ ਵਾਤਾਵਰਨ ਵਿਚ ਵਿਚਰਦਿਆਂ ਮਨੁੱਖੀ ਜ਼ਿੰਦਗੀ ਦੇ ਘੱਟੋ-ਘੱਟ ਨੌਂ ਵਰ੍ਹੇ ਘਟ ਜਾਂਦੇ ਹਨ ਪਰ ਇਸ ਪ੍ਰਤੀ ਸਾਡੇ ਸਮਾਜ ਤੇ ਸਰਕਾਰਾਂ ਨੇ ਵਤੀਰਾ ਨਹੀਂ ਬਦਲਿਆ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਮੇਂ-ਸਮੇਂ ਜਿੰਨੀਆਂ ਪੇਸ਼ਬੰਦੀਆਂ ਕੀਤੀਆਂ ਹਨ, ਉਨ੍ਹਾਂ ਦੀ ਅਸੀਂ ਸਰਾਹਨਾ ਕਰਦੇ ਹਾਂ ਪਰ ਹਾਲੇ ਤੱਕ ਇਹ ਬੋਰਡ ਵੀ ਚੰਗੀਆਂ ਪ੍ਰਾਪਤੀਆਂ ਕਰ ਸਕਣ ਦੇ ਸਮਰੱਥ ਨਹੀਂ ਹੋਇਆ। ਉਸ ਦੀਆਂ ਸਿਆਸੀ ਦਬਾਅ ਅਤੇ ਅਫ਼ਸਰਸ਼ਾਹੀ ਕਾਰਜਸ਼ੈਲੀ ਕਾਰਨ ਸੀਮਾਵਾਂ ਦੀ ਸਮਝ ਆਉਂਦੀ ਹੈ ਪਰ ਇਸ ਤਰ੍ਹਾਂ ਦੀ ਸੰਸਥਾ ਨੂੰ ਆਜ਼ਾਦ ਰੂਪ ਵਿਚ ਵਿਚਰਨ ਦੇਣਾ ਚਾਹੀਦਾ ਹੈ ਅਤੇ ਉਸ ਤੋਂ ਅਮਲੀ ਰੂਪ ਵਿਚ ਨਤੀਜੇ ਲੈਣ ਦੀ ਜ਼ਰੂਰਤ ਹੈ।
ਪਿਛਲੇ ਲੰਮੇ ਸਮੇਂ ਤੋਂ ਧਰਤੀ ਹੇਠਲੇ ਪਾਣੀ ਦੇ ਪਾਤਾਲ ਵੱਲ ਨੂੰ ਤੁਰੇ ਜਾਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਪਰ ਹੁਣ ਤੱਕ ਇਸ ਪ੍ਰਤੀ ਸਮੁੱਚੇ ਰੂਪ ਵਿਚ ਜਿੰਨੀ ਚਿੰਤਾ ਜ਼ਾਹਰ ਕੀਤੀ ਜਾਣੀ ਚਾਹੀਦੀ ਸੀ ਅਤੇ ਇਸ ਸੰਬੰਧੀ ਜਿਸ ਤਰ੍ਹਾਂ ਦੀ ਪੁਖਤਾ ਯੋਜਨਾਬੰਦੀ ਕੀਤੀ ਜਾਣੀ ਚਾਹੀਦੀ ਸੀ, ਉਹ ਨਦਾਰਦ ਹੈ। ਇਸ ਕਰਕੇ ਕੁਦਰਤ ਵਲੋਂ ਸਦੀਆਂ ਤੋਂ ਤਿਆਰ ਕੀਤਾ ਜਾਂਦਾ ਰਿਹਾ ਇਹ ਅਨਮੋਲ ਖਜ਼ਾਨਾ ਗਵਾਚਦਾ ਜਾ ਰਿਹਾ ਹੈ। ਚਿੰਤਾਜਨਕ ਗੱਲ ਇਹ ਵੀ ਹੈ ਕਿ ਕੁਝ ਅੰਦਾਜ਼ਿਆਂ ਮੁਤਾਬਿਕ ਇਸ ਪਾਣੀ ਦੀ ਡੂੰਘੀ ਹੇਠਲੀ ਤਹਿ ਵੀ ਦੋ ਦਹਾਕਿਆਂ ਵਿਚ ਖ਼ਤਮ ਹੋ ਜਾਏਗੀ। ਇਸ ਤੋਂ ਬਾਅਦ ਹਾਲੇ ਵੀ ਖੇਤੀ ਪ੍ਰਧਾਨ ਬਣੇ ਇਸ ਸੂਬੇ ਦਾ ਹਸ਼ਰ ਕੀ ਹੋਵੇਗਾ, ਉਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਇਸ ਸਭ ਦੇ ਬਾਵਜੂਦ ਸਨਅਤੀ, ਕਿਸਾਨੀ ਤੇ ਘਰੇਲੂ ਖੇਤਰਾਂ ਵਿਚ ਜਿੰਨੀ ਬੇਦਰੇਗੀ ਨਾਲ ਪਾਣੀ ਦੀ ਦੁਰਵਰਤੋਂ ਹੀ ਰਹੀ ਹੈ, ਉਸ ਨੂੰ ਅੱਜ ਵੀ ਰੋਕ ਸਕਣ ਤੋਂ ਅਸੀਂ ਅਸਮਰੱਥ ਰਹੇ ਹਾਂ। ਆਉਂਦੇ ਦਹਾਕਿਆਂ ਵਿਚ ਕੁਦਰਤ ਦਾ ਬਖਸ਼ਿਆ ਇਹ ਖਜ਼ਾਨਾ ਵੀ ਖਾਲੀ ਹੋ ਜਾਏਗਾ। ਸੂਬਾ ਲਗਾਤਾਰ ਸ਼ਹਿਰੀਕਰਨ ਦੀ ਦੌੜ ਵਿਚ ਲੱਗਾ ਹੋਇਆ ਹੈ। ਹਰ ਤਰ੍ਹਾਂ ਦੀਆਂ ਉਸਾਰੀਆਂ ਕਰਦਿਆਂ ਇਥੋਂ ਦੀ ਹਰਿਆਵਲ ਨੂੰ ਵੱਡੀ ਪੱਧਰ 'ਤੇ ਖ਼ਤਮ ਕਰ ਦਿੱਤਾ ਗਿਆ ਹੈ। ਇਹ ਵੀ ਕਾਰਨ ਹੈ ਕਿ ਦੇਸ਼ ਦੀ ਵੰਡ ਸਮੇਂ ਪੰਜਾਬ ਵਿਚ ਜੋ 40 ਫ਼ੀਸਦੀ ਰਕਬਾ ਜੰਗਲਾਤ ਹੇਠ ਸੀ, ਅੱਜ ਘਟ ਕੇ ਸਿਰਫ 6 ਫ਼ੀਸਦੀ ਰਹਿ ਗਿਆ ਹੈ। ਜੇ ਸਾਡੇ ਵਿਚ ਦਰੱਖਤ ਲਾਉਣ ਅਤੇ ਉਨ੍ਹਾਂ ਨੂੰ ਬਚਾਉਣ ਦੀ ਯੋਜਨਾਬੰਦੀ ਕਰਨ ਦੀ ਹਿੰਮਤ ਹੀ ਨਹੀਂ ਹੈ ਤਾਂ ਹੋਰ ਖੇਤਰਾਂ ਵਿਚ ਅਸੀਂ ਕਿੰਨੀ ਕੁ ਹਿੰਮਤ ਦਿਖਾਉਣ ਦੇ ਸਮਰੱਥ ਹੋ ਸਕਾਂਗੇ? ਅੱਜ ਵਾਤਾਵਰਨ ਪ੍ਰੇਮੀਆਂ ਵਲੋਂ ਆਪਣੇ ਛੋਟੇ-ਛੋਟੇ ਯਤਨਾਂ ਨਾਲ ਇਸ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਅਜਿਹੇ ਯਤਨ ਇਕ ਵੱਡੀ ਲਹਿਰ ਬਣਨੇ ਚਾਹੀਦੇ ਹਨ, ਜੋ ਸਾਰੀਆਂ ਧਿਰਾਂ ਨੂੰ ਇਨ੍ਹਾਂ ਵਾਤਾਵਰਨ ਦੇ ਸਰੋਕਾਰਾਂ ਬਾਰੇ ਸੁਚੇਤ ਕਰਨ ਦੇ ਸਮਰੱਥ ਹੋ ਸਕਣ। ਰਾਜ ਵਿਚ ਚੋਣਾਂ ਲੜ ਰਹੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਵੀ ਇਸ ਸੰਬੰਧੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਅਤੇ ਜਿਹੜੀ ਵੀ ਪਾਰਟੀ ਚੋਣਾਂ ਤੋਂ ਬਾਅਦ ਸੱਤਾ 'ਚ ਆਉਂਦੀ ਹੈ, ਉਸ ਨੂੰ ਇਸ ਦਿਸ਼ਾ 'ਚ ਠੋਸ ਕਦਮ ਚੁੱਕਣੇ ਚਾਹੀਦੇ ਹਨ।
-ਬਰਜਿੰਦਰ ਸਿੰਘ ਹਮਦਰਦ
ਕਮਜ਼ੋਰ ਸੀ ਨਹੀਫ਼ ਸੀ ਬੁਲਬੁਲ ਕੇ ਵਾਸਤੇ,
ਘਮਸਾਨ ਕੀ ਲੜਾਈ ਹੈ ਚੀਲੋਂ ਕੇ ਦਰਮਿਆਂ॥
ਦਾਨਿਸ਼ ਅਜ਼ੀਜ਼ ਦੇ ਇਸ ਸ਼ਿਅਰ ਵਿਚ ਮੈਂ ਲੜਾਈ 'ਥੀ' ਨੂੰ 'ਹੈ' ਵਿਚ ਇਸ ਲਈ ਲਿਖਣ ਦੀ ਗੁਸਤਾਖ਼ੀ ਕੀਤੀ ਹੈ ਕਿਉਂਕਿ ਪੰਜਾਬ ਦੀ ਰਾਜਨੀਤੀ ਦੀਆਂ ਪਾਰਟੀਆਂ ਰੂਪੀ ਇੱਲ੍ਹਾਂ (ਚੀਲਾਂ) ਵਿਚ ਵੀ ...
ਪ੍ਰਸਿੱਧ ਆਜ਼ਾਦੀ ਘੁਲਾਟੀਏ ਸੂਫ਼ੀ ਅੰਬਾ ਪ੍ਰਸਾਦ ਦਾ ਜਨਮ ਮੁਰਾਦਾਬਾਦ ਵਿਖੇ ਸੰਨ 1858 ਵਿਚ ਹੋਇਆ ਸੀ। ਉਨ੍ਹਾਂ ਨੇ ਵਕਾਲਤ ਪਾਸ ਕੀਤੀ ਹੋਈ ਸੀ ਤੇ ਉਹ ਇਕ ਮਸ਼ਹੂਰ ਲੇਖਕ ਵੀ ਸਨ। ਉਨ੍ਹਾਂ ਨੇ ਮੁਰਾਦਾਬਾਦ ਤੋਂ 1890 'ਚ 'ਜਾਮ ਯੁਲ ਇਲਮ' ਨਾਂਅ ਦਾ ਹਫ਼ਤਾਵਾਰੀ ਅਖ਼ਬਾਰ ਉਰਦੂ ਵਿਚ ...
8 ਜਨਵਰੀ ਨੂੰ ਚੋਣ ਕਮਸ਼ਿਨ ਵਲੋਂ 5 ਪ੍ਰਾਂਤਾਂ ਲਈ ਐਲਾਨੀਆਂ ਸੱਤ-ਪੜਾਵੀ ਵਿਧਾਨ ਸਭਾਈ ਚੋਣਾਂ ਦਾ ਇਸ ਵਾਰ ਵਿਲੱਖਣ ਮੁਹਾਂਦਰਾ ਹੈ। ਇਹ ਚੋਣਾਂ ਕੋਰੋਨਾ ਮਹਾਂਮਾਰੀ ਦੇ ਪ੍ਰਛਾਵੇਂ ਹੇਠ ਹੋ ਰਹੀਆਂ ਹਨ। ਇਨ੍ਹਾਂ ਦੇ ਐਲਾਨ ਵਿਚ ਹੀ ਇਸ ਪ੍ਰਛਾਵੇਂ ਦੇ ਪ੍ਰਭਾਵ ਦੀ ਝਲਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX