ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਚੰਡੀਗੜ੍ਹ ਆ ਕੇ ਇਸ ਦੇ ਸਰਕਾਰੀ ਕਰਮਚਾਰੀਆਂ 'ਤੇ ਜਿਸ ਤਰ੍ਹਾਂ ਤਨਖ਼ਾਹਾਂ ਆਦਿ ਦੇ ਮਾਮਲੇ ਵਿਚ ਕੇਂਦਰੀ ਕਰਮਚਾਰੀਆਂ ਵਾਲੇ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ, ਉਸ ਦਾ ਪੰਜਾਬ ਭਰ ਵਿਚ ਤਿੱਖਾ ਪ੍ਰਤੀਕਰਮ ਹੋਣਾ ਕੁਦਰਤੀ ਸੀ। 1966 ਵਿਚ ਪੰਜਾਬ ਪੁਨਰਗਠਨ ਐਕਟ ਬਣਾ ਕੇ ਚੰਡੀਗੜ੍ਹ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਸੀ, ਜੋ ਪੰਜਾਬ ਨਾਲ ਇਕ ਬਹੁਤ ਵੱਡਾ ਧੱਕਾ ਸੀ। ਆਜ਼ਾਦੀ ਤੋਂ ਬਾਅਦ ਬੋਲੀ ਦੇ ਆਧਾਰ 'ਤੇ ਸੂਬੇ ਬਣਾਉਣ ਲਈ ਜਦੋਂ ਵੱਖ-ਵੱਖ ਰਾਜਾਂ ਦਾ ਸਮੇਂ-ਸਮੇਂ ਪੁਨਰਗਠਨ ਕੀਤਾ ਗਿਆ ਸੀ, ਤਾਂ ਉਸ ਸਮੇਂ ਜੋ ਨਵੇਂ ਸੂਬੇ ਬਣਾਏ ਗਏ ਸਨ, ਉਨ੍ਹਾਂ ਲਈ ਨਵੀਆਂ ਰਾਜਧਾਨੀਆਂ ਬਣਾਈਆਂ ਗਈਆਂ ਸਨ। 1947 ਵਿਚ ਦੇਸ਼ ਆਜ਼ਾਦ ਹੋਣ ਦੇ ਨਾਲ ਹੀ ਦੇਸ਼ ਦੀ ਵੰਡ ਹੋਣ ਤੋਂ ਬਾਅਦ ਭਾਰਤ ਵਿਚ ਬਾਕੀ ਰਹੇ ਪੰਜਾਬ ਨੂੰ ਪਏ ਵੱਡੇ ਖਸਾਰੇ ਕਰਕੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਲਗਭਗ 50 ਪੰਜਾਬੀ ਭਾਸ਼ੀ ਪਿੰਡਾਂ ਦੇ ਖੇਤਰ ਵਿਚ ਸੂਬੇ ਲਈ ਨਵੀਂ ਰਾਜਧਾਨੀ ਬਣਾ ਕੇ ਇਸ ਦੀ ਵੰਡ ਦੇ ਦਰਦ ਨੂੰ ਘਟਾਉਣ ਦਾ ਯਤਨ ਕੀਤਾ ਸੀ। ਪੰਜਾਬ ਦੇ ਪੁਆਧ ਖੇਤਰ ਦੇ ਉਨ੍ਹਾਂ ਪਿੰਡਾਂ ਨੂੰ ਉਜਾੜ ਕੇ ਸੂਬੇ ਲਈ ਨਵੀਂ ਰਾਜਧਾਨੀ ਇਸੇ ਲਈ ਬਣਾਈ ਗਈ ਸੀ ਕਿ ਲਾਹੌਰ ਪੰਜਾਬ ਤੋਂ ਖੁਸ ਗਿਆ ਸੀ।
ਲਾਹੌਰ ਇਤਿਹਾਸਕ ਸ਼ਹਿਰ ਸੀ। ਸੈਂਕੜੇ ਵਰ੍ਹਿਆਂ ਤੋਂ ਇਹ ਅਣਵੰਡੇ ਪੰਜਾਬ ਦੀ ਰਾਜਧਾਨੀ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਰਾਜਧਾਨੀ ਬਣਾ ਕੇ 40 ਸਾਲਾਂ ਤੱਕ ਸਿਰਫ ਪੰਜਾਬ 'ਤੇ ਨਹੀਂ ਸਗੋਂ ਜੰਮੂ-ਕਸ਼ਮੀਰ ਤੇ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਵਿਸ਼ਾਲ ਇਲਾਕਿਆਂ ਨੂੰ ਆਪਣੇ ਰਾਜ ਵਿਚ ਮਿਲਾਇਆ ਸੀ। ਅੰਗਰੇਜ਼ਾਂ ਵਲੋਂ ਪੰਜਾਬ 'ਤੇ ਕਬਜ਼ਾ ਕਰਨ ਤੋਂ ਬਾਅਦ ਵੀ ਲਾਹੌਰ ਹੀ ਸੂਬੇ ਦੀ ਰਾਜਧਾਨੀ ਰਿਹਾ ਸੀ। ਇਸ ਇਤਿਹਾਸਕ ਸ਼ਹਿਰ ਦੇ ਖੁੱਸਣ ਦੇ ਖਸਾਰੇ ਵਜੋਂ ਚੰਡੀਗੜ੍ਹ ਦੀ ਉਸਾਰੀ ਕੀਤੀ ਗਈ ਸੀ। 1966 ਵਿਚ ਹਰਿਆਣਾ ਦੇ ਵੱਖ ਹੋਣ ਨਾਲ ਇਹ ਕੁਦਰਤੀ ਸੀ ਕਿ ਇਸ ਲਈ ਨਵੀਂ ਰਾਜਧਾਨੀ ਦੀ ਉਸਾਰੀ ਕੀਤੀ ਜਾਂਦੀ ਪਰ ਉਸ ਸਮੇਂ ਦੀ ਕੇਂਦਰੀ ਸਰਕਾਰ ਨੇ ਅਜਿਹਾ ਨਾ ਕਰਕੇ ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਅਤੇ ਸ਼ਹਿਰ ਨੂੰ ਇਸ ਦਲੀਲ ਨਾਲ ਕੇਂਦਰ ਪ੍ਰਸ਼ਾਸਿਤ ਖੇਤਰ ਬਣਾ ਦਿੱਤਾ ਕਿ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਦਰਮਿਆਨ ਸਹਿਮਤੀ ਬਣਨ ਪਿੱਛੋਂ ਅੰਤਿਮ ਫ਼ੈਸਲਾ ਕੀਤਾ ਜਾਏਗਾ। ਉਸ ਸਮੇਂ ਚੰਡੀਗੜ੍ਹ ਸਮੇਤ ਹੋਰ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਵੀ ਪੰਜਾਬ ਨਾਲੋਂ ਵੱਖ ਕਰ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੁਜਰਾਤੀ ਹਨ। ਉਨ੍ਹਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਗਿਆਨ ਹੈ ਕਿ 1 ਮਈ, 1960 ਨੂੰ ਬੰਬਈ ਰਾਜ ਨੂੰ ਤੋੜ ਕੇ ਬੋਲੀ ਦੇ ਆਧਾਰ 'ਤੇ ਜਦੋਂ ਮਹਾਰਾਸ਼ਟਰ ਤੇ ਗੁਜਰਾਤ ਦੋਵਾਂ ਸੂਬਿਆਂ ਦਾ ਪੁਨਰਗਠਨ ਕੀਤਾ ਗਿਆ ਸੀ ਤਾਂ ਗੁਜਰਾਤ ਲਈ ਅਹਿਮਦਾਬਾਦ ਦੇ ਨੇੜੇ ਨਵੀਂ ਰਾਜਧਾਨੀ ਗਾਂਧੀਨਗਰ ਬਣਾਈ ਗਈ ਸੀ। ਦੇਸ਼ ਦਾ ਪ੍ਰਸ਼ਾਸਨ ਚਲਾਉਣ ਵਾਲੀਆਂ ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਨੂੰ ਸਾਡੀ ਇਹ ਰਾਏ ਹੈ ਕਿ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦੇ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹਾਂ ਪੱਖੋਂ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਵਾਲਾ ਦਰਜਾ ਜ਼ਰੂਰ ਦੇਣ, ਨਾ ਕਿ ਉਹ ਪੰਜਾਬ ਲਈ ਉਸਾਰੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰ ਨਾਲ ਜੋੜਨ ਦਾ ਯਤਨ ਕਰਨ। ਇਸ ਸੰਬੰਧੀ ਉਨ੍ਹਾਂ ਵਲੋਂ ਪਹਿਲਾਂ ਵੀ ਭਾਖੜਾ ਪ੍ਰਬੰਧਕੀ ਬੋਰਡ ਵਿਚ ਤਬਦੀਲੀਆਂ ਕਰਕੇ ਇਸ ਵਿਚੋਂ ਪੰਜਾਬ ਦਾ ਹੱਕ ਘਟਾ ਦਿੱਤਾ ਗਿਆ ਹੈ। ਅੱਜ ਪੰਜਾਬ ਦੇ ਕਾਂਗਰਸੀ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਦੀ ਗੱਲ ਜ਼ਰੂਰ ਕਰਦੇ ਹਨ ਪਰ ਕੇਂਦਰ ਵਿਚ ਕਾਂਗਰਸ ਦੇ ਲੰਬੇ ਸ਼ਾਸਨ ਸਮੇਂ ਇਸ ਪਾਰਟੀ ਨੇ ਵੀ ਪੰਜਾਬ ਤੋਂ ਚੰਡੀਗੜ੍ਹ ਨੂੰ ਤੋੜ ਕੇ ਅਤੇ ਵਿਰਵਿਆਂ ਰੱਖ ਕੇ ਵੱਡੀ ਬੇਇਨਸਾਫ਼ੀ ਕੀਤੀ ਸੀ।
ਪੰਜਾਬ ਪੁਨਰਗਠਨ ਐਕਟ 1966 ਅਨੁਸਾਰ ਹੀ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਨੂੰ 60:40 ਦੇ ਅਨੁਪਾਤ ਦੇ ਹਿਸਾਬ ਨਾਲ ਲਗਾਇਆ ਜਾਂਦਾ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਪਰੰਪਰਾ ਨੂੰ ਭੰਗ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਕਰਮਚਾਰੀਆਂ ਲਈ ਕੇਂਦਰੀ ਸਿਵਲ ਸੇਵਾ ਨਿਯਮ ਲਾਗੂ ਕਰਕੇ ਪੰਜਾਬ ਦੇ ਚੰਡੀਗੜ੍ਹ 'ਤੇ ਅਧਿਕਾਰ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ। ਅਸੀਂ ਇਸ ਗੱਲ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹਾਂ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਭਾਜਪਾ ਤੋਂ ਇਲਾਵਾ ਸਾਰੀਆਂ ਪਾਰਟੀਆਂ ਦੇ ਚੁਣੇ ਗਏ ਪ੍ਰਤੀਨਿਧੀਆਂ ਨੇ ਪੰਜਾਬ ਦੇ ਹਿਤਾਂ ਨਾਲ ਖੜ੍ਹੇ ਹੋਣ ਨੂੰ ਤਰਜੀਹ ਦਿੱਤੀ ਹੈ ਅਤੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਲਈ ਸਾਂਝੇ ਯਤਨ ਕਰਨ ਦਾ ਅਹਿਦ ਕੀਤਾ ਹੈ। ਪਰ ਅੱਜ ਵੀ ਪੰਜਾਬ ਭਾਜਪਾਈ ਉਹੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ, ਜਿਸ ਨੇ ਪੰਜਾਬ ਨੂੰ ਪਹਿਲਾਂ ਹੀ ਅੱਧਾ-ਅਧੂਰਾ ਬਣਾ ਦਿੱਤਾ ਸੀ। ਅਸੀਂ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਇਹ ਅਜਿਹੀਆਂ ਕਾਰਵਾਈਆਂ ਨਾ ਕਰੇ ਜੋ ਇਸ ਖਿੱਤੇ ਵਿਚ ਹੋਰ ਅਸ਼ਾਂਤੀ ਪੈਦਾ ਕਰਨ ਦਾ ਕਾਰਨ ਬਣਨ। ਪਹਿਲਾਂ ਹੀ ਇਸ ਖਿੱਤੇ ਦਾ ਏਨਾ ਵੱਡਾ ਨੁਕਸਾਨ ਹੋ ਚੁੱਕਾ ਹੈ, ਜਿਸ ਦੀ ਭਰਪਾਈ ਛੇਤੀ ਕੀਤਿਆਂ ਹੋਣ ਵਾਲੀ ਨਹੀਂ ਹੈ।
-ਬਰਜਿੰਦਰ ਸਿੰਘ ਹਮਦਰਦ
ਆਦਿ ਕਾਲ ਤੋਂ ਅੱਜ ਤੱਕ ਦੀ ਸੱਭਿਅਤਾ ਤੱਕ ਮਨੁੱਖ ਨੇ ਆਪਣੀ ਵਰਤੋਂ ਲਈ ਹਜ਼ਾਰਾਂ ਵਸਤਾਂ ਬਣਾਈਆਂ ਪਰ ਉਸ ਦੀ ਹੁਣ ਤੱਕ ਦੀ ਸਭ ਤੋਂ ਉੱਤਮ ਕਿਰਤ ਕਿਤਾਬ ਹੈ।
ਕਈ ਸਦੀਆਂ ਦੇ ਯਤਨਾਂ ਮਗਰੋਂ ਮਨੁੱਖ ਅੱਖਰ ਬਣਤਰ ਤੱਕ ਪਹੁੰਚਿਆ। ਅੱਖਰਾਂ ਤੋਂ ਸ਼ਬਦ ਬਣੇ, ਸ਼ਬਦਾਂ ਤੋਂ ਵਾਕ ...
ਰਮਜ਼ਾਨ-ਉਲ-ਮੁਬਾਰਕ 'ਤੇ ਵਿਸ਼ੇਸ਼
ਰੋਜ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਅਰਥ ਹੈ 'ਵਰਤ, ਫਾਕਾ, ਪਹੁ ਫੁੱਟਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਖਾਣ-ਪੀਣ ਆਦਿ ਤੋਂ ਰੁਕਣਾ'। ਅਰਬੀ ਭਾਸ਼ਾ ਵਿਚ ਰੋਜ਼ੇ ਨੂੰ ਸੌਮ ਕਹਿੰਦੇ ਹਨ ਜਿਸ ਦਾ ਆਮ ਅਰਥ ਹੈ 'ਰੁਕਣਾ' 'ਰੋਜ਼ੇ' ਦੀ ਨੀਅਤ ਦੇ ...
ਮੇਰਾ ਇਸ ਵਰ੍ਹੇ ਦਾ ਹਾਸਲ ਲਾਹੌਰੀਏ ਅਮਾਨਤ ਅਲੀ ਵਲੋਂ ਮੈਨੂੰ ਲੱਭਣਾ ਹੈ; ਸ਼ਾਇਦ ਗੁਰਭਜਨ ਗਿੱਲ ਰਾਹੀਂ। ਉਹ 55 ਸਾਲ ਦਾ ਹੈ ਪਰ ਜਦੋਂ ਵੀ ਮੈਨੂੰ ਟੈਲੀਫੋਨ ਕਰਦਾ ਹੈ ਬੜੇ ਆਦਰਮਾਣ ਨਾਲ ਬਾਪੂ ਜੀ ਕਹਿੰਦਾ ਹੈ। ਉਂਝ ਉਸ ਦੇ ਪਿਤਾ ਦਾ ਨਾਂਅ ਮੁਹੰਮਦ ਹੁਸੈਨ ਹੈ ਜੋ ਕਿੱਕਰ ...
ਹਾਲ ਹੀ 'ਚ ਹੋਈਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ, ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਦੀ ਅਗਵਾਈ ਕਰਨ ਦੀ ਉਸ ਦੀ ਸਮਰੱਥਾ ਬਾਰੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮੌਕੇ ਨੂੰ ਤਾੜਦਿਆਂ ਐਨ.ਸੀ.ਪੀ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX