• ਮੁੰਡਕਾ ਮੈਟਰੋ ਸਟੇਸ਼ਨ ਨੇੜੇ ਵਪਾਰਕ ਇਮਾਰਤ 'ਚ ਵਾਪਰਿਆ ਹਾਦਸਾ • ਪ੍ਰਧਾਨ ਮੰਤਰੀ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50 -50 ਹਜ਼ਾਰ ਮੁਆਵਜ਼ੇ ਦਾ ਐਲਾਨ
ਨਵੀਂ ਦਿੱਲੀ, 13 ਮਈ (ਏਜੰਸੀਆਂ)-ਪੱਛਮੀ ਦਿੱਲੀ ਸਥਿਤ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਇਕ ਚਾਰ ਮੰਜ਼ਿਲਾਂ ਵਪਾਰਕ ਇਮਾਰਤ ਨੂੰ ਲੱਗੀ ਭਿਆਨਕ ਅੱਗ ਕਾਰਨ 27 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 12 ਹੋਰ ਜ਼ਖ਼ਮੀ ਹੋ ਗਏ | ਪੁਲਿਸ ਅਨੁਸਾਰ ਅੱਗ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿਥੇ ਸੀ. ਸੀ. ਟੀ. ਵੀ. ਤੇ ਰੂਟਰ ਦਾ ਨਿਰਮਾਣ ਕਰਨ ਵਾਲੀ ਕੰਪਨੀ ਹੈ | ਪੁਲਿਸ ਨੇ ਦੱਸਿਆ ਕਿ ਕੰਪਨੀ ਦੇ ਮਾਲਕਾਂ ਹਰੀਸ਼ ਗੋਇਲ ਅਤੇ ਵਰੁਨ ਗੋਇਲ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ | ਇਮਾਰਤ ਦੇ ਮਾਲਕ ਦੀ ਪਛਾਣ ਮਨੀਸ਼ ਲਾਕੜਾ ਵਜੋਂ ਹੋਈ ਹੈ, ਜੋ ਇਮਾਰਤ ਦੀ ਸਭ ਤੋਂ ਉੱਪਰਲੀ ਮੰਜ਼ਿਲ 'ਤੇ ਰਹਿੰਦਾ ਸੀ ਅਤੇ ਉਸ ਖ਼ਿਲਾਫ਼ ਵੀ ਐਫ. ਆਈ. ਆਰ ਦਰਜ ਕੀਤੀ ਜਾ ਰਹੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਮਿ੍ਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ | ਦਿੱਲੀ ਦੇ ਫਾਇਰ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਅੱਗ ਦੀ ਭੇਟ ਚੜ੍ਹੀ ਇਮਾਰਤ 'ਚੋਂ ਹੁਣ ਤੱਕ 27 ਮਿ੍ਤਕ ਦੇਹਾਂ ਮਿਲ ਚੁੱਕੀਆਂ ਹਨ ਤੇ 12 ਜਣਿਆਂ ਦੀ ਹਾਲਤ ਗੰਭੀਰ ਹੈ | 60 ਤੋਂ ਵੱਧ ਵਿਅਕਤੀਆਂ ਨੂੰ ਬਚਾਇਆ ਗਿਆ ਹੈ | ਜ਼ਖ਼ਮੀਆਂ ਨੂੰ ਸੰਜੇ ਗਾਂਧੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪੂਰੀ ਇਮਾਰਤ 'ਚ ਧੂੰਆਂ ਫੈਲ ਜਾਣ ਕਾਰਨ ਕਈ ਵਿਅਕਤੀਆਂ ਨੇ ਖਿੜਕੀਆਂ ਤੋਂ ਛਾਲਾਂ ਮਾਰ ਦਿੱਤੀਆਂ ਤੇ ਕਈ ਰੱਸੀਆਂ ਦੀ ਮਦਦ ਨਾਲ ਇਮਾਰਤ 'ਚੋਂ ਬਾਹਰ ਆਏ | ਇਸ ਦੌਰਾਨ ਕੁਝ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਅੱਗ ਬੁਝਣ ਤੋਂ ਬਾਅਦ ਫੇਰ ਭੜਕ ਗਈ | ਐਨ. ਡੀ. ਆਰ. ਐਫ. ਦੀ ਟੀਮ ਵੀ ਘਟਨਾ ਸਥਾਨ 'ਤੇ ਪੁੱਜ ਕੇ ਬਚਾਅ ਕਾਰਜਾਂ 'ਚ ਜੁੱਟ ਗਈ | ਉਨ੍ਹਾਂ ਦੱਸਿਆ ਅੱਗ ਲੱਗਣ ਦੀ ਸੂਚਨਾ ਉਨ੍ਹਾਂ ਨੂੰ ਬਾਅਦ ਦੁਪਹਿਰ ਕਰੀਬ 4:45 ਵਜੇ ਮਿਲੀ ਸੀ ਤੇ 30 ਅੱਗ ਬੁਝਾਊ ਗੱਡੀਆਂ ਨੇ ਘਟਨਾ ਸਥਾਨ 'ਤੇ ਪੁੱਜ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ | ਇਹ ਪਤਾ ਲੱਗਾ ਹੈ ਕਿ ਇਮਾਰਤ ਵਿਚ ਨਿਕਾਸੀ ਲਈ ਵੱਖਰਾ ਰਸਤਾ ਨਹੀਂ ਸੀ ਜਿਸ ਕਾਰਨ ਬਚਾਅ ਕਾਰਜਾਂ 'ਚ ਸਮੱਸਿਆ ਆਈ | ਜਾਣਕਾਰੀ ਅਨੁਸਾਰ ਇਮਾਰਤ 'ਚ ਵਪਾਰਕ ਅਦਾਰੇ ਹਨ ਤੇ ਵੱਖ-ਵੱਖ ਕੰਪਨੀਆਂ ਨੂੰ ਦਫ਼ਤਰੀ ਕੰਮ ਲਈ ਕਿਰਾਏ 'ਤੇ ਥਾਂ ਦਿੱਤੀ ਹੋਈ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਉਨ੍ਹਾਂ ਕਿਹਾ ਕਿ ਮੈਂ ਲਗਾਤਾਰ ਅਧਿਕਾਰੀਆਂ ਦੇ ਸੰਪਰਕ 'ਚ ਹਾਂ | ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਘਟਨਾ ਸਥਾਨ 'ਤੇ ਪੁੱਜ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ | ਉਨ੍ਹਾਂ ਰਾਤ ਕਰੀਬ 10:50 ਵਜੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ |
ਕੈਨੇਡਾ 'ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਰਚੀ ਸੀ ਸਾਜਿਸ਼
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 13 ਮਈ- ਪੰਜਾਬ ਪੁਲਿਸ ਮੁਖੀ ਡੀ.ਜੀ.ਪੀ. ਵੀ.ਕੇ. ਭਾਵਰਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਮੁਹਾਲੀ ਧਮਾਕੇ ਨੂੰ ਲੈ ਕੇ ਕਈ ਅਹਿਮ ਖ਼ੁਲਾਸੇ ਕੀਤੇ | ਉਨ੍ਹਾਂ ਕਿਹਾ ਕਿ ਮੁਹਾਲੀ ਵਿਚ ਸਥਿਤ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਅੱਤਵਾਦੀ ਹਮਲਾ ਹੋਇਆ ਹੈ, ਜਿਸ ਨੂੰ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ) ਅਤੇ ਪੰਜਾਬ 'ਚ ਸਰਗਰਮ ਗੈਂਗਸਟਰਾਂ ਨੇ ਅੰਜਾਮ ਦਿੱਤਾ ਹੈ | ਡੀ.ਜੀ.ਪੀ. ਨੇ ਕਿਹਾ ਕਿ ਹਮਲੇ ਦੀ ਸਾਜਿਸ਼ ਕੈਨੇਡਾ ਵਿਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਰਚੀ ਹੈ ਜੋ 2017 ਵਿਚ ਕੈਨੇਡਾ ਚਲਾ ਗਿਆ ਸੀ, ਉਸ ਨੇ ਹੀ ਹਮਲਾਵਰਾਂ ਨੂੰ ਆਰ.ਪੀ.ਜੀ., ਏ.ਕੇ.-47 ਅਤੇ ਅਪਰਾਧੀਆਂ ਦੇ ਸਥਾਨਕ ਨੈੱਟਵਰਕ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਸੀ | ਉਨ੍ਹਾਂ ਕਿਹਾ ਕਿ ਲੰਡਾ ਪਾਕਿਸਤਾਨ ਆਧਾਰਿਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਨਜ਼ਦੀਕੀ ਸਾਥੀ ਹੈ, ਜਿਸ ਦੇ ਬੱਬਰ ਖ਼ਾਲਸਾ ਨਾਲ ਸੰਬੰਧ ਹਨ | ਡੀ.ਜੀ.ਪੀ. ਵੀ.ਕੇ ਭਾਵਰਾ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿਚ 6 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਹਾਲਾਂਕਿ ਰਾਕਟ ਦਾਗ਼ਣ ਵਾਲਾ ਮੁੱਖ ਹਮਲਾਵਰ ਅਜੇ ਤੱਕ ਪੰਜਾਬ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ, ਜਿਸ ਦੀ ਭਾਲ ਜਾਰੀ ਹੈ | ਡੀ.ਜੀ.ਪੀ. ਨੇ ਦਾਅਵਾ ਕੀਤਾ ਕਿ ਹਮਲੇ ਵਿਚ ਸ਼ਾਮਿਲ ਬਾਕੀ ਦੋਸ਼ੀਆਂ ਨੂੰ ਵੀ ਛੇਤੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵਲੋਂ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਨਿਸ਼ਾਨ ਸਿੰਘ ਵਾਸੀ ਪਿੰਡ ਕੁੱਲਾ, ਭਿੱਖੀਵਿੰਡ, ਤਰਨ ਤਾਰਨ ਵਜੋਂ ਹੋਈ ਹੈ | ਐਸ.ਏ.ਐਸ. ਨਗਰ ਦੇ ਸੈਕਟਰ 85 ਵਿਚ ਵੇਵ ਅਸਟੇਟ ਦੇ ਜਗਦੀਪ ਸਿੰਘ ਕੰਗ, ਅੰਮਿ੍ਤਸਰ ਦੇ ਗੰੁਮਟਾਲਾ ਦੇ ਕੰਵਰਜੀਤ ਸਿੰਘ ਉਰਫ਼ ਕੰਵਰ ਬਾਠ, ਬਲਜਿੰਦਰ ਸਿੰਘ ਉਰਫ਼ ਰੈਂਬੋ ਵਾਸੀ ਪੱਟੀ, ਤਰਨ ਤਾਰਨ, ਬਲਜੀਤ ਕੌਰ ਉਰਫ਼ ਸੁੱਖੀ ਵਾਸੀ ਕੋਟ ਖ਼ਾਲਸਾ, ਅੰਮਿ੍ਤਸਰ ਅਤੇ ਅਨੰਤ ਦੀਪ ਸਿੰਘ ਉਰਫ਼ ਸੋਨੂੰ ਜੇ ਗੁਰੂ ਨਾਨਕ ਕਾਲੋਨੀ, ਅੰਮਿ੍ਤਸਰ ਵਜੋਂ ਹੋਈ ਹੈ | ਇਨ੍ਹਾਂ ਕੋਲੋਂ 2 ਕਾਰਾਂ, ਐਸ.ਯੂ.ਵੀ., ਟੋਇਟਾ, ਫਾਰਚੂਨਰ ਅਤੇ ਹੈਚਬੈਕ ਮਾਰੂਤੀ ਸਵਿਫ਼ਟ ਵੀ ਬਰਾਮਦ ਕੀਤੀਆਂ ਗਈਆਂ ਹਨ | 6ਵਾਂ ਦੋਸ਼ੀ ਨਿਸ਼ਾਨ ਸਿੰਘ ਹੈ, ਜਿਸ ਨੂੰ ਪੁਲਿਸ ਨੇ ਪਹਿਲਾਂ ਹੀ ਇਕ ਹੋਰ ਦੂਜੇ ਕੇਸ 'ਚ ਗਿ੍ਫ਼ਤਾਰ ਕਰ ਰੱਖਿਆ ਹੈ ਅਤੇ ਇਸ ਕੇਸ ਵਿਚ ਵੀ ਪੁਲਿਸ ਨੇ ਨਿਸ਼ਾਨ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਮਾਮਲੇ 'ਚ ਪੁਲਿਸ ਵਲੋਂ 2 ਕਾਰਾਂ ਅਤੇ ਆਰ.ਪੀ.ਜੀ. ਦੀ ਸਲੀਵ ਬਰਾਮਦ ਕੀਤੀ ਹੈ | ਹਮਲੇ 'ਚ ਸ਼ਾਮਿਲ ਚੜ੍ਹਤ ਸਿੰਘ ਸਮੇਤ ਤਿੰਨ ਮੁਲਜ਼ਮਾਂ ਦੀ ਤਲਾਸ਼ ਚੱਲ ਰਹੀ ਹੈ | ਉਨ੍ਹਾਂ ਇਕ ਹੋਰ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਨੋਇਡਾ ਤੋਂ ਮੁਹੰਮਦ ਨਸੀਮ ਆਲਮ ਅਤੇ ਮੁਹੰਮਦ ਸਰਫ਼ਰਾਜ਼ ਨੂੰ ਵੀ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ ਅਤੇ ਇਨ੍ਹਾਂ ਤੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਆਲਮ ਅਤੇ ਸਰਫ਼ਰਾਜ਼ ਦੋਵੇਂ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ | ਡੀ.ਜੀ.ਪੀ. ਭਾਵਰਾ ਨੇ ਦੱਸਿਆ ਕਿ ਲੰਡਾ ਨੇ ਨਿਸ਼ਾਨ ਸਿੰਘ ਨੂੰ ਆਰ.ਪੀ.ਜੀ. ਉਪਲਬਧ ਕਰਵਾਇਆ ਸੀ | ਇਹ ਰੂਸ ਜਾਂ ਬੇਲਾਰੂਸ ਨਿਰਮਿਤ ਹੈ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਤੋਂ ਡਰੋਨ ਦੇ ਜਰੀਏ ਪੰਜਾਬ ਪਹੁੰਚਾਇਆ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਹਰਵਿੰਦਰ ਸਿੰਘ ਰਿੰਦਾ ਦੇ ਜਰੀਏ ਹੀ ਸੀਮਾ ਪਾਰ ਤੋਂ ਡਰੋਨ ਦੀ ਮਦਦ ਨਾਲ ਪੰਜਾਬ ਵਿਚ ਹਥਿਆਰ ਪਹੁੰਚੇ ਹਨ | ਮਿਲੀ ਜਾਣਕਾਰੀ ਅਨੁਸਾਰ 7 ਮਈ ਨੂੰ ਹਮਲਾਵਰ ਮੁਹਾਲੀ ਪੁੱਜੇ | ਇੱਥੇ ਮੁਹਾਲੀ ਦੇ ਵੇਬ ਅਸਟੇਟ ਵਿਚ ਰਹਿਣ ਵਾਲੇ ਜਗਦੀਪ ਕੰਗ ਨੇ ਇਨ੍ਹਾਂ ਦੀ ਮਦਦ ਕੀਤੀ | ਇੱਥੇ ਚੜ੍ਹਤ ਸਿੰਘ ਅਤੇ ਜਗਦੀਪ ਕੰਗ ਨੇ ਲਗਾਤਾਰ ਤਿੰਨ ਦਿਨ ਤੱਕ ਹੈੱਡਕੁਆਰਟਰ ਦੀ ਰੇਕੀ ਕੀਤੀ ਅਤੇ ਵਾਰਦਾਤ ਤੋਂ ਬਾਅਦ ਭੱਜਣ ਦੇ ਰਸਤਿਆਂ ਦੀ ਪਹਿਚਾਣ ਕੀਤੀ | ਇਸ ਤੋਂ ਬਾਅਦ 9 ਮਈ ਨੂੰ ਹਮਲਾ ਕਰ ਦਿੱਤਾ ਗਿਆ | ਪੁਲਿਸ ਮੁਖੀ ਨੇ ਕਿਹਾ ਕਿ ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉੱਥੇ ਕੋਈ ਅਧਿਕਾਰੀ ਮੌਜੂਦ ਨਹੀਂ ਸੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਹਮਲਾ ਇਕ ਸੰਦੇਸ਼ ਦੇਣ ਲਈ ਕੀਤਾ ਗਿਆ ਸੀ | ਗੁਰਪਤਵੰਤ ਸਿੰਘ ਪੰਨੂ ਨਾਲ ਕਿਸੇ ਸੰਬੰਧ ਬਾਰੇ ਉਨ੍ਹਾਂ ਇਨਕਾਰ ਕਰ ਦਿੱਤਾ |
ਯੂ-ਟਿਊਬ 'ਤੇ ਵੀ ਮਿਲ ਜਾਂਦੀ ਹੈ ਬੜੀ ਜਾਣਕਾਰੀ
ਪੰਜਾਬ ਪੁਲਿਸ ਮੁਖੀ ਵੀ.ਕੇ ਭਾਵਰਾ ਨੂੰ ਜਦੋਂ ਪੁੱਛਿਆ ਗਿਆ ਕਿ ਮੁਹਾਲੀ ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਿਖਲਾਈ ਕਿਥੋਂ ਮਿਲੀ ਤਾਂ ਉਨ੍ਹਾਂ ਕਿਹਾ ਕਿ ਅੱਜ ਕਲ੍ਹ ਤਾਂ ਯੂ-ਟਿਊਬ ਉੱਤੇ ਹੀ ਬੜੀ ਜਾਣਕਾਰੀ ਮਿਲ ਜਾਂਦੀ ਹੈ ਪਰ ਫਿਰ ਵੀ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਹੋਣ 'ਤੇ ਉਸ ਨੂੰ ਜ਼ਰੂਰ ਸਾਂਝਾ ਕੀਤਾ ਜਾਵੇਗਾ |
ਕੌਣ ਹੈ ਲਖਬੀਰ ਸਿੰਘ ਲੰਡਾ?
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਰਨ ਤਾਰਨ ਦਾ ਮੂਲ ਨਿਵਾਸੀ ਲਖਬੀਰ ਸਿੰਘ ਲੰਡਾ ਪੁਰਾਣਾ ਗੈਂਗਸਟਰ ਹੈ | ਉਸ ਖ਼ਿਲਾਫ਼ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ | ਉਹ ਕੈਨੇਡਾ ਵਿਚ ਬੈਠ ਕੇ ਪੰਜਾਬ 'ਚ ਡਾਕਟਰਾਂ, ਬਿਜ਼ਨਸਮੈਨ ਅਤੇ ਗਾਇਕਾਂ ਨੂੰ ਵਸੂਲੀ ਲਈ ਧਮਕਾਉਂਦਾ ਹੈ | ਪੁਲਿਸ ਦਾ ਦਬਾਅ ਵਧਣ 'ਤੇ ਉਹ ਸਾਲ 2017 ਵਿਚ ਕੈਨੇਡਾ ਭੱਜ ਗਿਆ | 2021 ਵਿਚ ਵੀ ਉਸ ਖ਼ਿਲਾਫ਼ ਕੁਝ ਮਾਮਲੇ ਦਰਜ ਕੀਤੇ ਗਏ ਹਨ |
ਚੰਡੀਗੜ੍ਹ, 13 ਮਈ (ਪ੍ਰੋ. ਅਵਤਾਰ ਸਿੰਘ)-ਜੇਕਰ ਪਿਛਲੇ ਕੁਝ ਸਮੇਂ 'ਤੇ ਝਾਤੀ ਮਾਰੀ ਜਾਵੇ ਤਾਂ ਲਗਦੈ ਕਿ ਪੰਜਾਬ ਸਰਕਾਰ 'ਚ ਅਕਸਰ ਹੀ ਆਪਣੇ ਫ਼ੈਸਲੇ ਬਦਲਣ ਦੀ ਰਵਾਇਤ ਪੈ ਚੁੱਕੀ ਹੈ | ਸਰਕਾਰ ਵਲੋਂ ਆਏ ਦਿਨ ਨਿੱਤ ਨਵੇਂ ਫ਼ੈਸਲੇ ਲਾਗੂ ਕੀਤੇ ਜਾਂਦੇ ਹਨ ਅਤੇ ਤੁਰੰਤ ਕੁਝ ਦਿਨਾਂ ਬਾਅਦ ਹੀ ਆਪਣੇ ਫ਼ੈਸਲੇ ਬਦਲ ਦਿੱਤੇ ਜਾਂਦੇ ਹਨ | ਇਸ ਤਰ੍ਹਾਂ ਕਰਨ ਨਾਲ ਸੰਬੰਧਿਤ ਵਿਭਾਗਾਂ 'ਤੇ ਸਰਕਾਰ ਦਾ ਕੀ ਅਸਰ ਪੈਂਦਾ ਹੋਵੇਗਾ ਇਹ ਸਮਾਂ ਹੀ ਦੱਸੇਗਾ | ਇਸੇ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ 29 ਅਪ੍ਰੈਲ ਨੂੰ ਸੂਬੇ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ ਤੱਕ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਪ੍ਰੰਤੂ ਇਨ੍ਹਾਂ ਹੁਕਮਾਂ ਨੂੰ ਬਦਲਦਿਆਂ ਅੱਜ ਫਿਰ ਦੁਬਾਰਾ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਇਹ ਗਰਮੀਆਂ ਦੀਆਂ ਛੁੱਟੀਆਂ 15 ਮਈ ਤੋਂ 30 ਜੂਨ ਤੱਕ ਦੀ ਬਜਾਏ ਹੁਣ 1 ਜੂਨ ਤੋਂ 30 ਜੂਨ ਤੱਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਇਸ ਤਰ੍ਹਾਂ ਕਰਨ ਨਾਲ ਜਿੱਥੇ ਵਿਭਾਗ 'ਤੇ ਵੀ ਕੋਈ ਬਹੁਤਾ ਵਧੀਆ ਅਸਰ ਨਹੀਂ ਪੈਂਦਾ ਉਥੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ 'ਤੇ ਵੀ ਸਰਕਾਰ ਦਾ ਚੰਗਾ ਪ੍ਰਭਾਵ ਨਹੀਂ ਪੈਂਦਾ | ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪਹਿਲੇ ਹੁਕਮਾਂ 'ਚ ਸਰਕਾਰ ਨੇ ਗਰਮੀ ਦੇ ਵਧਣ ਕਰਕੇ ਛੁੱਟੀਆਂ 15 ਮਈ ਤੋਂ ਕੀਤੀਆਂ ਸਨ ਪਰ ਕੀ ਕਾਰਨ ਹੈ ਕਿ ਹੁਣ ਪੰਜਾਬ ਵਿਚ ਗਰਮੀਂ ਘਟ ਗਈ ਹੈ? ਉਧਰ ਦੂਜੇ ਪਾਸੇ ਸਰਕਾਰ ਵਲੋਂ ਜਾਰੀ ਇਕ ਪ੍ਰੈੱਸ ਨੋਟ ਰਾਹੀਂ ਕਿਹਾ ਗਿਆ ਹੈ ਕਿ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਮੰਗ ਕਾਰਨ ਗਰਮੀ ਦੀਆਂ ਛੁੱਟੀਆਂ ਘਟਾਈਆਂ ਗਈਆਂ ਹਨ | ਅੱਜ ਇੱਥੇ ਜਾਰੀ ਪੈੱ੍ਰਸ ਬਿਆਨ ਵਿਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ 2 ਸਾਲ ਸਕੂਲਾਂ ਅੰਦਰ ਆਫਲਾਈਨ ਕਲਾਸਾਂ ਨਾ ਲੱਗਣ ਕਾਰਨ ਹੋਏ ਪੜ੍ਹਾਈ ਦੇ ਨੁਕਸਾਨ ਹੋਣ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਵਾਂਗ ਹੀ ਕਰੇ ਅਤੇ ਆਨਲਾਈਨ ਕਲਾਸਾਂ ਤੋਂ ਗੁਰੇਜ਼ ਕਰੇ | ਉਨ੍ਹਾਂ ਕਿਹਾ ਕਿ 15 ਤੋਂ 31 ਮਈ ਤੱਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿਚ ਹੁਣ ਆਫ਼ਲਾਈਨ ਮੋਡ ਵਿਚ ਕਲਾਸਾਂ ਲੱਗਣਗੀਆਂ | ਪ੍ਰੈੱਸ ਬਿਆਨ ਵਿਚ ਇਹ ਵੀ ਕਿਹਾ ਗਿਆ ਕਿ 15 ਤੋਂ 31 ਮਈ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਤੱਕ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 12.30 ਵਜੇ ਤੱਕ ਰਹੇਗਾ |
ਸ੍ਰੀਨਗਰ, 13 ਮਈ (ਮਨਜੀਤ ਸਿੰਘ)-ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤਾਇਬਾ ਨਾਲ ਸੰਬੰਧਿਤ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ, ਜੋ ਇਕ ਦਿਨ ਪਹਿਲਾਂ ਜੰਮੂ-ਕਸ਼ਮੀਰ 'ਚ ਕਸ਼ਮੀਰੀ ਪੰਡਿਤ ਤੇ ਸਰਕਾਰੀ ਕਰਮਚਾਰੀ ਰਾਹੁਲ ਭੱਟ ਦੀ ਉਸ ਦੇ ਦਫ਼ਤਰ 'ਚ ਹੱਤਿਆ ਕਰਨ 'ਚ ਸ਼ਾਮਿਲ ਸਨ | ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅੱਤਵਾਦੀ ਹਾਲ ਹੀ 'ਚ ਜੰਮੂ-ਕਸ਼ਮੀਰ 'ਚ ਘੁਸਪੈਠ ਕਰਕੇ ਆਏ ਸਨ ਅਤੇ ਦੋ ਦਿਨ ਪਹਿਲਾਂ ਇਕ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੂੰ ਚਕਮਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਏ ਸਨ | ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਕਸ਼ਮੀਰੀ ਪੰਡਿਤ ਦੀ ਹੱਤਿਆ ਤੋਂ ਬਾਅਦ ਸੁਰੱਖਿਆ ਬਲਾਂ ਵਲੋਂ ਉਕਤ ਅੱਤਵਾਦੀਆਂ ਦਾ ਤੇਜ਼ੀ ਨਾਲ ਪਿੱਛਾ ਕਰਦਿਆਂ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਅਰਗਾਮ ਖੇਤਰ 'ਚ ਦੋਵਾਂ ਨੂੰ ਘੇਰ ਲਿਆ ਗਿਆ, ਜਿਸ ਦੌਰਾਨ ਹੋਏ ਮੁਕਾਬਲੇ ਦੌਰਾਨ ਦੋਵਾਂ ਨੂੰ ਹਲਾਕ ਕਰ ਦਿੱਤਾ ਗਿਆ | ਪੁਲਿਸ ਬੁਲਾਰੇ ਨੇ ਦੱਸਿਆ ਕਿ ਮਾਰੇ ਗਏ ਪਾਕਿ ਅੱਤਵਾਦੀ ਲਤੀਫ ਰਾਥਰ ਉਰਫ਼ ਓਸਾਮਾ ਨਾਂਅ ਦੇ ਸਥਾਨਕ ਅੱਤਵਾਦੀ, ਜੋ ਕਿ ਸ੍ਰੀਨਗਰ ਅਤੇ ਬਡਗਾਮ 'ਚ ਪਿਛਲੇ ਦੋ ਮਹੀਨਿਆਂ 'ਚ ਅੱਤਵਾਦੀ ਘਟਨਾਵਾਂ 'ਚ ਸ਼ਾਮਿਲ ਸੀ, ਦਾ ਪਤਾ ਲਗਾਉਣ ਦੌਰਾਨ ਸੁਰੱਖਿਆ ਬਲਾਂ ਦੀ ਰਾਡਾਰ 'ਤੇ ਆਏ ਸਨ | ਬੁਲਾਰੇ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਬਾਂਦੀਪੋਰਾ ਦੇ ਸਲੰਦਰ ਖੇਤਰ 'ਚ ਰਾਠਰ ਦੀਆਂ ਗਤੀਵਿਧੀ ਦੀ ਪੁਸ਼ਟੀ ਕੀਤੀ ਗਈ ਸੀ, ਜਿਥੇ ਉਹ ਲਸ਼ਕਰ-ਏ-ਤਾਇਬਾ ਦੇ ਅੱਤਵਾਦੀਆਂ ਦੇ ਇਕ ਤਾਜ਼ਾ ਸਮੂਹ ਨੂੰ ਲੈਣ ਗਿਆ ਸੀ, ਜੋ ਕੇਂਦਰ ਸ਼ਾਸਤ ਪ੍ਰਦੇਸ਼ 'ਚ ਘੁਸਪੈਠ ਕਰਕੇ ਆਏ ਸਨ |
ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਇਤਰਾਜ਼ਯੋਗ ਪੋਸਟਰ ਲਗਵਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰਨ ਸੰਬੰਧੀ ਥਾਣਾ ਬਾਜਾਖਾਨਾ (ਫ਼ਰੀਦਕੋਟ) ਵਿਖੇ 2015 'ਚ ਦਰਜ ਹੋਏ ਮਾਮਲਿਆਂ 'ਚ ਸਾਜਿਸ਼ਕਾਰ ਵਜੋਂ ਨਾਮਜ਼ਦ ਮੁਲਜ਼ਮ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੋਨਿਕਾ ਲਾਂਬਾ ਵਲੋਂ ਰਾਹਤ ਦਿੰਦੇ ਹੋਏ ਚਲਦੇ ਮੁਕੱਦਮੇ ਤੱਕ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ | ਇਸ ਦੇ ਬਾਵਜੂਦ ਡੇਰਾ ਮੁਖੀ 4 ਹੋਰ ਸੰਗੀਨ ਮਾਮਲਿਆਂ 'ਚ ਹਰਿਆਣਾ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਯਾਫ਼ਤਾ ਹਨ | ਉਹ ਬਾਹਰ ਨਹੀਂ ਆ ਸਕਣਗੇ | ਇਨ੍ਹਾਂ ਮਾਮਲਿਆਂ 'ਚ ਪੱਤਰਕਾਰ ਛਤਰਪਤੀ, 2 ਮਾਮਲੇ ਜਬਰ ਜਨਾਹ ਅਤੇ ਚੌਥਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦਾ ਸ਼ਾਮਿਲ ਹੈ | ਵਿਸ਼ੇਸ਼ ਜਾਂਚ ਟੀਮ ਡੇਰਾ ਮੁਖੀ ਨੂੰ 2015 'ਚ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ, ਇਸ ਦੇ ਅੰਗ ਗਲੀਆਂ ਵਿਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿਚ ਮੁੱਖ ਸਾਜਿਸ਼ਕਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ | ਇਨ੍ਹਾਂ ਤਿੰਨੇ ਮਾਮਲਿਆਂ 'ਚ ਜਾਂਚ ਟੀਮ ਵਲੋਂ ਅਦਾਲਤ 'ਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਿਆ ਹੈ | ਅੱਜ ਅਦਾਲਤ ਵਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਇਤਰਾਜ਼ਯੋਗ ਪੋਸਟਰ ਲਗਵਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰਨ ਦੇ ਮਾਮਲੇ ਵਿਚ ਚਲਦੇ ਮੁਕੱਦਮੇ ਤੱਕ ਜ਼ਮਾਨਤ ਦੇ ਦਿੱਤੀ ਹੈ | ਅਦਾਲਤ ਨੇ ਆਪਣੇ ਹੁਕਮ ਵਿਚ ਡੇਰਾ ਮੁਖੀ ਨੂੰ ਸ਼ਰਤਾਂ ਤਹਿਤ ਜ਼ਮਾਨਤ ਦਿੰਦਿਆਂ ਕਿਹਾ ਕਿ ਉਹ ਜੇਕਰ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਉਂਦੇ ਹਨ ਤਾਂ ਕਿਸੇ ਵੀ ਤਰ੍ਹਾਂ ਦੇ ਮਾਮਲੇ ਦੀ ਸੁਣਵਾਈ ਨੂੰ ਪ੍ਰਭਾਵਿਤ ਨਹੀਂ ਕਰਨਗੇ ਅਤੇ ਬਿਨਾਂ ਆਗਿਆ ਵਿਦੇਸ਼ ਨਹੀਂ ਜਾ ਸਕਦੇ | ਅਦਾਲਤ ਨੇ ਡੇਰਾ ਮੁਖੀ ਨੂੰ ਲੋੜ ਪੈਣ 'ਤੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦੇ ਵੀ ਨਿਰਦੇਸ਼ ਦਿੱਤੇ ਹਨ |
ਬਹਿਬਲ ਕਲਾਂ ਗੋਲੀ ਕਾਂਡ ਦੀ ਸੁਣਵਾਈ 4 ਜੂਨ ਤੱਕ ਟਲੀ
ਇਸੇ ਤਰ੍ਹਾਂ ਪਿੰਡ ਬਹਿਬਲ ਕਲਾਂ ਵਿਖੇ ਅਕਤੂਬਰ 2015 'ਚ ਵਾਪਰੇ ਗੋਲੀਕਾਂਡ ਸੰਬੰਧੀ ਅੱਜ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ 'ਚ ਸੁਣਵਾਈ ਹੋਈ | ਸੁਣਵਾਈ ਦੌਰਾਨ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ | ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਹੁਣ 4 ਜੂਨ ਤੱਕ ਮੁਲਤਵੀ ਕਰਦਿਆਂ ਮੁਲਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਅਗਲੀ ਤਰੀਕ ਤੱਕ ਪੇਸ਼ੀ 'ਤੇ ਅਦਾਲਤ ਵਿਚ ਪੇਸ਼ ਹੋਣ ਤਾਂ ਕਿ ਮੁਕੱਦਮੇ ਦੀ ਸੁਣਵਾਈ ਬਾਕਾਇਦਾ ਤੌਰ 'ਤੇ ਸ਼ੁਰੂ ਹੋ ਸਕੇ |
ਕਿਹਾ-ਘੱਟ ਗਿਣਤੀਆਂ 'ਤੇ ਜ਼ੁਲਮ ਅਤੇ ਦੇਸ਼ ਦਾ ਧਰੁਵੀਕਰਨ ਕਰ ਰਹੇ ਹਨ ਮੋਦੀ
ਨਵੀਂ ਦਿੱਲੀ, 13 ਮਈ (ਉਪਮਾ ਡਾਗਾ ਪਾਰਥ)-'ਰਾਸ਼ਟਰੀ ਮੁੱਦਿਆਂ 'ਤੇ ਚਿੰਤਨ ਅਤੇ ਪਾਰਟੀ ਮੁੱਦਿਆਂ 'ਤੇ ਆਤਮ ਚਿੰਤਨ' ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ 3 ਦਿਨਾ ਚਿੰਤਨ ਸ਼ਿਵਰ ਦੀ ਰੂਪ-ਰੇਖਾ ਆਪਣੇ ਉਦਘਾਟਨੀ ਸੰਬੋਧਨ ਦੇ ਉਕਤ ਵਾਕ 'ਚ ਸਮੇਟ ਦਿੱਤੀ | ਸੋਨੀਆ ਗਾਂਧੀ ਨੇ ਜਿੱਥੇ ਪਾਰਟੀ ਪੱਧਰ 'ਤੇ ਬਦਲਾਵਾਂ ਦੀ ਨੁਹਾਰ ਨੂੰ ਸਵੀਕਾਰ ਕਰਦਿਆਂ ਕਿਹਾ ਪਾਰਟੀ ਦੇ ਸਾਹਮਣੇ ਦਰਪੇਸ਼ ਅਸਾਧਾਰਨ ਹਾਲਤਾਂ ਦਾ ਮੁਕਾਬਲਾ ਅਸਾਧਾਰਨ ਢੰਗ ਨਾਲ ਕਰਨਾ ਹੋਵੇਗਾ, ਉੱਥੇ ਉਨ੍ਹਾਂ ਨਾਲ ਹੀ ਅਨੁਸ਼ਾਸਨ ਦੀ 'ਲਕਸ਼ਮਣ ਰੇਖਾ' ਖਿੱਚਦਿਆਂ ਕਿਹਾ ਕਿ ਇੱਥੇ (ਪਾਰਟੀ ਅੰਦਰ) ਤੁਸੀਂ ਆਪਣੀ ਗੱਲ ਰੱਖਣ ਲਈ ਪੂਰੀ ਤਰ੍ਹਾਂ ਆਜ਼ਾਦ ਹੋ, ਪਰ ਬਾਹਰ ਇਕ ਹੀ ਸੰਦੇਸ਼ ਜਾਣਾ ਚਾਹੀਦਾ ਹੈ ਕਿ ਪਾਰਟੀ ਇਕ ਹੈ | ਸੋਨੀਆ ਗਾਂਧੀ ਨੇ ਉਦੈਪੁਰ 'ਚ ਹੋ ਰਹੇ 3 ਦਿਨਾ (ਚਿੰਤਨ ਸ਼ਿਵਰ) ਦੇ ਉਦਘਾਟਨੀ ਭਾਸ਼ਨ 'ਚ ਉਕਤ ਵਿਚਾਰ ਰੱਖੇ | ਉਨ੍ਹਾਂ ਪਾਰਟੀ ਆਗੂਆਂ ਨੂੰ ਇਕ ਵਾਰ ਫਿਰ ਉਹ ਭਾਵੁਕ ਅਪੀਲ ਵੀ ਕੀਤੀ, ਜੋ ਹਾਲ ਹੀ 'ਚ ਦਿੱਲੀ 'ਚ ਕਾਂਗਰਸ ਦੇ ਹੈੱਡਕੁਆਰਟਰ ਵਿਖੇ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ 'ਚ ਕੀਤੀ ਗਈ ਸੀ | ਉਨ੍ਹਾਂ ਮੁੜ ਦੁਹਰਾਉਂਦਿਆਂ ਕਿਹਾ ਕਿ ਪਾਰਟੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਹੁਣ ਇਹ ਕਰਜ਼ਾ ਉਤਾਰਨ ਦਾ ਸਮਾਂ ਆ ਗਿਆ ਹੈ | ਉਨ੍ਹਾਂ ਕਿਹਾ ਕਿ ਸਾਰੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ, ਪਰ ਬਾਹਰ ਪਾਰਟੀ ਦੀ ਮਜ਼ਬੂਤੀ, ਠੋਸ ਇਰਾਦੇ ਅਤੇ ਏਕਤਾ ਦਾ ਹੀ ਸੰਦੇਸ਼ ਜਾਣਾ ਚਾਹੀਦਾ ਹੈ |
ਸੋਨੀਆ ਨੇ 'ਆਤਮ ਚਿੰਤਨ' 'ਤੇ ਵਧੇਰੇ ਜ਼ੋਰ ਦੇ ਨਾਲ-ਨਾਲ ਰਾਸ਼ਟਰ ਨੂੰ ਦਰਪੇਸ਼ ਮੁੱਦਿਆਂ ਵੱਲ ਵੀ ਧਿਆਨ ਦੇਣ ਦਾ ਮਸ਼ਵਰਾ ਦਿੰਦਿਆਂ ਨਾ ਸਿਰਫ਼ ਭਾਜਪਾ ਖ਼ਿਲਾਫ਼ ਮੋਰਚਾ ਖੋਲਿ੍ਹਆ, ਸਗੋਂ ਕਾਂਗਰਸ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਵਜੋਂ ਉੱਭਰਨ ਦਾ ਵੀ ਸੰਦੇਸ਼ ਦਿੱਤਾ | ਸੋਨੀਆ ਗਾਂਧੀ ਨੇ ਕਿਹਾ ਕਿ 'ਨਵ ਸੰਕਲਪ ਚਿੰਤਨ ਸ਼ਿਵਰ' ਜੋ ਕਿ ਉਦੈਪੁਰ 'ਚ ਚੱਲ ਰਹੇ ਸ਼ਿਵਰ ਦਾ ਪੂਰਾ ਨਾਂਅ ਹੈ, ਸਾਨੂੰ ਉਨ੍ਹਾਂ ਚੁਣੌਤੀਆਂ 'ਤੇ ਚਰਚਾ ਕਰਨ ਦਾ ਮੌਕਾ ਦਿੰਦਾ ਹੈ, ਜਿਨ੍ਹਾਂ ਦਾ ਸਾਹਮਣਾ ਦੇਸ਼ ਭਾਜਪਾ, ਆਰ. ਐਸ. ਐਸ. ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਨੀਤੀਆਂ ਦੇ ਕਾਰਨ ਝੱਲ ਰਿਹਾ ਹੈ |
ਭਾਜਪਾ ਦੇਸ਼ 'ਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਰਹੀ
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦੇਸ਼ 'ਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਰਹੀ ਹੈ | ਧਰਮ ਦੇ ਨਾਂਅ 'ਤੇ ਫਿਰਕੂਵਾਦ ਨੂੰ ਉਭਾਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਨੇਕਤਾ 'ਚ ਏਕਤਾ ਸਾਡੀ ਵੰਨ-ਸੁਵੰਨੇ ਸੱਭਿਆਚਾਰ ਦਾ ਹਿੱਸਾ ਰਹੀ ਹੈ, ਪਰ ਅੱਜ ਘੱਟ ਗਿਣਤੀ ਭਾਈਚਾਰੇ ਨੂੰ ਡਰਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਦੇਸ਼ ਦੇ ਕਈ ਹਿੱਸਿਆਂ 'ਚ ਫਿਰਕੂ ਦੰਗਿਆਂ ਦੀਆਂ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ 'ਵੱੱਧ ਤੋਂ ਵੱਧ ਸ਼ਾਸਨ, ਘੱਟ ਤੋਂ ਘੱਟ ਸਰਕਾਰ' ਦੇ ਨਾਅਰੇ ਦਾ ਕੀ ਮਤਲਬ ਹੈ | ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਦੇਸ਼ ਨੂੰ ਸਥਾਈ ਧਰੁਵੀਕਰਨ ਦੀ ਸਥਿਤੀ 'ਚ ਰੱਖਣਾ ਹੈ | ਲੋਕਾਂ ਨੂੰ ਲਗਾਤਾਰ ਡਰ ਦੀ ਸਥਿਤੀ 'ਚ ਰਹਿਣ ਲਈ ਮਜਬੂਰ ਕਰਨਾ ਹੈ |
ਸੋਨੀਆ ਨੇ ਕੀਤਾ ਪੰਡਿਤ ਨਹਿਰੂ ਅਤੇ ਗਾਂਧੀ ਦਾ ਜ਼ਿਕਰ
ਸੋਨੀਆ ਗਾਂਧੀ ਨੇ ਆਪਣੇ ਭਾਸ਼ਨ 'ਚ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦਾ ਜ਼ਿਕਰ ਵੀ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਨੇਤਾਵਾਂ, ਖ਼ਾਸ ਤੌਰ 'ਤੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਅਕਸ ਧੁੰਦਲਾ ਕਰਨ ਦਾ ਯਤਨ ਕਰ ਰਹੀ ਹੈ, ਜਦਕਿ ਮਹਾਤਮਾ ਗਾਂਧੀ ਦੇ ਕਾਤਲਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਦੀ ਸ਼ਲਾਘਾ ਕਰਦੀ ਹੈ | ਜ਼ਿਕਰਯੋਗ ਹੈ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਈ ਮੌਕਿਆਂ 'ਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਕਈ ਖ਼ਾਮੀਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ |
ਭਾਸ਼ਨ ਕਲਾ ਦੇ ਮਾਹਰ ਪ੍ਰਧਾਨ ਮੰਤਰੀ ਚੁੱਪ ਧਾਰੀ ਬੈਠੇ ਹਨ
ਸੋਨੀਆ ਗਾਂਧੀ ਨੇ ਦੇਸ਼ 'ਚ ਫਿਰਕੂ ਦੰਗਿਆਂ ਅਤੇ ਨਫ਼ਰਤੀ ਮਾਹੌਲ ਦਰਮਿਆਨ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਵੀ ਸਵਾਲ ਉਠਾਏ | ਉਨ੍ਹਾਂ ਕਿਹਾ ਕਿ ਨਫ਼ਰਤ ਦੀ ਅੱਗ ਨੇ ਲੋਕਾਂ ਦੇ ਜੀਵਨ 'ਤੇ ਭਾਰੀ ਅਸਰ ਪਾਇਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਦੇ ਗੰਭੀਰ ਸਮਾਜਿਕ ਨਤੀਜੇ ਭੁਗਤਣੇ ਪੈ ਰਹੇ ਹਨ, ਜਿੰਨਾ 'ਅਸੀਂ ਸੋਚ ਸਕਦੇ ਹਾਂ, ਉਸ ਤੋਂ ਵੱਧ ਗੰਭੀਰ' | ਸੋਨੀਆ ਗਾਂਧੀ ਨੇ ਕਿਹਾ ਕਿ ਦੇਸ਼ ਭਰ 'ਚ ਚੱਲ ਰਹੇ ਜ਼ੁਲਮਾਂ, ਖ਼ਾਸ ਤੌਰ 'ਤੇ ਦਲਿਤ ਔਰਤਾਂ ਅਤੇ ਆਦਿਵਾਸੀਆਂ 'ਤੇ ਹੋ ਰਹੇ ਤਸ਼ੱਦਦ ਤੋਂ ਸਰਕਾਰ ਅੱਖਾਂ ਮੀਚੀ ਬੈਠੀ ਹੈ |
ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਇਲਾਜ ਅਤੇ ਮਰਹਮ ਦੀ ਸਭ ਤੋਂ ਵੱਧ ਲੋੜ ਹੈ, ਤਾਂ ਭਾਸ਼ਨ ਕਲਾ ਦੇ ਮਾਹਰ ਪ੍ਰਧਾਨ ਮੰਤਰੀ ਵਲੋਂ ਭਟਕਾਉਣ ਦੀ ਰਣਨੀਤੀ ਅਤੇ ਪੂਰੀ ਤਰ੍ਹਾਂ ਚੁੱਪੀ ਅਪਣਾਈ ਗਈ ਹੈ |
ਕੰਮ ਕਰਨ ਦੇ ਤਰੀਕੇ 'ਚ ਬਦਲਾਅ ਦੀ ਲੋੜ
ਸੋਨੀਆ ਗਾਂਧੀ ਨੇ ਪਾਰਟੀ ਪੱਧਰ 'ਤੇ ਕੰਮ ਕਰਨ ਦੇ ਤਰੀਕੇ 'ਚ ਬਦਲਾਅ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਸੰਸਥਾ ਨੂੰ ਜਿਊੁਾਦੇ ਰਹਿਣ ਲਈ ਬਦਲਾਅ ਲਿਆਉਣ ਦੀ ਲੋੜ ਹੈ | ਸਾਨੂੰ ਸੁਧਾਰਾਂ ਦੀ ਸਖ਼ਤ ਲੋੜ ਹੈ | ਇਹ ਸਭ ਤੋਂ ਬੁਨਿਆਦੀ ਮੁੱਦਾ ਹੈ | ਸੋਨੀਆ ਗਾਂਧੀ ਨੇ ਸਾਂਝੀਆਂ ਕੋਸ਼ਿਸ਼ਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਨੂੰ ਸਿਰਫ਼ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਮੁੜ ਉੱਪਰ ਚੁੱਕਿਆ ਜਾ ਸਕਦਾ ਹੈ | ਅਜਿਹੀਆਂ ਕੋਸ਼ਿਸ਼ਾਂ ਟਾਲੀਆਂ ਜਾ ਸਕਦੀਆਂ ਹਨ | ਸੋਨੀਆ ਗਾਂਧੀ ਨੇ ਕਾਂਗਰਸ ਨੂੰ ਵਿਕਲਪ ਵਜੋਂ ਉ ੱਭਰਨ ਲਈ ਪ੍ਰੇਰਦਿਆਂ ਕਿਹਾ ਕਿ ਅਸੀਂ ਆਪਣੀਆਂ ਹਾਰਾਂ ਤੋਂ ਬੇਖ਼ਬਰ ਨਹੀਂ ਹਾਂ ਨਾ ਹੀ ਅੱਗੇ ਆਉਣ ਵਾਲੀਆਂ ਮੁਸੀਬਤਾਂ ਅਤੇ ਸੰਘਰਸ਼ ਤੋਂ ਅਨਜਾਣ ਹਾਂ | ਹੁਣ ਅਸੀਂ ਪਾਰਟੀ ਨੂੰ ਉਸੇ ਭੂਮਿਕਾ 'ਚ ਲੈ ਕੇ ਆਵਾਂਗੇ, ਜੋ ਉਸ ਨੇ ਹਮੇਸ਼ਾ ਨਿਭਾਈ ਹੈ |
ਤਕਰੀਬਨ 430 ਕਾਂਗਰਸੀ ਆਗੂ ਹੋੋਏ 'ਸ਼ਿਵਰ' 'ਚ ਸ਼ਾਮਿਲ
ਇਸ ਤਿੰਨ ਦਿਨਾ 'ਚਿੰਤਨ ਸ਼ਿਵਰ' 'ਚ ਕਾਂਗਰਸ ਦੇ ਤਕਰੀਬਨ 430 ਆਗੂ ਸ਼ਾਮਿਲ ਹੋਏ, ਜਿਨ੍ਹਾਂ 'ਚ ਦੋਵੇਂ ਸਦਨਾਂ ਦੇ ਸੰਸਦ ਮੈਂਬਰ, ਕਾਂਗਰਸ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰ ਵੀ ਸ਼ਾਮਿਲ ਹੋਏ | ਇਸ ਪ੍ਰੋਗਰਾਮ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਅੰਕਾ ਗਾਂਧੀ, ਅਨੰਦ ਸ਼ਰਮਾ, ਗੁਲਾਮ ਨਬੀ ਆਜ਼ਾਦ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਦਿਗਵਿਜੈ ਸਿੰਘ, ਕਮਲਨਾਥ ਪਹਿਲੀ ਕਤਾਰ 'ਚ ਬੈਠੇ ਨਜ਼ਰ ਆਏ | ਬੈਠਕ 'ਚ 6 ਮੁੱਦਿਆਂ ਸਿਆਸਤ, ਸੰਗਠਨ, ਅਰਥਵਿਵਸਥਾ, ਸਮਾਜਿਕ ਭਲਾਈ, ਨੌਜਵਾਨੀ ਅਤੇ ਖੇਤੀਬਾੜੀ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ | ਹਲਕਿਆਂ ਮੁਤਾਬਿਕ ਜਨਤਾ 'ਚ ਵਿਸ਼ਵਾਸ, ਨੀਤੀਆਂ, ਸੰਗਠਨ, ਅਗਵਾਈ ਆਦਿ ਮੁੱਦਿਆਂ 'ਤੇ ਵੀ ਚਰਚਾ ਹੋਵੇਗੀ | ਕਾਂਗਰਸੀ ਆਗੂਆਂ ਨੂੰ 4 ਹੋਟਲਾਂ- ਤਾਜ ਅਰਾਵਲੀ, ਅਨੰਤਾ ਰਿਜ਼ੋਰਟ, ਆਂਰਿਕਾ ਲੇਮਨ ਟ੍ਰੀ ਅਤੇ ਰੇਡੀਸਨ ਬਲੂ 'ਚ ਠਹਿਰਾਇਆ ਗਿਆ ਹੈ |
ਹਰਕਵਲਜੀਤ ਸਿੰਘ
ਚੰਡੀਗੜ੍ਹ, 13 ਮਈ-ਪੰਜਾਬ ਵਿਚਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਆਪਣੇ ਪਹਿਲੇ ਦੋ ਮਹੀਨਿਆਂ ਦੌਰਾਨ ਹੀ 8000 ਕਰੋੜ ਦਾ ਕਰਜ਼ਾ ਮਾਰਕੀਟ 'ਚੋਂ ਚੁੱਕ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਮਗਰਲੇ ਵਿੱਤੀ ਸਾਲ ਦੌਰਾਨ ਤਤਕਾਲੀ ਸਰਕਾਰ ਨੇ 25872 ਕਰੋੜ ਦਾ ਕਰਜ਼ਾ ਚੁੱਕਿਆ ਸੀ, ਜੋ ਕਿ ਔਸਤਨ ਮਹੀਨੇ ਦਾ 2000 ਕਰੋੜ ਤੋਂ ਕੁਝ ਵੱਧ ਬਣਦਾ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਰਜ਼ਾ ਚੁੱਕਣ ਦੀ ਰਫ਼ਤਾਰ ਦੁੱਗਣੀ ਕਰ ਦਿੱਤੀ ਗਈ ਹੈ, ਕਿਉਂਕਿ ਸਰਕਾਰ ਵਲੋਂ ਆਪਣੇ ਪਹਿਲੇ ਦੋ ਮਹੀਨਿਆਂ ਵਿਚ ਹੀ ਔਸਤਨ ਪ੍ਰਤੀ ਮਹੀਨਾ 4 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਿਆ ਗਿਆ ਹੈ ਅਤੇ ਸਰਕਾਰ ਦੀ ਕਰਜ਼ਾ ਚੁੱਕਣ ਦੀ ਜੇ ਇਹੋ ਰਫ਼ਤਾਰ ਰਹੀ ਹੈ ਤਾਂ ਵਿੱਤੀ ਸਾਲ ਦੀ ਆਖ਼ਰੀ ਤਿਮਾਹੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਾਜ ਦੀ ਕਰਜ਼ਾ ਲੈਣ ਦੀ ਲਿਮਟ ਖ਼ਤਮ ਹੋ ਸਕਦੀ ਹੈ | ਪ੍ਰਾਪਤ ਅੰਕੜਿਆਂ ਅਨੁਸਾਰ ਨਵੀਂ 'ਆਪ' ਸਰਕਾਰ ਵਲੋਂ 10 ਮਾਰਚ 2022 ਨੂੰ 1500 ਕਰੋੜ ਦੇ ਕਰਜ਼ੇ ਨਾਲ ਜੋ ਸ਼ੁਰੂਆਤ ਕੀਤੀ ਸੀ, ਵਲੋਂ 17 ਮਾਰਚ ਨੂੰ ਫਿਰ 1500 ਕਰੋੜ ਤੇ ਫਿਰ 24 ਮਾਰਚ ਨੂੰ 2500 ਕਰੋੜ ਦਾ ਕਰਜ਼ਾ ਚੁੱਕਿਆ ਗਿਆ ਸੀ | ਅਰਥਾਤ ਪਹਿਲੇ ਮਹੀਨੇ ਵਿਚ ਹੀ ਸਰਕਾਰ 5500 ਕਰੋੜ ਦਾ ਕਰਜ਼ਾ ਚੁੱਕ ਲਿਆ ਸੀ, ਇਸ ਤੋਂ ਬਾਅਦ 27 ਅਪ੍ਰੈਲ ਨੂੰ ਫਿਰ 1500 ਕਰੋੜ ਅਤੇ 4 ਮਈ ਨੂੰ 1000 ਕਰੋੜ ਕਰਜ਼ਾ ਚੁੱਕਿਆ ਗਿਆ ਹੈ | ਇਹ ਕਰਜ਼ਾ 7.84 ਦੀ ਸਾਲਾਨਾ ਵਿਆਜ ਦਰ 'ਤੇ ਲਿਆ ਗਿਆ ਹੈ | ਵਰਨਣਯੋਗ ਇਹ ਹੈ ਕਿ ਜੁਲਾਈ 2022 ਤੋਂ ਪੰਜਾਬ ਸਰਕਾਰ ਨੂੰ ਜੀ.ਐਸ.ਟੀ. ਦੀ ਭਰਪਾਈ ਵਜੋਂ ਹਰ ਮਹੀਨੇ ਕੇਂਦਰ ਤੋਂ ਮਿਲ ਰਹੀ 1800 ਕਰੋੜ ਰੁਪਏ ਦੀ ਰਾਹਤ ਵੀ ਬੰਦ ਹੋ ਰਹੀ ਹੈ, ਜਦੋਂਕਿ ਰਾਜ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੋਈ ਨਵਾਂ ਟੈਕਸ ਨਾ ਲਗਾਉਣ ਦਾ ਭਰੋਸਾ ਸੂਬਾ ਵਾਸੀਆਂ ਨੂੰ ਦੇ ਚੁੱਕੇ ਹਨ | ਹੁਣ ਇਹ ਦੇਖਣਾ ਹੋਵੇਗਾ ਕਿ ਰਾਜ ਸਰਕਾਰ ਜੀ.ਐਸ.ਟੀ. ਰਾਹਤ ਦੀ ਭਰਪਾਈ ਕਿਵੇਂ ਕਰੇਗੀ, ਜਦੋਂਕਿ ਸੂਬੇ 'ਤੇ ਬਿਜਲੀ ਸਬਸਿਡੀ ਦੀ ਪੰਡ ਵੀ ਦਿਨੋਂ-ਦਿਨ ਭਾਰੀ ਹੋ ਰਹੀ ਹੈ | ਕੀ ਰਾਜ ਸਰਕਾਰ ਸੂਬੇ ਲਈ ਵੱਡਾ ਬੋਝ ਬਣੀ ਕਰਜ਼ੇ ਦੀ ਪੰਡ ਨੂੰ ਹੋਰ ਵਧਾਏਗੀ, ਜੋ ਆਉਣ ਵਾਲੀ ਪੀੜੀਆਂ ਲਈ ਵੱਡਾ ਬੋਝ ਬਣਦਾ ਜਾ ਰਿਹਾ ਹੈ | ਸਾਲ 2021-22 ਦੇ ਸੋਧੇ ਅਨੁਮਾਨਾਂ ਅਨੁਸਾਰ ਸੂਬੇ ਸਿਰ 2 ਲੱਖ 99 ਹਜ਼ਾਰ 575 ਕਰੋੜ ਦਾ ਕਰਜ਼ਾ ਹੈ, ਜਦੋਂਕਿ ਸਰਕਾਰੀ ਬੋਰਡਾਂ, ਕਾਰਪੋਰੇਸ਼ਨਾਂ ਆਦਿ ਦੇ ਕਰਜੇ ਇਸ ਤੋਂ ਵੱਖਰੇ ਹਨ | ਵਰਨਣਯੋਗ ਇਹ ਹੈ ਕਿ ਮਗਰਲੇ ਵਿੱਤੀ ਸਾਲ 2021-22 ਦੌਰਾਨ ਰਾਜ ਨੂੰ ਲਏ ਕਰਜ਼ੇ ਸੰਬੰਧੀ ਸਾਲ ਦੌਰਾਨ 17071.14 ਕਰੋੜ ਰੁਪਏ ਕੇਵਲ ਵਿਆਜ ਦੇ ਰੂਪ ਵਿਚ ਚੁਕਾਉਣੇ ਪਏ ਸਨ | ਤਤਕਾਲੀ ਸਰਕਾਰ ਨੇ ਮਗਰਲੇ ਵਿੱਤੀ ਸਾਲ ਵਿਚ ਜੋ 25872 ਕਰੋੜ ਦਾ ਕਰਜ਼ਾ ਚੁੱਕਿਆ ਸੀ, ਉਸ ਦਾ ਇਕ ਵੱਡਾ ਹਿੱਸਾ ਤਾਂ ਵਿਆਜ ਮੋੜਨ 'ਚ ਹੀ ਚਲਾ ਜਾਂਦਾ ਹੈ | ਵਿੱਤੀ ਮਾਹਰਾਂ ਅਨੁਸਾਰ ਇਸ ਵੇਲੇ ਰਾਜ ਦੀ ਆਪਣੀ ਆਮਦਨ ਦਾ ਕੋਈ 41 ਫ਼ੀਸਦੀ ਤਾਂ ਕਰਜ਼ੇ ਤੇ ਉਸ ਦੇ ਵਿਆਜ ਚੁਕਾਉਣ ਲਈ ਹੀ ਜਾ ਰਿਹਾ ਹੈ, ਜਦੋਂਕਿ ਬਾਕੀ ਮੁਲਾਜ਼ਮਾਂ ਦੀ ਤਨਖ਼ਾਹ, ਪੈਨਸ਼ਨਾਂ ਤੇ ਦੂਜੇ ਨਿਯਮਤ ਖ਼ਰਚਿਆਂ 'ਤੇ ਜਾ ਰਹੇ ਹਨ ਅਤੇ ਸੂਬੇ ਨੂੰ ਛੇਤੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿਚ ਉਸ ਲਈ ਵਿਕਾਸ ਕਾਰਜਾਂ ਲਈ ਪੈਸੇ ਜੁਟਾਉਣਾ ਮੁਸ਼ਕਲ ਬਣ ਸਕਦਾ ਹੈ |
ਪਟਿਆਲਾ, 13 ਮਈ (ਮਨਦੀਪ ਸਿੰਘ ਖਰੌੜ)-ਬੀਤੀ 29 ਅਪ੍ਰੈਲ ਨੂੰ ਕਾਲੀ ਮਾਤਾ ਮੰਦਰ ਸਾਹਮਣੇ ਵਾਪਰੀ ਹਿੰਸਕ ਘਟਨਾ 'ਚ ਗੋਲੀ ਚਲਾਉਣ ਦੇ ਮਾਮਲੇ 'ਚ ਚਾਰ ਵਿਅਕਤੀਆਂ ਨੂੰ ਪਟਿਆਲਾ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਮੁਲਜ਼ਮਾਂ ਵਲੋਂ ਵਰਤਿਆ ਗਿਆ ਗ਼ੈਰ-ਕਾਨੂੰਨੀ ਪਿਸਟਲ ਬਰਾਮਦ ਕਰ ...
ਸ੍ਰੀ ਚਮਕੌਰ ਸਾਹਿਬ, 13 ਮਈ (ਜਗਮੋਹਣ ਸਿੰਘ ਨਾਰੰਗ)-ਧਰਮਸ਼ਾਲਾ ਵਿਧਾਨ ਸਭਾ ਅੱਗੇ ਅਤੇ ਰੂਪਨਗਰ ਵਿਖੇ ਖਾਲਿਸਤਾਨੀ ਝੰਡੇ ਅਤੇ ਬੈਨਰ ਲਗਾਉਣ ਦੇ ਮਾਮਲੇ 'ਚ ਹਿਮਾਚਲ ਪ੍ਰਦੇਸ਼ ਪੁਲਿਸ, ਸੀ. ਆਈ. ਏ. ਸਟਾਫ਼ ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਕੀਤੀ ਸਾਂਝੀ ...
ਪਟਿਆਲਾ, 13 ਮਈ (ਧਰਮਿੰਦਰ ਸਿੰਘ ਸਿੱਧੂ)-ਮੌਸਮ ਵਿਚ ਵਧ ਰਹੀ ਗਰਮਾਹਟ ਕਾਰਨ ਬਿਜਲੀ ਦੀ ਮੰਗ 'ਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋਇਆ ਹੈ | ਇਸ ਸੰਬੰਧੀ ਬਿਜਲੀ ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ 12 ਮਈ 2021 ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 6374 ਮੈਗਾਵਾਟ ਸੀ ...
ਦੁਬਈ, 13 ਮਈ (ਏਜੰਸੀ)-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰਾਸ਼ਟਰਪਤੀ ਅਤੇ ਅਬੂਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜ਼ਾਯਿਦ ਅਲ ਨਾਹਿਯਾਨ ਦਾ 73 ਸਾਲ ਦੀ ਉਮਰ ਵਿਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ | ਇਸ ਦੀ ਜਾਣਕਾਰੀ ਰਾਸ਼ਟਰਪਤੀ ਮਾਮਲਿਆਂ ਦੇ ਮੰਤਰਾਲੇ ਵਲੋਂ ...
ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ...
ਨਵੀਂ ਦਿੱਲੀ, 13 ਮਈ (ਏਜੰਸੀ)- ਭਾਰਤ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੂਤਘਰ ਯੂਕਰੇਨ ਦੀ ਰਾਜਧਾਨੀ ਕੀਵ 'ਚ 17 ਮਈ ਤੋਂ ਮੁੜ ਆਪਣਾ ਕੰਮ ਸ਼ੁਰੂ ਕਰ ਦੇਵੇਗਾ | ਵਿਦੇਸ਼ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਭਾਰਤੀ ਦੂਤਘਰ 13 ਮਾਰਚ ਤੋਂ ਪੋਲੈਂਡ ਦੇ ਵਾਰਸਾ ਤੋਂ ਅਸਥਾਈ ਤੌਰ ...
ਸ੍ਰੀਨਗਰ, 13 ਮਈ (ਮਨਜੀਤ ਸਿੰਘ)- ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿਖੇ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਐਸ.ਪੀ.ਓ. ਦੀ ਘਰ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਪੁਲਵਾਮਾ ਦੇ ਗਡੂਰਾ ਖੇਤਰ 'ਚ ਸਵੇਰ 8 ਵਜੇ ਕਾਂਸਟੇਬਲ ...
ਉਦੈਪੁਰ, (ਪੀ. ਟੀ. ਆਈ.)-ਪਾਰਟੀ ਦੇ ਅੰਦਰੂਨੀ ਵਿਚਾਰ-ਵਟਾਂਦਰੇ ਅਕਸਰ ਜਨਤਕ ਤੌਰ 'ਤੇ ਸਾਹਮਣੇ ਆ ਜਾਂਦੇ ਹਨ, ਜਿਸ ਨੂੰ ਧਿਆਨ 'ਚ ਰੱਖਦਿਆਂ ਕਾਂਗਰਸ ਨੇ ਇਥੇ 'ਚਿੰਤਨ ਸ਼ਿਵਰ' ਦੀਆਂ ਅੰਦਰੂਨੀ ਮੀਟਿੰਗਾਂ ਵਿਚ ਆਗੂਆਂ ਨੂੰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX