• ਸੋਸ਼ਲ ਮੀਡੀਆ 'ਤੇ ਕੀਤਾ ਪਾਰਟੀ ਛੱਡਣ ਦਾ ਐਲਾਨ
• ਕਿਹਾ, ਪੰਜਾਬ 'ਚ ਹੁਣ ਕਾਂਗਰਸ ਦੇ ਪੈਰ ਨਹੀਂ ਲੱਗਣਗੇ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 14 ਮਈ - ਅੱਜ ਕਾਂਗਰਸ ਪਾਰਟੀ ਨੂੰ ਝਟਕਾ ਦਿੰਦੇ ਹੋਏ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਪਾਰਟੀ ਦੇ ਦਿੱਗਜ ਆਗੂ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ | ਰਾਜਸਥਾਨ ਦੇ ਉਦੇਪੁਰ 'ਚ ਕਾਂਗਰਸ ਦੇ ਚਿੰਤਨ ਸ਼ਿਵਰ ਦਰਮਿਆਨ ਸੁਨੀਲ ਜਾਖੜ ਨੇ ਫੇਸਬੁੱਕ 'ਤੇ ਪਾਰਟੀ ਛੱਡਣ ਦਾ ਐਲਾਨ ਕੀਤਾ | ਪਾਰਟੀ ਛੱਡਣ ਦੇ ਐਲਾਨ ਦੇ ਨਾਲ ਹੀ ਉਨ੍ਹਾਂ ਕਾਂਗਰਸ ਪਾਰਟੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਪੰਜਾਬ 'ਚ ਹੁਣ ਕਦੇ ਕਾਂਗਰਸ ਦੇ ਪੈਰ ਨਹੀਂ ਲੱਗਣਗੇ | ਇਸ ਦੌਰਾਨ ਉਨ੍ਹਾਂ ਨੇ ਅੰਬਿਕਾ ਸੋਨੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੰਬਿਕਾ ਸੋਨੀ ਨੇ ਹਿੰਦੂਆਂ ਨੂੰ ਬਦਨਾਮ ਕੀਤਾ ਹੈ | ਉਨ੍ਹਾਂ ਕਿਹਾ ਕਿ ਅੰਬਿਕਾ ਨੇ ਇੰਦਰਾ ਗਾਂਧੀ ਖ਼ਿਲਾਫ਼ ਭੱਦੀ ਭਾਸ਼ਾ ਦਾ ਇਸਤੇਮਾਲ ਕੀਤਾ ਸੀ | ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਪੰਜਾਬ 'ਚ ਹੁਣ ਕਾਂਗਰਸ ਦੇ ਕਦੇ ਵੀ ਪੈਰ ਨਹੀਂ ਲੱਗਣਗੇ | ਰਾਹੁਲ ਗਾਂਧੀ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਬਹੁਤ ਚੰਗੇ ਇਨਸਾਨ ਹਨ ਪਰ ਉਨ੍ਹਾਂ ਨੂੰ ਦੁਸ਼ਮਣ ਅਤੇ ਦੋਸਤ ਦੀ ਪਛਾਣ ਕਰਨੀ ਪਵੇਗੀ | ਸੁਨੀਲ ਜਾਖੜ ਨੇ ਕਾਂਗਰਸ ਹਾਈਕਮਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਹ ਕਿਹਾ ਗਿਆ ਕਿ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਮੁਅੱਤਲ ਕੀਤਾ ਜਾਂਦਾ ਹੈ ਪਰ ਉਸ ਸਮੇਂ ਤਾਂ ਉਨ੍ਹਾਂ ਕੋਲ ਕੋਈ ਅਹੁਦਾ ਹੀ ਨਹੀਂ ਸੀ | ਜਾਖੜ ਨੇ ਕਿਹਾ ਕਿ ਦਿਲ ਤੋੜਨ ਦਾ ਵੀ ਇਕ ਸਲੀਕਾ ਹੁੰਦਾ ਹੈ ਪਰ ਜਿਸ ਤਰ੍ਹਾਂ ਕਾਂਗਰਸ ਨੇ ਉਨ੍ਹਾਂ ਦਾ ਦਿਲ ਤੋੜਿਆ ਹੈ, ਇਹ ਬੇਹੱਦ ਗ਼ਲਤ ਹੈ | ਉਨ੍ਹਾਂ ਕਿਹਾ ਕਿ ਮੈਂ ਜਿੱਥੇ ਹਾਂ, ਉੱਥੇ ਹੀ ਖੜ੍ਹਾ ਰਹਾਂਗਾ | ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਾਂਗਰਸ 'ਚ ਜਾਤੀ ਸਮੀਕਰਨਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਜਾ ਰਹੀ ਸਿਆਸਤ 'ਤੇ ਸਵਾਲ ਖੜ੍ਹੇ ਕਰਦਿਆਂ ਹਾਈਕਮਾਨ 'ਤੇ ਨਿਸ਼ਾਨਾ ਸਾਧਿਆ | ਅੰਬਿਕਾ ਸੋਨੀ ਦਾ ਨਾਂਅ ਲੈਂਦਿਆਂ ਸੁਨੀਲ ਜਾਖੜ ਨੇ ਸੋਨੀਆ ਗਾਂਧੀ ਤੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬੁਲਾ ਕੇ ਗੱਲਬਾਤ ਕਰਨ ਦੀ ਜਗ੍ਹਾ ਨੋਟਿਸ ਭੇਜ ਕੇ ਜ਼ਲੀਲ ਕੀਤਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਵਿਚ ਬੈਠੇ ਕਾਂਗਰਸ ਆਗੂਆਂ ਨੇ ਪੰਜਾਬ 'ਚ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ | ਇਸ ਦੌਰਾਨ ਉਨ੍ਹਾਂ ਅੰਬਿਕਾ ਸੋਨੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕਾਂਗਰਸ ਆਗੂਆਂ ਨੇ ਹਿੰਦੂ ਅਤੇ ਸਿੱਖਾਂ 'ਚ ਨਫ਼ਰਤ ਦੇ ਬੀਜ ਬੀਜੇ ਹਨ | ਉਨ੍ਹਾਂ ਇਸ ਦੌਰਾਨ ਕਾਂਗਰਸ ਦੀ ਪੰਜਾਬ 'ਚ ਕਰਾਰੀ ਹਾਰ ਲਈ ਸਾਬਕਾ ਇੰਚਾਰਜ ਹਰੀਸ਼ ਰਾਵਤ ਨੂੰ ਜ਼ਿੰਮੇਵਾਰ ਦੱਸਿਆ | ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਹੀ ਕੈਪਟਨ ਨੂੰ ਹਟਾਉਣ ਦੀ ਸਾਜਿਸ਼ ਰਚੀ ਅਤੇ ਉਨ੍ਹਾਂ ਨੂੰ ਕੈਪਟਨ ਦਾ ਕਰੀਬੀ ਦੱਸ ਕੇ ਜ਼ਲੀਲ ਕਰਦੇ ਹੋਏ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ | ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਚਿੰਤਨ ਨਹੀਂ, ਚਿੰਤਾ ਸ਼ਿਵਰ ਲਗਾਉਣਾ ਚਾਹੀਦਾ ਹੈ | ਉਨ੍ਹਾਂ ਹਾਈਕਮਾਨ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਪੰਜਾਬ ਨੂੰ ਬਖ਼ਸ਼ਿਆ ਜਾਵੇ ਤੇ ਧਰਮ ਦੀ ਰਾਜਨੀਤੀ ਨਾ ਕੀਤੀ ਜਾਵੇ | ਸੁਨੀਲ ਜਾਖੜ ਨੇ ਇਸ ਤੋਂ ਪਹਿਲਾਂ ਬੀਤੇ 13 ਮਈ ਨੂੰ ਉਦੇਪੁਰ 'ਚ ਪ੍ਰੈੱਸ ਕਾਨਫ਼ਰੰਸ ਕਰਨ ਦਾ ਮਨ ਬਣਾਇਆ ਸੀ | ਇਸ ਲਈ ਜਹਾਜ਼ ਦੀਆਂ ਟਿਕਟਾਂ ਵੀ ਬੁੱਕ ਕਰਵਾਈਆਂ ਗਈਆਂ ਸਨ ਪਰ ਬਾਅਦ 'ਚ ਉਸ ਨੇ ਆਪਣਾ ਮਨ ਬਦਲ ਲਿਆ ਅਤੇ 14 ਮਈ ਨੂੰ ਦੁਪਹਿਰ 12 ਵਜੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ ਮਨ ਦੀ ਗੱਲ ਕਹੀ | ਕਾਂਗਰਸ ਨੇ ਸੁਨੀਲ ਜਾਖੜ ਨੂੰ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਬਾਰੇ ਬਿਆਨਬਾਜ਼ੀ ਕਰਨ ਲਈ ਨੋਟਿਸ ਭੇਜਿਆ ਸੀ | ਉਨ੍ਹਾਂ ਨੇ ਇਸ ਨੋਟਿਸ ਦਾ ਜਵਾਬ ਨਹੀਂ ਦਿੱਤਾ | ਜਾਖੜ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਨੋਟਿਸ ਭੇਜਣ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਸੀ | ਇਸੇ ਕਾਰਨ ਉਨ੍ਹਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ | ਉਨ੍ਹਾਂ ਸਪੱਸ਼ਟ ਸੰਦੇਸ਼ ਦਿੱਤਾ ਸੀ ਕਿ ਉਹ ਕਾਂਗਰਸ ਹਾਈਕਮਾਨ ਅੱਗੇ ਨਹੀਂ ਝੁਕਣਗੇ | ਇਸ ਤੋਂ ਪਹਿਲਾਂ ਅੱਜ ਉਨ੍ਹਾਂ ਸਵੇਰੇ ਆਪਣੇ ਫੇਸਬੁੱਕ ਤੇ ਟਵਿੱਟਰ ਖਾਤੇ ਤੋਂ ਕਾਂਗਰਸ ਦਾ ਲੋਗੋ ਹਟਾ ਦਿੱਤਾ ਗਿਆ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅੱਜ ਜਾਖੜ ਵਲੋਂ ਕੋਈ ਧਮਾਕਾ ਜ਼ਰੂਰ ਕੀਤਾ ਜਾਵੇਗਾ |
ਜਾਖੜ ਦੀ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਅਪੀਲ
ਹਾਲਾਂਕਿ ਰਾਹੁਲ ਗਾਂਧੀ ਦੀ ਤਾਰੀਫ਼ ਕਰਦੇ ਹੋਏ ਜਾਖੜ ਨੇ ਉਨ੍ਹਾਂ ਨੂੰ ਚੰਗਾ ਵਿਅਕਤੀ ਦੱਸਿਆ ਅਤੇ ਪਾਰਟੀ ਦੀ ਵਾਗਡੋਰ ਆਪਣੇ ਹੱਥਾਂ 'ਚ ਲੈਣ ਲਈ ਕਿਹਾ | ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਸ਼ਰਾਰਤੀ ਅਨਸਰਾਂ ਤੋਂ ਦੂਰੀ ਬਣਾ ਲੈਣ | ਉਨ੍ਹਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪਣੀ ਗੱਲ ਖ਼ਤਮ ਕੀਤੀ | ਉਨ੍ਹਾਂ ਕਿਹਾ ਕਿ ਦਿੱਲੀ ਵਿਚ ਬੈਠੇ ਕਾਂਗਰਸੀ ਆਗੂਆਂ ਨੇ ਪੰਜਾਬ ਵਿਚ ਪਾਰਟੀ ਨੂੰ ਬਰਬਾਦ ਕਰ ਦਿੱਤਾ ਹੈ | ਭਾਵੁਕ ਹੁੰਦਿਆਂ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਕਿ ਤੁਸੀਂ ਆਪਣੀ ਵਿਚਾਰਧਾਰਾ ਤੋਂ ਭਟਕ ਨਾ ਜਾਇਓ | ਉਨ੍ਹਾਂ ਕਿਹਾ ਕਿ ਚਾਪਲੂਸਾਂ ਤੇ ਅੰਬਿਕਾ ਸੋਨੀ ਵਰਗੇ ਸਿਆਸਤਦਾਨਾਂ ਤੋਂ ਦੂਰ ਰਹੋ |
ਹਰਜਿੰਦਰ ਸਿੰਘ ਲਾਲ
ਖੰਨਾ, 14 ਮਈ-ਅੱਜ ਪੰਜਾਬ ਸਰਕਾਰ ਨੇ ਉਸ ਵੇਲੇ ਸੁੱਖ ਦਾ ਸਾਹ ਲਿਆ, ਜਦੋਂ ਪੰਜਾਬ 'ਚੋਂ ਖਰੀਦੀ ਸੁੰਗੜੇ ਦਾਣੇ ਵਾਲੀ ਕਣਕ ਸੰਬੰਧੀ ਕੇਂਦਰ ਸਰਕਾਰ ਵਲੋਂ ਛੋਟ ਦਾ ਪੱਤਰ ਇਕ ਈ- ਮੇਲ ਰਾਹੀਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਕੋਲ ਪਹੁੰਚ ਗਿਆ | ਪੱਤਰ ਅਨੁਸਾਰ ਕੇਂਦਰ ਸਰਕਾਰ ਹੁਣ 6 ਫ਼ੀਸਦੀ ਸੁੰਗੜੇ ਅਤੇ ਟੁੱਟੇ ਦਾਣੇ ਦੀ ਥਾਂ 18 ਫ਼ੀਸਦੀ ਤੱਕ ਸੁੰਗੜੇ ਅਤੇ ਟੁੱਟੇ ਦਾਣੇ ਵਾਲੀ ਕਣਕ ਪ੍ਰਵਾਨ ਕਰੇਗੀ | ਵਰਨਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਸੁੰਗੜੇ ਦਾਣੇ ਦੀ ਮਾਤਰਾ ਵਿਚ ਛੋਟ ਦੀ ਆਸ ਵਿਚ ਹੀ ਪੰਜਾਬ ਸਰਕਾਰ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਲਗਾਤਾਰ ਸੁੰਗੜੇ ਦਾਣੇ ਵਾਲੀ ਕਣਕ ਦੀ ਖ਼ਰੀਦ ਕਰਦੀਆਂ ਰਹੀਆਂ | ਕੱਲ੍ਹ ਸ਼ਾਮ ਤੱਕ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਨੇ ਪੰਜਾਬ ਦੀਆਂ ਮੰਡੀਆਂ 'ਚੋਂ 96 ਲੱਖ 15 ਹਜ਼ਾਰ 846 ਮੀਟਿ੍ਕ ਟਨ ਕਣਕ ਦੀ ਖ਼ਰੀਦ ਕਰ ਲਈ ਸੀ | ਜਦੋਂਕਿ ਕਰੀਬ 6 ਲੱਖ 9 ਹਜ਼ਾਰ 789 ਮੀਟਿ੍ਕ ਟਨ ਕਣਕ ਦੀ ਖ਼ਰੀਦ ਇਸ ਵਾਰ ਨਿੱਜੀ ਵਪਾਰੀਆਂ ਨੇ ਕੀਤੀ ਹੈ | ਗਰਮੀ ਕਾਰਨ ਸੁੰਗੜੇ ਦਾਣੇ ਕਰਕੇ ਹੀ ਇਸ ਵਾਰ ਪੰਜਾਬ ਵਿਚ ਕਣਕ ਦਾ ਝਾੜ ਕਾਫੀ ਘੱਟ ਨਿਕਲਿਆ ਹੈ | ਪਿਛਲੇ ਸਾਲ ਪੰਜਾਬ ਦੀਆਂ ਮੰਡੀਆਂ ਵਿਚ ਆਈ ਕਰੀਬ 135 ਲੱਖ ਮੀਟਿ੍ਕ ਟਨ ਦੇ ਮੁਕਾਬਲੇ ਵਿਚ ਇਸ ਵਾਰ ਸਿਰਫ਼ 102 ਲੱਖ 25 ਹਜ਼ਾਰ 635 ਮੀਟਿ੍ਕ ਟਨ ਕਣਕ ਹੀ ਆਈ ਹੈ | ਅੱਜ ਭਾਰਤ ਸਰਕਾਰ ਦੇ ਖਪਤਕਾਰ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਵਿਭਾਗ ਵਲੋਂ ਡਿਪਟੀ ਕਮਿਸ਼ਨਰ (ਐੱਸ. ਐਂਡ. ਆਰ.) ਵਿਸ਼ਵਜੀਤ ਹਲਧਰ ਵਲੋਂ ਸਕੱਤਰ ਖ਼ੁਰਾਕ ਅਤੇ ਸਿਵਲ ਸਪਲਾਈ ਪੰਜਾਬ ਅਤੇ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਖ਼ੁਰਾਕ ਅਤੇ ਸਿਵਲ ਸਪਲਾਈ ਨੂੰ ਇਕ ਈ-ਮੇਲ ਰਾਹੀਂ ਲਿਖਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਵਲੋਂ ਹਾੜ੍ਹੀ ਦੇ ਸੀਜ਼ਨ ਵਿਚ ਅਚਾਨਕ ਅਤੇ ਬੇਮਿਸਾਲ ਚੱਲੀ ਗਰਮੀ ਦੀ ਲਹਿਰ ਕਾਰਨ ਕਣਕ ਦੇ ਸੁੰਗੜੇ ਦਾਣੇ ਸੰਬੰਧੀ ਲਿਖੇ ਪੱਤਰ ਦੇ ਜਵਾਬ ਵਿਚ ਇਹ ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੀ ਘੋਖ ਕਰ ਲਈ ਗਈ ਹੈ | ਕਿਸਾਨਾਂ ਦੀ ਮੁਸ਼ਕਿਲ ਨੂੰ ਘਟਾਉਣ ਅਤੇ ਕਣਕ ਦੀ ਵਿੱਕਰੀ ਵਿਚ ਦਿੱਕਤ ਤੋਂ ਬਚਣ ਲਈ ਸਮਰੱਥ ਅਥਾਰਿਟੀ ਨੇ ਰਾਜ ਦੀ ਬੇਨਤੀ ਨੂੰ ਮੰਨਣ ਦਾ ਫ਼ੈਸਲਾ ਕੀਤਾ ਹੈ | ਇਸ ਅਨੁਸਾਰ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿਚ ਕਣਕ ਦੇ ਸੁੰਗੜੇ ਅਤੇ ਟੁੱਟੇ ਹੋਏ ਦਾਣਿਆਂ ਦੀ ਸੀਮਾ 'ਚ 18 ਫ਼ੀਸਦੀ ਤੱਕ ਢਿੱਲ ਦਿੱਤੀ ਜਾ ਸਕਦੀ ਹੈ, ਜਦੋਂਕਿ ਪਹਿਲਾਂ ਇਹ ਢਿੱਲ 6 ਫ਼ੀਸਦੀ ਤੱਕ ਹੀ ਸੀ | ਪੱਤਰ ਰਾਹੀਂ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਖਰੀਦੀ ਗਈ ਕਣਕ ਦਾ ਲੇਖਾ-ਜੋਖਾ ਵੱਖਰੇ ਤੌਰ 'ਤੇ ਕੀਤਾ ਜਾਵੇਗਾ | ਇਹ ਢਿੱਲ ਇਸ ਸ਼ਰਤ ਦੇ ਅਧੀਨ ਦਿੱਤੀ ਗਈ ਹੈ ਕਿ ਇਸ ਛੋਟ ਕਾਰਨ ਹੋਣ ਵਾਲੇ ਕਿਸੇ ਵੀ ਵਿੱਤੀ ਨੁਕਸਾਨ ਜਾਂ ਸੰਚਾਲਨ ਸੰਬੰਧੀ ਉਲਝਣਾਂ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਅਤੇ ਹਰਿਆਣਾ ਰਾਜ ਸਰਕਾਰਾਂ ਦੀ ਹੋਵੇਗੀ¢ ਭੰਡਾਰਨ ਦੌਰਾਨ ਇਸ ਰਾਹਤ ਸਕੀਮ ਅਧੀਨ ਖਰੀਦੀ ਗਈ ਕਣਕ ਦੇ ਸਟਾਕ ਵਿਚ ਆਈ ਕਿਸੇ ਵੀ ਤਰ੍ਹਾਂ ਦੀ ਖ਼ਰਾਬੀ ਦੀ ਵੀ ਪੂਰੀ ਜ਼ਿੰਮੇਵਾਰੀ ਪੰਜਾਬ ਅਤੇ ਹਰਿਆਣਾ ਰਾਜ ਸਰਕਾਰਾਂ ਦੀ ਹੀ ਹੋਵੇਗੀ |
ਬਿਜਲੀ ਨਿਗਮ ਵਲੋਂ ਦਿਨ ਵੰਡ ਕੇ ਕਾਰਖ਼ਾਨਿਆਂ ਦੀ ਸਪਲਾਈ ਕੀਤੀ ਜਾਵੇਗੀ ਬੰਦ
ਲੁਧਿਆਣਾ, 14 ਮਈ (ਪੁਨੀਤ ਬਾਵਾ)-ਪੰਜਾਬ ਰਾਜ ਬਿਜਲੀ ਨਿਗਮ ਵਲੋਂ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਬੰਦ ਕਰਕੇ ਬਿਜਲੀ ਦੀ ਕਿੱਲਤ ਨੂੰ ਦੂਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਪੰਜਾਬ ਦੇ 23 ਜ਼ਿਲਿ੍ਹਆਂ ਵਿਚ ਦਿਨ ਵੰਡ ਕੇ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ | ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੱਛਮੀ ਲੁਧਿਆਣਾ ਸਰਕਲ, ਮੰਗਲਵਾਰ ਨੂੰ ਪੂਰਬੀ ਲੁਧਿਆਣਾ ਤੇ ਸਬ ਲੁਧਿਆਣਾ ਸਰਕਲ, ਬੁੱਧਵਾਰ ਨੂੰ ਪਟਿਆਲਾ, ਸੰਗਰੂਰ, ਬਰਨਾਲਾ ਸਰਕਲ, ਵੀਰਵਾਰ ਨੂੰ ਉੱਤਰੀ ਜ਼ੋਨ, ਸ਼ੁੱਕਰਵਾਰ ਨੂੰ ਮੁਹਾਲੀ ਸਰਕਲ, ਸਨਿਚਰਵਾਰ ਨੂੰ ਰੋਪੜ ਸਰਕਲ ਤੇ ਐਤਵਾਰ ਨੂੰ ਸਰਹੱਦੀ ਜ਼ੋਨ ਤੇ ਪੱਛਮੀ ਜ਼ੋਨ ਵਿਚ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਪੰਜਾਬ ਅੰਦਰ ਇਸ ਸਮੇਂ ਸਨਅਤੀ ਵਰਤੋਂ ਵਿਚ 3500 ਮੈਗਾਵਾਟ ਦੇ ਕਰੀਬ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਹੈ | ਪੰਜਾਬ ਅੰਦਰ ਸਾਲ 2021 ਵਿਚ ਜੂਨ ਤੇ ਜੁਲਾਈ ਵਿਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਪੁੱਜ ਗਈ ਸੀ | ਉਸ ਸਮੇਂ ਵੀ ਪੰਜਾਬ ਅੰਦਰ ਬਿਜਲੀ ਦੇ ਕੱਟ ਲੱਗੇ ਸਨ ਅਤੇ ਪੰਜਾਬ ਅੰਦਰ ਵੱਖ-ਵੱਖ ਸਨਅਤੀ ਸ਼ੇ੍ਰਣੀਆਂ ਦੀ ਬਿਜਲੀ ਸਪਲਾਈ ਬੰਦ ਕੀਤੀ ਗਈ ਸੀ | 2022 ਵਿਚ ਵੀ ਜੂਨ ਤੇ ਜੁਲਾਈ ਵਿਚ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਵੱਧ ਹੋਣ ਦੀ ਉਮੀਦ ਹੈ ਪਰ ਮਈ ਮਹੀਨੇ ਵਿਚ ਬਿਜਲੀ ਦੀ ਮੰਗ ਦਿਨੋਂ-ਦਿਨ ਵਧਣ ਕਰਕੇ ਬਿਜਲੀ ਨਿਗਮ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਰਿਹਾ ਹੈ | ਬਿਜਲੀ ਨਿਗਮ ਨੂੰ ਜਿਥੇ ਅੱਤ ਦੀ ਪੈ ਰਹੀ ਗਰਮੀ ਵਿਚ ਉਪਭੋਗਤਾਵਾਂ ਦੀ ਬਿਜਲੀ ਸਪਲਾਈ ਜਾਰੀ ਰੱਖਣ ਲਈ ਜੱਦੋਜਹਿਦ ਕਰਨੀ ਪੈ ਰਹੀ ਹੈ, ਉਥੇ ਝੋਨੇ ਦੀ ਲਵਾਈ ਸਮੇਂ ਬਿਜਲੀ ਸਪਲਾਈ ਯਕੀਨੀ ਬਣਾਉਣੀ ਵੀ ਬਿਜਲੀ ਨਿਗਮ ਲਈ 'ਖਾਲਾ ਜੀ ਦਾ ਵਾੜਾ' ਨਹੀਂ ਹੋਵੇਗਾ |
• ਸੂਬੇ ਦੇ ਲੋਕ ਅਕਾਲੀ ਦਲ, ਕਾਂਗਰਸ ਤੇ 'ਆਪ' ਤੋਂ ਨਿਰਾਸ਼ • ਪ੍ਰਧਾਨ ਮੰਤਰੀ ਨੇ ਸਿੱਖਾਂ ਤੇ ਪੰਜਾਬੀਆਂ ਦੀ ਭਲਾਈ ਲਈ ਇਤਿਹਾਸਕ ਕੰਮ ਕੀਤੇ • ਲੁਧਿਆਣਾ ਵਿਖੇ ਵਰਕਰ ਸੰਮੇਲਨ
ਪੁਨੀਤ ਬਾਵਾ
ਪਰਮਿੰਦਰ ਸਿੰਘ ਆਹੂਜਾ
ਲੁਧਿਆਣਾ, 14 ਮਈ-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਲੁਧਿਆਣਾ ਦੇ ਗਲਾਡਾ ਗਰਾੳਾੂਡ ਵਿਖੇ ਵਿਸ਼ਾਲ ਵਰਕਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਨਾਲ ਹੀ ਆਉਣ ਵਾਲੀਆਂ ਚੋਣਾਂ 'ਚ ਪੰਜਾਬ ਅੰਦਰ ਕਮਲ ਦਾ ਫੁੱਲ ਖਿਲੇਗਾ, ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਤੇ ਸ਼ੋ੍ਰਮਣੀ ਅਕਾਲੀ ਦਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਹੋ ਗਏ ਹਨ | ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰਾਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਨ ਕਿ ਪੰਜਾਬ ਅੰਦਰ ਪਹਿਲੀ ਵਾਰ ਘੱਟ ਸਮਾਂ ਹੋਣ ਦੇ ਬਾਵਜੂਦ ਭਾਜਪਾ ਨੇ 73 ਸੀਟਾਂ 'ਤੇ ਵਿਧਾਨ ਸਭਾ ਚੋਣ ਲੜੀ, ਜਿਸ 'ਚ ਪਾਰਟੀ ਨੂੰ ਭਰਪੂਰ ਸਮਰਥਨ ਮਿਲਿਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਕਿਸਾਨ ਅੰਦੋਲਨ ਦੇ ਨਾਂਅ 'ਤੇ ਭਾਜਪਾ ਨੂੰ ਪੰਜਾਬ ਵਿਚ ਬਦਨਾਮ ਕੀਤਾ ਗਿਆ ਅਤੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਪਰ ਸਭ ਮੁਸ਼ਕਿਲਾਂ ਤੇ ਕਠਿਨਾਈਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਭਾਜਪਾ ਆਗੂਆਂ ਤੇ ਵਰਕਰਾਂ ਨੇ ਭਾਜਪਾ ਦਾ ਝੰਡਾ ਬੁਲੰਦ ਰੱਖਿਆ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਲੋਕ ਕਾਂਗਰਸ ਨੂੰ ਨਕਾਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ | ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ
ਲੋਕ ਵੀ ਆਮ ਆਦਮੀ ਪਾਰਟੀ ਨੂੰ ਹਰਾ ਕੇ ਭਾਜਪਾ ਦੀ ਸਰਕਾਰ ਬਣੇਗੀ | ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਦੇਸ਼ ਦੇ ਲੋਕਾਂ ਦੀ ਭਲਾਈ ਲਈ ਹਰ ਉਪਰਾਲਾ ਕੀਤਾ ਗਿਆ ਹੈ | ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਅੰਦਰ ਰਿਮੋਟ ਕੰਟਰੋਲ ਨਾਲ ਸਰਕਾਰ ਚੱਲ ਰਹੀ ਹੈ | 'ਆਪ' ਦੀ ਸਰਕਾਰ ਨੇ ਪੰਜਾਬ ਦਾ ਹਰ ਪੱਖੋਂ ਮੰਦਾ ਹਾਲ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ 16 ਵਿਭਾਗਾਂ ਦਾ ਦਿੱਲੀ ਸਰਕਾਰ ਨਾਲ ਸਮਝੌਤਾ ਕਰਕੇ ਉਨ੍ਹਾਂ ਨੂੰ ਦਿੱਲੀ ਤੋਂ ਚਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਲਈ ਹਰ ਪੱਧਰ 'ਤੇ ਲੜਾਈ ਲੜ ਰਹੀ ਹੈ ਅਤੇ ਭਵਿੱਖ ਵਿਚ ਵੀ ਭਾਜਪਾ ਆਪਣੀ ਲੜਾਈ ਜਾਰੀ ਰੱਖੇਗੀ | ਵਰਕਰ ਸੰਮੇਲਨ 'ਚ ਇੰਚਾਰਜ ਪੰਜਾਬ ਮਾਮਲੇ ਦੁਸ਼ਯੰਤ ਗੌਤਮ, ਪ੍ਰਧਾਨ ਅਸ਼ਵਨੀ ਸ਼ਰਮਾ, ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਸਹਿ ਇੰਚਾਰਜ ਪੰਜਾਬ ਮਾਮਲੇ ਡਾ.ਨਰਿੰਦਰ ਰੈਣਾ, ਰਾਣਾ ਗੁਰਮੀਤ ਸਿੰਘ ਸੋਢੀ, ਫ਼ਤਿਹ ਜੰਗ ਸਿੰਘ ਬਾਜਵਾ, ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜਿਆਣੀ, ਰਾਜੇਸ਼ ਬਾਘਾ, ਪ੍ਰੋ.ਰਜਿੰਦਰ ਭੰਡਾਰੀ, ਮਨੋਰੰਜਨ ਕਾਲੀਆਂ, ਤਿਕਸ਼ਣ ਸੂਦ, ਰਾਕੇਸ਼ ਰਾਠੌਰ, ਜੀਵਨ ਗੁਪਤਾ, ਜੰਗੀ ਲਾਲ ਵਿਧਾਇਕ, ਪੁਸ਼ਪਿੰਦਰ ਸਿੰਘਲ, ਦਿਆਲ ਸਿੰਘ ਸੋਢੀ, ਐਸ.ਐਸ. ਚੰਨੀ, ਅਨਿਲ ਸਰੀਨ, ਗੁਰਦੀਪ ਸਿੰਘ ਗੋਸ਼ਾ, ਐਡਵੋਕੇ ਬਿਕਰਮ ਸਿੰਘ ਸਿੱਧੂ, ਬੋਬੀ ਜਿੰਦਲ, ਰਾਕੇਸ਼ ਕਪੂਰ ਆਦਿ ਹਾਜ਼ਰ ਸਨ |
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਆਪਣੀ ਲੁਧਿਆਣਾ ਫ਼ੇਰੀ ਦੌਰਾਨ ਸਥਾਨਕ ਮਹਾਰਾਜਾ ਰਿਜੈਂਸੀ ਹੋਟਲ ਵਿਖੇ ਪੰਜਾਬ ਭਾਜਪਾ ਦੇ ਅਹੁਦੇਦਾਰਾਂ, ਮੋਰਚਿਆਂ ਦੇ ਆਹੁਦੇਦਾਰਾਂ, ਜ਼ਿਲ੍ਹਾ ਇੰਚਾਰਜਾਂ ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਕੰਮ ਕਰਕੇ ਅਤੇ ਚੰਗੇ ਲੋਕਾਂ ਨੂੰ ਨਾਲ ਜੋੜ ਕੇ ਪੰਜਾਬ ਅੰਦਰ ਭਾਜਪਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੰਗਠਨ ਨੂੰ ਮਜ਼ਬੂਤ ਕਰਨ ਤੇ ਲੋਕਾਂ ਨਾਲ ਜੁੜਨ ਵਿਚ ਕਾਮਯਾਬ ਹੋ ਗਏ, ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿਚ 13 ਦੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਪੱਕੀ ਹੋਵੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਵੇਗੀ | ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਭਾਜਪਾ ਵਲੋਂ ਕੌਮੀ ਪ੍ਰਧਾਨ ਜੇ.ਪੀ. ਨੱਢਾ ਦਾ ਸਵਾਗਤ ਕੀਤਾ | ਮੀਟਿੰਗ 'ਚ ਸੁਦਾਨ ਸਿੰਘ ਕੌਮੀ ਮੀਤ ਪ੍ਰਧਾਨ, ਦੁਸ਼ਯੰਤ ਗੌਤਮ ਕੌਮੀ ਜਨਰਲ ਸਕੱਤਰ, ਸੋਮ ਪ੍ਰਕਾਸ਼ ਕੇਂਦਰੀ ਰਾਜ ਮੰਤਰੀ, ਨਰਿੰਦਰ ਰੈਣਾ ਕੌਮੀ ਸਕੱਤਰ, ਅਸ਼ਵਨੀ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ, ਪ੍ਰੋ.ਰਾਜਿੰਦਰ ਭੰਡਾਰੀ ਸਾਬਕਾ ਪ੍ਰਧਾਨ, ਅਨਿਲ ਸਰੀਨ ਸੂਬਾ ਬੁਲਾਰਾ, ਰਾਜੇਸ਼ ਬਾਘਾ, ਜੀਵਨ ਗੁਪਤਾ, ਸੁਭਾਸ਼ ਸ਼ਰਮਾ, ਮਨੋਰੰਜਨ ਕਾਲੀਆ, ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜਿਆਣੀ, ਸਰਬਜੀਤ ਸਿੰਘ ਮੱਕੜ, ਡਾ. ਹਰਜੋਤ ਕਮਲ, ਪੁਸ਼ਪਿੰਦਰ ਸਿੰਘਲ, ਪ੍ਰਵੀਨ ਬਾਂਸਲ, ਗੁਰਦੇਵ ਸ਼ਰਮਾ ਦੇਬੀ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਗੁਰਦੀਪ ਸਿੰਘ ਗੋਸ਼ਾ, ਕੰਵਰਨਰਿੰਦਰ ਸਿੰਘ, ਐਸ.ਆਰ. ਲੱਧੜ, ਰਣਜੀਤ ਸਿੰਘ ਜੀਤਾ ਗਹਿਲੇਵਾਲ, ਕਾਤੇਂਦੂ ਸ਼ਰਮਾ, ਜਨਾਰਦਨ ਸ਼ਰਮਾ, ਡਾ.ਸਤੀਸ਼ ਕੁਮਾਰ ਆਦਿ ਹਾਜ਼ਰ ਸਨ |
ਨਵੀਂ ਦਿੱਲੀ, 14 ਮਈ (ਏਜੰਸੀ)-ਭਾਰਤ ਨੇ ਘਰੇਲੂ ਪੱਧਰ 'ਤੇ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਯਤਨਾਂ ਤਹਿਤ ਕਣਕ ਦੀ ਬਰਾਮਦ (ਨਿਰਯਾਤ) 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ | ਇਸ ਦੀ ਸੂਚਨਾ ਇਕ ਨੋਟੀਫਿਕੇਸ਼ਨ ਵਿਚ ਦਿੱਤੀ ਗਈ ਹੈ | ਹਾਲਾਂਕਿ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀ. ਜੀ. ਐਫ. ਪੀ.) ਨੇ 13 ਮਈ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਕਿ ਇਸ ਨੋਟੀਫਿਕੇਸ਼ਨ ਦੀ ਤਰੀਖ ਜਾਂ ਉਸ ਤੋਂ ਪਹਿਲਾਂ ਜਿਸ ਖੇਪ ਲਈ ਲੈਟਰ ਆਫ ਕ੍ਰੈਡਿਟ (ਐਲ.ਓ.ਸੀ.) ਜਾਰੀ ਕੀਤੇ ਗਏ ਹਨ, ਉਸ ਦੀ ਬਰਾਮਦ ਦੀ ਆਗਿਆ ਹੋਵੇਗੀ | ਡੀ.ਜੀ.ਐਫ.ਟੀ. ਨੇ ਕਿਹਾ ਕਿ ਕਣਕ ਦੀ ਬਰਾਮਦ ਨੀਤੀ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਈ ਜਾਂਦੀ ਹੈ | ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਵਲੋਂ ਹੋਰ ਦੇਸ਼ਾਂ ਨੂੰ ਉਨ੍ਹਾਂ ਦੀ ਖਾਧ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੀ ਅਪੀਲ ਦੇ ਆਧਾਰ 'ਤੇ ਦਿੱਤੀ ਗਈ ਆਗਿਆ ਦੇ ਆਧਾਰ 'ਤੇ ਕਣਕ ਦੀ ਬਰਾਮਦ ਦੀ ਆਗਿਆ ਦਿੱਤੀ ਜਾਵੇਗੀ | ਇਕ ਅਲੱਗ ਨੋਟੀਫਿਕੇਸ਼ਨ ਵਿਚ ਡੀ.ਜੀ.ਐਫ.ਟੀ. ਨੇ ਪਿਆਜ਼ ਦੇ ਬੀਜ ਲਈ ਬਰਾਮਦ ਸ਼ਰਤਾਂ ਨੂੰ ਆਸਾਨ ਬਣਾਉਣ ਦਾ ਐਲਾਨ ਕੀਤਾ ਹੈ | ਡੀ.ਜੀ.ਐਫ.ਟੀ. ਨੇ ਕਿਹਾ ਕਿ ਪਿਆਜ਼ ਦੇ ਬੀਜ ਦੀ ਬਰਾਮਦ ਨੀਤੀ ਨੂੰ ਤੁਰੰਤ ਪ੍ਰਭਾਵ ਨਾਲ ਸੀਮਤ ਸ਼੍ਰੇਣੀ ਤਹਿਤ ਰੱਖਿਆ ਜਾਂਦਾ ਹੈ | ਪਹਿਲਾਂ ਪਿਆਜ਼ ਦੇ ਬੀਜ ਦੀ ਬਰਾਮਦ 'ਤੇ ਪਾਬੰਦੀ ਸੀ |
ਚੰਡੀਗੜ੍ਹ, 14 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ 'ਵੀ.ਆਈ.ਪੀ. ਕਲਚਰ' ਨੂੰ ਠੱਲ੍ਹ ਪਾਉਣ ਲਈ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਜੇਲ੍ਹਾਂ 'ਚ ਵੀ.ਆਈ.ਪੀ. ਸੈੱਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ | ਭਗਵੰਤ ਮਾਨ ਨੇ ਕਿਹਾ ਕਿ ਉਹ ਜੇਲ੍ਹਾਂ 'ਚ ਵੀ. ਆਈ. ਪੀ. ਕਲਚਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ | ਉਨ੍ਹਾਂ ਵੀਡੀਓ ਸੁਨੇਹੇ ਰਾਹੀਂ ਕਿਹਾ ਕਿ ਸਰਕਾਰ ਵਲੋਂ ਜੇਲ੍ਹਾਂ ਵਿਚ ਮੋਬਾਈਲ ਫੋਨਾਂ ਦੀ ਦੁਰਵਰਤੋਂ ਰੋਕਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ 710 ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹੁੰਦੇ ਹਨ ਕਿ ਅਦਾਲਤਾਂ ਵਲੋਂ ਦੋਸ਼ੀ ਕਰਾਰ ਦਿੱਤਾ ਬੰਦਾ ਜੇਲ੍ਹਾਂ ਵਿਚ ਵੀ.ਆਈ.ਪੀ. ਕਿਵੇਂ ਬਣ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ 'ਚੋਂ ਗੈਂਗਸਟਰਾਂ ਦਾ ਨੈੱਟਵਰਕ ਚੱਲਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਇਨ੍ਹਾਂ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸੁਧਾਰ ਘਰ ਹੁਣ ਅਸਲ ਵਿਚ ਅਪਰਾਧੀਆਂ ਨੂੰ ਸੁਧਾਰਨਗੇ | ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ ਸਾਰੇ ਵੀ.ਆਈ.ਪੀ. ਕਮਰਿਆਂ ਨੂੰ ਉਥੋਂ ਦੇ ਸਟਾਫ਼ ਲਈ ਪ੍ਰਬੰਧਕ ਬਲਾਕ ਬਣਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਜੇਲ੍ਹਾਂ 'ਚ ਬੇਨਿਯਮੀਆਂ ਅਤੇ ਮੋਬਾਈਲਾਂ ਦੀ ਵਰਤੋਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ | ਸਮੇਂ-ਸਮੇਂ 'ਤੇ ਸਰਕਾਰ ਵਲੋਂ ਜੇਲ੍ਹਾਂ 'ਚ ਅਜਿਹੇ ਸੁਧਾਰ ਨੂੰ ਲੈ ਕੇ ਦਾਅਵੇ ਵੀ ਕੀਤੇ ਜਾਂਦੇ ਰਹੇ ਹਨ | ਹੁਣ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਜੇਲ੍ਹ ਮੰਤਰੀ ਸ. ਹਰਜੋਤ ਸਿੰਘ ਬੈਂਸ ਵਲੋਂ ਲਗਾਤਾਰ ਸੂਬੇ ਵਿਚਲੀਆਂ ਜੇਲ੍ਹਾਂ ਦੇ ਦੌਰੇ ਕਰ ਕੇ ਉੱਥੇ ਦੀਆਂ ਬੇਨਿਯਮੀਆਂ ਦੀ ਰਿਪੋਰਟ ਮੁੱਖ ਮੰਤਰੀ ਨੂੰ ਦਿੱਤੀ ਜਾ ਰਹੀ ਸੀ, ਜਿਸ ਦੇ ਚੱਲਦੇ ਅੱਜ ਮੁੱਖ ਮੰਤਰੀ ਵਲੋਂ ਇਹ ਕਦਮ ਚੁੱਕਿਆ ਗਿਆ ਦੱਸਿਆ ਜਾ ਰਿਹਾ ਹੈ |
ਅਗਰਤਲਾ, 14 ਮਈ (ਏਜੰਸੀ)-ਤਿ੍ਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਵਲੋਂ ਆਪਣਾ ਅਸਤੀਫਾ ਰਾਜਪਾਲ ਐਸ.ਐਨ. ਆਰਿਆ ਨੂੰ ਸੌਂਪਣ ਤੋਂ ਬਾਅਦ ਸੂਬਾ ਭਾਜਪਾ ਇਕਾਈ ਦੀ ਹੋਈ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਮਾਨਿਕ ਸਾਹਾ ਨੂੰ ਪਾਰਟੀ ਦਾ ਆਗੂ ਚੁਣ ਲਿਆ ਗਿਆ, ...
• ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ • ਡੀ.ਐਨ.ਏ. ਨਾਲ ਹੋਵੇਗੀ ਲਾਸ਼ਾਂ ਦੀ ਸ਼ਨਾਖਤ
ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਮੁੰਡਕਾ ...
ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-ਮਹਾਰਾਸ਼ਟਰ ਦੇ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਰਾਣਾ ਨੇ ਸਨਿਚਰਵਾਰ ਨੂੰ ਦਿੱਲੀ ਦੇ ਕਨਾਟ ਪਲੇਸ ਸਥਿਤ ਪ੍ਰਸਿੱਧ ਹਨੂੰਮਾਨ ਮੰਦਿਰ 'ਚ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ | ਇਸ ਦੌਰਾਨ ਉਨ੍ਹਾਂ ਦੇ ਪਤੀ ਵਿਧਾਇਕ ਰਵੀ ਰਾਣਾ ...
ਸਰਕਾਰ ਵਲੋਂ ਮਿ੍ਤਕਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦੇ ਮੁਆਵਜ਼ੇ ਦਾ ਐਲਾਨ
ਭੋਪਾਲ, 14 ਮਈ (ਏਜੰਸੀਆਂ)-ਮੱਧ ਪ੍ਰਦੇਸ਼ ਦੇ ਗੁਨਾ 'ਚ ਦੇਰ ਰਾਤ ਕਾਲੇ ਹਿਰਨ ਦੇ ਸ਼ਿਕਾਰੀਆਂ ਨੇ ਕਤਲੇਆਮ ਕਰ ਕੇ ਸਨਸਨੀ ਪੈਦਾ ਕਰ ਦਿੱਤੀ | ਅਸਲ 'ਚ ਸੂਚਨਾ ਦੇ ਆਧਾਰ 'ਤੇ ਗੁਨਾ ਦੇ ਆਰੋਨ ...
ਰਾਸ਼ਟਰੀ ਕਿਸਾਨ ਕਰਜ਼ਾ ਰਾਹਤ ਕਮਿਸ਼ਨ ਦੀ ਸਥਾਪਨਾ ਦੀ ਮੰਗ ਦਾ ਵੀ ਪ੍ਰਸਤਾਵ
ਉਦੈਪੁਰ (ਰਾਜਸਥਾਨ), 14 ਮਈ (ਪੀ. ਟੀ. ਆਈ.)-ਕਾਂਗਰਸ ਵਲੋਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਦਾ ਸੱਦਾ ਦਿੱਤਾ ਗਿਆ ਅਤੇ ਕਿਹਾ ਕਿ ਉਸ ਦਾ ...
ਦੁਬਈ, 14 ਮਈ (ਏਜੰਸੀ)-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਸ਼ਾਸਕਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਇਸ ਵਿਰਾਸਤੀ ਸ਼ਾਸਨ ਵਾਲੇ ਅਰਬ ਪ੍ਰਾਇਦੀਪ ਦੇਸ਼ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ ਕਿ ...
ਹੇਲਸਿੰਕੀ, 14 ਮਈ (ਏਜੰਸੀ)-ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨੀਨੀਸਟੋ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਕਿਹਾ ਕਿ ਫ਼ੌਜੀ ਤੌਰ 'ਤੇ ਗੈਰ-ਗਠਬੰਧਨ ਨਾਰਡਿਕ ਦੇਸ਼, ਜੋ ਰੂਸ ਨਾਲ ਲੰਬੀ ਸਰਹੱਦ ਅਤੇ ਇਤਿਹਾਸ ਸਾਂਝਾ ਕਰਦਾ ਹੈ, ਆਉਣ ਵਾਲੇ ਦਿਨਾਂ 'ਚ ਨਾਟੋ ...
ਚੰਡੀਗੜ੍ਹ, 14 ਮਈ (ਮਾਨ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੀ ਪਾਰਟੀ ਤੇ ਇਸ ਦੀ ਲੀਡਰਸ਼ਿਪ ਪ੍ਰਤੀ ਬਿਆਨਬਾਜ਼ੀ ਨੂੰ ਗਲਤ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਨਾਕ, ਗ਼ਲਤ ਅਤੇ ਬੇਇਨਸਾਫ਼ੀ ਹੈ ਕਿ ਜਾਖੜ ...
ਅਸਤੀਫਾ ਦੇਣ ਵਾਲੇ ਸੁਨੀਲ ਜਾਖੜ ਵਲੋਂ ਸੂਬੇ ਵਿਚ ਕਾਂਗਰਸ ਨੂੰ ਕਮਜ਼ੋਰ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਕਾਂਗਰਸੀ ਨੇਤਾ ਹਰੀਸ਼ ਰਾਵਤ ਨੇ ਪੰਜਾਬ ਇੰਚਾਰਜ ਹੋਣ ਦੇ ਨਾਤੇ ਆਪਣੇ ਵਲੋਂ ਲਏ ਗਏ ਫੈਸਲਿਆਂ ਦਾ ਬਚਾਅ ਕੀਤਾ ਹੈ | ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ ...
ਚੰਡੀਗੜ੍ਹ, 14 ਮਈ ( ਮਾਨ)-ਸੁਨੀਲ ਜਾਖੜ ਵਲੋਂ ਪਾਰਟੀ ਛੱਡਣ ਦਾ ਐਲਾਨ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਹੁਣ ਜਾਖੜ ਨੂੰ ਮਨਾਉਣ 'ਚ ਲੱਗੇ ਹੋਏ ਹਨ | ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਮਤਭੇਦ ਹੋਣ, ...
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਉਮੀਦ ਸੀ ਕਿ ਉੱਤਰਾਖੰਡ ਅਤੇ ਪੰਜਾਬ ਦੇ ਅੰਦਰ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ | ਇੱਥੇ ਕਾਂਗਰਸ ਦੀ ਸਰਕਾਰ ਬਣੇਗੀ ਪਰ ਅਜਿਹਾ ਨਹੀਂ ਹੋਇਆ | ਉਨ੍ਹਾਂ ਪੁੱਛਿਆ ਕਿ ਕੀ ਕੋਈ ਦੱਸੇਗਾ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਦੇ ਚਿਹਰੇ ਹਰੀਸ਼ ...
ਜਾਖੜ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ''ਘਰ ਕੋ ਸਜਾਨੇ ਕਾ ਤਸੁਵਰ ਤੋ ਹੈ ਬਹੁਤ, ਪਹਿਲੇ ਯੇ ਤੋ ਤੈਅ ਹੋ ਕਿ ਘਰ ਕੋ ਬਚਾਏ ਕੈਸੇ |'' ਉਨ੍ਹਾਂ ਨੇ ਬਿਨਾਂ ਕਿਸੇ ਪਾਰਟੀ ਦੇ ਨੇਤਾ ਦਾ ਨਾਂਅ ਲਏ ਕਿਹਾ ਕਿ ਸਭ ਪਾਰਟੀ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX