ਪਹਿਲਾਂ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿਚ ਬਾਬਰੀ ਮਸਜਿਦ ਤੇ ਹੁਣ ਵਾਰਾਨਸੀ (ਲਖਨਊ) ਵਿਚ ਗਿਆਨਵਾਪੀ ਮਸਜਿਦ ਨੂੰ ਲੈ ਕੇ ਦੇਸ਼ ਭਰ ਵਿਚ ਜੋ ਫ਼ਿਰਕੂ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਉਸ ਦੀ ਸੁਚੇਤ ਵਰਗਾਂ ਵਲੋਂ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਬਾਬਰੀ ਮਸਜਿਦ ਦਾ ਮਸਲਾ ਵੀ 100 ਸਾਲ ਤੋਂ ਵੀ ਵਧੇਰੇ ਸਮੇਂ ਤੱਕ ਚੱਲਿਆ ਸੀ। ਭਾਵੇਂ ਇਸ ਸੰਬੰਧੀ ਕੁਝ ਮੂਲਵਾਦੀ ਸੰਗਠਨ ਤਾਂ ਆਪਣੇ ਨਿਸ਼ਾਨੇ ਵਿਚ ਸਫਲ ਹੋ ਗਏ ਸਨ ਪਰ ਇਸ ਘਟਨਾਕ੍ਰਮ ਨੇ ਇਕ ਵਾਰ ਤਾਂ ਦੇਸ਼ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਸੀ। ਭਾਵੇਂ ਉਸ ਸਮੇਂ ਕੇਂਦਰ ਵਿਚ ਕਾਂਗਰਸ ਦੀ ਹਕੂਮਤ ਸੀ ਪਰ ਭਾਰਤੀ ਜਨਤਾ ਪਾਰਟੀ ਵਲੋਂ ਉਤਸ਼ਾਹ ਦਿੱਤੇ ਜਾਣ ਕਾਰਨ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਅਜਿਹੇ ਹੀ ਹੋਰ ਸੰਗਠਨਾਂ ਨੇ ਭੀੜਾਂ ਜੁਟਾ ਕੇ ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀ, ਜਿਸ ਨਾਲ ਪੂਰੇ ਦੇਸ਼ ਵਿਚ ਫ਼ਿਰਕੂ ਫ਼ਸਾਦ ਭੜਕ ਗਏ ਸਨ। ਦੁਨੀਆ ਭਰ ਵਿਚ ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਹੋਣਾ ਪਿਆ ਸੀ।
ਆਜ਼ਾਦੀ ਤੋਂ ਬਾਅਦ ਬੜੀ ਮਿਹਨਤ ਨਾਲ ਹਰ ਵਰਗ ਦੇ ਆਗੂਆਂ ਨੇ ਇਕ ਅਜਿਹਾ ਸੰਵਿਧਾਨ ਬਣਾਇਆ ਸੀ, ਜਿਸ ਵਿਚ ਸਾਰੇ ਲੋਕਾਂ ਲਈ ਸਮਾਨਤਾ, ਧਰਮ-ਨਿਰਪੱਖਤਾ ਅਤੇ ਲੋਕਤੰਤਰੀ ਭਾਵਨਾਵਾਂ ਦਾ ਵਿਸਥਾਰਤ ਉਲੇਖ ਕੀਤਾ ਗਿਆ ਸੀ, ਜਿਸ 'ਤੇ ਅਕਸਰ ਅੱਜ ਵੀ ਮਾਣ ਕੀਤਾ ਜਾਂਦਾ ਹੈ। ਪਰ ਜਦੋਂ ਕੁਝ ਸੌੜੀ ਵਿਚਾਰਧਾਰਾ ਵਾਲੀਆਂ ਸਿਆਸੀ ਪਾਰਟੀਆਂ ਅਤੇ ਫ਼ਿਰਕੂ ਸੰਗਠਨਾਂ ਵਲੋਂ ਸਥਾਪਤ ਧਾਰਮਿਕ ਸਥਾਨਾਂ ਨੂੰ ਲੈ ਕੇ ਭਾਵਨਾਵਾਂ ਨੂੰ ਭੜਕਾਇਆ ਜਾਵੇ ਅਤੇ ਅਜਿਹੇ ਮਸਲਿਆਂ 'ਤੇ ਦੰਗੇ-ਫ਼ਸਾਦ ਸ਼ੁਰੂ ਹੋ ਜਾਣ ਦਾ ਖਦਸ਼ਾ ਹੋਵੇ ਤਾਂ ਸੁਚੇਤ ਨਾਗਰਿਕਾਂ ਨੂੰ ਚਿੰਤਾ ਹੋਣੀ ਸੁਭਾਵਿਕ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਇਸੇ ਤਰ੍ਹਾਂ ਸਦੀਆਂ ਪੁਰਾਣੇ ਮਸਲੇ ਛੇੜੇ ਜਾਂਦੇ ਰਹੇ ਤਾਂ ਸਮੁੱਚਾ ਦੇਸ਼ ਹੀ ਬਲਦੀ ਦੇ ਬੂਥੇ 'ਤੇ ਆ ਜਾਏਗਾ। ਅੱਜ ਦੇ ਆਧੁਨਿਕ ਲੀਹਾਂ 'ਤੇ ਪਏ ਦੇਸ਼ ਦੇ ਲੋਕਾਂ ਨੂੰ ਜੇਕਰ ਸਦੀਆਂ ਪੁਰਾਣੇ ਕਿੱਸੇ ਸੁਣਾ ਕੇ ਉਨ੍ਹਾਂ ਦੇ ਜ਼ਖ਼ਮਾਂ ਨੂੰ ਕੁਰੇਦਿਆ ਜਾਏਗਾ ਤਾਂ ਵੱਡਾ ਨੁਕਸਾਨ ਹੋਣਾ ਤੈਅ ਹੈ। ਇਸ ਨਾਲ ਧਰਮ-ਨਿਰਪੱਖ ਲਿਖਤੀ ਸੰਵਿਧਾਨ ਦੀਆਂ ਭਾਵਨਾਵਾਂ ਵੀ ਕੱਖੋਂ ਹੌਲੀਆਂ ਹੋ ਜਾਣਗੀਆਂ। ਅਜਿਹੇ ਖ਼ਦਸ਼ਿਆਂ ਨੂੰ ਦੇਖਦਿਆਂ ਹੀ ਦੇਸ਼ ਦੀ ਸੰਸਦ ਨੇ 1991 ਵਿਚ ਪੂਜਾ ਅਰਚਨਾ ਸੰਬੰਧੀ ਇਕ ਕਾਨੂੰਨ ਪਾਸ ਕੀਤਾ ਸੀ, ਜਿਸ ਵਿਚ ਸਪੱਸ਼ਟ ਤੌਰ 'ਤੇ ਇਹ ਕਿਹਾ ਗਿਆ ਹੈ ਕਿ ਦੇਸ਼ ਦੇ ਆਜ਼ਾਦੀ ਦੇ ਸਮੇਂ ਤੋਂ ਸਥਾਪਤ ਧਾਰਮਿਕ ਸਥਾਨਾਂ ਵਿਚ ਹੁਣ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾ ਸਕਦਾ। ਭਾਵੇਂ ਬਾਬਰੀ ਮਸਜਿਦ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਇਸ ਤੋਂ ਬਾਅਦ ਆਇਆ ਸੀ ਪਰ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਵਿਚ ਵੀ ਬਾਬਰੀ ਮਸਜਿਦ ਨੂੰ ਢਾਹੁਣ ਦੀ ਸਖ਼ਤ ਨਿਖੇਧੀ ਕੀਤੀ ਗਈ ਸੀ ਅਤੇ ਇਸ ਫ਼ੈਸਲੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਕੋਈ ਹੋਰ ਵਿਵਾਦ ਨਾ ਛੇੜਿਆ ਜਾਵੇ। ਕੁਝ ਸੰਗਠਨਾਂ ਅਨੁਸਾਰ 12ਵੀਂ ਸਦੀ ਵਿਚ ਕੁਤੁਬਦੀਨ ਐਬਕ ਤੋਂ ਲੈ ਕੇ ਇਲਤੁਤਮਿਸ਼ ਤੇ ਸਿਕੰਦਰ ਲੋਧੀ ਦੇ ਸਮੇਂ ਤੋਂ ਲੈ ਕੇ ਮੁਗਲਾਂ ਦੇ 400 ਸਾਲਾਂ ਦੇ ਪ੍ਰਸ਼ਾਸਨ ਦੇ ਸਮੇਂ ਵਿਚ ਹਜ਼ਾਰਾਂ ਹੀ ਮੰਦਰਾਂ ਨੂੰ ਤੋੜ ਕੇ ਮਸਜਿਦਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਉਹ ਤਾਂ ਵਿਦੇਸ਼ੀ ਹਮਲਾਵਰ ਸਨ ਤੇ ਵਿਦੇਸ਼ੀ ਧਰਤੀ ਤੋਂ ਆਏ ਹੁਕਮਰਾਨ ਸਨ। ਪਰ ਅੱਜ ਬਹੁਤ ਸਾਰੇ ਸੰਗਠਨ ਆਪਣੇ ਬਹੁਮਤ ਦੇ ਸਹਾਰੇ 'ਤੇ ਪਿਛਲੀਆਂ ਸਦੀਆਂ ਦੇ ਸਾਰੇ ਬਦਲੇ ਲੈਣ ਲਈ ਉਤਾਰੂ ਹਨ। ਅਜਿਹੇ ਅਨਸਰਾਂ ਨੂੰ ਦੇਸ਼ ਦੇ ਅੱਜ ਦੇ ਬਹੁਤੇ ਹਾਕਮ ਵੀ ਉਤਸ਼ਾਹਿਤ ਕਰ ਰਹੇ ਹਨ। ਅਜਿਹੀ ਸੋਚ 'ਤੇ ਅਮਲ ਕਰਦਿਆਂ ਦੇਸ਼ ਵਿਚ ਧਰਮ-ਨਿਰਪੱਖਤਾ ਅਤੇ ਲੋਕਤੰਤਰ ਦਾ ਪੂਰੀ ਤਰ੍ਹਾਂ ਘਾਣ ਹੋ ਜਾਏਗਾ। ਇਸ ਦੇ ਹਾਲਾਤ ਅੱਜ ਵੀ 12ਵੀਂ ਸਦੀ ਵਿਚ ਜੀਅ ਰਹੇ ਬਹੁਤੇ ਅਫ਼ਗਾਨੀਆਂ ਵਰਗੇ ਹੋ ਜਾਣਗੇ। ਪਿਛਲੀਆਂ ਸਦੀਆਂ ਵਿਚ ਵੀ ਅਫ਼ਗਾਨਾਂ ਦਾ ਅਜਿਹਾ ਹੀ ਹਾਲ ਹੁੰਦਾ ਦੇਖਿਆ ਗਿਆ ਹੈ। ਅਜਿਹੇ ਬਦਲੇ ਲੈਣ ਦੀ ਸੋਚ ਕਬੀਲਿਆਂ ਵਾਲੀ ਤਾਂ ਕਹੀ ਜਾ ਸਕਦੀ ਹੈ, ਅਗਾਂਹ ਵਧ ਰਹੇ ਸੱਭਿਅਕ ਸਮਾਜ ਦੀ ਨਹੀਂ। ਪਰ ਅੱਜ ਭਾਰਤ ਦੇ ਹਾਕਮਾਂ ਦੇ ਸਿਰ 'ਤੇ ਅਜਿਹਾ ਫ਼ਿਰਕੂ ਭੂਤ ਸਵਾਰ ਹੋਇਆ ਜਾਪਦਾ ਹੈ।
ਅਸੀਂ ਇਹ ਯਕੀਨ ਨਾਲ ਕਹਿ ਸਕਦੇ ਹਾਂ ਕਿ ਬੀਜੀ ਜਾ ਰਹੀ ਅਜਿਹੀ ਨਫ਼ਰਤ ਦੀ ਖੇਤੀ ਨੂੰ ਨਫ਼ਰਤ ਦੇ ਹੀ ਫਲ ਲੱਗਣਗੇ, ਜੋ ਪੂਰੇ ਮੁਲਕ ਨੂੰ ਬਿਮਾਰ ਕਰਨ ਦੇ ਸਮਰੱਥ ਹੋ ਸਕਦੇ ਹਨ। ਬਾਬਰੀ ਮਸਜਿਦ ਤੋਂ ਬਾਅਦ ਹੁਣ ਜਿਸ ਤਰ੍ਹਾਂ ਵਾਰਾਨਸੀ ਵਿਚ ਗਿਆਨਵਾਪੀ ਮਸਜਿਦ ਦੇ ਮਸਲੇ ਨੂੰ ਹਵਾ ਦਿੱਤੀ ਜਾ ਰਹੀ ਹੈ, ਇਹ ਹਵਾ ਮੁਲਕ ਲਈ ਜ਼ਹਿਰੀਲੀ ਸਾਬਤ ਹੋ ਸਕਦੀ ਹੈ। ਜੇਕਰ ਅੱਜ ਕੁਰਸੀਆਂ 'ਤੇ ਬੈਠੇ ਸਿਆਸਤਦਾਨਾਂ ਵਲੋਂ ਦੇਸ਼ ਦੇ ਹਰ ਪੱਖੋਂ ਵਿਕਾਸ ਕਰਨ ਦੇ ਆਪਣੇ ਦਾਅਵਿਆਂ ਦੇ ਬਾਵਜੂਦ ਅਜਿਹਾ ਫ਼ਿਰਕੂ ਜ਼ਹਿਰ ਫੈਲਾਇਆ ਜਾਂਦਾ ਹੈ ਤਾਂ ਇਹ ਕੈਂਸਰ ਬਣ ਕੇ ਦੇਸ਼ ਨੂੰ ਪੂਰੀ ਤਰ੍ਹਾਂ ਖੋਖਲਾ ਕਰਕੇ ਰੱਖ ਦੇਵੇਗਾ। ਉਨ੍ਹਾਂ ਦਾ ਕੌਮਾਂਤਰੀ ਪ੍ਰਭਾਵ ਵੀ ਬੌਣਾ ਹੋ ਕੇ ਰਹਿ ਜਾਏਗਾ। ਗੱਲ ਸਿਰਫ ਫ਼ਿਰਕੂ ਦੰਗਿਆਂ ਦੀ ਨਹੀਂ ਹੈ, ਇਸ ਤੋਂ ਵੀ ਵੱਡੀ ਗੱਲ ਉਨ੍ਹਾਂ ਸਿਆਸੀ ਪਾਰਟੀਆਂ ਅਤੇ ਸਿਆਸਤਦਾਨਾਂ ਦੀ ਹੈ, ਜੋ ਅਜਿਹੇ ਮਾਹੌਲ ਨੂੰ ਉਤਸ਼ਾਹਿਤ ਕਰਨ ਵਿਚ ਸਹਾਈ ਹੋ ਰਹੇ ਹਨ। ਅਜਿਹੀਆਂ ਸਰਕਾਰਾਂ ਲੋਕਤੰਤਰ ਦੀ ਤਕੜੀ 'ਤੇ ਵੀ ਬੇਹੱਦ ਹੌਲੀਆਂ ਹੋਈਆਂ ਜਾਪਦੀਆਂ ਹਨ।
-ਬਰਜਿੰਦਰ ਸਿੰਘ ਹਮਦਰਦ
ਹਾਲ ਹੀ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਖ-ਵੱਖ ਖੇਤਰ ਅਤੇ ਖਿੱਤਿਆਂ ਨਾਲ ਸੰਬੰਧਿਤ ਸਿੱਖ ਆਗੂਆਂ ਨਾਲ ਉਪਰੋਥਲੀ ਕਈ ਮੁਲਾਕਾਤਾਂ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਨੌਵੇਂ ਪਾਤਸ਼ਾਹਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ...
ਪੰਜਾਬ ਦੀ ਮੌਜੂਦਾ ਸਰਕਾਰ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸ਼ਾਮਲਾਤ ਜ਼ਮੀਨਾਂ ਛਡਾਉਣ ਲਈ ਸਾਜ਼ਗਾਰ ਅਤੇ ਕਾਰਗਰ ਮੁਹਿੰਮ ਵਿੱਢੀ ਹੋਈ ਹੈ। ਲੋੜ ਕਾਢ ਦੀ ਮਾਂ ਦੇ ਵਿਸ਼ੇ ਅਨੁਸਾਰ ਜਿਵੇਂ-ਜਿਵੇਂ ਲੋੜ ਮਹਿਸੂਸ ਹੁੰਦੀ ਹੈ, ਉਵੇਂ-ਉਵੇਂ ...
ਮੁਸਲਮਾਨਾਂ ਖ਼ਿਲਾਫ਼ ਉਨ੍ਹਾਂ ਦੀ ਭੱਦੀ ਸ਼ਬਦਾਵਲੀ ਲਈ ਭਗਵਾਂ ਵਰਕਰਾਂ ਨੂੰ ਫੜਨ ਜਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਦਿੱਲੀ ਪੁਲਿਸ ਦੀ ਸ਼ੁਰੂਆਤੀ ਅਣਇੱਛਾ ਅਤੇ ਸਰਬਉੱਚ ਅਦਾਲਤ ਸਾਹਮਣੇ ਦੇਸ਼ ਧ੍ਰੋਹ ਕਾਨੂੰਨਾਂ ਲਈ ਕੇਂਦਰ ਦਾ ਪ੍ਰਮਾਣ ਪੱਤਰ, ਸੱਤਾਵਾਦ ਦਾ ਖ਼ਾਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX