ਪੰਜਾਬ ਵਿਚ ਨਵੀਂ ਸਰਕਾਰ ਨੂੰ ਬਣਿਆਂ ਹਾਲੇ ਦੋ-ਢਾਈ ਮਹੀਨੇ ਹੀ ਹੋਏ ਹਨ ਪਰ ਇਸ ਦੇ ਸਾਹਮਣੇ ਲਗਾਤਾਰ ਜਿੰਨੀਆਂ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ, ਉਨ੍ਹਾਂ ਕਾਰਨ ਪ੍ਰਸ਼ਾਸਨ ਬੇਬੱਸ ਹੋ ਰਿਹਾ ਜਾਪਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਜ਼ਮੀਨ ਹੇਠਲੇ ਪਾਣੀ ਦੀ ਪੱਧਰ ਖ਼ਤਰਨਾਕ ਹੱਦ ਤੱਕ ਡਿਗਣ ਕਾਰਨ ਨੇੜੇ ਭਵਿੱਖ ਵਿਚ ਇਸ ਸੰਬੰਧੀ ਆ ਸਕਦੀਆਂ ਕਠਿਨਾਈਆਂ ਨੂੰ ਦੇਖਦੇ ਹੋਏ ਪਾਣੀ ਦੀ ਵਰਤੋਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਹੈ। ਝੋਨੇ ਦੀ ਫ਼ਸਲ ਨੂੰ ਮੁੱਖ ਰੱਖਦਿਆਂ ਭਗਵੰਤ ਮਾਨ ਨੇ ਇਸ ਦੀ ਸਿੱਧੀ ਬਿਜਾਈ ਕਰਨ ਦੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਅਤੇ ਇਸ ਦੇ ਹੱਕ ਵਿਚ ਦਲੀਲਾਂ ਵੀ ਦਿੱਤੀਆਂ ਹਨ। ਇਸ ਦੇ ਨਾਲ ਹੀ ਸਰਕਾਰ ਵਲੋਂ ਬਿਜਲੀ ਤੇ ਪਾਣੀ ਨੂੰ ਕੁਝ ਹੱਦ ਤੱਕ ਬਚਾਈ ਰੱਖਣ ਲਈ ਝੋਨਾ ਲਾਉਣ ਦੀਆਂ ਪੜਾਅਵਾਰ ਤਰੀਕਾਂ ਦਾ ਵੀ ਐਲਾਨ ਕੀਤਾ ਹੈ। ਇਸ ਅਹਿਮ ਮਸਲੇ ਦੇ ਨਾਲ-ਨਾਲ ਕੁਝ ਕਿਸਾਨ ਜਥੇਬੰਦੀਆਂ ਵਲੋਂ ਚੰਡੀਗੜ੍ਹ ਨੇੜੇ ਦਿੱਤੇ ਟਰੈਕਟਰ ਧਰਨੇ ਤੋਂ ਬਾਅਦ ਮੁੱਖ ਮੰਤਰੀ ਨੇ ਕਿਸਾਨਾਂ ਦੀਆਂ 13 'ਚੋਂ 12 ਮੰਗਾਂ ਮੰਨਣ ਦਾ ਭਰੋਸਾ ਵੀ ਦਿੱਤਾ ਹੈ। ਜਿਸ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਨੇ ਆਪਣਾ ਧਰਨਾ ਚੁੱਕਿਆ ਸੀ।
ਭਾਵੇਂ 'ਆਪ' ਦੇ ਆਗੂਆਂ ਵਲੋਂ ਚੋਣਾਂ ਤੋਂ ਪਹਿਲਾਂ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਗਿਆ ਸੀ। ਪਰ ਲਗਾਤਾਰ ਖ਼ਰੀਦੀ ਜਾਣ ਵਾਲੀ ਬਿਜਲੀ ਦੇ ਮਹਿੰਗੇ ਹੋਣ ਕਾਰਨ ਅਤੇ ਇਸ ਦੀ ਖਪਤ ਵਿਚ ਵੱਡਾ ਵਾਧਾ ਹੋਣ ਕਾਰਨ ਬਿਜਲੀ ਨਿਗਮ 'ਤੇ ਪਿਆ ਆਰਥਿਕ ਬੋਝ ਹੁਣ ਉਸ ਲਈ ਸਹਿਣਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਇਸ ਲਈ ਮੁਫ਼ਤ ਬਿਜਲੀ ਦਾ ਐਲਾਨ ਕਿਸ ਤਰ੍ਹਾਂ ਅਤੇ ਕਦੋਂ ਕੀਤਾ ਜਾਂਦਾ ਹੈ, ਇਸ ਬਾਰੇ ਹਾਲ ਦੀ ਘੜੀ ਤਾਂ ਅਨਿਸਚਿਤਤਾ ਬਣੀ ਨਜ਼ਰ ਆਉਂਦੀ ਹੈ। ਪਰ ਹਰ ਖੇਤਰ ਵਿਚ ਵਧੀ ਹੋਈ ਮੰਗ ਨੂੰ ਦੇਖਦਿਆਂ ਜਿਸ ਤਰ੍ਹਾਂ ਸਨਅਤ 'ਤੇ ਬਿਜਲੀ ਕੱਟ ਲਾਉਣ ਦਾ ਐਲਾਨ ਕੀਤਾ ਗਿਆ ਹੈ। ਉਸ ਨਾਲ ਜਿਥੇ ਸਨਅਤੀ ਖੇਤਰ ਦਾ ਵੱਡਾ ਨੁਕਸਾਨ ਹੋਵੇਗਾ, ਉਥੇ ਇਸ ਨਾਲ ਸਨਅਤੀ ਖੇਤਰ ਦੇ ਮਜ਼ਦੂਰਾਂ 'ਤੇ ਵੀ ਮਾੜਾ ਅਸਰ ਪਵੇਗਾ। ਸਨਅਤਕਾਰਾਂ ਨੇ ਸਰਕਾਰ ਦੇ ਇਸ ਫ਼ੈਸਲੇ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਕ ਸਨਅਤਕਾਰ ਨੇ ਕਿਹਾ ਹੈ ਕਿ ਇਸ ਫ਼ੈਸਲੇ ਨਾਲ ਸਰਕਾਰ ਦੇ ਖਾਤੇ ਵਿਚ ਕਰੋੜਾਂ ਰੁਪਏ ਦੇਣ ਵਾਲੀ ਸਨਅਤ ਦਾ ਵੱਡਾ ਨੁਕਸਾਨ ਹੋਵੇਗਾ। ਇਕ ਸਨਅਤਕਾਰ ਨੇ ਇਹ ਵੀ ਕਿਹਾ ਹੈ ਕਿ ਹਫ਼ਤੇ ਵਿਚ ਇਕ ਵਾਰ ਬਿਜਲੀ ਕੱਟ ਲਾਉਣ ਦੇ ਆਦੇਸ਼ ਦਿੱਤੇ ਗਏ ਹਨ ਪਰ ਸਰਕਾਰ ਵਲੋਂ ਬਿਨਾਂ ਦੱਸੇ ਲਗਾਏ ਜਾ ਰਹੇ ਬਿਜਲੀ ਕੱਟਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਬੇਸ਼ੱਕ ਇਸ ਨਾਲ ਸਨਅਤੀ ਖੇਤਰ ਦਾ ਵੱਡਾ ਨੁਕਸਾਨ ਹੋਵੇਗਾ। ਸਰਕਾਰ ਨੇ ਇਹ ਵੀ ਯਤਨ ਕੀਤਾ ਹੈ ਕਿ ਵੱਧ ਤੋਂ ਵੱਧ ਰਹਿੰਦੇ ਬਿਜਲੀ ਬਿੱਲਾਂ ਨੂੰ ਵਸੂਲਿਆ ਜਾਏ ਪਰ ਅੱਜਕਲ੍ਹ ਜਿਸ ਥਾਂ 'ਤੇ ਬਿਜਲੀ ਮੁਲਾਜ਼ਮ ਇਸ ਸੰਬੰਧੀ ਕੋਈ ਕਾਰਵਾਈ ਕਰਨ ਜਾਂਦੇ ਹਨ ਤਾਂ ਕਈ ਵਾਰ ਉਨ੍ਹਾਂ ਨੂੰ ਉਥੋਂ ਦੇ ਲੋਕਾਂ ਦੇ ਗੁੱਸੇ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਉਦਾਹਰਨ ਲਈ ਫਿਰੋਜ਼ਪੁਰ ਦੇ ਇਕ ਪਿੰਡ ਵਿਚ ਕੁੰਡੀ ਲਗਾ ਕੇ ਟਿਊਬਵੈੱਲ ਲਈ ਬਿਜਲੀ ਚੋਰੀ ਕਰ ਰਹੇ ਇਕ ਵਿਅਕਤੀ ਤੇ ਉਸ ਦੇ ਸਾਥੀਆਂ ਨੇ ਬਿੱਲ ਲੈਣ ਗਏ ਬਿਜਲੀ ਮੁਲਾਜ਼ਮਾਂ 'ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਵਿਅਕਤੀ ਨੇ ਪਿਛਲੇ 4 ਸਾਲ ਤੋਂ ਬਿੱਲ ਨਹੀਂ ਸੀ ਭਰਿਆ। ਉਸ ਦੇ ਘਰ ਦਾ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਉਹ ਖੇਤੀ ਦੇ ਕੁਨੈਕਸ਼ਨ 'ਤੇ ਕੁੰਡੀ ਲਗਾ ਕੇ ਬਿਜਲੀ ਵਰਤ ਰਿਹਾ ਸੀ। ਇਸੇ ਹੀ ਤਰ੍ਹਾਂ ਮੋਗਾ ਦੇ ਇਕ ਪਿੰਡ ਵਿਚ ਪਾਵਰਕਾਮ ਦੇ ਅਧਿਕਾਰੀਆਂ ਨੂੰ 10 ਘੰਟੇ ਤੱਕ ਬੰਧਕ ਬਣਾਈ ਰੱਖਿਆ ਗਿਆ। ਬੀਤੇ ਦਿਨੀਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਨਬਸ ਤੇ ਪੰਜਾਬ ਰੋਡਵੇਜ਼ ਦੇ ਕੰਟਰੈਕਟ ਮੁਲਾਜ਼ਮਾਂ ਵਲੋਂ ਹੜਤਾਲ ਕੀਤੀ ਗਈ, ਜਿਸ ਨਾਲ ਹਜ਼ਾਰਾਂ ਹੀ ਯਾਤਰੀਆਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਮੁਲਾਜ਼ਮਾਂ ਵਲੋਂ ਜਿਥੇ ਨੌਕਰੀ ਪੱਕੀ ਕਰਨ ਦੀ ਲਗਾਤਾਰ ਗੁਹਾਰ ਲਗਾਈ ਜਾਂਦੀ ਹੈ, ਉਥੇ ਇਨ੍ਹਾਂ ਦੀਆਂ ਮਹੀਨਾਵਾਰ ਤਨਖ਼ਾਹਾਂ ਵਿਚ ਵੀ ਲਗਾਤਾਰ ਦੇਰੀ ਹੁੰਦੀ ਰਹੀ ਹੈ।
ਦੂਜੇ ਪਾਸੇ ਸਰਕਾਰ ਨੇ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦਾ ਐਲਾਨ ਕੀਤਾ ਤਾਂ ਹੋਇਆ ਹੈ। ਜਿਥੋਂ ਤੱਕ ਮੁਫ਼ਤ ਸਹੂਲਤਾਂ ਵੰਡਣ ਦਾ ਸੰਬੰਧ ਹੈ, ਸਮੇਂ ਦੀਆਂ ਸਰਕਾਰਾਂ ਮੁਫ਼ਤ ਘਿਓ, ਦਾਲਾਂ, ਆਟਾ ਤੇ ਕਣਕ ਵੰਡਣ ਦੇ ਨਾਲ-ਨਾਲ ਮੁਫ਼ਤ ਮੋਬਾਈਲ ਦੇਣ ਦੇ ਐਲਾਨ ਵੀ ਕਰਦੀਆਂ ਰਹੀਆਂ ਹਨ। ਟਿਊਬਵੈੱਲਾਂ ਤੋਂ ਇਲਾਵਾ ਹੋਰ ਵੀ ਕਈ ਵਰਗਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਐਲਾਨ ਕੀਤੇ ਹੋਏ ਹਨ। ਅਜਿਹੇ ਐਲਾਨਾਂ ਨਾਲ ਹੀ ਜਿਥੇ ਸਰਕਾਰ ਦਾ ਆਰਥਿਕ ਤੌਰ 'ਤੇ ਬੋਝ ਲਗਾਤਾਰ ਵਧ ਰਿਹਾ ਹੈ, ਉਥੇ ਇਨ੍ਹਾਂ ਮੁਢਲੀਆਂ ਸਹੂਲਤਾਂ ਨੂੰ ਨਿਰਵਿਘਨ ਜਾਰੀ ਰੱਖਣ ਲਈ ਵੀ ਅਨੇਕਾਂ ਹੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵੀ ਵਾਅਦੇ ਕੀਤੇ ਸਨ, ਜਿਹੜੇ ਹਾਲਾਤ ਨੂੰ ਵੇਖਦੇ ਹੋਏ ਨੇੜ ਭਵਿੱਖ ਵਿਚ ਪੂਰੇ ਕੀਤੇ ਜਾਣੇ ਬੇਹੱਦ ਮੁਸ਼ਕਿਲ ਹਨ। ਆਉਂਦੇ ਸਮੇਂ ਵਿਚ ਸਰਕਾਰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰ ਸਕਦੀ ਹੈ ਤੇ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਕਿਵੇਂ ਲੈ ਜਾਂਦੀ ਹੈ, ਇਹ ਇਕ ਅਜਿਹਾ ਸਵਾਲ ਬਣ ਗਿਆ ਹੈ ਜਿਸ ਨੂੰ ਹੱਲ ਕਰਨ ਲਈ ਸਰਕਾਰ ਨੂੰ ਹਾਲੇ ਲੰਮਾ ਸਫ਼ਰ ਤੈਅ ਕਰਨਾ ਪੈਣਾ ਹੈ।
-ਬਰਜਿੰਦਰ ਸਿੰਘ ਹਮਦਰਦ
ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਸਰਕਾਰ ਨੇ 'ਅੰਮ੍ਰਿਤਕਾਲ' ਦਾ ਨਾਂਅ ਦਿੱਤਾ, ਜੋ ਕਿ ਬੁਲਡੋਜ਼ਰਾਂ ਦੀ ਗੜਗੜਾਹਟ ਦੁਆਰਾ ਦਰਸਾਇਆ ਜਾ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ 'ਚ ਇਹ ਇਕ ਆਮ ਗੱਲ ਬਣ ਗਈ ਹੈ ਕਿ ਪ੍ਰਸ਼ਾਸਨ ਬੁਲਡੋਜ਼ਰਾਂ ਨਾਲ ਦਿੱਲੀ ਦੀਆਂ ਉਨ੍ਹਾਂ ਗੁਆਂਢੀ ...
ਬਰਸੀ 'ਤੇ ਵਿਸ਼ੇਸ਼
ਸਿੱਖ ਧਰਮ ਵਿਚ ਸੇਵਾ ਨੂੰ ਬੇਹੱਦ ਮਹੱਤਵ ਦਿੱਤਾ ਗਿਆ ਹੈ। ਕੋਈ ਕਿਸੇ ਪ੍ਰਕਾਰ ਦੀ ਸੇਵਾ ਕਰਦਾ ਹੈ ਤੇ ਕੋਈ ਕਿਸੇ ਪ੍ਰਕਾਰ ਦੀ। ਕੋਈ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਦੀ ਉਸਾਰੀ ਲਈ ਮਾਇਆ ਦੀ, ਕੋਈ ਲੰਗਰ ਲਈ ਸਬਜ਼ੀ, ਫਲ, ਭਾਂਡੇ, ਪੱਖੇ, ਦਰੀਆਂ, ਟਾਟ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX