ਮੁੱਖ ਮੰਤਰੀ ਭਗਵੰਤ ਮਾਨ ਨੇ 'ਮੁਹੱਲਾ ਕਲੀਨਿਕ' ਸ਼ੁਰੂ ਕਰਨ ਦਾ ਐਲਾਨ ਕਰਦਿਆਂ ਇਹ ਕਿਹਾ ਹੈ ਕਿ ਪੰਜਾਬ ਵਾਸੀਆਂ ਨੂੰ ਮੁਫ਼ਤ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ ਅਤੇ 15 ਅਗਸਤ ਨੂੰ ਇਨ੍ਹਾਂ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਏਗੀ। ਇਸ ਐਲਾਨ ਨੇ ਇਕ ਵਾਰ ਫਿਰ ਚੋਣਾਂ ਸਮੇਂ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਐਲਾਨਾਂ ਦੀ ਹਵਾ ਕੱਢ ਦਿੱਤੀ ਹੈ ਜਦੋਂ ਕਿ ਮੁੱਖ ਮੰਤਰੀ ਨੇ ਇਹ ਦਾਅਵਾ ਕੀਤਾ ਹੈ ਕਿ ਦਿੱਲੀ ਦੀ ਤਰਜ਼ 'ਤੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਇਹ ਕਲੀਨਿਕ ਸਥਾਪਤ ਹੋਣ ਨਾਲ ਸਰਕਾਰ ਦੇ ਵੱਡੇ ਚੋਣ ਵਾਅਦਿਆਂ 'ਚੋਂ ਇਕ ਮੁਕੰਮਲ ਹੋ ਜਾਏਗਾ। ਨਾਲ ਹੀ ਉਨ੍ਹਾਂ ਨੇ ਪਿਛਲੀ ਸਰਕਾਰ ਵਲੋਂ ਸਰਕਾਰ ਨਾਲ ਹਰ ਤਰ੍ਹਾਂ ਦਾ ਸੰਪਰਕ ਸੂਤਰ ਬਣਾਈ ਰੱਖਣ ਲਈ ਸਥਾਪਤ ਕੀਤੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰਨ ਦੀ ਗੱਲ ਵੀ ਕਹੀ ਹੈ। ਸਰਕਾਰ ਦੇ ਦਾਅਵੇ ਅਨੁਸਾਰ ਪਹਿਲੇ ਪੜਾਅ ਵਿਚ 75 ਕਲੀਨਿਕ ਸ਼ੁਰੂ ਕੀਤੇ ਜਾਣਗੇ ਜਦੋਂ ਕਿ ਇਸ ਐਲਾਨ ਨਾਲ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚੋਂ ਬਹੁਤਿਆਂ ਦੇ ਇਕ ਮੁਹੱਲਾ ਕਲੀਨਿਕ ਵੀ ਪੱਲੇ ਨਹੀਂ ਪਵੇਗਾ।
ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਇਹ ਪ੍ਰਭਾਵ ਦਿੱਤਾ ਸੀ ਕਿ ਸ਼ਹਿਰਾਂ ਦੇ ਸਾਰੇ ਮੁਹੱਲਿਆਂ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਅਤੇ ਪਿੰਡਾਂ ਨੂੰ ਵੀ ਇਸੇ ਤਰ੍ਹਾਂ ਘੇਰੇ ਵਿਚ ਲੈਣ ਲਈ ਯੋਜਨਾਬੰਦੀ ਕੀਤੀ ਜਾਵੇਗੀ। ਪੰਜਾਬ ਵਿਚ ਸਰਕਾਰੀ ਪੱਧਰ 'ਤੇ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦੀ ਘਾਟ ਅਕਸਰ ਰੜਕਦੀ ਰਹੀ ਹੈ। ਇਸ ਦਾ ਇਕ ਵੱਡਾ ਕਾਰਨ ਬਜਟ ਵਿਚ ਸਿਹਤ ਸਹੂਲਤਾਂ ਲਈ ਲੋੜੀਂਦੀ ਰਕਮ ਨਾ ਰੱਖਣਾ ਹੈ। ਦਿੱਲੀ ਸਰਕਾਰ ਨੇ ਹੁਣ ਤੱਕ 520 ਮੁਹੱਲਾ ਕਲੀਨਿਕ ਬਣਾਏ ਹਨ। ਇਸੇ ਤਰਜ਼ 'ਤੇ ਹੀ ਪੰਜਾਬ ਵਿਚ ਅਜਿਹਾ ਕੀਤਾ ਜਾਣਾ ਹੈ। ਪਾਰਟੀ ਅਨੁਸਾਰ ਪੰਜਾਬ ਦੇ 12,000 ਪਿੰਡਾਂ ਅਤੇ ਸ਼ਹਿਰਾਂ ਵਿਚ 16,000 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਹੁਣ ਸਰਕਾਰ ਦੇ ਨਵੇਂ ਐਲਾਨ ਅਨੁਸਾਰ ਅਗਲੇ ਮਹੀਨਿਆਂ ਵਿਚ ਹਰ ਵਿਧਾਨ ਸਭਾ ਹਲਕੇ ਵਿਚ ਇਹ ਕਲੀਨਿਕ ਖੋਲ੍ਹੇ ਜਾਣਗੇ ਭਾਵ ਕਿ ਇਹ ਐਲਾਨ ਮੁਹੱਲਿਆਂ ਅਤੇ ਪਿੰਡਾਂ ਦੀ ਗੱਲ ਛੱਡ ਕੇ ਹਾਲੇ ਵਿਧਾਨ ਸਭਾ ਹਲਕੇ ਤੱਕ ਸੀਮਤ ਰੱਖਿਆ ਜਾਏਗਾ। ਮੁੱਖ ਮੰਤਰੀ ਨਾਲ ਹੋਈ ਇਸ ਮੀਟਿੰਗ ਵਿਚ ਸੰਬੰਧਿਤ ਸਕੱਤਰ ਨੇ ਪੇਂਡੂ ਇਲਾਕਿਆਂ ਵਿਚ ਪਹਿਲਾਂ ਤੋਂ ਹੀ ਮੌਜੂਦ 3,000 ਸਬ ਸੈਂਟਰਾਂ ਦੀ ਗੱਲ ਕੀਤੀ ਅਤੇ ਇਹ ਵੀ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਸਿਖਲਾਈ ਪ੍ਰਾਪਤ ਪੈਰਾ ਮੈਡੀਕਲ ਸਟਾਫ ਦੁਆਰਾ ਇਸ ਪ੍ਰਬੰਧ ਨੂੰ ਕਾਰਗਰ ਢੰਗ ਨਾਲ ਚਲਾਇਆ ਜਾ ਰਿਹਾ ਹੈ। ਸੰਬੰਧਿਤ ਸਕੱਤਰ ਨੇ ਇਨ੍ਹਾਂ ਸਬ ਸੈਂਟਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ, ਜਿਸ ਨਾਲ ਸੂਬੇ ਵਿਚ ਸਿਹਤ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ। ਅੱਜ ਪੰਜਾਬ ਵਿਚ ਹਜ਼ਾਰਾਂ ਹੀ ਕਮਿਊਨਿਟੀ ਹੈਲਥ ਸੈਂਟਰ ਮੌਜੂਦ ਹਨ। ਇਨ੍ਹਾਂ ਡਿਸਪੈਂਸਰੀਆਂ ਵਿਚ ਲੋੜੀਂਦੇ ਸਟਾਫ ਅਤੇ ਦਵਾਈਆਂ ਦੀ ਘਾਟ ਅਕਸਰ ਰੜਕਦੀ ਰਹਿੰਦੀ ਹੈ। ਇਸ ਵੇਲੇ ਇਹ ਡਿਸਪੈਂਸਰੀਆਂ ਜਾਂ ਕਮਿਊਨਿਟੀ ਹੈਲਥ ਸੈਂਟਰ ਦੀਆਂ ਇਮਾਰਤਾਂ ਮੌਜੂਦ ਹਨ, ਜਿਨ੍ਹਾਂ ਵਿਚਲੀਆਂ ਘਾਟਾਂ ਨੂੰ ਪੂਰਾ ਕੀਤੇ ਜਾਣ ਦੀ ਜ਼ਰੂਰਤ ਹੈ। ਜੇ ਇਨ੍ਹਾਂ ਸਿਹਤ ਕੇਂਦਰਾਂ ਵਿਚ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਇਹ ਨਵੀਂ ਯੋਜਨਾਬੰਦੀ ਨਾਲ ਬਿਹਤਰ ਸਾਬਤ ਹੋ ਸਕਦੀਆਂ ਹਨ। ਸਾਡੀ ਸੂਚਨਾ ਮੁਤਾਬਿਕ ਪਿੰਡਾਂ ਦੀਆਂ ਹਜ਼ਾਰਾਂ ਡਿਸਪੈਂਸਰੀਆਂ ਲਈ ਪਿਛਲੇ 16 ਸਾਲਾਂ ਵਿਚ ਬਜਟ ਦੀ ਰਾਸ਼ੀ ਵਿਚ ਵਾਧਾ ਨਹੀਂ ਕੀਤਾ ਗਿਆ। ਇਨ੍ਹਾਂ ਡਿਸਪੈਂਸਰੀਆਂ ਵਿਚ ਹਰ ਮਹੀਨੇ ਦਵਾਈਆਂ ਆਦਿ ਲਈ 7500 ਰੁਪਈਆ ਹੀ ਦਿੱਤਾ ਜਾਂਦਾ ਹੈ। ਦੋ ਜਾਂ ਤਿੰਨ ਪਿੰਡਾਂ ਲਈ ਬਣਾਈਆਂ ਇਨ੍ਹਾਂ ਡਿਸਪੈਂਸਰੀਆਂ ਵਿਚ 7500 ਦੀ ਰਾਸ਼ੀ ਬੇਹੱਦ ਘੱਟ ਹੈ। ਚਾਹੇ ਇਨ੍ਹਾਂ ਵਿਚ ਕਾਫੀ ਥਾਵਾਂ 'ਤੇ ਪੈਰਾ ਮੈਡੀਕਲ ਸਟਾਫ ਤੇ ਡਾਕਟਰ ਮੌਜੂਦ ਹਨ। ਇਨ੍ਹਾਂ ਡਿਸਪੈਂਸਰੀਆਂ ਵਿਚ ਦਵਾਈਆਂ ਦੀ ਘਾਟ ਕਾਰਨ ਹੀ ਲੋਕ ਨਿੱਜੀ ਹਸਪਤਾਲਾਂ ਵੱਲ ਮੁੱਖ ਮੋੜਦੇ ਹਨ।
ਪੰਜਾਬ ਵਿਚ ਪ੍ਰਾਇਮਰੀ ਪੱਧਰ 'ਤੇ ਇਨ੍ਹਾਂ ਡਿਸਪੈਂਸਰੀਆਂ ਦੇ ਨਾਲ-ਨਾਲ ਜ਼ਿਲ੍ਹਾ ਅਤੇ ਤਹਿਸੀਲ ਹਸਪਤਾਲ ਇਸ ਤੋਂ ਇਲਾਵਾ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਕੇਂਦਰ ਸਰਕਾਰ ਦੇ ਹਸਪਤਾਲ ਵੀ ਮੌਜੂਦ ਹਨ। ਇਸ ਕਰਕੇ ਇਸ ਖੇਤਰ ਵਿਚ ਕਈ ਹੋਰ ਨਵੇਂ ਤਜਰਬਿਆਂ ਲਈ ਸਰਕਾਰੀ ਫੰਡ ਜੁਟਾਏ ਜਾਣੇ ਬੇਹੱਦ ਮੁਸ਼ਕਿਲ ਜਾਪਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਬਣਾਏ ਗਏ ਅਨੇਕਾਂ ਨਸ਼ਾ ਛੁਡਾਓ ਕੇਂਦਰ ਵੀ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਤਕੜਿਆਂ ਕੀਤੇ ਜਾਣ ਦੀ ਜ਼ਰੂਰਤ ਹੈ। ਨਵੀਂ ਸਰਕਾਰ ਨੇ ਜੇਕਰ ਸਹੀ ਅਰਥਾਂ ਵਿਚ ਸਿਹਤ ਦੇ ਖੇਤਰ ਵਿਚ ਲੋਕਾਂ ਲਈ ਪ੍ਰਭਾਵਸ਼ਾਲੀ ਕੰਮ ਕਰਨੇ ਹਨ ਤਾਂ ਉਸ ਨੂੰ ਸੂਬੇ ਵਿਚ ਪਹਿਲਾਂ ਤੋਂ ਹੀ ਮੌਜੂਦ ਵਿਸ਼ਾਲ ਢਾਂਚੇ ਨੂੰ ਨਵੀਆਂ ਸਿਹਤ ਸਹੂਲਤਾਂ ਨਾਲ ਸਿਹਤਮੰਦ ਅਤੇ ਪ੍ਰਭਾਵਸ਼ਾਲੀ ਬਣਾਉਣਾ ਚਾਹੀਦਾ ਹੈ ਤਾਂ ਜੋ ਪਹਿਲਾਂ ਹੀ ਉਸਰੇ ਇਸ ਮੌਜੂਦਾ ਢਾਂਚੇ ਦਾ ਬਿਨਾਂ ਹੋਰ ਵੱਡੀ ਰਕਮ ਖ਼ਰਚਿਆਂ ਲਾਭ ਲਿਆ ਜਾ ਸਕੇ। ਕਿਸੇ ਹੋਰ ਰਾਜ ਦੀ ਹੂਬਹੂ ਨਕਲ ਸੂਬੇ ਨੂੰ ਹੋਰ ਵੀ ਮਹਿੰਗੀ ਪੈ ਸਕਦੀ ਹੈ ਅਤੇ ਇਸ 'ਤੇ ਕਰਜ਼ੇ ਨੂੰ ਹੋਰ ਵੀ ਵਧਾਉਣ ਦਾ ਕਾਰਨ ਬਣ ਸਕਦੀ ਹੈ। ਕੋਈ ਵੀ ਹੋਰ ਨਵਾਂ ਢਾਂਚਾ ਉਸਾਰ ਕੇ ਉਸ ਨੂੰ ਉਪਯੋਗੀ ਬਣਾਉਣ ਦਾ ਦਾਅਵਾ ਕਰਨਾ ਇਸ ਸਮੇਂ ਹਵਾ ਵਿਚ ਤੀਰ ਮਾਰਨ ਦੇ ਬਰਾਬਰ ਹੀ ਸਾਬਤ ਹੋ ਸਕਦਾ ਹੈ।
-ਬਰਜਿੰਦਰ ਸਿੰਘ ਹਮਦਰਦ
ਜਿਨ੍ਹਾਂ ਖੇਤਰੀ ਪਾਰਟੀਆਂ ਨਾਲ ਮਿਲ ਕੇ ਕਾਂਗਰਸ ਨੇ ਲਗਾਤਾਰ ਕੇਂਦਰ ਵਿਚ ਦਸ ਸਾਲ (2004 ਤੋਂ 2014 ਤੱਕ) ਸਰਕਾਰ ਚਲਾਈ, ਉਨ੍ਹਾਂ ਬਾਰੇ ਰਾਹੁਲ ਗਾਂਧੀ ਨੂੰ ਹੁਣ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਪਾਰਟੀਆਂ ਕੋਲ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਉਹ ਭਾਰਤੀ ਜਨਤਾ ਪਾਰਟੀ ਨਾਲ ...
ਅੱਜ ਲਈ ਵਿਸ਼ੇਸ਼
ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜ਼ਿਲ੍ਹਾ ਸਿਰਮੌਰ ਦੀ ਰਿਆਸਤ ਨਾਹਨ ਤੋਂ 40 ਕਿਲੋਮੀਟਰ 'ਤੇ ਸਥਿਤ ਹੈ। ਗੁਰੂ ਦੀਆਂ ਸਾਖੀਆਂ ਅਤੇ ਮਹਾਨ ਕੋਸ਼ ਅਨੁਸਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 15 ਅਪ੍ਰੈਲ, 1685 ਈ. ਨੂੰ ਨਾਹਨ ਵਿਖੇ ਪਧਾਰੇ। ਰਾਜਾ ਮੇਦਨੀ ...
ਛੱਡ ਤੁਰੇ ਹਨ, ਇਕ ਹੋਰ ਗ਼ੈਰਾਂ ਦੀ ਜ਼ਮੀਨ, ਛੱਜਾਂ ਵਾਲੇ
ਜਾ ਰਿਹਾ ਏ ਇਕ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀ
ਲੰਮੇ ਸਾਇਆਂ ਦੇ ਨਾਲ ਨਾਲ
ਗਧਿਆਂ 'ਤੇ ਬੈਠੇ ਨੇ ਜੁਆਕ
ਪਿਉਆਂ ਦੇ ਹੱਥ 'ਚ ਕੁੱਤੇ ਹਨ
ਮਾਵਾਂ ਦੀ ਪਿੱਠ ਪਿੱਛੇ ਬੰਨ੍ਹੇ ਪਤੀਲੇ ਹਨ
ਤੇ ਪਤੀਲਿਆਂ 'ਚ ...
ਮਹਾਂ ਵਿਕਾਸ ਆਗਾੜੀ (ਐਮ.ਵੀ.ਏ.) ਗੱਠਜੋੜ ਵਿਚਾਲੇ ਅੰਦਰੂਨੀ ਮਤਭੇਦ ਸਿਖਰਾਂ 'ਤੇ ਹਨ। ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੇ ਪਾਰਟੀ ਹਾਈਕਮਾਨ ਨੂੰ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਸ਼ਿਕਾਇਤ ਕੀਤੀ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX