ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਿਆਂ ਹਾਲੇ ਥੋੜ੍ਹਾ ਸਮਾਂ ਹੀ ਹੋਇਆ ਹੈ ਪਰ ਇਸ ਸਮੇਂ ਦੌਰਾਨ ਉਨ੍ਹਾਂ ਨੇ ਜਿੰਨੀ ਚਿੰਤਾ ਧਰਤੀ ਹੇਠਲੇ ਪਾਣੀ, ਗੰਧਲੇ ਹੋ ਰਹੇ ਵਾਤਾਵਰਨ ਅਤੇ ਸੂਬੇ ਵਿਚ ਦਰੱਖਤਾਂ ਦੀ ਲਗਾਤਾਰ ਘਟਦੀ ਜਾ ਰਹੀ ਗਿਣਤੀ ਪ੍ਰਤੀ ਜਤਾਈ ਹੈ, ਉਸ 'ਤੇ ਅਸੀਂ ਸੰਤੁਸ਼ਟੀ ਪ੍ਰਗਟ ਕਰਦੇ ਹਾਂ ਅਤੇ ਇਹ ਆਸ ਰੱਖਦੇ ਹਾਂ ਕਿ ਉਹ ਇਸ ਦਿਸ਼ਾ ਵਿਚ ਲਗਾਤਾਰ ਆਪਣੇ ਯਤਨ ਜਾਰੀ ਰੱਖਣਗੇ। ਆਪਣੇ ਇਕ ਬਿਆਨ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਨਦੀਆਂ, ਚੰਗੇ ਪਾਣੀ ਅਤੇ ਉਪਜਾਊ ਧਰਤੀ ਕਰਕੇ ਜਾਣਿਆ ਜਾਂਦਾ ਸੀ, ਪਰ ਆਜ਼ਾਦੀ ਤੋਂ ਬਾਅਦ ਲੋਕਾਂ ਨੇ ਦੇਸ਼ ਦੀਆਂ ਖ਼ੁਰਾਕ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਦਰੱਖਤਾਂ, ਜ਼ਮੀਨ ਤੇ ਪਾਣੀ ਦੀ ਕੁਰਬਾਨੀ ਦਿੱਤੀ ਹੈ। ਇਸ ਦਾ ਨਤੀਜਾ ਇਥੇ ਦੀ ਧਰਤੀ, ਪਾਣੀ ਅਤੇ ਹਵਾ ਦੇ ਲਗਾਤਾਰ ਗੰਧਲੇ ਹੁੰਦੇ ਜਾਣ ਵਿਚ ਨਿਕਲਿਆ ਹੈ। ਉਨ੍ਹਾਂ ਨੇ ਪਿਛਲੀਆਂ ਤਤਕਾਲੀ ਸਰਕਾਰਾਂ ਅਤੇ ਆਗੂਆਂ ਸੰਬੰਧੀ ਵੀ ਇਹ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਨੀਤੀਆਂ ਦੂਰਦਰਸ਼ੀ ਹੁੰਦੀਆਂ, ਸੂਬੇ ਦੇ ਹਿਤਾਂ ਵਿਚ ਹੁੰਦੀਆਂ ਤਾਂ ਅੱਜ ਇਸ ਦੇ ਕੁਦਰਤੀ ਖਜ਼ਾਨਿਆਂ ਦੀ ਏਨੀ ਬੁਰੀ ਹਾਲਤ ਨਾ ਹੁੰਦੀ। ਉਨ੍ਹਾਂ ਨੇ ਅਜੋਕੀ ਸਥਿਤੀ ਦੀ ਗੱਲ ਕਰਦਿਆਂ ਇਹ ਵੀ ਕਿਹਾ ਹੈ ਕਿ ਜੇਕਰ ਮੀਂਹ ਦੇ ਪਾਣੀ ਨੂੰ ਨਾ ਸੰਭਾਲਿਆ ਗਿਆ, ਨਦੀਆਂ ਅਤੇ ਜ਼ਮੀਨ ਹੇਠਲੇ ਪਾਣੀ ਪ੍ਰਤੀ ਅਣਗਹਿਲੀ ਵਰਤੀ ਗਈ ਤਾਂ ਸੂਬਾ ਰੇਗਿਸਤਾਨ ਬਣ ਜਾਵੇਗਾ।
ਅਸੀਂ ਉਨ੍ਹਾਂ ਦੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਪਿਛਲੇ ਕਈ ਦਹਾਕਿਆਂ ਤੋਂ ਵੱਖ-ਵੱਖ ਪਾਰਟੀਆਂ ਦੀਆਂ ਤਤਕਾਲੀ ਸਰਕਾਰਾਂ ਨੇ ਇਨ੍ਹਾਂ ਅਹਿਮ ਮਸਲਿਆਂ ਪ੍ਰਤੀ ਬੇਰੁਖ਼ੀ ਅਪਣਾਈ ਰੱਖੀ ਸੀ। ਆਪਣੀ ਸਿਆਸਤ ਨੂੰ ਪੱਠੇ ਪਾਉਣ ਲਈ ਇਸ ਦਿਸ਼ਾ ਵਿਚ ਕੋਈ ਮਜ਼ਬੂਤ ਕਦਮ ਨਹੀਂ ਚੁੱਕੇ ਅਤੇ ਅਜਿਹੇ ਬੁਨਿਆਦੀ ਮਸਲਿਆਂ ਦੀ ਗੰਭੀਰਤਾ ਨੂੰ ਅਣਦੇਖਿਆ ਕਰਕੇ ਵੋਟਾਂ ਦੀ ਸਿਆਸਤ ਨੂੰ ਹੀ ਪਹਿਲ ਦਿੱਤੀ। ਅੱਜ ਹਾਲ ਇਹ ਹੈ ਕਿ ਸੂਬੇ ਵਿਚ ਜੰਗਲਾਂ ਦਾ ਰਕਬਾ ਸਿਮਟ ਕੇ ਸਿਰਫ 6 ਫ਼ੀਸਦੀ ਤੱਕ ਹੀ ਰਹਿ ਗਿਆ ਹੈ। 140 ਬਲਾਕਾਂ ਵਿਚੋਂ 120 ਬਲਾਕ ਕਾਲੇ ਜ਼ੋਨ ਐਲਾਨ ਦਿੱਤੇ ਗਏ ਹਨ। ਅੰਧਾਧੁੰਦ ਹੋਏ ਸ਼ਹਿਰੀਕਰਨ ਅਤੇ ਦਰਿਆਵਾਂ ਵਿਚ ਵਹਾਏ ਜਾ ਰਹੇ ਪ੍ਰਦੂਸ਼ਿਤ ਤੇ ਤੇਜ਼ਾਬੀ ਪਾਣੀਆਂ ਨੇ ਜਲ ਸੋਮਿਆਂ ਦੀ ਦਸ਼ਾ ਤੇ ਦਿਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਜੇਕਰ ਪਿਛਲੀਆਂ ਸਰਕਾਰਾਂ ਨੇ ਇਸ ਦਿਸ਼ਾ ਵਿਚ ਕੁਝ ਕੰਮ ਕੀਤੇ ਵੀ ਹਨ, ਤਾਂ ਉਹ ਵੀ ਅੱਧੇ-ਅਧੂਰੇ ਹੀ ਦਿਖਾਈ ਦਿੰਦੇ ਰਹੇ ਹਨ। ਅਮਲੀ ਰੂਪ ਵਿਚ ਉਨ੍ਹਾਂ ਦੇ ਕੋਈ ਸਾਰਥਕ ਸਿੱਟੇ ਨਹੀਂ ਨਿਕਲ ਸਕੇ। ਭਗਵੰਤ ਮਾਨ ਆਪਣੇ ਇਨ੍ਹਾਂ ਯਤਨਾਂ ਵਿਚ ਕਿੰਨੇ ਕੁ ਕਾਮਯਾਬ ਹੁੰਦੇ ਹਨ, ਇਸ ਬਾਰੇ ਤਾਂ ਹਾਲੇ ਕੁਝ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਝੋਨੇ ਦੀ ਲਵਾਈ ਦੇ ਸਮੇਂ ਨੂੰ ਲੈ ਕੇ ਹੀ ਉਨ੍ਹਾਂ ਨੂੰ ਜਿਸ ਕਦਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਉਸ ਕਾਰਨ ਉਨ੍ਹਾਂ ਨੂੰ ਆਪਣੇ ਕੀਤੇ ਪਹਿਲੇ ਐਲਾਨ ਵਾਪਸ ਲੈਣੇ ਪਏ ਸਨ, ਪਰ ਲਗਾਤਾਰ ਉਹ ਇਸ ਪਾਸੇ ਕਦਮ ਜ਼ਰੂਰ ਵਧਾ ਰਹੇ ਹਨ। ਉਨ੍ਹਾਂ ਨੇ ਵਾਰ-ਵਾਰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਗੱਲ ਕੀਤੀ ਹੈ, ਫ਼ਸਲਾਂ ਦੀ ਵਿਭਿੰਨਤਾ ਦੀ ਗੱਲ ਕੀਤੀ ਹੈ ਅਤੇ ਇਸ ਲਈ ਸਰਕਾਰ ਵਲੋਂ ਵੱਧ ਤੋਂ ਵੱਧ ਸਹਾਇਤਾ ਦੇਣ ਦੀ ਗੱਲ ਵੀ ਦੁਹਰਾਈ ਹੈ। ਉਨ੍ਹਾਂ ਨੇ ਵਾਰ-ਵਾਰ ਇਹ ਅਪੀਲਾਂ ਵੀ ਕੀਤੀਆਂ ਸਨ ਕਿ ਕਿਸਾਨਾਂ ਨੂੰ ਮੌਨਸੂਨ ਦੇ ਮੌਸਮ ਵਿਚ ਹੀ ਝੋਨਾ ਲਗਾਉਣਾ ਚਾਹੀਦਾ ਹੈ। ਲੁਧਿਆਣਾ ਵਿਚ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਸਮਾਗਮ ਵਿਚ ਇਹ ਕਿਹਾ ਸੀ ਕਿ ਇਨ੍ਹਾਂ ਮਸਲਿਆਂ ਪ੍ਰਤੀ ਖੇਤੀ ਵਿਗਿਆਨੀਆਂ ਨੂੰ ਵੀ ਲਗਾਤਾਰ ਵਿਚਾਰ-ਵਟਾਂਦਰਾ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਦਾ ਸੰਬੰਧ ਪੰਜਾਬ ਦੇ ਭਵਿੱਖ ਨਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਹੈ। ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਵਿਚ ਉਨ੍ਹਾਂ ਨੇ ਇਨ੍ਹਾਂ ਮਸਲਿਆਂ ਲਈ ਜਨਤਕ ਲਹਿਰ ਬਣਾਉਣ ਦੀ ਵੀ ਗੱਲ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਪੈਦਾ ਹੋ ਰਹੀ ਇਸ ਚਿੰਤਾਜਨਕ ਸਥਿਤੀ 'ਤੇ ਕਾਬੂ ਪਾਉਣ ਲਈ ਜਲਦ ਤੋਂ ਜਲਦ ਕਦਮ ਉਠਾਏ ਜਾਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਕੱਲੀ ਸਰਕਾਰ ਇਹ ਕੰਮ ਨਹੀਂ ਕਰ ਸਕਦੀ ਸਗੋਂ ਇਸ ਵਿਚ ਵੱਡੀ ਪੱਧਰ 'ਤੇ ਲੋਕਾਂ ਦੀ ਸ਼ਮੂਲੀਅਤ ਹੋਣੀ ਵੀ ਜ਼ਰੂਰੀ ਹੈ ਅਤੇ ਇਸ ਲਈ ਵੱਧ ਤੋਂ ਵੱਧ ਚੇਤਨਾ ਜਗਾਈ ਜਾਣੀ ਚਾਹੀਦੀ ਹੈ।
ਹੁਣ ਹਾਲਤ ਇਹ ਬਣ ਗਈ ਹੈ ਕਿ ਲੋਕ ਜ਼ਮੀਨ ਹੇਠਲੇ ਪਾਣੀ ਨੂੰ ਕੱਢਣ ਲਈ ਤੇਲ ਕੱਢਣ ਲਈ ਵਰਤੀਆਂ ਜਾਂਦੀਆਂ ਤਾਕਤਵਰ ਮੋਟਰਾਂ ਦੀ ਵਰਤੋਂ ਕਰਨ ਲੱਗੇ ਹਨ ਤਾਂ ਕੱਲ੍ਹ ਨੂੰ ਹਾਲਤ ਕੀ ਹੋਵੇਗੀ, ਇਸ ਬਾਰੇ ਆਉਂਦੇ ਕੁਝ ਸਮੇਂ ਵਿਚ ਹੀ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ। ਬਹੁਤ ਸਾਰੀਆਂ ਖ਼ਬਰਾਂ ਇਹ ਵੀ ਆਉਣ ਲੱਗੀਆਂ ਹਨ ਕਿ ਪੰਜਾਬ ਦੇ ਕਈ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਬਿਲਕੁਲ ਹੀ ਮੁੱਕ ਚੁੱਕਾ ਹੈ। ਮੁੱਖ ਮੰਤਰੀ ਨੇ ਮੂੰਗੀ ਦੀ ਦਾਲ ਤੋਂ ਇਲਾਵਾ ਬਾਜਰਾ, ਸਰ੍ਹੋਂ, ਸੂਰਮਮੁਖੀ ਆਦਿ 'ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਐਲਾਨ ਕੀਤਾ ਹੈ। ਬਿਨਾਂ ਸ਼ੱਕ ਇਸ ਗੱਲ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਜੇਕਰ ਮੂੰਗੀ ਦੀ ਦਾਲ ਮਈ ਮਹੀਨੇ ਵਿਚ ਬੀਜੀ ਜਾਵੇ, ਜਿਸ ਦੀ ਫ਼ਸਲ 55 ਦਿਨਾਂ ਵਿਚ ਪੱਕ ਜਾਂਦੀ ਹੈ ਤੇ ਉਸ ਤੋਂ ਬਾਅਦ ਜੁਲਾਈ ਮਹੀਨੇ ਵਿਚ ਬਾਸਮਤੀ ਬੀਜੀ ਜਾਵੇ, ਜਿਸ 'ਤੇ ਸਰਕਾਰ ਦੇ ਕਹਿਣ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਮਿਲੇਗਾ ਤਾਂ ਇਸ ਨਾਲ ਪਾਣੀ ਦੀ ਬੱਚਤ ਵੀ ਹੋ ਸਕਦੀ ਹੈ ਅਤੇ ਧਰਤੀ ਦੀ ਗੁਣਵੱਤਾ ਵੀ ਬਣੀ ਰਹਿ ਸਕਦੀ ਹੈ। ਅੱਜ ਅਜਿਹੇ ਸੁਝਾਵਾਂ 'ਤੇ ਹਰ ਹੀਲੇ ਅਮਲ ਕਰਨ ਦੀ ਜ਼ਰੂਰਤ ਹੋਵੇਗੀ। ਅਜਿਹੇ ਯਤਨ ਹੀ ਪੰਜਾਬ ਨੂੰ ਆਉਣ ਵਾਲੇ ਸੰਭਾਵੀ ਸੰਕਟ ਤੋਂ ਬਚਾਅ ਸਕਣਗੇ।
-ਬਰਜਿੰਦਰ ਸਿੰਘ ਹਮਦਰਦ
ਜੂਨ 1984 'ਚ ਦਰਬਾਰ ਸਾਹਿਬ ਉਪਰ ਹੋਏ ਭਿਆਨਕ ਹਮਲੇ ਨੂੰ 38 ਸਾਲ ਬੀਤ ਚੁੱਕੇ ਹਨ। ਸਮਾਂ ਲੰਘਣ ਨਾਲ ਇਸ ਜ਼ਖ਼ਮ ਦੀ ਪੀੜ ਦਿਨੋ-ਦਿਨ ਡੂੰਘੀ ਹੋਈ ਜਾਂਦੀ ਹੈ। ਇਸ ਹਮਲੇ ਦੌਰਾਨ ਫ਼ੌਜ ਵਲੋਂ ਇਥੋਂ ਚੁੱਕੀ ਗਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਹਾਲਾਂ ਵੀ ਕੋਈ ਉੱਘ-ਸੁੱਘ ਨਹੀਂ ਮਿਲ ...
ਭੋਗ 'ਤੇ ਵਿਸ਼ੇਸ਼
ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦਾ 21 ਮਈ ਸਵੇਰੇ ਸਾਢੇ ਚਾਰ ਵਜੇ ਫੋਰਟਸ ਇੰਸਟੀਚਿਊਟ ਮੁਹਾਲੀ ਵਿਚ ਅਕਾਲ ਚਲਾਣਾ ਹੋ ਗਿਆ। ਉਸ ਦੇ ਦੋ ਪੁੱਤਰ ਪੰਜਾਬ ਵਿਚ, ਇਕ ਪੁੱਤਰ ਕੈਨੇਡਾ ਤੇ ਧੀ ਇੰਗਲੈਂਡ ਵਿਚ ਹਨ। ਉਸ ਨੇ ਜੀਵਨ ਦਾ ਪਹਿਲਾ ਸਾਹ 2 ...
ਮੈਨੂੰ ਆਪਣੀ ਅੰਮ੍ਰਿਤਸਰ ਦੀ ਸੱਜਰੀ ਫੇਰੀ ਸਮੇਂ ਉਥੋਂ ਦੇ ਖ਼ਾਲਸਾ ਯਤੀਮਖਾਨਾ ਵਿਚ ਸ਼ਹੀਦ ਊਧਮ ਸਿੰਘ ਯਾਦਗਾਰੀ ਸਕੂਲ ਤੇ ਲਾਇਬ੍ਰੇਰੀ ਵੇਖਣ ਦਾ ਮੌਕਾ ਮਿਲਿਆ। ਇਸ ਸਕੂਲ ਵਿਚ ਅਕਾਦਮਿਕ ਤੇ ਵਿਵਹਾਰਕ ਸਿੱਖਿਆ ਤੋਂ ਬਿਨਾਂ ਕੰਪਿਊਟਰ ਸਿੱਖਿਆ ਦੇਣ ਦਾ ਵੀ ਯੋਗ ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸੂਬੇ 'ਚ ਜਾਤੀ ਆਧਾਰਿਤ ਜਨਗਣਨਾ ਦੇ ਮੁੱਦੇ 'ਤੇ ਰਾਜ ਮੰਤਰੀ ਮੰਡਲ ਦੀ ਮਨਜ਼ੂਰੀ ਹਾਸਲ ਕਰਨ ਲਈ ਪਟਨਾ 'ਚ ਇਕ ਸਰਬ ਪਾਰਟੀ ਬੈਠਕ ਬੁਲਾਈ ਹੈ। ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਵਿਜੈ ਕੁਮਾਰ ਚੌਧਰੀ ਨੇ ਕਿਹਾ ਹੈ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX