ਆਪਣੀ ਵਜ਼ਾਰਤ ਵਿਚ 5 ਹੋਰ ਮੰਤਰੀ ਸ਼ਾਮਿਲ ਕਰਨ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਨਵੇਂ ਸਾਥੀਆਂ ਤੋਂ ਇਮਾਨਦਾਰੀ ਅਤੇ ਪਾਰਦਰਸ਼ਤਾ ਦੀ ਆਸ ਕੀਤੀ ਹੈ। ਇਸ ਮਾਰਚ ਦੇ ਮਹੀਨੇ ਵਿਚ ਸੂਬੇ 'ਚ 'ਆਪ' ਦੀ ਸਰਕਾਰ ਬਣਨ ਦਾ ਆਧਾਰ ਵੀ ਇਨ੍ਹਾਂ ਦੋ ਗੱਲਾਂ 'ਤੇ ਹੀ ਟਿਕਿਆ ਸੀ, ਕਿਉਂਕਿ ਆਮ ਤੌਰ 'ਤੇ ਇਹ ਪ੍ਰਭਾਵ ਬਣਿਆ ਰਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਦੀ ਪੁਸ਼ਤ ਪਨਾਹੀ ਕੀਤੀ ਹੈ। ਉਸ ਸਮੇਂ ਦੇ ਕਈ ਵਜ਼ੀਰਾਂ 'ਤੇ ਵੀ ਅਜਿਹੀਆਂ ਉਂਗਲਾਂ ਉੱਠਦੀਆਂ ਰਹੀਆਂ ਸਨ। ਸੂਬੇ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਦੇ ਸਕਣ ਦੀ ਆਸ ਨਾਲ ਹੀ ਲੋਕਾਂ ਨੇ ਤੀਸਰੇ ਬਦਲ ਨੂੰ ਵੱਡਾ ਹੁੰਗਾਰਾ ਭਰਿਆ ਸੀ। ਇਸ ਕਰਕੇ ਹੀ ਆਮ ਆਦਮੀ ਪਾਰਟੀ ਦੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਮੀਦ ਨਾਲੋਂ ਵੀ ਵਧੇਰੇ ਪ੍ਰਤੀਨਿਧ ਚੁਣੇ ਗਏ ਸਨ। ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਨੂੰ ਆਧਾਰ ਬਣਾ ਕੇ ਹੀ ਆਪਣੇ ਸਾਥੀ ਮੰਤਰੀ ਵਿਜੇ ਸਿੰਗਲਾ ਨੂੰ ਵਜ਼ਾਰਤ 'ਚੋਂ ਕੱਢਣ ਦਾ ਐਲਾਨ ਕਰ ਦਿੱਤਾ ਸੀ। ਏਨਾ ਹੀ ਨਹੀਂ, ਉਸ 'ਤੇ ਕੇਸ ਵੀ ਦਰਜ ਕਰਵਾ ਦਿੱਤਾ ਗਿਆ ਸੀ।
ਪਿਛਲੇ 3 ਮਹੀਨਿਆਂ ਵਿਚ ਮੰਤਰੀ ਦੀ ਬਰਖਾਸਤਗੀ ਤੋਂ ਇਲਾਵਾ ਕੁਝ ਵੱਡੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚ ਸਿੱਧੂ ਮੂਸੇਵਾਲਾ ਦਾ ਕਤਲ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਨਮੋਸ਼ੀਜਨਕ ਹਾਰ ਹੋਈ ਹੈ। ਸਰਕਾਰ ਵਲੋਂ ਆਪਣੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਚੋਣ ਪ੍ਰਚਾਰ ਸਮੇਂ ਕੀਤੇ ਗਏ ਵਾਅਦੇ ਮੁਤਾਬਿਕ 300 ਯੂਨਿਟ ਤੱਕ ਬਿਜਲੀ ਮੁਫ਼ਤ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਵਿਧਾਨ ਸਭਾ ਵਿਚ ਬਜਟ ਵੀ ਪੇਸ਼ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਹੈ ਕਿ ਵਜ਼ਾਰਤ ਵਿਚ ਵਾਧਾ ਉਨ੍ਹਾਂ ਨੇ ਆਪਣੇ ਕੰਮ ਦੇ ਬੋਝ ਨੂੰ ਘਟਾਉਣ ਲਈ ਅਤੇ ਸਾਥੀਆਂ 'ਤੇ ਜ਼ਿੰਮੇਵਾਰੀ ਪਾਉਣ ਲਈ ਕੀਤਾ ਹੈ। ਇਸੇ ਲਈ ਹੀ ਹੁਣ ਇਨ੍ਹਾਂ ਨਵੇਂ ਮੰਤਰੀਆਂ ਨੂੰ ਮਹਿਕਮੇ ਦੇਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਮਾਨ ਵਜ਼ਾਰਤ ਵਿਚ ਵਿਧਾਇਕਾਂ ਵਾਂਗ ਬਹੁਤੇ ਮੰਤਰੀ ਵੀ ਨਵੇਂ ਹਨ। ਇਸ ਲਈ ਉਨ੍ਹਾਂ ਵਿਚ ਤਜਰਬੇ ਦੀ ਘਾਟ ਵੀ ਹੋ ਸਕਦੀ ਹੈ, ਜਿਸ ਲਈ ਉਨ੍ਹਾਂ ਨੂੰ ਆਉਂਦੇ ਸਮੇਂ ਵਿਚ ਸਖ਼ਤ ਮਿਹਨਤ ਕਰਨੀ ਪਵੇਗੀ। ਵਜ਼ਾਰਤ ਤੋਂ ਚੰਗੀ ਕਾਰਗੁਜ਼ਾਰੀ ਦੀ ਉਮੀਦ ਰੱਖੀ ਜਾਣੀ ਕੁਦਰਤੀ ਹੈ, ਕਿਉਂਕਿ ਬਹੁਤੇ ਸੂਬਾ ਵਾਸੀਆਂ ਦੀ ਨਵੀਂ ਸਰਕਾਰ ਦੀ ਨਵੀਂ ਦਿੱਖ ਤੇ ਕਾਰਜਸ਼ੈਲੀ ਦੇਖਣ ਦੀ ਆਸ਼ਾ ਰਹੀ ਹੈ। ਪਿਛਲੇ ਮਹੀਨਿਆਂ ਵਿਚ ਜਿਸ ਤਰ੍ਹਾਂ ਨਵੀਂ ਸਰਕਾਰ ਵਲੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਫਰੋਲਿਆ ਗਿਆ ਹੈ, ਉਸ ਤੋਂ ਵੀ ਇਹ ਹੀ ਪ੍ਰਭਾਵ ਬਣਦਾ ਹੈ ਕਿ ਸਰਕਾਰ ਸੂਬੇ ਵਿਚ ਰਿਸ਼ਵਤਖੋਰੀ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਆਉਂਦੇ ਸਮੇਂ ਵਿਚ ਵੀ ਸਰਕਾਰ ਨੂੰ ਇਸ ਭਾਵਨਾ ਦੀ ਪੂਰੀ ਪਹਿਰੇਦਾਰੀ ਕਰਨੀ ਹੋਵੇਗੀ, ਕਿਉਂਕਿ ਪਿਛਲੇ ਸਮੇਂ ਵਿਚ ਇਸ ਸੰਬੰਧੀ ਉਸ 'ਤੇ ਕਈ ਤਰ੍ਹਾਂ ਦੀਆਂ ਉਂਗਲਾਂ ਵੀ ਉੱਠਦੀਆਂ ਰਹੀਆਂ ਹਨ।
ਜੇਕਰ ਸਰਕਾਰ ਪ੍ਰਸ਼ਾਸਨ ਵਿਚਲੀਆਂ ਅਜਿਹੀਆਂ ਖਾਮੀਆਂ ਨੂੰ ਦੂਰ ਕਰ ਲੈਂਦੀ ਹੈ ਤਾਂ ਜਿਥੇ ਇਹ ਉਸ ਦੀ ਇਕ ਵੱਡੀ ਸਫਲਤਾ ਹੋਵੇਗੀ, ਉਥੇ ਅਜਿਹੇ ਕਦਮਾਂ ਨਾਲ ਸੂਬੇ ਦੀ ਆਰਥਿਕਤਾ ਦੇ ਬਿਹਤਰ ਹੋਣ ਦੀ ਆਸ ਵੀ ਕੀਤੀ ਜਾ ਸਕਦੀ ਹੈ। ਕਿਉਂਕਿ ਹੁਣ ਤੱਕ ਜਿਸ ਤਰ੍ਹਾਂ ਦੇ ਵੱਡੇ ਐਲਾਨ ਸਰਕਾਰ ਨੇ ਕੀਤੇ ਹਨ, ਉਨ੍ਹਾਂ ਨੂੰ ਵੇਖਦਿਆਂ ਮਨ ਵਿਚ ਇਹ ਸੰਸਾ ਜ਼ਰੂਰ ਉੱਠਦਾ ਹੈ ਕਿ ਸਰਕਾਰ ਇਨ੍ਹਾਂ ਐਲਾਨਾਂ ਦੀ ਪੂਰਤੀ ਲਈ ਕਿੰਨੇ ਕੁ ਅਤੇ ਕਿਸੇ ਤਰ੍ਹਾਂ ਸਾਧਨ ਜੁਟਾ ਸਕੇਗੀ, ਕਿਉਂਕਿ ਅੱਜ ਸੂਬੇ ਦੀ ਢਹਿੰਦੀ ਆਰਥਿਕਤਾ ਨੂੰ ਵੱਡਾ ਸਹਾਰਾ ਦਿੱਤੇ ਜਾਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਆਪਣੀਆਂ ਨਵੀਆਂ ਯੋਜਨਾਵਾਂ ਨਾਲ ਸਰਕਾਰ ਨਵੀਆਂ ਨੌਕਰੀਆਂ ਦੇ ਕਿੰਨੇ ਕੁ ਪ੍ਰਬੰਧ ਕਰਨ ਦੇ ਸਮਰੱਥ ਹੋਵੇਗੀ, ਕੀਤੀਆਂ ਜਾਣ ਵਾਲੀਆਂ ਇਨ੍ਹਾਂ ਪ੍ਰਾਪਤੀਆਂ ਵਿਚ ਨਵੇਂ ਵਜ਼ੀਰਾਂ ਤੋਂ ਵੀ ਚੰਗੇ ਯੋਗਦਾਨ ਦੀ ਆਸ ਕੀਤੀ ਜਾਏਗੀ। ਜਿਥੇ ਅਸੀਂ ਨਵੇਂ ਬਣੇ ਵਜ਼ੀਰਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹਾਂ, ਉਥੇ ਇਹ ਵੀ ਆਸ ਕਰਦੇ ਹਾਂ ਕਿ ਉਹ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਪ੍ਰਤੀਬੱਧਤਾ ਨਾਲ ਨਿਭਾਉਣ ਦੇ ਸਮਰੱਥ ਹੋ ਸਕਣਗੇ ਅਤੇ ਪੰਜਾਬ ਦੀ ਹਰ ਤਰ੍ਹਾਂ ਨਾਲ ਬਿਹਤਰੀ ਵਿਚ ਆਪਣਾ ਸਾਰਥਕ ਯੋਗਦਾਨ ਪਾ ਸਕਣਗੇ।
-ਬਰਜਿੰਦਰ ਸਿੰਘ ਹਮਦਰਦ
ਪੰਜਾਬ ਵਿਚ ਧਰਤੀ ਹੇਠਲਾ ਪਾਣੀ ਦਿਨੋ-ਦਿਨ ਹੇਠਾਂ ਉਤਰਦਾ ਜਾ ਰਿਹਾ ਹੈ। ਇਸ ਕਾਰਨ ਪਿਛਲੇ ਲੰਮੇ ਸਮੇਂ ਤੋਂ ਰਾਜ ਵਿਚ ਝੋਨੇ ਦਾ ਬਦਲ ਲੱਭਣ ਭਾਵ ਫ਼ਸਲੀ ਵਿਭਿੰਨਤਾ ਲਈ ਕੋਸ਼ਿਸ਼ ਹੁੰਦੀ ਰਹੀ ਹੈ, ਪਰ ਅੱਜ ਇਸ ਸੰਬੰਧੀ ਸਫਲਤਾ ਨਹੀਂ ਮਿਲੀ। ਇਸ ਸੰਬੰਧੀ ਅਸੀਂ ਇਸ ਲੇਖ ਵਿਚ ...
'ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥' ਦੀਆਂ ਪਾਵਨ ਪੰਕਤੀਆਂ ਸਾਡੇ ਸਭ ਦੇ ਇਕ ਵਾਰ ਨਹੀਂ, ਕਈ ਕਈ ਵਾਰ ਕੰਨੀਂ ਪਈਆਂ ਹੋਣਗੀਆਂ। 'ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ' ਕਿਹੜੀ ਜ਼ਬਾਨ ਹੈ ਜਿਹਨੇ ਆਪਣੇ ਮੂੰਹੋਂ ਨਹੀਂ ...
ਸਾਡੇ ਦੇਸ਼ ਵਿਚ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਨੂੰ ਲਾਗੂ ਕੀਤੇ ਜਾਣ ਦੇ 5 ਸਾਲ ਪੂਰੇ ਹੋ ਗਏ ਹਨ। ਇਸ 'ਤੇ ਪਹਿਲੀ ਵਾਰ ਚਰਚਾ ਸਾਲ 2003 ਵਿਚ ਅਪ੍ਰਤੱਖ ਕਰ 'ਤੇ ਕੇਲਕਰ ਟਾਸਕ ਫੋਰਸ ਦੀ ਰਿਪੋਰਟ ਵਿਚ ਕੀਤੀ ਗਈ ਸੀ ਅਤੇ ਇਸ ਤਰ੍ਹਾਂ ਨਾਲ ਜੀ.ਐਸ.ਟੀ. ਨੂੰ ਠੋਸ ਰੂਪ ਦੇਣ ਵਿਚ 13 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX