ਭਾਰਤ 'ਚ ਹਰ ਸਾਲ ਲਗਭਗ 65 ਲੱਖ ਦੇ ਕਰੀਬ ਵਿਦਿਆਰਥੀ ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਉੱਚ ਸਿੱਖਿਆ ਲਈ ਵੱਖੋ-ਵੱਖਰੇ ਵਿੱਦਿਅਕ ਅਦਾਰਿਆਂ 'ਚ ਕਦਮ ਰੱਖਦੇ ਹਨ। ਸੁਨਹਿਰੀ ਭਵਿੱਖ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਦਿਆਰਥੀ ਵਲੋਂ ਉਚੇਰੀ ਸਿੱਖਿਆ ਵੱਲ ਸਫ਼ਰ ਦੀ ਸ਼ੁਰੂਆਤ ਕਰਨਾ ਬੜਾ ਹੀ ਮਹੱਤਵਪੂਰਨ ਪੜਾਅ ਹੁੰਦਾ ਹੈ। ਜੇਕਰ ਗੱਲ ਕੀਤੀ ਜਾਵੇ ਭਾਰਤ 'ਚ ਉੱਚ ਸਿੱਖਿਆ ਸੰਸਥਾਵਾਂ ਦੀ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਦੇਸ਼ 'ਚ 1047 ਯੂਨੀਵਰਸਿਟੀਆਂ ਅਤੇ 46 ਹਜ਼ਾਰ ਦੇ ਕਰੀਬ ਡਿਗਰੀ ਕਾਲਜ ਵਿੱਦਿਅਕ ਖੇਤਰ 'ਚ ਸੇਵਾਵਾਂ ਨਿਭਾਅ ਰਹੇ ਹਨ। ਸਕੂਲ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀ ਗੁਣਵੱਤਾਪੂਰਨ ਵਿੱਦਿਅਕ ਅਦਾਰੇ ਦੀ ਭਾਲ ਲਈ ਅਨਿਸਚਿਤਤਾ ਅਤੇ ਦੁਚਿੱਤੀ ਦੇ ਦੌਰ 'ਚ ਗੁਜ਼ਰਦਾ ਹੈ। ਸਹੀ ਕੋਰਸ, ਢੁਕਵੇਂ ਵਿੱਦਿਅਕ ਅਦਾਰੇ ਦੀ ਚੋਣ ਕਰਨਾ ਇਕ ਚੁਣੌਤੀ ਭਰਿਆ ਸਮਾਂ ਹੁੰਦਾ ਹੈ।
ਅਜਿਹੇ 'ਚ ਇਕ ਵਿਦਿਆਰਥੀ ਨੂੰ ਕਿਸੇ ਸੰਸਥਾ ਦੀ ਗੁਣਵੱਤਾ ਦਾ ਪ੍ਰਮਾਣ ਕਿਥੋਂ ਮਿਲੇ, ਤਾਂ ਅਸੀਂ ਸਮਝਦੇ ਹਾਂ ਕਿ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਸਰਕਾਰਾਂ ਅਤੇ ਮਨਜ਼ੂਰਸ਼ੁਦਾ ਅਦਾਰਿਆਂ ਵਲੋਂ ਵਿੱਦਿਅਕ ਅਦਾਰਿਆਂ ਨੂੰ ਜਾਰੀ ਕੀਤੀਆਂ ਜਾਣ ਵਾਲੀਆਂ ਦਰਜਾਬੰਦੀਆਂ ਕਿਸੇ ਵੀ ਸੰਸਥਾ ਦੇ ਵਿੱਦਿਅਕ ਮਿਆਰ 'ਤੇ ਪ੍ਰਮਾਣਿਕਤਾ ਦੀ ਮੋਹਰ ਦਾ ਕੰਮ ਕਰਦੀਆਂ ਹਨ। ਬਤੌਰ ਮਾਰਗ ਦਰਸ਼ਕ ਰੈਂਕਿੰਗ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਪਤਾ ਲਗਦਾ ਹੈ ਕਿ ਕਿਹੜਾ ਕਾਲਜ ਜਾਂ ਯੂਨੀਵਰਸਿਟੀ ਉਨ੍ਹਾਂ ਦੇ ਕਰੀਅਰ ਲਈ ਬਿਹਤਰ ਰਹੇਗੀ। ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ ਮੰਤਰਾਲੇ ਵਲੋਂ ਹਰ ਸਾਲ ਜਾਰੀ ਕੀਤੀ ਜਾਣ ਵਾਲੀ ਕੌਮੀ ਪੱਧਰ ਦੀ ਦਰਜਾਬੰਦੀ ਨਿਰਫ਼ (ਐਨ.ਆਈ.ਆਰ.ਐਫ਼.) ਰੈਂਕਿੰਗ ਅਹਿਮ ਸਮਝੀ ਗਈ ਹੈ। 29 ਸਤੰਬਰ, 2015 ਨੂੰ ਮਾਣਯੋਗ ਕੇਂਦਰੀ ਮੰਤਰੀ ਐਚ.ਆਰ.ਡੀ. ਮੰਤਰਾਲੇ ਵਲੋਂ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਭਾਵ ਨਿਰਫ਼ ਨੂੰ ਪ੍ਰਵਾਨਗੀ ਦਿੱਤੀ ਗਈ। ਜਿਸ ਰਾਹੀਂ ਦੇਸ਼ ਦੇ ਉਚੇਰੀ ਸਿੱਖਿਆ ਦੇ ਅਦਾਰਿਆਂ ਦੀ ਦਰਜਾਬੰਦੀ ਵਿਧੀ ਅਤੇ ਰੂਪ-ਰੇਖਾ ਦੀ ਨਿਸ਼ਾਨਦੇਹੀ ਨਿਸਚਿਤ ਹੋਈ। 4 ਅਪ੍ਰੈਲ 2016 ਦੀ ਨਿਰਫ਼ ਰੈਂਕਿੰਗ 'ਚ 3 ਹਜ਼ਾਰ ਦੇ ਕਰੀਬ ਉੱਚ ਵਿੱਦਿਅਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ ਸੀ, ਪਰ ਸੰਨ 2022 ਦੀ ਰੈਂਕਿੰਗ ਰਿਪੋਰਟ ਵਿਚ 7250 ਅਦਾਰਿਆਂ ਦਾ ਸ਼ਾਮਿਲ ਹੋਣਾ, ਨਿਰਫ਼ ਦੀ ਗੁਣਵੱਤਾ 'ਤੇ ਆਧਾਰਿਤ ਦਰਜਾਬੰਦੀ ਪ੍ਰਤੀ ਵਧ ਰਹੀ ਭਰੋਸੇਯੋਗਤਾ ਦਾ ਸਬੂਤ ਹੈ। ਪਾਰਦਰਸ਼ਤਾ ਅਤੇ ਉੱਤਮਤਾ ਦੀ ਇਸ ਤੋਂ ਵੱਡੀ ਹੋਰ ਮਿਸਾਲ ਕੀ ਹੋ ਸਕਦੀ ਹੈ ਕਿ ਇਸ ਦੁਆਰਾ ਨਿਰੀਖਣ ਕੀਤੇ ਜਾਣ ਵਾਲੇ ਅਦਾਰਿਆਂ ਦੀ ਗਿਣਤੀ ਵਿਚ ਸਿਫ਼ਤੀ ਅਤੇ ਮਿਆਰਾਂ ਵਿਚ ਵਾਧਾ ਹੋਇਆ ਹੈ, ਉਸ ਦੀ ਪੁਸ਼ਟੀ ਹੋਈ ਹੈ। ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਮਿਆਰ ਆਧਾਰਿਤ ਦਰਜਾਬੰਦੀ ਕਰਨ ਵਾਲੇ ਕੌਮੀ ਅਦਾਰੇ ਨੈਕ (ਨੈਸ਼ਨਲ ਅਸੈਸਮੈਂਟ ਐਂਡ ਅਕਰੈਡਟੀਏਸ਼ਨ ਕੌਂਸਲ) ਵਲੋਂ ਜਾਰੀ ਕੀਤੀ ਜਾਣ ਵਾਲੀ ਰੈਂਕਿੰਗ ਵੀ ਮਹੱਤਵਪੂਰਨ ਹੈ, ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤ ਦੀਆਂ ਕੁੱਲ ਯੂਨੀਵਰਸਿਟੀਆਂ ਵਿਚੋਂ ਕੇਵਲ 206 ਯੂਨੀਵਰਸਿਟੀਆਂ ਨੂੰ ਹੀ ਨੈਕ ਏ+ ਗਰੇਡ ਦਾ ਦਰਜਾ ਦਿੱਤਾ ਗਿਆ ਹੈ। ਨਿਰਫ਼ ਨੇ ਵਿੱਦਿਅਕ ਅਦਾਰਿਆਂ ਦੇ ਸਾਹਮਣੇ ਉੱਤਮ ਦਰਜਿਆਂ ਵਾਲੇ ਮਾਪਦੰਡ ਨਿਸਚਿਤ ਕੀਤੇ ਹਨ। ਜਿਹੜੇ ਅਦਾਰੇ 2021 ਵਿਚ ਪਹਿਲੇ 100 ਉੱਤਮ ਅਦਾਰਿਆਂ ਵਿਚ ਸ਼ਾਮਿਲ ਹੋਏ, ਭਾਵੇਂ ਉਨ੍ਹਾਂ ਦੇ ਲਈ ਉਸ ਸਮੇਂ ਇਹ ਮਾਣਮੱਤੀ ਪ੍ਰਾਪਤੀ ਸੀ ਪਰ ਉਨ੍ਹਾਂ ਨੇ ਸੰਨ 2022 ਵਿਚ ਆਪਣੀ ਪਾਏਦਾਰ ਕਾਰਜਕੁਸ਼ਲਤਾ ਨਾਲ ਆਪਣੀ ਚੰਗੀ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਮਿਸਾਲ ਵਜੋਂ ਸਾਲ 2021 ਦੇ ਮੁਕਾਬਲੇ ਚੰਡੀਗੜ੍ਹ ਯੂਨੀਵਰਸਿਟੀ ਨੇ ਨਿਰਫ਼ ਦਰਜਾਬੰਦੀ ਲਈ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਸ਼੍ਰੇਣੀ 'ਚ 29ਵਾਂ ਸਥਾਨ ਹਾਸਲ ਕਰਦਿਆਂ ਵੱਡੀ ਪੁਲਾਂਘ ਪੁੱਟੀ ਹੈ। ਇਸ ਦੇ ਨਾਲ ਹੀ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ ਰੋਪੜ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ, ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਡਾ. ਬੀ. ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੀ ਕਾਰਗੁਜ਼ਾਰੀ ਚੰਗੀ ਰਹੀ। ਇਸ ਤੋਂ ਵੀ ਵੱਧ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਆਪਣੀ ਕਾਰਜਕੁਸ਼ਲਤਾ ਦਾ ਪ੍ਰਗਟਾਵਾ ਕਰਦਿਆਂ ਸੀਯੂ ਨੇ ਆਪਣੇ ਦਸ ਸਾਲ ਦੇ ਕਾਰਜਕਾਲ ਵਿਚ ਆਪਣਾ ਕੱਦ ਕੱਢਦਿਆਂ ਆਪਣਾ ਸਥਾਨ ਦੇਸ਼ ਦੀਆਂ ਉੱਤਮ 30 ਯੂਨੀਵਰਸਿਟੀਆਂ ਵਿਚ ਬਣਾ ਲਿਆ ਹੈ। ਅਸਲ ਵਿਚ ਅਜਿਹਾ ਕਰ ਸਕਣ ਦਾ ਧਰਾਤਲ ਨਿਰਫ਼ ਦੇ ਮਾਪਦੰਡਾਂ ਨੇ ਹੀ ਤਿਆਰ ਕੀਤਾ। ਹਾਲਾਤ ਅਜਿਹੇ ਹਨ ਕਿ ਮੁਕਾਬਲੇ ਦੀ ਭਾਵਨਾ ਨਾਲ ਹਰ ਇਕ ਉੱਚ ਵਿੱਦਿਅਕ ਅਦਾਰਾ ਆਪਣੀ ਪਛਾਣ ਬਣਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਰੈਂਕਿੰਗ ਦੇ ਸਖ਼ਤ ਮਾਪਦੰਡਾਂ ਨੂੰ ਬਿਹਤਰ ਬਣਾਉਣ ਲਈ ਅਦਾਰਿਆਂ ਵਲੋਂ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਗੁਣਵੱਤਾਪੂਰਨ ਪਾਠਕ੍ਰਮ, ਮਿਆਰੀ ਟੀਚਿੰਗ ਐਂਡ ਲਰਨਿੰਗ, ਸੁਚੱਜੇ ਵਿੱਦਿਅਕ ਪ੍ਰਬੰਧ ਅਤੇ ਉੱਤਮ ਖੋਜ ਕਾਰਜਾਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਜਿਸ ਦਾ ਲਾਭ ਸਿੱਧੇ ਤੌਰ 'ਤੇ ਵਿਦਿਆਰਥੀਆਂ ਨੂੰ ਮਿਲਿਆ ਹੈ। ਨਿਰਫ਼ ਦੁਬਾਰਾ ਪੇਸ਼ ਕੀਤੇ ਅੰਕੜੇ ਉੱਚਕੋਟੀ ਦੀਆਂ ਦੇਸ਼ ਅਤੇ ਵਿਦੇਸ਼ ਦੀਆਂ ਕੰਪਨੀਆਂ ਨੂੰ ਵਧੇਰੇ ਆਕਰਸ਼ਿਤ ਕਰਦੇ ਹਨ। ਉਨ੍ਹਾਂ ਲਈ ਚੰਗੇ ਹੁਨਰਮੰਦਾਂ ਨੂੰ ਤਲਾਸ਼ਣ ਲਈ ਇਹ ਉੱਤਮ ਦਰਜਾਬੰਦੀ ਵਧੇਰੇ ਰਾਸ ਆ ਰਹੀ ਹੈ। ਭਾਵੇਂ ਹਰ ਅਦਾਰਾ ਦੇਸ਼-ਵਿਦੇਸ਼ ਵਿਚੋਂ ਚੰਗੇ ਵਿਦਿਆਰਥੀਆਂ ਨੂੰ ਦਾਖ਼ਲੇ ਲਈ ਆਕਰਸ਼ਿਤ ਕਰਨ ਲਈ ਇਸ਼ਤਿਹਾਰਬਾਜ਼ੀ ਰਾਹੀਂ ਪੂਰੀ ਵਾਹ ਲਾਉਂਦਾ ਹੈ। ਪਰ ਉਸ ਅਦਾਰੇ ਦੀ ਨਿਰਫ਼ ਵਲੋਂ ਕੀਤੀ ਦਰਜਾਬੰਦੀ ਸੰਬੰਧਿਤ ਅਦਾਰੇ ਦੀ ਭਰੋਸੇਯੋਗਤਾ ਨੂੰ ਹੋਰ ਵੀ ਮਜ਼ਬੂਤ ਕਰਦੀ ਹੈ। ਇਨ੍ਹਾਂ ਉੱਤਮ ਦਰਜੇ ਵਾਲੀਆਂ ਸੰਸਥਾਵਾਂ ਵਿਚ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਅਕਸ ਵਿਸ਼ਵ ਵਿਆਪੀ ਪੱਧਰ 'ਤੇ ਵਧੇਰੇ ਉੱਘੜ ਜਾਂਦਾ ਹੈ। ਹੋਰ ਤਾਂ ਹੋਰ ਨਿਰਫ਼ ਦੀ ਅਜਿਹੀ ਸਮੀਖਿਆ ਅਤੇ ਦਰਜਾਬੰਦੀ ਦੇਸ਼ ਦੇ ਵਿਦਿਆਰਥੀਆਂ ਦੇ ਵਿਦੇਸ਼ ਵਿਚ ਜਾ ਕੇ ਉੱਚ ਵਿੱਦਿਆ ਪ੍ਰਾਪਤੀ ਦੇ ਰੁਝਾਨ ਨੂੰ ਕਿਸੇ ਹੱਦ ਤੱਕ ਰੋਕਦੀ ਹੀ ਨਹੀਂ, ਸਗੋਂ ਇਸ ਨਾਲ ਵਿਦੇਸ਼ੀ ਵਿਦਿਆਰਥੀਆਂ ਦਾ ਉੱਚ ਵਿੱਦਿਆ ਲਈ ਭਾਰਤ ਆਉਣ ਦਾ ਰੁਝਾਨ ਵੀ ਵਧ ਰਿਹਾ ਹੈ। ਜਿੱਥੇ 2014 ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 27800, ਉੱਥੇ 2015 ਵਿਚ ਨਿਰਫ਼ ਦੇ ਹੋਂਦ ਵਿਚ ਆਉਣ ਨਾਲ ਇਸ ਵਿਚ ਵਰਨਣਯੋਗ ਵਾਧਾ ਹੋਇਆ। ਜਿਸ ਦਾ ਨਤੀਜਾ ਹੈ ਕਿ 2016 ਤੋਂ 2021 ਤੱਕ ਦੁਨੀਆ ਦੇ 160 ਮੁਲਕਾਂ ਵਿਚੋਂ ਤਿੰਨ ਲੱਖ ਤੋਂ ਵੀ ਵੱਧ ਵਿਦਿਆਰਥੀ ਪੜ੍ਹਨ ਲਈ ਭਾਰਤ ਆਏ। ਪੰਜਾਬ ਵਿਚ 2015 ਵਿਚ ਜਿੱਥੇ 2459 ਵਿਦੇਸ਼ੀ ਵਿਦਿਆਰਥੀ ਪੜ੍ਹਨ ਲਈ ਆਏ, ਉਥੇ ਇਹ ਗਿਣਤੀ 2022 ਵਿਚ 4466 ਤੱਕ ਪੁੱਜ ਗਈ। ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਤ ਕਰਨ ਵਿਚ ਭਾਰਤ ਦਾ ਦੁਨੀਆ ਵਿਚ 26ਵਾਂ ਨੰਬਰ ਹੈ।
ਇਹੀ ਨਹੀਂ ਕਿਸੇ ਵਿੱਦਿਅਕ ਅਦਾਰੇ ਨੂੰ ਮਿਲੀ ਰੈਂਕਿੰਗ ਵਿਦਿਆਰਥੀਆਂ ਲਈ ਦੇਸ਼ ਬੈਠਿਆਂ ਹੀ ਵਿਸ਼ਵ ਪੱਧਰੀ ਮੌਕੇ ਪੈਦਾ ਕਰਨ 'ਚ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਕਿਸੇ ਸੰਸਥਾ ਵਲੋਂ ਉੱਚ ਦਰਜੇ ਦੀ ਰੈਂਕਿੰਗ 'ਚ ਸ਼ੁਮਾਰ ਹੋਣ ਨਾਲ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਅਕਾਦਮਿਕ ਭਾਈਵਾਲੀ ਲਈ ਹੱਥ ਅੱਗੇ ਕਰਦੀਆਂ ਹਨ। ਭਾਰਤੀ ਅਤੇ ਵਿਦੇਸ਼ ਦੀਆਂ ਯੂਨੀਵਰਸਿਟੀਆਂ ਵਲੋਂ ਕੀਤੇ ਜਾਣ ਵਾਲੇ ਸਾਂਝੇ ਖੋਜ ਪ੍ਰਾਜੈਕਟ, ਸਾਂਝੇ ਕੋਰਸ, ਇਟਰਨਸ਼ਿਪਾਂ ਲਈ ਵਿਦਿਆਰਥੀਆਂ ਦਾ ਵਿਦੇਸ਼ ਜਾਣਾ, ਫੈਕਲਟੀ ਆਦਾਨ ਪ੍ਰਦਾਨ ਵਰਗੀਆਂ ਸਹੂਲਤਾਂ ਵਿਦਿਆਰਥੀਆਂ ਲਈ ਵਿਸ਼ਵ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰਦੀਆਂ ਹਨ। ਇਹ ਨਿਰਫ਼ ਦੀ ਦਰਜਾਬੰਦੀ ਦੁਆਰਾ ਵਿੱਦਿਅਕ ਵਿਵਸਥਾ ਦਾ ਉਭਾਰ ਹੀ ਹੈ, ਇਸ ਨੇ ਦੇਸ਼ ਦੀ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਭਾਰਤੀ ਉੱਚ ਵਿੱਦਿਅਕ ਅਦਾਰਿਆਂ ਵਿਚ ਨਿਰਫ ਦੀ ਸਾਰਥਿਕਤਾ ਦਾ ਮਹੱਤਵਪੂਰਨ ਪਹਿਲੂ ਇਹ ਹੈ, ਕਿ ਦੇਸ਼ 'ਚ ਆਈ.ਆਈ.ਟੀਜ਼, ਐਨ.ਆਈ.ਟੀਜ਼ ਅਤੇ ਏਮਜ਼ ਵਰਗੇ ਉੱਚ ਅਦਾਰਿਆਂ ਦੀ ਗਿਣਤੀ ਤਕਰੀਬਨ 130 ਹੈ, ਜਿਸ ਵਿਚ ਦਾਖ਼ਲਾ ਲੈਣ ਲਈ ਲੱਖਾਂ ਦੀ ਗਿਣਤੀ ਵਿਚੋਂ 15 ਤੋਂ 20 ਹਜ਼ਾਰ ਵਿਦਿਆਰਥੀ ਹੀ ਸਫਲ ਹੁੰਦੇ ਹਨ। ਅਜਿਹੇ ਹਾਲਾਤ ਵਿਚ ਬਾਕੀ ਬਚੇ ਵਿਦਿਆਰਥੀਆਂ ਨੂੰ ਚੰਗੇ ਵਿੱਦਿਅਕ ਅਦਾਰਿਆਂ ਦੀ ਚੋਣ ਕਰਨ 'ਚ ਕਿਸੇ ਸੰਸਥਾ ਨੂੰ ਮਿਲੀ ਦਰਜਾਬੰਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
-ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ
ਮੋ: 81464-34000
ਅੱਜ ਲਈ ਵਿਸ਼ੇਸ਼
ਮੁਕੱਦਸ ਇਸਲਾਮੀ ਕੈਲੰਡਰ ਦੇ ਤਹਿਤ ਮੁਹੱਰਮ ਸਾਲ ਦਾ ਪਹਿਲਾ ਮਹੀਨਾ ਹੈ। ਦੁਨੀਆ ਭਰ ਦੇ ਲੋਕ ਸਾਲ ਦੇ ਪਹਿਲੇ ਦਿਨ ਖ਼ੁਸ਼ੀਆਂ ਮਨਾਉਂਦੇ ਹਨ, ਪਰ ਮੁਸਲਮਾਨਾਂ ਲਈ ਇਹ ਗ਼ਮ ਦਾ ਮਹੀਨਾ ਹੈ। ਸ਼ੀਆ ਭਾਈਚਾਰੇ ਦੇ ਮੰਨਣ ਅਨੁਸਾਰ ਇਸੇ ਮਹੀਨੇ ਦੀ 10 ਤਾਰੀਖ਼ ਸੰਨ 61 ...
ਦੇਸ਼ ਦੇ ਕਈ ਬੁੱਧੀਜੀਵੀਆਂ ਨੂੰ ਅੱਜਕਲ੍ਹ ਇਹ ਚਿੰਤਾ ਸਤਾ ਰਹੀ ਹੈ ਕਿ ਹਿੰਦੂ ਧਰਮ (ਜਾਂ ਸਨਾਤਨ ਧਰਮ) ਅੱਜਕਲ੍ਹ ਆਪਣੀਆਂ ਉਦਾਰਤਾਵਾਦੀ ਖ਼ੂਬੀਆਂ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਉਸ ਦਾ ਇਬਰਾਹਿਮੀਕਰਨ ਜਾਂ ਸਾਮੀਕਰਨ ਹੁੰਦਾ ਜਾ ਰਿਹਾ ਹੈ। ਭਾਵ, ਉਹ ਇਸਲਾਮ ਜਾਂ ...
ਨੀਤੀ ਆਯੋਗ ਦੀਆਂ ਮੀਟਿੰਗਾਂ ਇਸ ਲਈ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ, ਕਿਉਂਕਿ ਪ੍ਰਧਾਨ ਮੰਤਰੀ, ਸੀਨੀਅਰ ਕੇਂਦਰੀ ਮੰਤਰੀਆਂ ਅਤੇ ਅਧਿਕਾਰੀਆਂ ਦੇ ਨਾਲ-ਨਾਲ ਦੇਸ਼ ਭਰ 'ਚੋਂ ਸੂਬਿਆਂ ਦੇ ਮੁਖੀਆਂ ਅਤੇ ਸੰਬੰਧਿਤ ਵੱਡੇ ਅਧਿਕਾਰੀਆਂ ਦੀਆਂ ਇਨ੍ਹਾਂ ਮੀਟਿੰਗਾਂ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX