ਰਾਜੌਰੀ 'ਚ ਰੈਲੀ ਦੌਰਾਨ ਕੀਤਾ ਐਲਾਨ
ਰਾਜੌਰੀ (ਜੰਮੂ-ਕਸ਼ਮੀਰ), 4 ਅਕਤੂਬਰ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਜੰਮੂ-ਕਸ਼ਮੀਰ ਦੇ ਗੁੱਜਰ, ਬੱਕਰਵਾਲ ਅਤੇ ਪਹਾੜੀ ਭਾਈਚਾਰਿਆਂ ਨੂੰ ਜਸਟਿਸ ਸ਼ਰਮਾ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਰਾਖਵੇਂਕਰਨ ਦਾ ਲਾਭ ਮਿਲੇਗਾ | ਰਾਜੌਰੀ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਗੁੱਜਰਾਂ, ਬੱਕਰਵਾਲਾਂ ਤੇ ਪਹਾੜੀਆਂ ਦੇ ਐਸ.ਟੀ. ਕੋਟੇ 'ਚ ਕੋਈ ਕਮੀ ਨਹੀਂ ਹੋਵੇਗੀ ਅਤੇ ਸਾਰਿਆਂ ਨੂੰ ਆਪਣਾ ਹਿੱਸਾ ਮਿਲੇਗਾ | ਉਨ੍ਹਾਂ ਕਿਹਾ ਕਿ 2019 'ਚ ਧਾਰਾ 370 ਨੂੰ ਖ਼ਤਮ ਕਰਨ ਨਾਲ ਜੰਮੂ-ਕਸ਼ਮੀਰ 'ਚ ਸਮਾਜ ਦੇ ਵਾਂਝੇ ਵਰਗਾਂ ਨੂੰ ਰਾਖਵੇਂਕਰਨ ਦਾ ਲਾਭ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਜਸਟਿਸ ਸ਼ਰਮਾ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਹੈ ਅਤੇ ਇਸ 'ਚ ਪਹਾੜੀਆਂ, ਬੱਕਰਵਾਲਾਂ ਅਤੇ ਗੁੱਜਰਾਂ ਨੂੰ ਐਸ.ਟੀ. ਕੋਟੇ ਦੇ ਲਾਭਾਂ ਲਈ ਸ਼ਾਮਿਲ ਕੀਤਾ ਗਿਆ ਹੈ | ਇਹ ਸਿਫ਼ਾਰਸ਼ਾਂ ਪ੍ਰਾਪਤ ਹੋ ਗਈਆਂ ਹਨ ਅਤੇ ਜਲਦ ਹੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਗੁੱਜਰਾਂ, ਬੱਕਰਵਾਲਾਂ ਤੇ ਪਹਾੜੀਆਂ ਨੂੰ ਰਾਖਵਾਂਕਰਨ ਦਾ ਲਾਭ ਮਿਲੇਗਾ | ਅਮਿਤ ਸ਼ਾਹ ਨੇ ਕਿਹਾ ਕਿ ਕੁਝ ਲੋਕਾਂ ਨੇ ਪਹਾੜੀ ਲੋਕਾਂ ਨੂੰ ਐਸ.ਟੀ. ਦਾ ਦਰਜਾ ਦਿੱਤੇ ਜਾਣ ਦੇ ਨਾਂਅ 'ਤੇ ਗੁੱਜਰਾਂ ਅਤੇ ਬੱਕਰਵਾਲਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ | ਇਸ ਮੌਕੇ ਉਨ੍ਹਾਂ ਜੰਮੂ-ਕਸ਼ਮੀਰ 'ਚ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਕੇਵਲ ਤਿੰਨ ਰਾਜਸੀ ਪਰਿਵਾਰ ਤਤਕਾਲੀ ਸੂਬੇ 'ਤੇ ਰਾਜ ਕਰਦੇ ਸਨ ਪਰ ਹੁਣ ਸੱਤਾ 30,000 ਲੋਕਾਂ ਕੋਲ ਹੈ, ਜੋ ਨਿਰਪੱਖ ਚੋਣਾਂ ਜ਼ਰੀਏ ਪੰਚਾਇਤਾਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਲਈ ਚੁਣੇ ਗਏ ਸਨ | ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਵਿਕਾਸ ਪ੍ਰਧਾਨ ਮੰਤਰੀ ਮੋਦੀ ਦੀ ਤਰਜੀਹ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਵਲੋਂ ਵਿਕਾਸ ਲਈ ਭੇਜੇ ਜਾਂਦੇ ਸਾਰੇ ਪੈਸੇ ਕੁਝ ਕੁ ਲੋਕਾਂ ਵਲੋਂ ਹੜੱਪ ਲਏ ਜਾਂਦੇ ਸਨ ਪਰ ਹੁਣ ਸਭ ਕੁਝ ਲੋਕਾਂ ਦੀ ਭਲਾਈ 'ਤੇ ਖਰਚ ਕੀਤਾ ਜਾਂਦਾ ਹੈ | ਅਮਿਤ ਸ਼ਾਹ ਨੇ ਕਿਹਾ ਕਿ ਮੈਂ ਤੁਹਾਨੂੰ ਜੰਮੂ ਤੇ ਕਸ਼ਮੀਰ ਨੂੰ ਇਨ੍ਹਾਂ ਤਿੰਨਾਂ ਪਰਿਵਾਰਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਅਤੇ ਜੰਮੂ-ਕਸ਼ਮੀਰ ਦੀ ਬਿਹਤਰੀ ਤੇ ਭਲਾਈ ਲਈ ਮੋਦੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਨੀ ਚਾਹੁੰਦਾ ਹਾਂ | ਹਾਲਾਂਕਿ ਸ਼ਾਹ ਨੇ ਤਿੰਨਾਂ ਪਰਿਵਾਰਾਂ ਦੇ ਨਾਂਅ ਨਹੀਂ ਲਏ | ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਵਲੋਂ ਅੱਤਵਾਦੀਆਂ ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ ਕਾਰਨ ਜੰਮੂ ਤੇ ਕਸ਼ਮੀਰ 'ਚ ਸੁਰੱਖਿਆ ਸਥਿਤੀ ਪਹਿਲਾਂ ਨਾਲੋਂ ਕਿਤੇ ਬਿਹਤਰ ਹੋਈ ਹੈ |
ਅਮਿਤ ਸ਼ਾਹ ਵੈਸ਼ਨੋ ਦੇਵੀ ਮੰਦਰ ਹੋਏ ਨਤਮਸਤਕ
ਗ੍ਰਹਿ ਮੰਤਰੀ ਅਮਿਤ ਸ਼ਾਹ ਮਹਾਨੌਮੀ ਮੌਕੇ ਵੈਸ਼ਨੋ ਦੇਵੀ ਮੰਦਰ ਵਿਖੇ ਨਤਮਸਤਕ ਹੋਏ ਅਤੇ ਇਥੇ ਪੂਜਾ ਕੀਤੀ | ਉਨ੍ਹਾਂ ਨਾਲ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਵੀ ਹਾਜ਼ਰ ਰਹੇ | ਗ੍ਰਹਿ ਮੰਤਰੀ ਦੀ ਆਮਦ ਨੂੰ ਲੈ ਕੇ ਮੰਦਰ 'ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਇਸ ਤੋਂ ਬਾਅਦ ਸ੍ਰੀਨਗਰ ਪਹੁੰਚ ਕੇ ਰਾਜ ਭਵਨ ਵਿਖੇ ਅਮਿਤ ਸ਼ਾਹ ਨੇ ਅੱਤਵਾਦ ਨਾਲ ਜੁੜੀ ਹਿੰਸਾ 'ਚ ਸ਼ਹੀਦ ਹੋਏ 4 ਪੁਲਿਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ |
ਉੱਤਰਕਾਸ਼ੀ, 4 ਅਕਤੂਬਰ (ਪੀ. ਟੀ. ਆਈ.)-ਉੱਤਰਾਖੰਡ ਦੇ ਜ਼ਿਲ੍ਹੇ ਉੱਤਰਾਕਾਸ਼ੀ 'ਚ ਮਾਊਾਟ ਦਰਪੋਦੀ ਕਾ ਡੰਡਾ-2 ਚੋਟੀ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ 10 ਪਰਬਤਾਰੋਹੀਆਂ ਦੀ ਮੌਤ ਹੋ ਗਈ | ਨਹਿਰੂ ਇੰਸਟੀਚਿਊਟ ਆਫ ਮਾਊਾਟੇਨੀਅਰਿੰਗ (ਐਨ. ਆਈ. ਐਮ.) ਦੇ ਪਿ੍ੰਸੀਪਲ ਕਰਨਲ ਅਮਿਤ ਬਿਸ਼ਟ ਨੇ ਦੱਸਿਆ ਕਿ ਇੰਸਟੀਚਿਊਟ ਦੇ 34 ਸਿਖਿਆਰਥੀ (ਟ੍ਰੇਨੀ) ਪਰਬਤਾਰੋਹੀਆਂ ਅਤੇ 7 ਇੰਸਟ੍ਰਕਟਰਾਂ ਦੀ ਇਕ ਟੀਮ ਵਾਪਸੀ ਦੌਰਾਨ ਬਰਫ਼ ਦੇ ਤੋਦਿਆਂ 'ਚ ਫਸ ਗਈ | ਉਨ੍ਹਾਂ ਦੱਸਿਆ ਕਿ 10 ਲਾਸ਼ਾਂ ਵੇਖੀਆਂ ਗਈਆਂ ਹਨ, ਜਿਨ੍ਹਾਂ 'ਚੋਂ 4 ਨੂੰ ਬਰਾਮਦ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਬਰਫ਼ ਦੇ ਤੋਦੇ ਸਵੇਰੇ 8.45 ਵਜੇ ਡਿੱਗੇ | ਉੱਤਰਕਾਸ਼ੀ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਕਿਹਾ ਕਿ ਫਸੇ ਹੋਏ ਲੋਕਾਂ 'ਚੋਂ 8 ਜਣਿਆਂ ਨੂੰ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਵਲੋਂ ਬਚਾਅ ਲਿਆ ਗਿਆ ਹੈ | ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰਦਿਆਂ ਕਿਹਾ ਕਿ ਰਾਸ਼ਟਰੀ ਆਫ਼ਤ ਜਵਾਬੀ ਬਲ, ਸੂਬਾ ਆਫ਼ਤ ਜਵਾਬੀ ਬਲ, ਇੰਡੋ-ਤਿੱਬਤ ਬਾਰਡਰ ਪੁਲਿਸ ਤੇ ਐਨ.ਆਈ.ਐਮ. ਦੇ ਪਰਬਤਾਰੋਹੀਆਂ ਦੀ ਇਕ ਟੀਮ ਵਲੋਂ ਬਚਾਅ ਕਾਰਜ ਚਲਾਏ ਗਏ ਹਨ | ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਕੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਫ਼ੌਜ ਦੀ ਮਦਦ ਮੰਗੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਕੀਮਤੀ ਜਾਨਾਂ ਨੂੰ ਗੁਆ ਲਿਆ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਘਟਨਾ 'ਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ |
ਲਾਸ ਏਾਜਲਸ/ਸਾਨ ਫਰਾਂਸਿਸਕੋ, 4 ਅਕਤੂਬਰ (ਪੀ. ਟੀ. ਆਈ., ਐੱਸ.ਅਸ਼ੋਕ ਭੌਰਾ)-ਅਮਰੀਕੀ ਸੂਬਾ ਕੈਲੀਫੋਰਨੀਆ 'ਚੋਂ 8 ਮਹੀਨਿਆਂ ਦੀ ਬੱਚੀ ਸਮੇਤ ਇਕ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਨੂੰ ਅਗਵਾ ਕਰ ਲਏ ਜਾਣ ਦੀ ਖ਼ਬਰ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਸ਼ੱਕੀ ਹਥਿਆਰਬੰਦ ਹੈ ਅਤੇ ਉਸ ਨੂੰ ਖ਼ਤਰਨਾਕ ਮੰਨਿਆ ਜਾ ਰਿਹਾ ਹੈ | ਸੈਂਟਰਲ ਵੈਲੀ ਦੇ ਇਸ ਪਰਿਵਾਰ ਨੂੰ ਸੋਮਵਾਰ ਨੂੰ ਕੈਲੀਫੋਰਨੀਆ ਦੇ ਮਰਸਡ ਕਾਉਂਟੀ 'ਚ ਅਗਵਾ ਕੀਤਾ ਗਿਆ | ਪਰਿਵਾਰ ਦੀ ਪਛਾਣ 8 ਮਹੀਨਿਆਂ ਦੀ ਆਰੋਹੀ ਢੇਰੀ, ਉਸ ਦਾ ਮਾਂ ਜਸਲੀਨ ਕੌਰ (27), ਉਸ ਦੇ ਪਿਤਾ ਜਸਦੀਪ ਸਿੰਘ (36) ਅਤੇ ਉਸ ਦੇ ਤਾਏ ਅਮਨਦੀਪ ਸਿੰਘ (39) ਵਜੋਂ ਹੋਈ ਹੈ | ਸ਼ੈਰਿਫ਼ ਦਫ਼ਤਰ ਵਲੋਂ ਸ਼ੱਕੀ ਅਗਵਾਕਾਰ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿਚ ਉਸ ਦਾ ਸਿਰ ਮੁੰਨਿਆ ਹੋਇਆ ਹੈ ਅਤੇ ਉਸ ਨੇ ਹੁੱਡੀ ਪਾਈ ਹੋਈ ਹੈ | ਅਧਿਕਾਰੀਆਂ ਨੇ ਕਿਹਾ ਕਿ 8 ਮਹੀਨਿਆਂ ਦੀ ਬੱਚੀ ਅਤੇ ਉਸ ਦੇ ਮਾਪਿਆਂ ਨੂੰ ਅਗਵਾ ਕਰਨ ਵਾਲਾ ਹਥਿਆਰਬੰਦ ਅਤੇ ਖ਼ਤਰਨਾਕ ਹੈ | ਸੋਮਵਾਰ ਦੀ ਰਾਤ ਨੂੰ ਜਾਰੀ ਬਿਆਨ 'ਚ ਮਰਸਡ ਕਾਉਂਟੀ ਸ਼ੈਰਿਫ਼ ਵਰਨ ਵਾਰਨਕੇ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਅਗਵਾ ਦੇ ਉਦੇਸ਼ ਬਾਰੇ ਪਤਾ ਨਹੀਂ ਲੱਗਾ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਗਵਾਕਾਰ ਨੇ ਸਬੂਤ ਨਸ਼ਟ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਜਿਥੋਂ ਤੱਕ ਉਨ੍ਹਾਂ ਨੂੰ ਪਤਾ ਹੈ ਕਿ ਸ਼ੱਕੀਆਂ ਵਲੋਂ ਸੰਪਰਕ ਨਹੀਂ ਕੀਤਾ ਗਿਆ ਤੇ ਨਾ ਹੀ ਫਿਰੌਤੀ ਦੀ ਮੰਗ ਕੀਤੀ ਗਈ ਹੈ | ਮਰਸਡ ਕਾਉਂਟੀ ਸ਼ੈਰਿਫ ਦਫ਼ਤਰ ਦੱਖਣੀ ਮਰਸਡ ਖੇਤਰ ਤੋਂ ਅਗਵਾ ਕੀਤੇ ਗਏ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ 'ਚ ਜਨਤਾ ਤੋਂ ਮਦਦ ਦੀ ਮੰਗ ਕਰ ਰਿਹਾ ਹੈ | ਜਾਸੂਸਾਂ ਦਾ ਮੰਨਣਾ ਹੈ ਕਿ ਆਰੋਹੀ ਤੇ ਉਸ ਦੇ ਪਰਿਵਾਰ ਨੂੰ ਸਾਊਥ ਹਾਈਵੇਅ 59 ਦੇ 800 ਬਲਾਕ 'ਚ ਇਕ ਕਾਰੋਬਾਰ ਤੋਂ ਅਗਵਾ ਕਰ ਲਿਆ ਗਿਆ ਸੀ | ਜਾਂਚ ਵਿਚ ਸਹਿਯੋਗ ਕਰ ਸਕਦੇ ਕਿਸੇ ਵੀ ਵਿਅਕਤੀ ਨੂੰ ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ (209) 385-7445 ਨੂੰ ਫ਼ੋਨ ਕਰਨ ਲਈ ਕਿਹਾ ਜਾ ਰਿਹਾ ਹੈ | ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਜੇਕਰ ਕਿਤੇ ਦਿਖਾਈ ਵੀ ਦਿੰਦਾ ਹੈ ਤਾਂ ਉਸ ਲਾਗੇ ਨਾ ਜਾਇਆ ਜਾਵੇ ਤੇ 9-1-1 'ਤੇ ਫ਼ੋਨ ਕੀਤਾ ਜਾਵੇ ਜਾਂ ਈਮੇਲ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ |
ਜੰਮੂ, 4 ਅਕਤੂਬਰ (ਪੀ.ਟੀ.ਆਈ.)-ਜੰਮੂ ਤੇ ਕਸ਼ਮੀਰ ਦੇ ਡਾਇਰੈਕਟਰ ਜਨਰਲ (ਜੇਲ੍ਹਾਂ) ਹੇਮੰਤ ਕੇ. ਲੋਹੀਆ ਦੀ ਹੱਤਿਆ ਦੇ ਮਾਮਲੇ 'ਚ ਇਕ 23 ਸਾਲਾ ਘਰੇਲੂ ਨੌਕਰ ਯਾਸਿਰ ਲੋਹਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਯਾਸਿਰ ਨੂੰ ਕਨਹ੍ਹਾਚੱਕ ਇਲਾਕੇ ਵਿਖੇ ਇਕ ਖੇਤ 'ਚੋਂ ਗਿ੍ਫ਼ਤਾਰ ਕੀਤਾ ਗਿਆ | ਉਸ ਕੋਲੋਂ ਪੁੱਛਗਿੱਛ ਜਾਰੀ ਹੈ | ਦੱਸਣਯੋਗ ਹੈ ਕਿ 1992 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹੇਮੰਤ ਲੋਹੀਆ ਸੋਮਵਾਰ ਰਾਤ ਨੂੰ ਆਪਣੇ ਦੋਸਤ ਦੇ ਘਰ ਮਿ੍ਤਕ ਹਾਲਤ 'ਚ ਪਾਏ ਗਏ ਸਨ | ਪੁਲਿਸ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਅੱਤਵਾਦੀ ਕੋਣ (ਐਂਗਲ) ਵੱਲ ਇਸ਼ਾਰਾ ਨਹੀਂ ਕਰਦੀ | ਹਾਲਾਂਕਿ ਇਕ ਅੱਤਵਾਦੀ ਸੰਗਠਨ ਪਿਊਪਲ ਐਂਟੀ-ਫਾਸਿਸਟ ਫਰੰਟ (ਪੀ.ਏ.ਐਫ.ਐਫ.) ਨੇ ਉਨ੍ਹਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ ਪਰ ਵਾਰਦਾਤ ਵਾਲੀ ਜਗ੍ਹਾ ਦਾ ਦੌਰਾ ਕਰਨ ਪੁੱਜੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਨਾਲ ਕਿਸੇ ਅੱਤਵਾਦੀ ਸੰਗਠਨ ਦੀ ਸ਼ਮੂਲੀਅਤ ਦਾ ਪਤਾ ਲੱਗਦਾ ਹੋਵੇ | ਫਿਲਹਾਲ ਅੱਤਵਾਦੀ ਕੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਜਾਂਚ ਦੌਰਾਨ ਅਜਿਹੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤਾਂ ਅਸੀਂ ਇਸ ਨੂੰ ਵੇਖਾਂਗੇ | ਡੀ.ਜੀ.ਪੀ. ਨੇ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਘਟਨਾ ਸਥਾਨ ਤੋਂ ਢੁਕਵੇਂ ਸੁਰਾਗ ਮਿਲੇ ਹਨ, ਜੋ ਇਹ ਦਰਸਾਉਂਦੇ ਹਨ ਕਿ ਮੁਲਜ਼ਮ ਦਾ ਹਮਲਾਵਰ ਵਿਵਹਾਰ ਦਾ ਇਤਿਹਾਸ ਸੀ | ਉਨ੍ਹਾਂ ਕਿਹਾ ਕਿ ਜਦ ਡੀ.ਜੀ. ਜੇਲ੍ਹਾਂ ਆਪਣੇ ਪੈਰਾਂ 'ਤੇ ਮਲ੍ਹਮ ਲਗਾ ਰਹੇ ਸਨ ਤਾਂ ਹਮਲਾਵਰ ਨੇ ਕਮਰਾ ਅੰਦਰੋਂ ਬੰਦ ਕਰ ਦਿੱਤਾ | ਇਸ ਤੋਂ ਬਾਅਦ ਘਰੇਲੂ ਨੌਕਰ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ 'ਤੇ ਕਈ ਵਾਰ ਹਮਲਾ ਕੀਤਾ ਅਤੇ ਇਥੋਂ ਤੱਕ ਕਿ ਲਾਸ਼ ਨੂੰ ਅੱਗ ਲਗਾਉਣ ਲਈ ਉਸ ਵੱਲ ਇਕ ਅੱਗ ਨਾਲ ਬਲਦਾ ਸਿਰਹਾਣਾ ਵੀ ਸੁੱਟਿਆ | ਦੱਸਣਯੋਗ ਹੈ ਕਿ 57 ਸਾਲਾ ਲੋਹੀਆ ਨੂੰ ਅਗਸਤ 'ਚ ਤਰੱਕੀ ਦੇ ਕੇ ਡਾਇਰੈਕਟਰ ਜਨਰਲ ਜੇਲ੍ਹਾਂ ਵਜੋਂ ਨਿਯੁਕਤ ਕੀਤਾ ਗਿਆ ਸੀ | ਉਹ ਕੁਝ ਦਿਨ ਪਹਿਲਾਂ ਹੀ ਆਪਣੇ ਦੋਸਤ ਦੇ ਘਰ ਸ਼ਿਫਟ ਹੋਏ ਸਨ | ਲੋਹੀਆ ਦੀ ਹੱਤਿਆ ਉਸ ਸਮੇਂ ਹੋਈ ਹੈ, ਜਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ |
ਅੱਤਵਾਦੀ ਸੰਗਠਨ ਪੀ.ਏ.ਐਫ.ਐਫ. ਨੇ ਲਈ ਜ਼ਿੰਮੇਵਾਰੀ
ਅੱਤਵਾਦੀ ਸੰਗਠਨ ਪੀ.ਏ.ਐਫ.ਐਫ. ਨੇ ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਸੀ ਕਿ ਸਾਡੇ ਵਿਸ਼ੇਸ਼ ਦਸਤੇ ਨੇ ਵੱਡੇ ਟੀਚੇ ਨੂੰ ਨਿਸ਼ਾਨਾ ਬਣਾਉਣ ਲਈ ਖ਼ੁਫ਼ੀਆ ਆਧਾਰਿਤ ਕਾਰਵਾਈ ਕੀਤੀ ਹੈ |
ਸਰਕਾਰੀ ਕੰਮਕਾਜ 'ਤੇ ਪ੍ਰਭਾਵ ਸੰਭਵ
ਚੰਡੀਗੜ੍ਹ, 4 ਅਕਤੂਬਰ (ਹਰਕਵਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਬਹੁਤੇ ਮੰਤਰੀਆਂ ਨੂੰ ਗੁਜਰਾਤ 'ਚ ਚੋਣ ਪ੍ਰਚਾਰ ਲਈ ਪੁੱਜਣ ਦੇ ਹੁਕਮ ਹੋ ਗਏ ਹਨ | ਹਾਲਾਂ ਕਿ ਚੋਣ ਕਮਿਸ਼ਨ ਵਲੋਂ ਗੁਜਰਾਤ ਵਿਖੇ ਚੋਣਾਂ ਦਾ ਪ੍ਰੋਗਰਾਮ ਅਜੇ ਨਾ ਐਲਾਨੇ ਜਾਣ ਕਾਰਨ ਇਹ ਸਪੱਸ਼ਟ ਨਹੀਂ ਹੈ ਕਿ ਉਥੇ ਚੋਣਾਂ ਨਵੰਬਰ 2022 ਤੋਂ ਜਨਵਰੀ 2023 ਦਰਮਿਆਨ ਕਦੋਂ ਹੋਣਗੀਆਂ, ਪਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਦੀ ਪਾਲਣਾ ਕਰਨਾ ਸਾਰੇ ਮੰਤਰੀਆਂ ਤੇ ਵਿਧਾਇਕਾਂ ਲਈ ਜ਼ਰੂਰੀ ਬਣ ਗਿਆ ਹੈ | ਚੋਣ ਜ਼ਾਬਤਾ ਲਾਗੂ ਨਾ ਹੋਣ ਕਾਰਨ ਫ਼ਿਲਹਾਲ ਗੁਜਰਾਤ ਜਾਣ ਲਈ ਮੰਤਰੀਆਂ ਤੇ ਵਿਧਾਇਕਾਂ 'ਤੇ ਵੀ ਕੋਈ ਪਾਬੰਦੀ ਨਹੀਂ ਹੈ | ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਆਪਣੇ ਨੀਤੀ ਸਟਾਫ਼ ਨਾਲ ਕੋਈ 8-10 ਦਿਨ ਪਹਿਲਾਂ ਗੁਜਰਾਤ ਚਲੇ ਗਏ ਸਨ, ਜਿਨ੍ਹਾਂ ਨੂੰ ਚੋਣਾਂ ਲਈ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਚੱਢਾ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਗੁਜਰਾਤ 'ਚੋਂ ਡਿਊਟੀਆਂ ਆਦਿ ਅਲਾਟ ਕਰ ਰਹੇ ਹਨ | ਦਿਲਚਸਪ ਗੱਲ ਹੈ ਕਿ ਇਕ ਪ੍ਰਮੁੱਖ ਚੋਣ ਕੰਪਨੀ, ਜਿਸ ਵਲੋਂ ਬੀਤੇ ਦਿਨੀਂ ਗੁਜਰਾਤ ਵਿਖੇ ਕੀਤੇ ਸਰਵੇਖਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ੂ ਕਾਫ਼ੀ ਹੇਠਾਂ ਦੱਸਿਆ ਹੈ, ਇਸ ਦੇ ਬਾਵਜੂਦ ਕੇਜਰੀਵਾਲ ਵਲੋਂ ਆਪਣੀ ਪਾਰਟੀ ਦੀ ਸਮੁੱਚੀ ਸ਼ਕਤੀ ਗੁਜਰਾਤ ਵਿਚ ਝੋਕਣ ਦਾ ਫ਼ੈਸਲਾ ਕਿਉਂ ਲਿਆ ਹੈ ਇਹ ਵੀ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਹੈ | ਸਰਕਾਰੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੇ ਆਉਣ ਵਾਲੇ ਦਿਨਾਂ ਲਈ ਕਈ ਨਿਸਚਿਤ ਪ੍ਰੋਗਰਾਮ ਤੇ ਮੀਟਿੰਗਾਂ ਰੱਦ ਕੀਤੇ ਹਨ, ਕਿਉਂਕਿ ਉਹ ਗੁਜਰਾਤ ਵਿਚ ਹੋਣਗੇ | ਪਰ ਸਰਕਾਰੀ ਹਲਕਿਆਂ ਵਿਚ ਚਰਚਾ ਹੈ ਕਿ ਮੰਤਰੀਆਂ ਤੇ ਵਿਧਾਇਕਾਂ ਦੀ ਗ਼ੈਰਹਾਜ਼ਰੀ ਦਾ ਅਸਰ ਸਰਕਾਰੀ ਕੰਮਕਾਜ 'ਤੇ ਵੀ ਪਵੇਗਾ | ਮੁੱਖ ਮੰਤਰੀ ਤਾਂ ਪਹਿਲਾਂ ਹੀ ਪੰਜਾਬ ਸਿਵਲ ਸਕੱਤਰੇਤ ਵਿਖੇ ਮੰਤਰੀ ਮੰਡਲ ਦੀ ਜਾਂ ਕਿਸੇ ਹੋਰ ਵਿਸ਼ੇਸ਼ ਮੀਟਿੰਗ ਲਈ ਹੀ ਆਉਂਦੇ ਹਨ, ਪਰ ਹੁਣ ਅਗਲੇ ਦਿਨਾਂ ਦੌਰਾਨ ਬਹੁਤੇ ਮੰਤਰੀ ਵੀ ਸਿਵਲ ਸਕੱਤਰੇਤ ਤੋਂ ਗੈਰ ਹਾਜ਼ਰ ਰਹਿਣਗੇ | ਪ੍ਰਸ਼ਾਸਨਿਕ ਹਲਕਿਆਂ 'ਚ ਸਮਝਿਆ ਜਾ ਰਿਹਾ ਹੈ ਕਿ ਗੁਜਰਾਤ ਚੋਣ ਕਾਰਨ ਪੰਜਾਬ ਸਰਕਾਰ ਇਕ ਤਰ੍ਹਾਂ ਨਾਲ ਅਗਲੇ ਦੋ ਮਹੀਨੇ ਠੱਪ ਰਹੇਗੀ |
ਨਵੀਂ ਦਿੱਲੀ, 4 ਅਕਤੂਬਰ (ਏਜੰਸੀ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਫ਼ਸਲੀ ਵਿਭਿੰਨਤਾ ਤਹਿਤ ਲੰਬੇ ਸਮੇਂ ਦੇ ਹੱਲ ਲਈ ਪਰਾਲੀ ਨੂੰ ਸਾੜਨ ਦੀ ਸਮੱਸਿਆ ਦਾ ਸਹੀ ਢੰਗ ਨਾਲ ਹੱਲ ਕਰਨ ਲਈ ਹੋਰ 4-5 ਸਾਲ ਲੱਗ ਸਕਦੇ ਹਨ | ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਤੇ ਮਾਹਿਰਾਂ ਵਲੋਂ ਪ੍ਰਸਤਾਵਿਤ ਕਈ ਪਹਿਲਕਦਮੀਆਂ 'ਚ ਫ਼ਸਲੀ ਵਿਭਿੰਨਤਾ ਵੀ ਸ਼ਾਮਿਲ ਹੈ | ਦਿੱਲੀ ਸਥਿਤ 'ਕਲਾਈਮੇਟ ਟਰੈਂਡਸ' ਸੰਸਥਾ ਵਲੋਂ ਚੰਡੀਗੜ੍ਹ 'ਚ ਕਰਵਾਈ ਇਕ ਕਾਰਜਸ਼ਾਲਾ 'ਚ ਪੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਕਰੂਣੇਸ਼ ਗਰਗ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਨਾਲ ਉਸ ਦੇ ਪ੍ਰਭਾਵ ਦਾ ਆਕਲਨ ਕਰਨਾ ਸਹੀ ਮਾਪਦੰਡ ਨਹੀਂ ਹੈ | ਉਨ੍ਹਾਂ ਕਿਹਾ ਅਜਿਹਾ ਵੀ ਨਹੀਂ ਹੈ ਕਿ ਇਸ ਸਮੱਸਿਆ ਨਾਲ ਨਜਿੱਠਿਆ ਨਹੀਂ ਜਾ ਸਕਦਾ, ਅਸੀਂ ਇਸ ਲਈ ਬਲਾਕ ਤੇ ਪਿੰਡ ਪੱਧਰ 'ਤੇ ਕੰਮ ਕਰ ਰਹੇ ਹਾਂ ਪਰ ਪਰਾਲੀ ਦੀ ਸਮੱਸਿਆ ਦੇ ਪੂਰੇ ਹੱਲ ਲਈ ਅਜੇ ਹੋਰ 4-5 ਸਾਲ ਲੱਗ ਜਾਣਗੇ | ਸ੍ਰੀ ਗਰਗ ਨੇ ਦੱਸਿਆ ਕਿ ਇਸ ਸਾਲ ਪੰਜਾਬ 'ਚ ਝੋਨੇ ਹੇਠ ਰਕਬਾ ਪਿਛਲੇ ਸਾਲ ਦੇ 29.61 ਲੱਖ ਹੈਕਟੇਅਰ ਤੋਂ ਵਧ ਕੇ 31.13 ਲੱਖ ਹੈਕਟੇਅਰ ਹੋ ਗਿਆ ਹੈ, ਜਿਸ ਕਾਰਨ ਪਿਛਲੇ ਸਾਲ ਦੀ 18.74 ਮੀਟਰਕ ਟਨ ਦੀ ਬਜਾਏ ਇਸ ਸਾਲ 19.76 ਮੀਟਰਕ ਟਨ ਪਰਾਲੀ ਪੈਦਾ ਹੋਵੇਗੀ | ਪੀ.ਪੀ.ਸੀ.ਬੀ. ਨੇ ਕਿਹਾ ਹੈ ਕਿ ਪਿਛਲੇ ਸਾਲ ਸੂਬੇ 'ਚ ਕਰਵਾਏ ਗਏ ਬਾਇਓ-ਡੀਕੰਪੋਜ਼ਰ ਦੇ ਟਰਾਇਲਾਂ ਦੇ ਨਤੀਜੇ 'ਬਹੁਤੇ ਉਤਸ਼ਾਹਜਨਕ' ਨਹੀਂ ਹਨ | ਬਾਇਓ-ਡੀਕੰਪੋਜ਼ਰ ਪਰਾਲੀ ਸਾੜਨ ਦਾ ਜੀਵਾਣੂ ਘੋਲ (ਮਾਈਕਰੋਬਾਇਲ ਸਲਿਊਸ਼ਨ) ਹੈ, ਜਿਸ ਦੇ ਨਿਰਮਾਤਾਵਾਂ ਦਾ ਦਾਅਵਾ ਕਰਦੇ ਹਨ ਕਿ ਇਹ 15-20 ਦਿਨਾਂ 'ਚ ਪਰਾਲੀ ਨੂੰ ਖਾਦ 'ਚ ਬਦਲ ਦਿੰਦਾ ਹੈ ਅਤੇ ਖੇਤਾਂ 'ਚ ਅੱਗ ਲਗਾਉਣ ਦੀ ਲੋੜ ਨਹੀਂ ਪੈਂਦੀ |
ਕੇਜਰੀਵਾਲ ਨੇ ਇਸ ਕਦਮ ਨੂੰ ਗੁਜਰਾਤ ਚੋਣਾਂ ਨਾਲ ਜੋੜਿਆ
ਨਵੀਂ ਦਿੱਲੀ, 4 ਅਕਤੂਬਰ (ਏਜੰਸੀ)-ਦਿੱਲੀ ਦੇ ਉਪ-ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਬਿਜਲੀ ਕੰਪਨੀਆਂ ਨੂੰ ਸਬਸਿਡੀ ਰਾਸ਼ੀ ਦੇ ਭੁਗਤਾਨ 'ਚ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ, ਨਾਲ ਹੀ ਉਨ੍ਹਾਂ ਨੇ 7 ਦਿਨ ਾਂ ਦੇ ਅੰਦਰ-ਅੰਦਰ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਹੈ | ਇਸ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਗੁਜਰਾਤ ਚੋਣਾਂ ਨਾਲ ਜੋੜਿਆ ਹੈ ਅਤੇ ਇਸ ਕਦਮ ਦਾ ਉਦੇਸ਼ ਮੁਫ਼ਤ 'ਚ ਦਿੱਤੀ ਜਾਂਦੀ ਬਿਜਲੀ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ | ਉਪ-ਰਾਜਪਾਲ ਦੇ ਦਫ਼ਤਰ 'ਚ ਸੂਤਰਾਂ ਅਨੁਸਾਰ ਉਪ ਰਾਜਪਾਲ ਨੇ ਬਿਜਲੀ ਸਬਸਿਡੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਤੋਂ ਪੁੱਛਿਆ ਹੈ ਕਿ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 2018 ਦੇ ਉਸ ਆਦੇਸ਼ ਨੂੰ ਹੁਣ ਤੱਕ ਲਾਗੂ ਕਿਉਂ ਨਹੀਂ ਕੀਤਾ, ਜਿਸ ਵਿਚ ਸਰਕਾਰਾਂ ਨੂੰ ਕਿਹਾ ਗਿਆ ਸੀ ਕਿ ਸਬਸਿਡੀ ਦਾ ਪੈਸਾ ਡੀ. ਬੀ. ਟੀ. ਦੇ ਜ਼ਰੀਏ ਉਪਭੋਗਤਾਵ ਾਂ ਨੂੰ ਦਿੱਤਾ ਜਾਵੇ | ਉਪ-ਰਾਜਪਾਲ ਨੇ ਸਖ਼ਤ ਲਹਿਜ਼ੇ 'ਚ ਸਵਾਲ ਕੀਤਾ ਕਿ ਇਸ ਆਦੇਸ਼ ਨੂੰ ਕਿਉਂ ਲਾਗੂ ਨਹੀਂ ਕੀਤਾ ਗਿਆ | ਉਪ-ਰਾਜਪਾਲ ਵਲੋਂ ਜਾਂਚ ਦੇ ਦਿੱਤੇ ਗਏ ਆਦੇਸ਼ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਭੜਾਸ ਕੱਢੀ ਹੈ | ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੂੰ ਇਹ ਯੋਜਨਾ ਬਹੁਤ ਪਸੰਦ ਆ ਰਹੀ ਹੈ | ਇਸ ਲਈ ਭਾਜਪਾ ਇਸ ਯੋਜਨਾ ਨੂੰ ਰੋਕਣਾ ਚਾਹੁੰਦੀ ਹੈ |
ਸਟਾਕਹੋਮ, 4 ਅਕਤੂਬਰ (ਏਜੰਸੀ)-ਇਸ ਸਾਲ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਸਾਂਝੇ ਤੌਰ 'ਤੇ ਤਿੰਨ ਵਿਗਿਆਨੀਆਂ ਨੂੰ ਉਨ੍ਹਾਂ ਦੇ ਕੁਆਂਟਮ ਸੂਚਨਾ ਵਿਗਿਆਨ 'ਤੇ ਕੀਤੇ ਗਏ ਕੰਮ ਲਈ ਦਿੱਤਾ ਗਿਆ ਹੈ | ਅਲੇਨ ਅਸਪੈਕਟ, ਜਾਨ ਐਫ. ਕਲੋਜ਼ਰ ਅਤੇ ਐਂਟਨ ਜ਼ੇਲਿੰਗਰ ਨੇ ਇਸ ਵਾਰ ...
ਨਵੀਂ ਦਿੱਲੀ, 4 ਅਕਤੂਬਰ (ਉਪਮਾ ਡਾਗਾ ਪਾਰਥ)-ਸਿਆਸੀ ਪਾਰਟੀਆਂ ਵਲੋਂ ਕੀਤੇ ਜਾਂਦੇ ਚੋਣ ਵਾਅਦਿਆਂ 'ਚ ਮੁਫ਼ਤ ਸਕੀਮਾਂ ਨੂੰ ਲੈ ਕੇ ਛਿੜੀ ਚਰਚਾ ਦਰਮਿਆਨ ਚੋਣ ਕਮਿਸ਼ਨ ਨੇ ਪਾਰਟੀਆਂ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਕਮਿਸ਼ਨ ਨੇ ਕਿਹਾ ਹੈ ਕਿ ਸਿਆਸੀ ਪਾਰਟੀਆਂ ਆਪਣੇ ...
ਨਵੀਂ ਦਿੱਲੀ, 4 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਦੀ ਚੋਣ ਲਈ ਮੈਦਾਨ 'ਚ ਉਤਰੇ ਦੋਹਾਂ ਉਮੀਦਵਾਰਾਂ ਮਲਿਕਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ 'ਚੋਂ ਕਿਆਸਾਂ ਮੁਤਾਬਿਕ ਖੜਗੇ ਕਿਤੇ ਅੱਗੇ ਚਲ ਰਹੇ ਹਨ | ਇਕ ਤੋਂ ਬਾਅਦ ਇਕ ਰਾਜਾਂ ਦੇ ਕਾਂਗਰਸ ਪ੍ਰਧਾਨਾਂ ਵਲੋਂ ...
ਨਵੀਂ ਦਿੱਲੀ, 4 ਅਕਤੂਬਰ (ਉਪਮਾ ਡਾਗਾ ਪਾਰਥ)-ਨੈਸ਼ਨਲ ਹੈਰਾਲਡ ਮਾਮਲੇ 'ਚ ਈ. ਡੀ. ਵਲੋਂ ਕਾਂਗਰਸ ਦੇ 5 ਨੇਤਾਵਾਂ ਨੂੰ ਤਲਬ ਕੀਤਾ ਗਿਆ ਹੈ | ਈ. ਡੀ. ਨੇ ਮੁਹੰਮਦ ਅਲੀ ਸ਼ਬੀਰ, ਗੀਤਾ ਰੇਡੀ, ਸੁਦਰਸ਼ਨ ਰੇਡੀ, ਅੰਜਨ ਕੁਮਾਰ ਅਤੇ ਅਖਿਲ ਨੂੰ ਤਲਬ ਕੀਤਾ ਹੈ | ਈ. ਡੀ. ਨੇ ਕਿਹਾ ਕਿ ...
ਯਾਸਿਰ ਕਰੀਬ 6 ਮਹੀਨਿਆਂ ਤੋਂ ਇਸ ਘਰ 'ਚ ਕੰਮ ਕਰ ਰਿਹਾ ਸੀ | ਸ਼ੁਰੂਆਤੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਉਹ ਆਪਣੇ ਵਿਵਹਾਰ 'ਚ ਕਾਫੀ ਹਮਲਾਵਰ ਸੀ ਅਤੇ ਤਣਾਅ 'ਚ ਵੀ ਰਹਿੰਦਾ ਸੀ | ਅਧਿਕਾਰੀਆਂ ਨੇ ਦੱਸਿਆ ਕਿ ਯਾਸਿਰ ਦੀ ਮਾਨਸਿਕ ਸਥਿਤੀ ਨੂੰ ਦਰਸਾਉਂਦੇ ਕੁਝ ਦਸਤਾਵੇਜ਼ੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX