ਭਾਵੇਂ ਲੰਮੀ ਉਡੀਕ ਤੋਂ ਬਾਅਦ ਦੇਸ਼ ਦੀ ਸਭ ਤੋਂ ਪੁਰਾਣੀ ਕੌਮੀ ਪਾਰਟੀ ਕਾਂਗਰਸ ਨੂੰ ਮਲਿਕਅਰਜੁਨ ਖੜਗੇ ਦੇ ਰੂਪ ਵਿਚ ਇਕ ਤਜਰਬੇਕਾਰ ਨਵਾਂ ਪ੍ਰਧਾਨ ਤਾਂ ਮਿਲ ਚੁੱਕਾ ਹੈ ਪਰ ਅਜੇ ਵੀ ਕਾਂਗਰਸ ਦੀ ਲੀਡਰਸ਼ਿਪ ਦਾ ਸੰਕਟ ਸੁਲਝਣ ਦਾ ਨਾਂਅ ਨਹੀਂ ਲੈ ਰਿਹਾ। ਜਦੋਂ ਲੋਕਾਂ ਵਿਚ ਥੋੜ੍ਹਾ ਜਿਹਾ ਇਹ ਪ੍ਰਭਾਵ ਬਣਨ ਲਗਦਾ ਹੈ ਕਿ ਕਾਂਗਰਸ ਆਪਣੇ ਅੰਦਰੂਨੀ ਸੰਕਟਾਂ 'ਤੇ ਕਾਬੂ ਪਾ ਕੇ ਹੁਣ ਉਭਰਨ ਵਾਲੇ ਪਾਸੇ ਵਧ ਰਹੀ ਹੈ ਤਾਂ ਉਸੇ ਸਮੇਂ ਕਾਂਗਰਸ ਦਾ ਕੋਈ ਨਾ ਕੋਈ ਕੌਮੀ ਜਾਂ ਪ੍ਰਾਂਤਕ ਆਗੂ ਇਹੋ ਜਿਹਾ ਬਿਆਨ ਦਾਗ਼ ਦਿੰਦਾ ਹੈ ਜਿਸ ਨਾਲ ਦੇਸ਼ ਦੇ ਸਿਆਸੀ ਹਲਕਿਆਂ ਅਤੇ ਆਮ ਲੋਕਾਂ ਵਿਚ ਮੁੜ ਇਹੀ ਪ੍ਰਭਾਵ ਚਲਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਅਤੇ ਇਸ ਦੀ ਲੀਡਰਸ਼ਿਪ ਭਾਜਪਾ ਵਰਗੀ ਸ਼ਕਤੀਸ਼ਾਲੀ ਪਾਰਟੀ ਦਾ ਕੌਮੀ ਅਤੇ ਪ੍ਰਾਂਤਾਂ ਦੀ ਪੱਧਰ 'ਤੇ ਮੁਕਾਬਲਾ ਕਰਨ ਦੇ ਅਜੇ ਵੀ ਸਮਰੱਥ ਨਹੀਂ ਹੋਈ।
ਇਸ ਸਮੇਂ ਜਦੋਂ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਸੀਨੀਅਰ ਲੀਡਰ 'ਭਾਰਤ ਜੋੜੋ ਯਾਤਰਾ' ਨੂੰ ਸਫਲ ਬਣਾਉਣ ਲਈ ਲੱਗੇ ਹੋਏ ਹਨ ਅਤੇ ਬਿਨਾਂ ਸ਼ੱਕ ਦੱਖਣੀ ਰਾਜਾਂ ਤੋਂ ਲੈ ਕੇ ਮਹਾਰਾਸ਼ਟਰ ਤੱਕ 'ਭਾਰਤ ਜੋੜੋ ਯਾਤਰਾ' ਨੂੰ ਵੱਡਾ ਸਮਰਥਨ ਮਿਲਿਆ ਹੈ ਅਤੇ ਬਹੁਤ ਸਾਰੀਆਂ ਉੱਘੀਆਂ ਗ਼ੈਰ-ਸਿਆਸੀ ਸ਼ਖ਼ਸੀਅਤਾਂ ਨੇ ਵੀ ਸਮੇਂ-ਸਮੇਂ ਇਸ 'ਭਾਰਤ ਜੋੜੋ ਯਾਤਰਾ' ਵਿਚ ਸ਼ਿਰਕਤ ਕੀਤੀ ਹੈ। ਦੂਜੇ ਪਾਸੇ ਇਸ ਸਮੇਂ ਕਾਂਗਰਸ ਹਿਮਾਚਲ ਅਤੇ ਗੁਜਰਾਤ ਵਿਚ ਚੋਣਾਂ ਦਾ ਸਾਹਮਣਾ ਵੀ ਕਰ ਰਹੀ ਹੈ। ਹਿਮਾਚਲ ਵਿਚ ਭਾਵੇਂ ਵੋਟਾਂ ਪੈ ਚੁੱਕੀਆਂ ਹਨ ਪਰ ਗੁਜਰਾਤ ਵਿਚ ਚੋਣਾਂ ਦਾ ਅਮਲ ਅਜੇ ਵੀ ਜਾਰੀ ਹੈ। ਉਥੇ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਗਹਿਲੋਤ ਵੀ ਸਰਗਰਮੀ ਨਾਲ ਕਾਂਗਰਸ ਦੀ ਚੋਣ ਮੁਹਿੰਮ ਵਿਚ ਸ਼ਿਰਕਤ ਕਰ ਰਹੇ ਹਨ। ਪਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਇਸੇ ਹੀ ਸਮੇਂ ਅਸ਼ੋਕ ਗਹਿਲੋਤ ਨੇ ਦੇਸ਼ ਦੇ ਇਕ ਉੱਘੇ ਟੀ.ਵੀ. ਚੈਨਲ ਨੂੰ ਵਿਸ਼ੇਸ਼ ਤੌਰ 'ਤੇ ਇੰਟਰਵਿਊ ਦਿੰਦਿਆਂ ਕਾਂਗਰਸ ਦੇ ਨੌਜਵਾਨ ਆਗੂ ਅਤੇ ਆਪਣੇ ਸਿਆਸੀ ਵਿਰੋਧੀ ਸਚਿਨ ਪਾਇਲਟ 'ਤੇ ਤਿੱਖਾ ਹਮਲਾ ਕਿਉਂ ਬੋਲਿਆ ਹੈ? ਉਨ੍ਹਾਂ ਨੇ ਸਚਿਨ ਪਾਇਲਟ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਹ ਗ਼ੱਦਾਰ ਹੈ ਅਤੇ ਉਸ ਨੇ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਅਤੇ ਰਾਜ ਦੇ ਉਪ-ਮੁੱਖ ਮੰਤਰੀ ਹੁੰਦਿਆਂ ਜੁਲਾਈ 2020 ਵਿਚ ਉਨ੍ਹਾਂ ਦੀ ਸਰਕਾਰ ਨੂੰ ਭਾਜਪਾ ਨਾਲ ਮਿਲ ਕੇ ਡੇਗਣ ਦਾ ਵੱਡਾ ਯਤਨ ਕੀਤਾ ਸੀ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਹਰਿਆਣੇ ਦੇ ਮਾਨੇਸਰ ਰਿਜ਼ਾਰਟ, ਜਿਥੇ ਕਿ ਸਚਿਨ ਪਾਇਲਟ ਤੇ ਉਨ੍ਹਾਂ ਦੇ ਬਾਗ਼ੀ ਵਿਧਾਇਕ ਠਹਿਰੇ ਹੋਏ ਸਨ, ਵਿਚ ਹਰੇਕ ਬਾਗ਼ੀ ਵਿਧਾਇਕ ਨੂੰ 5 ਤੋਂ ਲੈ ਕੇ 10 ਕਰੋੜ ਰੁਪਏ ਤੱਕ ਦਿੱਤੇ ਗਏ ਸਨ। ਅਜਿਹਾ ਗ਼ੱਦਾਰ ਵਿਅਕਤੀ ਕਦੇ ਵੀ ਰਾਜਸਥਾਨ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ। ਇਸ ਦੇ ਪ੍ਰਤੀਕਰਮ ਵਜੋਂ ਸਚਿਨ ਪਾਇਲਟ ਨੇ ਕਿਹਾ ਹੈ ਕਿ ਅਸ਼ੋਕ ਗਹਿਲੋਤ ਵਰਗੇ ਸੀਨੀਅਰ ਅਤੇ ਤਜਰਬੇਕਾਰ ਲੀਡਰ ਨੂੰ ਇਸ ਸਮੇਂ ਇਹੋ ਜਿਹੀ ਗ਼ਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਇਹ ਸਮਾਂ 'ਭਾਰਤ ਜੋੜੋ ਯਾਤਰਾ' ਨੂੰ ਸਫਲ ਬਣਾਉਣ ਦਾ ਅਤੇ ਰਾਜਸਥਾਨ ਸਮੇਤ ਪ੍ਰਾਂਤਕ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦਾ ਹੈ। ਉਸ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦੇ ਸ਼ਬਦਾਂ ਦੀ ਅਸ਼ੋਕ ਗਹਿਲੋਤ ਨੇ ਵਰਤੋਂ ਕੀਤੀ ਹੈ, ਉਹ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਉੱਚਿਤ ਨਹੀਂ ਸਮਝਦੇ।
ਬਿਨਾਂ ਸ਼ੱਕ ਇਹ ਭੇਦਭਰੀ ਗੱਲ ਹੈ ਕਿ ਅਸ਼ੋਕ ਗਹਿਲੋਤ ਨੇ ਬੇਹੱਦ ਮੁਖਰ ਹੋ ਕੇ ਇਸ ਸਮੇਂ ਸਚਿਨ ਪਾਇਲਟ ਨੂੰ ਨਿਸ਼ਾਨਾ ਕਿਉਂ ਬਣਾਇਆ ਹੈ? ਕਿਉਂਕਿ ਕੁਝ ਹੀ ਦਿਨਾਂ ਵਿਚ ਮੱਧ ਪ੍ਰਦੇਸ਼ ਤੋਂ ਹੁੰਦੀ ਹੋਈ 'ਭਾਰਤ ਜੋੜੋ ਯਾਤਰਾ' ਰਾਜਸਥਾਨ ਵਿਚ ਪ੍ਰਵੇਸ਼ ਕਰਨ ਵਾਲੀ ਹੈ। ਸੰਭਵ ਹੈ ਕਿ ਅਸ਼ੋਕ ਗਹਿਲੋਤ ਦਾ ਇਹ ਬਿਆਨ ਗੁੱਜਰ ਆਰਕਸ਼ਣ ਸੰਘਰਸ਼ ਸੰਮਤੀ ਦੇ ਆਗੂ ਵਿਜੈ ਬੈਂਸਲਾ ਵਲੋਂ ਦਿੱਤੇ ਇਸ ਬਿਆਨ ਦੇ ਪ੍ਰਤੀਕਰਮ ਵਜੋਂ ਆਇਆ ਹੋਵੇ, ਜਿਸ ਵਿਚ ਕਿ ਉਸ ਨੇ ਰਾਹੁਲ ਗਾਂਧੀ ਤੋਂ ਮੰਗ ਕੀਤੀ ਸੀ ਕਿ ਸਚਿਨ ਪਾਇਲਟ ਨੂੰ ਕੀਤੇ ਗਏ ਵਾਅਦੇ ਮੁਤਾਬਿਕ ਰਾਜਸਥਾਨ ਦਾ ਮੁੱਖ ਮੰਤਰੀ ਬਣਾਇਆ ਜਾਵੇ ਅਤੇ ਗੁੱਜਰ ਭਾਈਚਾਰੇ ਨੂੰ ਆਰਖਸ਼ਣ ਦੇਣ ਸੰਬੰਧੀ ਮੰਗ ਵੀ ਮੰਨੀ ਜਾਵੇ। ਨਹੀਂ ਤਾਂ ਉਹ ਰਾਜਸਥਾਨ ਵਿਚ 'ਭਾਰਤ ਜੋੜੋ ਯਾਤਰਾ' ਦਾ ਵਿਰੋਧ ਕਰਨਗੇ। ਕਾਰਨ ਭਾਵੇਂ ਕੁਝ ਵੀ ਹੋਵੇ, ਅਸ਼ੋਕ ਗਹਿਲੋਤ ਵਰਗੇ ਸੀਨੀਅਰ ਆਗੂ ਦਾ ਇਸ ਸਮੇਂ ਸਚਿਨ ਪਾਇਲਟ ਨੂੰ ਗ਼ੱਦਾਰ ਕਹਿਣਾ ਅਤੇ ਇਥੋਂ ਤੱਕ ਬਿਆਨ ਦੇ ਦੇਣਾ ਕਿ ਉਹ ਕਦੇ ਵੀ ਰਾਜਸਥਾਨ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ, ਕਿਸੇ ਵੀ ਤਰ੍ਹਾਂ ਉੱਚਿਤ ਬਿਆਨ ਨਹੀਂ ਹੈ ਅਤੇ ਇਸ ਸਮੇਂ ਜਦੋਂ ਕਿ ਕਾਂਗਰਸ ਆਪਣੀ ਸਾਖ਼ ਦੀ ਬਹਾਲੀ ਲਈ ਕਈ ਫਰੰਟਾਂ 'ਤੇ ਜੂਝ ਰਹੀ ਹੈ, ਉਸ ਸਮੇਂ ਇਹ ਬਿਆਨ ਕਾਂਗਰਸ ਦੇ ਆਪਣੇ ਹਿੱਤਾਂ ਨੂੰ ਹੀ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਇਹ ਗੱਲ ਮੁੜ ਸਾਹਮਣੇ ਆ ਗਈ ਹੈ ਕਿ ਮਲਿਕਅਰਜੁਨ ਖੜਗੇ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਕਾਂਗਰਸ ਅੰਦਰ ਅਜੇ ਵੀ ਆਪਾਧਾਪੀ ਤੇ ਅਨੁਸ਼ਾਸਨਹੀਣਤਾ ਵਾਲਾ ਮਾਹੌਲ ਚਲ ਰਿਹਾ ਹੈ। ਅਜਿਹੀ ਸਥਿਤੀ ਵਿਚ ਅਗਲੇ ਸਮੇਂ 'ਚ ਰਾਜਸਥਾਨ, ਕਰਨਾਟਕ ਅਤੇ ਹੋਰ ਰਾਜਾਂ ਦੀਆਂ ਆਉਣ ਵਾਲੀਆਂ ਪ੍ਰਾਂਤਕ ਚੋਣਾਂ ਅਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦਾ ਸਾਹਮਣਾ ਪਾਰਟੀ ਕਿੰਨੀ ਕੁ ਇਕਜੁੱਟਤਾ ਨਾਲ ਕਰ ਸਕੇਗੀ, ਇਸ ਸਮੇਂ ਇਹ ਕਹਿਣਾ ਬੇਹੱਦ ਮੁਸ਼ਕਿਲ ਲੱਗਦਾ ਹੈ। ਬਿਨਾਂ ਸ਼ੱਕ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਭਾਜਪਾ ਤੋਂ ਤਾਂ ਕਾਂਗਰਸ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਹੈ ਹੀ ਪਰ ਇਸ ਦੇ ਆਪਣੇ ਲੀਡਰ ਵੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਿਚ ਪਿੱਛੇ ਨਹੀਂ ਹਨ।
ਸੰਵਿਧਾਨ ਦਿਵਸ 'ਤੇ ਵਿਸ਼ੇਸ਼
26 ਨਵੰਬਰ ਦੇਸ਼ ਲਈ ਇਕ ਮਹੱਤਵਪੂਰਨ ਤਰੀਕ ਹੈ। ਇਸ ਦਿਨ ਦੇਸ਼ ਦੀ ਦਿਸ਼ਾ ਨਿਰਧਾਰਿਤ ਹੋਈ, ਸੰਵਿਧਾਨ ਅਨੁਸਾਰ ਚੱਲਣ ਦੀ ਪ੍ਰਕਿਰਿਆ ਆਰੰਭ ਹੋਈ ਅਤੇ ਸੁਤੰਤਰ ਭਾਰਤ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ। ਜਿਸ ਤਰ੍ਹਾਂ ਅੱਜ ਆਜ਼ਾਦੀ ਦਾ ...
ਲੁਧਿਆਣੇ ਦੇ ਸ਼ਹੀਦੀ ਸਾਕੇ 'ਤੇ ਵਿਸ਼ੇਸ਼
ਦੇਸ਼ ਦੀ ਆਜ਼ਾਦੀ ਲਈ ਪਿੰਡ ਮੰਡੀ ਕਲਾਂ ਦੇ ਸ਼ਹੀਦ ਗਿਆਨੀ ਰਤਨ ਸਿੰਘ ਦਾ ਵਡਮੁੱਲਾ ਯੋਗਦਾਨ ਹੈ, ਜਿਸ ਨੂੰ 26 ਨਵੰਬਰ, 1871 ਈਸਵੀ ਨੂੰ ਉਸ ਦੇ ਦੂਸਰੇ ਸਾਥੀ ਸ਼ਹੀਦ ਰਤਨ ਸਿੰਘ ਨਾਈਵਾਲਾ ਸਮੇਤ ਲੁਧਿਆਣਾ ਸੈਂਟਰਲ ਜੇਲ੍ਹ ਦੇ ਸਾਹਮਣੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX