ਚੀਨ ਦੀ ਕਮਿਊਨਿਸਟ ਪਾਰਟੀ ਦੇ ਪ੍ਰਤੀਨਿਧਾਂ ਵਲੋਂ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਤੀਸਰੀ ਵਾਰ ਇਹ ਉੱਚ ਅਹੁਦਾ ਸੰਭਾਲੀ ਰੱਖਣ ਦੀ ਜ਼ਿੰਮੇਵਾਰੀ ਦੇਣ ਬਾਅਦ ਸ਼ੀ ਦਾ ਕੱਦ ਹੋਰ ਉੱਚਾ ਹੋ ਗਿਆ ਹੈ। ਪਿਛਲੇ 10 ਸਾਲ ਤੋਂ ਉਨ੍ਹਾਂ ਨੇ ਕਮਿਊਨਿਸਟ ਪਾਰਟੀ ਦੀ ਜਨਰਲ ਸਕੱਤਰੀ ਦੇ ਨਾਲ-ਨਾਲ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੋਇਆ ਹੈ। ਸ਼ੀ ਦੀ ਪਾਰਟੀ ਅਤੇ ਦੇਸ਼ ਉੱਪਰ ਮਜ਼ਬੂਤ ਪਕੜ ਹੈ ਅਤੇ ਵਿਸ਼ਵ ਦੇ ਨਵੇਂ ਸੰਦਰਭ ਵਿਚ ਉਨ੍ਹਾਂ ਦੀਆਂ ਕਹੀਆਂ ਗੱਲਾਂ ਨੂੰ ਵਧੇਰੇ ਮਹੱਤਤਾ ਮਿਲ ਰਹੀ ਹੈ। ਇਸ ਨਾਲ ਇਹ ਆਮ ਪ੍ਰਭਾਵ ਬਣਿਆ ਹੈ ਕਿ ਉਨ੍ਹਾਂ ਦਾ ਕੱਦ-ਬੁੱਤ ਚੀਨੀ ਇਨਕਲਾਬ ਦੇ ਬਾਨੀ ਮਾਓ ਜ਼ੇਤੁੰਗ ਦੇ ਬਰਾਬਰ ਆ ਗਿਆ ਹੈ। ਇਹ ਵੀ ਕਿਹਾ ਜਾਣ ਲੱਗਾ ਹੈ ਕਿ ਉਹ ਤਾਉਮਰ ਆਪਣੀ ਮਜ਼ਬੂਤ ਪਕੜ ਕਰਕੇ ਰਾਸ਼ਟਰਪਤੀ ਦੇ ਅਹੁਦੇ 'ਤੇ ਬਣੇ ਰਹਿ ਸਕਦੇ ਹਨ। ਆਰਥਿਕ ਤੌਰ 'ਤੇ ਚੀਨ ਅੱਜ ਦੁਨੀਆ ਦੀ ਦੂਸਰੀ ਵੱਡੀ ਤਾਕਤ ਬਣ ਚੁੱਕਾ ਹੈ। ਸਿਆਸੀ ਤੌਰ 'ਤੇ ਉਸ ਨੇ ਆਪਣੀ ਸ਼ਕਤੀ ਦੇ ਫੈਲਾਅ ਨਾਲ ਦਰਜਨਾਂ ਹੀ ਲੋੜਵੰਦ ਅਤੇ ਛੋਟੇ ਦੇਸ਼ਾਂ ਨੂੰ ਆਪਣੀ ਪਕੜ ਵਿਚ ਲੈ ਲਿਆ ਹੈ।
ਸ਼ੀ ਨੇ ਪਿਛਲੇ ਦਹਾਕੇ ਵਿਚ ਆਪਣੀਆਂ ਪਸਾਰਵਾਦੀ ਨੀਤੀਆਂ ਦਾ ਰੱਜ ਕੇ ਵਿਖਾਵਾ ਕੀਤਾ ਹੈ। ਦੱਖਣੀ ਚੀਨ ਸਾਗਰ ਦੇ ਆਪਣੇ ਦਰਜਨ ਤੋਂ ਵੀ ਵਧੇਰੇ ਗਵਾਂਢੀ ਦੇਸ਼ਾਂ ਲਈ ਉਹ ਇਕ ਖ਼ਤਰਾ ਬਣੇ ਨਜ਼ਰ ਆਉਂਦੇ ਹਨ, ਕਿਉਂਕਿ ਉਹ ਦੱਖਣੀ ਚੀਨ ਸਾਗਰ ਦੇ ਬਹੁਤੇ ਹਿੱਸੇ 'ਤੇ ਆਪਣਾ ਦਾਅਵਾ ਜਤਾ ਰਹੇ ਹਨ। ਇਥੋਂ ਤੱਕ ਕਿ ਇਸ ਸਮੁੰਦਰ ਵਿਚ ਚੀਨ ਨੇ ਕਈ ਮਸਨੂਈ ਟਾਪੂ ਵੀ ਬਣਾ ਲਏ ਹਨ, ਜਿਨ੍ਹਾਂ 'ਤੇ ਉਸ ਨੇ ਆਪਣੇ ਹਥਿਆਰ ਤਾਇਨਾਤ ਕਰ ਦਿੱਤੇ ਹਨ। ਉਹ ਤਾਕਤਵਰ ਜਾਪਾਨ ਨੂੰ ਵੀ ਆਪਣੀ ਇਸ ਨੀਤੀ ਕਰਕੇ ਚੁਣੌਤੀ ਦੇ ਰਿਹਾ ਹੈ ਅਤੇ ਉਸ ਦੇ ਕਬਜ਼ੇ ਵਾਲੇ ਕਈ ਟਾਪੂਆਂ 'ਤੇ ਆਪਣਾ ਦਾਅਵਾ ਜਤਾ ਰਿਹਾ ਹੈ। ਤਾਇਵਾਨ ਨੂੰ ਸਪੱਸ਼ਟ ਰੂਪ ਵਿਚ ਆਪਣਾ ਹਿੱਸਾ ਦੱਸਦੇ ਹੋਏ ਚੀਨ ਅੱਜ ਜਾਂ ਭਲਕ ਉਸ 'ਤੇ ਕਬਜ਼ਾ ਕਰਨ ਦੀ ਚਿਤਾਵਨੀ ਦੇ ਰਿਹਾ ਹੈ। ਭਾਰਤ ਨਾਲ ਵੀ ਆਪਣੇ ਚਿਰਾਂ ਦੇ ਸਰਹੱਦੀ ਝਗੜੇ ਕਰਕੇ ਅਤੇ ਦੋਵਾਂ ਵਿਚ 1962 ਵਿਚ ਹੋਈ ਜੰਗ ਜਿੱਤ ਲੈਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਉਤਸ਼ਾਹ ਵਿਚ ਆਇਆ ਭਾਰਤ ਨੂੰ ਸਰਹੱਦੀ ਮਸਲੇ 'ਤੇ ਅਕਸਰ ਧਮਕਾਉਂਦਾ ਰਹਿੰਦਾ ਹੈ। ਬਿਨਾਂ ਸ਼ੱਕ ਅੱਜ ਹਰ ਪੱਖੋਂ ਉਹ ਭਾਰਤ ਤੋਂ ਮਜ਼ਬੂਤ ਦਿਖਾਈ ਦੇ ਰਿਹਾ ਹੈ। ਭਾਰਤ ਨਾਲ ਵਿਰੋਧ ਵਿਚ ਹੁੰਦਿਆਂ ਉਹ ਪਾਕਿਸਤਾਨ ਦੀ ਹਰ ਪੱਖੋਂ ਸਹਾਇਤਾ ਹੀ ਨਹੀਂ ਕਰਦਾ, ਸਗੋਂ ਉਸ ਨੂੰ ਭਾਰਤ ਖਿਲਾਫ਼ ਹੱਲਾਸ਼ੇਰੀ ਵੀ ਦਿੰਦਾ ਰਹਿੰਦਾ ਹੈ। ਅਜਿਹਾ ਕਰਕੇ ਉਸ ਨੇ ਸੜਕਾਂ ਅਤੇ ਪ੍ਰਾਜੈਕਟਾਂ ਦੇ ਨਾਂਅ 'ਤੇ ਪਾਕਿਸਤਾਨ ਦੇ ਕਾਫ਼ੀ ਹਿੱਸਿਆਂ 'ਤੇ ਇਕ ਤਰ੍ਹਾਂ ਨਾਲ ਆਪਣਾ ਪ੍ਰਭਾਵ ਬਣਾ ਲਿਆ ਹੈ।
ਅੱਜ ਅਜਿਹੀ ਸਥਿਤੀ ਹੋਣ ਦੇ ਬਾਵਜੂਦ ਸ਼ੀ ਜਿਨਪਿੰਗ ਨੂੰ ਆਪਣੇ ਦੇਸ਼ ਵਿਚ ਜਿਸ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਉਸ ਲਈ ਆਸਾਨ ਨਹੀਂ ਹੈ। ਤਿੰਨ ਕੁ ਸਾਲ ਪਹਿਲਾਂ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਚੀਨ ਤੋਂ ਹੀ ਹੋਈ ਸੀ। ਇਸ ਬਿਮਾਰੀ ਦੇ ਪੈਦਾ ਹੋਣ ਅਤੇ ਦੁਨੀਆ ਭਰ ਵਿਚ ਫੈਲਣ ਬਾਰੇ ਅਜੇ ਪੂਰਾ ਸੱਚ ਤਾਂ ਸਾਹਮਣੇ ਨਹੀਂ ਆਇਆ ਪਰ ਇਸ ਮਹਾਂਮਾਰੀ ਲਈ ਦੁਨੀਆ ਭਰ ਦੀਆਂ ਉਂਗਲਾਂ ਚੀਨ ਵੱਲ ਹੀ ਉੱਠਦੀਆਂ ਰਹੀਆਂ ਹਨ। ਕੋਰੋਨਾ ਨੇ 2 ਸਾਲ ਤੱਕ ਪੂਰੀ ਦੁਨੀਆ ਨੂੰ ਆਪਣੀ ਸਖ਼ਤ ਗ੍ਰਿਫ਼ਤ ਵਿਚ ਰੱਖਿਆ। ਲੱਖਾਂ ਹੀ ਲੋਕ ਇਸ ਬਿਮਾਰੀ ਦੀ ਭੇਟ ਚੜ੍ਹ ਗਏ, ਖਰਬਾਂ ਦਾ ਆਰਥਿਕ ਨੁਕਸਾਨ ਹੋਇਆ। ਦੁਨੀਆ ਵਿਚ ਵਧੀ ਆਰਥਿਕ ਮੰਦੀ, ਗੁਰਬਤ ਅਤੇ ਬੇਰੁਜ਼ਗਾਰੀ ਦਾ ਵੱਡਾ ਕਾਰਨ ਇਸ ਮਹਾਂਮਾਰੀ ਨੂੰ ਹੀ ਦੱਸਿਆ ਜਾ ਰਿਹਾ ਹੈ। ਹੌਲੀ-ਹੌਲੀ ਵੱਡੇ ਨੁਕਸਾਨ ਤੋਂ ਬਾਅਦ ਬਹੁਤੇ ਦੇਸ਼ਾਂ ਨੇ ਕੋਰੋਨਾ ਦੀ ਮਹਾਂਮਾਰੀ ਤੋਂ ਕਾਫ਼ੀ ਹੱਦ ਤੱਕ ਨਿਜ਼ਾਤ ਪਾ ਲਈ ਹੈ ਪਰ ਮੁੜ ਕੇ ਇਸ ਦੇ ਚੀਨ ਵਿਚ ਉੱਠ ਖੜ੍ਹੇ ਹੋਣ ਨਾਲ ਕਈ ਪੱਖਾਂ ਤੋਂ ਸ਼ੀ ਲਈ ਇਹ ਚੁਣੌਤੀ ਹੋਰ ਵੀ ਵੱਡੀ ਹੋ ਗਈ ਹੈ। ਸ਼ੀ ਨੇ ਇਸ ਮਹਾਂਮਾਰੀ ਸੰਬੰਧੀ ਪਹਿਲਾਂ ਲਗਾਈਆਂ ਗਈਆਂ ਪਾਬੰਦੀਆਂ ਦੀ ਤਰ੍ਹਾਂ ਹੀ ਹੁਣ ਫਿਰ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਪਹਿਲਾਂ ਹੀ ਆਰਥਿਕ ਮੰਦੀ ਵਿਚ ਫਸੇ ਖੁਰਾਕ ਅਤੇ ਬੇਰੁਜ਼ਗਾਰੀ ਆਦਿ ਤੰਗੀਆਂ ਦਾ ਸਾਹਮਣਾ ਕਰ ਰਹੇ ਚੀਨ ਦੇ ਲੋਕਾਂ ਦਾ ਇਸ ਕਾਰਨ ਨੱਕ ਵਿਚ ਦਮ ਆ ਚੁੱਕਾ ਹੈ। ਇਹ ਪਾਬੰਦੀਆਂ ਉਨ੍ਹਾਂ ਲਈ ਅਸਹਿ ਬਣੀਆਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਦੇ ਖਿਲਾਫ਼ ਮੁਲਕ ਭਰ ਵਿਚ ਵਿਰੋਧ ਦੀਆਂ ਸਖ਼ਤ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ।
ਪਿਛਲੇ ਦਿਨੀਂ ਇਥੋਂ ਦੇ ਸ਼ਿਨਜਿਯਾਂਗ ਸੂਬੇ ਵਿਚ ਮੁਲਕ ਭਰ ਵਿਚ ਧੁਖਦਾ ਇਹ ਧੂੰਆਂ ਇਸ ਲਈ ਭਾਂਬੜ ਵਿਚ ਬਦਲ ਗਿਆ, ਕਿਉਂਕਿ ਸੂਬੇ ਦੀ ਰਾਜਧਾਨੀ ਉਰੁਮਕੀ ਵਿਚ ਇਨ੍ਹਾਂ ਸਖ਼ਤ ਪਾਬੰਦੀਆਂ ਦੇ ਚਲਦਿਆਂ ਇਕ ਵੱਡੀ ਇਮਾਰਤ ਵਿਚ ਅੱਗ ਲੱਗਣ ਨਾਲ 10 ਲੋਕ ਇਸ ਲਈ ਸੜ ਗਏ, ਕਿਉਂਕਿ ਉਨ੍ਹਾਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ ਗਿਆ। ਪਹਿਲਾਂ ਹੀ ਉਈਗਰ ਮੁਸਲਮਾਨਾਂ ਦੀ ਆਬਾਦੀ ਵਾਲੇ ਸੂਬੇ ਵਿਚ ਚੀਨ ਦੇ ਖਿਲਾਫ਼ ਬਗ਼ਾਵਤਾਂ ਹੁੰਦੀਆਂ ਰਹੀਆਂ ਹਨ, ਜਿਸ ਕਰਕੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਅੱਜ ਉਥੇ ਜੇਲ੍ਹਾਂ ਵਿਚ ਤਸੀਹੇ ਸਹਿਣੇ ਪੈ ਰਹੇ ਹਨ। ਭਾਵੇਂ ਚੀਨੀ ਪ੍ਰਸ਼ਾਸਨ ਇਹ ਦਾਅਵਾ ਕਰ ਰਿਹਾ ਹੈ ਕਿ ਜੇਕਰ ਇਨ੍ਹਾਂ ਸਖ਼ਤ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਤਾਂ ਦੇਸ਼ ਵਿਚ ਵੱਡੀ ਉਮਰ ਵਾਲੇ ਕਰੋੜਾਂ ਲੋਕਾਂ ਦੇ ਮਰਨ ਦਾ ਖਦਸ਼ਾ ਹੈ ਪਰ ਪਾਬੰਦੀਆਂ ਕਾਰਨ ਲੋਕਾਂ ਦੀ ਹਾਲਤ ਇਹ ਹੈ ਕਿ ਉਨ੍ਹਾਂ ਦਾ ਇਕ ਤਰ੍ਹਾਂ ਨਾਲ ਦਮ ਘੁਟਣ ਲੱਗਾ ਹੈ। ਸ਼ਿਨਜਿਯਾਂਗ ਦੀ ਘਟਨਾ ਤੋਂ ਬਾਅਦ ਇਸ ਦੀ ਚੰਗਿਆੜੀ ਪੂਰੇ ਮੁਲਕ ਵਿਚ ਲਾਂਬੂ ਬਣਦੀ ਜਾ ਰਹੀ ਹੈ। ਹਜ਼ਾਰਾਂ ਹੀ ਸ਼ਹਿਰੀ ਖ਼ਾਸ ਤੌਰ 'ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੜਕਾਂ 'ਤੇ ਉੱਤਰ ਆਏ ਹਨ। ਉਨ੍ਹਾਂ ਨੇ ਸ਼ੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਇਨ੍ਹਾਂ ਨੀਤੀਆਂ ਲਈ ਉਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਦੇ ਨਾਲ ਹੀ ਵਿਖਾਵਾਕਾਰੀਆਂ ਨੇ ਕਮਿਊਨਿਸਟ ਪਾਰਟੀ ਦੀ ਤਾਨਾਸ਼ਾਹੀ ਵਿਰੁੱਧ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਹ ਸ਼ੀ ਜਿਨਪਿੰਗ ਨੂੰ ਗੱਦੀ ਛੱਡਣ, ਕਮਿਊਨਿਸਟ ਪਾਰਟੀ ਨੂੰ ਸੱਤਾ ਛੱਡਣ, ਚੀਨ ਨੂੰ ਖੁੱਲ੍ਹਾਂ ਦੇਣ ਅਤੇ ਪ੍ਰੈੱਸ ਨੂੰ ਆਜ਼ਾਦੀ ਦੇਣ ਲਈ ਆਖ ਰਹੇ ਹਨ। ਇਹ ਅੰਦੋਲਨ ਲਗਾਤਾਰ ਅਨੇਕਾਂ ਸ਼ਹਿਰਾਂ 'ਚ ਫ਼ੈਲਦਾ ਨਜ਼ਰ ਆ ਰਿਹਾ ਹੈ। ਲਗਭਗ 33 ਸਾਲ ਪਹਿਲਾਂ 1989 ਵਿਚ ਚੀਨ ਦੀ ਰਾਜਧਾਨੀ ਬੀਜਿੰਗ ਦੇ ਤਿਆਨਮਿਨ ਚੌਕ ਵਿਚ ਵਿਦਿਆਰਥੀਆਂ ਨੇ ਖੁੱਲ੍ਹੇ ਰੂਪ ਵਿਚ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਬਗ਼ਾਵਤ ਕੀਤੀ ਸੀ, ਜਿਸ ਨੂੰ ਉਸ ਸਮੇਂ ਚੀਨੀ ਕਮਿਊਨਿਸਟ ਪਾਰਟੀ ਦੇ ਸ਼ਾਸਕਾਂ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਸੀ। ਚਾਹੇ ਇਸ ਵਾਰ ਇਹ ਚੰਗਿਆੜੀ ਤਾਂ ਕੋਰੋਨਾ ਮਹਾਂਮਾਰੀ ਕਾਰਨ ਫੁੱਟੀ ਹੈ ਪਰ ਇਸ ਦੇ ਫੈਲਣ ਦਾ ਸਿਰਫ਼ ਇਹੀ ਕਾਰਨ ਨਹੀਂ, ਸਗੋਂ ਮੁੱਖ ਰੂਪ ਵਿਚ ਪਿਛਲੇ 7 ਦਹਾਕਿਆਂ ਤੋਂ ਚੀਨੀ ਤਾਨਾਸ਼ਾਹਾਂ ਦੀਆਂ ਨੀਤੀਆਂ ਵੀ ਇਸ ਜਨਤਕ ਬੇਚੈਨੀ ਦੇ ਪਿੱਛੇ ਕਾਰਜਸ਼ੀਲ ਹਨ, ਜਿਨ੍ਹਾਂ ਵਿਰੁੱਧ ਸਮੇਂ-ਸਮੇਂ ਲੋਕਾਂ ਦਾ ਗੁੱਸਾ ਫੁੱਟਦਾ ਰਹਿੰਦਾ ਹੈ। ਇਸ ਵਾਰ ਸ਼ੀ ਜਿਨਪਿੰਗ ਕਿਸ ਢੰਗ-ਤਰੀਕੇ ਨਾਲ ਇਸ ਉੱਠੇ ਅੰਦੋਲਨ ਨੂੰ ਸ਼ਾਂਤ ਕਰਨਗੇ, ਇਹ ਦੇਖਣ ਵਾਲੀ ਗੱਲ ਹੋਵੇਗੀ, ਇਸ ਨਾਲ ਹੀ ਚੀਨੀ ਸ਼ਾਸਕਾਂ ਦਾ ਭਵਿੱਖ ਜੁੜਿਆ ਹੋਇਆ ਹੈ।
-ਬਰਜਿੰਦਰ ਸਿੰਘ ਹਮਦਰਦ
ਪੰਜਾਬ ਦਾ ਆਰਥਿਕ ਸੰਕਟ-9
ਭਾਰਤ ਵਿਚ ਜੇਕਰ ਸਹਿਕਾਰਤਾ ਲਹਿਰ ਦੀ ਗੱਲ ਕਰਨੀ ਹੋਵੇ ਤਾਂ ਇਸ ਦੀ ਸ਼ੁਰੂਆਤ ਦੀ ਦਾਸਤਾਨ ਗੁਜਰਾਤ ਦੇ ਇਕ ਛੋਟੇ ਜਿਹੇ ਕਸਬੇ ਆਨੰਦ ਤੋਂ ਸ਼ੁਰੂ ਹੁੰਦੀ ਹੈ, ਜਿਥੇ ਕਿ ਸਭ ਤੋਂ ਪਹਿਲਾਂ 1946 ਵਿਚ ਦੋ ਜ਼ਿਲ੍ਹਿਆਂ ਦੇ ਕਿਸਾਨਾਂ ਦੁਆਰਾ ਇਕ ਕਿਸਾਨ ...
ਇਕ ਧੀ ਨੇ ਆਪਣੀ ਡਾਇਰੀ ਵਿਚ ਕਿਤੇ ਲਿਖਿਆ ਸੀ, ਮੈਂ ਹਮੇਸ਼ਾਂ ਇਹ ਚਾਹਵਾਂਗੀ ਕਿ ਮੈਨੂੰ ਆਪਣੀ ਮਾਂ ਦੀ ਤਾਕਤ ਨਾਲੋਂ ਵੱਧ ਉਹਦੀ ਖ਼ੁਸ਼ੀ ਯਾਦ ਰਹੇ। ਬਹੁਤ ਵਾਰ ਪੜ੍ਹਨ ਤੋਂ ਮਗਰੋਂ ਸਮਝ ਆਇਆ ਕਿ ਬੱਚੀ ਦਾ ਨਿੱਕਾ ਮਨ, ਕਿੱਡੀ ਵੱਡੀ ਗੱਲ ਆਖ ਰਿਹਾ ਸੀ। ਕਿਸੇ ਫਿਲਾਸਫ਼ਰ ਨੇ ...
ਦੇਸ਼ ਦੇ ਰਾਸ਼ਟਰਪਤੀ ਭਵਨ ਵਿਚ ਹਰ ਸਾਲ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਵਲੋਂ ਦਿੱਤੀ ਜਾਣ ਵਾਲੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਦਾ ਪੰਜਾਬ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਪੂਰੇ ਦੇਸ਼ ਦੀਆਂ ਯੂਨੀਵਰਸਿਟੀਆਂ ਵਿਚੋਂ ਖੇਡਾਂ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX