26 ਜਨਵਰੀ ਨੂੰ ਦੇਸ਼ ਵਲੋਂ ਬੜੀ ਧੂਮਧਾਮ ਨਾਲ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ। 15 ਅਗਸਤ, 1947 ਨੂੰ ਭਾਰਤ ਆਜ਼ਾਦ ਹੋਇਆ ਸੀ। ਉਸ ਤੋਂ ਬਾਅਦ ਬੜੀ ਮਿਹਨਤ ਅਤੇ ਲਗਨ ਨਾਲ ਸੰਵਿਧਾਨ ਤਿਆਰ ਕੀਤਾ ਗਿਆ ਸੀ। 26 ਜਨਵਰੀ, 1950 ਵਿਚ ਇਸ ਲਿਖਤੀ ਸੰਵਿਧਾਨ ਦੇ ਆਧਾਰ 'ਤੇ ਭਾਰਤ ਨੂੰ ਗਣਤੰਤਰ ਐਲਾਨਿਆ ਗਿਆ। ਇਸ ਸੰਵਿਧਾਨ ਦੇ ਅਧਾਰ 'ਤੇ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਦੀ ਸ਼ਮੂਲੀਅਤ ਨਾਲ ਲੋਕਤੰਤਰੀ ਢੰਗ ਨਾਲ ਬਣੀ ਸਰਕਾਰ ਸਮੁੱਚਾ ਕੰਮਕਾਜ ਚਲਾਉਂਦੀ ਹੈ। ਸੰਵਿਧਾਨ ਅਨੁਸਾਰ ਕੇਂਦਰ ਵਿਚ ਸੰਸਦ ਅਤੇ ਪ੍ਰਾਂਤਾਂ ਵਿਚ ਵਿਧਾਨ ਸਭਾਵਾਂ ਹੁੰਦੀਆਂ ਹਨ। ਇਸ ਦੇ ਨਾਲ ਹੀ ਨਿਆਂਪਾਲਿਕਾ ਨੂੰ ਵੀ ਪੂਰੀ ਤਰ੍ਹਾਂ ਆਜ਼ਾਦ ਰੱਖਣ ਦਾ ਸੰਕਲਪ ਕੀਤਾ ਗਿਆ ਸੀ ਤਾਂ ਜੋ ਸਮੁੱਚੀ ਰਾਜਨੀਤਕ ਸਥਾਪਤੀ ਦੀ ਜਵਾਬਦੇਹੀ ਹੋ ਸਕੇ, ਉਸ ਵਿਚ ਇਕ ਜ਼ਾਬਤਾ ਬਣਾ ਕੇ ਰੱਖਿਆ ਜਾ ਸਕੇ। ਸਮੇਂ ਅਤੇ ਹਾਲਾਤ ਅਨੁਸਾਰ ਉੱਠਦੇ ਮਸਲਿਆਂ ਨੂੰ ਸੰਬੋਧਤ ਹੋਣ ਲਈ ਸੰਸਦ ਨੂੰ ਨਵੇਂ ਕਾਨੂੰਨ ਬਣਾਉਣ ਦੇ ਨਾਲ-ਨਾਲ ਸੰਵਿਧਾਨਕ ਸੋਧਾਂ ਦਾ ਵੀ ਅਧਿਕਾਰ ਦਿੱਤਾ ਗਿਆ ਸੀ।
ਹੁਣ ਤਕ ਸੰਸਦ ਰਾਹੀਂ ਅਨੇਕਾਂ ਹੀ ਸੰਵਿਧਾਨ ਦੀਆਂ ਧਾਰਾਵਾਂ ਵਿਚ ਅਨੇਕਾਂ ਹੀ ਸੋਧਾਂ ਕੀਤੀਆਂ ਗਈਆਂ ਹਨ। ਇਸ ਕਰਕੇ ਹੀ ਸੰਵਿਧਾਨ ਦੀ ਹੰਢਣਸਾਰਤਾ ਕਾਇਮ ਰਹਿ ਸਕੀ ਹੈ। ਪਰ ਇਸ ਦੇ ਨਾਲ ਹੀ ਧਰਮ ਨਿਰਪੱਖਤਾ, ਲੋਕਤੰਤਰ ਅਤੇ ਸਾਰੇ ਨਾਗਰਿਕਾਂ ਨੂੰ ਇਕੋ ਜਿਹੇ ਅਧਿਕਾਰ ਦੇਣ ਦੇ ਮੂਲ ਤੱਤ ਵੀ ਇਸ ਦੀ ਪ੍ਰਸਤਾਵਨਾ ਵਿਚ ਦਰਜ ਕੀਤੇ ਗਏ ਹਨ। ਪਿਛਲੇ ਸਮਿਆਂ ਵਿਚ ਵੱਖ-ਵੱਖ ਪਾਰਟੀਆਂ ਸੰਵਿਧਾਨ ਦੇ ਇਸ ਘੇਰੇ ਵਿਚ ਰਹਿ ਕੇ ਹੀ ਆਪਣੀਆਂ ਸਰਕਾਰਾਂ ਚਲਾਉਂਦੀਆਂ ਰਹੀਆਂ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਫ਼ੀ ਸਮਾਂ ਕਾਂਗਰਸ ਹੀ ਸਰਕਾਰ ਅਤੇ ਸਿਆਸਤ 'ਤੇ ਛਾਈ ਰਹੀ। ਉਸ ਤੋਂ ਬਾਅਦ ਵੱਖ-ਵੱਖ ਪ੍ਰਾਂਤਾਂ ਅਤੇ ਕੇਂਦਰ ਵਿਚ ਵੱਖ-ਵੱਖ ਪਾਰਟੀਆਂ ਦੇ ਆਪਸੀ ਗਠਜੋੜਾਂ ਨਾਲ ਵੀ ਸਰਕਾਰਾਂ ਵੀ ਬਣੀਆਂ। ਅੱਜ ਕੇਂਦਰ ਵਿਚ ਚਾਹੇ ਭਾਜਪਾ ਦੀ ਸਰਕਾਰ ਬਣੀ ਹੋਈ ਹੈ ਪਰ ਭਾਜਪਾ ਨੂੰ ਆਜ਼ਾਦੀ ਤੋਂ ਬਾਅਦ ਇਸ ਥਾਂ 'ਤੇ ਪੁੱਜਣ ਲਈ ਬੜਾ ਵੱਡਾ ਸੰਘਰਸ਼ ਕਰਨਾ ਪਿਆ। ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੱਲ ਰਹੀ ਕੇਂਦਰ ਸਰਕਾਰ ਨੇ ਵੱਖ-ਵੱਖ ਸਮਿਆਂ 'ਤੇ ਜਨਤਕ ਯੋਜਨਾਵਾਂ ਨੂੰ ਵੀ ਸਿਰੇ ਚਾੜ੍ਹਨ ਦਾ ਯਤਨ ਕੀਤਾ ਹੈ। ਖ਼ੁਰਾਕ ਅਤੇ ਆਰਥਕ ਮਸਲਿਆਂ ਵਿਚ ਪਿਛਲੀਆਂ ਸਰਕਾਰਾਂ ਦੀਆਂ ਯੋਜਨਾਵਾਂ ਨੂੰ ਵੀ ਨਵੇਂ ਰੂਪ ਵਿਚ ਲਾਗੂ ਕੀਤਾ ਗਿਆ ਹੈ ਪਰ ਇਸ ਪਾਰਟੀ ਅਤੇ ਇਸ ਦੀ ਸਰਕਾਰ ਵਲੋਂ ਆਪਣੇ ਚਿਰਾਂ ਤੋਂ ਅਪਣਾਏ ਸਿਧਾਂਤਾਂ ਨੂੰ ਲਾਗੂ ਕਰਨ ਦੇ ਕੀਤੇ ਜਾ ਰਹੇ ਯਤਨਾਂ ਨਾਲ ਸਮੇਂ-ਸਮੇਂ ਵੱਡੇ ਵਿਵਾਦ ਵੀ ਸਾਹਮਣੇ ਆਉਂਦੇ ਰਹੇ ਅਤੇ ਖ਼ਾਸ ਕਰਕੇ ਇਸ ਸਰਕਾਰ 'ਤੇ ਧਰਮ ਨਿਰਪੱਖਤਾ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੇ ਦੋਸ਼ ਵੀ ਲਗਦੇ ਰਹੇ ਹਨ। ਇਸ ਕਾਰਨ ਸੁਆਲ ਵੀ ਉੱਠਦੇ ਰਹੇ ਹਨ।
ਪਰ ਇਸ ਸਮੇਂ ਦੌਰਾਨ ਅੰਤਰ-ਰਾਸ਼ਟਰੀ ਮੰਚ 'ਤੇ ਭਾਰਤ ਨੇ ਆਪਣੀ ਇਕ ਵਿਸ਼ੇਸ਼ ਥਾਂ ਬਣਾਉਣ ਵਿਚ ਵੀ ਸਫ਼ਲਤਾ ਹਾਸਿਲ ਕੀਤੀ ਹੈ ਜਿਸ ਦਾ ਜ਼ਿਕਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਸ ਗਣਤੰਤਰ ਦਿਵਸ ਦੀ ਪਹਿਲੀ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਿਤ ਹੁੰਦਿਆਂ ਕੀਤਾ ਹੈ। ਭਾਰਤ ਲਈ ਇਹ ਵੀ ਵਿਸ਼ੇਸ਼ ਤੌਰ 'ਤੇ ਮਾਣ ਵਾਲੀ ਗੱਲ ਹੈ ਕਿ ਇਸ ਸਾਲ ਇਹ ਜੀ-20 ਦੇਸ਼ਾਂ ਦੀ ਪ੍ਰਧਾਨਗੀ ਕਰਦਿਆਂ ਅਨੇਕਾਂ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ ਜਿਸ ਵਿਚ ਦੁਨੀਆਂ ਨੂੰ ਪੇਸ਼ ਭਖਦੇ ਮਸਲਿਆਂ ਸੰਬੰਧੀ ਵਿਚਾਰ ਵਟਾਂਦਰਾ ਹੋਵੇਗਾ ਅਤੇ ਉਨ੍ਹਾਂ ਦੇ ਹੱਲ ਤਲਾਸ਼ਣ ਦਾ ਵੀ ਯਤਨ ਕੀਤਾ ਜਾਏਗਾ। ਇਸ ਸਮੇਂ ਵੱਡਾ ਮਸਲਾ ਧਰਤੀ ਦੀ ਵਧ ਰਹੀ ਤਪਸ਼ ਹੈ, ਜਿਸ ਨਾਲ ਧਰਤੀ ਦਾ ਸਮੁੱਚਾ ਚਿਹਰਾ ਮੁਹਰਾ ਹੀ ਬਦਲਦਾ ਜਾ ਰਿਹਾ ਹੈ। ਜੀ-20 ਦੇਸ਼ਾਂ ਦੇ ਸਮੂਹ ਦੀ ਦੁਨੀਆ ਭਰ ਵਿਚ ਕੁਲ ਆਬਾਦੀ ਦੋ ਤਿਹਾਈ ਹੈ ਅਤੇ ਇਸ ਦਾ ਕੁਲ ਘਰੇਲੂ ਉਤਪਾਦ 85 ਫ਼ੀਸਦੀ ਦੇ ਲਗਭਗ ਹੈ।
ਭਾਰਤ ਵਲੋਂ ਇਸ ਸੰਗਠਨ ਦੇ ਮੰਚ ਰਾਹੀਂ ਜਿਥੇ ਸੂਰਜੀ ਊਰਜਾ ਨੂੰ ਅੱਗੇ ਵਧਾਉਣ ਦੇ ਪ੍ਰਸਤਾਵ ਪੇਸ਼ ਕੀਤੇ ਜਾਣਗੇ, ਉਥੇ 2030 ਤੱਕ ਕੌਮਾਂਤਰੀ ਪੱਧਰ 'ਤੇ ਮੋਟੇ ਅਨਾਜ ਜਿਸ ਵਿਚ ਬਾਜਰਾ ਅਤੇ ਹੋਰ ਕਈ ਤਰ੍ਹਾਂ ਦੀਆਂ ਦਾਲਾਂ ਸ਼ਾਮਲ ਹਨ, ਦਾ ਉਤਪਾਦਨ ਵਧਾਉਣ ਦੀ ਵੀ ਅਪੀਲ ਅਤੇ ਯੋਜਨਾਬੰਦੀ ਪੇਸ਼ ਕੀਤੀ ਜਾਏਗੀ। ਰਾਸ਼ਟਰਪਤੀ ਨੇ ਧਰਤੀ ਦੀ ਤਪਸ਼ ਘਟਾਉਣ ਲਈ ਸੂਰਜੀ ਊਰਜਾ ਦੀ ਵਰਤੋਂ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਅਨੁਸਾਰ ਇਸ ਲਈ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੇ ਉਤਪਾਦਨ ਨੂੰ ਪ੍ਰਮੁੱਖਤਾ ਦੇਣ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਲਈ ਵੋਟਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਹੈ। ਵੋਟਰਾਂ ਦੇ ਨਾਲ-ਨਾਲ ਚੋਣ ਕਮਿਸ਼ਨ, ਸਿਆਸੀ ਪਾਰਟੀਆਂ, ਸੰਗਠਨਾਂ ਅਤੇ ਮੀਡੀਆ ਨੂੰ ਵੀ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਲਈ ਉਨ੍ਹਾਂ ਸੱਦਾ ਦਿੱਤਾ ਹੈ। ਅਜਿਹਾ ਕਰਨ ਨਾਲ ਹੀ ਸੰਵਿਧਾਨ ਦੀ ਮੂਲ ਧਾਰਾ ਅਤੇ ਭਾਵਨਾ ਦੀ ਪਹਿਰੇਦਾਰੀ ਕੀਤੀ ਜਾ ਸਕੇਗੀ।
-ਬਰਜਿੰਦਰ ਸਿੰਘ ਹਮਦਰਦ
ਆਰਥਿਕਤਾ ਦੀ ਪ੍ਰਵਾਸੀਆਂ 'ਤੇਨਿਰਭਰਤਾ ਕਾਰਨ ਕੈਨੇਡਾ ਨੇ ਉਨ੍ਹਾਂ ਦੇਸ਼ਾਂ, ਜਿਨ੍ਹਾਂ ਤੋਂ ਪ੍ਰਵਾਸੀ ਆਉਂਦੇ ਹਨ, ਲਈ ਵੱਖ-ਵੱਖ ਨੀਤੀ ਅਪਣਾਈ ਹੈ। ਸਮੁੱਚਾ ਏਸ਼ਿਆਈ ਖਿੱਤਾ ਕੈਨੇਡਾ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ...
ਜਦੋਂ ਕੋਈ ਔਰਤ ਗਰਭ ਧਾਰਨ ਕਰਦੀ ਹੈ ਅਤੇ ਫਿਰ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਅਕਸਰ ਈਸ਼ਵਰ ਦੀ ਕ੍ਰਿਪਾ, ਅੱਲ੍ਹਾ ਦੀ ਦੇਣ ਜਾਂ ਜੋ ਵੀ ਕੋਈ ਧਰਮ ਹੋਵੇ, ਉਸ ਦੇ ਗੁਰੂ ਦੀ ਕ੍ਰਿਪਾ ਕਹਿ ਕੇ ਉਸ ਦਾ ਧੰਨਵਾਦ ਕਰਨ ਦੀ ਪਰੰਪਰਾ ਹੈ। ਹਕੀਕਤ ਇਹ ਹੈ ਕਿ ਇਹ ਕਹਿ ਕੇ ਪੁਰਸ਼ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX