ਪਿਛਲੇ 10 ਕੁ ਮਹੀਨੇ ਦੇ ਅਰਸੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ਾਂ ਵਿਚ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਹੀ ਭਾਸ਼ਨ ਜਾਂ ਬਿਆਨ ਦਿੱਤੇ ਹੋਣਗੇ। ਅਖ਼ਬਾਰਾਂ ਤੋਂ ਇਲਾਵਾ ਟੀ.ਵੀ. ਅਤੇ ਹੋਰ ਮਾਧਿਅਮਾਂ ਰਾਹੀਂ ਉਹ ਨਿੱਤ ਦਿਨ ਬਿਆਨ ਰੂਪੀ ਤੋਪਾਂ ਦਾਗਦੇ ਰਹਿੰਦੇ ਹਨ। ਲਗਾਤਾਰ ਅਤੇ ਬਹੁਤਾ ਬੋਲਣ ਵਾਲੇ ਸਮਰੱਥ ਵਿਅਕਤੀ ਤੋਂ ਵਧੇਰੇ ਅਮਲਾਂ ਦੀ ਵੀ ਆਸ ਕੀਤੀ ਜਾਂਦੀ ਹੈ। ਪਹਿਲਾਂ ਘਰਾਂ ਲਈ ਬਿਜਲੀ ਬਿੱਲ ਮੁਆਫ਼ ਕਰਨ ਅਤੇ ਹੁਣ 500 ਮੁਹੱਲਾ ਕਲੀਨਿਕ ਖੋਲ੍ਹਣ ਸੰਬੰਧੀ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਭਰ ਦੀਆਂ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ 'ਤੇ ਇਨ੍ਹਾਂ ਦੇ ਪ੍ਰਚਾਰ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਗਏ। ਇਹ ਸਾਰੀ ਇਸ਼ਤਿਹਾਰਬਾਜ਼ੀ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠ ਦੱਬੇ ਪੰਜਾਬ ਸਿਰ ਹੋਰ ਕਰਜ਼ਾ ਚਾੜ੍ਹ ਕੇ ਕੀਤੀ ਗਈ। ਮੁਫ਼ਤ ਬਿਜਲੀ ਬਿੱਲਾਂ ਨੇ ਬਿਜਲੀ ਨਿਗਮ ਦਾ ਕਚੂੰਬਰ ਕੱਢ ਦਿੱਤਾ ਹੈ, ਉਸ ਦੇ ਸਾਹ ਸਤਹੀਣ ਹੋਣ ਵਿਚ ਥੋੜ੍ਹਾ ਹੀ ਸਮਾਂ ਬਾਕੀ ਹੈ। ਪਹਿਲਾਂ ਹੀ ਉਸਾਰੇ ਗਏ ਸਰਕਾਰੀ ਸਿਹਤ ਕੇਂਦਰਾਂ ਅਤੇ ਸੇਵਾ ਕੇਂਦਰਾਂ ਦੀ ਲੀਪਾ ਪੋਚੀ ਕਰ ਕੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਪੁਰਾਣੇ ਮੁਲਾਜ਼ਮਾਂ ਨੂੰ ਹੀ ਇਧਰੋਂ-ਉਧਰ ਕਰ ਕੇ ਬੜੀ ਧੂਮਧਾਮ ਨਾਲ ਇਹ ਐਲਾਨ ਕੀਤਾ ਗਿਆ ਕਿ 500 ਆਮ ਆਦਮੀ ਕਲੀਨਕ 10 ਮਹੀਨਿਆਂ ਦੇ ਸਮੇਂ ਵਿਚ ਹੀ ਖੋਲ੍ਹ ਦਿੱਤੇ ਗਏ ਹਨ। ਇਨ੍ਹਾਂ ਕਲੀਨਿਕਾਂ ਦੇ ਸ਼ੁਰੂ ਕਰਨ ਦੇ ਸਰਕਾਰੀ ਦਾਅਵਿਆਂ ਦੀ ਬਹੁਤ ਥਾਈਂ ਫ਼ੂਕ ਨਿਕਲਦੀ ਦੇਖੀ ਗਈ। ਦੂਜੇ ਅਰਥਾਂ ਵਿਚ ਇਕ ਪੰਜਾਬੀ ਕਹਾਵਤ ਅਨੁਸਾਰ ਇਹ ਨਵੀਆਂ ਬੋਤਲਾਂ 'ਚ ਪੁਰਾਣੀ ਸ਼ਰਾਬ ਦੀ ਤਰ੍ਹਾਂ ਹੀ ਹਨ, ਜਦੋਂ ਕਿ ਅੱਜ ਵੀ ਬਚੇ-ਖੁਚੇ ਰਹਿ ਗਏ ਪਹਿਲੇ ਸਿਹਤ ਕੇਂਦਰ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ।
ਪਿਛਲੇ ਦਿਨਾਂ ਵਿਚ ਵਾਰ-ਵਾਰ ਮੁੱਖ ਮੰਤਰੀ ਨੇ ਪੰਜਾਬ ਲਈ ਦੋ ਸ਼ਬਦਾਂ ਦਾ ਉਚਾਰਨ ਜਾਰੀ ਰੱਖਿਆ ਹੋਇਆ ਹੈ ਕਿ ਸੂਬੇ ਨੂੰ ਰੰਗਲਾ ਪੰਜਾਬ ਅਤੇ ਕੋਹਿਨੂਰ ਬਣਾਵਾਂਗੇ। ਸੂਬੇ ਲਈ ਅਜਿਹੇ ਲਗਾਤਾਰ ਵਰਤੇ ਸ਼ਬਦਾਂ ਦਾ ਆਧਾਰ ਕੀ ਹੈ, ਉਹ ਤਾਂ ਭਗਵੰਤ ਮਾਨ ਹੀ ਜਾਣਦੇ ਹੋਣਗੇ ਪਰ ਰਾਜ ਵਿਚ ਟੁੱਟੀਆਂ-ਫੁੱਟੀਆਂ ਸੜਕਾਂ ਤੋਂ ਇਲਾਵਾ ਥਾਂ ਪਰ ਥਾਂ ਬੁਨਿਆਦੀ ਸਹੂਲਤਾਂ ਦੀ ਘਾਟ ਰੜਕ ਰਹੀ ਹੈ। ਹੁਣ ਤੱਕ ਜਿੰਨੇ ਬਿਆਨ ਦਿੱਤੇ ਗਏ ਹਨ ਕੀ ਸੂਬੇ ਦੀ ਕਿਸੇ ਉਸਾਰੀ ਵਿਚ ਓਨੀਆਂ ਇੱਟਾਂ ਵੀ ਲਗਾਈਆਂ ਗਈਆਂ ਹਨ? ਇਸ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਅਮਨ ਕਾਨੂੰਨ ਦੇ ਬਦਤਰ ਹੁੰਦੇ ਹਾਲਾਤ ਨੇ ਸਨਅਤਕਾਰਾਂ, ਵਪਾਰੀਆਂ ਅਤੇ ਆਮ ਨਾਗਰਿਕਾਂ ਵਿਚ ਸਹਿਮ ਪੈਦਾ ਕਰ ਦਿੱਤਾ ਹੈ। ਬਹੁਤੇ ਸਮਰੱਥ ਲੋਕ ਇਥੋਂ ਪੱਤਰਾ ਵਾਚਣ ਵਿਚ ਹੀ ਭਲਾਈ ਸਮਝਣ ਲੱਗੇ ਹਨ। ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਹਵਾਈ ਸਫ਼ਰਾਂ ਵਿਚ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿਚ ਜਾ ਕੇ ਪੰਜਾਬ ਵਿਚ ਨਿਵੇਸ਼ ਕਰਨ ਦੀ ਗੱਲ ਕਰ ਰਹੇ ਹਨ। ਦੂਜੇ ਪਾਸੇ ਸਨਅਤਕਾਰਾਂ ਅਤੇ ਵਪਾਰੀਆਂ ਨੇ ਇਥੋਂ ਖਿਸਕਣਾ ਸ਼ੁਰੂ ਕਰ ਦਿੱਤਾ ਹੈ। ਦਸੰਬਰ ਦੇ ਮਹੀਨੇ ਵਿਚ 50 ਦੇ ਲਗਭਗ ਵੱਡੇ ਸਨਅਤਕਾਰਾਂ ਅਤੇ ਵਪਾਰੀਆਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨਾਲ ਮੁਲਾਕਾਤਾਂ ਕਰ ਕੇ ਉਥੇ ਆਪਣੇ ਅਦਾਰੇ ਖੋਲ੍ਹਣ ਅਤੇ ਵੱਧ ਤੋਂ ਵੱਧ ਨਿਵੇਸ਼ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਸਨ। ਹੁਣ ਫਿਰ ਫਰਵਰੀ ਵਿਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਨਿਵੇਸ਼ਕ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਥਾਵਾਂ 'ਤੇ ਜਾ ਕੇ ਉੱਤਰ ਪ੍ਰਦੇਸ਼ ਦੀ ਸਰਕਾਰ ਵਲੋਂ ਸਨਅਤਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਗੱਲ ਕੀਤੀ ਗਈ। ਇਸ ਮੁਹਿੰਮ ਦੇ 8ਵੇਂ ਅਤੇ ਆਖ਼ਰੀ ਪੜਾਅ ਵਿਚ ਚੰਡੀਗੜ੍ਹ ਵਿਚ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਸਨਅਤਕਾਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਸਮੇਂ ਵੱਖ-ਵੱਖ ਖੇਤਰਾਂ ਵਿਚ 29 ਸਮਝੌਤੇ ਕੀਤੇ ਗਏ।
ਪੰਜਾਬ ਦੇ ਵੱਡੇ ਸਨਅਤਕਾਰਾਂ ਜਿਵੇਂ ਕਿ ਨਾਹਰ ਗਰੁੱਪ, ਸਪਰੇਅ ਇੰਜੀਨੀਅਰਿੰਗ ਡਿਵਾਇਸੈਸ, ਟ੍ਰਾਈਡੈਂਟ ਗਰੁੱਪ, ਮਾਧਵ ਕੇ.ਆਰ.ਜੀ. ਪ੍ਰਾਈਵੇਟ ਲਿਮਟਿਡ ਆਦਿ ਗਰੁੱਪਾਂ ਨੇ ਕੀਤੇ ਇਨ੍ਹਾਂ ਸਮਝੌਤਿਆਂ ਵਿਚ 10,000 ਕਰੋੜ ਦੇ ਲਗਭਗ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਲਾਈਆਂ ਜਾਣ ਵਾਲੀਆਂ ਇਨ੍ਹਾਂ ਸਨਅਤਾਂ ਵਿਚ 22 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਜਾਏਗਾ। ਉੱਤਰ ਪ੍ਰਦੇਸ਼ ਦੇ ਚੰਡੀਗੜ੍ਹ ਆਏ ਤਿੰਨ ਮੰਤਰੀਆਂ ਨੇ ਇਹ ਦਾਅਵਾ ਕੀਤਾ ਕਿ ਰਾਜ ਵਿਚ ਵਧੀਆ ਸੜਕਾਂ ਦਾ ਜਾਲ ਵਿਛ ਗਿਆ ਹੈ। 6 ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰ ਤਰ੍ਹਾਂ ਦੀ ਸਨਅਤ ਲਈ ਮੁੱਢਲਾ ਢਾਂਚਾ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ। ਸਨਅਤ ਲਈ ਬਿਜਲੀ ਦੀ ਨਿਰੰਤਰ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ। ਅਮਨ ਕਾਨੂੰਨ ਦੀ ਸਥਿਤੀ ਵਿਚ ਵੱਡਾ ਸੁਧਾਰ ਕਰ ਕੇ ਸੂਬੇ ਨੂੰ ਵੱਧ ਤੋਂ ਵੱਧ ਨਿਵੇਸ਼ ਦੇ ਯੋਗ ਬਣਾਇਆ ਗਿਆ ਹੈ। ਇਸ ਦੇ ਮੁਕਾਬਲੇ ਪੰਜਾਬ ਦੇ ਸਨਅਤਕਾਰ ਅਤੇ ਵਪਾਰੀ ਪੂਰੀ ਤਰ੍ਹਾਂ ਨਿਰਾਸ਼ ਦਿਖਾਈ ਦਿੰਦੇ ਹਨ। ਬਹੁਤੇ ਤਾਂ ਇਥੋਂ ਹਿਜ਼ਰਤ ਕਰ ਚੁੱਕੇ ਹਨ ਅਤੇ ਹੋਰ ਇਥੋਂ ਨਿਕਲਣ ਲਈ ਮੌਕੇ ਦੀ ਭਾਲ ਵਿਚ ਹਨ। ਪੈਦਾ ਹੋਏ ਅਜਿਹੇ ਹਾਲਾਤ ਵਿਚ ਕਿਤੇ ਕੋਹਿਨੂਰ ਅਤੇ ਰੰਗਲਾ ਪੰਜਾਬ ਦੇ ਕੀਤੇ ਜਾ ਰਹੇ ਦਾਅਵੇ ਸਿਰਫ਼ ਸੁਪਨਾ ਬਣ ਕੇ ਹੀ ਨਾ ਰਹਿ ਜਾਣ।
-ਬਰਜਿੰਦਰ ਸਿੰਘ ਹਮਦਰਦ
ਦੇਸ਼ ਦੀ ਸਿਖਰਲੀ ਅਦਾਲਤ ਦੇ ਮੁੱਖ ਜੱਜ ਜਸਟਿਸ ਡੀ.ਵਾਈ. ਚੰਦਰਚੂੜ ਨੇ 21 ਜਨਵਰੀ ਨੂੰ ਭਾਰਤੀ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੇ ਸਿਧਾਂਤ ਦੀ ਬਾ-ਕਮਾਲ ਵਿਆਖਿਆ ਕੀਤੀ ਹੈ।
ਇਹ ਵਿਆਖਿਆ ਇਸ ਗੱਲੋਂ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ 11 ਜਨਵਰੀ ਨੂੰ ਉਪ ਰਾਸ਼ਟਰਪਤੀ ਨੇ ...
ਪਦਮ ਸ੍ਰੀ ਮਿਲਣ 'ਤੇ ਵਿਸ਼ੇਸ਼
ਸਾਡੇ ਨੌਜਵਾਨ ਪੰਜਾਬ ਵਿਚ ਰੁਜ਼ਗਾਰ ਦੀ ਘਾਟ ਨੂੰ ਆਧਾਰ ਬਣਾ ਕੇ ਪਰਵਾਸ ਲਈ ਵਹੀਰਾਂ ਘੱਤ ਰਹੇ ਹਨ। ਉਨ੍ਹਾਂ ਲਈ ਡਾ.ਰਤਨ ਸਿੰਘ ਜੱਗੀ ਪ੍ਰੇਰਨਾ ਸਰੋਤ ਬਣ ਸਕਦੇ ਹਨ, ਜਿਹੜੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਕਰਕੇ ਇਕ ਪੁਲਿਸ ਦੇ ...
ਮੈਂ ਅਪ੍ਰੈਲ ਮਈ 1973 ਵਿਚ ਇਕ ਮਹੀਨਾ ਅੰਡੇਮਾਨ ਤੇ ਨਿਕੋਬਾਰ ਰਹਿ ਕੇ ਆਇਆ ਸੀ। ਅਜੋਕੀ ਸਰਕਾਰ ਨੇ ਉੱਥੋਂ ਦੇ 21 ਟਾਪੂਆਂ ਦਾ ਨਾਂਅ ਪਰਮਵੀਰ ਚੱਕਰ ਜੇਤੂਆਂ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ ਹੈ। ਇਸ ਦਾ ਉੱਥੋਂ ਦੇ ਵਸਨੀਕਾਂ ਨੂੰ ਕੀ ਧਰਵਾਸ ਹੋਵੇਗਾ, ਇਹ ਤਾਂ ਸਮੇਂ ਨੇ ...
2024 ਦੀਆਂ ਲੋਕ ਸਭਾ ਚੋਣਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੇਂਦਰੀ ਮੰਤਰੀ ਮੰਡਲ 'ਚ ਵੱਡੇ ਪੱਧਰ 'ਤੇ ਫੇਰਬਦਲ ਕੀਤੇ ਜਾਣ ਦੀ ਕਾਫ਼ੀ ਸੰਭਾਵਨਾ ਹੈ। ਸੂਤਰਾਂ ਮੁਤਾਬਿਕ ਭਾਜਪਾ ਦੇ ਚਾਰ ਤੋਂ ਪੰਜ ਮੰਤਰੀਆਂ ਨੂੰ ਕੈਬਨਿਟ 'ਚੋਂ ਬਾਹਰ ਕਰ ਪਾਰਟੀ ਸੰਗਠਨ 'ਚ ਵਾਪਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX