ਐਂਬੂਲੈਂਸ 'ਚ ਰੱਖੇ ਸਰੀਰ ਨੂੰ ਫੜ ਕੇ ਇਕ ਔਰਤ ਲਗਾਤਾਰ ਰੋ ਰਹੀ ਹੈ, ਉਸ ਦੇ ਹੰਝੂ ਰੁਕਣ ਦਾ ਨਾਂਅ ਨਹੀਂ ਲੈ ਰਹੇ। 'ਮੇਰਾ ਭਰਾ, ਮੇਰਾ ਭਰਾ' ਕਹਿੰਦੇ ਹੋਏ ਉਹ ਹਉਕੇ ਭਰ ਰਹੀ ਹੈ। ਇਹ ਸਰੀਰ 17 ਸਾਲਾ ਅੰਕੁਸ਼ ਦਾ ਹੈ, ਜੋ ਇਸ ਵੇਲੇ ਮੌਤ ਦੀ ਗੂੜ੍ਹੀ ਨੀਂਦ ਸੌਂ ਚੁੱਕਾ ਹੈ। ਰੋ ਰਹੀ ਔਰਤ ਉਸ ਦੀ ਭੈਣ ਹੈ। ਇਹ ਐਂਬੂਲੈਂਸ ਰਾਜਸਥਾਨ ਵਿਚ ਕੋਟਾ ਸ਼ਹਿਰ ਦੇ ਐਮ.ਬੀ.ਐਸ. ਹਸਪਤਾਲ ਦੇ ਮੁਰਦਾਘਰ ਸਾਹਮਣੇ ਖੜ੍ਹੀ ਹੈ। ਇਸ ਦਿਨ (13 ਦਸੰਬਰ ਨੂੰ) ਕੋਟਾ ਵਿਚ ਤਿੰਨ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ, ਜਿਨ੍ਹਾਂ 'ਚ ਅੰਕੁਸ਼ ਵੀ ਸ਼ਾਮਲ ਹੈ।
ਕੋਟਾ ਰਾਜਸਥਾਨ ਦਾ ਇਕ ਸੋਹਣਾ ਸ਼ਹਿਰ ਹੈ, ਜੋ ਸਾਲਾਨਾ ਕਰੀਬ ਢਾਈ ਲੱਖ ਵਿਦਿਆਰਥੀਆਂ ਨੂੰ ਪਨਾਹ ਦੇਣ ਵਾਲੀ ਕੋਚਿੰਗ ਰਾਜਧਾਨੀ ਵੀ ਹੈ। ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਇੱਥੇ ਆਈ.ਆਈ.ਟੀ., ਏ. ਆਈ. ਆਈ. ਐਮ. ਐਸ., ਯੂ.ਜੀ.ਸੀ. ਜਿਹੀਆਂ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਆਉਂਦੇ ਹਨ। ਇੱਥੋਂ ਦੇ ਮੁੱਖ ਇਲਾਕੇ ਵਿਚ 16 ਤੋਂ 20 ਸਾਲ ਤੱਕ ਦੇ ਵਿਦਿਆਰਥੀ ਮੋਢਿਆਂ 'ਤੇ ਬੈਗ ਟੰਗ ਕੇ ਅਕਸਰ ਤੇਜ਼ੀ ਨਾਲ ਆਉਂਦੇ-ਜਾਂਦੇ ਦਿਸ ਜਾਂਦੇ ਹਨ, ਜਿਹੜੇ ਵੱਡੇ-ਵੱਡੇ ਸੁਪਨੇ ਲੈ ਕੇ ਇਥੇ ਆਉਂਦੇ ਹਨ। ਸੱਤ ਨਾਮੀ ਕੋਚਿੰਗ ਸੰਸਥਾਵਾਂ ਅਤੇ ਕਈ ਹੋਰ ਕੋਚਿੰਗ ਸੈਂਟਰ ਮਿਲਾ ਕੇ ਇਸ ਸਨਅਤ ਦਾ ਸਾਲਾਨਾ ਕਾਰੋਬਾਰ ਕਰੀਬ 1500 ਕਰੋੜ ਦਾ ਹੈ।
ਪਰ ਇਹ ਸ਼ਹਿਰ ਨੌਜਵਾਨਾਂ ਦੀ ਜ਼ਿੰਦਗੀ ਬਣਾਉਣ ਨਾਲੋਂ ਖੋਹਣ ਲਈ ਵਧੇਰੇ ਚਰਚਾ 'ਚ ਰਹਿੰਦਾ ਹੈ। ਇਸ ਸ਼ਹਿਰ ਵਿਚ 2011 ਤੋਂ ਹੁਣ ਤੱਕ 135 ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ। 2017 ਦੇ ਸਿਰਫ ਇਕ ਮਹੀਨੇ ਵਿਚ 29 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ ਸੀ। ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ 14 ਵਿਦਿਆਰਥੀ ਆਪਣੇ ਸੁਪਨਿਆਂ ਦਾ ਗਲ ਘੁੱਟ ਕੇ ਮੌਤ ਨੂੰ ਗਲ ਲਾ ਚੁੱਕੇ ਹਨ। ਆਖ਼ਰ ਕੀ ਕਾਰਨ ਹੈ ਕਿ ਇੱਥੇ ਜ਼ਿੰਦਗੀ ਦੇ ਸੁਪਨੇ ਲੈਣ ਵਾਲੇ ਵਿਦਿਆਰਥੀ ਮੌਤ ਨੂੰ ਗਲ ਲਾ ਲੈਂਦੇ ਹਨ? ਇਸ ਦਾ ਕਾਰਨ ਮੌਜੂਦਾ ਸਮਾਜਿਕ ਤੇ ਵਿੱਦਿਅਕ ਪ੍ਰਬੰਧ ਹੈ। ਇੱਥੇ ਹਰ ਨੌਜਵਾਨ ਲਈ ਚੰਗੀ ਸਿੱਖਿਆ ਤੇ ਰੁਜ਼ਗਾਰ ਨਹੀਂ ਹੈ ਸਗੋਂ ਬਹੁਤ ਥੋੜ੍ਹਿਆਂ ਨੂੰ ਹੀ ਮਿਆਰੀ ਸਿੱਖਿਆ ਤੇ ਰੁਜ਼ਗਾਰ ਹਾਸਲ ਕਰਨ ਦਾ ਮੌਕਾ ਮਿਲਦਾ ਹੈ। ਇਸ ਕਰਕੇ ਸਿੱਖਿਆ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਦਾ ਸਾਧਨ ਨਹੀਂ ਰਹਿੰਦੀ, ਸਗੋਂ ਇਨ੍ਹਾਂ ਸੀਮਤ ਮੌਕਿਆਂ ਨੂੰ ਹਾਸਲ ਕਰਨ ਦਾ ਮੁਕਾਬਲਾ ਬਣ ਕੇ ਰਹਿ ਜਾਂਦੀ ਹੈ। ਮੁਕਾਬਲਾ ਇੰਨਾ ਤਿੱਖਾ ਹੁੰਦਾ ਹੈ ਕਿ ਚੰਗੇ ਵਿੱਦਿਅਕ ਅਦਾਰੇ ਵਿਚ ਦਾਖਲੇ ਤੇ ਰੁਜ਼ਗਾਰ ਲਈ ਇਕ ਵਿਦਿਆਰਥੀ ਨੂੰ ਹਜ਼ਾਰਾਂ ਵਿਦਿਆਰਥੀਆਂ ਤੋਂ ਅੱਗੇ ਲੰਘਣਾ ਪੈਂਦਾ ਹੈ। ਇਸ ਗਲ ਵੱਢ ਮੁਕਾਬਲੇ ਲਈ ਵਿਦਿਆਰਥੀਆਂ ਨੂੰ ਅਜਿਹੇ ਮਾਨਸਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਨਾ ਝੱਲਦੇ ਹੋਏ ਕਈ ਜਣੇ ਖ਼ੁਦਕੁਸ਼ੀ ਕਰ ਜਾਂਦੇ ਹਨ ਤੇ ਹਜ਼ਾਰਾਂ ਹੋਰ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ।
ਕੋਟਾ ਸ਼ਹਿਰ ਵਿਦਿਆਰਥੀਆਂ ਉੱਪਰ ਇਹ ਅੰਨ੍ਹਾ ਮਾਨਸਿਕ ਦਬਾਅ ਪਾਉਣ ਵਾਲਾ ਭਾਰਤ ਦਾ ਸਭ ਤੋਂ ਵੱਡਾ ਕੇਂਦਰ ਹੈ। ਕੋਟਾ ਦੇ ਹੀ ਇਕ ਵਿਦਿਆਰਥੀ ਮੁਤਾਬਕ ਉਨ੍ਹਾਂ ਦਾ 'ਸ਼ਡਿਊਲ' ਏਨਾ ਸਖ਼ਤ ਹੈ ਕਿ ਉਨ੍ਹਾਂ ਨੂੰ 18-18 ਘੰਟੇ ਪੜ੍ਹਨਾ ਪੈਂਦਾ ਹੈ। ਕੁਝ ਕੋਚਿੰਗ ਸੰਸਥਾਵਾਂ ਆਪਣੇ ਵਲੋਂ ਉਨ੍ਹਾਂ ਦਾ ਸਕੂਲਾਂ ਵਿਚ ਨਕਲੀ ਦਾਖਲਾ ਕਰਵਾ ਦਿੰਦੀਆਂ ਹਨ ਪਰ ਇਮਤਿਹਾਨਾਂ ਵਿਚੋਂ 75 ਫ਼ੀਸਦੀ ਅੰਕ ਲਿਆਉਣਾ ਉਨ੍ਹਾਂ ਦੇ ਅਗਾਊਂ ਦਾਖਲੇ ਲਈ ਲਾਜ਼ਮੀ ਹੈ। ਇਸ ਕਾਰਨ ਉਨ੍ਹਾਂ 'ਤੇ ਇਕ ਮਾਨਸਿਕ ਦਬਾਅ ਹਮੇਸ਼ਾ ਬਣਿਆ ਰਹਿੰਦਾ ਹੈ। ਇਹੀ ਨਹੀਂ ਉਨ੍ਹਾਂ ਦੇ ਸੌਣ ਲਈ ਚਾਰ ਕੁ ਘੰਟੇ ਬਚਦੇ ਹਨ। ਅਪ੍ਰੈਲ 2017 'ਚ ਆਈ.ਆਈ.ਟੀ. ਦੇ ਵਿਦਿਆਰਥੀ ਨਿਧਿਨ ਨੇ ਖ਼ੁਦਕੁਸ਼ੀ ਨੋਟ 'ਚ ਲਿਖਿਆ ਸੀ ਕਿ 'ਮੈਨੂੰ ਸੌਣ ਦਿਉ।' ਇਹ ਨੋਟ ਉਨ੍ਹਾਂ ਸਾਰੇ ਵਿਦਿਆਰਥੀਆਂ ਦੇ ਮਾਨਸਿਕ ਤਣਾਅ ਨੂੰ ਦਰਸਾਉਂਦਾ ਹੈ, ਜਿਹੜੇ ਇਨ੍ਹਾਂ ਸੰਸਥਾਵਾਂ 'ਚ ਤਿਆਰੀ ਕਰ ਰਹੇ ਹਨ।
ਪੂਰਾ ਹਫ਼ਤਾ ਬਿਨਾਂ ਕਿਸੇ ਛੁੱਟੀ ਤੋਂ ਲਗਾਤਾਰ ਕਲਾਸਾਂ। ਤਿਉਹਾਰਾਂ 'ਤੇ ਵੀ ਕੋਈ ਛੁੱਟੀ ਨਹੀਂ, ਇਹ ਇਨ੍ਹਾਂ ਸੰਸਥਾਵਾਂ ਦੇ ਆਮ ਨਿਯਮ ਹਨ। ਇਹ ਕੋਚਿੰਗ ਸੰਸਥਾਵਾਂ ਆਪਣੇ ਬਿਹਤਰ ਨਤੀਜਿਆਂ ਦੀ ਲਾਲਸਾ ਦੀ ਪੂਰਤੀ ਲਈ ਸਿਰਫ਼ ਉਨ੍ਹਾਂ ਵਿਦਿਆਰਥੀਆਂ ਵੱਲ ਹੀ ਧਿਆਨ ਦਿੰਦੀਆਂ ਹਨ, ਜੋ ਪੜ੍ਹਾਈ ਵਿਚ ਤੇਜ਼ ਹਨ ਅਤੇ ਬਾਕੀ ਵਿਦਿਆਰਥੀ ਇਨ੍ਹਾਂ ਲਈ ਸਿਰਫ ਆਪਣੀਆਂ ਜੇਬਾਂ ਭਰਨ ਦਾ ਸਾਧਨ ਹਨ। ਇਨ੍ਹਾਂ ਉੱਚੀਆਂ-ਉੱਚੀਆਂ ਇਮਾਰਤਾਂ ਦੀ ਚਮਕ ਮਾਪਿਆਂ ਦੀਆਂ ਅੱਖਾਂ ਵਿਚ 'ਲਿਸ਼ਕਦੇ ਸੁਪਨੇ' ਜਗਾਉਂਦਾ ਹੈ, ਲੱਖਾਂ ਕਰੋੜਾਂ ਦੀ ਨੌਕਰੀ ਪ੍ਰਾਪਤ ਕਰਨ ਦੇ ਸੁਪਨੇ। ਜਿਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਆਪਣੇ ਬੱਚੇ ਛੇਵੀਂ ਜਮਾਤ ਤੋਂ ਹੀ ਇੱਥੇ ਤਿਆਰੀ ਲਈ ਛੱਡ ਦਿੰਦੇ ਹਨ। ਇਸ ਪਿੱਛੇ ਉਹ ਤਰਕ ਦਿੰਦੇ ਹਨ ਕਿ ਤਿਆਰੀ ਬਿਹਤਰ ਹੋਵੇਗੀ ਅਤੇ ਭਵਿੱਖ ਚੰਗਾ ਹੋਵੇਗਾ। ਜਦਕਿ ਬੱਚੇ ਨੂੰ ਅਜਿਹੀ ਉਮਰੇ 'ਕੈਰੀਅਰ', 'ਸਫਲਤਾ', 'ਬਿਹਤਰ ਭਵਿੱਖ' ਵਰਗੇ ਸ਼ਬਦਾਂ ਦੇ ਅਰਥ ਵੀ ਪਤਾ ਨਹੀਂ ਹੁੰਦਾ। ਇਸ ਸਮੇਂ ਇਹ ਖਿਆਲ ਨਹੀਂ ਰੱਖਿਆ ਜਾਂਦਾ ਕਿ ਉਹ ਕੀ ਪੜ੍ਹਨਾ ਚਾਹੁੰਦਾ ਹੈ? ਉਸ ਦੀ ਦਿਲਚਸਪੀ ਕਿਸੇ ਖੇਡ ਵਿਚ ਹੈ ਜਾਂ ਸੰਗੀਤ ਵਿਚ ਜਾਂ ਅਜਿਹੀ ਕਿਸੇ ਹੋਰ ਕਲਾ ਵਿਚ? ਉਸ ਦੀ ਕਲਪਨਾਸ਼ੀਲਤਾ, ਰਚਨਾਤਮਿਕਤਾ ਦੀ ਬਲੀ ਦੇ ਕੇ ਉਸ ਦੇ ਮਲੂਕ ਸੁਪਨਿਆਂ ਨੂੰ ਦਰੜ ਕੇ ਉਸ ਉੱਪਰ ਵਿਗਿਆਨ, ਗਣਿਤ ਜਿਹੇ ਵਿਸ਼ੇ ਥੋਪ ਦਿੱਤੇ ਜਾਂਦੇ ਹਨ। ਇਨ੍ਹਾਂ ਸੰਸਥਾਵਾਂ ਵਿਚਲਾ ਦਮਘੋਟੂ ਮਾਹੌਲ, ਮਾੜਾ ਖਾਣਾ-ਪੀਣਾ, ਅਰਾਮ ਦੀ ਕਮੀ, ਪੜ੍ਹਾਈ ਦਾ ਬੋਝ ਉਨ੍ਹਾਂ ਨੂੰ ਸਿਉਂਕ ਵਾਂਗ ਅੰਦਰੋਂ ਖੋਖਲਾ ਕਰ ਦਿੰਦਾ ਹੈ। ਦੋਸਤਾਂ ਨਾਲ ਉਨ੍ਹਾਂ ਨੇ ਆਪਣੇ ਸੁੱਖ-ਦੁੱਖ ਸਾਂਝੇ ਕਰਨੇ ਹੁੰਦੇ ਹਨ। ਇਹ ਢਾਂਚਾ ਉਨ੍ਹਾਂ ਦੇ ਦੋਸਤਾਂ ਨੂੰ ਵੀ 'ਮੁਕਾਬਲੇਬਾਜ' ਬਣਾ ਕੇ ਅੱਗੇ ਖੜ੍ਹਾ ਕਰ ਦਿੰਦਾ ਹੈ, ਜਿਸ ਕਾਰਨ ਖ਼ੁਦਕੁਸ਼ੀ ਹੀ ਉਨ੍ਹਾਂ ਨੂੰ ਇਕੋ-ਇਕ ਸਹਾਰਾ ਪ੍ਰਤੀਤ ਹੁੰਦੀ ਹੈ।
ਕੀਰਤੀ ਤ੍ਰਿਪਾਠੀ ਦਾ ਇਹ ਖ਼ੁਦਕੁਸ਼ੀ ਨੋਟ ਵਿਦਿਆਰਥੀਆਂ ਉੱਤੇ ਪੈ ਰਹੇ ਮਾਨਸਿਕ ਤਣਾਅ ਨੂੰ ਚੰਗੀ ਤਰ੍ਹਾਂ ਬਿਆਨ ਕਰਦਾ ਹੈ, ਜਿਸ ਵਿਚ ਉਹ ਕਹਿੰਦੀ ਹੈ ਕਿ ਮੈਂ ਭਾਰਤ ਸਰਕਾਰ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੂੰ ਇਹ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਜੇਕਰ ਉਹ ਚਾਹੁੰਦੇ ਹਨ ਕਿ ਕੋਈ ਵੀ ਵਿਦਿਆਰਥੀ ਨਾ ਮਰੇ ਤਾਂ ਜਿੰਨੀ ਛੇਤੀ ਹੋ ਸਕੇ ਇਹ ਕੋਚਿੰਗ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਜਾਵੇ। ਇਨ੍ਹਾਂ ਕੋਚਿੰਗ ਸੰਸਥਾਵਾਂ ਵਿਦਿਆਰਥੀਆਂ ਨੂੰ ਖੋਖਲੇ ਕਰ ਦਿੰਦੀਆਂ ਹਨ। ਉਨ੍ਹਾਂ ਉੱਤੇ ਪੜ੍ਹਾਈ ਦਾ ਦਬਾਅ ਇੰਨਾ ਹੁੰਦਾ ਹੈ ਕਿ ਵਿਦਿਆਰਥੀ ਉਸ ਦੇ ਭਾਰ ਹੇਠ ਦਬ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਯਕੀਨ ਨਹੀਂ ਹੋਣਾ ਕਿ ਮੇਰੇ ਜਿਹੀ ਕੁੜੀ ਖ਼ੁਦਕੁਸ਼ੀ ਕਰ ਸਕਦੀ ਹੈ ਪਰ ਮੈਂ ਉਨ੍ਹਾਂ ਨੂੰ ਸਮਝਾ ਨਹੀਂ ਸਕਦੀ ਕਿ ਮੇਰੇ ਦਿਲ ਅਤੇ ਦਿਮਾਗ ਵਿਚ ਕਿੰਨੀ ਨਫ਼ਰਤ ਭਰ ਗਈ ਹੈ।
ਆਪਣੇ ਇਸ ਨੋਟ ਵਿਚ ਅੱਗੇ ਉਹ ਆਪਣੀ ਮਾਂ ਨੂੰ ਸ਼ਿਕਾਇਤ ਕਰਦੀ ਹੋਈ ਲਿਖਦੀ ਹੈ ਕਿ ਮਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਤੁਸੀਂ ਮੇਰਾ ਭਵਿੱਖ ਬਣਾਉਣ ਲਈ ਜੋ ਕੁਝ ਕੀਤਾ, ਉਸ ਲਈ ਬਹੁਤ-ਬੁਹਤ ਧੰਨਵਾਦ ਪਰ ਇਕ ਵਾਰ ਤੁਸੀਂ ਆਪਣੀ ਗ਼ਲਤੀ ਨੂੰ ਮੰਨਿਆ ਸੀ ਕਿ ਤੁਸੀਂ ਮੇਰੇ ਬਚਪਨ ਅਤੇ ਮੇਰੀ ਛੋਟੀ ਹੋਣ ਦਾ ਫਾਇਦਾ ਚੁੱਕਿਆ ਅਤੇ ਮੈਨੂੰ ਵਿਗਿਆਨ ਪੜ੍ਹਨ ਲਈ ਮਜਬੂਰ ਕੀਤਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਨੂੰ ਅੱਜ ਵੀ ਅੰਗੇਰਜ਼ੀ ਸਾਹਿਤ ਅਤੇ ਇਤਿਹਾਸ ਪੜ੍ਹਨਾ ਚੰਗਾ ਲਗਦਾ ਹੈ। ਮਾਂ ਤੁਸੀਂ ਇਹ ਚਲਾਕੀ ਅਤੇ ਮਜਬੂਰ ਕਰਨ ਵਾਲੀ ਹਰਕਤ 11ਵੀਂ ਵਿਚ ਪੜ੍ਹਦੀ ਮੇਰੀ ਛੋਟੀ ਭੈਣ ਨਾਲ ਨਾ ਕਰਨਾ, ਉਹ ਜੋ ਚਾਹੁੰਦੀ ਹੈ ਉਸ ਨੂੰ ਕਰਨ ਦੇਣਾ।
13 ਦਸੰਬਰ ਨੂੰ ਕੋਟਾ ਪੁਲਿਸ ਨੇ ਕੋਚਿੰਗ ਸੰਸਥਾਵਾਂ ਦੀ ਬੈਠਕ ਬੁਲਾਈ, ਜਿਸ ਵਿਚ ਇਹ ਤੈਅ ਕੀਤਾ ਕਿ ਕੋਚਿੰਗ ਸੰਸਥਾਵਾਂ ਹਫਤੇ 'ਚ ਇਕ ਦਿਨ ਛੁੱਟੀ ਕਰਨ ਅਤੇ ਯੋਗਾ ਜਾਂ ਮੋਟੀਵੇਸ਼ਨ ਕਲਾਸ ਦਾ ਪ੍ਰਬੰਧ ਕਰਨ। ਪਰ ਪੂਰੇ ਹਾਲਤ ਤੋਂ ਚੰਗੀ ਤਰ੍ਹਾਂ ਵਾਕਫ਼ ਹੋ ਜਾਣ ਤੋਂ ਬਾਅਦ ਸਾਡੇ ਸਾਹਮਣੇ ਇਹ ਸੁਆਲ ਹੈ ਕਿ ਇਸ ਢਾਂਚੇ ਨੂੰ ਟਾਕੀਆਂ ਲਾ ਕੇ ਇਨ੍ਹਾਂ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਨੂੰ ਨਹੀਂ ਰੋਕਿਆ ਜਾ ਸਕਦਾ। ਇਸ ਲਈ ਸਾਨੂੰ ਇਕ-ਦੂਜੇ ਨੂੰ ਕੁਚਲ ਕੇ ਅੱਗੇ ਲੰਘ ਜਾਣ ਦੇ ਸੱਭਿਆਚਾਰ ਅਤੇ ਸਮਾਜਿਕ ਬੇਇਨਸਾਫੀ 'ਤੇ ਟਿਕੇ ਇਸ ਸਮੁੱਚੇ ਸਮਾਜਿਕ-ਆਰਥਿਕ ਪ੍ਰਬੰਧ ਨੂੰ ਬਦਲਣਾ ਪਵੇਗਾ।
-ਖੋਜਕਰਤਾ, ਧੂਰਕੋਟ (ਮੋਗਾ) ਗੁਰੂ ਨਾਨਕ ਚੇਅਰ, ਚੰਡੀਗੜ੍ਹ ਯੁਨੀਵਰਸਿਟੀ।
ਮੋਬਾਈਲ : 88472-27740
ਡਾ. ਬਰਜਿੰਦਰ ਸਿੰਘ ਹਮਦਰਦ ਦੇ 30 ਜਨਵਰੀ, 2023 ਦੇ ਸੰਪਾਦਕੀ ਦਾ ਵਿਸ਼ਾ ਬਹੁਤ ਮਹੱਤਵਪੂਰਨ ਸੀ ਅਤੇ ਇਸ ਵਿਸ਼ੇ ਬਾਬਤ ਕੁਝ ਤੱਥ ਮੈਂ 'ਅਜੀਤ' ਅਖ਼ਬਾਰ ਦੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਨੌਕਰੀਆਂ ਦਾ ਵਿਸ਼ਾ ਹਰ ਮੁਲਕ, ਪ੍ਰਾਂਤ ਅਤੇ ਲੋਕਾਂ ਲਈ ਬਹੁਤ ਮਹੱਤਵਪੂਰਨ ...
ਪਾਕਿਤਸਾਨ ਅੱਜ ਹੜ੍ਹਾਂ ਤੋਂ ਪੀੜਤ, ਆਰਥਿਕ ਤੌਰ 'ਤੇ ਦਿਵਾਲੀਆ ਅਤੇ ਰਾਜਨੀਤਕ ਤੌਰ 'ਤੇ ਲਗਭਗ ਖੋਖਲਾ ਹੋ ਚੁੱਕਾ ਦੇਸ਼ ਹੈ। ਇਨ੍ਹਾਂ ਮੁਸੀਬਤਾਂ ਤੋਂ ਬਚਣ ਲਈ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਨੂੰ ਬਲੀ ਦਾ ਬਕਰਾ ਮਿਲ ਗਿਆ ਹੈ। ਸਰਵਸ਼ਕਤੀਮਾਨ ਈਸ਼ਵਰ! ਡਾਰ ਨੇ ...
ਬਜਟ ਇਜਲਾਸ ਦੀ ਸ਼ੁਰੂਆਤ ਕਰਦਿਆਂ ਸੰਸਦ ਦੇ ਦੋਵਾਂ ਸਦਨਾਂ ਨੂੰ ਇਕੱਠੇ ਰੂਪ ਵਿਚ ਸੰਬੋਧਨ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ। ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX