ਸੰਸਦ ਦੇ ਬਜਟ ਇਜਲਾਸ ਵਿਚ ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਬਜਟ ਸਮੇਤ ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰ ਅਨੇਕਾਂ ਮਸਲਿਆਂ 'ਤੇ ਬਹਿਸ ਹੋਣੀ ਨਿਸਚਿਤ ਸੀ, ਪਰ ਇਸੇ ਹੀ ਸਮੇਂ ਵਿਚ ਇਕ ਅਮਰੀਕੀ ਖੋਜ ਸੰਸਥਾ ਹਿੰਡਨਬਰਗ, ਜੋ ਕੰਪਨੀਆਂ ਦੇ ਕੰਮਕਾਜ ਦੀ ਜਾਂਚ ਪੜਤਾਲ ਕਰਦੀ ਹੈ, ਵਲੋਂ ਭਾਰਤ ਦੇ ਸਭ ਤੋਂ ਵੱਡੇ ਸਨਅਤੀ ਅਤੇ ਵਪਾਰਕ ਅਦਾਰੇ ਅਡਾਨੀ ਇੰਟਰਪ੍ਰਾਈਜ਼ਿਸ 'ਤੇ ਧੋਖਾਧੜੀ ਕਰਨ ਦੇ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ ਇਸ ਸੰਬੰਧੀ ਉੱਠੇ ਸਵਾਲਾਂ ਨੇ ਸੰਸਦ ਦੇ ਦੋਵਾਂ ਸਦਨਾਂ ਵਿਚ ਇਸ ਬਾਰੇ ਬਹਿਸ ਛੇੜ ਦਿੱਤੀ ਹੈ। ਬਹੁਤੀਆਂ ਵਿਰੋਧੀ ਪਾਰਟੀਆਂ ਹਿੰਡਨਬਰਗ ਦੀ ਰਿਪੋਰਟ ਦੀ ਰੌਸ਼ਨੀ ਵਿਚ ਅਡਾਨੀ ਦੇ ਕਾਰੋਬਾਰ ਬਾਰੇ ਬਹਿਸ ਦੀ ਮੰਗ ਕਰ ਰਹੀਆਂ ਹਨ। ਗੌਤਮ ਅਡਾਨੀ ਅਡਾਨੀ ਇੰਟਰਪ੍ਰਾਈਜ਼ਿਸ ਦਾ ਚੇਅਰਮੈਨ ਹੈ। ਉਸ ਨੇ 1988 ਵਿਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ, ਪਰ ਪਿਛਲੇ 2 ਦਹਾਕਿਆਂ ਤੋਂ ਉਸ ਨੇ ਅਨੇਕਾਂ ਸਨਅਤਾਂ ਅਤੇ ਵਪਾਰ ਕਾਰੋਬਾਰ ਸ਼ੁਰੂ ਕੀਤੇ ਹਨ। ਉਹ ਲਗਾਤਾਰ ਇਨ੍ਹਾਂ ਖੇਤਰਾਂ ਵਿਚ ਹਵਾਈ ਉਡਾਣਾਂ ਭਰਦਾ ਰਿਹਾ ਹੈ। ਆਪਣੇ ਇਸੇ ਕਾਰੋਬਾਰ ਦੀ ਬਦੌਲਤ ਕੁਝ ਦਿਨ ਪਹਿਲਾਂ ਤੱਕ ਉਸ ਦਾ ਸ਼ੁਮਾਰ ਦੁਨੀਆ ਦੇ ਤੀਜੇ ਅਮੀਰ ਵਿਅਕਤੀ ਵਜੋਂ ਹੁੰਦਾ ਰਿਹਾ ਹੈ।
ਪਹਿਲਾਂ ਰਿਲਾਇੰਸ ਗਰੁੱਪ ਦਾ ਮੁਕੇਸ਼ ਅੰਬਾਨੀ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦਾ ਰਿਹਾ ਸੀ। ਉਸ ਤੋਂ ਬਾਅਦ ਸ਼ਿਵ ਨਾਦਰ, ਅਜ਼ੀਮ ਪ੍ਰੇਮਜੀ, ਦਲੀਪ ਸਾਂਘਵੀ ਆਦਿ ਨੂੰ ਵੀ ਇਸੇ ਸ਼੍ਰੇਣੀ ਵਿਚ ਰੱਖਿਆ ਗਿਆ ਸੀ, ਪਰ ਗੌਤਮ ਅਡਾਨੀ ਇਨ੍ਹਾਂ ਸਭ ਤੋਂ ਅੱਗੇ ਲੰਘ ਗਿਆ ਸੀ। ਨਵਾਂ ਵਿਵਾਦ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀ ਸੰਪਤੀ ਦੀ ਕੀਮਤ 11 ਲੱਖ ਕਰੋੜ ਡਾਲਰ ਤੋਂ ਵਧੇਰੇ ਸੀ। ਪਿਛਲੇ ਦਿਨੀਂ ਹੀ ਉਸ ਨੇ ਸ਼ੇਅਰ ਬਾਜ਼ਾਰ ਵਿਚ 20,000 ਕਰੋੜ ਦੇ ਨਵੇਂ ਸ਼ੇਅਰ ਜਾਰੀ ਕੀਤੇ ਸਨ। ਉਸ ਨੂੰ ਇਸ ਲਈ ਵੱਡਾ ਹੁੰਗਾਰਾ ਮਿਲਣ ਦੀ ਆਸ ਸੀ, ਪਰ ਇਸੇ ਸਮੇਂ ਉਕਤ ਅਮਰੀਕੀ ਖੋਜ ਸੰਸਥਾ ਹਿੰਡਨਬਰਗ ਵਲੋਂ ਜਾਰੀ ਕੀਤੀ ਇਕ ਰਿਪੋਰਟ ਤੋਂ ਬਾਅਦ ਅਡਾਨੀ ਦੇ ਉਸਾਰੇ ਕਾਰੋਬਾਰੀ ਮਹਿਲ ਡਿਗਦੇ ਨਜ਼ਰ ਆ ਰਹੇ ਹਨ। ਹਿੰਡਨਬਰਗ ਖੋਜ ਸੰਸਥਾ ਅਮਰੀਕੀ ਨੌਜਵਾਨ ਨਾਥਨ ਐਂਡਰਸਨ ਵਲੋਂ 2017 ਵਿਚ ਸਥਾਪਤ ਕੀਤੀ ਗਈ ਸੀ। ਉਸ ਤੋਂ ਬਾਅਦ ਉਸ ਨੇ ਕਾਰਪੋਰੇਟ ਜਗਤ ਵਿਚ ਕੌਮਾਂਤਰੀ ਕੰਪਨੀਆਂ ਦੇ ਕੰਮਕਾਜ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਪਿਛਲੇ ਸਮੇਂ ਵਿਚ ਉਸ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਅਮਰੀਕਾ, ਜਾਪਾਨ ਅਤੇ ਹੋਰ ਮੁਲਕਾਂ ਦੀਆਂ ਵੱਡੀਆਂ ਕੰਪਨੀਆਂ ਦੀਆਂ ਗ਼ਲਤ ਕਾਰਵਾਈਆਂ ਸਾਹਮਣੇ ਆਉਣ ਕਾਰਨ ਉਹ ਕੰਪਨੀਆਂ ਢਹਿ-ਢੇਰੀ ਹੋ ਚੁੱਕੀਆਂ ਹਨ। ਉਨ੍ਹਾਂ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ। ਹਿੰਡਨਬਰਗ ਵਲੋਂ ਅਡਾਨੀ ਉਦਯੋਗ ਸਮੂਹ ਦੀਆਂ ਕੰਪਨੀਆਂ ਦੇ ਕੰਮਕਾਜ ਦੀ 2 ਸਾਲਾਂ ਤਕ ਜਾਂਚ ਪੜਤਾਲ ਕਰਕੇ, ਉਨ੍ਹਾਂ ਵਲੋਂ ਕੀਤੇ ਗਏ ਫਰਜੀਵਾੜੇ ਸੰਬੰਧੀ ਵਿਸਥਾਰ ਵਿਚ ਰਿਪੋਰਟ ਤਿਆਰ ਕੀਤੀ ਗਈ ਹੈ। ਉਕਤ ਰਿਪੋਰਟ ਅਨੁਸਾਰ ਇਸ ਗਰੁੱਪ ਨੇ ਮੌਰੀਸ਼ਸ, ਸਾਈਪ੍ਰਸ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ ਆਦਿ ਦੇਸ਼ਾਂ ਵਿਚ ਆਪਣੀਆਂ ਫਰਜ਼ੀ ਕੰਪਨੀਆਂ ਬਣਾਈਆਂ, ਜਿਨ੍ਹਾਂ ਦੇਸ਼ਾਂ ਵਿਚ ਟੈਕਸ ਘੱਟ ਲਗਾਇਆ ਜਾਂਦਾ ਹੈ। ਆਪਣੀਆਂ ਇਨ੍ਹਾਂ ਕੰਪਨੀਆਂ ਰਾਹੀਂ ਭਾਰਤ ਵਿਚ ਕੰਮ ਕਰ ਰਹੀਆਂ ਆਪਣੀਆਂ ਹੀ ਕੰਪਨੀਆਂ ਦੇ ਆਪ ਹੀ ਸ਼ੇਅਰ ਖ਼ਰੀਦ ਕੇ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਵਧਾ ਕੇ ਇਨ੍ਹਾਂ ਦੇ ਆਧਾਰ 'ਤੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਕੋਲੋਂ ਕਰਜ਼ੇ ਲਏ ਗਏ। ਅਡਾਨੀ ਗਰੁੱਪ ਨੂੰ ਜਨਤਕ ਬੈਂਕਾਂ ਤੋਂ ਇਲਾਵਾ ਭਾਰਤੀ ਸਟੇਟ ਬੈਂਕ ਅਤੇ ਕਈ ਹੋਰ ਜਨਤਕ ਬੈਂਕਾਂ ਨੇ ਵੀ ਕਰਜ਼ੇ ਵਜੋਂ ਵੱਡੀਆਂ ਰਕਮਾਂ ਦਿੱਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਭਾਰਤੀ ਜੀਵਨ ਬੀਮਾ ਨਿਗਮ ਨੇ ਵੀ ਉਸ ਦੇ ਸ਼ੇਅਰਾਂ ਵਿਚ ਵੱਡਾ ਪੂੰਜੀ ਨਿਵੇਸ਼ ਕੀਤਾ ਹੋਇਆ ਹੈ। ਹੁਣ ਜਦੋਂ ਕਿ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਈ ਹੈ, ਉਸ ਨੂੰ ਵੇਖਦਿਆਂ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਇਕਦਮ ਵੱਡੀ ਗਿਰਾਵਟ ਆ ਗਈ ਹੈ। ਇਕ ਅੰਦਾਜ਼ੇ ਅਨੁਸਾਰ ਉਸ ਦਾ ਹੁਣ ਤੱਕ ਦਾ ਘਾਟਾ 100 ਅਰਬ ਡਾਲਰ ਤੱਕ ਹੋ ਗਿਆ ਹੈ। ਇਸ ਨਾਲ ਉਸ ਨੂੰ ਕਰਜ਼ਾ ਦੇਣ ਵਾਲੀਆਂ ਵਿੱਤੀ ਸੰਸਥਾਵਾਂ ਅਤੇ ਬੈਂਕ ਬੁਰੀ ਤਰ੍ਹਾਂ ਚਕਰਾ ਗਏ ਹਨ। ਚਾਹੇ ਅਡਾਨੀ ਨੇ ਹਾਲ ਹੀ ਵਿਚ ਆਪਣੇ ਵਲੋਂ 20 ਹਜ਼ਾਰ ਕਰੋੜ ਦੇ ਵੇਚੇ ਸ਼ੇਅਰਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ, ਪਰ ਸ਼ੇਅਰ ਬਾਜ਼ਾਰ ਵਿਚ ਇਸ ਨਾਲ ਵੀ ਨਿਵੇਸ਼ਕ ਦਾ ਵਿਸ਼ਵਾਸ ਕਾਇਮ ਨਹੀਂ ਹੋਇਆ, ਸਗੋਂ ਇਸ ਵੱਡੇ ਖਸਾਰੇ ਨਾਲ ਸ਼ੇਅਰ ਬਾਜ਼ਾਰ ਵਿਚ ਅਤੇ ਕੌਮਾਂਤਰੀ ਪੱਧਰ 'ਤੇ ਬੈਂਕਾਂ ਵਿਚ ਖਲਬਲੀ ਮਚ ਗਈ ਹੈ। ਅਮਰੀਕੀ ਸਟਾਕ ਮਾਰਕੀਟ ਵਿਚੋਂ ਅਡਾਨੀ ਗਰੁੱਪ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਸਵਿੱਸ ਕ੍ਰੈਡਿਟ ਬੈਂਕ ਨੇ ਅਡਾਨੀ ਗਰੁੱਪ ਦੇ ਬੈਂਕ ਬਾਂਡ ਸਵੀਕਾਰ ਕਰਨੇ ਬੰਦ ਕਰ ਦਿੱਤੇ ਹਨ। ਸਰਕਾਰ ਵੀ ਇਸ ਘਟਨਾਕ੍ਰਮ ਵਿਚ ਫਸੀ ਨਜ਼ਰ ਆਉਂਦੀ ਹੈ, ਕਿਉਂਕਿ ਗੌਤਮ ਅਡਾਨੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿੱਤਰਤਾ ਜੱਗ ਜ਼ਾਹਿਰ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਹੀ ਉਹ ਏਡੀ ਉੱਚੀ ਉਡਾਣ ਸਰਕਾਰੀ ਸਰਪ੍ਰਸਤੀ ਨਾਲ ਹੀ ਲਗਾ ਸਕਿਆ ਹੈ। ਹੁਣ ਜਿਥੇ ਭਾਰਤੀ ਰਿਜ਼ਰਵ ਬੈਂਕ ਅਤੇ ਸ਼ੇਅਰ ਬਾਜ਼ਾਰ 'ਤੇ ਨਜ਼ਰ ਰੱਖਣ ਵਾਲੀ ਸਰਬਉੱਚ ਸੰਸਥਾ ਸੇਬੀ ਨੇ ਇਸ ਕੰਪਨੀ ਨੂੰ ਬੈਂਕਾਂ ਅਤੇ ਵਿੱਤੀ ਅਦਾਰਿਆਂ ਵਲੋਂ ਦਿੱਤੇ ਗਏ ਕਰਜ਼ਿਆਂ ਦਾ ਵਿਸਥਾਰ ਮੰਗ ਲਿਆ ਹੈ, ਉਥੇ ਵਿਰੋਧੀ ਧਿਰਾਂ ਸੰਸਦ ਵਿਚ ਇਸ ਸੰਬੰਧੀ ਬਹਿਸ ਦੀ ਮੰਗ ਕਰ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਵਲੋਂ ਸੰਸਦੀ ਪੈਨਲ ਜਾਂ ਸੁਪਰੀਮ ਕੋਰਟ ਦੀ ਕਮੇਟੀ ਰਾਹੀਂ ਇਸ ਸਮੁੱਚੇ ਵਰਤਾਰੇ ਦੀ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਆਉਂਦੇ ਦਿਨਾਂ ਵਿਚ ਇਸ ਚਰਚਾ ਦੇ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਕੇਂਦਰ ਸਰਕਾਰ ਵੀ ਵੱਡੀ ਉਲਝਣ ਵਿਚ ਫਸੀ ਨਜ਼ਰ ਆਉਣ ਲੱਗੀ ਹੈ।
-ਬਰਜਿੰਦਰ ਸਿੰਘ ਹਮਦਰਦ
ਬੀਤੇ ਦਿਨੀਂ ਮਹਾਰਾਸ਼ਟਰ ਦੇ ਨਾਗਪੁਰ ਦੀ, ਇਕ ਅੰਧਵਿਸ਼ਵਾਸ ਖਿਲਾਫ਼ ਕੰਮ ਕਰਦੀ ਸੰਸਥਾ ਵਲੋਂ ਪੂਰੀ ਦੁਨੀਆ 'ਚ ਬੇਹੱਦ ਜ਼ਿਆਦਾ ਪ੍ਰਸਿੱਧ ਇਕ ਬਾਬੇ ਨੂੰ ਸ਼ਕਤੀਆਂ ਸਾਬਤ ਕਰਨ ਬਾਰੇ ਚੁਣੌਤੀ ਦਿੰਦੇ ਹੋਏ, ਪੁਲਿਸ 'ਚ ਬਾਬੇ ਖਿਲਾਫ਼ ਅੰਧਵਿਸ਼ਵਾਸ ਫੈਲਾਉਣ ਬਾਰੇ ਸ਼ਿਕਾਇਤ ਦਰਜ ...
ਅਨੰਤ ਕਾਲ ਤੋਂ ਭਾਵ ਸ੍ਰਿਸ਼ਟੀ ਦੇ ਨਿਰਮਾਣ ਤੇ ਆਦਮੀ ਤੇ ਔਰਤ ਵਲੋਂ ਸੰਸਾਰ ਦੀ ਰਚਨਾ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਲੈ ਕੇ ਅੱਜ ਤੱਕ ਇਸ ਗੱਲ ਦਾ ਫ਼ੈਸਲਾ ਨਹੀਂ ਹੋ ਸਕਿਆ ਕਿ ਦੋਵਾਂ 'ਚ ਕੌਣ ਵੱਡਾ, ਜ਼ਿਆਦਾ ਸ਼ਕਤੀਸ਼ਾਲੀ, ਜ਼ਿਆਦਾ ਸਮਰੱਥ ਅਤੇ ਸਮਝਦਾਰ ਹੈ। ਇਸ ਦੇ ਨਾਲ ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX