ਪਿਛਲੇ ਦਿਨੀਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਵਲੋਂ ਪੇਸ਼ਾਵਰ ਦੀ ਪੁਲਿਸ ਲਾਈਨ ਵਿਚ ਜਿਥੇ ਵੱਡੇ ਸੁਰੱਖਿਆ ਪ੍ਰਬੰਧ ਸਨ, ਦੇ ਅੰਦਰ ਜਾ ਕੇ ਮਸਜਿਦ ਵਿਚ ਇਕ ਆਤਮਘਾਤੀ ਬੰਬਾਰ ਵਲੋਂ ਕੀਤੇ ਹਮਲੇ ਵਿਚ 100 ਤੋਂ ਵਧੇਰੇ ਲੋਕ ਮਾਰੇ ਗਏ ਤੇ ਨਾਲ ਹੀ ਹੋਰ ਸੈਂਕੜੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਘਟਨਾ ਨੇ ਇਕ ਵਾਰ ਫਿਰ ਪਾਕਿਸਤਾਨ ਵਿਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਇਹ ਜਥੇਬੰਦੀ ਸਿੱਧੇ ਰੂਪ ਵਿਚ ਪਾਕਿਸਤਾਨ ਵਿਚ ਆਪਣੀ ਕਿਆਸੀ ਸ਼ਰੀਅਤ ਕਾਨੂੰਨੀ ਵਿਵਸਥਾ ਲਾਗੂ ਕਰਨਾ ਚਾਹੁੰਦੀ ਹੈ। ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿਚ ਤਾਲਿਬਾਨੀ ਅੱਤਵਾਦੀਆਂ ਦੀ ਪੂਰੀ ਮਦਦ ਕੀਤੀ। ਅਮਰੀਕਾ ਤੋਂ ਬਾਅਦ ਲੋਕਤੰਤਰੀ ਢੰਗ ਨਾਲ ਸਰਕਾਰ ਬਣਾਉਣ ਅਤੇ ਚਲਾਉਣ ਦੇ ਯਤਨਾਂ ਨੂੰ ਵੀ ਇਨ੍ਹਾਂ ਤਾਲਿਬਾਨ ਨੇ ਪਾਕਿਸਤਾਨ ਦੀ ਮਦਦ ਨਾਲ ਫੇਲ੍ਹ ਕਰ ਦਿੱਤਾ ਸੀ। ਅਫ਼ਗਾਨਿਸਤਾਨ ਵਿਚ ਜਦੋਂ ਤਾਲਿਬਾਨ ਨੇ ਹਕੂਮਤ ਸੰਭਾਲੀ ਸੀ ਤਾਂ ਉਥੇ ਦੇ ਬਹੁਤੇ ਲੋਕ ਬੁਰੀ ਤਰ੍ਹਾਂ ਤ੍ਰਾਹ-ਤ੍ਰਾਹ ਕਰਨ ਲੱਗੇ ਸਨ। ਉਸ ਸਮੇਂ ਉਥੋਂ ਲੱਖਾਂ ਹੀ ਲੋਕ ਨਿਕਲਣ ਵਿਚ ਸਫ਼ਲ ਹੋ ਗਏ, ਪਰ ਬਾਕੀ ਲੋਕਾਂ ਕੋਲ ਇਸ ਹਕੂਮਤ ਦਾ ਜਬਰ ਸਹਿਣ ਤੋਂ ਬਗ਼ੈਰ ਕੋਈ ਚਾਰਾ ਨਹੀਂ ਸੀ।
ਅੱਜ ਅਫ਼ਗਾਨਿਸਤਾਨ ਵਿਚ ਭੁੱਖਮਰੀ ਦਾ ਰਾਜ ਹੈ। ਦੁਨੀਆ ਦਾ ਕੋਈ ਵੀ ਹੋਰ ਦੇਸ਼ ਉਥੇ ਤਾਲਿਬਾਨ ਨਾਲ ਸੰਬੰਧ ਬਣਾਉਣ ਤੋਂ ਕਤਰਾ ਰਿਹਾ ਹੈ। ਤਾਲਿਬਾਨ ਹਕੂਮਤ ਨੇ ਔਰਤਾਂ ਦੀ ਤਾਂ ਇਕ ਤਰ੍ਹਾਂ ਨਾਲ ਜ਼ਬਾਨਬੰਦੀ ਹੀ ਕਰ ਦਿੱਤੀ ਹੈ। ਬਾਕੀ ਬਹੁਤੇ ਲੋਕ ਵੀ ਉਥੇ ਸਹਿਮ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਸਭ ਕੁਝ ਤੋਂ ਵੱਖ ਉਥੇ ਇਸਲਾਮਿਕ ਸਟੇਟ ਦੇ ਗੁਰਿਲਿਆਂ ਨੇ ਆਪਣੀਆਂ ਕਾਰਵਾਈਆਂ ਨਾਲ ਦੇਸ਼ ਨੂੰ ਲਹੂ-ਲੁਹਾਨ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਹੁਣ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਸੰਗਠਨ ਨੇ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਵਿਚ ਆਪਣੀਆਂ ਹਿੰਸਕ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਕਈ ਸਾਲਾਂ ਤੋਂ ਉਨ੍ਹਾਂ ਦੀਆਂ ਇਹ ਕਾਰਵਾਈਆਂ ਜਾਰੀ ਸਨ, ਪਰ ਅਫ਼ਗਾਨਿਸਤਾਨ ਵਿਚ ਤਾਲਿਬਾਨੀ ਹਕੂਮਤ ਕਾਇਮ ਹੋਣ ਤੋਂ ਬਾਅਦ ਉਨ੍ਹਾਂ ਦੇ ਹੌਸਲੇ ਹੋਰ ਵੀ ਵਧ ਗਏ ਹਨ। ਇਹ ਸੰਗਠਨ ਵੀ ਪਾਕਿਸਤਾਨ ਵਿਚ ਤਬਾਹੀ ਮਚਾ ਕੇ ਉਥੇ ਅਫ਼ਗਾਨਿਸਤਾਨ ਵਾਂਗ ਹੀ ਹਕੂਮਤ ਸਾਂਭਣੀ ਚਾਹੁੰਦਾ ਹੈ। ਆਪਣੇ ਨਿਸ਼ਾਨੇ ਸੰਬੰਧੀ ਉਸ ਨੇ ਕਿਸੇ ਵੀ ਤਰ੍ਹਾਂ ਦੀ ਝਿਜਕ ਨਹੀਂ ਵਿਖਾਈ। ਉਸ ਵਲੋਂ ਪਾਕਿਸਤਾਨ ਵਿਚ ਖ਼ੂਨ ਦੀ ਹੋਲੀ ਖੇਡਣੀ ਜਾਰੀ ਹੈ। ਸਾਡਾ ਇਹ ਗੁਆਂਢੀ ਦੇਸ਼ ਅੱਜ ਅਨੇਕਾਂ ਹੀ ਮੁਸੀਬਤਾਂ ਵਿਚ ਘਿਰ ਗਿਆ ਹੈ। ਸਿਆਸੀ ਉਥਲ-ਪੁਥਲ ਨੇ ਇਸ ਨੂੰ ਅੱਜ ਖ਼ਤਰਨਾਕ ਮੋੜ 'ਤੇ ਲਿਆ ਖੜ੍ਹਾ ਕੀਤਾ ਹੈ। ਫ਼ੌਜ ਵਲੋਂ ਇਥੇ ਬੇਹੱਦ ਚਿਰਾਂ ਤੋਂ ਖੇਡੀ ਜਾ ਰਹੀ ਖੇਡ ਜਾਰੀ ਹੈ। ਆਰਥਿਕ ਮੁਹਾਜ਼ 'ਤੇ ਇਹ ਬੁਰੀ ਤਰ੍ਹਾਂ ਕੰਗਾਲ ਹੋ ਚੁੱਕਾ ਹੈ।
ਪਿਛਲੇ ਸਾਲ ਤੋਂ ਬਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਠੂਠਾ ਫੜ ਕੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਆਰਥਿਕ ਮਦਦ ਦੀ ਦੁਹਾਈ ਦਿੱਤੀ ਹੈ। ਪਹਿਲਾਂ ਤੋਂ ਹੀ ਇਸ ਦੇ ਮੁਕਤੀ ਦਾਤਾ ਬਣੇ ਸੰਯੁਕਤ ਅਰਬ ਅਮੀਰਾਤ ਨੇ ਪਿਛਲੇ ਮਹੀਨੇ ਸ਼ਾਹਬਾਜ਼ ਦੇ ਉਥੇ ਦੇ ਦੌਰੇ ਦੌਰਾਨ 246.70 ਅਰਬ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਚੀਨ ਨੇ ਪਹਿਲਾਂ ਹੀ ਇਸ ਕੰਗਾਲ ਦੇਸ਼ ਨੂੰ ਕਰਜ਼ੇ ਹੇਠ ਦੱਬਿਆ ਹੋਇਆ ਹੈ। ਉਸ ਦੀ ਮਦਦ 2467 ਅਰਬ ਡਾਲਰ ਤੱਕ ਜਾ ਪੁੱਜੀ ਹੈ (ਪਾਕਿਸਤਾਨ ਦੇ ਰੁਪਏ ਦੀ ਕੀਮਤ ਭਾਰਤੀ ਰੁਪਏ ਦੇ ਮੁਕਾਬਲੇ ਵਿਚ ਕਾਫੀ ਘਟ ਗਈ ਹੈ) ਜੋ ਇਸ ਦੇਸ਼ 'ਤੇ ਭਾਰੂ ਹੋਣ ਲਈ ਕਾਫੀ ਹੈ। ਸਾਲ 2019 ਵਿਚ ਇਮਰਾਨ ਖ਼ਾਨ ਦੀ ਸਰਕਾਰ ਨੇ ਕਿਸੇ ਤਰ੍ਹਾਂ ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ 534.50 ਅਰਬ ਡਾਲਰ ਲੈਣ ਦਾ ਵਾਅਦਾ ਕਰਵਾ ਲਿਆ ਸੀ ਪਰ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਇਸ ਅੰਤਰਰਾਸ਼ਟਰੀ ਸੰਸਥਾ ਨੇ ਕਰਜ਼ਾ ਦੇਣ ਦਾ ਵਾਅਦਾ ਪੂਰਾ ਨਹੀਂ ਸੀ ਕੀਤਾ। ਪਿਛਲੇ ਸਾਲ ਆਏ ਮਾਰੂ ਹੜ੍ਹਾਂ ਨੇ ਇਕ ਤਰ੍ਹਾਂ ਨਾਲ ਦੇਸ਼ ਦੇ ਤੀਜਾ ਹਿੱਸਾ ਇਲਾਕੇ ਨੂੰ ਤਬਾਹ ਕਰ ਦਿੱਤਾ ਸੀ।
ਅੱਜ ਪਾਕਿਸਤਾਨ ਦੇ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ। ਇਥੇ ਦੇਸ਼ ਵਿਚ ਬਿਜਲੀ ਅਕਸਰ ਗੁਲ ਰਹਿੰਦੀ ਹੈ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਨੇ ਆਮ ਆਦਮੀ ਦੀਆਂ ਮੁਸੀਬਤਾਂ ਵਿਚ ਵੱਡਾ ਵਾਧਾ ਕਰ ਦਿੱਤਾ ਹੈ। ਪਾਕਿਸਤਾਨੀ ਰੁਪਏ ਦੀ ਕੀਮਤ ਲਗਾਤਾਰ ਘਟਦੀ ਜਾ ਰਹੀ ਹੈ। ਛੇਤੀ ਹੀ ਇਸ ਦਾ ਹਾਲ ਸ੍ਰੀਲੰਕਾ ਵਰਗਾ ਹੋਣ ਵਾਲਾ ਹੈ ਪਰ ਕੱਟੜ ਧਾਰਮਿਕ ਸੰਗਠਨਾਂ ਦੀਆਂ ਕਾਰਵਾਈਆਂ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਚੱਲ ਰਹੀਆਂ ਵੱਖਵਾਦੀ ਲਹਿਰਾਂ ਨਾਲ ਵੀ ਇਸ ਦੀ ਅਖੰਡਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਕੋਈ ਜਵਾਲਾਮੁਖੀ ਫੁੱਟਣ ਤੋਂ ਪਹਿਲਾਂ ਅਜਿਹੇ ਹਾਲਾਤ ਹੋਰ ਕਿੰਨਾ ਕੁ ਚਿਰ ਬਣੇ ਰਹਿ ਸਕਦੇ ਹਨ, ਇਸ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਇਥੇ ਇਹ ਹਾਲਾਤ ਪਾਕਿਸਤਾਨ ਦੀਆਂ ਪਿਛਲੀਆਂ ਸਰਕਾਰਾਂ 'ਤੇ ਖ਼ਾਸ ਕਰਕੇ ਪਾਕਿਸਤਾਨ ਦੀ ਫ਼ੌਜ ਦੀਆਂ ਗ਼ਲਤ ਰਣਨੀਤੀਆਂ ਕਾਰਨ ਹੀ ਬਣੇ ਹਨ। ਇਸ ਦੇਸ਼ ਦੇ ਬਸ਼ਿੰਦਿਆਂ ਦੀ ਕਿਸਮਤ 'ਤੇ ਹੰਝੂ ਹੀ ਕੇਰੇ ਜਾ ਸਕਦੇ ਹਨ।
-ਬਰਜਿੰਦਰ ਸਿੰਘ ਹਮਦਰਦ
ਭਾਰਤ ਦੀ ਧਰਤੀ ਸੰਤਾਂ-ਮਹਾਤਮਾਂ, ਗੁਰੂਆਂ-ਪੀਰਾਂ, ਰਿਸ਼ੀਆਂ-ਮੁਨੀਆਂ ਅਤੇ ਭਗਤਾਂ-ਪਿਆਰਿਆਂ ਦੀ ਧਰਤੀ ਹੈ। ਸਮੇਂ-ਸਮੇਂ ਇਨ੍ਹਾਂ ਮਹਾਂਪੁਰਖਾਂ ਨੇ ਮਨੁੱਖ ਦੀਆਂ ਪਦਾਰਥਵਾਦੀ ਬਿਰਤੀਆਂ ਨੂੰ ਅਧਿਆਤਮਕ ਰੰਗ ਵਿਚ ਰੰਗ ਕੇ ਜਿੱਥੇ ਜੀਵਨ ਦੇ ਅਸਲ ਮਨੋਰਥ ਤੋਂ ਜਾਣੂ ...
ਰਾਹੁਲ ਗਾਂਧੀ ਨੇ ਜਨਵਰੀ ਮਹੀਨੇ ਦੇ ਅੰਤਲੇ ਦਿਨ ਅਪਣੀ ਭਾਰਤ ਜੋੜੋ ਯਾਤਰਾ ਦਾ ਸ੍ਰੀਨਗਰ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਪਹੁੰਚ ਕੇ ਮੁਕੰਮਲ ਕਰ ਦਿੱਤੀ ਹੈ। ਇਹ ਯਾਤਰਾ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੇ 4000 ਕਿੱਲੋ ਮੀਟਰ ਪੈਂਡੇ ਉਤੇ 135 ਦਿਨ ਨਿਰੰਤਰ ਚੱਲਦੀ ...
ਹੁਣ ਅਸੀਂ ਜਦੋਂ ਵੀ ਆਪਣੇ ਆਹਾਰ ਲਈ ਬਾਜ਼ਾਰ ਚੋਂ ਕੁਝ ਖਰੀਦਣ ਜਾਂਦੇ ਹਾਂ ਤਾਂ ਕੁਝ ਕੁ ਮਾਤਰਾ ਜ਼ਹਿਰ ਦੀ ਵੀ ਖ਼ਰੀਦ ਕੇ ਲਿਆਉਂਦੇ ਹਾਂ। ਮਨੁੱਖ ਦੇ ਲਾਲਚਾਂ ਖ਼ੁਦਗਰਜ਼ੀਆਂ ਅਤੇ ਮੁਨਾਫ਼ਿਆਂ ਦੀ ਬਦੌਲਤ ਅਸੀਂ ਸਾਰੇ ਧੀਮੀ ਮੌਤ ਮਰ ਰਹੇ ਹਾਂ ਅਤੇ ਬਿਮਾਰੀਆਂ ਦਾ ਸ਼ਿਕਾਰ ...
ਭਾਰਤ ਜੋੜੋ ਯਾਤਰਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਇਕ ਨਵੇਂ ਲੋਕ ਨੇਤਾ ਅਤੇ 2024 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੁੱਖ ਚੁਣੌਤੀ ਵਜੋਂ ਪੇਸ਼ ਕੀਤਾ ਹੈ। ਰਾਹੁਲ ਦੀ ਯਾਤਰਾ ਨੇ ਪੁਰਾਣੇ ਰਾਜਨੀਤਕ ਨੇਤਾਵਾਂ ਜਿਵੇਂ ਕਿ ਆਜ਼ਾਦੀ ਤੋਂ ਪਹਿਲਾਂ ਨੇਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX