ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਦੀ ਦਰ ਵਧਾ ਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਬਿਨਾਂ ਸ਼ੱਕ ਸੂਬੇ ਦੇ ਲੋਕਾਂ ਨੂੰ ਬੇਹੱਦ ਜ਼ੋਰਦਾਰ ਝਟਕਾ ਦਿੱਤਾ ਹੈ। ਇਸ ਨਾਲ ਪੰਜਾਬ 'ਚ ਇਨ੍ਹਾਂ ਪਦਾਰਥਾਂ ਦੀਆਂ ਕੀਮਤਾਂ ਕਿਸੇ ਵੀ ਹੋਰ ਗੁਆਂਢੀ ਸੂਬਿਆਂ ਨਾਲੋਂ ਜ਼ਿਆਦਾ ਹੋ ਗਈਆਂ ਹਨ। ਲੋਕਾਂ ਨੂੰ ਇਹ ਝਟਕਾ ਸੂਬਾ ਸਰਕਾਰ ਦੇ ਮੰਤਰੀ ਮੰਡਲ ਦੀ ਇਕ ਬੈਠਕ 'ਚ ਇਨ੍ਹਾਂ ਦੋਵਾਂ ਪਦਾਰਥਾਂ ਦੀਆਂ ਕੀਮਤਾਂ 'ਤੇ 90 ਪੈਸੇ ਪ੍ਰਤੀ ਲੀਟਰ ਵੈਟ ਵਧਾਉਣ ਦੇ ਫ਼ੈਸਲੇ ਨਾਲ ਲੱਗਾ ਹੈ। ਇਸ ਫ਼ੈਸਲੇ ਨਾਲ ਬਿਨਾਂ ਸ਼ੱਕ ਪੰਜਾਬ ਦੇ ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ ਪੈਣ ਦੀ ਸੰਭਾਵਨਾ ਬਣ ਗਈ ਹੈ, ਕਿਉਂਕਿ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਹਰ ਤਰ੍ਹਾਂ ਦੀਆਂ ਚੀਜ਼ਾਂ 'ਤੇ ਪੈਂਦਾ ਹੈ। ਸੋ 90 ਪੈਸੇ ਵਾਧੇ ਦਾ ਅਸਰ ਚਹੁੰਪਾਸੇ ਪੈਂਦਾ ਦਿਖਾਈ ਦੇਵੇਗਾ। ਪੰਜਾਬ 'ਚ ਅਗਲੇ ਮਹੀਨੇ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕੀਤਾ ਜਾਣ ਵਾਲਾ ਹੈ ਸ਼ਾਇਦ ਬਜਟ ਨੂੰ ਕਰ ਮੁਕਤ ਰੱਖਣ ਲਈ ਹੀ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਦੇ ਲੋਕਾਂ 'ਤੇ ਪਹਿਲਾਂ ਹੀ ਇਹ ਬੋਝ ਪਾ ਦਿੱਤਾ ਹੈ।
ਇਹ ਝਟਕਾ ਉਸ ਸਮੇਂ ਦਿੱਤਾ ਗਿਆ ਹੈ ਜਦੋਂ ਸੂਬਾ ਪਹਿਲਾਂ ਹੀ ਮਹਿੰਗਾਈ ਅਤੇ ਖ਼ਾਸ ਕਰਕੇ ਖਾਧ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਦੀ ਚਾਰੇ ਪਾਸਿਓਂ ਪਈ ਮਾਰ ਦੀ ਜਕੜ ਵਿਚ ਹੈ। ਪੰਜਾਬ ਦੇ ਅੰਨ-ਭੰਡਾਰ ਸੂਬਾ ਹੋਣ ਦੇ ਬਾਵਜੂਦ ਇੱਥੇ ਕਣਕ ਅਤੇ ਆਟੇ ਦੀ ਘਾਟ ਦੇ ਸੰਕਟ ਨੇ ਪਹਿਲਾਂ ਹੀ ਪੰਜਾਬੀ ਸੱਭਿਆਚਾਰ ਦੇ ਜਾਣਕਾਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੁੱਧ ਅਤੇ ਉਸ ਤੋਂ ਤਿਆਰ ਹੋਰ ਚੀਜ਼ਾਂ ਜਿਵੇਂ ਦੇਸੀ ਘਿਓ, ਮੱਖਣ, ਦਹੀਂ ਆਦਿ ਦੀਆਂ ਕੀਮਤਾਂ 'ਚ ਵੀ ਕ੍ਰਮਵਾਰ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਅਸਰ ਮਿਠਾਈਆਂ ਦੀਆਂ ਕੀਮਤਾਂ 'ਤੇ ਵੀ ਪੈਣ ਦੀ ਸੰਭਾਵਨਾ ਹੈ। ਦੁੱਧ ਦੀਆਂ ਸਰਕਾਰੀ ਕੀਮਤਾਂ 'ਚ ਬੀਤੇ 11 ਮਹੀਨਿਆਂ 'ਚ 7 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਾਲਾਂ, ਫ਼ਲ-ਸਬਜ਼ੀਆਂ ਅਤੇ ਮਸਾਲਿਆਂ ਆਦਿ ਦੀਆਂ ਕੀਮਤਾਂ ਵੀ ਪਿਛਲੇ ਸਮੇਂ 'ਚ ਵਧੀਆਂ ਹਨ। ਕੇਂਦਰ ਸਰਕਾਰ ਵਲੋਂ ਘਰੇਲੂ ਵਰਤੋਂ ਦੀਆਂ ਕੁਝ ਚੀਜ਼ਾਂ ਦੇ ਥੋਕ ਭਾਅ 'ਚ ਗਿਰਾਵਟ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ 'ਚ ਪ੍ਰਚੂਨ 'ਚ ਇਨ੍ਹਾਂ ਦੀਆਂ ਕੀਮਤਾਂ ਵਿਚ ਕੋਈ ਕਮੀ ਨਹੀਂ ਆਈ। ਇਸੇ ਤਰ੍ਹਾਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ 'ਚ ਵੀ ਨਿਰੰਤਰ ਵਾਧੇ ਦਾ ਰੁਝਾਨ ਦੇਖਿਆ ਗਿਆ ਹੈ। ਖੰਡ ਉਤਪਾਦਨ 'ਚ ਕਮੀ ਅਤੇ ਇਸ ਕਾਰਨ ਇਸ ਦੀਆਂ ਕੀਮਤਾਂ 'ਚ ਹੋਣ ਵਾਲੇ ਵਾਧੇ ਨੇ ਇਸ ਦੇ ਸਵਾਦ ਨੂੰ ਕੁਸੈਲਾ ਕੀਤਾ ਹੈ। ਉਧਰ ਕੋਲਾ ਅਤੇ ਵਪਾਰਕ ਗੈਸ ਦੇ ਭਾਅ ਵਧਣ ਅਤੇ ਬਿਜਲੀ ਨਿਗਮ ਦੇ ਘਾਟੇ 'ਚ ਨਿਰੰਤਰ ਵਾਧਾ ਹੁੰਦੇ ਜਾਣ ਨਾਲ ਬਿਜਲੀ ਦੀਆਂ ਦਰਾਂ ਦੇ ਵੀ ਵਧਣ ਦੀ ਸੰਭਾਵਨਾ ਹੈ। ਬਿਨਾਂ ਸ਼ੱਕ ਇਸ ਸਥਿਤੀ ਦਾ ਅਸਰ ਸਮਾਜ ਦੇ ਹੋਰ ਵਰਗਾਂ 'ਤੇ ਵੀ ਪਵੇਗਾ, ਜਿਸ ਨਾਲ ਆਮ ਆਦਮੀ ਦਾ ਘਰੇਲੂ ਬਜਟ ਵੱਡੀ ਹੱਦ ਤੱਕ ਵਿਗੜ ਜਾਏਗਾ।
ਆਟੇ ਦੀ ਘਾਟ ਅਤੇ ਇਸ ਦੀਆਂ ਵਧੀਆਂ ਕੀਮਤਾਂ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ, ਪਰ ਮੁੱਖ ਤੌਰ 'ਤੇ ਜਿਸ ਇਕ ਕਾਰਨ 'ਤੇ ਉਂਗਲ ਉੱਠ ਰਹੀ ਹੈ, ਉਹ ਭਾਰਤੀ ਖਾਧ ਨਿਗਮ 'ਚ ਕਣਕ ਦੇ ਆਨਲਾਈਨ ਟੈਂਡਰਾਂ ਦਾ ਅੱਧ-ਵਿਚਾਲੇ ਲਟਕਣਾ ਹੈ। ਇਸ ਕਾਰਨ ਕੇਂਦਰ ਸਰਕਾਰ ਵਲੋਂ ਸੂਬੇ ਦੀਆਂ ਆਟਾ ਮਿੱਲਾਂ ਨੂੰ ਕਣਕ ਦੀ ਸਪਲਾਈ ਨਾ ਕਰਨ ਕਾਰਨ ਪਿਸਾਈ ਦਾ ਕੰਮ ਠੱਪ ਹੋ ਗਿਆ ਸੀ। ਬਾਜ਼ਾਰ 'ਚ ਕਾਲਾਬਾਜ਼ਾਰੀ ਦੀ ਸੰਭਾਵਨਾ ਵੀ ਵਧ ਗਈ ਸੀ। ਇਸ ਸਥਿਤੀ ਦੇ ਸੰਦਰਭ ਵਿਚ ਭਾਰਤੀ ਖਾਧ ਨਿਗਮ ਦੇ ਚੰਡੀਗੜ੍ਹ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਕੋਲ ਸੂਬੇ ਲਈ 116.32 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲਾਂ ਦਾ ਭੰਡਾਰ ਮੌਜੂਦ ਹੈ ਅਤੇ ਇਹ ਵੀ ਕਿ ਸੂਬੇ 'ਚ ਕਿਸੇ ਚੀਜ਼ ਦੀ ਘਾਟ ਨਹੀਂ ਹੋਣ ਦਿੱਤੀ ਜਾਵੇਗੀ, ਪਰ ਬਾਜ਼ਾਰ 'ਚ ਅੱਜ ਜੋ ਸਥਿਤੀ ਹੈ, ਉਸ ਨੇ ਨਾ ਸਿਰਫ਼ ਘਾਟ ਦਾ ਸੰਕਟ ਪੈਦਾ ਕੀਤਾ ਹੈ, ਸਗੋਂ ਸੂਬੇ ਦੇ ਲੋਕਾਂ 'ਚ ਡਰ ਅਤੇ ਭੈਅ ਨੂੰ ਵੀ ਜਨਮ ਦਿੱਤਾ ਹੈ।
ਚੰਡੀਗੜ੍ਹ, ਲੁਧਿਆਣਾ, ਜਲੰਧਰ, ਪੰਚਕੂਲਾ ਅਤੇ ਮੁਹਾਲੀ 'ਚ ਕਣਕ ਦੇ ਆਟੇ ਦੀਆਂ ਕੀਮਤਾਂ 'ਚ 40 ਫ਼ੀਸਦੀ ਤੋਂ ਵੀ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਆਟੇ ਦੀਆਂ ਕੀਮਤਾਂ 'ਚ ਵਾਧੇ ਦਾ ਇਕ ਹੋਰ ਕਾਰਨ ਆਟਾ ਮਿੱਲਾਂ ਵਲੋਂ ਖ਼ੁਦ ਖੁੱਲ੍ਹੇ ਬਾਜ਼ਾਰ ਤੋਂ ਕਣਕ ਖ੍ਰੀਦਣਾ ਵੀ ਮੰਨਿਆ ਜਾ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣੇ ਪੱਧਰ 'ਤੇ ਆਟੇ ਦਾ ਭਾਅ ਤੈਅ ਕੀਤਾ। ਜਾਣਕਾਰਾਂ ਅਨੁਸਾਰ ਫਰਵਰੀ 'ਚ ਕਣਕ ਅਤੇ ਆਟੇ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ। ਇਹ ਵੀ ਕਿ ਕਣਕ ਦੀ ਨਵੀਂ ਫ਼ਸਲ ਦੇ ਮੰਡੀਆਂ 'ਚ ਆਉਣ ਤੋਂ ਪਹਿਲਾਂ ਇਸ ਪੱਧਰ 'ਤੇ ਰਾਹਤ ਮਿਲਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ ਅਤੇ ਨਵੀਂ ਫ਼ਸਲ ਆਉਣ 'ਚ ਅਜੇ ਦੋ ਹੋਰ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।
ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਪੰਜਾਬ ਦੇ ਲੋਕਾਂ ਲਈ ਅਗਲੇ ਦੋ-ਤਿੰਨ ਮਹੀਨੇ ਮਹਿੰਗਾਈ ਅਤੇ ਖ਼ਾਧ ਪਦਾਰਥਾਂ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਵੱਡੀ ਸੰਭਾਵਨਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਾਲ ਆਵਾਜਾਈ ਅਤੇ ਮਾਲ-ਭਾੜੇ ਦੀਆਂ ਦਰਾਂ 'ਚ ਵੀ ਵਾਧਾ ਹੋਣਾ ਲਾਜ਼ਮੀ ਹੈ। ਇਸ ਕਾਰਨ ਵੀ ਸਾਰੀਆਂ ਚੀਜ਼ਾਂ ਦੇ ਭਾਅ ਵਧਣਗੇ। ਬਿਜਲੀ ਨਿਗਮ ਦੀ ਮੌਜੂਦਾ ਹਾਲਤ ਵੀ ਕਹਿਰ ਢਾਉਣ ਵਾਲੀ ਹੈ। ਬਿਜਲੀ ਨਿਗਮ ਨੂੰ ਸੂਬੇ 'ਚ ਮੁਫ਼ਤ ਬਿਜਲੀ ਅਤੇ ਬਿਜਲੀ ਦੀ ਵਧੀ ਖ਼ਪਤ ਨਾਲ ਉਪਜੀ ਸਥਿਤੀ ਨਾਲ ਨਜਿੱਠਣ ਲਈ ਦੋ ਵਾਰ ਲਗਭਗ 1500 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਹੈ। ਪਿਛਲੇ ਦਿਨੀਂ ਹੀ ਇਸ ਵਲੋਂ 500 ਕਰੋੜ ਦਾ ਹੋਰ ਕਰਜ਼ਾ ਚੁੱਕਿਆ ਗਿਆ ਹੈ। ਸਰਕਾਰੀ ਸਬਸਿਡੀ ਦੀ ਰਾਸ਼ੀ ਨਾ ਮਿਲਣ ਨਾਲ ਵੀ ਪਾਵਰਕਾਮ ਦਾ ਘਾਟਾ ਵਧਿਆ ਹੈ, ਜਿਸ ਕਾਰਨ ਨਿਗਮ ਬਿਜਲੀ ਦੀਆਂ ਦਰਾਂ ਵਧਾਉਣ ਲਈ ਵੀ ਮਜਬੂਰ ਹੋ ਸਕਦਾ ਹੈ। ਕੌਮੀ ਪੱਧਰ 'ਤੇ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਉਸ ਦੇ ਸਮੁੱਚੇ ਮੁਲਾਂਕਣ ਨਾਲ ਵੀ ਦੇਸ਼ ਅਤੇ ਸੂਬੇ 'ਚ ਕੁਝ ਚੀਜ਼ਾਂ ਦੀਆਂ ਕੀਮਤਾਂ ਵਧਣ ਦੀ ਨੌਬਤ ਬਣ ਜਾਂਦੀ ਹੈ। ਬਿਨਾਂ ਸ਼ੱਕ ਭਗਵੰਤ ਮਾਨ ਦੀ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦਾ ਇਹ ਪਹਿਲਾ ਬਹੁਤ ਵੱਡਾ ਝਟਕਾ ਦਿੱਤਾ ਗਿਆ ਹੈ। ਪੰਜਾਬ ਦਾ ਆਮ ਆਦਮੀ ਆਪਣੀ ਪਿੱਠ 'ਤੇ ਵਧ ਰਹੇ ਇਸ ਬੋਝ ਨੂੰ ਕਿਸ ਤਰ੍ਹਾਂ ਸਹਾਰ ਸਕੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ।
ਪੰਜਾਬ 'ਚ ਜਦੋਂ ਵੀ ਕਿਸੇ ਸਿਆਸੀ ਧਿਰ ਦੀ ਸਰਕਾਰ ਹੋਂਦ ਵਿਚ ਆਉਂਦੀ ਹੈ, ਉਸ ਵਲੋਂ ਪਿੰਡਾਂ ਦੇ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ। ਮੌਜੂਦਾ ਸਰਕਾਰ ਨੇ 500 'ਸਮਾਰਟ ਵਿਲੇਜ' ਬਣਾ ਕੇ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਦਾ ਟੀਚਾ ਮਿਥਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਹਰ ...
ਵਿਸ਼ਵ ਭਰ ਵਿਚ ਪਹਿਲੀ ਵਾਰ ਕੀਤੀ ਆਪਣੀ ਤਰ੍ਹਾਂ ਦੀ ਖੋਜ 'ਚ ਮਨੁੱਖੀ ਜੀਵਨ ਲਈ ਖ਼ਤਰਾ ਬਣੇ ਪਲੀਤ ਆਬੋ ਹਵਾ ਨਾਲ ਜੁੜੀਆਂ ਡਰਾਉਣੀਆਂ ਸਥਿਤੀਆਂ ਸਾਹਮਣੇ ਆਈਆਂ ਹਨ। ਭਾਰਤ ਸਮੇਤ ਦੁਨੀਆ ਭਰ ਦੇ 137 ਦੇਸ਼ਾਂ ਵਿਚ ਮਾਂ ਦੇ ਗਰਭ ਵਿਚ ਹੀ ਜਾਨ ਗਵਾਉਣ ਵਾਲੇ 45 ਹਜ਼ਾਰ ਬਾਲਾਂ 'ਤੇ ...
ਕੇਂਦਰ ਸਰਕਾਰ ਦੇ ਬਜਟ 'ਚ ਇਸ ਵਾਰ ਨਾਅਰਿਆਂ ਦੀ ਭਰਮਾਰ ਰਹੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 'ਚ ਉਹ ਸਾਰੇ ਨਾਅਰੇ ਦੁਹਰਾਏ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਮੌਕਿਆਂ 'ਤੇ ਦਿੰਦੇ ਰਹੇ ਹਨ। ਵਿੱਤ ਮੰਤਰੀ ਨੇ ਕਿਸੇ ਨਾ ਕਿਸੇ ਮਾਮਲੇ 'ਚ ਉਹ ਸਾਰੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX