• 34 ਹੋਰ ਗਿ੍ਫ਼ਤਾਰ • ਪੁਲਿਸ ਵਲੋਂ ਅੰਮਿ੍ਤਸਰ, ਜਲੰਧਰ ਤੇ ਲੁਧਿਆਣਾ ਸਮੇਤ ਸੂਬੇ ਦੇ ਕਈ ਸਥਾਨਾਂ 'ਤੇ ਫਲੈਗ ਮਾਰਚ • ਇੰਟਰਨੈੱਟ ਦੀ ਮੁਅੱਤਲੀ ਜਾਰੀ
ਚੰਡੀਗੜ੍ਹ, 19 ਮਾਰਚ (ਅਜੀਤ ਬਿਊਰੋ)-ਸਨਿਚਰਵਾਰ ਦੀ ਕਾਰਵਾਈ ਤੋਂ ਬਾਅਦ ਫਰਾਰ ਹੋਏ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਭਾਲ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ | ਜਦਕਿ ਸੂਬੇ 'ਚ ਹਾਈ ਅਲਰਟ ਦੇ ਦਰਮਿਆਨ ਕਈ ਥਾਵਾਂ 'ਤੇ ਸੁਰੱਖਿਆ ਬਲਾਂ ਨੇ ਫਲੈਗ ਮਾਰਚ ਕੀਤਾ ਤੇ ਮੋਬਾਈਲ ਇੰਟਰਨੈੱਟ ਤੇ ਐਸ. ਐਮ. ਐਸ. ਸੇਵਾਵਾਂ ਨੂੰ ਸੋਮਵਾਰ ਦੁਪਹਿਰ ਤੱਕ ਮੁਅੱਤਲ ਕਰ ਦਿੱਤਾ ਗਿਆ | ਜਦੋਂ ਕਿ ਕੱਲ੍ਹ ਗਿ੍ਫ਼ਤਾਰ ਕੀਤੇ ਗਏ ਅੰਮਿ੍ਤਪਾਲ ਦੇ ਸਲਾਹਕਾਰ ਦਲਜੀਤ ਸਿੰਘ ਕਲਸੀ ਤੇ 3 ਹੋਰ ਸਾਥੀਆਂ ਨੂੰ ਅੱਜ ਪੰਜਾਬ ਤੋਂ ਵਿਸ਼ੇਸ਼ ਉਡਾਣ ਰਾਹੀਂ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ 'ਚ ਭੇਜ ਦਿੱਤਾ ਗਿਆ | ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਕਾਬੂ ਹੇਠ ਹੈ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਵੱਖ-ਵੱਖ ਦੇਸ਼ਾਂ, ਸੂਬਿਆਂ ਅਤੇ ਸ਼ਹਿਰਾਂ ਤੋਂ ਆ ਰਹੀਆਂ ਝੂਠੀਆਂ ਖਬਰਾਂ ਅਤੇ ਨਫਰਤੀ ਭਾਸ਼ਨਾਂ ਦੀ ਨਿਗਰਾਨੀ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਅੰਮਿ੍ਤਪਾਲ ਸਿੰਘ ਤੇ ਉਸ ਦੇ ਕੁਝ ਸਾਥੀਆਂ ਵਿਰੁੱਧ ਅੰਮਿ੍ਤਸਰ ਵਿਚ ਇਕ ਐਫ ਆਈ ਆਰ ਅਤੇ ਜਲੰਧਰ 'ਚ ਦੋ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ | ਫਿਰੋਜ਼ਪੁਰ, ਬਠਿੰਡਾ, ਰੂਪਨਗਰ, ਫਰੀਦਕੋਟ, ਬਟਾਲਾ, ਫਾਜ਼ਿਲਕਾ, ਹੁਸ਼ਿਆਰਪੁਰ, ਗੁਰਦਾਸਪੁਰ, ਮੋਗਾ ਅੰਮਿ੍ਤਸਰ, ਜਲੰਧਰ ਤੇ ਲੁਧਿਆਣਾ ਸਮੇਤ ਸੂਬੇ ਦੇ ਕਈ ਸਥਾਨਾਂ 'ਤੇ ਸੁਰੱਖਿਆ ਬਲਾਂ ਨੇ ਫਲੈਗ ਮਾਰਚ ਕੀਤਾ | ਪੰਜਾਬ ਪੁਲਿਸ ਨੇ ਐਤਵਾਰ ਨੂੰ ਅਪਰਾਧਿਕ ਦੋਸ਼ਾਂ ਵਿਚ ਲੋੜੀਂਦੇ 'ਵਾਰਿਸ ਪੰਜਾਬ ਦੇ' ਦੇ ਅਨਸਰਾਂ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖੀ ਅਤੇ ਸੂਬੇ 'ਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਨੂੰ ਗਿ੍ਫ਼ਤਾਰ ਵੀ ਕੀਤਾ | ਪੰਜਾਬ ਪੁਲਿਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਮਿ੍ਤਪਾਲ ਸਿੰਘ ਭਗੌੜਾ ਹੈ ਤੇ ਉਸ ਦੀ ਗਿ੍ਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਅਤੇ ਅਰਧ ਸੈਨਿਕ ਬਲਾਂ (ਪੀ. ਐੱਮ. ਐੱਫ.) ਦੀਆਂ ਕੰਪਨੀਆਂ ਵਲੋਂ ਨਿੱਜੀ ਤੌਰ 'ਤੇ ਐਸ.ਐਸ.ਪੀਜ਼ ਤੇ ਪੁਲਿਸ ਕਮਿਸ਼ਨਰਾਂ ਦੀ ਅਗਵਾਈ 'ਚ ਸੂਬੇ ਭਰ 'ਚ ਫਲੈਗ ਮਾਰਚ ਕੀਤੇ ਗਏ, ਉਨ੍ਹਾਂ ਕਿਹਾ ਕਿ ਸਾਰੇ ਜ਼ਿਲਿ੍ਹਆਂ ਵਿਚ ਸ਼ਾਂਤੀ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਸੂਬੇ ਵਿਚ ਪੂਰਨ ਸ਼ਾਂਤੀ ਅਤੇ ਸਦਭਾਵਨਾ ਬਣੀ ਹੋੋਈ ਹੈ | ਸੂਬੇ ਵਿਚ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਵਿਰੁੱਧ ਚੱਲ ਰਹੇ ਅਪਰੇਸ਼ਨਾਂ ਦੌਰਾਨ, ਐਤਵਾਰ ਨੂੰ ਰਾਜ ਭਰ ਵਿਚ 34 ਹੋਰ ਗਿ੍ਫ਼ਤਾਰੀਆਂ ਕੀਤੀਆਂ ਗਈਆਂ | ਹੁਣ ਤੱਕ ਕੁੱਲ 112 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਬੁਲਾਰੇ ਨੇ ਦੱਸਿਆ ਕਿ ਚੱਲ ਰਹੀ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਸਲੀਣਾ, ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ ਦਿਹਾਤੀ ਤੋਂ ਰਜਿਸਟਰੇਸ਼ਨ ਨੰਬਰ ਪੀ.ਬੀ.10ਐਫਡਬਲਯੂ 6797 ਵਾਲੀ ਇਕ ਛੱਡੀ ਹੋਈ ਈਸੂਜ਼ੂ ਗੱਡੀ ਬਰਾਮਦ ਕੀਤੀ ਗਈ | ਉਕਤ ਗੱਡੀ ਦੀ ਵਰਤੋਂ ਅੰਮਿ੍ਤਪਾਲ ਸਿੰਘ ਨੇ ਕੀਤੀ ਸੀ | ਉਨ੍ਹਾਂ ਦੱਸਿਆ ਕਿ ਛੱਡੀ ਗਈ ਗੱਡੀ 'ਚੋਂ ਇਕ .315 ਬੋਰ ਰਾਈਫਲ ਸਮੇਤ 57 ਜ਼ਿੰਦਾ ਕਾਰਤੂਸ, ਇਕ ਤਲਵਾਰ ਤੇ ਇਕ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਗੱਡੀ ਮਨਪ੍ਰੀਤ ਸਿੰਘ ਵਾਸੀ ਪਿੰਡ ਅਨੋਖਰਵਾਲ, ਐਸ.ਬੀ.ਐਸ. ਨਗਰ ਦੀ ਹੈ | ਨਾਗਰਿਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਨ ਲਈ ਸਾਰੇ ਜ਼ਿਲਿ੍ਹਆਂ 'ਚ ਸਿਵਲ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ 'ਤੇ ਸ਼ਾਂਤੀ ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ | ਬੁਲਾਰੇ ਨੇ ਅੱਗੇ ਕਿਹਾ ਕਿ ਜੇਕਰ ਕੋਈ ਜਾਅਲੀ ਖ਼ਬਰਾਂ, ਅਫਵਾਹਾਂ ਅਤੇ ਨਫ਼ਰਤ ਭਰਿਆ ਭਾਸ਼ਨ ਫੈਲਾਉਂਦਾ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ, ਮੀਡੀਆ ਕਰਮੀਆਂ ਤੇ ਸੋਸ਼ਲ ਮੀਡੀਆ ਪਲੇਟਫਾਰਮ ਵਿਚੋਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜ਼ਿੰਮੇਵਾਰੀ ਨਾਲ ਕੰਮ ਕਰਨ ਤੇ ਵੱਖ-ਵੱਖ ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਪਿ੍ੰਟ ਮੀਡੀਆ ਪਲੇਟਫਾਰਮਾਂ 'ਤੇ ਉਨ੍ਹਾਂ ਵਲੋਂ ਸਾਂਝੀ ਕੀਤੀ ਜਾ ਰਹੀ ਸਮੱਗਰੀ ਦੀ ਪ੍ਰਮਾਣਿਕਤਾ ਦੀ ਤੱਥਾਂ ਦੀ ਜਾਂਚ ਕਰਨ | ਉਨ੍ਹਾਂ ਨੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ 'ਤੇ ਧਿਆਨ ਨਾ ਦੇਣ ਤੇ ਪੁਲਿਸ ਤੋਂ ਤੱਥਾਂ ਦੀ ਜਾਂਚ ਕਰਨ | ਉਨ੍ਹਾਂ ਕਿਹਾ ਕਿ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ | ਪੰਜਾਬ ਪੁਲਿਸ ਸੂਬੇ 'ਚ ਅਮਨ-ਕਾਨੂੰਨ ਤੇ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ |
ਅੰਮਿ੍ਤਪਾਲ ਸਿੰਘ ਦਾ ਪਿੰਡ ਜੱਲੂਪੁਰ ਖੈਰਾ ਵਿਖੇ ਸਖ਼ਤ ਸੁਰੱਖਿਆ ਘੇਰੇ ਹੇਠ ਹੈ | ਉਸ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਪਹਿਲਾਂ ਹੀ ਹਿਰਾਸਤ 'ਚ ਲੈ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਸ ਨੂੰ ਜਾਨ ਦਾ ਖ਼ਤਰਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸ ਬਾਰੇ ਕੱਲ੍ਹ ਦੀ ਕੋਈ ਸੂਚਨਾ ਨਹੀਂ ਹੈ | ਉਨ੍ਹਾਂ ਨੂੰ ਲਗਦਾ ਹੈ ਕਿ ਅੰਮਿ੍ਤਪਾਲ ਨੂੰ ਪਹਿਲਾਂ ਹੀ ਹਿਰਾਸਤ 'ਚ ਲੈ ਲਿਆ ਗਿਆ ਹੈ | ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਅਜੇ ਫਰਾਰ ਹੈ | ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਪੰਜਾਬ ਪੁਲਿਸ ਜੋ ਵੀ ਕਰੇਗੀ ਉਹ ਕਾਨੂੰਨ ਦੇ ਦਾਇਰੇ 'ਚ ਹੋਵੇਗਾ | ਉਨ੍ਹਾਂ ਕਿਹਾ ਕਿ ਹਰ ਕਿਸੇ ਕੋਲ ਕਾਨੂੰਨੀ ਅਧਿਕਾਰ ਹੈ ਤੇ ਕਾਨੂੰਨ ਤਹਿਤ ਜੋ ਵੀ ਉਪਾਅ ਉਪਲੱਬਧ ਹਨ ਉਹ ਉਸਦਾ ਲਾਭ ਲੈ ਸਕਦੇ ਹਨ |
ਸ਼ਾਹਕੋਟ/ਮਹਿਤਪੁਰ, 19 ਮਾਰਚ (ਸੁਖਦੀਪ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਚੰਦੀ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਦੀ ਗਿ੍ਫ਼ਤਾਰੀ ਨੂੰ ਲੈ ਕੇ ਬੀਤੇ ਦਿਨ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀ ਪੁਲਿਸ ਜ਼ਿਲ੍ਹਾ ਜਲੰਧਰ ਸਮੇਤ ਸੂਬੇ ਦੇ ਹੋਰਾਂ ਜ਼ਿਲਿ੍ਹਆਂ ਤੇ ਹੋਰਾਂ ਰਾਜਾਂ 'ਚ ਛਾਪੇਮਾਰੀ ਕਰ ਰਹੀ ਹੈੈ, ਜਿਸ ਦੌਰਾਨ ਬੀਤੇ ਦਿਨ ਸਾਂਝੇ ਆਪਰੇਸ਼ਨ ਦੌਰਾਨ ਹਲਕਾ ਸ਼ਾਹਕੋਟ ਅਤੇ ਮਹਿਤਪੁਰ ਤੋਂ ਅੰਮਿ੍ਤਪਾਲ ਸਿੰਘ ਦੇ 7 ਸਾਥੀਆਂ ਨੂੰ ਭਾਰੀ ਅਸਲੇ੍ਹ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ | ਅੱਜ ਸਵੇਰੇ ਡੀ. ਐਸ. ਪੀ. ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ 'ਚ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਸ਼ਾਹਕੋਟ ਦੇ ਪਿੰਡ ਸਲੇਮਾ ਤੋਂ ਪੁਲਿਸ ਨੂੰ ਸ਼ੱਕੀ ਹਾਲਤ 'ਚ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਹਰ ਖੜ੍ਹੀ ਇਕ ਕਾਲੇ ਰੰਗ ਦੀ ਡੀ. ਮੈਕਸ ਗੱਡੀ (ਪੀ. ਬੀ. 10-ਐਫ਼.ਡਬਲਯ-6797) ਬਰਾਮਦ ਹੋਈ ਹੈ, ਜਿਸ ਵਿਚੋਂ ਅਸਲ੍ਹਾ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ | ਜਿਸ ਦਾ ਪਤਾ ਲੱਗਣ 'ਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਸਵਰਨਦੀਪ ਸਿੰਘ ਵੀ ਮੌਕਾ ਦੇਖਣ ਪਿੰਡ ਸਲੇਮਾ ਪਹੁੰਚੇ, ਜਿਥੇ ਉਨ੍ਹਾਂ ਦੱਸਿਆ ਕਿ ਜਦ ਅੰਮਿ੍ਤਪਾਲ ਸਿੰਘ ਨੂੰ ਗਿ੍ਫ਼ਤਾਰ ਕਰਨ ਸੰਬੰਧੀ ਪੁਲਿਸ ਦੀ ਤਲਾਸ਼ੀ ਮੁਹਿੰਮ ਚੱਲ ਰਹੀ ਸੀ ਤਾਂ ਉਸ ਸਮੇਂ ਇਹ ਗੱਡੀ ਅੰਮਿ੍ਤਪਾਲ ਸਿੰਘ ਵਲੋਂ ਵਰਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਗੱਡੀ ਦੀ ਜਾਂਚ ਦੌਰਾਨ ਗੱਡੀ ਦੀ ਚਾਬੀ ਗੱਡੀ ਦੀ ਛੱਤ ਤੋਂ ਮਿਲੀ ਹੈ, ਜਦਕਿ ਵਿਚੋਂ 315 ਬੋਰ ਦੀ ਰਾਈਫ਼ਲ, 57 ਕਾਰਟੇਜ, ਇਕ ਵਾਕੀ-ਟਾਕੀ, ਇਕ ਤਲਵਾਰ, ਕੁਝ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਗਲਤ ਅਫ਼ਵਾਹਾ ਉਡਾਉਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ, ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਐਸ.ਐਚ.ਓ. ਮਹਿਤਪੁਰ ਬਲਰਾਜ ਸਿੰਘ, ਸਬ-ਇੰਸਪੈਕਟਰ ਨਿਰਮਲ ਸਿੰਘ ਚੌਕੀ ਇੰਚਾਰਜ ਤਲਵੰਡੀ ਸੰਘੇੜਾ ਸਮੇਤ ਵੱਖ-ਵੱਖ ਥਾਣਿਆਂ ਦੇ ਮੁਲਾਜ਼ਮ ਅਤੇ ਬੀ. ਐਸ. ਐਫ਼. ਦੇ ਜਵਾਨ ਮੌਜੂਦ ਸਨ |
ਲੰਡਨ, 19 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਕੁਝ ਖ਼ਾਲਿਸਤਾਨ ਪੱਖੀ ਸਮਰਥਕਾਂ ਨੇ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ | ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹਾ ਭਾਈ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਪੰਜਾਬ 'ਚ ਕੀਤੀ ਕਾਰਵਾਈ ਦੇ ਰੋਸ ਵਜੋਂ ਕੀਤਾ ਗਿਆ ਹੈ | ਸ਼ੋਸ਼ਲ ਮੀਡੀਆ 'ਤੇ ਖ਼ਾਲਿਸਤਾਨ ਪੱਖੀ ਕਾਰਕੁਨਾਂ ਨੂੰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਭਾਰਤੀ ਝੰਡੇ ਦੀ ਥਾਂ ਖ਼ਾਲਿਸਤਾਨ ਦਾ ਝੰਡਾ ਲਹਿਰਾਉਂਦੇ ਵੇਖਿਆ ਜਾ ਰਿਹਾ ਹੈ | ਇਸ ਮੌਕੇ ਭੰਨਤੋੜ ਵੀ ਕੀਤੀ ਗਈ ਹੈ | ਮੌਕੇ 'ਤੇ ਪਹੁੰਚੀ ਪੁਲਿਸ ਨਾਲ ਬਹਿਸ ਕਰ ਰਹੇ ਖ਼ਾਲਿਸਤਾਨੀ ਸਮਰਥਕ ਭਾਈ ਅੰਮਿ੍ਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ | ਭਾਰਤ 'ਚ ਇੰਗਲੈਂਡ ਦੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਕਥਿਤ ਤੌਰ 'ਤੇ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਵਿਰੁੱਧ ਅੱਜ ਦੀ ਘਿਣਾਉਣੀ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਕਿਹਾ ਹੈ | ਉਕਤ ਮਾਮਲੇ 'ਚ ਅਜੇ ਤੱਕ ਪੁਲਿਸ ਵਲੋਂ ਕਿਸੇ ਵਿਅਕਤੀ ਨੂੰ ਗਿ੍ਫਤਾਰ ਕਰਨ ਦੀ ਕੋਈ ਸੂਚਨਾ ਨਹੀਂ ਹੈ |
ਭਾਰਤ ਵਲੋਂ ਯੂ.ਕੇ. ਹਾਈ ਕਮਿਸ਼ਨ ਦਾ ਡਿਪਟੀ ਚੀਫ ਤਲਬ
ਭਾਰਤ ਨੇ ਨਵੀਂ ਦਿੱਲੀ ਸਥਿਤ ਯੂ.ਕੇ. ਹਾਈ ਕਮਿਸ਼ਨ ਦੇ ਡਿਪਟੀ ਚੀਫ ਨੂੰ ਤਲਬ ਕਰਕੇ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖ਼ਾਲਿਸਤਾਨੀ ਪੱਖੀ ਸਮਰਥਕਾਂ ਵਲੋਂ ਕੀਤੇ ਗਏ ਹੰਗਾਮੇ ਨੂੰ ਲੈ ਕੇ ਸਪਸ਼ਟੀਕਰਨ ਮੰਗਿਆ ਹੈ | ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਲਹਿਜ਼ੇ 'ਚ ਜਾਰੀ ਕੀਤੇ ਬਿਆਨ 'ਚ ਯੂ.ਕੇ. 'ਚ ਭਾਰਤੀ ਕੂਟਨੀਤਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ |
ਨਕੋਦਰ, 19 ਮਾਰਚ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਅੰਮਿ੍ਤਪਾਲ ਸਿੰਘ ਦੀ ਭਾਲ 'ਚ ਪੁਲਿਸ ਦੀ ਕਾਰਵਾਈ ਜਾਰੀ ਹੈ | ਆਈ.ਜੀ. ਸਵਪਨ ਸ਼ਰਮਾ ਨੇ ਨਕੋਦਰ 'ਚ ਪੱਤਰਕਾਰਾਂ ਨਾਲ ਗੱਲਬਾਤ ਦÏਰਾਨ ਉਪਰੋਕਤ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਅੰਮਿ੍ਤਪਾਲ ਸਿੰਘ ਦੇ ਸੰਬੰਧ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐਸ.ਆਈ. ਨਾਲ ਹਨ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਿੰਡ ਸਰੀਂਹ 'ਚ ਤਲਾਸ਼ੀ ਮੁਹਿੰਮ ਦÏਰਾਨ ਗਿ੍ਫ਼ਤਾਰ ਕੀਤੇ ਗਏ ਦੋ ਸਾਥੀਆਂ ਸਮੇਤ ਹੁਣ ਤੱਕ ਉਸ ਦੇ 10 ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਬੀਤੇ ਦਿਨ ਸਨਿਚਰਵਾਰ ਦੀ ਕਾਰਵਾਈ ਦÏਰਾਨ ਅੰਮਿ੍ਤਪਾਲ ਦੇ ਕਾਫ਼ਲੇ ਦੀਆਂ ਦੋ ਗੱਡੀਆਂ ਤੇ ਵੱਡੀ ਮਾਤਰਾ 'ਚ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ ਤੇ ਅੰਮਿ੍ਤਪਾਲ ਖ਼ਿਲਾਫ਼ 7/8 ਮੁਕੱਦਮੇ ਦਰਜ ਹਨ ਤੇ ਜਲੰਧਰ ਦਿਹਾਤੀ 'ਚ ਵੀ ਮਾਮਲਾ ਦਰਜ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਸਨਿਚਰਵਾਰ ਨੂੰ ਅੰਮਿ੍ਤਪਾਲ ਆਪਣੇ 4 ਸਾਥੀਆਂ ਸਮੇਤ ਇਕ ਮਰਸਡੀਜ਼ 'ਚ ਮਹਿਤਪੁਰ ਤੋਂ ਫਰਾਰ ਹੋ ਗਿਆ ਸੀ, ਜੋ ਅਜੇ ਤੱਕ ਫੜਿਆ ਨਹੀਂ ਗਿਆ | ਆਈ. ਜੀ. ਸਵਪਨ ਸ਼ਰਮਾ ਤੇ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਨਕੋਦਰ 'ਚ ਫਲੈਗ ਮਾਰਚ ਦੀ ਅਗਵਾਈ ਕੀਤੀ¢ ਉਨ੍ਹਾਂ ਦੱਸਿਆ ਕਿ ਇਲਾਕੇ 'ਚ ਸਥਿਤੀ ਕਾਬੂ ਹੇਠ ਅਤੇ ਸ਼ਾਂਤੀਪੂਰਨ ਹੈ¢
ਅੰਮਿ੍ਤਸਰ/ਬਿਆਸ, 19 ਮਾਰਚ (ਗਗਨਦੀਪ ਸ਼ਰਮਾ, ਪਰਮਜੀਤ ਸਿੰਘ ਰੱਖੜਾ)-ਅਜਨਾਲਾ ਵਿਖੇ ਪੁਲਿਸ 'ਤੇ ਜਾਨਲੇਵਾ ਹਮਲੇ ਦੇ ਦੋਸ਼ਾਂ ਹੇਠ ਦਰਜ ਹੋਏ ਮਾਮਲੇ 'ਚ ਅੰਮਿ੍ਤਪਾਲ ਸਿੰਘ ਸਮੇਤ ਸੱਤ ਖ਼ਿਲਾਫ਼ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ | ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ. ਸਤਿੰਦਰ ਸਿੰਘ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਇਹ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਦਿਨ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਪਾਸੋਂ 6 ਗੈਰ ਲਾਇਸੰਸੀ 12 ਬੋਰ ਤੇ 193 ਰੌਂਦ ਬਰਾਮਦ ਕੀਤੇ ਗਏ ਤੇ ਹਾਲੇ ਇਕ 315 ਬੋਰ ਗੈਰ-ਕਾਨੂੰਨੀ ਹਥਿਆਰ ਬਰਾਮਦ ਕਰਨਾ ਬਾਕੀ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ 'ਚ ਸ਼ਾਮਿਲ ਹਰਵਿੰਦਰ ਸਿੰਘ ਕੋਲ 315 ਬੋਰ ਤੇ 32 ਰਿਵਾਲਵਰ ਲਾਇਸੰਸੀ ਸਨ ਪਰ ਲਾਇਸੰਸ 'ਤੇ ਦਰਜ ਰੌਂਦਾਂ ਤੋਂ ਵੱਧ ਗੋਲੀਆਂ ਬਰਾਮਦ ਹੋਣ 'ਤੇ ਉਹ ਗੈਰ-ਕਾਨੂੰਨੀ ਹੋ ਗਏ | ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਨੇ ਪੁੱਛਗਿੱਛ ਕਰਨ 'ਤੇ ਦੱਸਿਆ ਕਿ ਅੰਮਿ੍ਤਪਾਲ ਦੇ ਕਹਿਣ 'ਤੇ ਗੁਰਭੇਜ ਸਿੰਘ ਨਾਮਕ ਵਿਅਕਤੀ ਪਾਸੋਂ ਉਸ ਨੂੰ ਇਹ ਗੋਲੀਆਂ ਪ੍ਰਾਪਤ ਹੋਈਆਂ ਸਨ | ਐਸ. ਐਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖ਼ਤ ਅਜੇਪਾਲ ਸਿੰਘ, ਗੁਰਵੀਰ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਪਾਲ ਸਿੰਘ, ਸਵਰੀਤ ਸਿੰਘ ਤੇ ਅਮਨਦੀਪ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਹ ਸਾਰੇ ਅੰਮਿ੍ਤਪਾਲ ਸਿੰਘ ਦੇ ਕਾਫ਼ਲੇ ਨਾਲ ਚੱਲ ਰਹੇ ਸਨ | ਪੁਲਿਸ ਨੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਪਰ ਅੰਮਿ੍ਤਪਾਲ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ | ਉਨ੍ਹਾਂ ਨੇ ਅੰਮਿ੍ਤਪਾਲ ਸਿੰਘ ਦੇ ਪਿੰਡ ਵਿਚ ਤਲਾਸ਼ੀ ਮੁਹਿੰਮ ਛੇੜਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਉਥੋਂ ਕੁਝ ਨਹੀਂ ਮਿਲਿਆ ਤੇ ਫ਼ਿਲਹਾਲ ਤਲਾਸ਼ੀ ਜਾਰੀ ਹੈ | ਉਨ੍ਹਾਂ ਅੰਮਿ੍ਤਸਰ ਜ਼ਿਲ੍ਹੇ ਦੇ ਵਾਸੀਆਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਪੂਰੀ ਤਰਾਂ ਮੁਸਤੈਦ ਹੈ | ਉਨ੍ਹਾਂ ਮੀਡੀਆ ਕਰਮੀਆਂ ਦੇ ਕਈ ਹੋਰ ਸਵਾਲਾਂ ਦਾ ਇਹ ਕਹਿ ਕੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਜਾਂਚ ਦਾ ਵਿਸ਼ਾ ਹੈ, ਜਿਸ ਬਾਰੇ ਹਾਲੇ ਉਹ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ | ਉਨ੍ਹਾਂ ਅੰਮਿ੍ਤਪਾਲ ਸਿੰਘ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਭਾਲ 'ਚ ਛਾਪੇਮਾਰੀ ਜਾਰੀ ਹੈ ਤੇ ਉਸ ਨੂੰ ਬਹੁਤ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਅੰਮਿ੍ਤਸਰ, 19 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨਣ ਲਈ ਵਿਚਾਰ ਚਰਚਾ ਦੀ ਯੋਜਨਾ ਬਣਾ ਰਹੀ ਹੈ | ਸਨਾਉੱਲਾ ਨੇ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਸਰਕਾਰ ਆਪਣੀ ਕਾਨੂੰਨੀ ਟੀਮ ਨਾਲ ਸਲਾਹ ਕਰੇਗੀ ਕਿ ਕੀ ਪੀ.ਟੀ.ਆਈ. ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ ਜਾਂ ਨਹੀਂ | ਇਸ ਦੌਰਾਨ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਆਪਣੀ ਭਤੀਜੀ ਤੇ ਪੀ. ਐਮ. ਐਨ.-ਐਲ. ਦੀ ਸੀਨੀਅਰ ਉਪ ਪ੍ਰਧਾਨ ਮਰੀਅਮ ਨਵਾਜ਼ ਦੇ ਇਸ ਦਾਅਵੇ ਨਾਲ ਸਹਿਮਤ ਦਿਖਾਈ ਦਿੱਤੇ ਕਿ ਇਮਰਾਨ ਖ਼ਾਨ ਦੀ ਪਾਰਟੀ ਅੱਤਵਾਦੀ ਸੰਗਠਨ ਹੈ |
ਊਨਾ (ਹਿਮਾਚਲ ਪ੍ਰਦੇਸ਼), (ਏਜੰਸੀ)-'ਵਾਰਸ ਪੰਜਾਬ ਦੇ' ਜਥੇਬੰਦੀ ਦੇ ਅੰਮਿ੍ਤਪਾਲ ਸਿੰਘ ਵਿਰੁੱਧ ਪੁਲਿਸ ਵਲੋਂ ਕੀਤੀ ਵੱਡੀ ਕਾਰਵਾਈ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਦੀਆਂ ਪੰਜਾਬ ਨਾਲ ਲਗਦੀਆਂ ਹੱਦਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ | ਊਨਾ ਦੇ ਐਸ. ਪੀ. ਅਰਜਿਤ ਸੇਨ ਠਾਕੁਰ ਨੇ ਕਿਹਾ ਕਿ ਨੰਗਲ ਅਤੇ ਗਗਰੇਟ ਦੇ ਨਾਲ ਹਰੇਕ ਨਾਕੇ 'ਤੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ | ਊਨਾ ਪੁਲਿਸ ਨੇ ਹਿਮਾਚਲ-ਪੰਜਾਬ ਸਰਹੱਦ 'ਤੇ ਲਗਦੇ ਬਠੜੀ, ਮਾਰਵਾਰੀ, ਸੰਤੋਸ਼ਗੜ੍ਹ ਅਤੇ ਮਹਿਤਪੁਰ ਵਿਖੇ ਕਈ ਥਾਵਾਂ 'ਤੇ ਬੈਰੀਕੇਡ ਲਾ ਕੇ ਭਾਰੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ | ਠਾਕੁਰ ਨੇ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਹਿੰਦਿਆਂ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ |
ਡਿਬਰੂਗੜ੍ਹ, (ਏਜੰਸੀ)-ਅੰਮਿ੍ਤਪਾਲ ਸਿੰਘ ਦੇ ਕੱਲ੍ਹ ਗਿ੍ਫ਼ਤਾਰ ਕੀਤੇ ਗਏ 4 ਸਾਥੀਆਂ ਨੂੰ ਲੈ ਕੇ ਪੰਜਾਬ ਪੁਲਿਸ ਐਤਵਾਰ ਨੂੰ ਆਸਾਮ ਪੁੱਜੀ | ਪੁਲਿਸ ਨੇ ਇਹ ਜਾਣਕਾਰੀ ਦਿੱਤੀ | ਇਹ ਚਾਰਾਂ ਨੂੰ ਸਨਿਚਰਵਾਰ ਨੂੰ 78 ਲੋਕਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ | ਪੰਜਾਬ ...
ਬਾਬਾ ਬਕਾਲਾ ਸਾਹਿਬ, 19 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-'ਵਾਰਿਸ ਪੰਜਾਬ ਦੇ' ਜਥੇਬੰਦੀ ਖ਼ਿਲਾਫ਼ ਪੁਲਿਸ ਵਲੋਂ ਵਿੱਢੀ ਮੁਹਿੰਮ ਤਹਿਤ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਗਿ੍ਫ਼ਤਾਰ ਕੀਤੇ ਗਏ 7 ਸਾਥੀਆਂ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਾਬਾ ...
ਭਾਰਤ ਜੋੜੋ ਯਾਤਰਾ ਦੌਰਾਨ ਸਰੀਰਕ ਸ਼ੋਸ਼ਣ ਸੰਬੰਧੀ ਦਿੱਤੇ ਬਿਆਨ ਦਾ ਦਿੱਤਾ ਜਵਾਬ
ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)-ਕਸ਼ਮੀਰ ਵਿਚ 'ਭਾਰਤ ਜੋੜੇ ਯਾਤਰਾ ਦੌਰਾਨ' ਸਰੀਰਕ ਸ਼ੋਸ਼ਣ ਦੇ ਪੀੜਤਾਂ ਬਾਰੇ ਦਿੱਤੇ ਬਿਆਨ ਦੇ ਸਿਲਸਿਲੇ 'ਚ ਪੁੱਛਗਿੱਛ ਲਈ ਦਿੱਲੀ ਪੁਲਿਸ ...
ਨਵੀਂ ਦਿੱਲੀ, 19 ਮਾਰਚ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਦੀ ਆਗੂ ਕੇ. ਕਵਿਤਾ ਦੁਆਰਾ ਦਾਇਰ ਪਟੀਸ਼ਨ 'ਚ ਜਾਂਚ ਏਜੰਸੀ ਦੀ ਸੁਣਵਾਈ ਕੀਤੇ ਬਗੈਰ ਕੋਈ ਹੁਕਮ ਨਾ ਦੇਣ ਦੀ ਅਪੀਲ ਕਰਦਿਆਂ ਸੁਪਰੀਮ ਕੋਰਟ 'ਚ ਇਕ ਕੈਵੀਏਟ ...
ਚੰਡੀਗੜ੍ਹ, 19 ਮਾਰਚ (ਤਰੁਣ ਭਜਨੀ)-ਅੰਮਿ੍ਤਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ਕਰਦੀ ਹੈਬੀਅਸ ਕਾਰਪਸ ਪਟੀਸ਼ਨ ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਹੈ, ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਉਸ ਨੂੰ ਪੰਜਾਬ ਪੁਲਿਸ ਦੇ ...
ਮੁੰਬਈ, 19 ਮਾਰਚ (ਏਜੰਸੀ)-ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖ਼ਾਨ ਦੇ ਦਫ਼ਤਰ 'ਚ ਅਦਾਕਾਰ ਨੂੰ ਧਮਕੀ ਦੇਣ ਵਾਲੀ ਈ-ਮੇਲ ਮਿਲਣ ਦੇ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੇ ਇਕ ਹੋਰ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ | ਇਕ ਅਧਿਕਾਰੀ ਨੇ ਕਿਹਾ ਕਿ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX