ਅੱਜ ਦਾ ਮਨੁੱਖ ਭਾਵੇਂ ਉੱਚ ਪੱਧਰੀ ਵਿਗਿਆਨਕ ਯੁੱਗ ਅਤੇ ਆਧੁਨਿਕ ਉੱਚ ਪੱਧਰੀ ਤਕਨੀਕ ਨਾਲ ਲੈਸ ਮਸ਼ੀਨੀ ਯੁੱਗ 'ਚ ਰਹਿ ਰਿਹਾ ਹੈ, ਪਰ ਇਸ ਦੇ ਬਾਵਜੂਦ ਇਹ ਅਟੱਲ ਸਚਾਈ ਹੈ ਕਿ ਪਾਣੀ ਬਿਨਾਂ ਮਨੁੱਖੀ ਸੱਭਿਅਤਾ ਦਾ ਵਜੂਦ ਸੰਭਵ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਸਦੀਆਂ ਪਹਿਲਾਂ ਪੁਰਾਤਨ ਮਨੁੱਖੀ ਸੱਭਿਆਤਾਵਾਂ ਦਾ ਜਨਮ ਪਾਣੀ ਭਾਵ ਜਲ ਸੋਮਿਆਂ-ਦਰਿਆਵਾਂ ਕਿਨਾਰੇ ਹੀ ਹੋਇਆ ਅਤੇ ਸਦੀਆਂ ਪਹਿਲਾਂ ਕੁਦਰਤੀ ਜਲ ਸੋਮਿਆਂ ਨੇ ਹੀ ਮਨੁੱਖ ਨੂੰ ਜੀਵਨਦਾਨ ਦਿੱਤਾ ਪਰ ਸਿਤਮਜ਼ਰੀਫੀ ਵੇਖੋ ਕਿ ਕੁਦਰਤੀ ਜਲ ਸੋਮਿਆਂ ਨੇ ਜਿਹੜੇ ਮਨੁੱਖ ਨੂੰ ਜੀਵਨਦਾਨ ਦਿੱਤਾ, ਅੱਜ ਉਸੇ ਮਨੁੱਖ ਦੀਆਂ ਖ਼ੁਦਗਰਜ਼ੀ ਅਤੇ ਲਾਲਚ ਕਾਰਨ ਇਨ੍ਹਾਂ ਕੁਦਰਤੀ ਜਲ ਸੋਮਿਆਂ ਦਾ ਖ਼ੁਦ ਦਾ ਜੀਵਨ ਅਤੇ ਵਜੂਦ ਖ਼ਤਰੇ ਵਿਚ ਹੈ।
ਅਸਲ 'ਚ ਵਿਗਿਆਨ ਅਤੇ ਮਨੁੱਖੀ ਵਿਕਾਸ ਦੇ ਨਾਂਅ ਹੇਠ ਪਾਣੀ ਦੇ ਕੁਦਰਤੀ ਜਲ ਸੋਮਿਆਂ ਨੂੰ ਖ਼ੁਦ ਮਨੁੱਖ ਵਲੋਂ ਹੀ ਪਿਛਲੇ ਸਮੇਂ ਤੋਂ ਤਬਾਹ ਕੀਤਾ ਜਾ ਰਿਹਾ ਹੈ। ਨਦੀਆ ਅਤੇ ਦਰਿਆਵਾਂ ਦੇ ਨਿਰਮਲ ਵਹਿੰਦੇ ਪਾਣੀ ਉਪਰ ਬੰਨ੍ਹ ਮਾਰ ਕੇ ਇਸ ਪਾਣੀ ਦਾ ਕੁਦਰਤੀ ਵਹਾਓ ਭਾਵ ਰਾਹ ਮਨੁੱਖ ਨੇ ਰੋਕਿਆ, ਫਿਰ ਇਸ ਪਾਣੀ ਨੂੰ ਬੋਤਲਾਂ ਵਿਚ ਭਰ ਕੇ ਮੁੱਲ ਵੇਚਿਆ ਜਾ ਰਿਹਾ ਹੈ। ਇਸ ਤਰ੍ਹਾਂ ਮਨੁੱਖ ਦੇ ਵਪਾਰਕ ਲਾਲਚ ਨੇ ਨਦੀਆਂ ਅਤੇ ਦਰਿਆਵਾਂ ਦੇ ਪਵਿੱਤਰ ਪਾਣੀ ਦਾ ਬੋਤਲਬੰਦ ਵਪਾਰੀਕਰਨ ਕਰ ਦਿੱਤਾ, ਇਸ ਦੇ ਨਾਲ ਹੀ ਨਦੀਆਂ-ਦਰਿਆਵਾਂ 'ਚੋਂ ਨਹਿਰਾਂ, ਰਜਬਾਹੇ, ਕੱਸੀਆਂ ਕੱਢ ਕੇ ਮਨੁੱਖ ਦੀ ਘਰ-ਘਰ ਤੱਕ ਪਾਈਪਾਂ ਰਾਹੀਂ ਪਾਣੀ ਪਹੁੰਚਾਉਣ ਦੀ ਜ਼ਿੱਦ ਨੇ ਸਰਕਾਰੀ ਖ਼ਜ਼ਾਨਾ ਅਤੇ ਵਪਾਰੀਆਂ ਦੀਆਂ ਜੇਬਾਂ ਨੂੰ ਤਾਂ ਭਰ ਦਿੱਤਾ ਪਰ ਇਸ ਸਭ ਕੁਝ 'ਚ ਪਾਣੀ ਦੀ ਬਰਬਾਦੀ ਵੀ ਹੋਈ ਅਤੇ ਪਾਣੀ 'ਚ ਵੱਡੀ ਪੱਧਰ 'ਤੇ ਪ੍ਰਦੂਸ਼ਣ ਵੀ ਪੈਦਾ ਹੋਇਆ। ਇੱਥੇ ਹੀ ਬਸ ਨਹੀਂ ਸਗੋਂ ਮਨੁੱਖ ਨੇ ਆਪਣੇ ਸਵਾਰਥ ਲਈ ਪਾਤਾਲ ਖੋਦ ਕੇ ਧਰਤੀ ਦੀ ਕੁੱਖ ਵਿਚੋਂ ਮਣਾਂ ਮੂੰਹੀਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਅੱਜ ਧਰਤੀ ਹੇਠਲੇ ਪਾਣੀ ਦੇ ਕੁਦਰਤੀ ਸੋਮੇ ਵੀ ਖ਼ਤਮ ਹੋਣ ਵਾਲੇ ਹਨ। ਅਖੌਤੀ ਮਨੁੱਖੀ ਤਰੱਕੀ ਨਾਲ ਕੁਦਰਤੀ ਜਲ ਸੋਮੇ ਸੁੱਕਦੇ, ਸੁੰਗੜਦੇ ਜਾ ਰਹੇ ਹਨ ਅਤੇ ਪ੍ਰਦੂਸ਼ਿਤ ਹੋ ਰਹੇ ਹਨ। ਅੱਜ ਦੇ ਮੌਜੂਦਾ ਹਾਲਾਤ ਇਹ ਹਨ ਕਿ ਸਿਰਫ਼ ਸ਼ਹਿਰਾਂ 'ਚ ਹੀ ਨਹੀਂ, ਸਗੋਂ ਕਸਬਿਆਂ ਅਤੇ ਪਿੰਡਾਂ 'ਚ ਵੀ ਸ਼ੁੱਧ ਪਾਣੀ ਦੀ ਘਾਟ ਪੈਦਾ ਹੋ ਗਈ ਹੈ। ਪਿੰਡਾਂ 'ਚੋਂ ਪਾਣੀ ਦੇ ਸੋਮੇ ਛੱਪੜ, ਟੋਭੇ ਅਲੋਪ ਹੋ ਚੁੱਕੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਆਜ਼ਾਦ ਹੋਣ ਵੇਲੇ ਪ੍ਰਤੀ ਵਿਅਕਤੀ 6000 ਘਣ ਮੀਟਰ ਪਾਣੀ ਮੁਹੱਈਆ ਸੀ, ਜੋ ਸਾਲ 2010 'ਚ ਘਟ ਕੇ ਕਰੀਬ 1600 ਘਣ ਮੀਟਰ ਪ੍ਰਤੀ ਵਿਅਕਤੀ ਰਹਿ ਗਿਆ ਸੀ। ਕੇਂਦਰੀ ਜਲ ਸਰੋਤ ਮੰਤਰਾਲੇ ਅਨੁਸਾਰ ਪ੍ਰਤੀ ਵਿਅਕਤੀ ਜਲ ਉਪਲੱਬਤਾ ਸਾਲ 2025 ਵਿਚ 1341 ਘਣ ਮੀਟਰ ਅਤੇ ਸਾਲ 2050 ਤੱਕ ਪ੍ਰਤੀ ਵਿਅਕਤੀ ਪਾਣੀ ਦੀ ਉਪਲੱਬਤਾ 1140 ਘਣ ਮੀਟਰ ਰਹਿ ਜਾਵੇਗੀ।
'ਵਰਲਡ ਰਿਸੋਰਸ ਇੰਸਟੀਚਿਊਟ' ਦੀ ਮਾਰਚ 2016 ਦੀ ਰਿਪੋਰਟ ਅਨੁਸਾਰ ਭਾਰਤ ਦੇ 54 ਫ਼ੀਸਦੀ ਹਿੱਸੇ 'ਚ ਪਾਣੀ ਦੀ ਘਾਟ ਪਾਈ ਜਾ ਰਹੀ ਹੈ। ਨੀਤੀ ਆਯੋਗ ਵਲੋਂ ਸਾਲ 2018 ਦੀ ਜਾਰੀ ਰਿਪੋਰਟ 'ਚ ਵੀ ਇਹ ਕਿਹਾ ਗਿਆ ਹੈ ਕਿ ਇਕ ਪਾਸੇ ਦੇਸ਼ ਦੇ ਕਰੀਬ 60 ਕਰੋੜ ਲੋਕ ਪਾਣੀ ਦੀ ਭਿਆਨਕ ਘਾਟ ਨਾਲ ਜੂਝ ਰਹੇ ਹਨ ਅਤੇ ਦੂਜੇ ਪਾਸੇ 70 ਫ਼ੀਸਦੀ ਪਾਣੀ ਪੀਣਯੋਗ ਨਹੀਂ ਰਿਹਾ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿਗਣ, ਸੋਕਾ, ਖੇਤੀ, ਕਾਰਖਾਨਿਆਂ ਅਤੇ ਉਸਾਰੀ ਕੰਮਾਂ 'ਚ ਵਧਦੀ ਪਾਣੀ ਦੀ ਮੰਗ, ਜਲ ਸਰੋਤਾਂ 'ਚ ਵਧਦੇ ਜਾ ਰਹੇ ਪ੍ਰਦੂਸ਼ਣ ਅਤੇ ਗ਼ਲਤ ਜਲ ਪ੍ਰਬੰਧਨ ਯੋਜਨਾਵਾਂ ਵਰਗੀਆਂ ਚੁਣੌਤੀਆਂ, ਮੌਸਮੀ ਬਦਲਾਓ ਅਤੇ ਜਲਵਾਯੂ ਪਰਿਵਰਤਨ ਦੇ ਨਾਲ ਹੋਰ ਵਧ ਜਾਣਗੀਆਂ।
ਇਕ ਸਰਕਾਰੀ ਸਰਵੇਖਣ ਅਨੁਸਾਰ ਭਾਰਤ 'ਚ ਹਰ ਸਾਲ ਹੀ 25 ਲੱਖ ਲੋਕ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨਾਲ ਮਰ ਜਾਂਦੇ ਹਨ। ਭਾਰਤ 'ਚ 16 ਕਰੋੜ ਤੋਂ ਵਧੇਰੇ ਲੋਕ ਅਜਿਹੇ ਹਨ ਜੋ ਕਿ ਪੀਣ ਲਈ ਸਾਫ਼ ਪਾਣੀ ਨੂੰ ਤਰਸਦੇ ਹਨ, ਹਾਂ ਅਮੀਰ ਲੋਕ ਜ਼ਰੂਰ ਬੋਤਲਬੰਦ ਪਾਣੀ ਮੁੱਲ ਲੈ ਕੇ ਪੀ ਲੈਂਦੇ ਹਨ, ਪਰ ਇਸ ਪਾਣੀ ਦੀ ਗੁਣਵੱਤਾ ਉਪਰ ਵੀ ਹੁਣ ਤੱਕ ਕਈ ਵਾਰ ਸਵਾਲ ਚੁੱਕੇ ਗਏ ਹਨ। ਸਿੱਤਮ ਦੀ ਗੱਲ ਹੈ ਕਿ ਇਕ ਪਾਸੇ ਉੱਚ ਪੱਧਰੀ ਸਰਕਾਰੀ ਗਲਿਆਰਿਆਂ ਤੋਂ ਲੈ ਕੇ ਹਰ ਪੱਧਰ 'ਤੇ 'ਪਾਣੀ ਬਚਾਓ' ਦਾ ਨਾਅਰਾ ਬੁਲੰਦ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਧਰਤੀ ਹੇਠੋਂ ਪਾਣੀ ਦਾ ਕੱਢਣਾ ਵੱਡੇ ਪੱਧਰ 'ਤੇ ਜਾਰੀ ਹੈ ਅਤੇ ਕੁਦਰਤੀ ਜਲ ਸੋਮਿਆਂ ਦੀ ਦੁਰਵਰਤੋਂ ਵੀ ਵੱਡੇ ਪੱਧਰ 'ਤੇ ਹੋ ਰਹੀ ਹੈ, ਇਹ ਦੋਵੇਂ ਗੱਲਾਂ ਆਪਾ ਵਿਰੋਧੀ ਹਨ।
ਲਗਾਤਾਰ ਵਧਦੀ ਹੋਈ ਤਕਨੀਕ ਦੀ ਵਰਤੋਂ, ਤੇਜ਼ ਰਫ਼ਤਾਰ ਅਤੇ ਹਰ ਵੇਲੇ ਭੱਜ-ਦੌੜ, ਭੌਤਿਕ ਸੁੱਖ ਦੇ ਸਾਧਨਾਂ ਨੂੰ ਅਸੀਮਿਤ ਤੱਕ ਬਣਾਉਣ ਦੀ ਹੋੜ ਨੇ ਮਨੁੱਖੀ ਜੀਵਨ ਦੇ ਨਾਲ-ਨਾਲ ਕੁਦਰਤੀ ਜਲ ਸੋਮਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਅੱਜ ਪ੍ਰਦੂਸ਼ਿਤ ਪਾਣੀ ਕਾਰਨ ਹੀ ਮਨੁੱਖ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ। ਨਦੀਆਂ-ਦਰਿਆਵਾਂ ਅਤੇ ਕੁਦਰਤੀ ਜਲ ਸੋਮਿਆਂ 'ਚ ਡਿਗਦਾ ਸੀਵਰੇਜ, ਉਦਯੋਗਾਂ, ਫੈਕਟਰੀਆਂ ਦੇ ਜ਼ਹਿਰੀਲੇ ਰਸਾਇਣ ਅਤੇ ਹੋਰ ਗੰਦ-ਮੰਦ ਪੀਣ ਵਾਲੇ ਕੁਦਰਤੀ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਬਣਾਉਂਦੇ ਹਨ, ਇਹ ਜ਼ਹਿਰੀਲਾ ਪਾਣੀ ਜੀਵ-ਜੰਤੂਆਂ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਬਹੁਤ ਹਾਨੀਕਾਰਕ ਸਾਬਿਤ ਹੋ ਰਿਹਾ ਹੈ।
ਅਸਲ ਵਿਚ ਹੁਣ ਵੇਲਾ ਸਿਰਫ਼ ਗੱਲਾਂ ਕਰਨ ਦਾ ਨਹੀਂ ਸਗੋਂ ਪਾਣੀ ਬਚਾਉਣ ਅਤੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਲਈ ਠੋਸ ਉਪਰਾਲੇ ਕਰਨ ਦਾ ਹੈ। ਇਸ ਸਭ ਲਈ ਸਾਨੂੰ ਖ਼ੁਦ ਤੋਂ ਪਹਿਲ ਕਰਨੀ ਚਾਹੀਦੀ ਹੈ ਅਤੇ ਹਰ ਵਿਅਕਤੀ ਨੂੰ ਖ਼ੁਦ ਪਾਣੀ ਦੀ ਸੰਭਾਲ ਕਰਨ ਅਤੇ ਬਰਬਾਦੀ ਰੋਕਣ, ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ। ਹਿਮਾਚਲ ਪ੍ਰਦੇਸ਼ ਅਤੇ ਹੋਰ ਕਈ ਰਾਜਾਂ 'ਚ ਬਰਸਾਤੀ ਪਾਣੀ ਦੀ ਸੰਭਾਲ ਲਈ ਉੱਥੋਂ ਦੀਆਂ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਵਲੋਂ ਵੀ ਉਪਰਾਲੇ ਕੀਤੇ ਜਾਂਦੇ ਹਨ। ਸ਼ਿਮਲਾ ਅਤੇ ਹੋਰ ਇਲਾਕਿਆਂ 'ਚ ਸਥਿਤ ਵੱਡੀ ਗਿਣਤੀ, ਘਰਾਂ 'ਚ ਹੀ ਬਰਸਾਤੀ ਪਾਣੀ ਲਈ ਸੰਬੰਧਤ ਦੇਸੀ ਜੁਗਾੜ ਲਾਏ ਦੇਖੇ ਜਾਂਦੇ ਹਨ। ਇਨ੍ਹਾਂ ਇਲਾਕਿਆਂ ਵਿਚ ਛੱਤ ਦਾ ਪਾਣੀ ਪਾਈਪਾਂ ਰਾਹੀਂ ਸਿੱਧਾ ਵਾਟਰ ਟੈਂਕਾਂ ਵਿਚ ਸੁੱਟਿਆ ਜਾਂਦਾ ਹੈ ਅਤੇ ਫਿਰ ਲੋੜ ਅਨੁਸਾਰ ਉਸ ਬਰਸਾਤੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਅਸਲ ਵਿਚ ਪਹਾੜੀ ਲੋਕ ਪਾਣੀ ਦੇ ਮਹੱਤਵ ਨੂੰ ਪੰਜਾਬੀਆਂ ਨਾਲੋਂ ਪਹਿਲਾਂ ਸਮਝ ਗਏ ਹਨ, ਇਸ ਕਾਰਨ ਹਿਮਾਚਲ ਸਰਕਾਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਹੋਰ ਪਹਾੜੀ ਰਾਜਾਂ ਦੇ ਲੋਕ ਬਰਸਾਤੀ ਪਾਣੀ ਦੀ ਸੰਭਾਲ ਲਈ ਆਪੋ-ਆਪਣਾ ਯੋਗਦਾਨ ਪਾਉਂਦੇ ਹਨ। ਪੰਜਾਬ 'ਚ ਪਾਣੀ ਦੀ ਸੰਭਾਲ ਲਈ ਪਿੰਡਾਂ ਵਿਚ ਟੋਭਿਆਂ ਅਤੇ ਛੱਪੜਾਂ ਨੂੰ ਮੁੜ ਪੁੱਟਿਆ ਜਾਣਾ ਚਾਹੀਦਾ ਹੈ ਤਾਂ ਕਿ ਉੱਥੇ ਬਰਸਾਤੀ ਪਾਣੀ ਦੀ ਸੰਭਾਲ ਹੋ ਸਕੇ ਅਤੇ ਛੱਪੜਾਂ-ਟੋਭਿਆਂ ਵਿਚ ਖੜ੍ਹਾ ਪਾਣੀ ਹੌਲੀ-ਹੌਲੀ ਧਰਤੀ 'ਚ ਰਿਸਦਾ ਰਹੇ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਉਠ ਸਕੇਗਾ। ਪੰਜਾਬ ਵਿਚ ਝੋਨੇ ਦੀ ਥਾਂ ਘੱਟ ਪਾਣੀ ਪੀਣ ਵਾਲੀਆਂ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਲਈ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਅਤੇ ਪਾਣੀ ਦੀ ਦੁਰਵਰਤੋ ਰੋਕੀ ਜਾਣੀ ਚਾਹੀਦੀ ਹੈ। ਹਰ ਨਵੀਂ ਉਸਾਰੀ ਮੌਕੇ ਇਹ ਸ਼ਰਤ ਲਗਾ ਦੇਣੀ ਚਾਹੀਦੀ ਹੈ ਕਿ ਉੱਥੇ ਬਰਸਾਤੀ ਪਾਣੀ ਦੀ ਧਰਤੀ ਹੇਠਾਂ ਨਿਕਾਸੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਹਰ ਪਿੰਡ, ਸ਼ਹਿਰ 'ਚ ਪਾਣੀ ਬਚਾਓ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੇ ਮੈਂਬਰ ਪਾਣੀ ਬਚਾਉਣ ਦੇ ਨਾਲ-ਨਾਲ ਪਾਣੀ ਦੀ ਦੁਰਵਰਤੋਂ ਰੋਕਣ ਲਈ ਉਪਰਾਲੇ ਕਰਨ। ਪਾਣੀ ਦੀ ਸਾਂਭ-ਸੰਭਾਲ ਕਰਨ ਅਤੇ ਪਾਣੀ ਦੀ ਦੁਰਵਰਤਂੋ ਰੋਕਣ, ਪਾਣੀ ਨੂੰ ਪ੍ਰਦੁਸ਼ਣ ਤੋਂ ਬਚਾਉਣ ਲਈ ਅਤੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਲਈ ਮਨੁੱਖੀ ਸਮਾਜ ਨੂੰ ਖ਼ੁਦ ਉਪਰਾਲੇ ਕਰਨੇ ਪੈਣਗੇ ਅਤੇ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਪਾਣੀ ਬਿਨਾਂ ਮਨੁੱਖੀ ਸੱਭਿਅਤਾ ਦਾ ਵਜੂਦ ਸੰਭਵ ਨਹੀਂ ਹੈ। ਸਦੀਆਂ ਤੋਂ ਮਨੁੱਖੀ ਸੱਭਿਅਤਾ ਨੂੰ ਜੀਵਨਦਾਨ ਦੇਣ ਵਾਲੇ ਕੁਦਰਤੀ ਜਲ ਸੋਮਿਆਂ ਨੂੰ ਜੀਵਨ ਦਾਨ ਦੇਣਾ ਹੁਣ ਹਰ ਮਨੁੱਖ ਦਾ ਫ਼ਰਜ਼ ਹੈ ਨਹੀਂ ਤਾਂ ਇਸ ਦਾ ਖਮਿਆਜਾ ਭੁਗਤਣ ਲਈ ਵੀ ਮਨੁੱਖ ਨੂੰ ਤਿਆਰ ਰਹਿਣਾ ਚਾਹੀਦਾ ਹੈ।
-ਲੱਕੀ ਨਿਵਾਸ, 61 ਏ ਵਿਦਿਆ ਨਗਰ, ਪਟਿਆਲਾ। ਮੋਬਾਇਲ :9463819174
ਜਦੋਂ ਵੀ ਕਿਤੇ ਆਪਣੇ ਪਿੰਡਾਂ ਵੱਲ ਆਪਣੇ ਇਲਾਕੇ 'ਚ ਜਾਣ ਦਾ ਸਬਬ ਬਣਿਆ, ਰੂਹ ਤਰੋ-ਤਾਜ਼ਾ ਹੋ ਕੇ ਮੁੜੀ। ਇਸ ਲਈ ਨਹੀਂ ਕਿ ਪਿੰਡ ਵਿਚ ਰੌਣਕ ਵੱਸਦੀ ਹੈ, ਹੁਣ ਤਾਂ ਬਹੁਤ ਘੱਟ ਗਈ ਹੈ। ਪਰ ਪਿੰਡ, ਜਿੱਥੇ ਵੀ ਜਾ ਕੇ ਵੱਸ ਗਏ, ਉੱਥੇ ਮਾਸੂਮੀਅਤ ਵਸਣ ਲੱਗ ਪਈ। ਸ਼ਾਇਦ ਸ਼ਹਿਰੀ ...
ਮੋਦੀ ਸਰਕਾਰ ਵਲੋਂ ਵਿਰੋਧੀ ਧਿਰ ਦੇ ਖ਼ਿਲਾਫ਼ ਇਕ ਨਵੇਂ ਹਮਲੇ ਦੀ ਸ਼ੁਰੂਆਤ ਕਰਦੇ ਹੋਏ ਕੇਂਦਰੀ ਏਜੰਸੀਆਂ ਖ਼ਾਸ ਤੌਰ 'ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਇਨਫੋਰਸਮੈਂਟ ਡਾਇਰੈਕੇਟੋਰੇਟ (ਈ.ਡੀ.) ਦੀਆਂ ਸਰਗਰਮੀਆਂ ਦਾ ਹੜ੍ਹ ਆ ਗਿਆ ਹੈ।
ਪਿਛਲੇ ਦੋ ਹਫ਼ਤਿਆਂ ਵਿਚ ...
ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਦੀ ਸੰਖੇਪ ਭਾਰਤ ਫੇਰੀ ਬੇਹੱਦ ਅਰਥ ਭਰਪੂਰ ਸੀ। ਇਹ ਆਉਣ ਵਾਲੇ ਸਮੇਂ ਵਿਚ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਵੀ ਗੂੜ੍ਹਾ ਕਰਨ ਵਿਚ ਸਹਾਈ ਹੋਵੇਗੀ। ਇਸ ਸਮੇਂ ਇਕ ਹਮਲੇ ਵਿਚ ਮਾਰੇ ਗਏ ਜਾਪਾਨ ਦੇ ਸਾਬਕਾ ਪ੍ਰਧਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX