ਚੰਡੀਗੜ੍ਹ, 22 ਮਾਰਚ (ਹਰਕਵਲਜੀਤ ਸਿੰਘ)-ਸੂਬੇ ਵਿਚਲੀ ਅਮਨ ਕਾਨੂੰਨ ਦੀ ਸਥਿਤੀ 'ਤੇ ਕਾਂਗਰਸ ਦਾ ਕੰਮ ਰੋਕੂ ਮਤਾ ਰੱਦ ਹੋਣ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਤੋਂ ਰੋਕਣ ਲਈ ਉਨ੍ਹਾਂ ਦਾ ਮਾਈਕ ਬੰਦ ਰੱਖਣ ਨੂੰ ਲੈ ਕੇ ਕਾਂਗਰਸ ਮੈਂਬਰਾਂ ਵਲੋਂ ਸਦਨ ਵਿਚ ਹੰਗਾਮਾ ਕਰਨ ਤੋਂ ਬਾਅਦ ਬਾਕੀ ਸਾਰੇ ਦਿਨ ਦੀ ਬੈਠਕ ਦਾ ਬਾਈਕਾਟ ਕੀਤਾ ਗਿਆ | ਸੂਬੇ ਵਿਚ ਨਸ਼ਿਆਂ ਵਿਰੁੱਧ ਜੰਗ ਦੇ ਮੁੱਦੇ 'ਤੇ ਰੱਖੀ ਗਈ ਵਿਸ਼ੇਸ਼ ਬਹਿਸ ਨੂੰ ਵੀ ਸਪੀਕਰ ਵਲੋਂ ਮੁੱਖ ਵਿਰੋਧੀ ਧਿਰ ਦੀ ਗੈਰ-ਹਾਜ਼ਰੀ ਕਾਰਨ ਰੱਦ ਕਰ ਦਿੱਤਾ ਗਿਆ | ਸਦਨ ਵਲੋਂ ਅੱਜ ਤਿੰਨ ਸਰਕਾਰੀ ਮਤੇ ਤੇ ਬਿੱਲਾਂ ਨੂੰ ਪ੍ਰਵਾਨਗੀ ਵੀ ਦਿੱਤੀ ਗਈ | ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਸਿਫ਼ਰ ਕਾਲ ਦੌਰਾਨ ਉਕਤ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਸਾਰੇ ਸਿੱਖਾਂ ਨੂੰ ਅੰਮਿ੍ਤਪਾਲ ਸਿੰਘ ਨਾਲ ਜੋੜਨਾ ਠੀਕ ਨਹੀਂ ਹੈ | ਉਨ੍ਹਾਂ ਕਿਹਾ ਕਿ ਜੋ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰੇ ਅਤੇ ਭਾਈਚਾਰਕ ਸਾਂਝ ਖ਼ਰਾਬ ਕਰੇ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਵਿਰੋਧੀ ਸ਼ਕਤੀਆਂ ਵਿਰੁੱਧ ਦਿ੍ੜਤਾ ਨਾਲ ਕਦਮ ਚੁੱਕੇ ਅਤੇ ਅਸੀਂ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹਾਂ | ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਉਹ ਕਿਸੇ ਵਿਰੁੱਧ ਨਾਜਾਇਜ਼ ਕਾਰਵਾਈ ਅਤੇ ਧੱਕੇ ਦੇ ਵੀ ਵਿਰੁੱਧ ਹਨ | ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜੋ ਕਾਂਗਰਸ ਮੈਂਬਰਾਂ ਨਾਲ ਸਦਨ ਦੀ ਕਾਰਵਾਈ ਦਾ ਬਾਈਕਾਟ ਕਰ ਗਏ ਸਨ, ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਾਜਪਾ ਦੇ ਹੱਥ ਠੋਕੇ ਬਣ ਗਏ ਹਨ ਅਤੇ ਅੰਮਿ੍ਤਪਾਲ ਸਿੰਘ ਵਿਰੁੱਧ ਕਾਰਵਾਈ ਪਿੱਛੇ ਸੂਬਾ ਸਰਕਾਰ ਅਤੇ ਕੇਂਦਰ ਦੇ ਗੁਪਤ ਇਰਾਦੇ ਤੇ ਲੁਕਵਾਂ ਏਜੰਡਾ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਪਾਲ ਸਿੰਘ ਨੂੰ ਗਿ੍ਫ਼ਤਾਰ ਕਰਨ ਵਿਚ ਸਰਕਾਰ ਦੀ ਅਸਫਲਤਾ ਅਤੇ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹ ਵਿਚੋਂ ਲਗਾਤਾਰ ਇੰਟਰਵੀਊਜ਼ ਲਈ ਮੁੱਖ ਮੰਤਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ | ਉਨ੍ਹਾਂ ਕਿਹਾ ਕਿ ਅੰਮਿ੍ਤਪਾਲ ਸਿੰਘ ਵਿਰੁੱਧ ਕਾਰਵਾਈ ਲਈ 18 ਮਾਰਚ ਦੀ ਚੋਣ ਦਾ ਮੰਤਵ ਸਿੱਧੂ ਮੂਸੇਵਾਲਾ ਦੇ ਬਰਸੀ ਸਮਾਗਮ 'ਚ ਵਿਘਨ ਪਾਉਣਾ ਸੀ ਪਰ ਸਰਕਾਰੀ ਪੱਖ ਵਲੋਂ ਅੱਜ ਸਦਨ ਵਿਚ ਮਗਰਲੇ ਕੁਝ ਦਿਨਾਂ ਦੀਆਂ ਘਟਨਾਵਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ | ਸਦਨ ਵਲੋਂ ਅੱਜ ਤਿੰਨ ਬਿੱਲ ਵੀ ਪਾਸ ਕੀਤੇ ਗਏ | ਇਨ੍ਹਾਂ ਵਿਚੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (ਸੋਧ) ਬਿੱਲ ਦਾ ਮੰਤਵ ਅਨੁਸੂਚਿਤ ਜਾਤਾਂ ਸੰਬੰਧੀ ਕਮਿਸ਼ਨ ਵਿਚ ਮੀਤ ਚੇਅਰਮੈਨ ਦਾ ਅਹੁਦਾ ਖ਼ਤਮ ਕਰਨਾ ਤੇ ਮੈਂਬਰਾਂ ਦੇ ਅਹੁਦੇ ਵੀ 10 ਤੋਂ ਘਟਾ ਕੇ 5 ਕਰਨਾ ਸੀ | ਹਾਲਾਂਕਿ, ਇਸ ਦਾ ਕਈ ਮੈਂਬਰਾਂ ਵਲੋਂ ਵਿਰੋਧ ਵੀ ਹੋਇਆ ਅਤੇ ਕਿਹਾ ਗਿਆ ਕਿ ਇਸ ਨਾਲ ਅਨੁਸੂਚਿਤ ਜਾਤਾਂ ਦੇ ਹਿੱਤਾਂ ਦਾ ਨੁਕਸਾਨ ਹੋਵੇਗਾ | ਸਦਨ ਵਲੋਂ ਪੰਜਾਬ ਮੰਡੀ ਬੋਰਡ ਵਿਚੋਂ ਸੀਨੀਅਰ ਮੀਤ ਚੇਅਰਮੈਨ ਤੇ ਮੀਤ ਚੇਅਰਮੈਨ ਦੇ ਅਹੁਦੇ ਖ਼ਤਮ ਕਰਨ ਲਈ ਵੀ ਇਕ ਬਿੱਲ ਪ੍ਰਵਾਨ ਕੀਤਾ ਗਿਆ | ਸਦਨ ਵਲੋਂ ਹੁਕਮਰਾਨ ਪਾਰਟੀ ਦੇ ਚੀਫ਼ ਵਹਿਪ ਨੂੰ ਕੈਬਨਿਟ ਮੰਤਰੀ ਦਾ ਦਰਜਾ, ਤਨਖ਼ਾਹ ਤੇ ਭੱਤੇ ਦੇਣ ਦੇ ਮੰਤਵ ਦਾ ਇਕ ਬਿੱਲ ਵੀ ਪਾਸ ਕੀਤਾ ਗਿਆ | ਵਰਨਣਯੋਗ ਹੈ ਕਿ ਦੂਸਰੀ ਵਾਰ ਪਾਰਟੀ ਦੀ ਵਿਧਾਇਕਾ ਬਣੀ ਸਰਬਜੀਤ ਕੌਰ ਮਾਣੂੰਕੇ, ਜਿਨ੍ਹਾਂ ਨੂੰ ਸਰਕਾਰ ਨੇ ਕੈਬਨਿਟ ਮੰਤਰੀ ਵਾਲਾ ਘਰ ਪਿਛਲੇ ਕਈ ਮਹੀਨਿਆਂ ਤੋਂ ਦਿੱਤਾ ਹੋਇਆ ਹੈ ਪਰ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਪਰ ਸਰਕਾਰ ਵਲੋਂ ਅੱਜ ਉਨ੍ਹਾਂ ਨੂੰ ਪਾਰਟੀ ਦੇ ਚੀਫ਼ ਵਹਿਪ ਵਜੋਂ ਕੈਬਨਿਟ ਰੈਂਕ ਦੇ ਕੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੂੰ ਕਾਨੂੰਨੀ ਰੰਗਤ ਦੇਣ ਤੋਂ ਇਲਾਵਾ ਸਰਕਾਰੀ ਵਾਹਨ, ਭੱਤਿਆਂ ਤੇ ਮੰਤਰੀ ਦੀ ਤਨਖ਼ਾਹ ਦੇਣ ਦਾ ਵੀ ਫ਼ੈਸਲਾ ਲੈ ਲਿਆ ਹੈ | ਵਿਧਾਨ ਸਭਾ ਵਲੋਂ ਸਦਨ ਦੀਆਂ ਕੁਝ ਅਹਿਮ ਕਮੇਟੀਆਂ ਦੇ ਗਠਨ ਲਈ ਵੀ ਅਧਿਕਾਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਦੇਣ ਦਾ ਫ਼ੈਸਲਾ ਲਿਆ ਗਿਆ | ਸਦਨ ਵਲੋਂ ਹਲਵਾਰਾ ਏਅਰਫੋਰਸ ਸਟੇਸ਼ਨ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਦੇ ਮੰਤਵ ਦਾ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਭੇਜਣ ਦਾ ਫ਼ੈਸਲਾ ਲਿਆ ਗਿਆ | ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਹਿਮਾਚਲ ਵਲੋਂ ਪਣ-ਬਿਜਲੀ ਯੋਜਨਾਵਾਂ 'ਤੇ ਲਗਾਏ 1200 ਕਰੋੜ ਦੇ ਸੈੱਸ, ਜਿਸ 'ਚੋਂ 500 ਕਰੋੜ ਪੰਜਾਬ ਨੂੰ ਦੇਣਾ ਪੈ ਸਕਦਾ ਹੈ, ਨੂੰ ਗੈਰ-ਵਿਧਾਨਿਕ ਦੱਸਦਿਆਂ ਇਸ ਨੂੰ ਸਦਨ ਵਲੋਂ ਰੱਦ ਕਰਨ ਲਈ ਪੇਸ਼ ਮਤੇ ਨੂੰ ਵੀ ਸਰਬਸੰਮਤੀ ਨਾਲ ਸਦਨ ਨੇ ਪਾਸ ਕਰ ਦਿੱਤਾ | ਮੀਤ ਹੇਅਰ ਨੇ ਸਦਨ ਵਿਚ ਕਿਹਾ ਕਿ ਪੰਜਾਬ ਪੰਜ ਪੈਸੇ ਦਾ ਵੀ ਸੈੱਸ ਨਹੀਂ ਦੇਵੇਗਾ ਪਰ ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਪੰਜ ਪੈਸੇ ਤਾਂ ਕੀ ਅਸੀਂ ਦੋ ਆਨੇ ਵੀ ਨਹੀਂ ਦੇਵਾਂਗੇ, ਜਿਸ 'ਤੇ ਸਭ ਹੈਰਾਨ ਸਨ ਕਿ ਕੀ ਮੁੱਖ ਮੰਤਰੀ ਨੂੰ 5 ਪੈਸੇ ਅਤੇ 2 ਆਨੇ ਦਾ ਅੰਤਰ ਸਪਸ਼ਟ ਨਹੀਂ ਹੈ | ਮੰਤਰੀ ਮੰਡਲ ਨੇ ਇੰਦਰਬੀਰ ਸਿੰਘ ਨਿੱਜਰ ਵਲੋਂ ਪੇਸ਼ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਸਨਮੁੱਖ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਹਰ ਸੰਭਵ ਯਤਨ ਕਰਨ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਸਦਨ ਦੀ ਬੈਠਕ ਅਣਮਿਥੇ ਸਮੇਂ ਲਈ ਉਠਾਉਣ ਲਈ ਪਾਸ ਕੀਤੇ ਮਤੇ ਨਾਲ ਬਜਟ ਸੈਸ਼ਨ ਅੱਜ ਉਠਾ ਦਿੱਤਾ ਗਿਆ |
ਚੰਡੀਗੜ੍ਹ, 22 ਮਾਰਚ (ਵਿਕਰਮਜੀਤ ਸਿੰਘ ਮਾਨ)- ਅੱਜ ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਆਖ਼ਰੀ ਦਿਨ ਸੂਬੇ 'ਚ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ | ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਵਲੋਂ ਸਦਨ 'ਚ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਚਰਚਾ ਕਰਨ ਦੀ ਮੰਗ ਕੀਤੀ ਗਈ, ਜਿਸ ਦੀ ਸਪੀਕਰ ਵਲੋਂ ਇਹ ਕਹਿ ਕੇ ਇਜਾਜ਼ਤ ਨਹੀਂ ਦਿੱਤੀ ਕਿ ਇਹ ਚਰਚਾ ਸਿਫ਼ਰ ਕਾਲ ਵਿਚ ਕੀਤੀ ਜਾ ਸਕਦੀ ਹੈ | ਪੰਜਾਬ ਵਿਧਾਨ ਸਭਾ 'ਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਬਾਅਦ ਜਿਵੇਂ ਹੀ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਕਾਨੂੰਨ ਵਿਵਸਥਾ 'ਤੇ ਬਹਿਸ ਕਰਨ ਦੀ ਮੰਗ ਕੀਤੀ | ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਇਸ ਬਾਰੇ ਮਤੇ ਨੂੰ ਨਾਮਨਜ਼ੂਰ ਕਰਨ ਤੋਂ ਬਾਅਦ ਕਾਂਗਰਸੀ ਵਿਧਾਇਕ 'ਆਪ' ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੀ ਕੁਰਸੀ ਅੱਗੇ ਆ ਗਏ | ਇਸ ਦੌਰਾਨ ਸਪੀਕਰ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਬਹਿਸ ਹੋਈ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਪੀਕਰ ਨੂੰ ਕਾਨੂੰਨ ਵਿਵਸਥਾ ਦਾ ਮੁੱਦਾ ਉਠਾਉਣ ਦੀ ਇਜਾਜ਼ਤ ਦੇਣ ਲਈ ਕਿਹਾ | ਉਨ੍ਹਾਂ ਸਪੀਕਰ 'ਤੇ ਸਰਕਾਰ ਦੇ ਹੁਕਮ ਮੁਤਾਬਕ ਚੱਲਣ ਦਾ ਦੋਸ਼ ਲਗਾਇਆ | ਕਾਂਗਰਸੀ ਵਿਧਾਇਕਾਂ ਨੇ ਕਰੀਬ 45 ਮਿੰਟ ਤੱਕ ਸਦਨ 'ਚ ਨਾਅਰੇਬਾਜ਼ੀ ਕਰਨ ਤੋਂ ਬਾਅਦ ਵਾਕਆਊਟ ਕਰ ਦਿੱਤਾ | ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕ ਸਦਨ 'ਚ ਨਾਅਰੇਬਾਜ਼ੀ ਕਰਦੇ ਰਹੇ | ਭਾਰੀ ਰੌਲੇ-ਰੱਪੇ ਦੌਰਾਨ ਹੀ ਸਵਾਲ-ਜਵਾਬ ਦੀ ਕਾਰਵਾਈ ਚੱਲਦੀ ਰਹੀ ਅਤੇ ਸਪੀਕਰ ਕਾਂਗਰਸ ਵਿਧਾਇਕਾਂ ਨੂੰ ਆਪਣੀਆਂ ਸੀਟਾਂ 'ਤੇ ਬੈਠਣ ਦੀ ਅਪੀਲ ਕਰਦੇ ਰਹੇ ਪਰ ਕਾਂਗਰਸੀ ਵਿਧਾਇਕ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਬਹਿਸ ਦੀ ਮੰਗ 'ਤੇ ਅੜੇ ਰਹੇ ਅਤੇ ਸਦਨ ਵਿਚੋਂ ਵਾਕਆਊਟ ਕਰ ਗਏ | ਸਦਨ ਤੋਂ ਬਾਹਰ ਆ ਕੇ ਕਾਂਗਰਸੀ ਵਿਧਾਇਕਾਂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ | ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ 'ਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਕਾਰਨ ਸਪੀਕਰ ਨੂੰ ਕੰਮ ਰੋਕੂ ਤਜਵੀਜ਼ ਪੇਸ਼ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਨਹੀਂ ਮੰਨਿਆ ਗਿਆ | ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਤੱਕ ਸੂਬੇ 'ਚ ਲੋਕ ਹੱਸਦੇ ਵੱਸਦੇ ਸਨ ਪਰ ਹੁਣ ਨਵੀਂ ਸਰਕਾਰ ਦੇ ਰਾਜ ਵਿਚ ਪੰਜਾਬ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ | ਸੂਬੇ ਦੇ ਹਰ ਚਿਹਰੇ 'ਤੇ ਕੋਈ ਚਮਕ ਨਹੀਂ ਸਗੋਂ ਡਰ ਹੈ | ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਇਹ ਸਵਾਲ ਚੁੱਕਣੇ ਸੀ ਪਰ ਕਰੀਬ ਇਕ ਘੰਟਾ ਸਪੀਕਰ ਅੱਗੇ ਗੁਹਾਰ ਲਾਉਣ ਦੇ ਬਾਵਜੂਦ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ |
ਜੇਲ੍ਹ ਤੋਂ ਗੈਂਗਸਟਰ ਦੇ ਲਾਈਵ ਟੈਲੀਕਾਸਟ ਦਾ ਕੋਈ ਜਵਾਬ ਨਹੀਂ-ਕਾਂਗਰਸ
ਬਾਜਵਾ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਦੋ ਲਾਈਵ ਟੈਲੀਕਾਸਟ ਦੇ ਮਾਮਲੇ ਵਿਚ ਮਾਨ ਸਰਕਾਰ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ | ਲਾਰੈਂਸ ਨੇ ਪੰਜਾਬ ਦੀ ਜੇਲ੍ਹ ਵਿਚੋਂ ਇਕ ਸੁਪਰਸਟਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਪੰਜਾਬ ਵਿਚ ਕੀਤੇ ਜੁਰਮ ਦਾ ਇਕਬਾਲ ਕੀਤਾ ਪਰ ਮੁੱਖ ਮੰਤਰੀ ਨੇ ਅਜੇ ਤੱਕ ਇਕ ਸ਼ਬਦ ਵੀ ਨਹੀਂ ਬੋਲਿਆ, ਜਦਕਿ ਉਹ ਜੇਲ੍ਹ ਮੰਤਰੀ ਵੀ ਹਨ |
ਕਾਂਗਰਸ ਨੇ ਮੁੱਖ ਮੰਤਰੀ ਮਾਨ ਤੋਂ ਅਸਤੀਫ਼ਾ ਮੰਗਿਆ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਲਾਰੈਂਸ ਜੇਲ੍ਹ ਤੋਂ ਲਾਈਵ ਟੈਲੀਕਾਸਟ ਕਰ ਰਿਹਾ ਹੈ | ਗੋਇੰਦਵਾਲ ਜੇਲ੍ਹ ਵਿਚ ਦੋ ਕਤਲ ਸ਼ਰੇਆਮ ਹੋਏ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਹੈ | ਕਿਸੇ ਵਿਅਕਤੀ ਦੀ ਜਾਨ ਸੁਰੱਖਿਅਤ ਨਹੀਂ ਕਿਉਂਕਿ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਹੈ |
ਅਨਿਕੇਤ ਸਕਸੈਨਾ ਪੰਜਾਬ ਸਰਕਾਰ ਚਲਾ ਰਹੇ ਹਨ-ਬਾਜਵਾ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਕ ਅਨਿਕੇਤ ਸਕਸੈਨਾ ਨੂੰ ਵਿਧਾਨ ਸਭਾ ਵਿਚ ਸਪੀਕਰ ਅਤੇ ਰਾਜਪਾਲ ਦੀ ਗੈਲਰੀ ਦੇ ਨੇੜੇ ਲਾਈਵ ਦੇਖਿਆ ਗਿਆ ਸੀ | ਇੱਥੇ ਸੁਰੱਖਿਆ ਵਾਲਿਆਂ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ | ਬਾਜਵਾ ਨੇ ਕਿਹਾ ਕਿ ਜਿੱਥੇ ਲਾਈਵ ਕੈਮਰਿਆਂ ਰਾਹੀਂ ਵਿਰੋਧੀ ਧਿਰ ਨੂੰ ਨਹੀਂ ਦਿਖਾਇਆ ਜਾਂਦਾ, ਉੱਥੇ ਅਨਿਕੇਤ ਸਕਸੈਨਾ ਸਰਕਾਰ ਨੰੂ ਆਪਣੇ ਤਰੀਕੇ ਚਲਾ ਰਿਹਾ ਹੈ |
ਸ਼ਾਹਕੋਟ/ਜੰਡਿਆਲਾ ਮੰਜਕੀ, 22 ਮਾਰਚ (ਸੁਖਦੀਪ ਸਿੰਘ, ਦਲਜੀਤ ਸਿੰਘ ਸਚਦੇਵਾ, ਸੁਰਜੀਤ ਸਿੰਘ ਜੰਡਿਆਲਾ)-'ਵਾਰਿਸ ਪੰਜਾਬ ਦੇ' ਜਥੇਬੰਦੀ ਦਾ ਮੁਖੀ ਅੰਮਿ੍ਤਪਾਲ ਸਿੰਘ ਤੇ ਸਾਥੀ ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ ਤੋਂ ਜਿਨ੍ਹਾਂ ਮੋਟਰਸਾਈਕਲਾਂ 'ਤੇ ਫ਼ਰਾਰ ਹੋਏ ਸਨ, ਉਨ੍ਹਾਂ 'ਚੋਂ ਇਕ ਮੋਟਰਸਾਈਕਲ ਪੁਲਿਸ ਨੇ ਪਿੰਡ ਦਾਰੇਵਾਲ ਥਾਣਾ ਬਿਲਗਾ ਵਿਖੇ ਲਾਵਾਰਿਸ ਹਾਲਤ 'ਚ ਬਰਾਮਦ ਕੀਤਾ ਹੈ | ਪੁਲਿਸ ਵਲੋਂ ਬਰਾਮਦਗੀ ਤੋਂ ਬਾਅਦ ਇਹ ਮੋਟਰਸਾਈਕਲ ਸ਼ਾਹਕੋਟ ਥਾਣੇ ਲਿਆਂਦਾ ਗਿਆ ਹੈ | ਪਲਟੀਨਾ ਮੋਟਰਸਾਈਕਲ (ਪੀ. ਬੀ. 08 ਸੀ.ਯੂ. 8884) ਨਿਰਮਲ ਕੁਮਾਰ ਵਾਸੀ ਮੁਹੱਲਾ ਰਵਿਦਾਸਪੁਰਾ ਨਕੋਦਰ ਦੇ ਨਾਂਅ 'ਤੇ ਦੱਸਿਆ ਜਾ ਰਿਹਾ ਹੈ |
ਅੰਮਿ੍ਤਪਾਲ ਸਿੰਘ ਤੇ ਸਾਥੀਆਂ ਦੇ ਭੱਜਣ ਸਮੇਂ ਸ਼ਾਹਕੋਟ ਤੋਂ ਦੋ ਮੋਟਰਸਾਈਕਲ ਲੈ ਕੇ ਨੌਜਵਾਨ ਪਹੁੰਚੇ ਸਨ, ਜਿਨ੍ਹਾਂ ਬਾਰੇ ਪੁਲਿਸ ਨੇ ਕੋਈ ਖ਼ੁਲਾਸਾ ਨਹੀਂ ਕੀਤਾ | ਇਨ੍ਹਾਂ 'ਚ ਇਕ ਬੁਲੇਟ ਮੋਟਰਸਾਈਕਲ ਵੀ ਸ਼ਾਮਿਲ ਸੀ | ਬਰਾਮਦ ਹੋਏ ਮੋਟਰਸਾਈਕਲ 'ਤੇ ਅੰਮਿ੍ਤਪਾਲ ਸਿੰਘ ਨੂੰ ਭਜਾਉਣ ਵਿਚ ਕਿਸੇ ਪੱਪਲਪ੍ਰੀਤ ਸਿੰਘ ਦਾ ਨਾਂਅ ਸਾਹਮਣੇ ਆ ਰਿਹਾ ਹੈ | ਪੁਲਿਸ ਵਲੋਂ ਅੰਮਿ੍ਤਪਾਲ ਸਿੰਘ ਨੂੰ ਭਜਾਉਣ ਵਿਚ ਸ਼ਾਮਿਲ ਗਿ੍ਫ਼ਤਾਰ ਕੀਤੇ ਚਾਰ ਨੌਜਵਾਨਾਂ ਮਨਪ੍ਰੀਤ ਸਿੰਘ ਉਰਫ਼ ਮੰਨਾ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਨਵਾਂ ਕਿਲ੍ਹਾ (ਸ਼ਾਹਕੋਟ), ਗੁਰਦੀਪ ਸਿੰਘ ਦੀਪਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਬੱਲ ਨੌਂ (ਨਕੋਦਰ), ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਨਿਰਮਲ ਸਿੰਘ ਵਾਸੀ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ) ਤੇ ਗੁਰਭੇਜ ਸਿੰਘ ਉਰਫ਼ ਭੇਜਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਾਜਾਖਾਨਾ (ਫਰੀਦਕੋਟ) ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਾਣਕਾਰੀ ਅਨੁਸਾਰ ਅੰਮਿ੍ਤਪਾਲ ਸਿੰਘ 18 ਮਾਰਚ ਨੂੰ ਸੁਲਤਾਨਪੁਰ ਲੋਧੀ ਰਾਹੀਂ ਸ਼ਾਹਕੋਟ ਇਲਾਕੇ 'ਚ ਦਾਖ਼ਲ ਹੋਇਆ ਸੀ | ਉਹ ਮਰਸਡੀਜ਼ ਕਾਰ 'ਚ ਆਇਆ ਸੀ ਤੇ ਬਾਜਵਾ ਕਲਾਂ ਵਿਖੇ ਕਾਫ਼ਲਾ ਰੋਕ ਕੇ ਪੁਲਿਸ ਨੂੰ ਚਕਮਾ ਦੇਣ ਲਈ ਬਰੇਜ਼ਾ ਕਾਰ (ਪੀ.ਬੀ.02 ਈ.ਈ. 3343) ਵਿਚ ਸਵਾਰ ਹੋ ਗਿਆ ਸੀ ਅਤੇ ਉਹ ਬਠਿੰਡਾ ਵੱਲ ਜਾਣ ਲਈ ਸਤਲੁਜ ਦਰਿਆ ਵੱਲ ਚਲਾ ਗਿਆ, ਜਿਥੋਂ ਅੱਗੇ ਜ਼ਿਲ੍ਹਾ ਮੋਗਾ ਦੀ ਹੱਦ ਸ਼ੁਰੂ ਹੁੰਦੀ ਹੈ | ਜਦੋਂ ਉਹ ਕਾਵਾਂ ਵਾਲੇ ਪੱਤਣ ਤੋਂ ਲੰਘ ਗਿਆ ਤਾਂ ਕਮਾਲਕੇ ਨਾਕਾ ਦੇਖ ਵਾਪਸ ਮੁੜ ਆਇਆ ਤਾਂ ਪੁਲਿਸ ਨੇ ਤੇਜ਼ੀ ਨਾਲ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ | ਉਹ ਬਾਜਵਾ ਕਲਾਂ ਤੋਂ ਪਿੰਡ ਸੰਢਾਵਾਲ ਨੂੰ ਪੁਲਿਸ ਨੂੰ ਚਕਮਾ ਦੇ ਬਰੇਜ਼ਾ ਕਾਰ ਹੋਰ ਰਸਤੇ ਵਲ ਦੀ ਨੰਗਲ ਅੰਬੀਆਂ ਵੱਲ ਲੈ ਗਿਆ, ਜਦੋਂਕਿ ਕਾਫ਼ਲੇ 'ਚ ਸ਼ਾਮਿਲ ਬਾਕੀ ਨੌਜਵਾਨ ਮਹਿਤਪੁਰ ਵਿਖੇ ਪੁਲਿਸ ਦੇ ਅੜਿੱਕੇ ਚੜ੍ਹ ਗਏ | ਦੇਰ ਸ਼ਾਮ ਐਸ.ਐਸ.ਪੀ. ਜਲੰਧਰ (ਦਿਹਾਤੀ) ਸਵਰਨਦੀਪ ਸਿੰਘ ਅਤੇ ਐਸ.ਪੀ. (ਡੀ.) ਸਰਬਜੀਤ ਸਿੰਘ ਬਾਹੀਆ ਵੀ ਸ਼ਾਹਕੋਟ ਵਿਖੇ ਜਾਂਚ ਕਰਨ ਲਈ ਪਹੁੰਚੇ | ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਵਲੋਂ ਤੇਜ਼ੀ ਨਾਲ ਅੰਮਿ੍ਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਤੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ |
ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਬੇਕਸੂਰ ਸਿੱਖ ਨੌਜਵਾਨਾਂ 'ਤੇ ਕੌਮੀ ਸੁਰੱਖਿਆ ਐਕਟ (ਐੱਨ. ਐੱਸ. ਏ.) ਲਗਾਉਣ ਤੇ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ | ਵਿਧਾਨ ਸਭਾ ਵਿਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਦਿਆਂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿੱਖ ਨੌਜਵਾਨਾਂ ਖ਼ਿਲਾਫ਼ ਐੱਨ.ਐੱਸ.ਏ. ਵਰਗੇ ਮਾੜੇ ਕਾਨੂੰਨਾਂ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ, ਜੋ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਦੇਣਗੇ | ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿਚ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਫ਼ੈਲ ਗਈ ਹੈ ਕਿ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਤੇ ਸਿੱਖ ਕੌਮ ਵਲੋਂ ਪਹਿਲਾਂ ਹੰਢਾਏ ਸੰਤਾਪ ਤੋਂ ਕੋਈ ਸਬਕ ਨਹੀਂ ਸਿੱਖਿਆ ਗਿਆ | ਇਯਾਲੀ ਨੇ ਇਹ ਵੀ ਮੰਗ ਕੀਤੀ ਕਿ ਜਿਹੜੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕੁਝ ਗ਼ਲਤ ਕੀਤਾ ਹੈ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ 'ਤੇ ਝੂਠੇ ਕੇਸ ਬਣਾ ਉਨ੍ਹਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਈ ਵੀ ਕਾਰਵਾਈ ਕਾਨੂੰਨ ਦੇ ਦਾਇਰੇ ਵਿਚ ਹੋਣੀ ਚਾਹੀਦੀ ਹੈ ਅਤੇ ਸਿੱਖ ਨੌਜਵਾਨਾਂ ਦੀ ਬਿਨਾਂ ਵਜ੍ਹਾ ਫੜੋ-ਫੜਾਈ ਬੰਦ ਹੋਣੀ ਚਾਹੀਦੀ ਹੈ | ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਾਗਰਿਕ ਹੱਕਾਂ ਨੂੰ ਕੁਚਲਣ ਦਾ ਯਤਨ ਨਾ ਕਰੇ | ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਗਰਿਕ ਕੁਚਲੇ ਜਾ ਰਹੇ ਹਨ, ਉਸ ਨਾਲ ਦੁਨੀਆ ਭਰ ਵਿਚ ਬੈਠੇ ਪੰਜਾਬੀ ਚਿੰਤਤ ਹਨ |
ਫ਼ਰੀਦਕੋਟ, 22 ਮਾਰਚ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ 23 ਮਾਰਚ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਫ਼ਰੀਦਕੋਟ ਅਦਾਲਤ ਵਿਚ ਪੇਸ਼ ਹੋਣਗੇ | ਸਿੱਟ ਵਲੋਂ ਪੇਸ਼ ਕੀਤੀ ਚਾਰਜਸ਼ੀਟ (ਚਲਾਨ) 'ਚ ਦੋਵਾਂ ਦੇ ਨਾਂਅ ਪ੍ਰਮੁੱਖ ਹਨ | ਇਸ ਮਾਮਲੇ ਵਿਚ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ, ਆਈ.ਜੀ. ਮੁਅੱਤਲ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਡੀ.ਆਈ.ਜੀ. ਅਮਰ ਸਿੰਘ ਚਹਿਲ, ਸਾਬਕਾ ਐਸ.ਐਸ.ਪੀ. ਸੁਖਮੰਦਰ ਸਿੰਘ ਮਾਨ, ਚਰਨਜੀਤ ਸ਼ਰਮਾ ਤੇ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਦੋਸ਼ੀ ਨਾਮਜ਼ਦ ਕੀਤੇ ਗਏ ਹਨ | 7 ਹਜ਼ਾਰ ਪੰਨਿ੍ਹਆਂ ਵਾਲੀ ਚਾਰਜਸ਼ੀਟ 'ਚ ਵੀਡੀਓ, ਗਵਾਹਾਂ ਅਤੇ ਦਸਤਾਵੇਜ਼ਾਂ ਦੇ ਆਧਾਰ ਸ਼ਾਮਿਲ ਕੀਤੇ ਗਏ ਹਨ | ਇਸ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਸੁਖਮੰਦਰ ਸਿੰਘ ਮਾਨ ਦੀ ਜ਼ਮਾਨਤ ਹੋ ਚੁੱਕੀ ਹੈ ਤੇ ਬਾਕੀ ਪੁਲਿਸ ਅਧਿਕਾਰੀਆਂ ਦੀਆਂ ਅਗਾਊਾ ਜ਼ਮਾਨਤ ਅਰਜ਼ੀਆਂ ਖਾਰਜ ਹੋ ਚੁੱਕੀਆਂ ਹਨ | ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਿੱਧੇ ਬਾਦਲ ਪਿੰਡ ਤੋਂ ਪੇਸ਼ ਹੋਣ ਲਈ ਫ਼ਰੀਦਕੋਟ ਅਦਾਲਤ ਆਉਣਗੇ ਅਤੇ ਉਨ੍ਹਾਂ ਦੇ ਨਾਲ ਪਾਰਟੀ ਵਰਕਰਾਂ ਦਾ ਵੱਡਾ ਕਾਫ਼ਲਾ ਵੀ ਆਉਣ ਦੀ ਸੰਭਾਵਨਾ ਹੈ, ਪਰ ਅਧਿਕਾਰਤ ਤੌਰ 'ਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ | ਇਹ ਵੀ ਪਤਾ ਲੱਗਾ ਹੈ ਕਿ 23 ਮਾਰਚ ਨੂੰ ਸੁਖਮੰਦਰ ਸਿੰਘ ਮਾਨ ਵੀ ਅਦਾਲਤ ਵਿਚ ਪੇਸ਼ ਹੋ ਸਕਦੇ ਹਨ | ਦੋਵਾਂ ਬਾਦਲਾਂ ਦੀ ਪੇਸ਼ੀ ਨੂੰ ਲੈ ਕੇ ਪੁਲਿਸ ਨੇ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ |
ਨਵੀਂ ਦਿੱਲੀ, 22 ਮਾਰਚ (ਉਪਮਾ ਡਾਗਾ ਪਾਰਥ)-ਭਾਰਤ ਟੈਲੀਕਾਮ ਖੇਤਰ 'ਚ ਆਧੁਨਿਕ ਤਕਨਾਲੋਜੀ 5ਜੀ ਦੇ ਲਾਂਚ ਹੋਣ ਤੋਂ ਬਾਅਦ ਹੁਣ ਦੇਸ਼ ਅਗਲੀ ਪੁਲਾਂਘ ਭਾਵ 6ਜੀ ਵੱਲ ਅੱਗੇ ਵਧ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਰਤ 6ਜੀ ਨਜ਼ਰੀਆ ਦਸਤਾਵੇਜ਼ ਭਾਵ 'ਵਿਜ਼ਨ ਡਾਕੂਮੈਂਟ' ਪੇਸ਼ ਕੀਤਾ | ਇਸ ਦੇ ਨਾਲ ਹੀ ਉਨ੍ਹਾਂ 6ਜੀ ਖੋਜ ਅਤੇ ਵਿਕਾਸ ਟੈਸਟ ਬੈਂਡ ਵੀ ਲਾਂਚ ਕੀਤਾ | ਮੋਦੀ ਨੇ 6ਜੀ ਨਜ਼ਰੀਆ ਦਸਤਾਵੇਜ਼ ਪੇਸ਼ ਕਰਦਿਆਂ ਮੌਜੂਦਾ ਦਹਾਕੇ ਨੂੰ ਭਾਰਤ ਦਾ 'ਟੈੱਕ-ਏਡ' ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਭਾਰਤ ਦਾ ਟੈਲੀਕਾਮ ਮਾਡਲ, ਸੁਖਾਲਾ, ਸੁਰੱਖਿਅਤ, ਪਾਰਦਰਸ਼ੀ ਅਤੇ ਪਰਖਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਨਜ਼ਰੀਆ ਦਸਤਾਵੇਜ਼ ਹੀ ਅਗਲੇ ਕੁਝ ਸਾਲਾਂ 'ਚ 6ਜੀ ਤਕਨਾਲੋਜੀ ਲਿਆਉਣ ਦਾ ਵੱਡਾ ਆਧਾਰ ਬਣੇਗਾ | ਪ੍ਰਧਾਨ ਮੰਤਰੀ ਨੇ ਦਿੱਲੀ ਦੇ ਵਿਗਿਆਨ ਭਵਨ 'ਚ 6ਜੀ ਸੰਬੰਧੀ ਦਸਤਾਵੇਜ਼ ਪੇਸ਼ ਕਰਨ ਦੇ ਨਾਲ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਦੇ ਨਵੇਂ ਖੇਤਰੀ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਵੀ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਲੀਕਾਮ ਤਕਨਾਲੋਜੀ ਸਿਰਫ਼ ਤਾਕਤ ਦਿਖਾਉਣ ਦਾ ਨਹੀਂ ਸਗੋਂ ਲੋਕਾਂ ਨੂੰ ਮਜ਼ਬੂਤ ਬਣਾਉਣ ਦਾ ਮਿਸ਼ਨ ਹੈ | ਉਨ੍ਹਾਂ ਕਿਹਾ ਕਿ ਭਾਰਤ ਕੋਲ ਜੋ ਦੋ ਵੱਡੀਆਂ ਤਾਕਤਾਂ ਹਨ, ਉਹ ਹੈ ਵਿਸ਼ਵਾਸ ਅਤੇ ਪੱਧਰ, ਜਿਨ੍ਹਾਂ ਤੋਂ ਬਿਨਾਂ ਤਕਨਾਲੋਜੀ ਨੂੰ ਕੋਨੇ-ਕੋਨੇ 'ਤੇ ਨਹੀਂ ਪਹੁੰਚਾਇਆ ਜਾ ਸਕਦਾ | ਮੋਦੀ ਨੇ ਭਾਰਤ ਨੂੰ ਡਿਜੀਟਲ ਕ੍ਰਾਂਤੀ ਵੱਲ ਵਧਦਾ ਦੇਸ਼ ਦੱਸਦਿਆਂ ਕਿਹਾ ਕਿ ਭਾਰਤ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ 5ਜੀ ਰੋਲਆਊਟ ਕਰਨ ਵਾਲਾ ਦੇਸ਼ ਹੈ, ਜਿੱਥੇ ਸਿਰਫ਼ 120 ਦਿਨਾਂ 'ਚ ਹੀ 125 ਤੋਂ ਵੱਧ ਸ਼ਹਿਰਾਂ 'ਚ 5ਜੀ ਲਾਗੂ ਹੋ ਗਿਆ ਹੈ | ਦੇਸ਼ ਦੇ ਤਕਰੀਬਨ 380 ਜ਼ਿਲਿ੍ਹਆਂ 'ਚ 5ਜੀ ਸੇਵਾ ਪਹੁੰਚ ਗਈ ਹੈ | ਮੋਦੀ ਨੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ 'ਚ 114 ਕਰੋੜ ਤੋਂ ਵੱਧ ਲੋਕ ਮੋਬਾਈਲ ਦੀ ਵਰਤੋਂ ਕਰਦੇ ਹਨ ਅਤੇ ਹਰ ਸਾਲ ਦੇਸ਼ 'ਚ 17 ਕਰੋੜ ਦੇ ਕਰੀਬ ਸਮਾਰਟਫ਼ੋਨ ਵਿਕਦੇ ਹਨ | ਕੇਂਦਰੀ ਸੰਚਾਰ ਮੰਤਰੀ ਅਸ਼ਨਵੀ ਵੈਸ਼ਨਵ ਨੇ ਕਿਹਾ ਕਿ ਪਹਿਲਾਂ ਇਕ ਟੈਲੀਕਾਮ ਟਾਵਰ ਦੇ ਪਰਮਿਟ ਲਈ 220 ਦਿਨ ਲਗਦੇ ਸਨ, ਜਦਕਿ ਹੁਣ 7 ਦਿਨ ਲੱਗਦੇ ਹਨ | ਹਾਸਿਲ ਜਾਣਕਾਰੀ ਮੁਤਾਬਿਕ 6ਜੀ ਤਕਨਾਲੋਜੀ ਨੂੰ 2028 ਜਾਂ 2029 ਤੋਂ ਬਾਅਦ ਹੀ ਸ਼ੁਰੂ ਕੀਤਾ ਜਾ ਸਕੇਗਾ | ਫਿਲਹਾਲ ਦੁਨੀਆ ਦੇ ਕਈ ਦੇਸ਼ਾਂ 'ਚ ਹਾਲੇ 5ਜੀ ਤਕਨਾਲੋਜੀ 'ਤੇ ਕੰਮ ਕੀਤਾ ਜਾ ਰਿਹਾ ਹੈ |
ਅੰਮਿ੍ਤਸਰ, 22 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਇਸਲਾਮਾਬਾਦ ਸਮੇਤ ਪੰਜਾਬ, ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੇ ਸ਼ਹਿਰਾਂ 'ਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ | ਇੱਥੇ ਭੁਚਾਲ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 150 ਹੋਰ ਜ਼ਖਮੀ ਹੋ ਗਏ | ਖ਼ੈਬਰ ਪਖਤੂਨਖਵਾ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਰਿਪੋਰਟ ਦਿੱਤੀ ਕਿ ਸੂਬੇ 'ਚ ਕਈ ਘਰਾਂ ਦੀਆਂ ਛੱਤਾਂ, ਕੰਧਾਂ ਅਤੇ ਕਈ ਮਕਾਨ ਵੀ ਢਹਿ ਗਏ | ਇਨ੍ਹਾਂ ਘਟਨਾਵਾਂ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ | ਇਸ ਦੇ ਨਾਲ ਹੀ ਸਵਾਤ ਜ਼ਿਲ੍ਹਾ ਪੁਲਿਸ ਅਧਿਕਾਰੀ ਸ਼ਫੀਉੱਲਾ ਗੰਡਾਪੁਰ ਨੇ ਦੱਸਿਆ ਕਿ ਜ਼ਿਲ੍ਹੇ 'ਚ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 150 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ | ਖ਼ੈਬਰ ਪਖਤੂਨਖਵਾ ਦੇ ਸਵਾਬੀ 'ਚ ਇਕ ਘਰ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 5 ਮੈਂਬਰ ਜ਼ਖ਼ਮੀ ਹੋ ਗਏ | ਇਸ ਦੌਰਾਨ ਜ਼ਮੀਨ ਖਿਸਕਣ ਕਾਰਨ ਬਹਿਰੀਨ-ਕਲਾਮ ਸੜਕ ਬੰਦ ਹੋ ਗਈ | ਪਾਕਿਸਤਾਨ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਭੁਚਾਲ ਦਾ ਕੇਂਦਰ ਅਫ਼ਗਾਨਿਸਤਾਨ ਦਾ ਹਿੰਦੂਕੁਸ਼ ਖੇਤਰ ਸੀ ਅਤੇ ਇਸ ਦੀ ਡੂੰਘਾਈ 180 ਕਿੱਲੋਮੀਟਰ ਸੀ | ਲਾਹੌਰ, ਇਸਲਾਮਾਬਾਦ, ਪਿਸ਼ਾਵਰ, ਜਿਹਲਮ, ਸ਼ੇਖ਼ੂਪੁਰਾ, ਸਵਾਤ, ਨੌਸ਼ਹਿਰਾ, ਮੁਲਤਾਨ, ਸਵਾਤ, ਸ਼ਾਂਗਲਾ, ਕਵੇਟਾ, ਰਾਵਲਪਿੰਡੀ, ਗੁੱਜਰਾਂਵਾਲਾ, ਗੁਜਰਾਤ, ਸਿਆਲਕੋਟ, ਕੋਟ ਮੋਮਿਨ, ਮਧ ਰਾਂਝਾ, ਚਕਵਾਲ, ਕੋਹਾਟ, ਗਿਲਗਿਤ-ਬਾਲਟਿਸਤਾਨ ਅਤੇ ਹੋਰ ਥਾਵਾਂ 'ਤੇ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ | ਇਸ ਦੇ ਨਾਲ ਹੀ ਅਫ਼ਗਾਨਿਸਤਾਨ 'ਚ 6.8 ਤੀਬਰਤਾ ਦੇ ਸ਼ਕਤੀਸ਼ਾਲੀ ਭੁਚਾਲ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ ਤੇ 44 ਲੋਕ ਜ਼ਖਮੀ ਵੀ ਹੋਏ ਹਨ |
ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)-ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਦੀਆਂ ਮੁਸ਼ਕਿਲਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ 5 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ...
ਰਈਆ, 22 ਮਾਰਚ (ਸ਼ਰਨਬੀਰ ਸਿੰਘ ਕੰਗ)-ਪਰਵਿੰਦਰ ਕੌਰ ਡੀ.ਐਸ.ਪੀ. (ਅੰਮਿ੍ਤਸਰ ਸ਼ਹਿਰੀ) ਅਤੇ ਹਰਕ੍ਰਿਸ਼ਨ ਸਿੰਘ ਡੀ.ਐੱਸ.ਪੀ. ਬਾਬਾ ਬਕਾਲਾ ਵਲੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਕੋਲੋਂ ਪਿੰਡ ਜੱਲੂਪੁਰ ਖੇੜਾ ਪੁੱਜ ...
ਡਿਬਰੂਗੜ੍ਹ (ਆਸਾਮ), 22 ਮਾਰਚ (ਪੀ. ਟੀ. ਆਈ.)-ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਚ ਇਕ ਬਹੁ-ਪਰਤੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਥੇ ਫ਼ਰਾਰ ਚੱਲ ਰਹੇ ਖ਼ਾਲਿਸਤਾਨ ਪੱਖੀ ਜਥੇਬੰਦੀ 'ਵਾਰਿਸ ਪੰਜਾਬ ਦੇ' ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ ਦੇ ਚਾਚਾ ਹਰਜੀਤ ...
ਰਾਏਪੁਰ, 22 ਮਾਰਚ (ਪੀ. ਟੀ. ਆਈ.)-ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਬੁੱਧਵਾਰ ਨੂੰ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਸਮਰਥਨ 'ਚ ਲੋਕਾਂ ਦੇ ਇਕ ਸਮੂਹ ਵਲੋਂ ਰੈਲੀ ਕੱਢੀ ਗਈ | ਪੁਲਿਸ ਵਲੋਂ ਰੈਲੀ ਲਈ ਅਗਾਊਾ ਇਜਾਜ਼ਤ ਨਾ ਲੈਣ ਕਾਰਨ ਇਸ ਦੇ ...
ਨਵੀਂ ਦਿੱਲੀ, 22 ਮਾਰਚ (ਏਜੰਸੀ)-ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਦੇਸ਼-ਵਿਰੋਧੀ ਅਨਸਰਾਂ ਵਲੋਂ ਪੰਜਾਬ 'ਚ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ ਅਤੇ ਉਨ੍ਹਾਂ ਸਭ ਸਿਆਸੀ ਪਾਰਟੀਆਂ ...
ਨਵੀਂ ਦਿੱਲੀ, 22 ਮਾਰਚ (ਜਗਤਾਰ ਸਿੰਘ)-ਰਾਜਧਾਨੀ ਦੇ ਕਈ ਇਲਾਕਿਆਂ 'ਚ ਕੰਧਾਂ ਅਤੇ ਖੰਭਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਪੋਸਟਰ ਚਿਪਕਾਏ ਜਾਣ ਤੋਂ ਬਾਅਦ ਦਿੱਲੀ ਪੁਲਿਸ ਨੇ 6 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਦੇ ਨਾਲ ਹੀ 100 ਐਫ.ਆਈ.ਆਰ. ਵੀ ਦਰਜ ...
ਸ਼ਾਹਕੋਟ, 22 ਮਾਰਚ (ਸੁਖਦੀਪ ਸਿੰਘ)-ਭਾਈ ਅੰਮਿ੍ਤਪਾਲ ਸਿੰਘ ਦੀ ਰੇਹੜੀ 'ਤੇ ਬੈਠ ਕੇ ਭੱਜਦੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਤਸਵੀਰ 'ਚ ਅੰਮਿ੍ਤਪਾਲ ਸਿੰਘ ਆਪਣੇ ਸਾਥੀ ਸਮੇਤ ਭੇਸ ਬਦਲ ਕੇ ਮੋਟਰਸਾਈਕਲ ਮੋਟਰਸਾਈਕਲ-ਰੇਹੜੀ 'ਤੇ ਲੱਦ ...
ਗ੍ਰੰਥੀ ਸਿੰਘ ਨੇ ਹਥਿਆਰ ਦਿਖਾ ਕੇ ਕੱਪੜੇ ਲੈਣ ਦੇ ਲਗਾਏ ਦੋਸ਼ ਸ਼ਾਹਕੋਟ, 22 ਮਾਰਚ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਸ਼ਾਹਕੋਟ ਪੁਲਿਸ ਵਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਰਣਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਨੰਗਲ ਅੰਬੀਆਂ ਖ਼ੁਰਦ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਨੂੰ ਉਸ ਦੇ ਪਿੰਡ ਤੋਂ ਵੀ ਸਵੇਰੇ 8-9 ਵਜੇ ਗਿ੍ਫ਼ਤਾਰ ਕੀਤਾ ਜਾ ਸਕਦਾ ਸੀ ਪਰ ਉਸ ਨੂੰ ਸ਼ਾਹਕੋਟ, ਜਲੰਧਰ ਲਿਆਉਣ ਅਤੇ ਇਹ ਆਪ੍ਰੇਸ਼ਨ ਕਰਵਾਉਣ ਦਾ ਕਾਰਨ ਜਲੰਧਰ ਦੀਆਂ ਉਪ ਚੋਣਾਂ ਸਨ | ਜੇਕਰ ਅੰਮਿ੍ਤਪਾਲ ਸਿੰਘ ਨੂੰ ...
ਬਾਜਵਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਉਸ ਦੇ ਮਾਪਿਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਪਰ 11 ਮਹੀਨੇ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ਕਾਰਨ ਲੋਕ ਸਿੱਧੂ ਦੀ ਬਰਸੀ ਵਾਲੇ ਦਿਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਨ, ਪਰ 19 ਮਾਰਚ ਤੋਂ ਪਹਿਲਾਂ ਬਰਸੀ ...
ਮੁੰਬਈ, 22 ਮਾਰਚ (ਪੀ. ਟੀ. ਆਈ.)-ਸੀ.ਬੀ.ਆਈ. ਨੇ ਇਥੇ ਇਕ ਅਦਾਲਤ 'ਚ ਦਾਇਰ ਆਪਣੀ 'ਸਪਲੀਮੈਂਟਰੀ ਚਾਰਜਸ਼ੀਟ' ਵਿਚ ਦਾਅਵਾ ਕੀਤਾ ਕਿ ਸਾਲ 2015-16 ਦੌਰਾਨ ਇਕ ਪਾਸੇ ਜਿਥੇ ਵਿਜੇ ਮਾਲਿਆ ਦੀ ਮਾਲਕੀ ਵਾਲੀ ਏਅਰਲਾਈਨਜ਼ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਥੇ ...
ਪ੍ਰਤਾਪ ਸਿੰਘ ਬਾਜਵਾ ਨੇ ਪ੍ਰਸ਼ਨ ਕਾਲ ਦੇ ਇਕ ਘੰਟੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਦਨ ਦੀ ਕਾਰਵਾਈ ਤੋਂ ਗੈਰਹਾਜ਼ਰੀ 'ਤੇ ਅਫ਼ਸੋਸ ਪ੍ਰਗਟ ਕੀਤਾ | ਉਨ੍ਹਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਪੰਜਾਬ ਦੇ 80,000 ਪੁਲਿਸ ਮੁਲਾਜ਼ਮ ਅੰਮਿ੍ਤਪਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX