ਸੰਨ 2006 ਵਿਚ ਸਥਾਪਿਤ ਹੋਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ, ਪਸ਼ੂ ਪਾਲਣ ਕਿੱਤਿਆਂ ਦੀ ਬਿਹਤਰੀ ਲਈ ਤਨਦੇਹੀ ਨਾਲ ਯਤਨਸ਼ੀਲ ਹੈ। ਪਸ਼ੂ ਪਾਲਕਾਂ ਨੂੰ ਹਰ ਕਿਸਮ ਦੇ ਨਵੀਨਤਮ ਗਿਆਨ ਅਤੇ ਤਕਨਾਲੋਜੀ ਬਾਰੇ ਦੱਸਣ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ। ਇਨ੍ਹਾਂ ਵਿਚੋਂ ਇਕ ਵੱਡਾ ਉਪਰਾਲਾ ਹੈ ਪਸ਼ੂ ਪਾਲਣ ਮੇਲਿਆਂ ਦਾ ਆਯੋਜਨ। ਅਸੀਂ ਇਸ ਵਾਰ ਦੇ ਮੇਲੇ ਦਾ ਉਦੇਸ਼ ਉਲੀਕਿਆ ਹੈ ਚੌਗਿਰਦਾ ਅਨੁਕੂਲ ਪਸ਼ੂ ਪਾਲਣ ਕਰਨਾ। ਚੌਗਿਰਦੇ ਨੂੰ ਸੰਭਾਲਣ ਅਤੇ ਆਪਣੇ ਕਿੱਤਿਆਂ ਨੂੰ ਵੀ ਮੁਹਾਰਤ ਨਾਲ ਕਰਨ ਹਿਤ ਇਥੇ ਕੁਝ ਗੱਲਾਂ ਕਰਾਂਗੇ, ਕੁਝ ਤੁਹਾਡੇ ਕੋਲੋਂ ਸਿੱਖਾਂਗੇ। ਮੇਲੇ ਦਾ ਨਾਅਰਾ 'ਕੁਦਰਤ ਸੰਗ ਜ਼ਿੰਦਗੀ ਦਾ ਮੂਲ, ਪਸ਼ੂ ਪਾਲਣ ਚੌਗਿਰਦਾ ਅਨੁਕੂਲ' ਰੱਖਿਆ ਗਿਆ ਹੈ ਤਾਂ ਜੋ ਚੌਗਿਰਦੇ ਦਾ ਵੀ ਸਤਿਕਾਰ ਕਰੀਏ। ਇਸ ਵਾਰ ਦੇ ਮੇਲੇ ਵਿਚ ਮੱਝਾਂ ਪਾਲਣ, ਮੱਛੀ ਪਾਲਣ, ਸੂਰ ਪਾਲਣ ਅਤੇ ਬੱਕਰੀਆਂ ਪਾਲਣ ਦੇ ਖੇਤਰ ਵਿਚ ਜੇਤੂ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਏਗਾ। ਇਨ੍ਹਾਂ ਇਨਾਮਾਂ ਵਿਚ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ।
ਮੇਲੇ ਵਿਚ ਵਿਸ਼ੇਸ ਤੌਰ 'ਤੇ ਵਧੀਆ ਨਸਲ ਦੇ ਜਾਨਵਰਾਂ ਜਿਵੇਂ ਮੱਝਾਂ, ਗਾਵਾਂ, ਬੱਕਰੀਆਂ, ਖ਼ਰਗੋਸ਼, ਬਰਾਇਲਰ, ਬਟੇਰੇ, ਮੁਰਗੀਆਂ ਅਤੇ ਮੱਛੀਆਂ ਆਦਿ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਪਸ਼ੂਆਂ ਦੀ ਨਸਲ ਸੁਧਾਰ ਲਈ ਵਰਤੇ ਜਾਣ ਵਾਲੇ ਸਾਨ੍ਹਾਂ, ਝੋਟਿਆਂ, ਬੱਕਰਿਆਂ ਆਦਿ ਦੀ ਨੁਮਾਇਸ਼ ਲੱਗੇਗੀ। ਮਸਨੂਈ ਗਰਭਦਾਨ ਅਤੇ ਭਰੂਣ ਤਬਾਦਲੇ ਦੀ ਵਿਧੀ ਬਾਰੇ ਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਵੱਖ-ਵੱਖ ਕਿਸਮ ਦੇ ਪਸ਼ੂਆਂ ਲਈ ਆਰਾਮਦੇਹ ਅਤੇ ਸਸਤੇ ਸ਼ੈੱਡ ਬਣਾਉਣ ਬਾਰੇ ਗਿਆਨ ਸਾਂਝਾ ਕੀਤਾ ਜਾਏਗਾ। ਸਾਫ਼ ਸੁਥਰੇ ਦੁੱਧ ਦੀ ਪੈਦਾਵਾਰ, ਚੁਆਈ ਦਾ ਸਹੀ ਤਰੀਕਾ ਅਤੇ ਮਸ਼ੀਨ ਨਾਲ ਦੁੱਧ ਦੀ ਚੁਆਈ ਬਾਰੇ ਜਾਗਰੂਕਤਾ ਲਿਆਂਦੀ ਜਾਏਗੀ। ਭਵਿੱਖ ਦੀ ਬੁਨਿਆਦ ਕੱਟੜੂ/ਵੱਛੜੂਆਂ ਦਾ ਸੁਚੱਜਾ ਪ੍ਰਬੰਧ ਕਰਨ ਬਾਰੇ ਮਾਹਿਰ ਜਾਣਕਾਰੀ ਦੇਣਗੇ। ਵੱਖ-ਵੱਖ ਜਾਨਵਰਾਂ ਦੀ ਵਧੀਆ ਸਾਂਭ ਸੰਭਾਲ ਦੇ ਤਰੀਕੇ ਅਤੇ ਸੰਤੁਲਿਤ ਵੰਡ ਦਾਣਾ ਬਣਾਉਣ ਬਾਰੇ ਤਕਨੀਕਾਂ ਦੱਸੀਆਂ ਜਾਣਗੀਆਂ। ਪਸ਼ੂ ਖੁਰਾਕ ਵਿਚ ਧਾਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਜਾਏਗਾ। ਦੁਧਾਰੂਆਂ ਲਈ ਧਾਤਾਂ ਦਾ ਮਿਸ਼ਰਣ ਸਸਤੀ ਕੀਮਤ 'ਤੇ ਉਪਲੱਬਧ ਹੋਵੇਗਾ। ਗੁਣਾਂ ਦੀਆਂ ਗੁਥਲੀਆਂ ਯੂਰੋਮਿਨ ਚਾਟ ਅਤੇ ਧਾਤਾਂ ਦਾ ਮਿਸ਼ਰਣ ਬਣਾਉਣ ਦੀ ਵਿਧੀ ਤੋਂ ਪਸ਼ੂ ਪਾਲਕਾਂ ਨੂੰ ਜਾਣੂ ਕਰਾਇਆ ਜਾਏਗਾ।
ਤੂੜੀ ਅਤੇ ਪਰਾਲੀ ਦੀ ਯੂਰੀਏ ਨਾਲ ਸੋਧ ਕਰਨ ਦੀ ਵਿਧੀ ਵਿਹਾਰਕ ਤੌਰ 'ਤੇ ਦੱਸੀ ਜਾਏਗੀ। ਪਸ਼ੂ ਪਾਲਣ ਲਈ ਹਰੇ ਚਾਰੇ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਏਗਾ। ਫਾਲਤੂ ਹਰੇ ਚਾਰੇ ਨੂੰ ਲੰਮੇ ਅਰਸੇ ਤੱਕ ਸੰਭਾਲਣ ਦੇ ਤਰੀਕੇ ਅਤੇ ਅਚਾਰ/ਸਾਈਲੇਜ ਬਣਾਉਣ ਬਾਰੇ ਪ੍ਰਦਰਸ਼ਨੀ ਵੀ ਲਗਾਈ ਜਾਏਗੀ। ਪਸ਼ੂ ਖੁਰਾਕ ਅਤੇ ਖੁਰਾਕੀ ਵਸਤਾਂ ਨੂੰ ਪ੍ਰਯੋਗਸ਼ਾਲਾ ਰਾਹੀਂ ਪਰਖ ਕਰਨ ਦੀ ਸੇਵਾ ਵੀ ਮੇਲੇ ਵਿਚ ਪ੍ਰਦਾਨ ਕੀਤੀ ਜਾਏਗੀ। ਪਸ਼ੂਆਂ ਵਿਚ ਸਿਹਤ ਸਮੱਸਿਆ ਸਮੇਂ ਮੁੱਢਲੀ ਸਹਾਇਤਾ ਬਾਰੇ ਮਾਹਿਰ ਹਰ ਤਰ੍ਹਾਂ ਦੀ ਜਾਣਕਾਰੀ ਦੇਣਗੇ।
ਪਸ਼ੂਆਂ ਦੀਆਂ ਸਿਹਤ ਸਮੱਸਿਆਵਾਂ ਜਿਵੇਂ ਅਫਾਰਾ, ਮੋਕ, ਲੰਙ ਮਾਰਨਾ, ਖੁਰ ਵਧਣੇ, ਲੇਵੇ ਦੀ ਸੋਜ, ਲਹੂ ਮੂਤਣਾ, ਧਾਤਾਂ ਦੀ ਘਾਟ ਤੋਂ ਬਚਾਅ ਅਤੇ ਰੋਕਥਾਮ ਬਾਰੇ ਵੀ ਮਾਹਿਰ ਗਿਆਨ ਦੇਣਗੇ। ਮਲੱਪਾਂ ਅਤੇ ਚਿੱਚੜਾਂ ਤੋਂ ਉਤਪੰਨ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਉਪਰਾਲੇ ਦੱਸੇ ਜਾਣਗੇ। ਅਪ੍ਰੇਸ਼ਨ ਰਾਹੀਂ ਇਲਾਜਯੋਗ ਰੋਗਾਂ ਦੇ ਇਲਾਜ ਦੀਆਂ ਸਹੂਲਤਾਂ ਜਿਵੇਂ ਰਸੌਲੀ, ਸਰਨ, ਟੁੱਟੀ ਹੱਡੀ, ਬੰਨ੍ਹ ਪੈਣਾ, ਹਰਨੀਆਂ, ਪਿਸ਼ਾਬ ਦਾ ਬੰਨ੍ਹ, ਥਣ ਦਾ ਬੰਦ ਹੋਣਾ ਬਾਰੇ ਡਾਕਟਰ ਮੌਕੇ 'ਤੇ ਹੀ ਇਲਾਜ ਦੱਸਣਗੇ। ਪ੍ਰਜਣਨ ਸੰਬੰਧੀ ਸਮੱਸਿਆਵਾਂ ਜਿਵੇਂ ਗੂੰਗਾ ਹੇਹਾ, ਹੇਹੇ ਵਿਚ ਨਾ ਆਉਣਾ, ਵਾਰ ਵਾਰ ਫਿਰਨਾ, ਪਿੱਛਾ ਮਾਰਨਾ, ਬੱਚਾ ਸੁੱਟਣਾ, ਔਖੀ ਸੁਆਈ, ਜੇਰ ਨਾ ਪੈਣਾ, ਬੱਚੇਦਾਨੀ ਦਾ ਵਲੇਵਾਂ ਆਦਿ ਦੇ ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਮੁਹੱਈਆ ਕਰਾਈ ਜਾਏਗੀ।
ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਕਿਰਮ ਰਹਿਤ ਕਰਨ ਦੀ ਵਿਧੀ, ਬਿਮਾਰੀਆਂ ਦੇ ਬਚਾਅ ਲਈ ਟੀਕਾਕਰਨ ਦੇ ਢੰਗ-ਤਰੀਕਿਆਂ ਅਤੇ ਸਮਾਂ ਸਾਰਣੀ ਬਾਰੇ ਜਾਗਰੂਕ ਕੀਤਾ ਜਾਏਗਾ। ਪਸ਼ੂਆਂ ਵਿਚ ਬਿਮਾਰੀਆਂ ਦੀ ਮੂਲ ਜੜ੍ਹ ਲੱਭਣ ਲਈ ਦੁੱਧ, ਗੋਹਾ, ਖੂਨ, ਤਾਰਾਂ, ਪਿਸ਼ਾਬ, ਵੀਰਜ ਅਦਿ ਦੀ ਮੌਕੇ 'ਤੇ ਹੀ ਜਾਂਚ ਦੀ ਸਹੂਲਤ ਮੁਫ਼ਤ ਉਪਲਬਧ ਹੋਵੇਗੀ। ਪਸ਼ੂਆਂ ਤੋਂ ਇਨਸਾਨਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹਲਕਾਅ, ਤਪਦਿਕ, ਤੂਅ ਜਾਣਾ ਆਦਿ ਦੀ ਜਾਂਚ ਅਤੇ ਬਚਾਅ ਲਈ ਸੁਚੇਤ ਕੀਤਾ ਜਾਏਗਾ।
ਜਾਨਵਰਾਂ ਵਿਚ ਕੀਟਨਾਸ਼ਕ ਵਰਤਣ ਦੇ ਸਹੀ ਢੰਗ-ਤਰੀਕੇ ਅਤੇ ਸਾਵਧਾਨੀਆਂ ਬਾਰੇ ਪਸ਼ੂ ਪਾਲਕਾਂ ਨੂੰ ਤਕਨੀਕਾਂ ਦੱਸੀਆਂ ਜਾਣਗੀਆਂ। ਨਵੀਆਂ ਤੇ ਉੱਭਰਦੀਆਂ ਬਿਮਾਰੀਆਂ ਜਿਵੇਂ ਸਵਾਈਨ ਫੀਵਰ, ਲੰਪੀ ਸਕਿਨ ਆਦਿ ਬਾਰੇ ਗਿਆਨ ਦਿੱਤਾ ਜਾਏਗਾ। ਉੱਲੀ ਅਤੇ ਉੱਲੀ ਰੋਗਾਂ ਦੀ ਸਮੱਸਿਆ ਤੋਂ ਬਚਾਅ ਅਤੇ ਛੁਟਕਾਰੇ ਬਾਰੇ ਉਪਾਅ ਦੱਸੇ ਜਾਣਗੇ। ਮੁਰਗੀਆਂ ਦੀਆਂ ਬਿਮਾਰੀਆਂ, ਖਾਸ ਕਰਕੇ ਬਰਡ ਫਲੂ ਬਾਰੇ ਚਾਨਣਾ ਪਇਆ ਜਾਏਗਾ। ਦੁੱਧ, ਆਂਡਿਆਂ ਅਤੇ ਮਾਸ ਦੇ ਪਦਾਰਥ ਬਣਾਉਣ ਬਾਰੇ ਗਿਆਨ ਦਿੱਤਾ ਜਾਏਗਾ। ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਜਿਵੇਂ ਥਣਾਂ ਨੂੰ ਡੋਬਾ ਦੇਣਾ, ਦੁੱਧ ਦੀ ਸਹੀ ਚੁਆਈ, ਖੁਰਾਂ ਦੀ ਕਟਾਈ ਕਰਕੇ ਸਹੀ ਆਕਾਰ ਦੇਣ ਬਾਰੇ ਪ੍ਰਦਰਸ਼ਨੀ ਲਗਾਈ ਜਾਏਗੀ। ਐਮਰਜੈਂਸੀ ਵਿਚ ਯੂਨੀਵਰਸਿਟੀ ਤੋਂ ਉਪਲਬਧ ਸਹਾਇਤਾ ਅਤੇ ਐਂਬੂਲੈਂਸ ਦੀ ਸਹੂਲਤ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ ਜਾਵੇਗੀ। ਮੱਛੀ ਪਾਲਣ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਸਾਂਭ ਸੰਭਾਲ ਅਤੇ ਕਿੱਤਾ ਕਰਨ ਬਾਰੇ ਮਾਹਿਰ ਪੂਰਨ ਜਾਣਕਾਰੀ ਦੇਣਗੇ। ਪਸ਼ੂ ਪਾਲਣ, ਧੰਦਿਆਂ ਬਾਰੇ ਲਗਾਏ ਜਾਣ ਵਾਲੇ ਸਿਖਲਾਈ ਕੋਰਸਾਂ ਵਿਚ ਦਾਖਲੇ ਬਾਰੇ ਵੀ ਸੂਚਿਤ ਕੀਤਾ ਜਾਏਗਾ। ਪਸ਼ੂ ਪਾਲਣ ਸੰਬੰਧੀ ਧੰਦਿਆਂ ਨੂੰ ਵਿਗਿਆਨਕ ਤਰੀਕੇ ਨਾਲ ਕਰਨ ਲਈ ਕਿਤਾਬਾਂ ਅਤੇ ਰਸਾਲੇ ਸਸਤੀ ਕੀਮਤ 'ਤੇ ਉਪਲੱਬਧ ਹੋਣਗੇ। ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ 'ਵਿਗਿਆਨਕ ਪਸ਼ੂ ਪਾਲਣ' ਲਈ ਵੀ ਕਿਸਾਨ ਚੰਦਾ ਜਮ੍ਹਾਂ ਕਰਵਾ ਸਕਦੇ ਹਨ।
ਮੇਲੇ ਵਿਚ ਆਏ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦੇਣ ਲਈ ਵੱਖਰੇ ਸਵਾਲ-ਜਵਾਬ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦਾ ਲਾਹਾ ਕਿਸਾਨ ਵੀਰ ਬਾਖ਼ੂਬੀ ਲੈ ਸਕਣਗੇ। ਪਸ਼ੂ ਧਨ ਨਾਲ ਸੰਬੰਧਿਤ ਵੱਖ-ਵੱਖ ਸਰਕਾਰੀ ਵਿਭਾਗ ਜਿਵੇਂ ਪਸ਼ੂ ਪਾਲਣ ਵਿਭਾਗ, ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈੱਡ, ਮਾਰਕਫੈੱਡ ਵੀ ਆਪਣੇ ਵਿਭਾਗਾਂ ਦੀਆਂ ਸਹੂਲਤਾਂ ਦੱਸਣ ਲਈ ਸ਼ਿਰਕਤ ਕਰਨਗੇ। ਨੁਮਾਇਸ਼ ਵਿਚ ਦਵਾਈਆਂ, ਖੁਰਾਕ ਅਤੇ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਆਪੋ ਆਪਣੇ ਉਤਪਾਦਾਂ ਬਾਰੇ ਜਾਣਕਾਰੀ ਦੇਣਗੀਆਂ। ਯੂਨੀਵਰਸਿਟੀ ਦੇ ਸਹਿਯੋਗ ਅਧੀਨ ਕੰਮ ਕਰਦੀਆਂ ਪਸ਼ੂ ਪਾਲਕਾਂ ਦੀਆਂ ਵੱਖੋ-ਵੱਖ ਜਥੇਬੰਦੀਆਂ ਵੀ ਮੇਲੇ ਵਿਚ ਆਪੋ ਆਪਣੇ ਸਟਾਲ ਸਜਾਉਣਗੀਆਂ। ਯੂਨੀਵਰਸਿਟੀ ਵਿਚ ਪੜ੍ਹਾਈ ਕਰਵਾਉਣ ਜਾਂ ਬੱਚਿਆਂ ਨੂੰ ਦਾਖਲੇ ਬਾਰੇ ਦੱਸਿਆ ਜਾਏਗਾ।
ਪਸ਼ੂ ਪਾਲਕ ਵੀਰ ਆਪੋ ਆਪਣੇ ਧੰਦੇ ਦੀ ਬਿਹਤਰੀ ਲਈ ਨਵੀਂ ਜਾਣਕਾਰੀ ਵਿਗਿਆਨੀਆਂ ਤੋਂ ਹਾਸਿਲ ਕਰਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਾਡੇ ਵਿਗਿਆਨੀਆਂ ਨਾਲ ਵਿਚਾਰ ਵਟਾਂਦਰਾ ਕਰ ਸਕਦੇ ਹਨ। ਯੂਨੀਵਰਸਿਟੀ ਵਲੋਂ ਇਹ ਉਪਰਾਲੇ ਕਿਸਾਨ ਭਾਈਚਾਰੇ ਲਈ ਕੀਤੇ ਜਾਂਦੇ ਹਨ, ਜਿਸ ਦਾ ਪਸ਼ੂ ਪਾਲਕ ਵੀਰ ਵੱਧ ਤੋਂ ਵੱਧ ਫਾਇਦਾ ਲੈਣ।
-ਉਪ-ਕੁਲਪਤੀ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਬੱਚੇ ਦੇ ਗਰਭ 'ਚ ਰਹਿਣ ਅਤੇ ਉਸ ਦੇ ਜਨਮ ਲੈਣ ਤੱਕ ਉਸ ਦੇ ਅਧਿਕਾਰ ਹਨ, ਇਹ ਸਾਡੇ ਦੇਸ਼ਵਾਸੀਆਂ ਲਈ ਕੁਝ ਅਜੀਬ ਹੋ ਸਕਦਾ ਹੈ ਪਰ ਅਸਧਾਰਨ ਜਾਂ ਬੇਤੁਕਾ ਕਦੇ ਨਹੀਂ ਹੈ। ਬਹੁਤ ਸਾਰੇ ਦੇਸ਼ਾਂ 'ਚ ਇਸ ਦੇ ਲਈ ਕਾਨੂੰਨ ਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਤਰੋਤਾਜ਼ਾ ਬਣਾਈ ਰੱਖਣ ...
ਭਾਰਤ ਬਾਸਮਤੀ ਚੌਲਾਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ, ਜਿਸਦਾ ਜ਼ਿਆਦਾਤਰ ਹਿੱਸਾ ਸਾਡੇ ਖੇਤਰ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਰੂਸ-ਯੂਕਰੇਨ ਯੁੱਧ ਅਤੇ ਕੋਵਿਡ ਵਰਗੀ ਮਹਾਂਮਾਰੀ ਭੋਜਨ ਸੁਰੱਖਿਆ ਦੇ ਸੰਬੰਧ ਵਿਚ ਦੋ ਮਹੱਤਵਪੂਰਨ ਘਟਨਾਵਾਂ ਹਨ। ਬਹੁਤ ਸਾਰੇ ਦਰਾਮਦ ...
ਰਾਹੁਲ ਗਾਂਧੀ ਨੂੰ ਸੂਰਤ (ਗੁਜਰਾਤ) ਦੀ ਇਕ ਅਦਾਲਤ ਵਲੋਂ ਮਾਣਹਾਨੀ ਦੇ ਦਾਇਰ ਕੇਸ ਵਿਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਗਲੇ ਹੀ ਦਿਨ ਸੰਵਿਧਾਨ ਦੀ ਧਾਰਾ 102(1) ਅਤੇ 'ਜਨ ਪ੍ਰਤੀਨਿਧ ਐਕਟ' ਦਾ ਹਵਾਲਾ ਦਿੰਦਿਆਂ ਲੋਕ ਸਭਾ ਦੇ ਦਫ਼ਤਰ ਵਲੋਂ ਉਸ ਦੀ ਸੰਸਦ ਮੈਂਬਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX